17 September 2024

15 ਅਗਸਤ ਦੇ ਨਾਂ: ਦਰਦ ਦੀਆਂ ਚੀਸਾਂ—ਕੇਹਰ ਸ਼ਰੀਫ਼

 

 

 

 

15 ਅਗਸਤ ਦੇ ਨਾਂ
ਦਰਦ ਦੀਆਂ ਚੀਸਾਂ—ਕੇਹਰ ਸ਼ਰੀਫ਼

ਸੰਨ ਸੰਤਾਲੀ ਚੰਦਰਾ ਸੀ ਖੁਸ਼ੀਆਂ ਲੈ ਗਿਆ ਖੋਹ ਕੇ ‌ਨਾਲ
ਹੁਣ ਤਾਂ ਨਿੱਤ ਸੰਤਾਲੀ ਚੜ੍ਹਦਾ ਧਰਤੀ ਕਰਦਾ ਲਾਲੋ-ਲਾਲ।
—-
ਘੁੱਗ ਵਸਦੇ ਮੁਹੱਬਤੀ ਲੋਕਾਂ ਦੇ ਖਿੱਤੇ ‘ਚ
ਸ਼ਰਾਰਤੀ ਲੋਭੀਆਂ ਨੇ ਪਾਟਕ ਪਾਏ
ਦੁੱਧ ਵਿਚ ਚੋਰੀ ਕਾਂਜੀ ਘੋਲ਼ਣ ਵਾਂਗ
ਵਾਤਾਵਰਣ ਜ਼ਹਿਰੀ ਕਰ ਦਿੱਤਾ ਗਿਆ
ਅਜਿਹਾ ਨਫਰਤੀ ਮਹੌਲ ਬਣਾਇਆ
ਕਿ ਲਹੂ ਆਪਣਾ ਰੰਗ ਹੀ ਵਟਾ ਗਿਆ
ਜਦੋਂ ਲੋਕ ਵੰਡੇ ਗਏ, ਤਾਂ ਗੁਲਾਮ ਹੋ ਗਏ।

ਨੇਕ ਰੂਹਾਂ ਦਰਦਾਂ ਦੀ ਦਵਾ ਬਣਨ ਤੁਰੀਆਂ
ਕਾਲ ਕੋਠੜੀਆਂ, ਫਾਂਸੀਆਂ ਹੋਈਆਂ, ਘਰ ਉੱਜੜੇ
ਜਲਾਵਤਨੀਆਂ, ਘਰ ਪਰਿਵਾਰਾਂ ਦੀ ਤਬਾਹੀ
ਕਾਲੇ ਪਾਣੀਆਂ ਦੇ ਅਣਮਨੁੱਖੀ ਤਸੀਹਿਆਂ ਅਤੇ
‘ਹਵਾ’ ਵਲੋਂ ਆਪਣੇ ਖਿਲਾਫ਼ ਹੋਈ ਸਾਜ਼ਿਸ਼ ਤੋਂ ਵੀ
ਸਿਦਕਵਾਨਾ, ਸਿਰੜੀਆਂ ਨੇ ਹੌਸਲਾ ਨਾ ਹਾਰਿਆ

ਫੇਰ, ਜਿਹੜੀ ਆਜ਼ਾਦੀ ਆਈ, ਉਹ —
ਉਹਦੀ ਮਟਕ, ਰੰਗ-ਰੂਪ ਤੇ ਉਹਦੀ ਰੂਹ ਵੀ,
ਅਪਣੱਤ ਭਰੇ, ਸੁਰਖ ਗੁਲਾਬਾਂ ਵਰਗੇ ਨਾ ਹੋ ਸਕੇ,
ਲੋਕ ਦਿਲਾਂ ‘ਚ ਪਲਦੀਆਂ ਸਾਂਝੀਆਂ ਰੀਝਾਂ,
‘ਤੇ ਸੁਖੀ ਵਸਣ ਵਾਲੇ ਸੁਪਨੇ, ਆਸਾਂ, ਉਮੰਗਾਂ
ਆਉਂਦੇ-ਜਾਂਦੇ ਸਾਹਾਂ ‘ਚ ਦਫਣ ਹੋ ਗਈਆਂ
ਪਿਆਰ ਮੁਹੱਬਤ ਦੇ ਸੁਰਾਂ ਵਾਲੀ ਸੋਹਣੀ ਧਰਤੀ ਦੀ
ਵੰਝਲੀ ਤੋਂ ਉਸਦੀ ਤਾਨ ਖੋਹ ਲਈ ਗਈ
ਪੰਜ-ਆਬਾਂ ਦਾ ਬੇਲਾ ਵੀਰਾਨ ਕਰ ਦਿੱਤਾ ਗਿਆ
ਵਕਤ, ਵਾਪਰਦੀ ਇਸ ਅਨਹੋਣੀ ਨੂੰ ਦੇਖਦਾ ਰਿਹਾ
ਵਕਤ, ਉਦਾਸ ਹੋ ਗਿਆ, ਜੋ ਅਜੇ ਵੀ ਉਦਾਸ ਹੈ
ਸਵਾਲ ਅਜੇ ਵੀ ਜਵਾਬ ਦੀ ਉਡੀਕ ਕਰ ਰਿਹਾ
ਚਾਹਤ ਅਜੇ ਵੀ ਉਡੀਕ ਦੇ ਬੂਹੇ ਹੀ ਬੈਠੀ ਹੈ
ਸਮੇਂ ਨੂੰ ਸਾਰਥਕ ਕਰਨ ਦਾ ਵੇਲਾ ਕਦੋਂ ਆਵੇਗਾ?

ਕਹਿੰਦੇ ਪਾਣੀਆਂ ‘ਤੇ ਲੀਕ ਨਹੀਂ ਵਹਿੰਦੀ
ਸਿਆਹ ਸਿਆਸਤ ਨੇ ਪਾਣੀਆਂ ‘ਤੇ ਵੀ ਲੀਕ ਵਾਹ ਦਿੱਤੀ
ਝੂਠੇ ਨਾਅਰਿਆਂ ਨਾਲ ਵਰਗਲਾਏ ਸਿਰੋਂ ਵਿਹੂਣੇ ਜਨੂੰਨੀ
ਦੁਸ਼ਮਣਾਂ ਵਰਗੇ “ਆਪਣਿਆਂ” ਦੀ ਚੁੱਕ ਵਿਚ ਆ
ਇੱਕੋ ਮੁਹੱਲੇ, ਇੱਕੋ ਪਿੰਡ, ਵਿਚ ਜੰਮੇ-ਪਲੇ ਤੇ ਵੱਡੇ ਹੋਏ
ਆਪਣੇ ਹੀ ਬੇ-ਕਸੂਰ, ਬੇਦੋਸ਼ੇ, ਭੈਣਾਂ-ਭਰਾਵਾਂ ਨੂੰ
ਬੇ-ਰਹਿਮੀ ਭਰੀ ਉਜੱਡਤਾ ਨਾਲ ਵੱਢਦੇ-ਟੁੱਕਦੇ ਰਹੇ
ਪਾਗਲ ਹੋ ਮਾਵਾਂ-ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ
ਭਲਾਂ ਇਹ ਧਾੜਵੀ, ਕਾਤਲ, ਦਰਿੰਦੇ ਕੌਣ ਸਨ ?
“ਆਪਣੇ” ਹੀ ਸਨ, ਕੋਈ ਗੈਰ ਤਾਂ ਨਹੀਂ ਸਨ?
ਬੀਬੇ ਚਿਹਰੇ, ਮੱਕਾਰੀ ਵਸ ਝੂਠਾ ਲਿਬਾਸ ਪਹਿਨ
ਸਾਰੀ ਮਨੁੱਖਤਾ ਨੂੰ ਇਕੋ ਸਮਝਣ ਦਾ ਸੰਦੇਸ਼ ਭੁੱਲ
“ਸਭੈ ਸਾਂਝੀਵਾਲ ਸਦਾਇਣ” ਦੀ ਰੀਤ ਵੱਲ ਪਿੱਠ ਕਰ
ਇਨਸਾਨ ਹੋਣ ਤੋਂ ਹੀ ਮੁਨਕਰ ਹੋ ਕੇ ਵਹਿਸ਼ੀ ਬਣ ਗਏ
ਲੱਖਾਂ ਹੀ ਬੇ-ਕਸੂਰ ਜਾਨਾਂ ਤੇ ਪੰਜਾਂ ਪਾਣੀਆਂ ਦੇ ਕਾਤਲ
ਪਤਾ ਨਹੀਂ ਮੁੜ ਕਦੇ ਸੁਖ ਦੀ ਨੀਂਦੇ ਸੁੱਤੇ ਵੀ ਹੋਣ?

ਹੱਸਦੇ, ਖੇਡਦੇ, ਢੋਲੇ ਦੀਆਂ ਲਾਉਂਦੇ
ਨਹੁੰ ਮਾਸ ਦਾ ਰਿਸ਼ਤਾ ਬਣਕੇ ਜੀਊਂਦੇ
ਵਟਾਈਆਂ ਪੱਗਾਂ ਤੇ ਵਟਾਈਆਂ ਚੁੰਨੀਆਂ ਨੂੰ
ਲੀਰੋ-ਲੀਰ ਕਰਨ ਵਾਲੇ, ਪੱਥਰ ਦਿਲ
ਮੁਹੱਬਤੀ ਰਿਸ਼ਤਿਆਂ ਤੇ ਭਲੇ ਇਨਸਾਨਾਂ ਨੂੰ
ਵੱਢਣ-ਟੁੱਕਣ ਵਾਲੇ ਬੇਰਹਿਮ ਦਰਿੰਦੇ
ਪੰਜਾਂ ਪਾਣੀਆਂ ਦੀ ਭਾਈਚਾਰਕ ਸਾਂਝ, ਅਤੇ
ਪਿਆਰ-ਮੁਹੱਬਤ ਦੇ ਫਲਸਫੇ ਨੂੰ ਨਾ ਸਮਝ ਸਕੇ
ਅਪਣੱਤ ਭਰੀ ਇਨਸਾਨੀਅਤ ਦੇ ਗੁਨਾਹਗਾਰ
ਇਨਸਾਨ ਹੋਣ ਤੋਂ ਹੀ ਮੁਨਕਰ ਹੋ ਗਏ,
ਅਣਗਿਣਤ ਲੋਕਾਂ ਨੂੰ ਘਰੋਂ, ਬੇ-ਘਰੇ ਕਰਕੇ
ਇਤਿਹਾਸ ਨੂੰ ਦਾਗੀ ਕਰਨ ਦੇ ਦੋਸ਼ੀ
ਇਸ ਵੱਢ-ਟੁੱਕ ਦਾ ਸੁਆਦ ਲੈਣ ਵਾਲੇ
ਕੋਈ ਬਾਹਰਲੇ ਨਹੀਂ, ਇਸੇ ਧਰਤੀ ਦੇ ਜਾਏ ਸਨ
ਜਿਨ੍ਹਾਂ ਦਾ ਖੂਨ ਅਸਲੋਂ ਹੀ ਚਿੱਟਾ ਹੋ ਗਿਆ ਸੀ
ਅੱਖਾਂ ਚ ਨਫ਼ਰਤ ਦਾ ਮੋਤੀਆ ਉਤਰ ਆਇਆ
ਜਿਨ੍ਹਾਂ ਨੇ ਇਕ ਦੂਜੇ ਦੇ ਸਾਹੀਂ ਜੀਊਣ ਵਾਲੇ
ਮੁਹੱਬਤੀ, ਜ਼ਿੰਦਾਦਿਲ, ਮਾਸੂਮ ਤੇ ਨੇਕ ਇਨਸਾਨਾਂ ਨੂੰ
ਢੋਲੇ ਦੀਆਂ ਲਾਉਂਦਿਆਂ ਨੂੰ ਵੈਣਾਂ ਦੇ ਵਸ ਪਾ ਕੇ
ਦਿਸ਼ਾਹੀਣ, ਉੱਜੜਦੇ, ਜੁੱਗੋਂ ਲੰਬੇ ਕਾਫਲੇ ਬਣਾ ਦਿੱਤਾ
ਚੜ੍ਹਦੇ, ਲਹਿੰਦੇ , ਖੂਨੀ ਨਫਰਤਾਂ ਦੇ ਤੂਫਾਨ ਆਏ
ਆਦਿ-ਜੁਗਾਦੋਂ ਜੰਮਣ ਭੋਇੰ ਨਾਲ਼ ਬੱਝਿਆ
ਉਨ੍ਹਾਂ ਦੇ ਜੀਵਨ ਦਾ ਨਾੜੂਆ ਤੋੜ ਦਿੱਤਾ,
ਸਭ ਕੁੱਝ ਹਨੇਰੀ ਸੁਰੰਗ ਬਣਾ ਦਿੱਤਾ ਗਿਆ
ਸਦੀਆਂ ਤੋਂ ਬੁਣੀਆਂ, ਮੋਹ ਤੇ ਅਪਣੱਤ ਦੀਆਂ ਬਰੀਕ ਤੰਦਾਂ
ਸਾਂਝਾ ਵਿਰਸਾ, ਸਾਂਝੀ ਵਿਰਾਸਤ, ਸਾਂਝਾ ਜੀਣ-ਥੀਣ
ਕਿਉਂ ਤੇ ਕਿਵੇਂ ਲਹੂ ‘ਚ ਲੱਥ-ਪਥ ਹੋ ਗਏ?
ਇਹ ਕੀ ਹੋਇਆ, ਕਿਸੇ ਨੂੰ ਸਮਝ ਹੀ ਨਾ ਆਇਆ।
ਸੋਹਣੀ ਧਰਤੀ ਅਤੇ ਸਾਂਝੇ ਪਾਣੀਆਂ ਦੀ ਹਿੱਕ ‘ਤੇ,
ਨਫ਼ਰਤਾਂ ਤੇ ਬੇਗਾਨਗੀ ਦੀ ਲੰਮੀ ਲੀਕ ਖਿੱਚੀ ਗਈ
ਚੀਕਾਂ, ਹੌਕੇ-ਹਾਵੇ, ਵਕਤ ਦੀਆਂ ਧੂੜਾਂ ‘ਚ ਗੁਆਚ ਗਏ
ਵਿਛੋੜੇ ਦੀ ਧੁੱਦਲ਼ ਅਜੇ ਵੀ ਉਡੀ ਜਾਂਦੀ ਐ
ਵਕਤ ਦੇ ਮਾਰਿਆਂ ਲਈ ਉਡੀਕ ਦਾ ਅੰਤ ਨਹੀਂ ਹੋਇਆ।

ਸਾਡੇ ਹਾਸੇ ਫੇਰ ਕਦੇ ਇਕ-ਮਿਕ ਅਤੇ ਸਾਂਝੇ ਹੋ ਜਾਣ
ਇਕ ਦਾ ਦਰਦ, ਦੂਜੇ ਦੀ ਸਹਿਣਯੋਗ ਪੀੜ ਬਣ ਜਾਵੇ
ਇਨ੍ਹਾਂ ਦਰਦਾਂ ‘ਤੇ ਰੱਖੇ ਮੋਹ ਦੇ ਫਹੇ, ਫੇਰ ਬਿਸਮਿੱਲਾ ਕਹਿਣ
ਤੜਪਦੀਆਂ ਸਾਂਝਾਂ ਮੁੜ ਗਲਵਕੜੀਆਂ ਬਣ ਜਾਣ
ਇਹੋ ਸਾਡਾ ਆਉਣ ਵਾਲੇ ਕੱਲ੍ਹ ਦਾ ਮਕਸਦ ਹੋਵੇ
ਕਾਸ਼! ਕਿ ਸਾਨੂੰ ਫੇਰ ਕਦੇ ਸਾਡਾ ਗੁਆਚਿਆ ਹੋਇਆ
ਮੁਹੱਬਤਾਂ ਦਾ ਸਾਂਝਾ ਸਿਰਨਾਵਾਂ ਲੱਭ ਜਾਵੇ
ਸਾਨੂੰ ਵੀ ਆਜ਼ਾਦੀ ਦੇ ਅਰਥ ਸਮਝ ਪੈ ਜਾਣ
ਅਸੀਂ ਆਪਣੀਆਂ ਮਨਹੂਸੀਆਂ ਤੋਂ ਮੁਕਤ ਹੋਈਏ
ਵੰਡ ਵਾਲੇ ਦਰਦ ਦੀਆਂ ਮੁੜ ਮੁੜ ਪੈਂਦੀਆਂ ਚੀਸਾਂ ਨੂੰ
ਆਪਣੇ ਸਾਂਝੇ ਮੁਹੱਬਤੀ ਬੋਲਾਂ ਨਾਲ ਵਰਾਅ ਸਕੀਏ
ਫਰੀਦ, ਨਾਨਕ ਤੇ ਬੁੱਲੇ ਨੂੰ ਚਿੱਤ-ਚੇਤੇ ਰੱਖਦਿਆਂ
ਫਿਰ ਤੋਂ ਓਨ੍ਹਾਂ ਪੰਜਾਂ ਪਾਣੀਆਂ ਦੀ ਮਿਠਾਸ ਬਣ ਕੇ
ਆਪਣੇ ਸਾਂਝੇ ਵਿਰਸੇ ਦੇ ਸਾਂਝੇ ਵਾਰਿਸ ਬਣ ਸਕੀਏ।
***
ਸੰਪਰਕ : 0049 1733546050
***
848
***

kehar sharif

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →