27 April 2024

ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ — ਉਜਾਗਰ ਸਿੰਘ, ਪਟਿਆਲਾ

ਪੰਜਾਬੀ ਲੋਕ ਗਾਇਕੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਾਲੇ ਮਿਠਬੋਲੜੇ ਗਾਇਕ ਦੇ ਤੁਰ ਜਾਣ ਨਾਲ ਸੰਗੀਤ ਦੀ ਦੁਨੀਆਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੋਸਤਾਂ ਮਿੱਤਰਾਂ ਦਾ ਦਿਲਜਾਨੀ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਣ ਵਾਲਾ ਸੁਰਿੰਦਰ ਛਿੰਦਾ ਰੂਹ ਦੀ ਖਰਾਕ ਦਿੰਦਾ ਹੋਇਆ ਆਪ ਇਕ ਰੂਹ ਬਣ ਗਿਆ ਹੈ। ਪੰਜਾਬੀ ਲੋਕ ਗਾਇਕੀ ਦੀ ਵਿਰਾਸਤ ਦਾ ਪਹਿਰੇਦਾਰ ਸੁਰਿੰਦਰ ਛਿੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਤਾਂ ਕਹਿ ਗਿਆ ਹੈ ਪ੍ਰੰਤੂ ਉਸ ਦੇ ਤੁਰ ਜਾਣ ਨਾਲ ਹੀ ਲੋਕ ਗਾਥਾਵਾਂ ਦੀ ਸ਼ਾਨਦਾਰ ਗਾਇਕੀ ਦਾ ਅੰਤ ਵੀ ਹੋ ਗਿਆ ਹੈ।

ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਲੋਕ ਗਾਥਾਵਾਂ ਦੀ ਗਾਇਕੀ ਦੇ ਸਭਿਅਚਾਰਕ ਥੰਮ ਸਨ, ਇਨ੍ਹਾਂ ਦੋਵਾਂ ਥੰਮਾਂ ਦੇ ਗਿਰਨ ਨਾਲ ਸਭਿਅਚਾਰਕ ਵਿਰਾਸਤ ਦੀ ਇਮਾਰਤ ਢਹਿ ਢੇਰੀ ਹੋ ਗਈ ਹੈ। ਇਕ ਕਿਸਮ ਨਾਲ ਪੰਜਾਬੀ ਲੋਕ ਗਾਇਕੀ ਦੇ ਸ਼ਾਨਦਾਰ ਦੌਰ ਦਾ ਅੰਤ ਹੋ ਗਿਆ ਹੈ।

ਆਮ ਤੌਰ ਤੇ ਲੋਕ ਗਾਇਕੀ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਬਹੁਤੇ ਗਾਇਕਾਂ ਦੇ ਗੀਤ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਸਨ। ਉਨ੍ਹਾਂ ਗੀਤਾਂ ਦੇ ਸਿਰ ‘ਤੇ ਉਹ ਗਾਇਕ ਪ੍ਰਸਿੱਧੀ ਪ੍ਰਾਪਤ ਕਰਦੇ ਸਨ ਕਿਉਂਕਿ ਨੌਜਵਾਨ ਚੱਕਮੇਂ ਗੀਤਾਂ ਨੂੰ ਪਸੰਦ ਕਰਦੇ ਸਨ ਪ੍ਰੰਤੂ ਸੁਰਿੰਦਰ ਛਿੰਦੇ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਲੋਕ ਗਾਇਕੀ ਵਿੱਚ ਪ੍ਰਸਿੱਧੀ ਜਿਓਣਾ ਮੌੜ ਦੀ ਲੋਕ ਗਾਥਾ ਨਾਲ ਪ੍ਰਾਪਤ ਕੀਤੀ ਸੀ।

ਜੀਓਣਾ ਮੌੜ ਸੁਰਿੰਦਰ ਛਿੰਦਾ ਦੀ ਗਾਇਕੀ ਦਾ ਸਿਖਰ ਸੀ। ਉਸ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਸ ਦੇ ਗੀਤ ਸਮਾਜ ਦੇ ਹਰ ਵਰਗ ਨੇ ਪਸੰਦ ਕੀਤੇ ਹਨ। ਉਹ ਬਹੁ-ਰੰਗਾ ਅਤੇ ਬਹੁ-ਪੱਖੀ ਗਾਇਕ  ਅਤੇ ਸਰਬਾਂਗੀ ਅਦਾਕਾਰ ਸੀ। ਉਸ ਦੀ ਕਮਾਲ ਇਹ ਸੀ ਕਿ ਉਹ ਲੋਕ ਗਾਥਾਵਾਂ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ। ਆਪਣੀ ਗਾਇਕੀ ਦੇ ਪੰਜਾਹ ਸਾਲ ਦੌਰਾਨ ਉਸ ਨੇ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਿਆਂ। ਜੇਕਰ ਉਸ ਨੇ ਜਿਓਣੇ ਮੌੜ ਦੀ ਲੋਕ ਗਾਥਾ ਨਾਲ ਨਾਮਣਾ ਖੱਟਿਆ ਤਾਂ ਇਸ ਦੇ ਨਾਲ ਹੀ ਉਸ ਨੇ ਉਚਾ ਦਰ ਬਾਬੇ ਨਾਨਕ ਦੀ ਗਾਇਕੀ ਨਾਲ ਵੀ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕੀਤਾ। 

ਉਹ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੋਇਆ ਉਨ੍ਹਾਂ ਦੇ ਦਿਲ ਕੱਢ ਕੇ ਲੈ ਗਿਆ ਹੈ। ਸੁਰਿੰਦਰ ਛਿੰਦਾ ਨੂੰ ਲੋਕ ਗਾਇਕੀ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ। ਉਸ ਨੇ ਭਾਵੇਂ ਆਪਣੀ ਗਾਇਕੀ ਦਾ ਸਫਰ 1970 ਵਿੱਚ ਸ਼ੁਰੂ ਕਰ ਲਿਆ ਸੀ ਪ੍ਰੰਤੂ 1972 ਵਿੱਚ ਉਨ੍ਹਾਂ ਜਸਵੰਤ ਸਿੰਘ ਭੰਵਰਾ ਦੀ ਸ਼ਾਗਿਰਦੀ ਕੀਤੀ ਸੀ। ਉਸ ਨੇ ਗਾਇਕੀ ਨੂੰ ਰਿਆਜ਼ ਕਰਨ ਨਾਲ ਅਜਿਹਾ ਚਮਕਾਇਆ ਕਿ ਉਸ ਦਾ ਨਾਮ ਸੰਸਾਰ ਵਿੱਚ ਚਮਕਣ ਲੱਗ ਪਿਆ। ਸੁਰਿੰਦਰ ਛਿੰਦਾ ਦੇ ਵਿਵਹਾਰ, ਪਿਆਰ ਅਤੇ ਸਤਿਕਾਰ ਨੇ ਜਸਵੰਤ ਸਿੰਘ ਭੰਵਰਾ ਦੇ ਸੰਗੀਤਕ ਮਨ ਨੂੰ ਅਜਿਹਾ ਮੋਹ ਲਿਆ ਕਿ ਉਹ ਭੰਵਰਾ ਦਾ ਲਾਡਲਾ ਤੇ ਬਿਹਤਰੀਨ ਸ਼ਾਗਿਰਦ ਬਣ ਗਿਆ।

ਜਸਵੰਤ ਸਿੰਘ ਭੰਵਰਾ ਨੇ ਹੀ ਸੁਰਿੰਦਰ ਛਿੰਦਾ ਨੂੰ 1975 ਵਿੱਚ  ਗਾਇਕਾ ਸੁਦੇਸ਼ ਕਪੂਰ ਨਾਲ ਦੋਗਾਣੇ ਵਿੱਚ ਮੌਕਾ ਦਿੱਤਾ। ਫਿਰ ਤਾਂ ਜਿਵੇਂ ਉਸ ਦੀ ਲਾਟਰੀ ਹੀ ਖੁਲ੍ਹ ਗਈ, ਉਹ ਲਗਾਤਾਰ ਅੱਗੇ ਹੀ ਵੱਧਦਾ ਗਿਆ। ਉਸ ਤੋਂ ਬਾਅਦ 1977 ਵਿੱਚ ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲਾ ਦੀਆਂ ਲਿਖੀਆਂ ਚਾਰ ਲੋਕ ਗਾਥਾਵਾਂ ਉਚਾ ਬੁਰਜ ਲਾਹੌਰ ਦਾ ਅਜਿਹਾ ਗਾਇਆ ਕਿ ਉਹ ਲੋਕਾਂ ਦੇ ਦਿਲਾਂ ‘ਤੇ ਛਾ ਗਿਆ। ਇਨ੍ਹਾਂ ਲੋਕ ਗਾਥਾਵਾਂ ਨੂੰ ਸੰਗੀਤ ਸੰਗੀਤਕਾਰ ਰਾਮ ਸਰਨ ਦਾਸ ਨੇ ਸੰਗੀਤਬੱਧ ਕੀਤਾ ਸੀ। ਇਨ੍ਹਾਂ ਲੋਕ ਗਾਥਾਵਾਂ ਕਰਕੇ ਸੁਰਿੰਦਰ ਛਿੰਦਾ ਦੀ ਗਾਇਕੀ ਦੀਆਂ ਧੁੰਮਾਂ ਪੈਣ ਲੱਗ ਗਈਆਂ। ਫਿਰ ਤਾਂ ਹਰ ਸਟੇਜ ‘ਤੇ ਸੁਰਿੰਦਰ ਛਿੰਦਾ ਦੀ ਧਾਂਕ ਪੈਣ ਲੱਗੀ।

ਇਸ ਤੋਂ ਬਾਅਦ 1978 ਵਿੱਚ ਆਧੁਨਿਕ ਸੰਗੀਤਕਾਰ ਚਰਨਜੀਤ ਆਹੂਜਾ ਨੇ 12 ਲੋਕ ਗਾਥਾਵਾਂ ਨੈਣਾਂ ਦੇ ਵਣਜਾਰੇ ਨੂੰ ਸੰਗੀਤਬੱਧ ਕੀਤਾ, ਜਿਸ ਨੂੰ ਜਦੋਂ ਸੁਰਿੰਦਰ ਛਿੰਦਾ ਦੀ ਆਵਾਜ਼ ਦਾ ਜਾਦੂ ਚੜ੍ਹਿਆ ਤਾਂ ਨੌਜਵਾਨ ਕਾਲਜਾਂ ਦੇ ਲੜਕੇ ਅਤੇ ਲੜਕੀਆਂ ਉਸ ਦੇ ਦੀਵਾਨੇ ਹੋ ਗਏ। ਸੁਰਿੰਦਰ ਛਿੰਦਾ ਦੀਆਂ ਕਲੀਆਂ ਅਤੇ ਲੋਕ ਗਾਥਾਵਾਂ ਨੂੰ ਲੋਕਾਂ ਨੇ ਅਜਿਹੀ ਪ੍ਰਵਾਨਗੀ ਦਿੱਤੀ ਕਿ ਹਮੇਸ਼ਾ ਜਦੋਂ ਛਿੰਦਾ ਸਟੇਜ ਤੇ ਚੜ੍ਹਦਾ ਤਾਂ ਲੋਕ ਇਕ ਆਵਾਜ਼ ਵਿੱਚ ਕਲੀਆਂ ਅਤੇ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ। ਸੁਰਿੰਦਰ ਛਿੰਦਾ ਦੀ ਗਾਇਕੀ ਦੀ ਵਿਲੱਖਣ ਕਮਾਲ ਇਹੋ ਸੀ ਕਿ ਲੋਕ ਰੁਮਾਂਟਿਕ ਗੀਤਾਂ ਦੀ ਥਾਂ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ।

ਸੁਰਿੰਦਰ ਛਿੰਦਾ ਨੇ ਪਹਿਲੀ ਕੈਸਟ 1975 ਵਿੱਚ ਸੁਦੇਸ਼ ਕਪੂਰ ਨਾਲ ਕੱਢਣ ਤੋਂ ਬਾਅਦ ਸਿਰਫ 6 ਸਾਲ ਦੇ ਗਾਇਕੀ ਦੇ ਖੇਤਰ ਤੋਂ ਬਾਅਦ 1981 ਵਿੱਚ ਦੇਵ ਥਰੀਕਿਆਂ ਵਾਲੇ ਦੀ ਲੋਕ ਗਾਥਾ ਜਿਓਣਾ ਮੌੜ ਗਾਉਣ ਕਰਕੇ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਲੱਗ ਗਿਆ ਸੀ। ਉਸ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤੇ ਪਸੰਦ ਕਰਦੇ ਸਨ। ਸੁਰਿੰਦਰ ਛਿੰਦਾ ਨੇ ਜਿਓਣੇ ਮੌੜ ਦੀ ਗਾਥਾ ਦੇ ਨਾਲ ਹੀ 1981 ਵਿੱਚ ਪੁੱਤ ਜੱਟਾਂ ਦੇ ਬੁਲਾਉਣ ਬੱਕਰੇ ਗੀਤ ਗਾਇਆ ਜਿਸ ਨੇ ਉਸ ਦੀ ਗਾਇਕੀ ਨੂੰ ਚਾਰ ਚੰਦ ਲਾ ਦਿੱਤੇ। ਇਸ ਸਮੇਂ ਸੁਰਿੰਦਰ ਛਿੰਦੇ ਦੀ ਗਾਇਕੀ ਵਿੱਚ ਇਤਨਾ ਨਿਖ਼ਾਰ ਆ ਗਿਆ ਕਿ ਉਸ ਦਾ ਸਿੱਕਾ ਚਲਣ ਲੱਗ ਪਿਆ।

ਉਸ ਨੇ ਦੋਗਾਣੇ ਮਹਿੰਦਰ ਕਪੂਰ, ਸੁਰੇਸ਼ ਵਾਡੇਕਰ, ਅਨੁਰਾਧਾ ਪੌਡਵਾਲ, ਸੁਖਵੰਤ ਸੁੱਖੀ, ਹੰਸ ਰਾਜ ਹੰਸ, ਸੁਦੇਸ਼ ਕਪੂਰ, ਸੁਰਿੰਦਰ ਸੋਨੀਆ, ਨਰਿੰਦਰ ਬੀਬਾ, ਪਰਮਿੰਦਰ ਸੰਧੂ ਅਤੇ ਰੰਜਨਾ ਨਾਲ ਗਾਏ ਸਨ। ਸੋਲੋ ਗਾਣਿਆਂ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਸੁਰਿੰਦਰ ਛਿੰਦਾ ਲੋਕ ਗਾਇਕੀ ਦੇ ਨਾਲ ਹੀ ਬਿਹਤਰੀਨ ਅਦਾਕਾਰ ਸੀ। ਉਸ ਨੂੰ ਟੂ ਇਨ ਵਨ ਕਿਹਾ ਜਾ ਸਕਦਾ ਹੈ। ਉਸ ਨੇ ਡੇਢ ਦਰਜਨ ਫਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ।  ਉਸ ਨੇ ਪੁੱਤ ਜੱਟਾਂ ਦੇ, ਯਾਰਾਂ ਦਾ ਟਰੱਕ ਬੱਲੀਏ, ਬਲਬੀਰੋ ਭਾਬੀ, ਕੇਹਰ ਸਿੰਘ ਦੀ ਮੌਤ, ਉਚਾ ਦਰ ਬਾਬੇ ਨਾਨਕ ਦਾ, ਟਰੱਕ ਡਰਾਇਵਰ, ਬਦਲਾ ਜੱਟੀ ਦਾ, ਜੱਟ ਯੋਧੇ, ਬਗਾਬਤ, ਜੱਟ ਪੰਜਾਬ ਦਾ ਆਦਿ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ। ਉਸ  ਦੇ ਡਾਇਲਾਗ ਦਮਦਾਰ ਹੁੰਦੇ ਸਨ।

 ਸੁਰਿੰਦਰ ਛਿੰਦਾ ਦਾ ਜਨਮ 20 ਮਈ 1953 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਛੋਟੀ ਇਯਾਲੀ ਵਿਖੇ ਮਾਤਾ ਵਿਦਿਆਵਤੀ ਅਤੇ ਪਿਤਾ ਬਚਨ ਰਾਮ ਦੇ ਘਰ ਹੋਇਆ ਸੀ। ਉਸ ਨੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਮਲਟੀਪਰਪਜ਼ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ।  ਥੋੜ੍ਹੀ ਦੇਰ ਉਹ ਕਿਸੇ ਵਰਕਸ਼ਾਪ ਵਿੱਚ ਮਕੈਨਿਕੀ ਵੀ ਸਿਖਦਾ ਰਿਹਾ। ਗਾਇਕੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ। ਉਹ ਸਕੂਲ ਦੀਆਂ ਸਟੇਜਾਂ ‘ਤੇ ਸਭਿਅਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ। ਕਲਾਕਾਰ ਬਣਨ ਦੀ ਪ੍ਰਵਿਰਤੀ ਉਸ ਨੂੰ ਗਾਉਣ ਲਈ ਪ੍ਰੇਰਦੀ ਰਹਿੰਦੀ ਸੀ। ਫਿਰ ਉਸ ਨੇ ਗਾਇਕੀ ਵਲ ਮੁਹਾਰਾਂ ਮੋੜ ਦਿੱਤੀਆਂ।

ਉਸ ਦਾ ਵਿਆਹ ਬੀਬੀ ਜੋਗਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਦੋ ਲੜਕੇ ਹਨ। ਉਨ੍ਹਾਂ ਦਾ ਇਕ ਲੜਕਾ ਮਨਿੰਦਰ ਛਿੰਦਾ ਗਾਇਕ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਉਸ ਦਾ ਲੜਕਾ ਪਰਿਵਾਰਿਕ ਵਿਰਾਸਤ ਨੂੰ ਬਰਕਰਾਰ ਰੱਖੇਗਾ।

ਸੁਰਿੰਦਰ ਛਿੰਦਾ ਦਾ ਨਾਮ ਸੁਰਿੰਦਰ ਪਾਲ ਧੰਮਾ ਸੀ ਪ੍ਰੰਤੂ ਜਦੋਂ ਉਹ ਗਾਇਕੀ ਵਿੱਚ ਆਇਆ ਤਾਂ ਸੁਰਿੰਦਰ ਛਿੰਦਾ ਹੀ ਲਿਖਣ ਲੱਗ ਪਿਆ।  ਉਸ ਦਾ ਪਿਤਾ ਬਚਨ ਰਾਮ ਇਕ ਕਾਰਪੈਂਟਰ ਸੀ ਪ੍ਰੰਤੂ ਇਸ ਦੇ ਨਾਲ ਹੀ ਉਹ ਗਾਇਕ ਵੀ ਸੀ। ਸੁਰਿੰਦਰ ਛਿੰਦਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੀ ਪਰਿਵਾਰਕ ਵਿਰਾਸਤ ਵਿੱਚੋਂ ਹੀ ਮਿਲੀ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਸ ਗਵਰਧਨ ਦਾਸ ਤੋਂ ਉਸ ਦੇ ਪਿਤਾ ਬਚਨ ਰਾਮ ਨੇ ਸੰਗੀਤ ਸਿਖਿਆ ਸੀ ਉਸ ਤੋਂ ਹੀ ਸੁਰਿੰਦਰ ਛਿੰਦੇ ਨੇ ਸੰਗੀਤ ਦੀ ਸਿਖਿਆ ਲਈ ਸੀ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1146
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ