19 June 2024

ਸ਼ੁੱਧ ਪੰਜਾਬੀ ਕਿਵੇਂ ਲਿਖੀਏ? – ਜਸਵੀਰ ਸਿੰਘ ਪਾਬਲਾ

ਸ਼ੁੱਧ ਪੰਜਾਬੀ ਕਿਵੇਂ ਲਿਖੀਏ?

-ਜਸਵੀਰ ਸਿੰਘ ਪਾਬਲਾ-

ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ:

ਕਿਹਾ ਜਾਂਦਾ ਹੈ ਕਿ ਪੰਜਾਬੀ ਬੋਲੀ ਭਾਰਤ ਦੀਆਂ ਸਭ ਤੋਂ ਪੁਰਾਤਨ ਬੋਲੀਆਂ ਵਿੱਚੋਂ ਇੱਕ ਹੈ। ਦੁਨੀਆ ਦਾ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ‘ਰਿਗਵੇਦ’ ਵੀ ਪੰਜਾਬ ਦੀ ਇਸ ਪਵਿੱਤਰ ਧਰਤੀ ਉੱਤੇ ਉਸ ਸਮੇਂ ਦੀ ਭਾਸ਼ਾ ‘ਵੈਦਿਕ ਸੰਸਕ੍ਰਿਤ’ ਜਾਂ ‘ਛਾਂਦਸਿ’ ਵਿੱਚ ਹੀ ਲਿਖਿਆ ਗਿਆ ਸੀ।
ਉਂਞ ਤਾਂ ਪੰਜਾਬੀ ਬੋਲੀ ਵਿੱਚ ਸਮੇਂ-ਸਮੇਂ ‘ਤੇ ਵੱਖ-ਵੱਖ ਰਾਜਨੀਤਿਕ ਕਾਰਨਾਂ ਕਰਕੇ ਬਹੁਤ ਸਾਰੀਆਂ ਬਾਹਰੀ ਬੋਲੀਆਂ ਦੇ ਸ਼ਬਦ ਸ਼ਾਮਲ ਹੁੰਦੇ ਰਹੇ ਹਨ ਪਰ ਪੰਜਾਬੀ ਬੋਲੀ ਦੀ ਇਹ ਸਿਫ਼ਤ ਰਹੀ ਹੈ ਕਿ ਇਹ ਉਹਨਾਂ ਬੋਲੀਆਂ ਦੇ ਸ਼ਬਦਾਂ ਨੂੰ ਆਪਣੇ ਮੁਹਾਂਦਰੇ ਅਤੇ ਲੋਕ-ਉਚਾਰਨ ਅਨੁਸਾਰ ਢਾਲ਼ ਕੇ ਆਪਣੇ ਵਿੱਚ ਸਮੋਂਦੀ ਰਹੀ ਹੈ।
ਕੋਈ ਵੀ ਬੋਲੀ ਪਹਿਲਾਂ ਜਨਮ ਲੈਂਦੀ ਹੈ ਅਤੇ ਉਸ ਦੀ ਵਿਆਕਰਨ ਦੇ ਨਿਯਮ ਉਸ ਦੇ ਰੂਪ ਅਤੇ ਵਰਤਾਰੇ ਅਨੁਸਾਰ ਬਾਅਦ ਵਿੱਚ ਨਿਰਧਾਰਿਤ ਕੀਤੇ ਜਾਂਦੇ ਹਨ। ਵਿਆਕਰਨ ਦੇ ਇਹਨਾਂ ਨਿਯਮਾਂ ਵਿਚੋਂ ਸ਼ਬਦ-ਜੋੜਾਂ ਦੀ ਸ਼ੁੱਧਤਾ ਵੀ ਇਸੇ ਵਰਤਾਰੇ ਦਾ ਇਕ ਅਭਿੰਨ ਅੰਗ ਹੈ। ਸ਼ਬਦ ਜੋੜਾਂ ਦੀ ਸ਼ੁੱਧਤਾ ਕਾਰਨ ਹੀ ਕੋਈ ਬੋਲੀ ਸੁਚੱਜਾ ਅਤੇ ਸੁੰਦਰ ਰੂਪ ਧਾਰਨ ਕਰ ਸਕਦੀ ਹੈ। ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਪੈਦਾ ਕਰਨ ਤੇ ਪੰਜਾਬੀ ਸ਼ਬਦ-ਜੋੜਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੀ ਖਾਤਰ ਵਿਦਵਾਨ ਸਮੇਂ-ਸਮੇਂ ‘ਤੇ ਕੁਝ ਨਿਯਮ ਬਣਾਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਬੋਲੀ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਦੇ ਸਮਰੱਥ ਹੁੰਦੇ ਹਾਂ। ਅਜੋਕੀ ਪੰਜਾਬੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੁਆਰਾ ਸੰਪਾਦਿਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਦਰਸਾਉਂਦੀ ਪੁਸਤਕ ਇੱਕ ਅਜਿਹਾ ਹੀ ਉਪਰਾਲਾ ਹੈ। ਇਸ ਪੁਸਤਕ ਵਿੱਚ ਸੁਝਾਏ ਗਏ ਕੁਝ ਨਿਯਮਾਂ ਦਾ ਉਦਾਹਰਨਾਂ ਸਹਿਤ ਜ਼ਿਕਰ ਇਸ ਲੇਖ-ਲੜੀ ਵਿੱਚ ਲਗਾਤਾਰ ਕਰਨ ਦਾ ਜਤਨ ਕੀਤਾ ਜਾਵੇਗਾ।
ਗੁਰਮੁਖੀ ਲਿਪੀ ਦੇ ਪਹਿਲੇ ਅੱਖਰ ਊੜੇ ਨੂੰ ਦਸਾਂ ਵਿੱਚੋਂ ਕੁੱਲ ਤਿੰਨ ਲਗਾਂ ਲੱਗਦੀਆਂ ਹਨ- ਅੌਂਕੜ, ਦੁਲੈਂਕੜ ਅਤੇ ਹੋੜਾ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ, ਜਿਵੇਂ: ਉੱਠ, ਊਠ ਅਤੇ ਓਟ। ਅੱਜ ਦੀ ਇਸ ਪਲ਼ੇਠੀ ਕਿਸ਼ਤ ਵਿਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦਾਂ ਦੇ ਅੰਤ ਵਿਚ ਊੜੇ ਅੱਖਰ ਨੂੰ ਲੱਗਦੀਆਂ ਹੋੜੇ ਅਤੇ ਔਂਕੜ ਦੀਆਂ ਦੋ ਲਗਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਹੈ?
ਕੋਈ ਸਮਾਂ ਸੀ ਜਦੋਂ ਘਿਓ ਨੂੰ ਘਿਉ, ਪਿਓ ਨੂੰ ਪਿਉ ਅਤੇ ਲਓ ਨੂੰ ਲਉ ਅਰਥਾਤ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਲੱਗੇ ਊੜੇ ਦੀ, ਭਾਵੇਂ ਔਂਕੜ ਦੀ ਅਵਾਜ਼ ਆਉਂਦੀ ਹੋਵੇ, ਭਾਵੇਂ ਹੋੜੇ ਦੀ; ਆਮ ਤੌਰ ‘ਤੇ ੳੁਹਨਾਂ ਨੂੰ ਔਂਕੜ ਪਾ ਕੇ ਹੀ ਲਿਖਿਆ ਜਾਂਦਾ ਸੀ ਪਰ ਸਮਾਂ ਬਦਲਿਆ ਅਤੇ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਉਪਰੰਤ ਇਹਨਾਂ ਸ਼ਬਦਾਂ ਨੂੰ ਹੀ ਨਹੀਂ ਸਗੋਂ ਹੋਰ ਵੀ ਅਨੇਕਾਂ ਸ਼ਬਦਾਂ ਨੂੰ ਇਸ ਕੋਸ਼ ਵਿੱਚ ਸੁਝਾਏ ਗਏ ਨਿਯਮਾਂ ਅਨੁਸਾਰ ਲਿਖਣ ਦੀ ਪਿਰਤ ਆਰੰਭ ਹੋਈ ਹੈ।
ਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ:
“””””””””””””””””””””””””””””””””””””””””””””””””””””””
ਉਪਰੋਕਤ ਕੋਸ਼ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਊੜਾ ਅੱਖਰ ਲੱਗਿਆ ਹੋਵੇ ਤਾਂ ਕੇਵਲ ਚਾਰ ਸ਼ਬਦਾਂ: “ਇਉਂ, ਕਿਉਂ, ਜਿਉਂ, ਤਿਉਂ” ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਿਆ ਜਾਣਾ ਹੈ, ਭਾਵੇਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਊੜੇ ਦੀ ਅਵਾਜ਼ ਹੋੜੇ ਦੀ ਹੋਵੇ ਤੇ ਭਾਵੇਂ ਔਂਕੜ ਦੀ, ਜਿਵੇਂ: ਖਾਓ, ਪੀਓ, ਆਓ, ਜਾਓ, ਲਓ, ਦਿਓ, ਘਿਓ, ਕਿਤਿਓਂ, ਵਾਟਿਓਂ, ਵਾਂਢਿਓਂ, ਖੱਬਿਓਂ, ਸੱਜਿਓਂ, ਥੱਲਿਓਂ, ਥੈਲਿਓਂ, ਅੰਬਾਲ਼ਿਓਂ, ਮੁਹਾਲ਼ੀਓਂ, ਫਗਵਾੜਿਓਂ, ਪਟਿਆਲ਼ਿਓਂ, ਲੁਧਿਆਣਿਓਂ ਆਦਿ।
ਦੇਖਣ ਵਿੱਚ ਆਇਆ ਹੈ ਕਿ ‘ਜਗਰਾਓਂ’ ਅਤੇ ‘ਸਮਰਾਓਂ’ ਵਾਲ਼ੇ ਬਹੁਤੇ ਸੱਜਣ ਅਜੇ ਵੀ ਆਪਣੇ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ।
ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਵੱਲ ਜੇਕਰ ਜ਼ਰਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਅਸਾਨ ਹਨ ਅਤੇ ਇਹਨਾਂ ਉੱਤੇ ਅਮਲ ਕਰਨਾ ਵੀ ਓਨਾ ਹੀ ਅਸਾਨ ਹੈ।
ਉਪਰੋਕਤ ਚਾਰ ਸ਼ਬਦਾਂ ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ।
ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ‘ਊੜੇ’ ਨੂੰ ਕਿਹੜੀ ਲਗ ਲੱਗਣੀ ਹੈ?
“”””””””””””””””””””””””””””””””””””””””””””””””””””””””””
ਜੇਕਰ ‘ੳ’ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਆ ਜਾਵੇ ਤਾਂ ਉਸ ਸੰਬੰਧੀ ਨਿਯਮ ਇਹ ਹੈ ਕਿ ਜੇਕਰ ਉੱਥੇ ਔਂਕੜ ਦੀ ਅਵਾਜ਼ ਹੈ ਤਾਂ ਅੌਂਕੜ ਪਾਉਣਾ ਹੈ ਅਤੇ ਜੇਕਰ ਹੋੜੇ ਦੀ ਅਵਾਜ਼ ਹੈ ਤਾਂ ਹੋੜਾ; ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ। ਮਿਸਾਲ ਦੇ ਤੌਰ ਤੇ ‘ਸਿਓਂਕ’ ਸ਼ਬਦ ਦਾ ਉਚਾਰਨ ਕਰਦੇ ਸਮੇਂ ਹੋੜੇ (ਦੀਰਘ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਬਿੰਦੀ ਪਾਉਣੀ ਹੈ ਅਤੇ ‘ਤਿਉਹਾਰ’ ਸ਼ਬਦ ਨੂੰ ਲਿਖਣ ਸਮੇਂ ਔਂਕੜ (ਲਘੂ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਨੂੰ ਔਂਕੜ ਹੀ ਪਾਉਣਾ ਹੈ।

ਉਪਰੋਕਤ ਨਿਯਮ ਅਨੁਸਾਰ ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ਊੜੇ ਦੇ ਉਚਾਰਨ ਅਨੁਸਾਰ ਲੱਗਣ ਵਾਲੀਆਂ ਲਗਾਂ ਦੀਆਂ ਕੁਝ ਹੋਰ ਉਦਾਹਰਨਾਂ ਇਸ ਪ੍ਰਕਾਰ ਹਨ:

ਊੜੇ ਨੂੰ ਔਂਕੜ:

“”””””””””””
ਸਾਉਣ, ਸਾਉਲ਼ਾ, ਭਗਉਤੀ, ਭਉਜਲ, ਭਜਾਉਣਾ, ਵਿਉਤਪਤੀ, ਗਾਉਣਾ, ਪਿਹਾਉਣਾ, ਵਿਛਾਉਣਾ, ਡਰਾਉਣਾ ਨਵਿਆਉਣਾ, ਮਿਉਂਸਿਪਲ (ਕਮੇਟੀ), ਆਉਣਾ, ਨ੍ਹਾਉਣਾ, ਨੁਹਾਉਣਾ, ਨਸਾਉਣਾ, ਆਉਂਸ ਆਦਿ।
ਊੜੇ ਨੂੰ ਹੋੜਾ ਜਾਂ ਊੜੇ ਦਾ ਮੂੰਹ ਖੁੱਲ੍ਹਾ:
“””””””””””””””””””””””””””””
ਡਿਓੜ੍ਹੀ, ਰਿਓੜੀ, ਕਿਓੜਾ, ਭਿਓਂਣਾ, ਵਿਓਂਤ, ਦਿਓਰ, ਤਿਓਰ, ਬਿਓਰਾ, ਤਿਓੜ, ਲਿਓੜ, ਲਿਓਟੀ, ਨਿਓਣਾ (ਨਿਵਣਾ, ਝੁਕਣਾ), ਨਿਓਜ਼ਾ, ਨਿਓਂਦਰਾ (ਨਿਓਂਦਾ), ਪਿਓਂਦ, ਕਿਓਂਟ, ਕਿਓਂਟਣਾ (ਕਿਸੇ ਕੰਮ ਨੂੰ ਸਮੇਟਣਾ) ਆਦਿ
ੳ ਨੂੰ ਦੁਲੈਂਕੜ:
“”””””””””””
ਜਿੱਥੋਂ ਤੱਕ ਊੜੇ ਨੂੰ ਲੱਗਣ ਵਾਲੀ ਤੀਜੀ ਲਗ ਅਰਥਾਤ ਦੁਲੈਂਕੜ ਦਾ ਸੰਬੰਧ ਹੈ, ਇਹ ਲਗ ਊੜੇ ਨੂੰ ਕਿਸੇ ਸਥਾਨ ‘ਤੇ ਵੀ, ਭਾਵ ਪਹਿਲਾਂ, ਵਿਚਕਾਰ ਅਤੇ ਅੰਤ ਵਿੱਚ ਲਾਈ ਜਾ ਸਕਦੀ ਹੈ, ਜਿਵੇਂ: ਊਠ, ਸ਼ਊਰ, ਕਮਾਊ ਆਦਿ
ਸਾਰਾਂਸ਼:
“”””””
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕੇਵਲ ਜ਼ਰਾ ਜਿੰਨਾ ਧਿਆਨ ਦੇਣ ਦੀ ਲੋੜ ਹੈ, ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਨਿਯਮ ਏਨੇ ਅੌਖੇ ਨਹੀਂ ਹਨ। ਕਿਸੇ ਸ਼ਬਦ ਦੇ ਅੰਤ ਵਿਚ ਊੜੇ ਅੱਖਰ ਦੇ ਆਉਣ ਸਬੰਧੀ ਉਪਰੋਕਤ ਨਿਯਮਾਂ ਅਨੁਸਾਰ ਅਸੀਂ ਖ਼ਿਆਲ ਕੇਵਲ ਏਨਾ ਹੀ ਰੱਖਣਾ ਹੈ ਕਿ ਜੇਕਰ ਊੜਾ ਕਿਸੇ ਸ਼ਬਦ ਦੇ ਅੰਤ ਵਿੱਚ ਆਉਂਦਾ ਹੈ ਤਾਂ “ਇਉਂ, ਕਿਉਂ, ਜਿਉਂ, ਤਿਉਂ”, ਚਾਰ ਸ਼ਬਦਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਨਾਲ ਊੜੇ ਨੂੰ ਹੋੜਾ ਹੀ ਪਾਉਣਾ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ ਅਤੇ ਜੇਕਰ ੳ ਕਿਸੇ ਸ਼ਬਦ ਦੇ ਵਿਚਕਾਰ ਆ ਜਾਂਦਾ ਹੈ ਤਾਂ ਹੋੜੇ ਜਾਂ ਔਂਕੜ ਲਗਾਂ ਦੀ ਵਰਤੋਂ ਉਸ ਦੀ ਅਵਾਜ਼ ਅਰਥਾਤ ਉਚਾਰਨ ਅਨੁਸਾਰ ਹੀ ਕਰਨੀ ਹੈ।
……………………….
ਜਸਵੀਰ ਸਿੰਘ ਪਾਬਲਾ,
ਸੰਪਰਕ ਨੰ. 98884-03052.
ਲੰਗੜੋਆ, ਨਵਾਂਸ਼ਹਿਰ।
**

ਪੰਜਾਬੀ ਸ਼ਬਦਾਵਲੀ ਦੇ ਅੰਤ ਵਿਚ ‘ਐੜੇ’ ਅਤੇ ‘ਈੜੀ’ ਅੱਖਰਾਂ ਦੀ ਸਥਿਤੀ:

ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿੱਚ ਵ ਅੱਖਰ ਪਾਏ ਜਾਣ ਨਾਲ਼ ਉਹ ਨਾਂਵ-ਸ਼ਬਦ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਬਦਲਾਵ, ਛਿੜਕਾਵ, ਦਬਾਵ, ਬਚਾਵ ਆਦਿ। ਪੰਜਾਬੀ ਵਿੱਚ ਪਹਿਲਾਂ-ਪਹਿਲ ਅਜਿਹੇ ਸ਼ਬਦਾਂ ਨੂੰ ਵਾਵੇ ਦੀ ਥਾਂ ਊੜੇ ਨੂੰ ਔਂਕੜ ਪਾ ਕੇ, ਜਿਵੇਂ: ਬਦਲਾਵ ਨੂੰ ਬਦਲਾਉ, ਛਿੜਕਾਵ ਨੂੰ ਛਿੜਕਾਉ, ਦਬਾਵ ਨੂੰ ਦਬਾਉ ਬਚਾਵ ਨੂੰ ਬਚਾਉ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ। ਕਈ ਤਾਂ ਅਜਿਹੇ ਸ਼ਬਦਾਂ ਨੂੰ ਹਿੰਦੀ ਵਾਂਗ ਅੰਤ ਵਿੱਚ ਵ ਅੱਖਰ ਪਾ ਕੇ ਹੀ ਲਿਖ ਦਿਆ ਕਰਦੇ ਸਨ।
ਪਰ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆ ਜਾਣ ਉਪਰੰਤ ਇਹ ਪਿਰਤ ਹੁਣ ਬੰਦ ਹੋ ਗਈ ਹੈ। ਇਸ ਕੋਸ਼ ਨੇ ਸਾਨੂੰ ਦੱਸਿਆ ਹੈ ਕਿ ਜਿੱਥੇ ਵੀ ਅਜਿਹੇ ਢੰਗ ਨਾਲ਼ ਬਣੇ ਕਿਸੇ ਨਾਂਵ-ਸ਼ਬਦ ਨੂੰ ਲਿਖਣ ਦੀ ਨੌਬਤ ਆਉਂਦੀ ਹੈ, ਉੱਥੇ ਨਾ ਤਾਂ ਸ਼ਬਦ ਦੇ ਅੰਤ ਵਿੱਚ ਵਾਵਾ ਅੱਖਰ ਹੀ ਪਾਇਆ ਜਾਣਾ ਹੈ, ਨਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਜਾਣਾ ਹੈ ਅਤੇ ਨਾ ਹੀ ਊੜੇ ਨੂੰ ਔਂਕੜ ਹੀ ਪਾਇਆ ਜਾਣਾ ਹੈ। ਅਜਿਹੀ ਹਾਲਤ ਵਿੱਚ ਸ਼ਬਦ ਦੇ ਅੰਤ ਵਿੱਚ ਹਮੇਸ਼ਾਂ ‘ਐੜਾ’ ਮੁਕਤਾ (ਅ) ਹੀ ਪਾਉਣਾ ਹੈ, ਜਿਵੇਂ ਬਦਲਾਉਣਾ ਤੋਂ ਬਦਲਾਅ, ਛਿੜਕਾਉਣਾ ਤੋਂ ਛਿੜਕਾਅ, ਦਬਾਉਣਾ ਤੋਂ ਦਬਾਅ ਅਤੇ ਬਚਾਉਣਾ ਤੋਂ ਬਚਾਅ ਆਦਿ।
ਇਸ ਸੰਬੰਧ ਵਿੱਚ ਤ੍ਰਾਸਦੀ ਇਹ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਊੜੇ ਨੂੰ ਔਂਕੜ (ਉ) ਪਾ ਕੇ ਜਾਂ ਹਿੰਦੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਵ ਅੱਖਰ ਪਾ ਕੇ ਹੀ ਲਿਖੀ ਜਾ ਰਹੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਭਾਸ਼ਾ ਦੇ ਵਿਆਕਰਨਿਕ ਨਿਯਮ ਉਸ ਦੇ ਆਪਣੇ ਉਚਾਰਨ, ਮੁਹਾਂਦਰੇ ਅਤੇ ਮੁਹਾਵਰੇ ਅਨੁਸਾਰ ਹੀ ਘੜੇ ਗਏ ਹੁੰਦੇ ਹਨ। ਇਹਨਾਂ ਨਿਯਮਾਂ ਉੱਤੇ ਅਮਲ ਕਰ ਕੇ ਹੀ ਅਸੀਂ ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿੱਚ ਇਕਸਾਰਤਾ ਲਿਆ ਸਕਦੇ ਹਾਂ। ਸੋ, ਪੰਜਾਬੀ ਭਾਸ਼ਾ ਵਿੱਚ ਇਕਸਾਰਤਾ ਸੁੰਦਰਤਾ ਅਤੇ ਸੁਚੱਜਤਾ ਲਿਆਉਣ ਦੀ ਖ਼ਾਤਰ ਸਾਨੂੰ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਉੱਤੇ ਪੂਰੀ ਤਨਦੇਹੀ ਨਾਲ਼ ਪਹਿਰਾ ਦੇਣ ਦੀ ਲੋੜ ਹੈ।
ਸੋ, ਇਸ ਨਿਯਮ ਸੰਬੰਧੀ ਯਾਦ ਰੱਖਣ ਵਾਲੀ ਪਹਿਲੀ ਗੱਲ ਤਾਂ ਉੱਪਰ ਲਿਖੀ ਹੀ ਜਾ ਚੁੱਕੀ ਹੈ ਕਿ ਅਜਿਹੇ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿਚਲੇ ਨਾਂਵ-ਸ਼ਬਦਾਂ ਦੇ ਪਿੱਛੇ ਲੱਗਿਆ ਵ ਅੱਖਰ ਪੰਜਾਬੀ ਵਿੱਚ ਐੜਾ ਮੁਕਤਾ ਵਿੱਚ ਬਦਲ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਊੜੇ ਅੱਖਰ ਦਾ ਮੂੰਹ ਖੁੱਲ੍ਹਾ ਰੱਖਦੇ ਹਾਂ ਤਾਂ ਇਹਨਾਂ ਨਾਂਵ-ਸ਼ਬਦਾਂ ਦੇ ਕਿਰਿਆ-ਸ਼ਬਦਾਂ ਵਿੱਚ ਬਦਲ ਜਾਣ ਦਾ ਡਰ ਹੈ, ਜਿਵੇਂ: ਦਬਾਓ (ਕਿਸੇ ਚੀਜ਼ ਨੂੰ ਦਬਾਉਣ ਦੀ ਕਿਰਿਆ), ਬਚਾਓ (ਬੱਚਤ ਕਰਨੀ ਜਾਂ ਕਿਸੇ ਖ਼ਤਰੇ ਆਦਿ ਤੋਂ ਬਚਾਉਣ ਦੀ ਕਿਰਿਆ) ਅਤੇ ਛਿੜਕਾਓ (ਪਾਣੀ ਜਾਂ ਕੋਈ ਦਵਾਈ ਆਦਿ ਛਿੜਕਾਉਣਾ)। ਤੀਜੀ ਗੱਲ ਇਹ ਹੈ ਕਿ ਜੇਕਰ ਅਸੀਂ ਆਖ਼ਰ ਵਿੱਚ ਆਏ ਊੜੇ ਨੂੰ ਔਂਕੜ (ਉ) ਪਾ ਕੇ ਲਿਖਦੇ ਹਾਂ ਤਾਂ ਇਸ ਸੰਬੰਧੀ ਅਸੀਂ ਇਸ ਲੇਖ- ਲੜੀ ਦੇ ਭਾਗ-੧ ਵਿੱਚ ਦੇਖ ਹੀ ਚੁੱਕੇ ਹਾਂ ਕਿ ਇੰਞ ਲਿਖਣਾ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਇਸ ਨਿਯਮ ਅਨੁਸਾਰ ਅਸੀਂ ਪੰਜਾਬੀ ਸ਼ਬਦਾਂ ਦੇ ਅਖੀਰ ਵਿਚ ਆਏ ਕੇਵਲ “ਇਉਂ, ਜਿਉਂ, ਕਿਉਂ, ਤਿਉਂ” ਚਾਰ ਸ਼ਬਦਾਂ ਨੂੰ ਹੀ ਊੜੇ ਨੂੰ ਔਂਕੜ ਪਾ ਕੇ ਲਿਖ ਸਕਦੇ ਹਾਂ, ਬਾਕੀ ਸਾਰੇ ਸ਼ਬਦ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਹਨ। ਸੋ, ਜਦੋਂ ਵੀ ਅਜਿਹੇ ਨਾਂਵ-ਸ਼ਬਦਾਂ ਨੂੰ ਲਿਖਣਾ ਹੋਵੇ ਤਾਂ ਕਦੇ ਵੀ ਇਹਨਾਂ ਸ਼ਬਦਾਂ ਨੂੰ ਹਿੰਦੀ ਭਾਸ਼ਾ ਦੀ ਰੀਸੇ ਅੰਤ ਵਿਚ ਵ ਅੱਖਰ ਪਾ ਕੇ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਨਹੀਂ ਲਿਖਣਾ ਸਗੋਂ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਐੜਾ (ਅ) ਅੱਖਰ ਪਾ ਕੇ ਹੀ ਲਿਖਣਾ ਹੈ। ਹਾਂ, ਇਸ ਸੰਬੰਧ ਵਿਚ ਹੁਣ ਤੱਕ ਇੱਕ ਅਪਵਾਦ ਦੇਖਣ ਨੂੰ ਜ਼ਰੂਰ ਮਿਲ਼ਿਆ ਹੈ ਕਿ “ਘਿਰਾਓ” ਸ਼ਬਦ ਨੂੰ ਉਪਰੋਕਤ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਉਹ ਵੀ ਸ਼ਾਇਦ ਇਸ ਕਾਰਨ ਕਿ ਇਸ ਸ਼ਬਦ ਦੇ ਅਖੀਰ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਰੱਖਣ ਨਾਲ਼ ਇਹ ਸ਼ਬਦ ਕਿਰਿਆ-ਰੂਪ ਇਖ਼ਤਿਆਰ ਨਹੀਂ ਕਰਦਾ ਸਗੋਂ ਨਾਂਵ-ਸ਼ਬਦ ਹੀ ਰਹਿੰਦਾ ਹੈ। ਇਸ ਦੇ ਕਿਰਿਆ ਰੂਪ ਘੇਰੋ, ਘੇਰਨਾ, ਘੇਰਿਆ ਆਦਿ ਸ਼ਬਦ ਹਨ। ਹੋ ਸਕਦਾ ਹੈ ਕਿ ਇਹੋ-ਜਿਹੇ ਇੱਕਾ-ਦੁੱਕਾ ਕੁਝ ਹੋਰ ਸ਼ਬਦ ਵੀ ਹੋਣ ਪਰ ਅਜਿਹੀ ਸੰਭਾਵਨਾ ਬਹੁਤ ਘੱਟ ਹੈ।
ਇਸ ਸੰਬੰਧ ਵਿੱਚ ਸ਼ਬਦਾਂ ਦੇ ਅੰਤ ਵਿੱਚ ਅ ਮੁਕਤਾ ਨਾਲ਼ ਲਿਖੇ ਜਾਣ ਵਾਲ਼ੇ ਨਾਂਵ-ਸ਼ਬਦਾਂ ਦੀਆਂ ਕੁਝ ਹੋਰ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ:
ਉਪਾਅ, ਝੁਕਾਅ, ਢੁਕਾਅ, ਨਿਭਾਅ, ਸੁਭਾਅ, ਟਿਕਾਅ, ਰੱਖ- ਰਖਾਅ, ਫੜ-ਫੜਾਅ, ਠਹਿਰਾਅ, ਰਿਸਾਅ, ਲੁਕਾਅ, ਛਿਪਾਅ, ਵਹਾਅ, ਪ੍ਰਗਟਾਅ, ਚਾਅ, ਜੀਅ, ਲੋਅ, ਉਤਰਾਅ, ਚੜ੍ਹਾਅ,ਅਕੜਾਅ, ਅਟਕਾਅ, ਸੁਝਾਅ, ਸਰਾਂਅ (ਬਹੁਵਚਨ ਸਰਾਵਾਂ), ਵਧਾਅ-ਘਟਾਅ, ਕੰਬੋਅ (ਕੰਬੋਜ), ਫੈਲਾਅ, ਲਮਕਾਅ, ਲਿਖ-ਲਿਖਾਅ, ਖਿਚਾਅ, ਘੁਮਾਅ, ਪਘਰਾਅ (ਪੱਘਰ ਤੋਂ ਬਣਿਆ), ਜਮਾਅ, ਗਰਾਂਅ (ਪਿੰਡ), ਲਗਾਅ ਆਦਿ।
ਉਪਰੋਕਤ ਉਦਾਹਰਨਾਂ ਅਨੁਸਾਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਸ਼ਬਦਾਂ ਦੇ ਅੰਤ ਵਿਚ ਲੱਗੀਆਂ ਵ ਤੋਂ ਬਿਨਾਂ ਜ ਜਾਂ ਯ ਆਦਿ ਧੁਨੀਆਂ ਵੀ ਅ ਧੁਨੀ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ।
ਕਈ ਵਾਰ ਦੇਖਣ ਵਿੱਚ ਇਹ ਗੱਲ ਵੀ ਆਈ ਹੈ ਕਿ ਕੁਝ ਲੋਕ ਉਪਰੋਕਤ ਅ-ਅੰਤਿਕ ਨਾਂਵ-ਸ਼ਬਦਾਂ ਨੂੰ ਕਿਰਿਆ-ਸ਼ਬਦਾਂ ਦੀ ਥਾਂ ‘ਤੇ ਵਰਤਣਾ ਸ਼ੁਰੂ ਕਰ ਦਿੰਦੇ ਹਨ ਜੋਕਿ ਸਰਾਸਰ ਗ਼ਲਤ ਰੁਝਾਨ ਹੈ। ਉਦਾਹਰਨ ਦੇ ਤੌਰ ‘ਤੇ “ਨਿਭਾ ਰਿਹਾ” ਨੂੰ “ਨਿਭਾਅ ਰਿਹਾ”, “ਫੈਲਾ ਰਿਹਾ” ਨੂੰ “ਫੈਲਾਅ ਰਿਹਾ” ਅਤੇ “ਬਚਾ ਰਿਹਾ” ਨੂੰ “ਬਚਾਅ ਰਿਹਾ” ਦੇ ਤੌਰ ‘ਤੇ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਪੰਜਾਬੀ ਵਿੱਚ ਲਿਖਣ ਵੇਲ਼ੇ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ।
ਜਿਨ੍ਹਾਂ ਸ਼ਬਦਾਂ ਪਿੱਛੇ ‘ਅ’ ਮੁਕਤਾ ਪਾਉਣ ਦੀ ਲੋੜ ਨਹੀਂ ਹੈ:
“”””””””””””””””””””””””””””””””””””””””””””””
ਉਪਰੋਕਤ ਤੋਂ ਬਿਨਾਂ ਪੰਜਾਬੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤ ਵਿਚ ਅ ਮੁਕਤਾ ਪਾ ਕੇ ਲਿਖਣ ਦੀ ਲੋੜ ਨਹੀਂ ਹੈ ਪਰ ਅਸੀਂ ਖ਼ਾਹ-ਮਖ਼ਾਹ ਹੀ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਵੀ ਅ ਮੁਕਤਾ ਪਾ ਕੇ ਲਿਖੀ ਜਾ ਰਹੇ ਹਾਂ, ਜਿਵੇਂ: ਤੈ (ਮਸਲਾ ਤੈ ਹੋਣਾ), ਖੌ (ਹੱਡਾਂ ਦਾ ਖੌ), ਭੈ (ਡਰ), ਭੌਂ (ਜ਼ਮੀਨ ਨੂੰ ਭੋਂ ਜਾਂ ਭੋਇੰ ਲਿਖਣਾ ਗ਼ਲਤ ਹੈ), ਕਨਸੋ (ਬਹੁਵਚਨ= ਕਨਸੋਆਂ), ਚੋ (ਕਿਰਿਆ ਅਤੇ ਨਾਂਵ; ਬਹੁਵਚਨ=ਚੋਆਂ), ਲੈ (ਸੁਰ-ਤਾਲ; ਬਹੁਵਚਨ= ਲੈਆਂ), ਰੌ (ਰੌਆਂ), ਕੈ (ਕੈਆਂ), ਸ਼ੈ (ਸ਼ੈਆਂ), ਸ਼ੋ (ਬਹੁਵਚਨ=ਸ਼ੋਆਂ; ਸ਼ੋ-ਕੇਸ, ਸ਼ੋ-ਰੂਮ, ਸ਼ੋ-ਪੀਸ ਆਦਿ), ਗੌਂ (ਗੌਂਆਂ), ਜੋ (ਹਲ਼ ਜੋਣਾ), ਢੋ (ਢੋ ਲਾਉਣੀ), ਬੈ (ਵੇਚਣ ਦਾ ਭਾਵ), ਖ਼ੁੁਸ਼ਬੋ (ਖ਼ੁਸ਼ਬੂ ਲਿਖਣਾ ਗ਼ਲਤ ਹੈ) ਆਦਿ।
ਦਾ,ਦੇ ਅਤੇ ਦਾਅ,ਦੇਅ ਸ਼ਬਦਾਂ ਵਿੱਚ ਵਖਰੇਵਾਂ ਪਾਉਣ ਲਈ ‘ਅ’ ਦੀ ਵਰਤੋਂ:
“”””””””””””””””””””””””””””””””””””””””””””””””””””””””””””
ਉਪਰੋਕਤ ਤੋਂ ਬਿਨਾਂ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਨੂੰ ਉਹਨਾਂ ਨਾਲ ਰਲਦੇ-ਮਿਲਦੇ ਕੁਝ ਸ਼ਬਦਾਂ ਤੋਂ ਵਖਰਿਆਉਣ ਲਈ ਸ਼ਬਦਾਂ ਦੇ ਅੰਤ ਵਿੱਚ ‘ਐੜਾ’ ਅੱਖਰ ਲਾਇਆ ਗਿਆ ਹੈ, ਜਿਵੇਂ: ਦਾਅ (ਢੰਗ, ਚਾਲ) ਅਤੇ ਦੇਅ (ਰਾਖਸ਼) ਸ਼ਬਦਾਂ ਨੂੰ ਦਾ ਅਤੇ ਦੇ ਸੰਬੰਧਕ-ਸ਼ਬਦਾਂ ਤੋਂ ਵਖਰਿਆਉਣ ਲਈ ਉਪਰੋਕਤ ਸ਼ਬਦਾਂ (ਦਾਅ ਅਤੇ ਦੇਅ) ਦੇ ਪਿੱਛੇ ਅ ਮੁਕਤਾ ਲਾਇਆ ਗਿਆ ਹੈ।
ਪੰਜਾਬੀ ਵਿੱਚ ਅੈੜੇ ਅੱਖਰ ਨਾਲ਼ ਦਸਾਂ ਵਿੱਚੋਂ ਕੁੱਲ ਚਾਰ ਲਗਾਂ: ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ ਲੱਗਦੀਆਂ ਹਨ ਅਤੇ ਈੜੀ ਨਾਲ਼ ਸਿਹਾਰੀ, ਬਿਹਾਰੀ ਅਤੇ ਲਾਂ।
ਸ਼ਬਦਾਂ ਦੇ ਅੰਤ ਵਿੱਚ ਆਈ ‘ਈੜੀ’ (ੲ) ਨੂੰ ਲਾਂ ਜਾਂ ਸਿਹਾਰੀ ਕਦੋਂ ਪਾਈਏ?
“””””””””””””””””””””””””””””””””””””””””””””””””””””””””””””””””””””””
ਜਿੱਥੋਂ ਤੱਕ ‘ਈੜੀ’ ਅੱਖਰ ਦਾ ਸੰਬੰਧ ਹੈ, ਪਹਿਲੇ ਸਮਿਆਂ ਵਿੱਚ ਆਮ ਤੌਰ ‘ਤੇ ਸ਼ਬਦਾਂ ਦੇ ਅੰਤ ਵਿੱਚ ਲੱਗੀ ਈੜੀ ਨਾਲ਼ ਬਣੇ ਸ਼ਬਦਾਂ: ਰਾਏ (ਬਹੁਵਚਨ=ਰਾਵਾਂ), ਬਜਾਏ, ਬਰਾਏ (ਬਰਾਏ ਮਿਹਰਬਾਨੀ) ਆਦਿ ਨੂੰ ਸਿਹਾਰੀ ਪਾ ਕੇ ਅਰਥਾਤ ਰਾਇ, ਬਜਾਇ, ਬਰਾਇ ਆਦਿ ਹੀ ਲਿਖਿਆ ਜਾਂਦਾ ਸੀ ਪਰ ਹੁਣ ਇਹ ਨਿਯਮ ਬਦਲ ਚੁੱਕੇ ਹਨ ਅਤੇ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਆਈ ਈੜੀ ਨੂੰ ਲਾਂ ਦੀ ਮਾਤਰਾ ਪਾ ਕੇ ਹੀ ਲਿਖਿਆ ਜਾਣਾ ਹੈ। ਹਾਏ, ਓਏ ਆਦਿ ਸ਼ਬਦ ਵੀ ਈੜੀ ਨੂੰ ਲਾਂ ਪਾ ਕੇ ਹੀ ਲਿਖਣੇ ਹਨ, ਸਿਹਾਰੀ ਨਾਲ਼ ਨਹੀਂ। ਹਾਂ, ਅਧਿਆਇ, ਪਰਿਆਇ (ਪਰਿਆਇਵਾਚੀ) ਆਦਿ ਕੁਝ ਇੱਕ ਸ਼ਬਦਾਂ ਨੂੰ ਪਰੰਪਰਾਗਤ ਢੰਗ ਨਾਲ਼ ਲਿਖਣ ਦੀ ਜ਼ਰੂਰ ਛੋਟ ਹੈ।
………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
**
ਪੰਜਾਬੀ ਸ਼ਬਦਾਵਲੀ ਵਿੱਚ ‘ਰ’ ਤੋਂ ਬਾਅਦ ਣ ਜਾਂ ਨ ਵਿੱਚੋਂ ਹਮੇਸ਼ਾਂ ‘ਨ’ ਅੱਖਰ ਹੀ ਪਵੇਗਾ
(ਕੇਵਲ ‘ਰਣ’ ਸ਼ਬਦ ਨੂੰ ਛੱਡ ਕੇ)
“”””””””””””””””””””””””””
ਸ਼ਬਦ-ਜੋੜਾਂ ਸੰਬੰਧੀ ਪੰਜਾਬੀ ਵਿਆਕਰਨ ਦਾ ਇੱਕ ਨਿਯਮ ਹੈ ਜਿਸ ਅਧੀਨ ਪੰਜਾਬੀ ਸ਼ਬਦਾਵਲੀ ਵਿੱਚ ‘ਰ’ ਅੱਖਰ ਤੋਂ ਬਾਅਦ ਹਮੇਸ਼ਾਂ ‘ਨ’ ਅੱਖਰ ਹੀ ਪਾਇਆ ਜਾਣਾ ਹੈ ਤੇ ਇਸ ਨਿਯਮ ਅਧੀਨ ਕੇਵਲ ‘ਰਣ’ ਸ਼ਬਦ ਹੀ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਇਸ ਨਿਯਮ ਤੋਂ ਛੋਟ ਮਿਲ਼ੀ ਹੋਈ ਹੈ। ‘ਰਣ’ ਸ਼ਬਦ ਨਾਲ ਬਣਨ ਵਾਲੇ ਹੋਰ ਵੀ ਤਮਾਮ ਸ਼ਬਦ, ਜਿਵੇਂ: ਰਣਜੀਤ, ਰਣਜੋਧ, ਰਣਧੀਰ, ਰਣਬੀਰ, ਰਣ-ਭੂਮੀ, ਰਣ-ਖੇਤਰ, ਆਦਿ ਵੀ ਇਸ ਨਿਯਮ ਤੋਂ ਪੂਰੀ ਤਰ੍ਹਾਂ ਮੁਕਤ ਹਨ।
ਇਸੇ ਨਿਯਮ ਅਧੀਨ ਹੀ ਹਿੰਦੀ ਦਾ ‘ਕਾਰਣ’ ਸ਼ਬਦ ਹੁਣ ‘ਕਾਰਨ’ ਬਣ ਗਿਆ ਹੈ; ‘ਵਿਆਕਰਣ’, ‘ਵਿਆਕਰਨ’ ਬਣ ਗਿਆ ਹੈ ਅਤੇ ‘ਸਾਧਾਰਣ’ ਸ਼ਬਦ ‘ਸਧਾਰਨ’ ਵਿੱਚ ਬਦਲ ਚੁੱਕਿਆ ਹੈ। ਇਹਨਾਂ ਤੋਂ ਬਿਨਾਂ ਇਸ ਨਿਯਮ ਅਧੀਨ ਜਿਹੜੇ ਹੋਰ ਸ਼ਬਦਾਂ ਵਿੱਚ ਬਦਲਾਅ ਆਇਆ ਹੈ, ਉਹ ਹਨ:
ਵਰਨ (ਵਰਣ ਤੋਂ ਬਣਿਆ), ਚਰਨ (ਚਰਣ), ਚੂਰਨ (ਚੂਰਣ), ਪੂਰਨ (ਪੂਰਣ), ਸ਼ਰਨ (ਸ਼ਰਣ), ਹਰਨ, ਉਦਾਹਰਨ (ਉਦਾਹਰਣ), ਉਚਾਰਨ (ਉਚਾਰਣ), ਵਰਨਨ/ਵਰਨਣ, ਅਹਿਰਨ, ਸੰਸਮਰਨ (ਸੰਸਮਰਣ), ਕਰਨ (ਕਰਨ- ਕਾਰਕ), ਨਿਰਨਾ (ਨਿਰਣਯ=ਫ਼ੈਸਲਾ), ਨਿਰਨਾ (ਨਿਰਨੇ ਕਾਲ਼ਜੇ/ਖ਼ਾਲੀ ਪੇਟ), ਸ਼ੀਰਨੀ, ਸਿਮਰਨ, ਮਿਸ਼ਰਨ, ਚਿਤਰਨ, ਅੰਤਹਿਕਰਨ, ਵਰਨ (ਇੱਕ ਜਾਤੀ), ਵਰਨ-ਵਿਵਸਥਾ, ਵਰਨ-ਆਸ਼੍ਰਮ; ਵਰਨ (ਅੱਖਰ) ਤੋਂ ਵਰਨਿਕ ਵਰਨ-ਮਾਲਾ, ਵਰਨ-ਬੋਧ; ਵਿਆਕਰਨ ਤੋਂ ਵਿਆਕਰਨਿਕ, ਵਿਆਕਰਨਕਾਰ; ਘਿਰਨਾ (ਨਫ਼ਰਤ), ਘਿਰਨਾਯੋਗ, ਘਿਰਨਿਤ; ਜੀਰਨ, ਅਜੀਰਨ (ਬਦਹਜ਼ਮੀ), ਵਾਤਾਵਰਨ, ਪ੍ਰੇਰਨਾ ਆਦਿ।
ਦੁੱਤ ਅੱਖਰ ‘ਰ’ (ਵਿਅੰਜਨ-ਅੱਖਰਾਂ ਦੇ ਪੈਰਾਂ ਵਿੱਚ ਪਾਏ ਗਏ ‘ਰਾਰੇ’) ਤੋਂ ਬਾਅਦ ਜਾਂ ‘ਰ’ ਅਤੇ ‘ਣ’ ਦੇ ਵਿਚਕਾਰ ਕੋਈ ‘ਲਗ’ ਆ ਜਾਣ ‘ਤੇ ਉਪਰੋਕਤ ਨਿਯਮ ਲਾਗੂ ਨਹੀਂ ਹੋਵੇਗਾ, ਜਿਵੇਂ:
ਪ੍ਰਣ, ਪ੍ਰਾਣ, ਪ੍ਰਾਣੀ, ਪਰੈਣ, ਭਰੂਣ, ਰਾਣੀ, ਰਾਣੀ ਖਾਂ, ਰਾਣੀਖੇਤ (ਇਕ ਬਿਮਾਰੀ), ਰਾਣੀਹਾਰ, ਦਰਾਣੀ, ਰੋਣ, ਰੋਣਾ, ਰੌਣ, ਰੌਣੀ, ਰੌਣਕ, ਰੈਣ, ਰੈਣ-ਸਬਾਈ, ਰੈਣ-ਬਸੇਰਾ, ਕਰੁਣਾ (ਕਰੁਣਾ ਰਸ) ਆਦਿ।
ਉਪਰੋਕਤ ਉਦਾਹਰਨਾਂ ਵਿੱਚ ਅਸੀਂ ਦੇਖਦੇ ਹਾਂ ਕਿ ‘ਪ੍ਰਣ’ ਸ਼ਬਦ ਵਿੱਚ ‘ਪ’ ਅਤੇ ‘ਣ’ ਅੱਖਰਾਂ ਦੇ ਵਿਚਕਾਰ ਪੂਰੇ ‘ਰਾਰੇ’ ਅੱਖਰ ਦੀ ਵਰਤੋਂ ਨਹੀਂ ਕੀਤੀ ਗਈ ਹੈ ਸਗੋਂ ‘ਰ’ ਅੱਖਰ ਨੂੰ ‘ਪ’ ਵਿਅੰਜਨ ਦੇ ਪੈਰਾਂ ਵਿੱਚ ਪਾਇਆ ਗਿਆ ਹੈ ਅਰਥਾਤ ਇੱਥੇ ‘ਰ’ ਅੱਖਰ ਨੂੰ ਇੱਕ ‘ਦੁੱਤ ਅੱਖਰ’ ਦੇ ਤੌਰ ‘ਤੇ ਵਰਤਿਆ ਗਿਆ ਹੈ ਇਸ ਲਈ ਇਸ ਸ਼ਬਦ ਵਿੱਚ ‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ‘ਰਾਣੀ’ ਜਾਂ ‘ਪਰੈਣ’ ਆਦਿ ਸ਼ਬਦਾਂ ਵਿੱਚ ਕਿਉਂਕਿ ‘ਰ’ ਅਤੇ ‘ਣ’ ਅੱਖਰਾਂ ਦੇ ਵਿਚਕਾਰ ‘ਕੰਨੇ’ ਜਾਂ ‘ਦੁਲਾਵਾਂ’ ਦੀਆਂ ਮਾਤਰਾਵਾਂ ਆ ਗਈਆਂ ਹਨ ਇਸ ਲਈ ਇੱਥੇ ਵੀ ‘ਣ’ ਅੱਖਰ ਪਾਇਆ ਜਾ ਸਕਦਾ ਹੈ।
ਸੋ, ਹੁਣ ਤੱਕ ਇਸ ਲੇਖ-ਲੜੀ ਦੇ ਤਿੰਨ ਭਾਗਾਂ ਵਿੱਚ ਅਸੀਂ ਇਹ ਗੱਲ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮ ਏਨੇ ਔਖੇ ਨਹੀਂ ਹਨ ਸਗੋਂ ਇਹਨਾਂ ਨਿਯਮਾਂ ਨੂੰ ਯਾਦ ਰੱਖਣਾ ਅਤੇ ਇਹਨਾਂ ਉੱਪਰ ਅਮਲ ਕਰਨਾ ਬਹੁਤ ਹੀ ਅਸਾਨ ਹੈ। ਮੇਰੇ ਖ਼ਿਆਲ ਅਨੁਸਾਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਸ਼ਬਦ-ਜੋੜ ਇੱਕ ਵਾਰ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੇ ਹਨ, ਸਾਡੇ ਲਈ ਉਹਨਾਂ ਤੋਂ ਖਹਿੜਾ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਇੱਕ ਵਾਰ ਕਿਸੇ ਨਵੀਂ ਚੀਜ਼ ਨੂੰ ਸਿੱਖਣ ਦਾ ਮਨ ਬਣਾ ਲਿਆ ਜਾਵੇ ਤਾਂ ਇਹ ਕੰਮ ਏਨਾ ਔਖਾ ਵੀ ਨਹੀਂ ਹੈ।
ਸਾਰਾਂਸ਼:
“””””””
੧. ‘ਰ’ ਤੋਂ ਬਾਅਦ ਹਮੇਸ਼ਾਂ ‘ਨ’ ਅੱਖਰ ਹੀ ਪਵੇਗਾ, ਕੇਵਲ ‘ਰਣ’ ਸ਼ਬਦ ਨੂੰ ਛੱਡ ਕੇ।
੨. ਜੇਕਰ ਰ ਅਤੇ ਣ ਅੱਖਰਾਂ ਦੇ ਵਿਚਕਾਰ ਕੋਈ ‘ਲਗ’ ਆ ਜਾਂਦੀ ਹੈ ਤਾਂ ਵੀ ‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ: ਰੌਣੀ।
੩. ਜੇਕਰ ‘ਣ’ ਤੋਂ ਪਹਿਲਾ ਅੱਖਰ ‘ਰ’ ਆਪ ਤੋਂ ਪਹਿਲੇ ਵਿਅੰਜਨ-ਅੱਖਰ ਦੇ ਪੈਰਾਂ ਵਿੱਚ ਪਿਆ ਹੋਵੇ ਤਾਂ ਵੀ ‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ,
ਜਿਵੇਂ: ਪ੍ਰਣ।
………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
**

ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲੇ ਸ਼ਬਦਾਂ ਵਿੱਚ ਪਹਿਲੇ ਦੋ ਅੱਖਰਾਂ ਨਾਲ ਲੱਗਣ ਵਾਲ਼ੀਆਂ ਦੀਰਘ ਮਾਤਰਾਵਾਂ ਦੀ ਸਥਿਤੀ:

ਪੰਜਾਬੀ ਵਿਆਕਰਨ ਦਾ ਇੱਕ ਨਿਯਮ ਹੈ ਕਿ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿਚ ਜੇਕਰ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ ਲੱਗਦੀਆਂ ਹੋਣ ਤਾਂ ਆਮ ਤੌਰ ‘ਤੇ ਅਜਿਹੇ ਸ਼ਬਦਾਂ ਦੇ ਪਹਿਲੇ ਅੱਖਰ ਨਾਲ਼ ਲੱਗੀ ਦੀਰਘ ਮਾਤਰਾ ਜਾਂ ਤਾਂ ਅਲੋਪ ਹੋ ਜਾਵੇਗੀ ਜਾਂ ਫਿਰ ਉਹ ਲਘੂ ਮਾਤਰਾ ਵਿੱਚ ਬਦਲ ਜਾਵੇਗੀ, ਜਿਵੇਂ: ਬੀਮਾਰ/ਬਿਮਾਰ, ਈਮਾਨਦਾਰ/ ਇਮਾਨਦਾਰ, ਬਾਜ਼ਾਰ/ਬਜ਼ਾਰ ਆਦਿ।
ਉਪਰੋਕਤ ਤਿੰਨੇ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲੇ ਸ਼ਬਦ ‘ਬੀਮਾਰ’ ਵਿੱਚ ਪਹਿਲੇ ਦੋ ਅੱਖਰਾਂ ਨੂੰ ‘ਬਿਹਾਰੀ’ ਅਤੇ ‘ਕੰਨੇ’ ਦੀਆਂ ਦੀਰਘ ਮਾਤਰਾਵਾਂ ਲੱਗੀਆਂ ਹੋਈਆਂ ਹਨ ਪਰ ਉਪਰੋਕਤ ਨਿਯਮ ਅਨੁਸਾਰ ਪਹਿਲੇ ਅੱਖਰ ‘ਬ’ ਨਾਲ਼ ਲੱਗੀ ‘ਬਿਹਾਰੀ’ ਦੀ ਦੀਰਘ ਮਾਤਰਾ ‘ਸਿਹਾਰੀ’ ਵਿੱਚ ਬਦਲ ਜਾਵੇਗੀ ਅਤੇ ਇਸ ਉਪਰੰਤ ਜਿਸ ਨਵੇਂ ਸ਼ਬਦ ਦੀ ਸਿਰਜਣਾ ਹੋਵੇਗੀ, ਉਹ ਹੈ- ਬਿਮਾਰ। ਇਸੇ ਪ੍ਰਕਿਰਿਆ ਰਾਹੀਂ ‘ਈਮਾਨਦਾਰ’ ਸ਼ਬਦ ‘ਇਮਾਨਦਾਰ’ ਵਿੱਚ ਬਦਲ ਚੁੱਕਿਆ ਹੈ ਅਤੇ ‘ਬਾਜ਼ਾਰ’ ਸ਼ਬਦ ‘ਬਜ਼ਾਰ’ ਵਿੱਚ ਬਦਲ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਪਹਿਲੇ ਦੋ ਸ਼ਬਦਾਂ ਵਿੱਚ ‘ਬਿਹਾਰੀ’ ਦੀ ਦੀਰਘ ਮਾਤਰਾ ਲਘੂ ਮਾਤਰਾ ‘ਸਿਹਾਰੀ’ ਵਿੱਚ ਬਦਲ ਗਈ ਹੈ ਅਤੇ ਤੀਜੇ ਸ਼ਬਦ ‘ਬਾਜ਼ਾਰ’ ਵਿੱਚ ਪਹਿਲੇ ਅੱਖਰ ‘ਬ’ ਨਾਲ਼ ਲੱਗੇ ‘ਕੰਨੇ’ ਦੀ ਦੀਰਘ ਮਾਤਰਾ ਅਲੋਪ ਹੋ ਗਈ ਹੈ।
ਸੋ, ਉਪਰੋਕਤ ਨਿਯਮ ਅਧੀਨ ਜੇਕਰ ਪਹਿਲੇ ਅੱਖਰ ਨਾਲ਼ ਬਿਹਾਰੀ ਦੀ ਮਾਤਰਾ ਹੈ ਤਾਂ ਉਹ ਸਿਹਾਰੀ ਵਿੱਚ ਬਦਲ ਜਾਵੇਗੀ ਜੇਕਰ ਦੁਲੈਂਕੜ ਦੀ ਮਾਤਰਾ ਹੈ ਤਾਂ ਉਹ ਔਂਕੜ ਦੀ ਮਾਤਰਾ ਵਿੱਚ ਬਦਲ ਜਾਵੇਗੀ ਅਤੇ ਜੇਕਰ ਪਹਿਲੇ ਦੋਂਹਾਂ ਅੱਖਰਾਂ ਨਾਲ਼ ਕੰਨੇ ਦੀਆਂ ਮਾਤਰਾਵਾਂ ਹਨ ਤਾਂ ਪਹਿਲੇ ਅੱਖਰ ਨਾਲ਼ੋਂ ਕੰਨਾ ਅਲੋਪ ਹੋ ਜਾਵੇਗਾ।
ਇਸ ਸੰਬੰਧ ਵਿੱਚ ਕੁਝ ਉਦਾਹਰਨਾਂ ਦੇਖੋ:
“”””””””””””””””””””””””””””””””
ਬਾਦਾਮ=ਬਦਾਮ, ਪਾਜਾਮਾ=ਪਜਾਮਾ, ਬਾਜ਼ਾਰ=ਬਜ਼ਾਰ, ਸਾਲਾਨਾ= ਸਲਾਨਾ, ਦੀਵਾਲੀ=ਦਿਵਾਲ਼ੀ, ਭੂਚਾਲ= ਭੁਚਾਲ਼, ਆਬਾਦੀ=ਅਬਾਦੀ, ਅਾਜ਼ਾਦੀ=ਅਜ਼ਾਦੀ, ਆਕਾਸ਼=ਅਕਾਸ਼, ਆਸਮਾਨ=ਅਸਮਾਨ, ਆਚਾਰ= ਅਚਾਰ (ਖਾਣ ਵਾਲ਼ਾ), ਵੈਰਾਗ=ਵਿਰਾਗ, ਆਸਾਨ=ਅਸਾਨ, ਆਹਾਰ= ਅਹਾਰ, ਸਾਧਾਰਨ= ਸਧਾਰਨ, ਸਾਮਾਜਿਕ=ਸਮਾਜਿਕ, ਸਾਮਾਨ=ਸਮਾਨ, ਚਾਲਾਕ=ਚਲਾਕ, ਜਾਸੂਸ=ਜਸੂਸ, ਆਰੰਭ=ਅਰੰਭ, ਡੂੰਘਾਈ=ਡੁੰਘਾਈ, ਤੂਫ਼ਾਨ=ਤੁਫ਼ਾਨ, ਨਾਰਾਜ਼=ਨਰਾਜ਼, ਬਾਰੀਕ= ਬਰੀਕ, ਬਾਰੀਕਬੀਨੀ ਬਰੀਕਬੀਨੀ, ਪਾਤਾਲ਼= ਪਤਾਲ਼, ਮਾਸੂਮ=ਮਸੂਮ,ਆਵਾਰਾ=ਅਵਾਰਾ, ਕਾਨੂੰਨ= ਕਨੂੰਨ ਆਦਿ।
‘ਸਾਲਾਨਾ’ ਅਤੇ ‘ਦੀਵਾਲੀ’ ਬਨਾਮ ‘ਸਲਾਨਾ’ ਅਤੇ ‘ਦਿਵਾਲੀ’:
“”””””””””””””””””””””””””””””””””””””””””””””””
ਉਪਰੋਕਤ ਉਦਾਹਰਨਾਂ ਵਿਚਲੇ ਜਿਨ੍ਹਾਂ ਸ਼ਬਦਾਂ ਦੇ ਸ਼ਬਦ-ਰੂਪਾਂ ਉੱਤੇ ਵਧੇਰੇ ਵਾਵੇਲਾ ਮੱਚਦਾ ਹੈ, ਉਹ ਹਨ: “ਸਲਾਨਾ” ਅਤੇ “ਦਿਵਾਲ਼ੀ”। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸਾਨੂੰ ਮੁੱਢ ਤੋਂ ਹੀ ਇਹਨਾਂ ਸ਼ਬਦਾਂ ਦੇ ਸ਼ਬਦ-ਜੋੜ ‘ਸਾਲਾਨਾ’ ਅਤੇ ‘ਦੀਵਾਲੀ’ ਦੇ ਤੌਰ ‘ਤੇ ਹੀ ਸਿਖਾਏ ਜਾਂਦੇ ਰਹੇ ਹਨ ਜਿਸ ਕਾਰਨ ਉਪਰੋਕਤ ਸ਼ਬਦਾਂ ਦੇ ਬਦਲੇ ਹੋਏ ਸ਼ਬਦ-ਜੋੜ (ਸਲਾਨਾ ਅਤੇ ਦਿਵਾਲ਼ੀ) ਸਾਡੀ ਮਾਨਸਿਕਤਾ ਦਾ ਅੰਗ ਹੀ ਨਹੀਂ ਬਣ ਸਕੇ। ਇਸੇ ਕਾਰਨ ਇਹਨਾਂ ਅਤੇ ਅਜਿਹੇ ਕਈ ਹੋਰ ਸ਼ਬਦਾਂ ਬਾਰੇ ਸਾਡੀ ਧਾਰਨਾ ਅਜੇ ਵੀ ਬਦਲ ਨਹੀਂ ਸਕੀ। ਇਸ ਦਾ ਦੂਜਾ ਕਾਰਨ ਇਹ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਇਹ ਗੱਲ ਵੀ ਦੱਸੀ ਜਾਂਦੀ ਰਹੀ ਹੈ ਕਿ ਕਿਉਂਕਿ ਇਹ ਸ਼ਬਦ ‘ਸਾਲ’ ਅਤੇ ‘ਦੀਵਾ’ ਸ਼ਬਦਾਂ ਤੋਂ ਬਣੇ ਹਨ ਇਸ ਲਈ ਇਹਨਾਂ ਸ਼ਬਦਾਂ ਵਿਚਲੇ ਪਹਿਲੇ ਦੋਂਹਾਂ ਅੱਖਰਾਂ (ਸਾਲਾਨਾ ਦਾ ‘ਸਾ’ ਅਤੇ ਦੀਵਾਲੀ ਵਿਚਲੀ ‘ਦੀ’) ਨਾਲ਼ ਲੱਗੀਆਂ ਦੀਰਘ ਮਾਤਰਾਵਾਂ ਕਿਸੇ ਵੀ ਨਿਯਮ ਅਧੀਨ ਨਹੀਂ ਹਟਾਈਆਂ ਜਾ ਸਕਦੀਆਂ। ਪੰਜਾਬੀ ਸ਼ਬਦ-ਜੋੜਾਂ ਦੇ ਸੰਬੰਧ ਵਿੱਚ ਸਾਨੂੰ ਅਜਿਹੀ ਸੋਚ ਤੋਂ ਖਹਿੜਾ ਛੁਡਾਉਣ ਦੀ ਸਖ਼ਤ ਲੋੜ ਹੈ। ਨਿਯਮ ਹਰ ਸ਼ਬਦ ਲਈ ਇੱਕੋ-ਜਿਹੇ ਹੀ ਹੁੰਦੇ ਹਨ।
ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿੱਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਉਪਰੋਕਤ ਨਿਯਮ ਲਾਗੂ ਨਹੀਂ ਹੋਵੇਗਾ:
ਉਪਰੋਕਤ ਨਿਯਮ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਜਿਹੜੀ ਯਾਦ ਰੱਖਣਯੋਗ ਹੈ, ਉਹ ਇਹ ਹੈ ਕਿ ਇਸ ਨਿਯਮ ਅਧੀਨ ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਉਹਨਾਂ ਦੇ ਪਹਿਲੇ ਅਰਥਾਤ ਮੂਲ ਰੂਪ ਅਨੁਸਾਰ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਅਜਿਹੇ ਸ਼ਬਦਾਂ ਵਿੱਚ ਪਹਿਲੇ ਅੱਖਰ ਨਾਲ਼ ਲੱਗੀ ਲਗ ਨੂੰ ਲਘੂ ਮਾਤਰਾ ਵਿੱਚ ਨਹੀਂ ਬਦਲਿਆ ਜਾ ਸਕਦਾ ਜਾਂ ਅਲੋਪ ਕੀਤਾ ਜਾ ਸਕਦਾ, ਜਿਵੇਂ:
ਆਲੋਚਨਾ, ਆਲੋਚਕ, ਆਧਾਰ, ਆਕਾਰ, ਆਚਾਰ (ਚਾਲ-ਚਲਣ ਵਾਲ਼ਾ), ਆਸਾਰ, ਆਵੇਗ, ਆਵੇਸ਼, ਆਦੇਸ਼, ਆਵੇਦਨ, ਆਚਾਰੀਆ, ਆਗਾਮੀ, ਭੂਗੋਲ, ਬੇਗਾਨਾ, ਨਾਜਾਇਜ਼, ਨਾਚੀਜ਼, ਤਾਦਾਦ, ਮਾਮੂਲੀ, ਬਾਕਾਇਦਾ, ਆਜੀਵਨ, ਸਾਕਾਰ, ਸਾਕਾਰਾਤਮਿਕ, ਤਾਮੀਲ, ਤਾਮੀਰ, ਤਾਸੀਰ, ਤਾਰੀਫ਼, ਤਾਰੀਖ਼ (‘ਤਰੀਕ’ ਵੀ ਸਹੀ ਹੈ), ਮਾਲੂਮ, ਨਾਮਾਲੂਮ, ਨਾਦਾਨ, ਨਾਲਾਇਕ ਲਾਵਾਰਸ, ਲਾਚਾਰ ਆਦਿ। ਇਹਨਾਂ ਅਤੇ ਇਹਨਾਂ ਤੋਂ ਬਿਨਾਂ ਕੁਝ ਹੋਰ ਸ਼ਬਦਾਂ ਦੇ ਅਜਿਹੇ ਸ਼ਬਦ-ਰੂਪ ਹੀ ਸ਼ੁੱਧ ਮੰਨੇ ਗਏ ਹਨ।
ਕੁਝ ਸ਼ਬਦਾਂ ਦੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਜਾਂ ਔਂਕੜ ਦੀ ਲਗ ਖ਼ਤਮ ਕਰ ਦਿੱਤੀ ਗਈ ਹੈ:
ਉਪਰੋਕਤ ਤੋਂ ਬਿਨਾਂ ਪੰਜਾਬੀ ਸ਼ਬਦਾਵਲੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ਼ ਲੱਗਣ ਵਾਲ਼ੀ ਸਿਹਾਰੀ ਜਾਂ ਔਂਕੜ ਦੀ ਮਾਤਰਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਵੇਂ:
ਮੰਦਿਰ= ਮੰਦਰ, ਪੰਡਿਤ= ਪੰਡਤ, ਮਸਜਿਦ= ਮਸਜਦ, ਜ਼ਾਲਿਮ= ਜ਼ਾਲਮ, ਕਠਿਨ= ਕਠਨ, ਮਾਹਿਰ=ਮਾਹਰ, ਸ਼ਾਮਿਲ= ਸ਼ਾਮਲ, ਕੋਸ਼ਿਸ਼= ਕੋਸ਼ਸ਼, ਵਾਰਿਸ= ਵਾਰਸ, ਬਾਰਿਸ਼= ਬਾਰਸ਼, ਖ਼ਾਲਿਸ= ਖ਼ਾਲਸ, ਜ਼ਾਹਿਰ= ਜ਼ਾਹਰ, ਕਾਤਿਲ= ਕਾਤਲ, ਹਾਸਿਲ= ਹਾਸਲ, ਚਤੁਰ= ਚਤਰ, ਚਤੁਰਾਈ= ਚਤਰਾਈ, ਚਿੰਤਾਤੁਰ= ਚਿੰਤਾਤਰ, ਠਾਕੁਰ= ਠਾਕਰ, ਭਾਵੁਕ= ਭਾਵਕ ਆਦਿ
ਉਪਰੋਕਤ ਸ਼ਬਦਾਂ ਤੋਂ ਬਿਨਾਂ “ਦਸਹਿਰਾ” (ਦਸ+ਅਹਿਰ) ਸ਼ਬਦ ਨੂੰ ਵੀ ਬਿਨਾਂ ਔਂਕੜ ਤੋਂ ਹੀ ਲਿਖਣਾ ਹੈ ਕਿਉਂਕਿ ਇਹ ਸ਼ਬਦ ਦਸ ਦੀ ਗਿਣਤੀ (ਦਸ ਦਿਨਾਂ ਦੀਆਂ ਧਾਰਮਿਕ ਰਵਾਇਤਾਂ ਨਿਭਾਉਣ ਉਪਰੰਤ ਆਉਣ ਵਾਲ਼ਾ ਤਿਉਹਾਰ) ਨਾਲ਼ ਸੰਬੰਧਿਤ ਹੈ। ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ: ਦਿਨ।
ਸੋ, ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਭਾਸ਼ਾ ਅਤੇ ਉਸ ਦੀ ਵਿਆਕਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਜੋੜਾਂ ਜਾਂ ਸ਼ਬਦ-ਰੂਪਾਂ ਵਿੱਚ ਤਬਦੀਲੀ ਆਉਣੀ ਵੀ ਅਜਿਹੇ ਵਰਤਾਰਿਆਂ ਵਿੱਚੋਂ ਇੱਕ ਹੈ। ਮਾਂ-ਬੋਲੀ ਪੰਜਾਬੀ ਨਾਲ਼ ਪਿਆਰ ਕਰਨ ਵਾਲ਼ਿਆਂ ਨੂੰ ਵੀ ਅਜਿਹੀਆਂ ਤਬਦੀਲੀਆਂ ਨੂੰ ਧਿਆਨ ਨਾਲ਼ ਵਾਚਦੇ ਰਹਿਣਾ ਚਾਹੀਦਾ ਹੈ ਅਤੇ ਬਦਲ ਚੁੱਕੇ ਅਜਿਹੇ ਨਿਯਮਾਂ ਉੱਤੇ ਅਮਲ ਕਰਨ ਦੀ ਵੱਧ ਤੋਂ ਵੱਧ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਜੋ ਅਸੀਂ ਆਪਣੀ ਮਾਤ-ਭਾਸ਼ਾ ਨੂੰ ਹੋਰ ਵੀ ਵਧੇਰੇ ਅਮੀਰ, ਖ਼ੂਬਸੂਰਤ ਅਤੇ ਸੁਹਜ-ਭਰਪੂਰ ਬਣਾ ਸਕੀਏ ਅਤੇ ਹਿੰਦੀ/ਅੰਗਰੇਜ਼ੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵੀ ਇਕਸਾਰਤਾ ਪੈਦਾ ਕਰ ਸਕੀਏ।
**
‘ਕ-ਅੰਤਿਕ’ ਸ਼ਬਦਾਂ ਨੂੰ ਲਿਖਣ ਸੰਬੰਧੀ ਨਿਯਮ:
‘ਕ-ਅੰਤਿਕ’ ਸ਼ਬਦਾਂ ਤੋਂ ਭਾਵ ਹੈ, ਉਹ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ‘ਕੱਕਾ’ ਅੱਖਰ ਲੱਗਿਆ ਹੋਵੇ। ਪੰਜਾਬੀ-ਵਿਆਕਰਨ ਦਾ ਇੱਕ ਨਿਯਮ ਹੈ ਕਿ ਕੁਝ ਅਜਿਹੇ ਸ਼ਬਦਾਂ ਨੂੰ ਵਿਸ਼ੇਸ਼ਣ ਬਣਾਉਣ ਲਈ ਜਿਨ੍ਹਾਂ ਦੇ ਅੰਤ ਵਿੱਚ ‘ਕ’ ਅੱਖਰ ਲੱਗਿਆ ਹੋਵੇ, ਉਸ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਈ ਜਾਂਦੀ ਹੈ, ਜਿਵੇਂ: ਸਮਾਜ (ਨਾਂਵ) ਤੋਂ ਸਮਾਜਿਕ (ਵਿਸ਼ੇਸ਼ਣ), ਧਰਮ (ਨਾਂਵ) ਤੋਂ ਧਾਰਮਿਕ (ਵਿਸ਼ੇਸ਼ਣ) ਅਤੇ ਭੂਗੋਲ (ਨਾਂਵ) ਤੋਂ ਬਣਿਆ ਭੂਗੋਲਿਕ (ਵਿਸ਼ੇਸ਼ਣ) ਸ਼ਬਦ ਆਦਿ। ‘ਸਮਾਜਿਕ’ ਗਤੀਵਿਧੀਆਂ, ‘ਧਾਰਮਿਕ’ ਤਿਉਹਾਰ ਅਤੇ “ਭੂਗੋਲਿਕ’ ਪਰਿਸਥਿਤੀਆਂ ਸ਼ਬਦ-ਜੁੱਟਾਂ ਵਿੱਚ ਉਪਰੋਕਤ ਤਿੰਨੇ ਸ਼ਬਦ ਆਪਣੇ ਨਾਲ਼ ਲੱਗੇ ਸ਼ਬਦਾਂ ‘ਗਤੀਵਿਧੀਆਂ’, ‘ਤਿਉਹਾਰ’ ਅਤੇ ‘ਪਰਿਸਥਿਤੀਆਂ’ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ।
ਇਸੇ ਤਰ੍ਹਾਂ ਜਿਹੜੇ ਕੁਝ ਹੋਰ ‘ਕ-ਅੰਤਿਕ’ ਸ਼ਬਦ ਅੰਤਲੇ ਅੱਖਰ ‘ਕੱਕੇ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਲੱਗਣ ਕਾਰਨ ਵਿਸ਼ੇਸ਼ਣੀ ਰੂਪ ਧਾਰਨ ਕਰ ਗਏ ਹਨ, ਉਹ ਹਨ:
ਸਾਹਿਤ ਤੋਂ ਸਾਹਿਤਿਕ, ਸਰੀਰ ਤੋਂ ਸਰੀਰਿਕ, ਰਾਜਨੀਤੀ ਤੋਂ ਰਾਜਨੀਤਿਕ, ਸੱਭਿਆਚਾਰ ਤੋਂ ਸੱਭਿਆਚਾਰਿਕ, ਇਸੇ ਤਰ੍ਹਾਂ: ਆਰਥਿਕ, ਆਤਮਿਕ, ਪਦਾਰਥਿਕ, ਪ੍ਰਸ਼ਾਸਨਿਕ, ਪ੍ਰਮਾਣਿਕ, ਆਚਰਨਿਕ, ਵਿਆਕਰਨਿਕ, ਵਿਗਿਆਨਿਕ, ਭਾਈਚਾਰਿਕ, ਸਦਾਚਾਰਿਕ, ਪਰਿਵਾਰਿਕ, ਸਪਤਾਹਿਕ, ਮਾਸਿਕ, ਜਨਤਿਕ, ਪ੍ਰਸੰਗਿਕ, ਸੰਗੀਤਿਕ, ਪ੍ਰਯੋਗਿਕ ਆਦਿ।
ਉਪਰੋਕਤ ਨਿਯਮ ਨਾਲ਼ ਸੰਬੰਧਿਤ ਕੁਝ ਗ਼ਲਤ-ਫ਼ਹਿਮੀਆਂ:
“”””””””””””””””””””””””””””””””””””””””””””””
ਉਪਰੋਕਤ ਤਰੀਕੇ ਨਾਲ਼ ਬਣੇ ਵਿਸ਼ੇਸ਼ਣੀ-ਸ਼ਬਦਾਂ ਬਾਰੇ ਵੀ ਕਈ ਵਾਰ ਬੜੀਆਂ ਰੋਚਕ ਗੱਲਾਂ ਸੁਣਨ ਨੂੰ ਮਿਲ਼ਦੀਆਂ ਹਨ। ਆਮ ਤੌਰ ‘ਤੇ ਅਸੀਂ ਅਜਿਹੇ ਕੁਝ ਸ਼ਬਦਾਂ, ਜਿਵੇਂ: ਸਮਾਜਿਕ, ਆਰਥਿਕ, ਭੂਗੋਲਿਕ, ਆਤਮਿਕ ਆਦਿ ਨਾਲ਼ ਤਾਂ ਅੰਤਿਮ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾ ਦਿੰਦੇ ਹਾਂ ਪਰ ਕਦੇ ਵੀ ਸਰੀਰਿਕ, ਜਨਤਿਕ, ਸਾਹਿਤਿਕ, ਸੱਭਿਆਚਾਰਿਕ, ਪਦਾਰਥਿਕ, ਵਿਗਿਆਨਿਕ ਆਦਿ ਸ਼ਬਦਾਂ ਨਾਲ਼ ‘ਕ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਨਹੀਂ ਪਾਉਂਦੇ ਜਾਂ ਸ਼ਾਇਦ ਬਹੁਤ ਹੀ ਘੱਟ। ਜੇਕਰ ਦੇਖਿਆ ਜਾਵੇ ਤਾਂ ਨਿਯਮ ਤਾਂ ਸਾਰੇ ਸ਼ਬਦਾਂ ਲਈ ਇੱਕੋ-ਜਿਹੇ ਹੀ ਹੁੰਦੇ ਹਨ, ਫਿਰ ਕੁਝ ਗਿਣੇ-ਚੁਣੇ ਸ਼ਬਦਾਂ ਨੂੰ ਛੱਡ ਕੇ ਬਾਕੀ ਦੇ ਸ਼ਬਦਾਂ ਨਾਲ ਇਹ ਵਿਤਕਰਾ ਕਿਉਂ?
ਇਸ ਨਿਯਮ ਦੇ ਸੰਬੰਧ ਵਿੱਚ ਕੁਝ ਲੋਕਾਂ ਦੁਆਰਾ ਘੜੀ ਗਈ ਇਹ ‘ਦਲੀਲ’ ਅਕਸਰ ਸੁਣਨ ਨੂੰ ਮਿਲ਼ਦੀ ਸੀ/ਹੈ ਕਿ ਇਹ ਨਿਯਮ ਤਾਂ ਕੇਵਲ ਤਿੰਨ ਜਾਂ ਚਾਰ ਅੱਖਰਾਂ ਨਾਲ਼ ਬਣੇ ਸ਼ਬਦਾਂ ਉੱਤੇ ਹੀ ਲਾਗੂ ਹੁੰਦਾ ਹੈ, ਪੰਜ ਜਾਂ ਉਸ ਤੋਂ ਵੱਧ ਅੱਖਰਾਂ ਨਾਲ਼ ਬਣੇ ਸ਼ਬਦਾਂ ਉੱਤੇ ਨਹੀਂ। ਜਦਕਿ ਅਜਿਹੀ ਆਧਾਰਹੀਣ ਗੱਲ ਲਿਖਤੀ ਰੂਪ ਵਿੱਚ ਕਿਧਰੇ ਵੀ ਮੌਜੂਦ ਨਹੀਂ ਹੈ। ਇਸ ਸਭ ਕਾਸੇ ਦਾ ਕਾਰਨ ਕੇਵਲ ਏਨਾ ਕੁ ਹੀ ਸਮਝ ਆਉਂਦਾ ਹੈ ਕਿ ਜਾਂ ਤਾਂ ਅਸੀਂ ਅਜਿਹੇ ਸ਼ਬਦਾਂ ਵਿਚ ਸਿਹਾਰੀ ਪਾਉਣ ਨੂੰ ਇੱਕ ਫ਼ਾਲਤੂ ਦੀ ਪਰੇਡ ਹੀ ਸਮਝਦੇ ਹਾਂ ਜਾਂ ਫਿਰ ਸ਼ਬਦ-ਜੋਡ਼ਾਂ ਦੇ ਸੰਬੰਧ ਵਿੱਚ ਅਜਿਹੇ ਨਿਯਮਾਂ ਤੋਂ ਹੀ ਬੇਖ਼ਬਰ ਹਾਂ। ਦੂਜੀ ਗੱਲ ਇਹ ਕਿ ਸਰੀਰਿਕ, ਸਾਹਿਤਿਕ ਤੇ ਜਨਤਿਕ ਆਦਿ ਸ਼ਬਦ ਵੀ ਤਾਂ ਚਾਰ ਅੱਖਰਾਂ ਵਾਲ਼ੇ ਹੀ ਹਨ; ਪੰਜ ਜਾਂ ਛੇ ਅੱਖਰਾਂ ਵਾਲੇ ਨਹੀਂ; ਫਿਰ ਇਹਨਾਂ ਸ਼ਬਦਾਂ ਵਿੱਚ ਸਿਹਾਰੀ ਕਿਉਂ ਨਹੀਂ ਪਾਈ ਜਾਂਦੀ? ਕੀ ਇਹਨਾਂ ਸ਼ਬਦਾਂ ਨਾਲ਼ ਸਿਹਾਰੀ ਜਚਦੀ ਨਹੀਂ ਜਾਂ ਕੋਈ ਹੋਰ ਵਜ੍ਹਾ ਹੈ? ਸਾਨੂੰ ਅਜਿਹੀਆਂ ਨਿਰਾਧਾਰ, ਗੁਮਰਾਹਕੁੰਨ, ਬੇਦਲੀਲੀਆਂ ਤੇ ਸੁਣੀਆਂ- ਸੁਣਾਈਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋਡ਼ ਹੈ।
‘ਕ-ਅੰਤਿਕ’ ਨਾਂਵ-ਸ਼ਬਦਾਂ ਨੂੰ ਉਪਰੋਕਤ ਸਿਹਾਰੀ ਨਹੀਂ ਪਾਉਣੀ:
“””””””””””””””””””””””””””””””””””””””””””””””””””””””””
ਉਪਰੋਕਤ ਨਿਯਮ ਦੇ ਸੰਬੰਧ ਵਿੱਚ ਯਾਦ ਰੱਖਣ ਵਾਲ਼ੀ ਇੱਕ ਗੱਲ ਹੋਰ ਵੀ ਹੈ; ਉਹ ਇਹ ਕਿ ਜੇਕਰ ‘ਕ-ਅੰਤਿਕ’ ਸ਼ਬਦ ਕਰਤਰੀ-ਨਾਂਵ (ਜਿਹੜਾ ਸ਼ਬਦ ਨਾਂਵ ਵੀ ਹੋਵੇ ਅਤੇ ਕਰਤਾ ਵੀ) ਹੋਵੇ ਤਾਂ ਉੱਥੇ ਅੰਤਲੇ ਅੱਖਰ ‘ਕ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਨਹੀਂ ਲੱਗਦੀ, ਜਿਵੇਂ:
ਸੰਪਾਦਨ ਸ਼ਬਦ ਤੋਂ ਬਣਿਆ ਸ਼ਬਦ- ਸੰਪਾਦਕ (ਸੰਪਾਦਨ ਦਾ ਕੰਮ ਕਰਨ ਵਾਲਾ), ਚਾਲਕ (ਕਿਸੇ ਵਾਹਨ ਨੂੰ ਚਲਾਉਣ ਵਾਲ਼ਾ); ਇਸੇ ਤਰ੍ਹਾਂ: ਅਧਿਆਪਕ, ਲੇਖਕ, ਪ੍ਰਕਾਸ਼ਕ, ਪ੍ਰਸ਼ਾਸਕ, ਪ੍ਰਚਾਰਕ, ਵਾਚਕ, ਉਪਦੇਸ਼ਕ, ਜਾਚਕ, ਨਿੰਦਕ, ਆਲੋਚਕ, ਪਾਠਕ, ਉਤਪਾਦਕ ਆਦਿ।
ਉਪਰੋਕਤ ਅਨੁਸਾਰ ਜਦੋਂ ਅਸੀਂ ‘ਕ-ਅੰਤਿਕ’ ਵਿਸ਼ੇਸ਼ਣੀ ਸ਼ਬਦਾਂ ਵਿੱਚ ‘ਕ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਨਹੀਂ ਪਾਉਂਦੇ ਤਾਂ ਅਸੀਂ ਉਸ ਸ਼ਬਦ ਨੂੰ ਬੇਵਜ੍ਹਾ ਹੀ “ਕਰਤਰੀ-ਨਾਂਵ” ਬਣਾਉਣ ਦੀ ਕਵਾਇਦ ਕਰ ਰਹੇ ਹੁੰਦੇ ਹਾਂ ਤੇ ਇਸ ਪ੍ਰਕਾਰ ਜਾਣੇ-ਅਨਜਾਣੇ ਵਿੱਚ ਇੱਕ ਬਹੁਤ ਵੱਡੀ ਕੁਤਾਹੀ ਕਰ ਬੈਠਦੇ ਹਾਂ। ਉਦਾਹਰਨ ਦੇ ਤੌਰ ‘ਤੇ ਜੇਕਰ ਉਪਰੋਕਤ ਸ਼ਬਦਾਂ ਵਿੱਚੋਂ ਇੱਕ ਸ਼ਬਦ ‘ਵਿਗਿਆਨਿਕ’ ਹੀ ਲੈ ਲਈਏ ਤਾਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਉਪਰੋਕਤ ਵਿੱਚੋਂ ਪਹਿਲੇ ਨਿਯਮ ਅਨੁਸਾਰ ਇੱਕ ਵਿਸ਼ੇਸ਼ਣੀ-ਸ਼ਬਦ ਹੈ ਪਰ ਜੇਕਰ ਇਸ ਸ਼ਬਦ ਦੇ ਅੰਤਿਮ ਅੱਖਰ ‘ਕ’ ਤੋਂ ਪਹਿਲੇ ਅੱਖਰ ‘ਨ’ ਨੂੰ ਸਿਹਾਰੀ ਨਹੀਂ ਪਾਉਂਦੇ ਤਾਂ ਅਜਿਹਾ ਕਰਨ ਨਾਲ਼ ਇਸ ਸ਼ਬਦ ਨੂੰ ਭੁਲੇਖੇ ਕਾਰਨ ‘ਨਾਂਵ-ਸ਼ਬਦ’ ਸਮਝ ਲਏ ਜਾਣ ਦਾ ਡਰ ਹੈ ਜਦਕਿ ਇਸ ਸ਼ਬਦ ਦਾ ਨਾਂਵ-ਰੂਪ ਦਰਅਸਲ ‘ਵਿਗਿਆਨੀ’ (ਸਾਇੰਸਦਾਨ) ਹੁੰਦਾ ਹੈ। ਇਸ ਪ੍ਰਕਾਰ ਅਜਿਹੀ ਅਣਗਹਿਲੀ ਕਰਨ ਨਾਲ਼ ਇੱਕ ਚੰਗੇ-ਭਲੇ ਵਿਸ਼ੇਸ਼ਣੀ-ਸ਼ਬਦ ਦੇ ਕਰਤਰੀ-ਨਾਂਵ ਵਿੱਚ ਤਬਦੀਲ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਕਾਰਨ ਕਈ ਲੋਕ ‘ਵਿਗਿਆਨੀ’ ਨੂੰ ‘ਵਿਗਿਆਨਕ’ ਵੀ ਲਿਖ ਬੈਠਦੇ ਹਨ। ਵਿਸ਼ੇਸ਼ਣੀ-ਸ਼ਬਦ ‘ਵਿਗਿਆਨਿਕ’ ਦੇ ਅਰਥ ਹਨ- ਵਿਗਿਆਨ ਨਾਲ਼ ਸੰਬੰਧਿਤ, ਜਿਵੇਂ: ਵਿਗਿਆਨਿਕ ਵਿਚਾਰਧਾਰਾ/ਵਿਗਿਆਨਿਕ ਸੋਚ ਆਦਿ।
ਸੋ, ਉਪਰੋਕਤ ਅਨੁਸਾਰ ਸਾਨੂੰ ਚਾਹੀਦਾ ਹੈ ਕਿ ਅਸੀਂ ਸ਼ਬਦ-ਜੋੜਾਂ ਦੇ ਨਿਯਮਾਂ ਨਾਲ਼ ਖਿਲਵਾੜ ਨਾ ਕਰੀਏ ਸਗੋਂ ਇਹਨਾਂ ਉੱਤੇ ਸਾਵਧਾਨੀ ਨਾਲ਼ ਅਮਲ ਕਰਦਿਆਂ ਆਪਣੀ ਮਾਂ-ਬੋਲੀ ਪੰਜਾਬੀ ਦੀ ਸ਼ਾਨ ਵਿੱਚ ਵਾਧਾ ਕਰਨ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾਈਏ।
ਸਾਰਾਂਸ਼:
“””””””””
1. ‘ਕ-ਅੰਤਿਕ’ ਸ਼ਬਦਾਂ ਨੂੰ ‘ਵਿਸ਼ੇਸ਼ਣੀ-ਰੂਪ’ ਦੇਣ ਲਈ ਆਖ਼ਰੀ ਅੱਖਰ ‘ਕ’ ਨੂੰ ਸਿਹਾਰੀ ਲਾਉਣੀ ਪਵੇਗੀ, ਜਿਵੇਂ: ਸਮਾਜਿਕ, ਭੂਗੋਲਿਕ ਆਦਿ।
2. ‘ਕ-ਅੰਤਿਕ’ ਸ਼ਬਦਾਂ ਨੂੰ ‘ਨਾਂਵ-ਰੂਪ’ ਦੇਣ ਲਈ ‘ਕ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਬਿਲਕੁਲ ਨਹੀਂ ਲਾਉਣੀ, ਜਿਵੇਂ: ਸੰਪਾਦਕ, ਅਧਿਆਪਕ
ਆਦਿ।
………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.

“ਭੂਤ-ਕ੍ਰਿਦੰਤ” ਸ਼ਬਦਾਂ ਵਿੱਚ ਵੀ ਅੰਤਿਮ ਅੱਖਰ ‘ਤ’ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੇਗੀ

ਪੰਜਾਬੀ-ਵਿਆਕਰਨ ਅਨੁਸਾਰ ਭੂਤ-ਕ੍ਰਿਦੰਤ ਸ਼ਬਦ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਅਰਥਾਤ ਭੂਤ-ਕਾਲ ਵਿੱਚ ਹੋ ਚੁੱਕਿਆ ਹੈ। ਇਹਨਾਂ ਸ਼ਬਦਾਂ ਦੀ ਇੱਕ ਨਿਸ਼ਾਨੀ ਇਹ ਹੈ ਕਿ ਇਹਨਾਂ ਦੇ ਅੰਤ ਵਿੱਚ ‘ਤ’ ਧੁਨੀ ਲੱਗੀ ਹੁੰਦੀ ਹੈ ਤੇ ਇਸ ਧੁਨੀ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਈ ਜਾਂਦੀ ਹੈ, ਜਿਵੇਂ: ਕਲਪਿਤ, ਰਚਿਤ, ਜੀਵਿਤ, ਸਾਧਿਤ, ਸੰਪਾਦਿਤ, ਪ੍ਰਕਾਸ਼ਿਤ, ਅਨੁਬੰਧਿਤ, ਪ੍ਰਭਾਵਿਤ, ਸ਼ਾਸਿਤ, ਅਨੁਸ਼ਾਸਿਤ, ਪ੍ਰਬੰਧਿਤ, ਪ੍ਰਚਲਿਤ, ਵਰਜਿਤ, ਨਿਰਧਾਰਿਤ, ਅੰਕਿਤ, ਸੰਬੰਧਿਤ, ਲਿਖਿਤ, ਰੁਚਿਤ, ਪ੍ਰਸਤਾਵਿਤ, ਕਥਿਤ, ਨਿਸ਼ਚਿਤ, ਸਨਮਾਨਿਤ, ਅਪਮਾਨਿਤ, ਗਠਿਤ, ਸੰਗਠਿਤ, ਪ੍ਰਜ੍ਵਲਿਤ, ਪ੍ਰਦੀਪਿਤ, ਸੰਕੁਚਿਤ, ਪ੍ਮਾਣਿਤ, ਪ੍ਰਵਾਨਿਤ, ਸੰਕਲਿਤ ਆਦਿ।
ਆਮ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਅਸੀਂ ਵਿਆਕਰਨਿਕ ਹਿਦਾਇਤਾਂ ਅਨੁਸਾਰ ਅੰਤਲੇ ਅੱਖਰ ਤ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਦੀ ਵਰਤੋਂ ਘੱਟ ਹੀ ਕਰਦੇ ਹਾਂ ਅਤੇ ਅਕਸਰ ਪ੍ਰਕਾਸ਼ਿਤ ਜਾਂ ਪ੍ਰਚਲਿਤ ਆਦਿ ਸ਼ਬਦਾਂ ਨੂੰ ਬਿਨਾਂ ਸਿਹਾਰੀ ਤੋਂ ਪ੍ਰਕਾਸ਼ਤ ਅਤੇ ਪ੍ਰਚਲਤ ਹੀ ਲਿਖਿਆ ਹੋਇਆ ਦੇਖਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ।
ਸਿਹਾਰੀ ਅਤੇ ਤ ਧੁਨੀ ਦਾ ਉਪਰੋਕਤ ਸ਼ਬਦਾਂ ਦੇ ਨਿਰਮਾਣ ਵਿੱਚ ਕੀ ਯੋਗਦਾਨ ਹੈ?
ਹੁਣ ਦੇਖਦੇ ਹਾਂ ਕਿ ਉਪਰੋਕਤ ਨਿਯਮ ਅਨੁਸਾਰ ਬਣੇ ਸ਼ਬਦਾਂ ਨੂੰ ਉਹਨਾਂ ਦੇ ਅਰਥ ਦੇਣ ਵਿੱਚ ਸਿਹਾਰੀ ਅਤੇ ਤ ਧੁਨੀ ਦਾ ਕੀ ਮਹੱਤਵ ਅਤੇ ਯੋਗਦਾਨ ਹੈ? ਉੱਪਰ ਅਸੀਂ ਦੇਖ ਹੀ ਚੁੱਕੇ ਹਾਂ ਕਿ ਤ ਧੁਨੀ ਦਾ ਇਸਤੇਮਾਲ ਅਕਸਰ ਉਹਨਾਂ ਸ਼ਬਦਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਕੋਈ ਕੰਮ ਬੀਤੇ ਸਮੇਂ ਵਿੱਚ ਹੋ ਚੁੱਕਿਆ ਹੋਵੇ। ਸਾਡੇ ਵਿੱਚੋਂ ਬਹੁਤਿਆਂ ਨੇ ਇਹ ਗੱਲ ਵੀ ਜ਼ਰੂਰ ਨੋਟ ਕੀਤੀ ਹੋਣੀ ਹੈ ਕਿ ਸਾਡੇ ਵਡੇਰੇ ਬਹੁਤਾ ਕਰਕੇ ਸੀ ਜਾਂ ਸਨ ਸ਼ਬਦਾਂ ਦੀ ਥਾਂ ਤੀ/ ਤਾ /ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਿਆ ਕਰਦੇ ਸਨ, ਜਿਵੇਂ: ਮੈਂ ਆਇਆ ਤੀ/ਉਹ ਗਿਆ ਤੀ/ਉਹ ਗਏ ਤੀ ਆਦਿ। ਉਦੋਂ ਅਸੀਂ ਇਹ ਸਮਝਿਆ ਕਰਦੇ ਸਾਂ ਕਿ ਵਿੱਦਿਅਕ ਸਹੂਲਤਾਂ ਦੀ ਘਾਟ ਕਾਰਨ ਜਾਂ ਉਸ ਸਮੇਂ ਦੇ ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਹੀ ਅਜਿਹੀ ਹੋਣ ਕਾਰਨ ਉਹ ਇਸ ਤਰ੍ਹਾਂ ਬੋਲਦੇ ਸਨ। ਪਰ ਅੱਗੋਂ ਆਉਣ ਵਾਲੀਆਂ ਪੀਡ਼੍ਹੀਆਂ ਜਦੋਂ ਕੁਝ ਪੜ੍ਹ-ਲਿਖ ਗਈਆਂ ਤਾਂ ਇਸ ਦੇ ਨਾਲ਼ ਹੀ ਤਾ, ਤੀ, ਤੇ ਆਦਿ ਸ਼ਬਦ ਵੀ ਸੀ, ਸਨ ਆਦਿ ਸ਼ਬਦਾਂ ਵਿੱਚ ਬਦਲ ਗਏ। ਜੇ ਮੈਂ ਗ਼ਲਤ ਨਾ ਹੋਵਾਂ ਤਾਂ ਮਾਲਵੇ ਦੇ ਇਲਾਕੇ ਵਿੱਚ ਸ਼ਾਇਦ ਅਜੇ ਵੀ ਬਹੁਤੇ ਲੋਕ ਸੀ/ਸਨ ਦੀ ਥਾਂ ਤੀ, ਤਾ, ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ। ਦੁਆਬੇ ਵਿੱਚ ਇਹ ਪਰੰਪਰਾ ਬੇਸ਼ੱਕ ਹੁਣ ਕਾਫ਼ੀ ਘਟ ਗਈ ਹੈ।
ਧੁਨੀਆਂ ਦੇ ਅਰਥਾਂ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਉਪਰੋਕਤ ਅਨੁਸਾਰ ਸਾਡੇ ਵੱਡੇ-ਵਡੇਰੇ ਨਹੀਂ ਸਗੋਂ ਅਸੀਂ ਹੀ ਗ਼ਲਤ ਸਾਂ। ਕਿਉਂਕਿ ਤ ਧੁਨੀ ਦੇ ਇੱਕ ਅਰਥ ਹੀ ਅਜਿਹੇ ਹਨ ਜਿਨ੍ਹਾਂ ਰਾਹੀਂ ਕਿਸੇ ਕੰਮ ਨੂੰ ਬੀਤ ਚੁੱਕੇ ਸਮੇਂ ਵਿਚ ਪ੍ਰਗਟਾਇਆ ਜਾਂਦਾ ਹੈ। ਜੇਕਰ ਗਹੁ ਨਾਲ਼ ਦੇਖਿਆ ਜਾਵੇ ਤਾਂ ਇਸ ਚਰਚਾ ਤੋਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਹਿੰਦੀ ਭਾਸ਼ਾ ਵਿੱਚ ਵਰਤੇ ਜਾਂਦੇ ਥਾ, ਥੇ, ਥੀ (ਕਹਾਂ ਗਯਾ ਥਾ/ਕਹਾਂ ਗਏ ਥੇ/ ਕਹਾਂ ਗਈ ਥੀ) ਆਦਿ ਸ਼ਬਦ/ਧੁਨੀਆਂ ਦਰਅਸਲ ਤਾ, ਤੇ, ਤੀ ਸ਼ਬਦਾਂ ਜਾਂ ਧੁਨੀਆਂ ਤੇ ਇਹਨਾਂ ਦੇ ਉਪਰੋਕਤ ਅਰਥਾਂ ਦੀ ਹੀ ਦੇਣ ਹਨ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਥਾ,ਥੇ,ਥੀ ਧੁਨੀਆਂ ਦੀ ਰਚਨਾ ਤ ਵਾਲ਼ੀਆਂ ਉਪਰੋਕਤ ਧੁਨੀਆਂ (ਤਾ/ਤੇ/ਤੀ) ਤੋਂ ਹੀ ਹੋਈ ਹੈ।
ਸਿਹਾਰੀ ਲਗ ਦੇ ਅਰਥ:
“””””””””””””””””””””
ਤ ਧੁਨੀ ਦੇ ਇਹਨਾਂ ਅਰਥਾਂ ਤੋਂ ਬਿਨਾਂ ਸਿਹਾਰੀ ਲਗ ਦਾ ਕਿਸੇ ਸ਼ਬਦ ਦੀ ਬਣਤਰ ਜਾਂ ਤ ਧੁਨੀ ਦੇ ਅਰਥ ਸਪਸ਼ਟ ਕਰਨ ਵਿੱਚ ਯੋਗਦਾਨ ਇਹ ਹੈ ਕਿ ਇਹ ਜਿਸ ਅੱਖਰ ਨਾਲ਼ ਲੱਗੀ ਹੁੰਦੀ ਹੈ, ਉਸੇ ਦੇ ਆਲ਼ੇ-ਦੁਆਲ਼ੇ ਘੂੰਮਦੀ ਹੈ ਅਰਥਾਤ ਇਹ ਕਿਰਿਆ ਦੇ ਕੰਮ ਨੂੰ ਉਸ ਧੁਨੀ ਦੇ ਅਰਥਾਂ ਤੱਕ ਹੀ ਸੀਮਿਤ ਕਰ ਕੇ ਰੱਖਦੀ ਹੈ। ਇਸ ਪ੍ਰਕਾਰ ਇਹ ਕਿਰਿਆ ਦੇ ਕਾਰਜ ਨੂੰ ਅੱਗੇ ਤੱਕ ਨਹੀਂ ਜਾਣ ਦਿੰਦੀ। ਉਦਾਹਰਨ ਵਜੋਂ ਜੇਕਰ ਸੀਮਿਤ (ਸੀਮਾ+ਸਿਹਾਰੀ+ਤ) ਸ਼ਬਦ ਨੂੰ ਹੀ ਦੇਖਿਆ ਜਾਵੇ ਤਾਂ ਸਿਹਾਰੀ ਅਤੇ ਤ ਧੁਨੀ ਦੇ ਅਰਥਾਂ ਕਾਰਨ ਇਸ ਸ਼ਬਦ (ਸੀਮਿਤ) ਦੇ ਅਰਥ ਹਨ ਜੋ ਇੱਕ ਨਿਰਧਾਰਿਤ ਸੀਮਾ ਤੋਂ ਅੱਗੇ ਨਾ ਜਾਵੇ। ਇਸ ਸ਼ਬਦ ਵਿੱਚ ਅਸੀਂ ਦੇਖਦੇ ਹਾਂ ਕਿ ਅੰਤਲੀ ਸਿਹਾਰੀ ਅਤੇ ਤ ਧੁਨੀ ਨੇ ਮੁਢਲੇ ਸ਼ਬਦ ਸੀਮਾ ਨੂੰ ਉਸ ਦੀ ਸੀਮਾ ਤੱਕ ਹੀ ਸੀਮਿਤ ਕਰ ਦਿੱਤਾ ਹੈ ਤੇ ਉਸ ਤੋਂ ਅੱਗੇ ਨਹੀਂ ਵਧਣ ਦਿੱਤਾ। ਇਸੇ ਤਰ੍ਹਾਂ ਉੱਪਰ ਦੱਸੇ ਬਾਕੀ ਦੇ ਸ਼ਬਦਾਂ ਵਿੱਚ ਵੀ ਇਹਨਾਂ ਦੋਂਹਾਂ ਧੁਨੀਆਂ (ਤ+ ਸਿਹਾਰੀ) ਨੂੰ ਆਪਸ ਵਿਚ ਰਲ਼ਾ ਕੇ ਇਹੋ ਹੀ ਸਿੱਟਾ ਨਿਕਲਦਾ ਹੈ, ਜਿਵੇਂ: ਰਚਿਤ= ਜਿਸ ਦੀ ਰਚਨਾ ਕੀਤੀ ਜਾ ਚੁੱਕੀ ਹੋਵੇ ਅਤੇ ਉਸ ਵਿੱਚ ਵਾਧੇ ਦੀ ਹੋਰ ਗੁੰਜਾਇਸ਼ ਕਤਈ ਨਾ ਬਚੀ ਹੋਵੇ ਇਸੇ ਤਰ੍ਹਾਂ ਸੰਪਾਦਿਤ= ਜਿਸ ਦਾ ਸੰਪਾਦਨ ਕੀਤਾ ਜਾ ਚੁੱਕਿਆ ਹੋਵੇ ਤੇ ਉਸ ਵਿੱਚ ਹੋਰ ਵਾਧਾ ਨਾ ਕੀਤਾ ਜਾ ਸਕੇ ਆਦਿ।
ਪਤੀ/ਪਤਨੀ ਸ਼ਬਦਾਂ ਵਿੱਚ ਤ ਅੱਖਰ ਤੇ ਸਿਹਾਰੀ ਦੀ ਭੂੁਮਿਕਾ:
“””””””””””””””””””””””””””””””””””””””””””””””””
ਪਤੀ (ਹਿੰਦੀ=ਪਤਿ) ਸ਼ਬਦ ਵਿੱਚ ਵੀ ਤ ਅੱਖਰ ਤੇ ਸਿਹਾਰੀ ਲਗ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ। ‘ਪ’ ਧੁਨੀ ਦੇ ਅਰਥ ਹਨ: ਦੂਜਾ ਜਾਂ ਦੂਜੀ (ਪ ਧੁਨੀ ਦੇ ਇਹ ਅਰਥ ਦੇਖਣ ਲਈ ਵੱਖ-ਵੱਖ ਸ਼ਬਦਾਂ ਦੀਆਂ ਉਦਾਹਰਨਾਂ ਸਮੇਤ ਮੇਰੇ ਲੇਖ, “ਸ਼ਬਦਾਂ ਦੀ ਪਰਵਾਜ਼ ਭਾਗ-4 ਅਤੇ ਭਾਗ-5” ਪੜ੍ਹੇ ਜਾ ਸਕਦੇ ਹਨ)। ਪ+ਤ+ਸਿਹਾਰੀ ਧੁਨੀਆਂ ਅਤੇ ਉਹਨਾਂ ਦੇ ਮੇਲ਼ ਨਾਲ਼ ਬਣੇ ਪਤੀ (ਪਤਿ) ਸ਼ਬਦ ਦੇ ਅਰਥ ਹਨ: ਜੋ ਵਿਅਕਤੀ ਕਿਸੇ ਦੂਜੇ ਵਿਅਕਤੀ ਤੱਕ ਸੀਮਿਤ (ਵਿਆਹ-ਬੰਧਨ ਵਿੱਚ ਬੱਝ ਕੇ) ਹੋ ਚੁੱਕਿਆ ਹੋਵੇ। ਪਤਨੀ (ਪਤਿ+ਨੀ) ਸ਼ਬਦ ਦੇ ਵੀ ਲਗ-ਪਗ ਇਹੋ ਹੀ ਅਰਥ ਹਨ ਪਰ ਇਸ ਸ਼ਬਦ ਨੂੰ ਇਸਤਰੀ-ਲਿੰਗ ਦਾ ਰੂਪ ਦੇਣ ਲਈ ਪਤੀ (ਪਤਿ) ਸ਼ਬਦ ਦੇ ਪਿੱਛੇ ‘ਨੀ’ ਦੀ ਧੁਨੀ ਲਾਈ ਗਈ ਹੈ, ਜਿਵੇਂ: ਸ਼ੇਰ ਤੋਂ ਸ਼ੇਰਨੀ, ਮੋਰ ਤੋਂ ਮੋਰਨੀ, ਥਾਣੇਦਾਰ ਤੋਂ ਥਾਣੇਦਾਰਨੀ ਆਦਿ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਸ਼ਬਦਾਂ ਵਿੱਚ ਤ ਅਤੇ ਸਿਹਾਰੀ ਦੇ ਉਪਰੋਕਤ ਅਰਥਾਂ ਨੂੰ ਇਸੇ ਭੂਮਿਕਾ ਸਮੇਤ ਦੇਖਿਆ ਜਾ ਸਕਦਾ ਹੈ।
…………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
**
ਪੰਜਾਬੀ ਦੇ ਤਿੰਨ ਸਜਾਤੀ ਅਗੇਤਰਾਂ: ਪਰ,ਪਰਿ ਅਤੇ ਪ੍ਰ ਨਾਲ਼ ਬਣੇ ਕੁਝ ਸ਼ਬਦ:

ਸੰਸਕ੍ਰਿਤ ਮੂਲ ਦੇ ਤਿੰਨ ਅਗੇਤਰਾਂ: ਪਰ, ਪਰਿ ਅਤੇ ਪ੍ਰ ਨਾਲ਼ ਪੰਜਾਬੀ ਭਾਸ਼ਾ ਦੇ ਅਨੇਕਾਂ ਸ਼ਬਦ ਬਣੇ ਹੋਏ ਹਨ। ਇਹਨਾਂ ਅਗੇਤਰਾਂ ਦੀ ਆਪਸ ਵਿੱਚ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ ਅਤੇ ਰ ਅੱਖਰ ਤਿੰਨਾਂ ਹੀ ਅਗੇਤਰਾਂ ਵਿੱਚ ਸ਼ਾਮਲ ਹਨ। ਇਹਨਾਂ ਅਗੇਤਰਾਂ ਦੀ ਇਸੇ ਸਾਂਝ ਕਾਰਨ ਹੀ ਇਹਨਾਂ ਨੂੰ ਸਜਾਤੀ ਅਗੇਤਰ ਵੀ ਆਖਿਆ ਜਾ ਸਕਦਾ ਹੈ। ਕੁਝ ਲੋਕ ਲਿਖਣ ਸਮੇਂ ਅਕਸਰ ਇਹਨਾਂ ਅਗੇਤਰਾਂ ਬਾਰੇ ਭੁਲੇਖੇ ਵਿੱਚ ਪੈ ਜਾਂਦੇ ਹਨ ਕਿ ਸੰਬੰਧਿਤ ਸ਼ਬਦ ਵਿੱਚ ਇਹਨਾਂ ਵਿੱਚੋਂ ਕਿਹੜਾ ਅਗੇਤਰ ਇਸਤੇਮਾਲ ਕੀਤੇ ਜਾਣਾ ਹੈ। ਇਸੇ ਭੁਲੇਖੇ ਕਾਰਨ ਕਈ ਲੋਕ ਪਰਿਭਾਸ਼ਾ ਨੂੰ ਪ੍ਰੀਭਾਸ਼ਾ, ਪ੍ਰਚਲਿਤ ਨੂੰ ਪਰਚਲਿਤ ਅਤੇ ਪਰੀਖਿਆ ਨੂੰ ਪ੍ਰੀਖਿਆ ਆਦਿ ਲਿਖ ਦਿੰਦੇ ਹਨ। ਪਰ ਜੇਕਰ ਸਾਨੂੰ ਇਹਨਾਂ ਤਿੰਨਾਂ ਹੀ ਅਗੇਤਰਾਂ ਦੇ ਅਰਥ ਪਤਾ ਹੋਣਗੇ ਤੇ ਇਹਨਾਂ ਦੀ ਸ਼ਬਦ-ਵਿਉਤਪਤੀ ਸੰਬੰਧੀ ਪਤਾ ਹੋਵੇਗਾ ਤਾਂ ਅਸੀਂ ਇਹਨਾਂ ਅਗੇਤਰਾਂ ਦੀ ਵਰਤੋਂ ਕਰਨ ਸਮੇਂ ਹਮੇਸ਼ਾਂ ਢੁਕਵੇਂ ਅਗੇਤਰ ਦੀ ਹੀ ਵਰਤੋਂ ਕਰਾਂਗੇ, ਗ਼ਲਤ ਜਾਂ ਗ਼ੈਰਪ੍ਰਸੰਗਿਕ ਅਗੇਤਰ ਦੀ ਨਹੀਂ। ਸੋ, ਇਹਨਾਂ ਅਗੇਤਰਾਂ ਤੋਂ ਬਣਨ ਵਾਲੇ ਸ਼ਬਦਾਂ ਸੰਬੰਧੀ ਚਰਚਾ ਦੇ ਨਾਲ਼-ਨਾਲ਼ ਸਾਡੇ ਲਈ ਇਹ ਜਾਣਨਾ ਵੀ ਅਤਿ ਜ਼ਰੂਰੀ ਹੈ ਕਿ ਇਹਨਾਂ ਅਗੇਤਰਾਂ ਦੇ ਅਰਥ ਕੀ ਹਨ, ਇਹਨਾਂ ਦੀ ਵਿਉਤਪਤੀ ਕਿਵੇਂ ਹੋਈ ਹੈ ਤੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ?
ਉਪਰੋਕਤ ਅਗੇਤਰਾਂ ਵਿੱਚੋਂ ਪਹਿਲਾ ਅਗੇਤਰ ਹੈ- ਪਰ। ਇਸ ਦੇ ਅਰਥ ਹਨ ਦੂਜਾ, ਬੇਗਾਨਾ ਜਾਂ ਪਰਾਇਆ ਆਦਿ। ਇਸ ਅਗੇਤਰ ਤੋਂ ਬਣਨ ਵਾਲ਼ੇ ਕੁਝ ਸ਼ਬਦ ਹਨ: ਪਰਦੇਸ (ਦੂਜਾ ਦੇਸ), ਪਰਦੇਸੀ, ਪਰਵਾਸ (ਦੂਜੀ ਥਾਂ ‘ਤੇ ਰਹਿਣਾ) ਪਰਉਪਕਾਰ (ਦੂਜੇ ਦਾ ਭਲਾ ਕਰਨਾ), ਪਰਲੋਕ (ਦੂਜਾ ਜਾਂ ਅਗਲਾ ਜਹਾਨ), ਪਰਾਧੀਨ (ਪਰ+ਅਧੀਨ= ਕਿਸੇ ਦੂਜੇ ਦੇ ਅਧੀਨ ਹੋਣਾ, ਪਰਲਾ (ਪਰ+ਲਾ)= ਦੂਜੇ ਪਾਸੇ ਦਾ, ਉਰਲੇ ਦਾ ਉਲਟ; ਪਰਨਾਰੀ, ਪਰਜੀਵੀ, ਪਰਵੱਸ, ਪਰਤੰਤਰ ਆਦਿ।
ਉਂਞ ਇੱਕ ‘ਪਰ’ ਸ਼ਬਦ ‘ਪਰੰਤੂ’ ਤੋਂ ਵੀ ਬਣਿਆ ਹੈ ਜਿਸ ਦੇ ਅਰਥ ਹਨ- ਲੇਕਿਨ। ਜੇਕਰ ਧੁਨੀਆਂ ਦੇ ਅਰਥਾਂ ਪੱਖੋਂ ਦੇਖਿਆ ਜਾਵੇ ਤਾਂ ਇੱਥੇ ਵੀ ਪਰ ਜਾਂ ਪ੍ਰੰਤੂ ਸ਼ਬਦ ਦੇ ਅਰਥ ਲਗ-ਪਗ ਉਪਰੋਕਤ ਅਗੇਤਰ ‘ਪਰ’ ਵਾਲ਼ੇ ਹੀ ਹਨ ਅਰਥਾਤ ‘ਦੂਜੀ ਗੱਲ’ ਜਾਂ ‘ਦੂਜੇ ਸਿਰੇ ਵਾਲ਼ੀ ਗੱਲ’, ਜਿਵੇਂ:
“ਉਹ ਕੰਮ ਤੇ ਗਿਆ ‘ਪਰ’ ਛੇਤੀ ਹੀ ਘਰ ਮੁੜ ਆਇਆ।”
ਇਸ ਵਾਕ ਵਿੱਚ ਦੋ ਸਮਾਨ ਜਾਂ ਸਧਾਰਨ ਵਾਕਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਹਨਾਂ ਦੋਂਹਾਂ ਵਾਕਾਂ ਨੂੰ ‘ਪਰ’ ਯੋਜਕ ਦੀ ਸਹਾਇਤਾ ਨਾਲ਼ ਜੋਡ਼ਿਆ ਗਿਆ ਹੈ। ਇਸ ਵਾਕ ਵਿੱਚ ਪਹਿਲੀ ਗੱਲ ਜਾਂ ਪਹਿਲਾਂ ਵਾਕ ਹੈ, “ਉਹ ਕੰਮ ‘ਤੇ ਗਿਆ” ਅਤੇ ਅਤੇ ਦੂਜੀ ਗੱਲ ਜਾਂ ਦੂਜਾ ਵਾਕ ਹੈ- “ਉਹ ਛੇਤੀ ਹੀ ਘਰ ਮੁੜ ਆਇਆ।” ਇਸ ਪ੍ਰਕਾਰ ਇੱਥੇ “ਦੂਜੀ ਗੱਲ” ਕਹਿਣ ਦੀ ਬਜਾਏ ਕੇਵਲ ਇੱਕ ਸ਼ਬਦ ‘ਪਰ’ ਤੋਂ ਹੀ ਕੰਮ ਲੈ ਲਿਆ ਗਿਆ ਹੈ।
ਤੀਜਾ ‘ਪਰ’ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ- ਪੰਛੀ ਦੇ ਖੰਭ। ਇਹਨਾਂ ਤੋਂ ਬਿਨਾਂ ਇੱਕ ਹੋਰ ‘ਪਰ’ ਸ਼ਬਦ ਵੀ ਹੈ ਜੋਕਿ ਬੋਲ-ਚਾਲ ਦੀ ਭਾਸ਼ਾ ਵਿੱਚ “ਉੱਪਰ” ਦੀ ਥਾਂਵੇਂ ਵਰਤਿਆ ਜਾਂਦਾ ਹੈ, ਜਿਵੇਂ:
ਕਿਤਾਬ ਮੇਜ਼ ‘ਪਰ’ ਰੱਖ ਦਿਓ।
‘ਪਰ’ ਤੋਂ ਬਾਅਦ ਦੂਜਾ ਸਜਾਤੀ ਅਗੇਤਰ ਹੈ- ਪਰਿ। ਇਸ ਅਗੇਤਰ ਦੇ ਅਰਥ ਹਨ- ਕਿਸੇ ਚੀਜ਼ ਦੇ ਆਲ਼ੇ-ਦੁਆਲ਼ੇ। ਦਰਅਸਲ ਇਸ ਵਿੱਚ ਲੱਗੀ ਸਿਹਾਰੀ ਦੇ ਅਰਥ ਹੀ ਇਸ ਸ਼ਬਦ ਦੇ ਅਰਥਾਂ ਨੂੰ ਨਿਰਧਾਰਿਤ ਤੇ ਸੀਮਿਤ ਕਰ ਰਹੇ ਹਨ ਤੇ ‘ਪਰ’ ਅਗੇਤਰ ਦੇ ਅਰਥਾਂ ਨਾਲ਼ੋਂ ਨਿਖੇੜ ਰਹੇ ਹਨ। ‘ਪਰ’ ਸ਼ਬਦ ਵਿਚਲੀ ਸਿਹਾਰੀ ਦੇ ਅਰਥ ਹਨ- ਆਲ਼ੇ- ਦੁਆਲ਼ੇ। ਇਸ ਪ੍ਰਕਾਰ ਪਰਿ (ਪਰ+ਸਿਹਾਰੀ) ਸ਼ਬਦ ਜਾਂ ਅਗੇਤਰ ਦੇ ਅਰਥ ਹੋਏ- ਕਿਸੇ ਚੀਜ਼ ਦੇ ਦੂਜੀ ਥਾਂਵੇਂ (ਸੰਬੰਧਿਤ ਚੀਜ਼ ਤੋਂ ਰਤਾ ਹਟ ਕੇ) ਅਰਥਾਤ ਉਸ ਦੇ ਆਲ਼ੇ-ਦੁਆਲ਼ੇ ਤੱਕ ਸੀਮਿਤ ਰਹਿਣਾ ਜਾਂ ਘੁੰਮਣਾ। ਉਦਾਹਰਨ ਵਜੋਂ ਪਰਿਕਰਮਾ (ਪਰਿ+ਕਰਮ/ ਕਦਮ) ਸ਼ਬਦ ਦਾ ਅਰਥ ਹੈ- ਆਪਣੇ ਇਸ਼ਟ ਦੇ ਆਲ਼ੇ-ਦੁਆਲ਼ੇ ਕਦਮ ਪੁੱਟਣੇ ਜਾਂ ਪਰਿਕਰਮਾ ਕਰਨੀ। ਇਸੇ ਤਰ੍ਹਾਂ ਪਰਿਵਹਿਨ (ਹਿੰਦੀ= ਕਿਸੇ ਵਿਸ਼ੇਸ਼ ਸਥਾਨ ਦੇ ਆਲ਼ੇ-ਦੁਆਲ਼ੇ ਜਾਂ ਨੇੜੇ-ਤੇੜੇ ਘੁੰਮਣ ਜਾਂ ਚੱਲਣ ਵਾਲ਼ਾ ਵਾਹਨ ਜਾਂ ਗੱਡੀ, ਜਿਵੇਂ: ‘ਹਿਮਾਚਲ ਰਾਜਯ ਪਰਿਵਹਨ ਨਿਗਮ’ ਅਤੇ ‘ਹਰਿਆਣਾ ਰਾਜਯ ਪਰਿਵਹਨ ਨਿਗਮ’ ਆਦਿ); ਪਰਿਭਾਸ਼ਾ= ਜਿਸ ਨੂੰ ਹਰ ਪੱਖੋਂ ਭਾਸ਼ਾ ਵਿੱਚ ਬੰਨ੍ਹਿਆ ਗਿਆ ਹੋਵੇ ਭਾਵ ਜਿਸ ਦੀ ਚੰਗੀ ਤਰ੍ਹਾਂ ਨਿਸ਼ਾਨਦੇਹੀ ਕੀਤੀ ਗਈ ਹੋਵੇ, ਲੱਛਣ ਜਾਂ ਜਾਣ-ਪਛਾਣ ਆਦਿ; ਇਸੇ ਤਰ੍ਹਾਂ ਪਰਿਵਰਤਨ (ਪਰਿ+ਵ੍ਰਿਤ+ਨ)= ਆਲ਼ਾ-ਦੁਆਲ਼ਾ ਬਦਲ ਜਾਣਾ ਜਾਂ ਤਬਦੀਲੀ ਆਉਣੀ, ਪਰਿਪੂਰਨ (ਪਰਿ+ਪੂਰਨ= ਜੋ ਆਲ਼ੇ-ਦੁਆਲ਼ਿਓਂ ਜਾਂ ਹਰ ਪੱਖੋਂ ਪੂਰਨ ਹੋਵੇ), ਪਰਿਤਿਆਗ (ਪਰਿ+ਤਿਆਗ)= ਆਪਣੇ ਆਲ਼ੇ-ਦੁਆਲ਼ੇ ਨਾਲ਼ ਸੰਬੰਧਿਤ ਹਰ ਚੀਜ਼ ਛੱਡ ਦੇਣੀ/ਤਿਆਗ ਦੇਣੀ; ਪਰਿਵਾਰ= ਚੰਨ ਦੇ ਦੁਆਲ਼ੇ ਪਿਆ ਘੇਰਾ; ਪਰਿਵਾਰ (ਟੱਬਰ, ਕੁਟੰਬ)= ਵਰ ਦੇ ਦੁਆਲ਼ੇ ਅਰਥਾਤ ਨਾਲ਼ ਰਹਿਣ ਵਾਲ਼ੇ ਜੀਅ); ਪਰਿਸਥਿਤੀ (ਪਰਿ+ਸਥਿਤੀ= ਆਲ਼ੇ-ਦੁਆਲ਼ੇ ਦੇ ਹਾਲਾਤ), ਪਰਿਨਾਮ (ਨਤੀਜਾ), ਪਰਿਮਾਣ (ਮਾਤਰਾ), ਪਰੀਖਿਆ (ਇਮਤਿਹਾਨ, ਪਰਖ, ਜਾਂਚ-ਪਡ਼ਤਾਲ ਆਦਿ), ਪਰੀਖਿਅਕ= ਪਰੀਖਿਆ ਲੈਣ ਵਾਲ਼ਾ, ਪਰੀਖਿਆਰਥੀ; ਪਰਿਪਾਟੀ (ਰੀਤ, ਦਸਤੂਰ, ਚਾਲ, ਪਰੰਪਰਾ, ਸਿਲਸਿਲਾ), ਪਰਿਜਨ (ਹਿੰਦੀ= ਪਰਿ+ਜਨ= ਆਲ਼ੇ- ਦੁਆਲ਼ੇ ਦੇ ਅਰਥਾਤ ਪਰਿਵਾਰ ਜਾਂ ਪਰਿਵਾਰ ਨਾਲ਼ ਸੰਬੰਧਿਤ ਲੋਕ/ਰਿਸ਼ਤੇਦਾਰ ਆਦਿ), ਪਰੀਦ੍ਰਿਸ਼ਯ (ਹਿੰਦੀ= ਆਲੇ-ਦੁਆਲ਼ੇ ਦਾ ਦ੍ਰਿਸ਼), ਪਰਿਪੱਕ (ਜੋ ਆਲ਼ੇ-ਦੁਆਲ਼ਿਓਂ ਅਰਥਾਤ ਹਰ ਪੱਖੋਂ ਪੱਕਿਆ ਹੋਇਆ ਜਾਂ ਆਪਣੇ ਕੰਮ ਵਿੱਚ ਮਾਹਰ ਹੋਵੇ) ਆਦਿ।
ਉਪਰੋਕਤ ਉਦਾਹਰਨਾਂ ਵਿੱਚੋਂ ‘ਪਰੀਖਿਆ’ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬਹੁਤੇ ਲੋਕ ਅਕਸਰ ‘ਪ੍ਰੀਖਿਆ’ ਹੀ ਲਿਖ ਦਿੰਦੇ ਹਨ ਜਦਕਿ ਅਜਿਹਾ ਲਿਖਣਾ ਉੱਕਾ ਹੀ ਗ਼ਲਤ ਹੈ। ਦਰਅਸਲ ਇਹ ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜੋਕਿ ਸੰਸਕ੍ਰਿਤ-ਕੋਸ਼ਾਂ ਅਨੁਸਾਰ ਪਰਿ+ਈਕਸ਼ਾ (ਪਰੀਕਸ਼ਾ) ਸ਼ਬਦਾਂ ਤੋਂ ਬਣਿਆ ਹੈ। ਪੰਜਾਬੀ ਵਿਚ ਅਾ ਕੇ ‘ਈਕਸ਼ਾ’ ਸ਼ਬਦ ‘ਈਖਿਆ’ ਵਿੱਚ ਬਦਲ ਜਾਂਦਾ ਹੈ। ਇਹਨਾਂ ਵਿੱਚੋਂ ‘ਪਰਿ’ ਅਗੇਤਰ ਦੇ ਅਰਥ ਹਨ- ਆਲ਼ੇ- ਦੁਆਲ਼ਿਓਂ ਅਤੇ ‘ਈਕਸ਼ਾ’ ਸ਼ਬਦ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ‘ਅਕਸ਼ਿ’ (ਅੱਖ) ਸ਼ਬਦ ਤੋਂ ਬਣਿਆ ਹੈ, ਦੇ ਅਰਥ ਹਨ- ਨਜ਼ਰੀਆ ਅਰਥਾਤ ਖ਼ਿਆਲਾਤ। ਸੋ, ਪਰੀਖਿਆ ਸ਼ਬਦ ਦੇ ਅਰਥ ਹੋਏ- ਕਿਸੇ ਵਿਸ਼ੇ ਜਾਂ ਖ਼ਿਆਲ ਬਾਰੇ ਆਪਣਾ ਨਜ਼ਰੀਆ ਪੇਸ਼ ਕਰਨਾ ਭਾਵ ਇਹ ਦੱਸਣਾ ਕਿ ਸੰਬੰਧਿਤ ਵਿਸ਼ੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ। ਸੋ, ਇਹ ਸ਼ਬਦ ਕਿਉਂਕਿ ਪਰਿ ਅਗੇਤਰ ਨਾਲ਼ ਬਣਿਆ ਹੋਇਆ ਹੈ; ਪਰ ਜਾਂ ਪ੍ਰ ਅਗੇਤਰ ਨਾਲ਼ ਨਹੀਂ ਇਸ ਲਈ ਇਸ ਨੂੰ ਪੂਰਾ ਰਾਰਾ ਪਾ ਕੇ ਹੀ ਲਿਖਣਾ ਹੈ, ਦੁੱਤ ਅੱਖਰ ਰਾਰੇ ਨਾਲ਼ ਨਹੀਂ। ਇਸ ਵਿੱਚ ਰਾਰੇ ਨੂੰ ਬਿਹਾਰੀ (ਪਰੀਖਿਆ ਵਿਚਲੀ ‘ਰੀ’) ਇਸ ਕਾਰਨ ਪਾਈ ਗਈ ਹੈ ਕਿਉਂਕਿ ਇਸ ਵਿੱਚ ਪਰਿ ਅਗੇਤਰ ਦੀ ‘ਸਿਹਾਰੀ’ ਇੱਥੇ ਆ ਕੇ ‘ਈ’ (ਈਕਸ਼ਾ ਦੀ ‘ਈ’) ਨਾਲ਼ ਰਲ਼ ਕੇ ‘ਬਿਹਾਰੀ’ ਦਾ ਰੂਪ ਧਾਰਨ ਕਰ ਗਈ ਹੈ। ਇਸ ਲਈ ਇਸ ਸ਼ਬਦ ਦੇ ਸ਼ੁੱਧ ਸ਼ਬਦ-ਜੋੜ ‘ਪਰੀਖਿਆ’ ਹੀ ਮੰਨੇ ਗਏ ਹਨ,’ਪ੍ਰੀਖਿਆ’ ਨਹੀਂ।
ਤੀਜਾ ਅਗੇਤਰ ਹੈ- ਪ੍ਰ। ਇਸ ਅਗੇਤਰ ਦੀ ਵਰਤੋਂ ਪੰਜਾਬੀ/ਹਿੰਦੀ/ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਬਣਾਉਣ ਲਈ ਕੀਤੀ ਗਈ ਹੈ। ਇਸ ਦੇ ਅਰਥ ਹਨ- ਦੂਰ-ਦੂਰ ਤੱਕ, ਚਾਰੇ ਪਾਸੇ। ਇਸ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਹਨ: ਪ੍ਰਬੰਧ= ਦੂਰ-ਦੂਰ ਤੱਕ/ਹਰ ਪਾਸਿਓਂ/ਹਰ ਪੱਖੋਂ ਕਿਸੇ ਚੀਜ਼ ਦਾ ਪੂਰੀ ਤਰ੍ਹਾਂ ਬਾਨ੍ਹਣੂ ਬੰਨ੍ਹਣਾ; ਪ੍ਰਚਲਿਤ= ਕਿਸੇ ਚੀਜ਼ ਦਾ ਚਾਰੇ ਪਾਸੇ ਚਲਨ ਹੋ ਜਾਣਾ ਜਾਂ ਚੱਲ ਨਿਕਲ਼ਨਾ; ਪ੍ਰਸਿੱਧ= ਕਿਸੇ ਵਿਅਕਤੀ ਜਾਂ ਚੀਜ਼ ਆਦਿ ਦੀ ਉਪਯੋਗਤਾ ਦਾ ਚਾਰੇ ਪਾਸੇ ਸਿੱਧ ਜਾਂ ਸਾਬਤ ਹੋ ਜਾਣਾ; ਪ੍ਰਦੇਸ਼ (ਪ੍ਰਾਂਤ)= ਕਿਸੇ ਦੇਸ ਵਿਚਲਾ ਦੂਰ- ਦੂਰ ਤੱਕ ਦਾ ਇਲਾਕਾ; ਪ੍ਰਵਾਹ (ਪ੍ਰ+ਵਹਿ)= ਵਹਿਣ, ਵਹਾਣ, ਜਲ ਵਿੱਚ ਵਹਾਉਣ ਦੀ ਕਿਰਿਆ; ਪ੍ਰਫੁਲਿਤ= ਪ੍ਰ+ਫੁਲਿਤ (ਚੰਗੀ ਤਰ੍ਹਾਂ ਖਿੜਿਆ ਹੋਇਆ, ਵਿਕਸਿਤ, ਪ੍ਰਸੰਨ, ਖ਼ੁਸ਼); ਪ੍ਰਨਾਲ਼ੀ= ਪ੍ਰ+ਨਾਲ਼ੀ (ਪਿੱਛਿਓਂ ਚਲੀ ਆ ਰਹੀ ਕੋਈ ਰੀਤ ਜਾਂ ਰਸਮ ਆਦਿ); ਪ੍ਰਦੀਪਿਤ= ਦੂਰ-ਦੂਰ ਤੱਕ ਰੋਸ਼ਨੀ ਫੈਲਾਉਂਦਾ ਹੋਇਆ; ਪ੍ਰਯੋਗ= ਵਰਤੋਂ, ਇਸਤੇਮਾਲ, ਤਜਰਬਾ; ਪ੍ਰਯੋਜਨ (ਮਤਲਬ, ਉਦੇਸ਼, ਮੰਤਵ); ਪ੍ਰਮੁੱਖ (ਸਭ ਤੋਂ ਪਹਿਲਾ, ਪ੍ਰਧਾਨ, ਮੁੱਖ); ਪ੍ਰਬਲ (ਜ਼ੋਰਦਾਰ, ਤਕੜਾ, ਡਾਢਾ); ਪ੍ਰਬੁੱਧ (ਚੰਗੀ ਤਰ੍ਹਾਂ ਜਾਗ੍ਰਿਤ, ਗਿਆਨੀ, ਪੰਡਤ); ਪ੍ਰਕਾਸ਼, ਪ੍ਰਕਾਸ਼ਿਤ, ਪ੍ਰਮਾਣ, ਪ੍ਰਧਾਨ, ਪ੍ਰਕਿਰਿਆ, ਪ੍ਰਯੁਕਤ ਆਦਿ
ਸੋ, ਉਪਰੋਕਤ ਸਾਰੇ ਵਰਤਾਰੇ ਤੋਂ ਇੱਕ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਦੀ ਹਰ ਧੁਨੀ ਜਾਂ ਅੱਖਰ ਦੇ ਆਪਣੇ ਹੀ ਅਰਥ ਹਨ ਤੇ ਉਹਨਾਂ ਅਰਥਾਂ ਦੇ ਆਧਾਰ ‘ਤੇ ਹੀ ਉਹਨਾਂ ਦੀ ਵੱਖ-ਵੱਖ ਸ਼ਬਦਾਂ ਵਿੱਚ ਵਰਤੋਂ ਕਰਨ ਲਈ ਚੋਣ ਕੀਤੀ ਗਈ ਹੈ। ਮਿਸਾਲ ਦੇ ਤੌਰ ‘ਤੇ ਉਪਰੋਕਤ ਅਨੁਸਾਰ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਹੀ ਭਾਵੇਂ ਪ ਤੇ ਰ ਧੁਨੀਆਂ ਤੇ ਇਹਨਾਂ ਦੇ ਅਰਥਾਂ ਦੀ ਆਪਸੀ ਸਾਂਝ ਹੈ ਪਰ ਵਖਰੇਵਾਂ ਕੇਵਲ ਇਹਨਾਂ ਅਗੇਤਰਾਂ ਵਿਚਲੀਆਂ ਧੁਨੀਆਂ ਦੀ ਵਰਤੋਂ ਅਤੇ ਉਹਨਾਂ ਦੀ ਪ੍ਰਕਿਰਿਆ ਦਾ ਹੀ ਹੈ। ਦੇਖਣਾ ਇਹ ਹੈ ਕਿ ਕੀ ਅਸੀਂ ਇਹਨਾਂ ਅੱਖਰਾਂ/ਧੁਨੀਆਂ (ਪ ਤੇ ਰ) ਨੂੰ ਇੱਕ-ਦੂਜੇ ਨਾਲ਼ ਮੁਕਤੇ ਦੇ ਤੌਰ ‘ਤੇ ਵਰਤ ਰਹੇ ਹਾਂ, ਜਿਵੇਂ- ਪਰ; ਜਾਂ ਇਹਨਾਂ ਵਿਚਲੇ ਕਿਸੇ ਅੱਖਰ ਨੂੰ ਦੁੱਤ ਅੱਖਰ ਵਜੋਂ ਵਰਤ ਰਹੇ ਹਾਂ, ਜਿਵੇਂ- ਪ੍ਰ ਅਤੇ ਜਾਂ ਫਿਰ ਇਹਨਾਂ ਵਿੱਚੋਂ ਕਿਸੇ ਇੱਕ ਅੱਖਰ ਨਾਲ਼ ਸਿਹਾਰੀ ਦੀ ਵਰਤੋਂ ਕਰ ਰਹੇ ਹਾਂ, ਜਿਵੇਂ: ਪਰਿ।
ਇਸ ਦੇ ਨਾਲ਼ ਹੀ ਇੱਕ ਹੋਰ ਗੱਲ ਇਹ ਵੀ ਵਿਸ਼ੇਸ਼ ਤੌਰ ‘ਤੇ ਦੇਖਣ ਵਾਲ਼ੀ ਹੈ ਕਿ ਜਿਵੇਂ-ਜਿਵੇਂ ਸ਼ਬਦਾਂ ਵਿਚਲੀਆਂ ਧੁਨੀਆਂ ਬਦਲਦੀਆਂ ਜਾਂਦੀਆਂ ਹਨ, ਤਿਵੇਂ-ਤਿਵੇਂ ਉਹਨਾਂ ਧੁਨੀਆਂ ਤੋਂ ਬਣੇ ਸ਼ਬਦਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਦਰਅਸਲ ਸ਼ਬਦ-ਵਿਉਤਪਤੀ ਦਾ ਸਾਰਾ ਵਰਤਾਰਾ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਹੀ ਖੇਡ ਹੈ। ਇਸੇ ਕਾਰਨ ਹੀ ਕਿਸੇ ਸ਼ਬਦ ਨੂੰ ਜਿਹੋ-ਜਿਹੇ ਅਰਥ ਦੇਣ ਦੀ ਲੋੜ ਸੀ, ਸਾਡੇ ਵਡੇਰਿਆਂ ਨੇ ਉਸ ਵਿੱਚ ਉਹਨਾਂ ਅਰਥਾਂ ਦੇ ਅਨੁਰੂਪ ਹੀ ਧੁਨੀਆਂ ਦੀ ਵਰਤੋਂ ਕੀਤੀ ਹੈ। ਕਿਧਰੇ ਵੀ ਕੋਈ ਧੁਨੀ ਬਿਨਾਂ ਲੋੜ ਤੋਂ ਜਾਂ ਮਹਿਜ਼ ਖ਼ਾਨਾਪੂਰਤੀ ਦੀ ਖ਼ਾਤਰ ਨਹੀਂ ਵਰਤੀ ਗਈ ਸਗੋਂ ਜਿੱਥੇ ਜਿਸ ਧੁਨੀ ਤੇ ਉਸ ਦੇ ਅਰਥਾਂ ਦੀ ਲੋੜ ਸੀ, ਉੱਥੇ ਉਸੇ ਹੀ ਧੁਨੀ ਨੂੰ ਵਰਤਿਆ ਗਿਆ ਹੈ।
ਨੋਟ:- ਵੱਖ-ਵੱਖ ਸ਼ਬਦਾਂ ਵਿੱਚ ‘ਪ’ ਧੁਨੀ ਦੇ ਉਪਰੋਕਤ ਅਰਥ ਵਿਸਤ੍ਰਿਤ ਰੂਪ ਵਿੱਚ ਦੇਖਣ ਲਈ ‘ਸ਼ਬਦਾਂ ਦੀ ਪਰਵਾਜ਼’ ਲੇਖ-ਲੜੀ ਅਧੀਨ ਭਾਗ 4 ਅਤੇ 5 ਵੀ ਦੇਖਿਆ ਜਾ ਸਕਦਾ ਹੈ।
………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052
**
ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?- ਭਾਗ (ੳ)
(ਜ ਪੈਰ ਬਿੰਦੀ= ਜ਼)
ਗੁਰਮੁਖੀ ਲਿਪੀ ਅਨੁਸਾਰ ਇਸ ਦੇ ਨਵੀਨ ਵਰਗ ਵਾਲ਼ੇ ਛੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾਈ ਜਾਂਦੀ ਹੈ। ਇਹ ਅੱਖਰ ਹਨ: ਸ ਖ ਗ ਜ ਫ ਅਤੇ ਲ। ਇਹ ਸਾਰੇ ਵਿਅੰਜਨ ਅੱਖਰ ਹਨ। ਬਿੰਦੀ ਲੱਗਣ ਉਪਰੰਤ ਇਹ ਸ਼ ਖ਼ ਗ਼ ਜ਼ ਫ਼ ਅਤੇ ਲ਼ ਦਾ ਰੂਪ ਧਾਰ ਲੈਂਦੇ ਹਨ।
ਦਰਅਸਲ ਇਹਨਾਂ ਅੱਖਰਾਂ ਦੀ ਲੋੜ ਅਰਬੀ/ਫ਼ਾਰਸੀ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿੱਚ ਹੂ-ਬਹੂ ਲਿਖਣ ਦੀ ਲੋੜ ਵਿੱਚੋਂ ਨਿਕਲ਼ੀ ਸੀ ਜੋਕਿ ਉਸ ਸਮੇਂ ਦੇ ਵਿਦਵਾਨਾਂ ਵੱਲੋਂ ਲਿਆ ਗਿਆ ਇੱਕ ਅਤਿ ਅਹਿਮ ਅਤੇ ਬਹੁਤ ਹੀ ਸਹੀ ਫ਼ੈਸਲਾ ਸੀ। ਅਜ਼ਾਦੀ ਤੋਂ ਪਹਿਲਾਂ ਸਿੱਖਿਆ ਦਾ ਮਾਧਿਅਮ ਵਧੇਰੇ ਕਰਕੇ ਉਰਦੂ ਹੀ ਸੀ। ਉਸ ਸਮੇਂ ਦੇ ਉਰਦੂ ਪੜ੍ਹੇ ਲੋਕ ਇਹ ਤਾਂ ਜਾਣਦੇ ਸਨ ਕਿ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਫ਼ਾਰਸੀ ਲਿਪੀ ਵਿੱਚ ਇਹ ਸਾਰੇ ਅੱਖਰ ਮੌਜੂਦ ਸਨ ਪਰ ਉਹਨਾਂ ਨੂੰ ਵੀ ਸਮੱਸਿਆ ਉਦੋਂ ਆਉਂਦੀ ਸੀ ਜਦੋਂ ਅਜਿਹੇ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਉਸੇ ਉਚਾਰਨ ਅਨੁਸਾਰ ਲਿਖਣਾ ਪੈਂਦਾ ਸੀ। ਇਹੋ ਸਮੱਸਿਆ ਅਜ਼ਾਦੀ ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਲਾਗੂ ਹੋਣ ਕਾਰਨ ਉਸ ਸਮੇਂ ਦੇ ਪੰਜਾਬੀ ਦੇ ਵਿਦਿਆਰਥੀਆਂ ਅਤੇ ਕਿਸੇ ਹੱਦ ਤਕ ਉਹਨਾਂ ਨੂੰ ਪੜ੍ਹਾਉਣ ਵਾਲ਼ੇ ਅਧਿਆਪਕਾਂ ਦੇ ਰੂ-ਬਰੂ ਵੀ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਹੀ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਗੁਰਮੁਖੀ ਲਿਪੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਮੁੱਢ ਬੱਝਿਆ ਸੀ। ਬਾਅਦ ਵਿੱਚ ਲ ਪੈਰ ਬਿੰਦੀ ਵਾਲੇ ਲ਼ (ਉਲਟ ਜੀਭੀ ਧੁਨੀ) ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ।
ਉਰਦੂ ਵਿੱਚ ਜ਼ ਧੁਨੀ ਲਈ ਚਾਰ ਅੱਖਰ; ਸ ਧੁਨੀ ਲਈ ਤਿੰਨ; ਕ ਧੁਨੀ ਲਈ ਦੋ, ਅ ਲਈ ਦੋ; ਹ ਲਈ ਦੋ ਅਤੇ ਤ ਲਈ ਵੀ ਦੋ ਅੱਖਰ ਮੌਜੂਦ ਹਨ। ਇਹ ਸਾਰੇ ਅੱਖਰ ਵੱਖ-ਵੱਖ ਸ਼ਬਦਾਂ ਲਈ ਵਰਤੇ ਜਾਂਦੇ ਹਨ। ਮਿਸਾਲ ਦੇ ਤੌਰ ‘ਤੇ ਟੈਲੀਵੀਜ਼ਨ ਸ਼ਬਦ ਲਿਖਣ ਲਈ ਜ਼ (ਜ਼ੇ) ਹੋਰ ਅੱਖਰ ਹੈ ਅਤੇ ਜ਼ਿਆਦਾ ਲਈ ਜ਼ (ਜ਼ੇ) ਹੋਰ, ਜ਼ਾਲਮ ਲਿਖਣ ਲਈ ਜ਼ (ਜ਼ੋਏ) ਹੋਰ ਅਤੇ ਜ਼ਿਲ੍ਹਾ ਲਿਖਣ ਲਈ ਜ਼ (ਜ਼ਾਦ) ਹੋਰ। ਤੋਤਾ ਲਿਖਣ ਲਈ ਤ (ਤੋਏ) ਹੋਰ ਅਤੇ ਤਾਰੀਖ਼ ਲਿਖਣ ਲਈ ਤ (ਤੇ) ਹੋਰ। ਕਾਗ਼ਜ਼ ਲਿਖਣ ਲਈ ਕ (ਕਾਫ਼) ਹੋਰ ਅਤੇ ਕ਼ਲਮ ਲਿਖਣ ਲਈ ਕ (ਕ਼ਾਫ਼) ਹੋਰ। ਇਸੇ ਤਰ੍ਹਾਂ ਅ਼ੈਨਕ ਲਿਖਣ ਲਈ ਅ਼ (ਅ਼ੈਨ) ਹੋਰ, ਆਦਮੀ ਲਿਖਣ ਲਈ ਅ (ਅਲਿਫ) ਹੋਰ ਅੱਖਰ ਹੈ। ਇਸੇ ਤਰ੍ਹਾਂ ਸਾਫ਼ ਸ਼ਬਦ ਸਾਦ (ਸ) ਅੱਖਰ ਨਾਲ਼, ਸਬੂਤ ਸੇ (ਸ) ਨਾਲ ਅਤੇ ਸਾਦਾ ਸ਼ਬਦ ਸੀਨ (ਸ) ਅੱਖਰ ਨਾਲ਼ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਹਾਦਸਾ ਹੋਰ ਹ (ਹੇ) ਨਾਲ਼ ਅਤੇ ਹਾਜ਼ਮਾ ਹੋਰ ਹ (ਹੇ) ਅੱਖਰ ਨਾਲ਼ ਲਿਖਿਆ ਜਾਂਦਾ ਹੈ।
ਜੇਕਰ ਉਰਦੂ ਲਿਖਣ ਵਾਲੇ ਇਸ ਤਰ੍ਹਾਂ ਦੇ ਵੱਖ-ਵੱਖ ਅੱਖਰਾਂ ਨਾਲ਼ ਲਿਖੇ ਜਾਣ ਵਾਲ਼ੇ ਸ਼ਬਦਾਂ ਅਤੇ ਉਹਨਾਂ ਨਾਲ਼ ਸੰਬੰਧਿਤ ਅੱਖਰਾਂ ਨੂੰ ਯਾਦ ਰੱਖ ਸਕਦੇ ਹਨ ਤੇ ਵੱਖ -ਵੱਖ ਸ਼ਬਦਾਂ ਵਿੱਚ ਉਹਨਾਂ ਦੀ ਵਰਤੋਂ ਨੂੰ ਯਾਦ ਰੱਖ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਫਿਰ, ਅਸੀਂ ਤਾਂ ਕੇਵਲ ਪੈਰ-ਬਿੰਦੀ ਹੀ ਪਾਉਣੀ ਹੈ, ਉਰਦੂ ਵਾਂਗ ਕਿਸੇ ਅੱਖਰ ਜਾਂ ਉਸ ਦੀ ਵਰਤੋਂ ਕਿਸ ਸ਼ਬਦ ਵਿੱਚ ਕਰਨੀ ਹੈ, ਦੇ ਬਾਰੇ ਵੀ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ।
ਜੇਕਰ ਮੱਧ-ਕਾਲ ਵੱਲ ਝਾਤੀ ਮਾਰੀਏ ਤਾਂ ਮੁਗ਼ਲ-ਕਾਲ ਸਮੇਂ ਫ਼ਾਰਸੀ ਹੀ ਰਾਜ-ਕਾਜ ਦੀ ਭਾਸ਼ਾ ਅਤੇ ਪੜ੍ਹਾਈ ਦਾ ਮਾਧਿਅਮ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਠੀਕ ਹੈ ਕਿ ਉਸ ਸਮੇਂ ਦੀ ਪੰਜਾਬੀ ਦੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਕੋਈ ਹੋਂਦ ਨਹੀਂ ਸੀ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰੂ ਜੀ ਖ਼ੁਦ ਵੀ ਪੈਰ- ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਪੈਰ-ਬਿੰਦੀ ਸਮੇਤ ਹੀ ਕਰਦੇ ਹੋਣਗੇ; ਬਿੰਦੀ ਤੋਂ ਬਿਨਾਂ ਨਹੀਂ, ਜਿਵੇਂ:
ਕਾਜੀਆ ਬਾਮਣਾ ਕੀ ਗੱਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਇਸ ਇੱਕ ਸਤਰ ਵਿੱਚ ਹੀ ਕਾਜੀਆ (ਕਾਜ਼ੀਆਂ), ਅਗਦੁ (ਅਕਦ, ਨਿਕਾਹ, ਵਿਆਹ) ਅਤੇ ਸੈਤਾਨੁ (ਸ਼ੈਤਾਨ) ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧ ਰੱਖਦੇ ਹਨ। ਜ਼ਾਹਰ ਹੈ ਕਿ ਗੁਰੂ ਜੀ ਇਹਨਾਂ ਸ਼ਬਦਾਂ ਵਿਚਲੇ ‘ਕਾਜੀਆ’ ਸ਼ਬਦ ਦਾ ਉਚਾਰਨ ਵੀ ‘ਕਾਜ਼ੀਆਂ’ ਅਰਥਾਤ ਪੈਰ-ਬਿੰਦੀ ਨਾਲ ਹੀ ਕਰਦੇ ਹੋਣਗੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕੁਝ ਥਾਂਵਾਂ ‘ਤੇ ‘ਕਾਜ਼ੀਆਂ’ ਸ਼ਬਦ ਦਾ ਤਦਭਵ ਰੂਪ ‘ਕਾਦੀਆਂ’ ਵੀ ਇਸਤੇਮਾਲ ਕੀਤਾ ਹੈ। ਸੋ, ਗੁਰੂ ਸਾਹਿਬਾਨ ਤੋਂ ਬਿਨਾਂ ਉਸ ਸਮੇਂ ਦੇ ਹੋਰ ਲੋਕਾਂ ਨੂੰ ਵੀ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਸੁਵਿਧਾ ਨਾ ਹੋਣ ਕਾਰਨ ਇਹੋ-ਜਿਹੇ ਸ਼ਬਦਾਂ ਨੂੰ ਜ਼ ਦੀ ਥਾਂ ਜ ਅੱਖਰ ਨਾਲ਼ ਹੀ ਲਿਖਣਾ ਪੈਂਦਾ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜ਼ਫ਼ਰਨਾਮਾ ਲਿਖਿਆ ਹੀ ਫਾਰਸੀ ਭਾਸ਼ਾ ਵਿੱਚ ਹੈ।
ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਲਿਖਣ ਵਾਲ਼ੇ ਬਹੁਤੇ ਲੇਖਕ ਮੁਸਲਮਾਨ ਕਵੀ ਹੀ ਹੋਏ ਹਨ। ਉਹਨਾਂ ਨੇ ਅਤੇ ਹੋਰ ਗ਼ੈਰਮੁਸਲਿਮ ਲੇਖਕਾਂ ਨੇ ਵੀ ਬੇਸ਼ੱਕ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਹੀ ਲਿਖੀਆਂ ਹਨ ਪਰ ਲਿਪੀ ਸਭ ਨੇ ਲਗ-ਪਗ ਫ਼ਾਰਸੀ ਹੀ ਅਪਣਾਈ ਹੈ। ਸੋ, ਉਪਰੋਕਤ ਵਿਚਾਰ-ਚਰਚਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਉਹਨਾਂ ਦੁਆਰਾ ਵਰਤੇ ਗਏ ਅਰਬੀ/ਫ਼ਾਰਸੀ ਦੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਬਿੰਦੀ ਸਮੇਤ ਹੀ ਲਿਖਣਾ ਜਾਂ ਪੜ੍ਹਨਾ/ਪੜ੍ਹਾਉਣਾ ਚਾਹੀਦਾ ਹੈ ਕਿਉਂਕਿ ਆਪਣੀਆਂ ਮੂਲ ਰਚਨਾਵਾਂ ਵਿੱਚ ਉਹਨਾਂ ਨੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਫ਼ਾਰਸੀ ਲਿਪੀ ਵਿੱਚ ਬਿੰਦੀ-ਯੁਕਤ ਹੀ ਲਿਖਿਆ ਹੋਵੇਗਾ।
ਹੁਣ ਜੇਕਰ ਸਾਡੀ ਅੱਜ ਦੀ ਪੀੜ੍ਹੀ ਨੂੰ ਇਹ ਸੁਵਿਧਾ ਪ੍ਰਾਪਤ ਹੋ ਚੁੱਕੀ ਹੈ ਤਾਂ ਸਾਨੂੰ ਇਹਨਾਂ ਨਿਯਮਾਂ ਦਾ ਲਾਭ ਕਿਉਂ ਨਹੀਂ ਉਠਾਉਣਾ ਚਾਹੀਦਾ? ਇਸ ਨਾਲ਼ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਲਿਖਣ ਅਤੇ ਬੋਲਣ ਪੱਖੋਂ ਵਧੇਰੇ ਸਪਸ਼ਟਤਾ ਆਈ ਹੈ। ਕੁਝ ਲੋਕ ਏਨਾ ਕੁ ਕਸ਼ਟ ਵੀ ਨਹੀਂ ਉਠਾਉਣਾ ਚਾਹੁੰਦੇ। ਉਹਨਾਂ ਦੀ ਰਾਏ ਹੈ ਕਿ ਸਾਨੂੰ ਮੱਧ-ਯੁੱਗ ਵੱਲ ਵਾਪਸ ਪਰਤ ਜਾਣਾ ਚਾਹੀਦਾ ਹੈ ਅਤੇ ਪੈਰ-ਬਿੰਦੀ ਵਾਲੇ ਅੱਖਰਾਂ ਨੂੰ ਫਿਰ ਤੋਂ ਗੁਰਮੁਖੀ ਵਿੱਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ। ਅਜਿਹਾ ਕਹਿਣ ਵਾਲ਼ੇ ਲੋਕ ਅਜਿਹੀਆਂ ਗੱਲਾਂ ਨਾਲ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਸ਼ ਕਰ ਰਹੇ ਹਨ ਤਾਂਕਿ ਇਸ ਸੰਬੰਧ ਵਿੱਚ ਹੋਣ ਵਾਲੀਆਂ ਕੁਤਾਹੀਆਂ ਤੋਂ ਉਹ ਆਪ ਵੀ ਸੁਰਖ਼ਰੂ ਹੋ ਸਕਣ ਅਤੇ ਲੋਕਾਂ ਵਿੱਚ ਉਹਨਾਂ ਦੀ ਭੱਲ ਵੀ ਬਣੀ ਰਹੇ। ਅਖੇ- ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ। ਯਾਦ ਰਹੇ ਕਿ ਸਮੇਂ ਨੂੰ ਪੁੱਠਾ ਗੇੜਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ। ਸਮਾਂ ਹਮੇਸ਼ਾਂ ਅੱਗੇ ਵੱਲ ਹੀ ਵਧਦਾ ਹੈ। ਸਮੇਂ ਦੇ ਨਾਲ਼ ਮਿਲ਼ ਕੇ ਚੱਲਣ ਵਿੱਚ ਹੀ ਸਭ ਦੀ ਭਲਾਈ ਹੈ। ਭਾਸ਼ਾ ਦੀ ਸ਼ੁੱਧਤਾ ਅਤੇ ਸੁਹਜ ਵਿੱਚ ਜਿਹੜਾ ਵਾਧਾ ਇਹਨਾਂ ਅੱਖਰਾਂ ਦੀ ਗੁਰਮੁਖੀ ਲਿਪੀ ਵਿੱਚ ਆਮਦ ਨਾਲ਼ ਹੋਇਆ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ।
ਜ ਪੈਰ ਬਿੰਦੀ ਵਾਲ਼ੇ ਕੁਝ ਆਮ ਵਰਤੋਂ ਵਿੱਚ ਆਉਣ ਵਾਲ਼ੇ ਸ਼ਬਦ ਹਨ:
ਜ਼ੰਜੀਰ, ਇਜਾਜ਼ਤ, ਜ਼ਰਖ਼ੇਜ਼, ਜਬਰ-ਜ਼ੁਲਮ, ਜ਼ਾਹਰ, ਹਾਜ਼ਰ, ਸਾਜ਼ਸ਼, ਵਰਜ਼ਸ਼, ਜ਼ਬਰਦਸਤੀ, ਜ਼ਹਿਰ, ਵਜ਼ੀਰ, ਅਜ਼ੀਜ਼, ਲਜ਼ੀਜ਼, ਜਜ਼ਬਾ, ਨਜ਼ਲਾ, ਮਜ਼ਬੂਤ, ਮਜ਼ੇਦਾਰ, ਮੰਜ਼ਲ, ਰੋਜ਼, ਰੁਜ਼ਗਾਰ, ਵਜ਼ੀਰ, ਵਜ਼ਾਰਤ, ਹਜ਼ੂਰ, ਇਜਾਜ਼ਤ, ਗੁਜ਼ਾਰਾ, ਗੁਲਜ਼ਾਰ ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਜ਼ਰਖ਼ੇਜ਼ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਚਹੁੰ ਅੱਖਰਾਂ ਵਿਚੋਂ ਤਿੰਨ ਅੱਖਰਾਂ ਹੇਠ ਬਿੰਦੀਆਂ ਪੈਂਦੀਆਂ ਹਨ ਪਰ ਸ਼ਬਦ- ਜੋੜ ਕੋਸ਼ ਵਾਲ਼ੇ ਪਤਾ ਨਹੀਂ ਖ ਪੈਰ ਬਿੰਦੀ ਪਾਉਣੀ ਹੀ ਭੁੱਲ ਗਏ ਹਨ ਜਾਂ ਫਿਰ ਉਹਨਾਂ ਨੇ ਇਹ ਬਿੰਦੀ ਪਾਉਣ ਦੀ ਹੀ ਛੋਟ ਦੇ ਦਿੱਤੀ ਹੈ ਪਰ ਕਿਉਂਕਿ ਹੋਰ ਕਿਸੇ ਸ਼ਬਦ ਵਿੱਚ ਅਜਿਹੀ ਛੋਟ ਨਹੀਂ ਦਿੱਤੀ ਗਈ ਇਸ ਲਈ ਜਾਪਦਾ ਇਹੋ ਹੈ ਕਿ ਇੱਥੇ ਸ਼ਾਇਦ ਉਹਨਾਂ ਪਾਸੋਂ ਇੱਕ ਵੱਡੀ ਕੁਤਾਹੀ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਗ਼ਲਤੀ ਸ਼ਾਇਦ ਛਾਪੇਖ਼ਾਨੇ ਦੀ ਹੀ ਹੋਵੇ।
ਇਸੇ ਤਰ੍ਹਾਂ ਕੁਝ ਗਲ਼ਤੀਆਂ ਅਸੀਂ ਉਰਦੂ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਸਮੇਂ ਵੀ ਕਰਦੇ ਹਾਂ, ਜਿਵੇਂ: ਜਜ਼ਬਾ ਸ਼ਬਦ ਦਾ ਬਹੁਵਚਨ ਜਜ਼ਬਾਤ ਹੁੰਦਾ ਹੈ ਪਰ ਅਸੀਂ ਜਜ਼ਬਾਤ ਸ਼ਬਦ ਦਾ ਵੀ ਅੱਗੋਂ ਹੋਰ ਬਹੁਵਚਨ ‘ਜਜ਼ਬਾਤਾਂ’ ਬਣਾ ਦਿੰਦੇ ਹਾਂ ਜੋਕਿ ਉੱਕਾ ਹੀ ਗ਼ਲਤ ਹੈ।
ਅੰਗਰੇਜ਼ੀ ਦੇ ਅੱਖਰ ਜ਼ੈੱਡ (Z) ਅਤੇ ਐੱਸ (S) ਨਾਲ਼ ਬਣਨ ਵਾਲ਼ੇ ਕੁਝ ਸ਼ਬਦਾਂ, ਜਿਵੇਂ: ਜ਼ੈਬਰਾ (Zebra), ਜ਼ੀਰੋ (Zero), ਰਾਈਜ਼ (Rise), ਰੋਜ਼ (Rose) ਆਦਿ ਨੂੰ ਪੰਜਾਬੀ ਵਿੱਚ ਲਿਖਣ ਸਮੇਂ ਵੀ ਜ਼ ਅੱਖਰ ਦੀ ਲੋੜ ਪੈਂਦੀ ਹੈ।
ਜ਼ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਸਮੇਂ ਜਿਹੜੀ ਕੁਤਾਹੀ ਅਕਸਰ ਕੀਤੀ ਜਾਂਦੀ ਹੈ, ਉਹ ਇਹ ਹੈ ਕਿ ਕਈ ਵਾਰ ਅਸੀਂ ਅਨਜਾਣਪੁਣੇ ਕਾਰਨ ਜਾਂ ਭੁਲੇਖੇਵੱਸ ਜ ਅੱਖਰ ਦੀ ਥਾਂ ‘ਜ਼’ ਅਤੇ ਜ਼ ਅੱਖਰ ਦੀ ਥਾਂ ‘ਜ’ ਅੱਖਰ ਦੀ ਵਰਤੋਂ ਕਰ ਲੈਂਦੇ ਹਾਂ ਜਦਕਿ ਅਜਿਹੀ ਭੁੱਲ ਭਾਸ਼ਾ ਪ੍ਰਤਿ ਸਾਡੀ ਜ਼ਿੰਮੇਵਾਰੀ ਤੋਂ ਸਾਡੇ ਅਵੇਸਲ਼ੇ ਹੋਣ ਦੇ ਪੱਖ ਨੂੰ ਉਜਾਗਰ ਕਰਦੀ ਹੈ। ਮਿਸਾਲ ਦੇ ਤੌਰ ‘ਤੇ ਕਈ ਵਾਰ ਅਸੀਂ ਜ਼ੰਜੀਰ ਨੂੰ ਜੰਜ਼ੀਰ ਜਾਂ ਜੰਜੀਰ ਹੀ ਲਿਖ ਦਿੰਦੇ ਹਾਂ, ਤਜਰਬਾ ਨੂੰ ਤਜ਼ਰਬਾ, ਜ਼ਬਰਦਸਤੀ ਨੂੰ ਜਬਰਦਸਤੀ, ਰੁਜ਼ਗਾਰ ਨੂੰ ਰੁਜਗਾਰ ਅਤੇ ਜਬਰ-ਜ਼ੁਲਮ ਨੂੰ ਜ਼ਬਰ-ਜੁਲਮ ਆਦਿ। ਆਪਣੀ ਮਾਤ-ਭਾਸ਼ਾ ਪ੍ਰਤਿ ਅਜਿਹੀਆਂ ਅਣਗਹਿਲੀਆਂ ਤੋਂ ਸਾਨੂੰ ਬਚਣ ਦੀ ਲੋੋੜ ਹੈ।
………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
98884-03052.

ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?-ਭਾਗ (ਅ)

(ਫ ਪੈਰ ਬਿੰਦੀ= ਫ਼)
ਪੈਰ ਬਿੰਦੀ ਵਾਲ਼ੇ ਗੁਰਮੁਖੀ ਦੇ ਛੇ ਵਿੱਚੋਂ ਚਾਰ ਅੱਖਰਾਂ; ਖ਼ ਗ਼ ਜ਼ ਅਤੇ ਫ਼ ਦੇ ਪੈਰਾਂ ਹੇਠ ਬਿੰਦੀਆਂ ਨਿਰੋਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਹੀ ਪਾਈਆਂ ਜਾਂਦੀਆਂ ਹਨ ਅਰਥਾਤ ਇਹਨਾਂ ਦੀ ਵਰਤੋਂ ਕੇਵਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਇਹਨਾਂ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਹੀ ਕੀਤੀ ਜਾਂਦੀ ਹੈ, ਪੰਜਾਬੀ/ਹਿੰਦੀ ਭਾਸ਼ਾਵਾਂ ਦੇ ਪਿਛੋਕੜ ਵਾਲੇ ਸ਼ਬਦਾਂ ਲਈ ਨਹੀਂ। ਇਹਨਾਂ ਤੋਂ ਬਿਨਾਂ ਸ਼ ਅੱਖਰ ਦੀ ਵਰਤੋਂ ਇਸ ਅੱਖਰ ਦੀ ਸ਼ਮੂਲੀਅਤ ਵਾਲ਼ੇ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਨਾਲ਼-ਨਾਲ਼ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਸ਼ਬਦਾਂ ਵਿੱਚ ਵੀ ਕੀਤੀ ਜਾਂਦੀ ਹੈ। ਲ ਪੈਰ ਬਿੰਦੀ ਲ਼ ਅੱਖਰ ਦੀ ਵਰਤੋਂ ਇਨ੍ਹਾਂ ਭਾਸ਼ਾਵਾਂ (ਪੰਜਾਬੀ /ਹਿੰਦੀ /ਅਰਬੀ /ਫਾਰਸੀ) ਵਿੱਚੋਂ ਕੇਵਲ ਪੰਜਾਬੀ ਭਾਸ਼ਾ ਦੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਲ਼ ਧੁਨੀ ਦਾ ਉਚਾਰਨ ਪੁਰਾਤਨ ਸਮਿਆਂ ਤੋਂ ਹੀ ਕੀਤਾ ਜਾਂਦਾ ਰਿਹਾ ਹੈ, ਬੇਸ਼ੱਕ ਇਸ ਨੂੰ ਲਿਖਤੀ ਰੂਪ ਵਿੱਚ ਬੀਤੀ ਸਦੀ ਵਿੱਚ ਬਾਕੀ ਦੀਆਂ ਉਪਰੋਕਤ ਪੰਜ ਧੁਨੀਆਂ ਦੇ ਨਾਲ਼ ਹੀ ਅਪਣਾਇਆ ਗਿਆ ਹੈ।
ਫ਼ਾਰਸੀ ਦੇ ‘ਫ਼ੇ’ ਅੱਖਰ (ਪੰਜਾਬੀ ਵਿੱਚ ਫ਼) ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਇਸ ਪ੍ਰਕਾਰ ਹਨ:
ਫ਼ਸਲ, ਫ਼ਸਾਦ, ਫ਼ਰਸ਼, ਫ਼ੱਕ (ਚੌਲਾਂ ਆਦਿ ਦੀ), ਫ਼ੱਕਰ, ਹਰਫ਼ (ਅੱਖਰ), ਹਲਫ਼, ਫ਼ਕੀਰ, ਫ਼ਜ਼ੂਲ, ਹਿਫ਼ਾਜ਼ਤ, ਹੌਸਲਾ-ਅਫ਼ਜ਼ਾਈ, ਫ਼ਤਵਾ, ਫ਼ਤਿਹ, ਬਰਫ਼, ਬਰਫ਼ੀ, ਅਫ਼ਸਾਨਾ, ਫ਼ਿਜ਼ਾ, ਫ਼ਜ਼ੂਲ, ਫਤੂਹੀ, ਫ਼ਰ (ਖੰਭ), ਫ਼ਰਕ, ਫ਼ਰਜ਼, ਫ਼ਰਦ, ਫ਼ਰਮਾਨ, ਦਫ਼ਤਰ, ਫ਼ਰਮਾਇਸ਼, ਫ਼ਰਾਰ, ਗਰਿਫ਼ਤਾਰ, ਫ਼ਲਸਫ਼ਾ, ਫ਼ਾਇਦਾ, ਫ਼ਾਸਲਾ, ਫ਼ਾਕਾ, ਫ਼ਿਕਰ, ਫ਼ੁਹਾਰਾ, ਫ਼ਿਰਕਾ, ਫ਼ਿਕਰਾ (ਵਾਕ), ਫ਼ੀਤਾ, ਫ਼ੌਜ, ਫ਼ੌਤ, ਖ਼ੌਫ਼, ਫ਼ੌਰਨ ਆਦਿ।
ਯਾਦ ਰਹੇ ਕਿ ਫ਼ਾਰਸੀ ਲਿਪੀ ਵਿੱਚ ਪੰਜਾਬੀ ਦੇ ਫ ਮੁਕਤਾ ਦੀ ਧੁਨੀ ਲਈ ਕੋਈ ਅੱਖਰ ਹੀ ਨਹੀਂ ਹੈ ਅਤੇ ਇੱਥੋਂ ਤੱਕ ਕਿ ਅਰਬੀ ਭਾਸ਼ਾ ਵਿੱਚ ਤਾਂ ਫ ਦੇ ਨਾਲ-ਨਾਲ ਇਸ ਦੀ ਨਜ਼ਦੀਕੀ ਧੁਨੀ ਪ ਵੀ ਨਦਾਰਦ ਹੈ ਅਰਥਾਤ ਅਰਬੀ ਭਾਸ਼ਾ ਵਿਚ ਪ ਨਾਂ ਦਾ ਵੀ ਕੋਈ ਅੱਖਰ ਨਹੀਂ ਹੈ। ਹਾਂ, ਫ਼ਾਰਸੀ ਵਿੱਚ ਇਸ ਧੁਨੀ ਲਈ ਪੇ (ਪ ਧੁਨੀ ਲਈ) ਅੱਖਰ ਜ਼ਰੂਰ ਮੌਜੂਦ ਹੈ। ਫ਼ੇ (ਫ਼) ਅੱਖਰ ਦੋਂਹਾਂ ਭਾਸ਼ਾਵਾਂ ਵਿੱਚ ਹੀ ਮੌਜੂਦ ਹੈ। ਉਰਦੂ ਭਾਸ਼ਾ ਵਿੱਚ ‘ਫ’ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਫ਼ਾਰਸੀ ਲਿਪੀ ਦੇ ਪੇ (ਪ) ਅਤੇ ਹੇ (ਹ) ਅੱਖਰਾਂ ਨੂੰ ਮਿਲ਼ਾ ਕੇ ਅੱਖਰ ‘ਫ’ ਜ਼ਰੂਰ ਬਣਾ ਲਿਆ ਜਾਂਦਾ ਹੈ। ਇਸੇ ਤਰਜ਼ ‘ਤੇ ਹੀ ਬੇ (ਬ) ਅਤੇ ਹੇ ਨੂੰ ਜੋੜ ਕੇ ਭ, ਚੇ (ਚ) ਅਤੇ ਹੇ ਨੂੰ ਜੋੜ ਕੇ ਛ, ਗਾਫ਼ (ਗ) ਅਤੇ ਹੇ ਨੂੰ ਜੋੜ ਕੇ ਘ, ਕਾਫ਼ ਅਤੇ ਹੇ ਨੂੰ ਜੋੜ ਕੇ ਖ ਅਤੇ ਜੀਮ (ਜ) ਅਤੇ ਹੇ ਨੂੰ ਜੋੜ ਕੇ ਝ ਆਦਿ ਅੱਖਰ ਬਣਾ ਲਏ ਜਾਂਦੇ ਹਨ।
ਅਰਬੀ/ਫ਼ਾਰਸੀ ਭਾਸ਼ਾਵਾਂ ਦੀ ਫ਼ (ਫ਼ੇ) ਦੀ ਧੁਨੀ ਦੀ ਵਰਤੋਂ ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਤੋਂ ਬਿਨਾਂ ਅੰਗਰੇਜ਼ੀ ਦੇ ‘ਐੱਫ਼’ ਅੱਖਰ ਵਾਲ਼ੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਵੀ ਕੀਤੀ ਜਾਂਦੀ ਹੈ, ਜਿਵੇਂ; ਫ਼ਰਾਕ (frock), ਫ਼ਰਿੱਜ, ਫ਼ਾਰਮ (form), ਫ਼ੋਰਮ (forum), ਫ਼੍ਰੇਮ (frame), ਫ਼ਿਲਮ (film), ਫ਼ੈਕਸ, ਫ਼ੋਮ (foam), ਅਫ਼ਸਰ (officer), ਫ਼ੈਮਿਲੀ (family), ਫ਼੍ਰੈਂਡ (friend), ਫ਼ਿੱਗਰ, ਫ਼ਿੰਗਰ ਅਤੇ ਫ਼ਿਕਸ ਆਦਿ।
ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਵਿੱਚ ਵਰਤੇ ਜਾਣ ਵਾਲ਼ੇ ਫ (ਬਿੰਦੀ-ਮੁਕਤ) ਅੱਖਰ ਨਾਲ਼ ਬਣਿਆ ਸ਼ਬਦ ਫੂਕ (ਫੂਕ ਮਾਰਨਾ/ ਫੂਕ ਭਰਨਾ/ ਫੂਕ ਛਕਾਉਣਾ) ਵੀ ਦਰਅਸਲ ਫ਼ਾਰਸੀ ਭਾਸ਼ਾ ਦੇ ‘ਪੂਕ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਭਾਵ ‘ਫੂਕ’ ਸ਼ਬਦ ‘ਪੂਕ’ ਦਾ ਹੀ ਤਦਭਵ ਰੂਪ ਹੈ।
ਯਾਦ ਰਹੇ ਕਿ ‘ਐੱਫ਼’ ਅੱਖਰ ਵਾਲ਼ੇ ਅੰਗਰੇਜ਼ੀ ਦੇ ਲਗ-ਪਗ ਸਾਰੇ ਸ਼ਬਦ ਤਾਂ ਉਪਰੋਕਤ ਅਨੁਸਾਰ ਗੁਰਮੁਖੀ ਵਿੱਚ ਪੈਰ-ਬਿੰਦੀ ਪਾ ਕੇ ਹੀ ਲਿਖਣੇ ਹਨ ਪਰ ਅੰਗਰੇਜ਼ੀ ਦੇ p+h= ਫ (ਬਿੰਦੀ-ਮਕਤ ਅੱਖਰ) ਵਾਲ਼ੇ ਲਗ-ਪਗ ਸਾਰੇ ਹੀ ਸ਼ਬਦ ਬਿਨਾਂ ਫੱਫੇ ਪੈਰ ਬਿੰਦੀ ਤੋਂ ਲਿਖਣੇ ਹਨ, ਜਿਵੇਂ: ਟੈਲੀਫੂਨ (telephone), ਫੇਜ਼ (phase), ਫਾਸਫੋਰਸ (phosphorus), ਫਗਵਾੜਾ, ਫਿਲੌਰ, ਸਲਫਰ(sulphur), ਫਾਸਫੇਟ (phosphate), ਗ੍ਰਾਫ (graph),ਸਲਫਿਊਰਿਕ ਐਸਿਡ, ਡੌਲਫਿਨ (dolphin), ਪੈਰਾਗ੍ਰਾਫ (paragraph), ਫੋਟੋਗ੍ਰਾਫ (photograph), ਫੋਟੋਗ੍ਰਾਫੀ ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਇੱਕਾ-ਦੁੱਕਾ ਸ਼ਬਦਾਂ, ਜਿਵੇਂ: p+h= ਫ ਵਾਲ਼ੇ ਫ਼ੋਨ, ਮੋਬਾਈਲ ਫ਼ੋਨ ਅਤੇ ਅੰਗਰੇਜ਼ੀ ਦੇ philosophy (ਫ਼ਲਸਫ਼ਾ) ਆਦਿ ਸ਼ਬਦਾਂ ਨੂੰ ਹੀ ਛੋਟ ਹੈ। philosophy ਸ਼ਬਦ ਨੂੰ ਛੋਟ ਸ਼ਾਇਦ ਇਸ ਕਾਰਨ ਹੈ ਕਿ ਇਸ ਦਾ ਮੂਲ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦਾ ਸ਼ਬਦ ‘ਫ਼ਲਸਫ਼ਾ’ ਹੈ। ਸੋ, ਇਸ ਸ਼ਬਦ ਦੀਆਂ ਮੂਲ ਧੁਨੀਆਂ ਨੂੰ ਬਰਕਰਾਰ ਰੱਖਣ ਲਈ ਪੰਜਾਬੀ ਵਾਲਿਆਂ ਨੇ ਫ ਅੱਖਰ ਦੇ ਪੈਰਾਂ ਵਿੱਚ ਬਿੰਦੀ ਦੇ ਪ੍ਰਭਾਵ ਨੂੰ ਕਾਇਮ ਰੱਖਿਆ ਹੈ। ਇਸੇ ਤਰ੍ਹਾਂ ‘ਸਿਫ਼ਰ’ ਸ਼ਬਦ ਵੀ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜੋਕਿ ਅੰਗਰੇਜ਼ੀ ਵਿੱਚ ਆ ਕੇ cipher ਜਾਂ cypher ਬਣ ਗਿਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਇਸ ਦੇ ਮੂਲ (ਅਰਬੀ/ਫ਼ਾਰਸੀ) ਅਨੁਸਾਰ ‘ਸਿਫ਼ਰ’ ਅਰਥਾਤ ਫੱਫੇ ਪੈਰ ਬਿੰਦੀ ਪਾ ਕੇ ਹੀ ਲਿਖਿਆ ਜਾਂਦਾ ਹੈ।
ਟੈਲੀਫੂਨ ਨੂੰ ਸ਼ੁਰੂ ਤੋਂ ਹੀ ਪੰਜਾਬੀ ਇਸੇ ਨਾਂ ਨਾਲ਼ ਅਰਥਾਤ ਫ ਨੂੰ ਦੁਲੈਂਕੜ ਪਾ ਕੇ ਹੀ ਇਸ ਦਾ ਉਚਾਰਨ ਕਰਦੇ ਰਹੇ ਹਨ ਇਸ ਲਈ ਇਸ ਸ਼ਬਦ ਦੇ ਇਹੋ ਸ਼ਬਦ-ਜੋੜ ਹੀ ਨਿਸ਼ਚਿਤ ਕਰ ਦਿੱਤੇ ਗਏ ਹਨ। ਪਿੰਡਾਂ ਵਿੱਚ ਅਜੇ ਵੀ ਬਹੁਤੇ ਲੋਕ ਇਸ ਨੂੰ ‘ਟੈਲੀਫੂਨ’ ਹੀ ਕਹਿੰਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਕਈ ਲੋਕ ਇਸ ਨੂੰ ਕੇਵਲ ‘ਖੂਨ’ ਕਹਿੰਦੇ ਵੀ ਸੁਣੇ ਗਏ ਹਨ। ਟੈਲੀਫੂਨ ਸੰਬੰਧੀ ਕਿਸੇ ਸਮੇਂ ਇੱਕ ਹਿੰਦੀ ਫ਼ਿਲਮ ਦਾ ਇਹ ਗਾਣਾ ਵੀ ਬੜਾ ਮਸ਼ਹੂਰ ਰਿਹਾ ਹੈ: “ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਕੀਆ ਹੈ ਟੈਲੀਫੂਨ…।” ਹੁਣ ਲੋਕਾਂ ਦੇ ਪੜ੍ਹ-ਲਿਖ ਜਾਣ ਕਾਰਨ ਥੋੜ੍ਹਾ ਫ਼ਰਕ ਜ਼ਰੂਰ ਪੈ ਗਿਆ ਹੈ ਤੇ ਪੜ੍ਹੇ-ਲਿਖੇ ਬਹੁਤੇ ਲੋਕ ਟੈਲੀਫੂਨ ਨੂੰ ਟੈਲੀਫੋਨ ਵੀ ਕਹਿਣ ਲੱਗ ਪਏ ਹਨ ਪਰ ਸ਼ਬਦ-ਜੋੜ ਕੋਸ਼ ਅਨੁਸਾਰ ਇਸ ਦੇ ਸ਼ਬਦ-ਜੋੜ ‘ਟੈਲੀਫੂਨ’ ਹੀ ਰੱਖੇ ਗਏ ਹਨ।
ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਹਿੰਦੀ/ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਨੂੰ ਵੀ ਪੈਰ-ਬਿੰਦੀ ਪਾ ਕੇ ਹੀ ਲਿਖ ਦਿੰਦੇ ਹਨ। ਹਿੰਦੀ/ ਪੰਜਾਬੀ /ਸੰਸਕ੍ਰਿਤ ਭਾਸ਼ਾਵਾਂ ਵਿੱਚ ਤਾਂ ਪੈਰ-ਬਿੰਦੀ ਦਾ ਕੋਈ ਪ੍ਰਾਵਧਾਨ ਹੀ ਨਹੀਂ ਹੈ। ਬਿੰਦੀ ਦਾ ਇਹ ਚਿੰਨ੍ਹ ਤਾਂ ਕੇਵਲ ਅਰਬੀ/ ਫ਼ਾਰਸੀ ਵਾਲ਼ੇ ਪਾਸਿਓਂ ਆਏ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਹੀ ਨਿਸ਼ਚਿਤ ਕੀਤਾ ਗਿਆ ਹੈ ਪਰ ਕਈ ਲੋਕ ਇਸ ਤੱਥ ਨੂੰ ਉੱਕਾ ਹੀ ਵਿਸਾਰ ਦਿੰਦੇ ਹਨ ਅਤੇ ਲਿਖਣ ਲੱਗਿਆਂ ਸੰਬੰਧਿਤ ਸ਼ਬਦ ਨੂੰ ਬੋਲ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਉਹਨਾਂ ਨੂੰ ਜਾਪੇ ਕਿ ‘ਫ’ ਦੀ ਅਵਾਜ਼ ਜ਼ਰਾ ਹਲਕੀ ਜਾਂ ਨਰਮ ਜਿਹੀ ਲੱਗਦੀ ਹੈ ਤਾਂ ਪੈਰ ਵਿੱਚ ਬਿੰਦੀ ਪਾ ਦਿੰਦੇ ਹਨ, ਨਹੀਂ ਤਾਂ ਫ ਮੁਕਤਾ (ਬਿਨਾਂ ਪੈਰ-ਬਿੰਦੀ ਤੋਂ ਫ)। ਫ ਦੇ ਪੈਰ ਵਿੱਚ ਬਿੰਦੀ ਪਾਉਣ ਜਾਂ ਨਾ ਪਾਉਣ ਦਾ ਇਹ ਕੋਈ ਪੈਮਾਨਾ ਨਹੀਂ ਹੈ। ਪੈਮਾਨਾ ਕੇਵਲ ਇੱਕ ਹੀ ਹੈ, ਉਹ ਇਹ ਕਿ ਜੇਕਰ ਸ਼ਬਦ ਅਰਬੀ/ ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧਿਤ ਹੈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੈ ਤਾਂ ਫ ਦੇ ਪੈਰ ਵਿੱਚ ਬਿੰਦੀ ਹਰ ਹਾਲਤ ਵਿੱਚ ਪਾਈ ਜਾਣੀ ਹੈ ਨਹੀਂ ਤਾਂ ਬਿਲਕੁਲ ਨਹੀਂ। ਇਸ ਸੰਬੰਧ ਵਿੱਚ ਇੱਕ ਗੱਲ ਜਿਸ ਦਾ ਇਸ ਲੇਖ ਦੇ ਅਰੰਭ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਸ਼, ਲ਼ ਤੇ ਉਪਰੋਕਤ ਹੋਰ ਚਾਰ ਅੱਖਰਾਂ ਨੂੰ ਛੱਡ ਕੇ ਕਿਸੇ ਵੀ ਅੱਖਰ ਹੇਠਾਂ ਬਿੰਦੀ ਨਹੀਂ ਪੈਂਦੀ।
ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਉਪਰੋਕਤ ਧਾਰਨਾ ਅਨੁਸਾਰ ਅਰਬੀ /ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਸਮਝ ਕੇ ਫ ਦੇ ਪੈਰ ਹੇਠਾਂ ਬਿੰਦੀ ਪਾ ਦਿੰਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ, ਜਿਵੇਂ: ਚਾਰ-ਚੁਫੇਰਾ ਨੂੰ ਚਾਰ-ਚੁਫ਼ੇਰਾ, ਫਿਰਕੀ ਨੂੰ ਫ਼ਿਰਕੀ, ਫੁੰਕਾਰਾ ਨੂੰ ਫ਼ੁੰਕਾਰਾ, ਫਲ਼ ਨੂੰ ਫ਼ਲ਼, ਸਫਲ ਨੂੰ ਸਫ਼ਲ, ਅਸਫਲ ਨੂੰ ਅਸਫ਼ਲ, ਧੂਫ ਨੂੰ ਧੂਫ਼, ਫੁਰਨਾ ਨੂੰ ਫ਼ੁਰਨਾ ਅਤੇ ਸੁਫਨਾ ਨੂੰ ਸੁਫ਼ਨਾ ਆਦਿ।
ਉਪਰੋਕਤ ਉਦਾਹਰਨਾਂ ਵਿੱਚੋਂ ਜੇਕਰ ਇੱਕ ਸ਼ਬਦ ‘ਸੁਫਨਾ’ ਵੱਲ ਹੀ ਝਾਤ ਮਾਰ ਲਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਸ੍ਵਪ’ (ਸਵ੍ਪ) ਤੋਂ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ- ਨੀਂਦਰ ਦੀ ਅਵਸਥਾ ਵਿੱਚ ਚਲੇ ਜਾਣਾ ਜਾਂ ਸੌਂ ਜਾਣਾ। ਜ਼ਾਹਰ ਹੈ ਕਿ ਸੁਫਨੇ ਵੀ ਉਦੋਂ ਹੀ ਆਉਂਦੇ ਹਨ ਜਦੋਂ ਅਸੀਂ ਗੂੜ੍ਹੀ ਨੀਂਦ ਵਿੱਚ ਸੁੱਤੇ ਹੁੰਦੇ ਹਾਂ। ਇਸੇ ਤੋਂ ਹੀ ਅੱਗੋਂ ਸ਼ਬਦ ‘ਸ੍ਵਪਨ’ ਬਣਿਆ ਹੈ ਜਿਸ ਤੋਂ ਸ਼ਬਦ ‘ਸੁਫਨਾ’ ਹੋਂਦ ਵਿੱਚ ਆਇਆ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ‘ਸ੍ਵਪਨ’ ਤੋਂ ਇਹ ਸ਼ਬਦ ਹਿੰਦੀ ਵਿੱਚ ‘ਸਪਨਾ’ ਅਤੇ ਪੰਜਾਬੀ ਭਾਸ਼ਾ ਵਿੱਚ ਆ ਕੇ ‘ਸੁਫਨਾ’ ਬਣ ਗਿਆ ਹੈ। ਸੋ, ਇਹ ਜਾਣਦਿਆਂ ਹੋਇਆਂ ਕਿ ਇਸ ਸ਼ਬਦ ਨੇ ਸੰਸਕ੍ਰਿਤ/ਹਿੰਦੀ ਭਾਸ਼ਾਵਾਂ ਵਾਲੇ ਪਾਸਿਓਂ ਪੰਜਾਬੀ ਭਾਸ਼ਾ ਵਿੱਚ ਪ੍ਰਵੇਸ਼ ਕੀਤਾ ਹੈ, ਅਸੀਂ ਕਦੇ ਵੀ ‘ਸੁਫਨੇ’ ਦੇ ਫ ਅੱਖ਼ਰ ਹੇਠਾਂ ਬਿੰਦੀ ਨਹੀਂ ਪਾਵਾਂਗੇ। ਇਸੇ ਤਰ੍ਹਾਂ ਕਈ ਲੋਕ ‘ਧੂਫ’ ਸ਼ਬਦ ਦੇ ਫ ਅੱਖਰ ਹੇਠਾਂ ਵੀ ਬਿੰਦੀ ਪਾ ਦਿੰਦੇ ਹਨ ਜਦਕਿ ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਧੂਪ’ ਤੋਂ ਬਣਿਆ ਹੈ ਅਤੇ ਪੰਜਾਬੀ ਵਿੱਚ ਆ ਕੇ ‘ਧੂਫ’ ਵਿੱਚ ਬਦਲ ਗਿਆ ਹੈ। ‘ਫਾਂਸੀ’ ਸ਼ਬਦ ਵੀ ਸੰਸਕ੍ਰਿਤ ਦੇ ‘ਪਾਸ਼’ ਸ਼ਬਦ (ਬੰਨ੍ਹਣਾ/ਗੰਢ ਬੰਨ੍ਹਣੀ) ਤੋਂ ਬਣਿਆ ਹੋਇਆ ਹੈ। ਇਸ ਵਿਚਲੀ ਪ ਧੁਨੀ ਵੀ ਫ ਵਿੱਚ ਬਦਲ ਗਈ ਹੈ। ਸੋ, ਇਸ ਦੇ ਫ ਥੱਲੇ ਬਿੰਦੀ ਪਾਉਣ ਬਾਰੇ ਵੀ ਸੋਚਣਾ ਪੂਰੀ ਤਰ੍ਹਾਂ ਗ਼ਲਤ ਹੈ। ਪਸ਼ੂ/ਪਸੂ (ਜਿਸ ਨੂੰ ਬੰਨ੍ਹ ਕੇ ਰੱਖਿਆ ਜਾਵੇ) ਸ਼ਬਦ ਵੀ ਇਸੇ ‘ਪਾਸ਼’ ਸ਼ਬਦ ਤੋਂ ਹੀ ਬਣਿਆ ਹੋਇਆ ਹੈ।
ਇਸ ਪ੍ਰਕਾਰ ਕਿਸੇ ਸ਼ਬਦ ਵਿਚਲੇ ਫ ਪੈਰ ਬਿੰਦੀ ਪਾਉਣ ਸਮੇਂ ਸਾਨੂੰ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸ਼ਬਦ ਅਰਬੀ/ਫਾਰਸੀ ਪਿਛੋਕੜ ਦਾ ਹੈ ਕਿ ਸਾਡੀਆਂ ਦੇਸੀ ਭਾਸ਼ਾਵਾਂ ਦਾ ਹੈ। ਫ ਅੱਖਰ ਦੇ ਪੈਰ ਵਿੱਚ ਬਿੰਦੀ ਤਦੇ ਹੀ ਪਾਉਣੀ ਹੈ ਜੇਕਰ ਉਹ ਅਰਬੀ/ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧਿਤ ਹੋਵੇ ਜਾਂ ਫਿਰ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੋਵੇ, ਨਹੀਂ ਤਾਂ ਬਿਲਕੁਲ ਨਹੀਂ। ਇਸ ਦੇ ਉਲਟ ਜੇਕਰ ਸਾਨੂੰ ਪੱਕਾ ਯਕੀਨ ਹੋਵੇ ਕਿ ਸੰਬੰਧਿਤ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪਿਛੋਕੜ ਵਾਲ਼ਾ ਹੈ ਤਾਂ ਫ ਦੀ ਸ਼ਮੂਲੀਅਤ ਵਾਲ਼ੇ ਸ਼ਬਦ ਦੇ ਫ ਪੈਰ ਬਿੰਦੀ ਜ਼ਰੂਰ ਪਾਉਣੀ ਹੈ ਕਿਉਂਕਿ ਪੰਜਾਬੀ ਦਾ ਫ ਮੁਕਤਾ ਅੱਖਰ (ਬਿਨਾਂ ਪੈਰ-ਬਿੰਦੀ ਤੋਂ ਫ) ਇਹਨਾਂ ਭਾਸ਼ਾਵਾਂ ਦਾ ਅੱਖਰ ਹੀ ਨਹੀਂ ਹੈ। ਇਹਨਾਂ ਭਾਸ਼ਾਵਾਂ ਦਾ ਅੱਖਰ ਕੇਵਲ ਫ਼ੇ (ਫੱਫੇ ਪੈਰ ਬਿੰਦੀ ਵਾਲ਼ਾ ‘ਫ਼ੇ’) ਹੀ ਹੈ।
…………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋ.ਨੰ. 98884-03052.

ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਕੁਝ ਸ਼ਬਦ

ਕੋਈ ਸਮਾਂ ਸੀ ਜਦੋਂ ਦੋ ਅਤੇ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦਾਂ: ਦੋਂਹ/ਦੋਂਹਾਂ/ਚਹੁੰ/ਚਹੁੰਆਂ ਆਦਿ ਸ਼ਬਦ ਅਕਸਰ ਇਹਨਾਂ ਹੀ ਸ਼ਬਦ-ਜੋੜਾਂ ਨਾਲ਼ ਵਿਦਿਆਰਥੀਆਂ ਦੀਆਂ ਪਾਠ-ਪੁਸਤਕਾਂ, ਅਖ਼ਬਾਰਾਂ ਅਤੇ ਰਿਸਾਲਿਆਂ ਆਦਿ ਵਿੱਚ ਲਗ-ਪਗ ਹੂ-ਬਹੂ ਇਸੇ ਤਰ੍ਹਾਂ ਹੀ ਲਿਖੇ ਹੋਏ ਮਿਲ਼ਦੇ ਸਨ ਪਰ ਅਜੋਕੇ ਸਮੇਂ ਵਿੱਚ ਤਾਂ ਕਦੇ-ਕਦਾਈਂ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਦੇਖਣ ਵਿੱਚ ਆਉਂਦੇ ਹਨ। ਇਹਨਾਂ ਸ਼ਬਦਾ਼ਂ ਵਿਚਲਾ ‘ਦੋਂਹਾਂ’ ਸ਼ਬਦ ਭਾਵੇਂ ਪੁਰਾਤਨ ਪਰੰਪਰਾ ਅਨੁਸਾਰ ਪਹਿਲੀ ਬਿੰਦੀ ਤੋਂ ਬਿਨਾਂ (ਦੋਹਾਂ) ਹੀ ਲਿਖਿਆ ਜਾਂਦਾ ਸੀ ਪਰ ਵਰਤਿਆ ਜ਼ਰੂਰ ਇਸ ਦਾ ਇਹੋ ਰੂਪ ਹੀ ਜਾਂਦਾ ਸੀ। ‘ਦੋਂਹਾਂ’ ਸ਼ਬਦ ਦੇ ‘ਦ’ ਅੱਖਰ ਉੱਤੇ ਬਿੰਦੀ ਦਾ ਚਲਣ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਤੋਂ ਬਾਅਦ ਅਰਥਾਤ ਨਵੇਂ ਸ਼ਬਦ-ਜੋੜਾਂ ਦੇ ਨਿਯਮ ਲਾਗੂ ਹੋਣ ਉਪਰੰਤ ਹੀ ਸ਼ੁਰੂ ਹੋਇਆ ਹੈ।
ਪੰਜਾਬੀ-ਪ੍ਰੇਮੀਆਂ ਅਤੇ ਇਸ ਦੇ ਸ਼ੁੱਭਚਿੰਤਕਾਂ ਦਾ ਇਸ ਗੱਲ ਵੱਲ ਧਿਆਨ ਦੇਣਾ ਬਣਦਾ ਹੈ ਕਿ ਅਜਿਹੇ ਵਰਤਾਰੇ ਦਾ ਅਸਲ ਕਾਰਨ ਕੀ ਹੋ ਸਕਦਾ ਹੈ? ਮੇਰੀ ਜਾਚੇ ਇਸ ਦਾ ਇੱਕ ਕਾਰਨ ਤਾਂ ਸ਼ਾਇਦ ਇਹ ਹੋ ਸਕਦਾ ਹੈ ਕਿ ਸ਼ਬਦ-ਜੋੜਾਂ ਪੱਖੋਂ ਅਸੀਂ ਪਹਿਲੇ ਸਮਿਆਂ ਨਾਲ਼ੋਂ ਵਧੇਰੇ ਅਵੇਸਲੇ ਹੋ ਗਏ ਹਾਂ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਸ਼ਬਦ-ਜੋਡ਼ਾਂ ਦੀਆਂ ਬਰੀਕੀਆਂ ਵਿੱਚ ਪੈਣ ਤੋਂ ਬਚਣ ਲਈ ਵੀ ਸ਼ਾਇਦ ਕੁਝ ਲੋਕ ਅਜਿਹਾ ਕਰਦੇ ਹੋਣ। ਇਸ ਦੇ ਨਾਲ਼-ਨਾਲ਼ ਇਹ ਗੱਲ ਵੀ ਦੇਖਣ ਵਿਚ ਆਈ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਸ਼ਬਦ ਅੱਜ ਬੀਤੇ ਸਮੇਂ ਦੀ ਹੀ ਗੱਲ ਬਣ ਕੇ ਰਹਿ ਗਏ ਹਨ ਭਾਵ ਜਿਨ੍ਹਾਂ ਦੀ ਵਰਤੋਂ ਅੱਜ ਲਗ-ਪਗ ਅਲੋਪ ਹੀ ਹੋ ਚੁੱਕੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਹੁਣ ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਵਿਚਾਰ-ਅਧੀਨ ਉਪਰੋਕਤ ਸ਼ਬਦ ਵੀ ਵਰਤੋਂ ਤੋਂ ਵਾਂਝਿਆਂ ਰਹਿਣ ਕਾਰਨ ਕਿਤੇ ਬੀਤੇ ਸਮੇਂ ਦੀ ਬੁੱਕਲ ਵਿੱਚ ਹੀ ਨਾ ਸਮਾ ਜਾਣ।
‘ਦੋ’ ਦੇ ਅੰਕ ਨਾਲ਼ ਸੰਬੰਧਿਤ ਕੁਝ ਸ਼ਬਦ:
“””””””””””””””””””””””””””””””””””””””””””””
ਦੋ ਦੇ ਅੰਕ ਨਾਲ਼ ਸੰਬੰਧਿਤ ਸਭ ਤੋਂ ਪਹਿਲਾ ਸ਼ਬਦ ਜੋ ਦੋ ਤੋਂ ਬਣਦਾ ਹੈ, ਉਹ ਹੈ: ਦੋਂਹ, ਜਿਵੇਂ:
੧. ਇਹ ਚੀਜ਼ ਮੈਂ ਦੋਂਹ ਰੁਪਈਆਂ ਵਿੱਚ ਖ਼ਰੀਦੀ ਹੈ।
੨. ਇਹ ਕੰਮ ਅਸੀਂ ਦੋਂਹ ਜਣਿਆਂ ਨੇ ਰਲ਼ ਕੇ ਕੀਤਾ ਹੈ।
੩. ਇਹ ਕੰਮ ਅਸੀਂ ਦੋਂਹਾਂ ਨੇ ਰਲ਼ ਕੇ ਕੀਤਾ ਹੈ।
ਅਸਲ ਸੰਕਟ ਇਹ ਹੈ ਕਿ ਪਹਿਲੇ ਵਾਕ ਵਿੱਚ ਅਸੀਂ ਉਪਰੋਕਤ ਸ਼ਬਦ ‘ਦੋਂਹ’ ਦੀ ਥਾਂ ਮੂਲ ਸ਼ਬਦ ‘ਦੋ’ ਲਿਖ ਕੇ ਸਾਰ ਲੈਂਦੇ ਹਾਂ ਅਰਥਾਤ ਅਸੀਂ ‘ਦੋਂਹ’ ਸ਼ਬਦ ਜਾਂ ਉਸ ਦੇ ਸ਼ਬਦ-ਜੋੜਾਂ ਦੇ ਚੱਕਰ ਵਿੱਚ ਹੀ ਨਹੀਂ ਪੈਂਦੇ ਤੇ ਉਪਰੋਕਤ ਵਾਕ ਦੀ ਥਾਂ ਕੇਵਲ ਇਹ ਲਿਖ ਕੇ ਹੀ ਬੁੱਤਾ ਸਾਰ ਲੈਂਦੇ ਹਾਂ ਕਿ ਇਹ ਚੀਜ਼ ਮੈਂ ਦੋ ਰੁਪਈਆਂ ਦੀ ਖ਼ਰੀਦੀ ਹੈ।
ਤੀਜੇ ਵਾਕ ਵਿੱਚ ਅਸੀਂ ‘ਦੋਂਹ’ ਦੀ ਥਾਂ ਅਕਸਰ ‘ਦੋਵਾਂ’ ਜਾਂ ‘ਦੋਨਾਂ’ ਸ਼ਬਦ ਹੀ ਵਰਤ ਲੈਂਦੇ ਹਾਂ, ਜਿਵੇਂ:
੧. ਇਹ ਕੰਮ ਅਸੀਂ ‘ਦੋਨਾਂ’ ਨੇ ਰਲ ਕੇ ਕੀਤਾ ਹੈ।
੨. ਇਹ ਕੰਮ ਅਸੀਂ ‘ਦੋਵਾਂ’ ਨੇ ਰਲ਼ ਕੇ ਕੀਤਾ ਹੈ।
ਅਜਿਹਾ ਕਰਨਾ ਵੀ ਪੂਰੀ ਤਰ੍ਹਾਂ ਗ਼ਲਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਸ਼ਬਦਾਂ (ਦੋਨਾਂ/ਦੋਵਾਂ) ਦੀ ਪੰਜਾਬੀ ਦੀ ਲਿਖਤੀ ਜਾਂ ਟਕਸਾਲੀ ਭਾਸ਼ਾ ਵਿੱਚ ਕੋਈ ਹੋਂਦ ਹੀ ਨਹੀਂ ਹੈ। ‘ਦੋਨਾਂ’ ਸ਼ਬਦ ਹਿੰਦੀ ਦੇ ‘ਦੋਨੋਂ’ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ।
ਸੋ, ਜੇਕਰ ਅਸੀਂ ਅਜਿਹੀਆਂ ਗ਼ਲਤੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਇਹਨਾਂ ਦੋਹਾਂ ਸ਼ਬਦਾਂ (ਦੋਵਾਂ/ਦੋਨਾਂ) ਦੀ ਥਾਂ ਸਾਨੂੰ ‘ਦੋਂਹ’ ਜਾਂ ‘ਦੋਂਹਾਂ’ ਸ਼ਬਦ ਹੀ ਵਰਤਣੇ ਚਾਹੀਦੇ ਹਨ। ਇਹਨਾਂ ਤੋਂ ਬਿਨਾਂ ‘ਦੋਨੋਂ’ ਸ਼ਬਦ-ਰੂਪ ਦੀ ਵਰਤੋਂ ਕਰਨਾ ਵੀ ਗ਼ਲਤ ਹੈ ਕਿਉਂਕਿ ਇਹ ਸ਼ਬਦ ਤਾਂ ਸਿੱਧਾ ਹੀ ਹਿੰਦੀ ਭਾਸ਼ਾ ਨਾਲ਼ ਸੰਬੰਧ ਰੱਖਦਾ ਹੈ। ਪੰਜਾਬੀ ਵਿੱਚ ਇਸ ਸ਼ਬਦ ਲਈ ‘ਦੋਵੇਂ’ ਸ਼ਬਦ ਉਪਲਬਧ ਹੈ। ਇਸ ਸੰਬੰਧ ਵਿੱਚ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ‘ਦੋ’ ਤੋਂ ‘ਦੋਂਹ’ ਸ਼ਬਦ ਬਣਿਆ ਹੈ ਅਤੇ ਅੱਗੋਂ ‘ਦੋਂਹ’ ਤੋਂ ‘ਦੋਂਹਾਂ’ ਤੇ ‘ਦੋ’ ਤੋਂ ‘ਦੋਵੇਂ’ ਆਦਿ। ਇਸ ਲਈ ਸਾਨੂੰ ਦੋਨਾਂ, ਦੋਨੋਂ ਜਾਂ ਦੋਵਾਂ ਆਦਿ ਸ਼ਬਦਾਂ ਦੀ ਥਾਂ ‘ਦੋਵੇਂ’ ਸ਼ਬਦ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜਿਵੇਂ:
੧. ਉਹ ਦੋਵੇਂ ਜਣੇ ਅਾਪਸ ਵਿੱਚ ਸਕੇ ਭਰਾ ਹਨ।
੨. ਅਸੀਂ ਦੋਵੇਂ ਰਲ ਕੇ ਇਹ ਕੰਮ ਕਰ ਸਕਦੇ ਹਾਂ।
ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਦੋ ਤੋਂ ਬਣੇ ‘ਦੋਂਹਾਂ’ ਸ਼ਬਦ ਨੂੰ ਲਿਖਣ ਸਮੇਂ ਇਸ ਵਿਚਲੇ ਦੋਂਹਾਂ ਅੱਖਰਾਂ ਦੀਆਂ ਲਗਾਂ ਨਾਲ਼ ਹੀ ਬਿੰਦੀਆਂ ਲੱਗਣੀਆਂ ਹਨ ਪਰ ਅਸੀਂ ਪੁਰਾਣੇ ਨਿਯਮਾਂ ਅਨੁਸਾਰ ‘ਦ’ ਅੱਖਰ ਉੱਤੇ ਬਿੰਦੀ ਨਹੀਂ ਪਾਉਂਦੇ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਸਾਨੂੰ ਇਸ ਸੰਬੰਧ ਵਿੱਚ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ‘ਦੋਂਹਾਂ’ ਸ਼ਬਦ ਸਿੱਧਾ ‘ਦੋ’ ਤੋਂ ਨਹੀਂ ਬਣਿਆ ਹੋਇਆ ਸਗੋਂ ਇਹ ਸ਼ਬਦ ਦੋ ਤੋਂ ਬਣੇ ‘ਦੋਂਹ’ ਸ਼ਬਦ ਤੋਂ ਬਣਿਆ ਹੈ ਜਿਸ ਕਾਰਨ ਇਸ ਦੇ ਲਿਖਤੀ ਰੂਪ ਵਿੱਚ ਬਿੰਦੀ ਹਰ ਹਾਲ ਵਿੱਚ ਕਾਇਮ ਰਹਿਣੀ ਹੈ। ਸ਼ਾਇਦ ਬਹੁਤੇ ਲੋਕ ਇਸ ਵਿਆਕਰਨਿਕ ਨਿਯਮ ਤੋਂ ਜਾਣੂ ਨਹੀਂ ਹਨ ਜਾਂ ਇਸ ਸੰਬੰਧ ਵਿੱਚ ਕਿਸੇ ਭੰਬਲ਼ਭੂਸੇ ਦਾ ਸ਼ਿਕਾਰ ਹਨ ਜਿਸ ਕਾਰਨ ਅੱਜ ਇਸ ਸ਼ਬਦ ਦਾ ਸ਼ੁੱਧ ਸ਼ਬਦ-ਰੂਪ ‘ਦੋਂਹਾਂ’ ਲਗ-ਪਗ ਖ਼ਤਮ ਹੀ ਹੁੰਦਾ ਜਾ ਰਿਹਾ ਹੈ।
‘ਚਾਰ’ ਦੇ ਅੰਕ ਨਾਲ਼ ਸੰਬੰਧਿਤ ਸ਼ਬਦ:
“””””””””””””””””””””””””””””””””””””””””””
ਇਸੇ ਤਰ੍ਹਾਂ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦ ਹਨ: .ਚਹੁੰ ਜਾਂ ਚਹੁੰਆਂ ਆਦਿ, ਜਿਵੇਂ
੧. ਇਹ ਪੱਥਰ ਅਸੀਂ ਚਹੁੰ .ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ।
੨.ਇਹ ਕੰਮ ਅਸੀਂ ਚਹੁੰਆਂ ਨੇ ਰਲ਼ ਕੇ ਕੀਤਾ ਹੈ।
੩. ਮੀਂਹ ਪੈਣ ਨਾਲ ਚਾਰੇ ਪਾਸੇ ਜਲ-ਥਲ ਹੋ ਗਿਆ।
ਚਾਰ ਸ਼ਬਦ ਦੀ ਉਪਰੋਕਤ ਸ਼ਬਦ-ਰੂਪਾਂ ਅਨੁਸਾਰ ਵਰਤੋਂ ਕਰਨ ਦੀ ਥਾਂ ਅਸੀਂ ਆਮ ਤੌਰ ‘ਤੇ ਪਹਿਲੇ ਦੋਂਹਾਂ ਵਾਕਾਂ ਵਿਚਲੇ ਚਹੁੰ ਜਾਂ ਚਹੁੰਆਂ ਸ਼ਬਦਾਂ ਦੀ ਥਾਂ ਅਕਸਰ ‘ਚਾਰਾਂ’ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ ਜੋਕਿ ਸਰਾਸਰ ਗ਼ਲਤ ਹੈ, ਜਿਵੇਂ:
ਇਹ ਪੱਥਰ ਅਸੀਂ ਚਾਰਾਂ ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ। ਜਾਂ
ਇਹ ਕੰਮ ਅਸੀਂ ਚਾਰਾਂ ਨੇ ਰਲ਼ ਕੇ ਕੀਤਾ ਹੈ।
ਸੋ, ਇਸ ਸਮੇਂ ਲੋੜ ਹੈ ਕਿ ਭਾਸ਼ਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸਾਨੂੰ ਇਹੋ-ਜਿਹੇ ਛੋਟੇ-ਛੋਟੇ ਵਿਆਕਰਨਿਕ ਨਿਯਮਾਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਬਲਕਿ ਇਹਨਾਂ ਨੂੰ ਸਮਝਣ ਅਤੇ ਇਹਨਾਂ ਉੱਤੇ ਸਖ਼ਤੀ ਨਾਲ਼ ਅਮਲ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਕਿ ਭਾਸ਼ਾ ਦੇ ਲਿਖਤੀ ਰੂਪ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਗਾੜ ਨਾ ਪਵੇ ਅਤੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪਾਂ ਤੋਂ ਜਾਣੂ ਕਰਵਾ ਸਕੀਏ।
…………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰ.ਨੰ. 9888403052.

ਨਾਸਿਕੀ ਚਿੰਨ੍ਹ ਬਿੰਦੀ ਦੀ ਵਰਤੋਂ ਸੰਬੰਧੀ ਨਿਯਮ: ਪਹਿਲਾਂ ਤੇ ਹੁਣ

ਗੁਰਮੁਖੀ ਲਿਪੀ ਵਿੱਚ ਕੁੱਲ ਤਿੰਨ ਲਗਾਖਰ ਹਨ: ਬਿੰਦੀ, ਟਿੱਪੀ ਅਤੇ ਅਧਕ। ਪੰਜਾਬੀ-ਵਿਆਕਰਨ ਵਿੱਚ ਲਗਾਖਰ ਉਹਨਾਂ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਲਗਾਂ ਨਾਲ਼ ਕੀਤੀ ਜਾਂਦੀ ਹੈ। ਇਹਨਾਂ ਲਗਾਖਰਾਂ ਵਿੱਚੋਂ ਬਿੰਦੀ ਅਤੇ ਟਿੱਪੀ ਦੋ ਜਿਹੇ ਲਗਾਖਰ ਹਨ ਜਿਨ੍ਹਾਂ ਦੀ ਵਰਤੋਂ ਸਮੇਂ ਅਵਾਜ਼ ਨੱਕ ਵਿੱਚੋਂ ਆਉਂਦੀ ਹੈ। ਇਸੇ ਕਾਰਨ ਇਹਨਾਂ ਦੋਂਹਾਂ ਲਗਾਖਰਾਂ ਨੂੰ ਨਾਸਿਕੀ ਚਿੰਨ੍ਹ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੀਆਂ ਕੁੱਲ ਦਸ ਲਗਾਂ ਵਿੱਚੋਂ ਵਿਅੰਜਨ ਅੱਖਰਾਂ ਨਾਲ਼ ਚਾਰ (ਮੁਕਤਾ, ਸਿਹਾਰੀ, ਅੌਂਕੜ, ਦੁਲੈਂਕੜ) ਨਾਲ਼ ਟਿੱਪੀ ਅਤੇ ਛੇ ਲਗਾਂ (ਕੰਨਾ, ਹੋੜਾ, ਕਨੌੜਾ, ਬਿਹਾਰੀ, ਲਾਂ, ਦੁਲਾਂ) ਨਾਲ਼ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇ: ਚੰਦ, ਪਿੰਜਰ, ਚੁੰਝ, ਕੂੰਡਾ ਅਤੇ ਚਾਂਦੀ, ਗੋਂਦ, ਸੌਂਦਾ, ਪੀਂਘ, ਗੇਂਦਾ, ਗੈਂਡਾ। ਸ੍ਵਰ ਅੱਖਰਾਂ ਵਿੱਚੋਂ ਦੋ ਲਗਾਂ ਨਾਲ਼ ਟਿੱਪੀ, ਜਿਵੇਂ: ਅੰਦਰ, ਇੰਜਣ ਅਤੇ ਬਾਕੀ ਦੀਆਂ ਅੱਠ ਲਗਾਂ ਨਾਲ਼ ਬਿੰਦੀ, ਜਿਵੇਂ: ਉਂਗਲ਼, ਊਂਘਣਾ, ਆਂਦਰਾਂ, ਵਿਓਂਤ, ਔਂਕੜ, ਸਾਂਈਂ, ਨੌਂਏਂ, ਅੈਂਕਰ)।
ਇਹ ਦੋਵੇਂ ਲਗਾਖਰ ਆਮ ਤੌਰ ‘ਤੇ ਪੰਜਾਬੀ ਲਿਪੀ ਦੇ ਅਨੁਨਾਸਿਕ ਅੱਖਰਾਂ ਨ ਤੇ ਮ ਦੀ ਥਾਂ ‘ਤੇ ਵਰਤੇ ਜਾਂਦੇ ਹਨ ਜਾਂ ਇਹ ਕਹਿ ਲਓ ਕਿ ਕਈ ਸ਼ਬਦਾਂ ਨੂੰ ਸੰਖੇਪ ਰੱਖਣ ਲਈ ਸਾਡੇ ਪੁਰਾਤਨ ਸ਼ਬਦ-ਘਾੜਿਆਂ ਨੇ ਕਈ ਥਾਂਵਾਂ ‘ਤੇ ਨ ਤੇ ਮ ਦੀ ਥਾਂ ਕੇਵਲ ਬਿੰਦੀ ਜਾਂ ਟਿੱਪੀ ਦੀ ਵਰਤੋਂ ਨਾਲ਼ ਹੀ ਕੰਮ ਚਲਾ ਲਿਆ ਸੀ ਤਾਂਜੋ ਸ਼ਬਦਾਂ ਦਾ ਬੇਲੋੜਾ ਵਿਸਤਾਰ ਨਾ ਹੋਵੇ ਅਤੇ ਸ਼ਬਦਾਂ ਦਾ ਉਚਾਰਨ ਕਰਨ ਸਮੇਂ ਵੀ ਅਸਾਨੀ ਰਹੇ। ਉਦਾਹਰਨ ਦੇ ਤੌਰ ‘ਤੇ ਹਿੰਦੀ/ਪੰਜਾਬੀ ਭਾਸ਼ਾਵਾਂ ਦਾ “ਸੰਬੰਧ” ਸ਼ਬਦ, ਦੋ ਸ਼ਬਦਾਂ: ਸਮ+ਬੰਧ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦੇ ਮੇਲ਼ ਸਮੇਂ ਸਮ ਸ਼ਬਦ ਦੇ ਮ ਅੱਖਰ ਨੂੰ ਸੰਖੇਪ ਕਰਨ ਲਈ ਟਿੱਪੀ ਤੋਂ ਕੰਮ ਲਿਆ ਗਿਆ ਹੈ ਅਤੇ ਬੰਧ ਸ਼ਬਦ ਦਾ ਅਰਥ ਹੈ: ਬੰਧਨ; ਜਿਸ ਦੀ ਟਿੱਪੀ ਇੱਥੇ ਨ ਧੁਨੀ ਦੀ ਪ੍ਰਤੀਨਿਧਤਾ ਕਰ ਰਹੀ ਹੈ ਅਤੇ ਉਸੇ ਦੇ ਹੀ ਅਰਥ ਵੀ ਦੇ ਰਹੀ ਹੈ। ਇਸ ਵਿਚਲੇ ਸਮ ਸ਼ਬਦ ਦੇ ਮ ਅੱਖਰ ਤੋਂ ਬਣੀ ਟਿੱਪੀ ਮ ਅੱਖਰ ਦੇ ਅਰਥਾਂ ਨੂੰ ਪ੍ਰਗਟਾ ਰਹੀ ਹੈ। ਇਸ ਪ੍ਰਕਾਰ ਸਮ ਅਤੇ ਬੰਧ ਸ਼ਬਦਾਂ ਦੇ ਮੇਲ਼ ਤੋਂ ਇੱਕ ਨਵੇਂ ਸ਼ਬਦ- ਸੰਬੰਧ ਨੇ ਜਨਮ ਲਿਆ ਹੈ ਜਿਸ ਦੇ ਅਰਥ ਹਨ- (ਦੋਂਹ ਪਾਸਿਆਂ/ਦੋਂਹ ਧਿਰਾਂ ਦਾ) ਬਰਾਬਰ ਦਾ ਬੰਧਨ ਜਾਂ ਮੇਲ਼। ਆਮ ਤੌਰ ‘ਤੇ ਬਿੰਦੀ ਦੇ ਇੱਕ ਅਰਥ ਹਨ, ਕਿਸੇ ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ਲਿਜਾਣਾ, ਜਿਵੇਂ: ਆਵਾਂ /ਜਾਵਾਂ /ਆਵਾਂਗੇ /ਜਾਵਾਂਗੇ (ਆਉਣ ਜਾਂ ਜਾਣ ਦੀ ਕਿਰਿਆ ਨੂੰ ਨੇੜ-ਭਵਿਖ ਤੱਕ ਜਾਰੀ ਰੱਖਣਾ ਜਾਂ ਅੱਗੇ ਵੱਲ ਲਿਜਾਣਾ), ਖਾਵਾਂ /ਖਾਵਾਂਗੇ /ਪਾਵਾਂ /ਪਾਵਾਂਗੇ, ਪੀਵਾਂ /ਪੀਵਾਂਗੇ ਆਦਿ। ਇਸੇ ਤਰ੍ਹਾਂ ਜਿਸ ਸ਼ਬਦ ਵਿੱਚ ਵੀ ਬਿੰਦੀ ਲੱਗੀ ਹੋਈ ਹੋਵੇਗੀ, ਉੱਥੇ ਇਸ ਦੇ ਪ੍ਰਮੁੱਖ ਅਰਥ ਇਹੋ ਹੀ ਹੋਣਗੇ ਅਰਥਾਤ ਇਹ ਕਿਸੇ ਵੀ ਸ਼ਬਦ ਵਿੱਚ ਕਿਰਿਆ ਦੇ ਕਾਰਜ ਨੂੰ ਜਾਰੀ ਰੱਖਣ ਜਾਂ ਅੱਗੇ ਵੱਲ ਵਧਾਉਣ ਵੱਲ ਹੀ ਇਸ਼ਾਰਾ ਕਰ ਰਹੀ ਹੁੰਦੀ ਹੈ।
ਇਸ ਤੋਂ ਬਿਨਾਂ ਇਸ ਦਾ ਇੱਕ ਹੋਰ ਕਾਰਜ ਵੀ ਹੈ, ਉਹ ਇਹ ਕਿ ਇਹ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਹੈ, ਜਿਵੇਂ: ਕਿਤਾਬ =ਕਿਤਾਬਾਂ, ਕਾਪੀ= ਕਾਪੀਆਂ, ਸ਼ਹਿਰ= ਸ਼ਹਿਰਾਂ ਆਦਿ। ਬੇਸ਼ੱਕ ਓਪਰੀ ਨਜ਼ਰੇ ਦੇਖਿਆਂ ਸ਼ਬਦਾਂ ਦੇ ਇਹਨਾਂ ਬਹੁਵਚਨ-ਰੂਪਾਂ ਵਿਚ ਸਾਨੂੰ ਕਿਰਿਆ ਦਾ ਉਪਰੋਕਤ ਕਾਰਜ ਪ੍ਰਤੱਖ ਰੂਪ ਵਿੱਚ ਤਾਂ ਭਾਵੇਂ ਨਜ਼ਰੀਂ ਨਹੀਂ ਪੈਂਦਾ ਪਰ ਨੀਝ ਨਾਲ਼ ਦੇਖਿਆਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਨਾਸਿਕੀ ਚਿੰਨ੍ਹ ਬਿੰਦੀ ਇੱਥੇ ਵੀ ਆਪਣਾ ਉਪਰੋਕਤ ਮੂਲ ਕਾਰਜ ਹੀ ਨਿਭਾ ਰਹੀ ਹੈ ਅਰਥਾਤ ਉਹ ਇੱਥੇ ਵੀ ਕਿਰਿਆ ਦੇ ਕਾਰਜ ਨੂੰ ਹੀ ਅੱਗੇ ਵੱਲ ਲਿਜਾ ਰਹੀ ਹੈ। ਮਿਸਾਲ ਦੇ ਤੌਰ ‘ਤੇ ਕਿਤਾਬ ਦੇ ਬਹੁਵਚਨ ਕਿਤਾਬਾਂ ਦੇ ਅੰਤ ਵਿਚ ਲੱਗੀ ਬਿੰਦੀ ਇਸੇ ਗੱਲ ਵੱਲ ਹੀ ਸੰਕੇਤ ਕਰ ਰਹੀ ਹੈ ਕਿ ਇਹ ਹੁਣ ਇੱਕ ਤੋਂ ਬਹੁਤੀਆਂ ਹੋ ਗਈਆਂ ਹਨ ਕਹਿਣ ਦਾ ਭਾਵ ਇਹ ਕਿ ਇੱਥੇ ਵੀ ਬਿੰਦੀ ਆਪਣੇ ਮੂਲ ਅਰਥਾਂ (ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ਵਧਾਉਣ) ਦਾ ਹੀ ਕੰਮ ਕਰ ਰਹੀ ਹੈ ਅਤੇ ਇੱਕ ਕਿਤਾਬ ਤੋਂ ਬਹੁਤੀਆਂ ਕਿਤਾਬਾਂ ਹੋ ਜਾਣ ਦੇ ਪ੍ਰਭਾਵ ਨੂੰ ਹੀ ਸਿਰਜ ਰਹੀ ਹੈ।
ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਵਾਂ ਨਿਯਮ:
“”””””””””””””””””””””””””””””””””””””””””””””””””””””””””””””””””””””””””””””””””
ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼ (ਪੰ.ਯੂ.ਪ.) ਕਿਤਾਬ ਦੇ ਆਉਣ ਤੋਂ ਪਹਿਲਾਂ ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਿਯਮ ਇਹ ਸੀ ਕਿ ਜੇਕਰ ਆਖ਼ਰੀ ਅੱਖਰ ਜਾਂ ਸੰਬੰਧਿਤ ਸ਼ਬਦ ਦੀ ਕਿਸੇ ਲਗ ਨਾਲ਼ ਬਿੰਦੀ ਲੱਗੀ ਹੋਈ ਹੋਵੇ ਤਾਂ ਉਹ ਉੱਥੋਂ ਚੁੱਕ ਕੇ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਜਾਂ ਅੱਖਰ ਨਾਲ਼ ਲੱਗੀ ਲਗ ਨਾਲ਼ ਲਾਈ ਜਾਂਦੀ ਸੀ, ਜਿਵੇਂ: ਮਾਂ= ਮਾਵਾਂ, ਛਾਂ= ਛਾਵਾਂ ਥਾਂ ਤੋਂ ਥਾਵਾਂ ਜਾਂ ਥਾਈਂ, ਗਾਂ=ਗਾਵਾਂ, ਬਾਂਹ= ਬਾਹਵਾਂ ਆਦਿ। ਸਕੂਲ ਪੜ੍ਹਦਿਆਂ ਇਕਵਚਨ ਤੋਂ ਬਹੁਵਚਨ ਬਣਾਉਣ ਲਈ ਸਾਨੂੰ ਵੀ ਇਹੋ ਹੀ ਨਿਯਮ ਸਿਖਾਏ ਜਾਂਦੇ ਰਹੇ ਹਨ। ਪਰ ਉਪਰੋਕਤ ਕੋਸ਼ ਦੇ ਆਉਣ ਉਪਰੰਤ ਹੁਣ ਇਹਨਾਂ ਨਿਯਮਾਂ ਵਿੱਚ ਤਬਦੀਲੀ ਆ ਚੁੱਕੀ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਕਿਸੇ ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਇਕਵਚਨ ਵਾਲ਼ੇ ਸ਼ਬਦ ਤੋਂ ਬਿੰਦੀ ਬਿਲਕੁਲ ਨਹੀਂ ਹਟਾਉਣੀ ਸਗੋਂ ਉਸ ਨੂੰ ਉੱਥੇ ਹੀ ਰਹਿਣ ਦੇਣਾ ਹੈ। ਇਸ ਦੀ ਥਾਂਵੇਂ ਇੱਕ ਹੋਰ ਬਿੰਦੀ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਜਾਂ ਅੱਖਰ ਦੀ ਦੀ ਲਗ ਨਾਲ਼ ਲਾ ਦੇਣੀ ਹੈ, ਜਿਵੇਂ: ਮਾਂ= ਮਾਂਵਾਂ, ਛਾਂ= ਛਾਂਵਾਂ, ਗਾਂ= ਗਾਂਵਾਂ ਅਤੇ ਬਾਂਹ= ਬਾਂਹਵਾਂ ਆਦਿ।
ਬਦਲਿਆ ਹੋਇਆ ਇਹ ਨਿਯਮ “ਜਿਵੇਂ ਬੋਲੋ, ਤਿਵੇਂ ਲਿਖੋ” ਦੇ ਨਿਯਮ ਦੇ ਆਧਾਰ ‘ਤੇ ਬਣਾਇਆ ਗਿਆ ਹੈ। ਜੇਕਰ ਅਸੀਂ ਉਪਰੋਕਤ ਬਹੁਵਚਨ-ਸ਼ਬਦਾਂ: ਮਾਂਵਾਂ, ਛਾਂਵਾਂ, ਗਾਂਵਾਂ, ਬਾਂਹਵਾਂ ਆਦਿ ਨੂੰ ਬੋਲ ਕੇ ਦੇਖੀਏ ਤਾਂ ਇਹ ਹਕੀਕਤ ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ। ਦੂਜੇ, ਜੇਕਰ ਅਸੀਂ ਇਹ ਨਿਯਮ ਨਹੀਂ ਅਪਣਾਉਂਦੇ ਤਾਂ ਕਈ ਸ਼ਬਦਾਂ, ਜਿਵੇਂ: ਗਾਵਾਂ/ਗਾਂਵਾਂ ਆਦਿ ਦੇ ਅਰਥਾਂ ਵਿੱਚ ਅੰਤਰ ਆਉਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸੋ, ਬਦਲੇ ਹੋਏ ਇਹ ਨਿਯਮ ਬਹੁਵਚਨ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਅਤੇ ਸਪਸ਼ਟਤਾ ਲਿਆਉਣ ਦਾ ਕੰਮ ਵੀ ਕਰਦੇ ਹਨ।
ਪਰ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਇਸ ਨਿਯਮ ਨੂੰ ਬਣਿਆਂ ਭਾਵੇਂ ਕਈ ਦਹਾਕੇ ਬੀਤ ਚੁੱਕੇ ਹਨ ਪਰ ਅਸੀਂ ਲਕੀਰ ਦੇ ਫ਼ਕੀਰ ਬਣ ਕੇ ਅਜੇ ਵੀ ਪੁਰਾਣੇ ਨਿਯਮਾਂ ਨਾਲ਼ ਹੀ ਚਿੰਬੜੇ ਹੋਏ ਹਾਂ ਤੇ ਕੋਈ ਨਵੀਂ ਗੱਲ ਸੁਣਨ ਜਾਂ ਉਸ ਨੂੰ ਅਪਣਾਉਣ ਲਈ ਤਿਆਰ ਹੀ ਨਹੀਂ ਹਾਂ।ਦੇਖਣ ਵਾਲ਼ੀ ਗੱਲ ਇਹ ਹੈ ਕਿ ਇਹ ਨਿਯਮ ਏਨਾ ਔਖਾ ਵੀ ਨਹੀਂ ਹੈ ਕਿ ਜਿਸ ਨੂੰ ਸਮਝਣਾ ਜਾਂ ਅਪਣਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਪਰ ਇਸ ਦੇ ਬਾਵਜੂਦ ਇਸ ਨਿਯਮ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ ਜੋਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਕੁਝ ਹੋਰ ਸ਼ਬਦ ਜਿਨ੍ਹਾਂ ਵਿੱਚੋਂ ਬਿੰਦੀ ਅਕਸਰ ਅਲੋਪ ਹੁੰਦੀ ਹੈ, ਉਹ ਹਨ:
ਟਾਵਾਂ-ਟਾਵਾਂ, ਦੋਹਾਂ, ਸਾਂਈਂ/ਸਾਈਆਂ, ਸਾਂਵਾਂ, ਸੇਵੀਂਆਂ, ਹਮੇਸ਼ਾਂ, ਕਾਇਆਂ:
“”””””””””””””””””””””””””””””””””””””””””””””””””””””””””””””””””””””””””””””””””
ਟਾਂਵਾਂ ਸ਼ਬਦ ਨੂੰ ਅਸੀਂ ਆਮ ਤੌਰ ‘ਤੇ ਟਾਵਾਂ ਜਾਂ ਟਾਵਾਂ-ਟਾਵਾਂ ਹੀ ਲਿਖ ਦਿੰਦੇ ਹਾਂ ਜਦਕਿ ਇਸ ਸ਼ਬਦ ਦੀਆਂ ਦੋਂਹਾਂ ਲਗਾਂ ਨਾਲ਼ ਬਿੰਦੀਆਂ ਪੈਣੀਆਂ ਹਨ। ਦੋ ਤੋਂ ਬਣੇ ਸ਼ਬਦ ਦੋਂਹ ਉੱਤੇ ਇੱਕ ਅਤੇ ਦੋਂਹਾਂ ਉੱਤੇ ਦੋ ਬਿੰਦੀਆਂ ਪੈਣੀਆਂ ਹਨ; ਸਾਂਵਾਂ ਸ਼ਬਦ ਉੱਤੇ ਵੀ ਦੋ; ਸਾਂਈਂ ਉੱਤੇ ਵੀ ਦੋ ਪਰ ਇਸ ਸ਼ਬਦ ਦੇ ਬਹੁਵਚਨ-ਰੂਪ ਸਾਂਈਂਆਂ ਉੱਤੇ ਤਿੰਨ ਬਿੰਦੀਆਂ ਪੈਣੀਆਂ ਹਨ। ਹਮੇਸ਼ਾਂ ਅਤੇ ਕਾਇਆਂ ਸ਼ਬਦਾਂ ਉੱਤੇ ਵੀ ਉਪਰੋਕਤ ਕੋਸ਼ ਅਨੁਸਾਰ ਪੰਜਾਬੀ ਉਚਾਰਨ ਅਤੇ ਮੁਹਾਵਰੇ ਮੁਤਾਬਕ ਇਹਨਾਂ ਦੇ ਆਖ਼ਰੀ ਅੱਖਰਾਂ ਨਾਲ਼ ਬਿੰਦੀਆਂ ਪਾਉਣ ਦਾ ਪ੍ਰਾਵਧਾਨ ਹੈ ਪਰ ਇਹ ਸ਼ਬਦ ਅਕਸਰ ਬਿੰਦੀ-ਮੁਕਤ ਲਿਖੇ ਹੀ ਦੇਖਣ ਵਿੱਚ ਆਉਂਦੇ ਹਨ।
ਇਸੇ ਤਰ੍ਹਾਂ ਨੀਂਹ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੀਂਹਾਂ, ਨੌੰ ਤੋਂ ਨੌਂਵੀਂ ਅਤੇ ਨੌਂਵੀਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੌਂਵੀਂਆਂ ਲਿਖਣਾ ਹੈ। ਰਾਮਨੌਂਵੀਂ ਅਤੇ ਗੁੱਗਾਨੌਂਵੀਂ ਤਿਉਹਾਰਾਂ ਨੂੰ ਵੀ ਇਸੇ ਤਰ੍ਹਾਂ ਦੋ ਬਿੰਦੀਆਂ ਨਾਲ਼ ਹੀ ਲਿਖਣਾ ਹੈ। ਨਵਾਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨਵੇਂ ਜਾਂ ਨਵਿਆਂ; ਨਵੀਂ ਦੇ ਬਹੁਵਚਨ ਨੂੰ ਨਵੀਂਆਂ ਲਿਖਣਾ ਹੈ; ਇਸੇ ਤਰ੍ਹਾਂ ਤੀਵੀਂ ਤੋਂ ਤੀਵੀਂਆਂ, ਕਾਂ ਤੋਂ ਕਾਂਵਾਂ ਅਤੇ ਕਾਂਵਾਂ ਤੋਂ ਕਾਂਵਾਂ-ਰੌਲ਼ੀ ਸ਼ਬਦ ਹੋਂਦ ਵਿੱਚ ਆਇਆ ਹੈ।
ਇਸੇ ਤਰ੍ਹਾਂ ਸੌਂ ਸ਼ਬਦ ਤੋਂ ਸੌਂਦਾ ਜਾਂ ਸੌਂਦੇ ਆਦਿ ਸ਼ਬਦ ਬਣੇ ਹਨ ਤੇ ਇਸੇ ਤੋਂ ਹੀ ‘ਸੌਂਣਾ’ ਸ਼ਬਦ ਬਣਿਆ ਹੈ ਪਰ ਇਹ ਗੱਲ ਖ਼ਾਸ ਤੌਰ ‘ਤੇ ਦੇਖਣ ਵਿੱਚ ਆਈ ਹੈ ਕਿ ਅਸੀਂ ਸੌਂਦਾ ਜਾਂ ਸੌਂਦੇ ਆਦਿ ਸ਼ਬਦਾਂ ਉੱਤੇ ਤਾਂ ਬਿੰਦੀ ਪਾ ਦਿੰਦੇ ਹਾਂ ਪਰ ‘ਸੌਂਣ’ ਸ਼ਬਦ ਉੱਤੇ ਕਦੇ ਵੀ ਬਿੰਦੀ ਨਹੀਂ ਪਾਉਂਦੇ। ਸ਼ਾਇਦ ਇਹ ਸਮਝਦਿਆਂ ਹੋਇਆਂ ਕਿ ਇਸ ਸ਼ਬਦ ਵਿੱਚ ਅਨੁਨਾਸਿਕ ਅੱਖਰ ਣ ਲੱਗਿਆ ਹੋਇਆ ਹੈ ਇਸ ਲਈ ਇੱਥੇ ਬਿੰਦੀ ਪਾਉਣ ਦੀ ਲੋੜ ਨਹੀਂ ਹੈ। ਇਹ ਤਰਕ ਠੀਕ ਨਹੀਂ ਹੈ ਕਿਉਂਕਿ ਉਪਰੋਕਤ ਨਿਯਮ ਅਨੁਸਾਰ ਜੇਕਰ ਮੂਲ ਸ਼ਬਦ ਵਿੱਚ ਬਿੰਦੀ ਲੱਗੀ ਹੋਈ ਹੈ ਤਾਂ ਉਸ ਬਿੰਦੀ ਨੂੰ ਵੀ ਸਾਨੂੰ ਉਸ ਤੋਂ ਬਣਨ ਵਾਲ਼ੇ ਸ਼ਬਦ ਦੇ ਨਾਲ਼ ਹੀ ਲਿਜਾਣਾ ਪਵੇਗਾ। ਬੱਚੇ ਨੂੰ ਸੁਆਂਉਣ ਲਈ ਸੁੁਆਂਉਣ ਸ਼ਬਦ ਸੁਆਂ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਵਿੱਚ ਵੀ ਇਹ ਬਿੰਦੀ ਇਸ ਦੇ ਨਾਲ਼ ਹੀ ਰਹਿਣੀ ਹੈ। ਇਸੇ ਤਰ੍ਹਾਂ ਜਿਊਂਣ ਸ਼ਬਦ ਵੀ ਬਿੰਦੀ ਪਾ ਕੇ ਹੀ ਲਿਖਣਾ ਹੈ।
ਬਿੰਦੀ ਦੀ ਬੇਲੋੜੀ ਵਰਤੋਂ:
“”””””””””””””””””””””””””””
ਕੁਝ ਲੋਕ ਅਜਿਹੇ ਸ਼ਬਦਾਂ, ਜਿਵੇਂ: ਆਪਣਾਂ, ਛਾਪਣਾਂ, ਖਾਣਾਂ (ਭੋਜਨ), ਏਨੀਂ, ਜਿੰਨੀਂ, ਕਿੰਨੀਂ ਆਦਿ ਸ਼ਬਦਾਂ ਨਾਲ਼ ਵੀ ਬਿੰਦੀ ਦੀ ਵਰਤੋਂ ਕਰ ਰਹੇ ਹਨ ਜਿਸ ਦੀ ਕਿ ਲੋੜ ਹੀ ਨਹੀਂ ਹੈ ਕਿਉਂਕਿ ਅਜਿਹੇ ਸ਼ਬਦਾਂ ਵਿੱਚ ਪਹਿਲਾਂ ਹੀ ਣ ਜਾਂ ਨ ਅਨੁਨਾਸਿਕ ਅੱਖਰ ਲੱਗੇ ਹੋਏ ਹਨ। ਇਸੇ ਕਾਰਨ ਹੀ ਸੌਂਣਾ ਸ਼ਬਦ ਵਿੱਚ ਸੌਂ ਤੋਂ ਬਾਅਦ ਣਾ ਉੱਤੇ ਬਿੰਦੀ ਨਹੀਂ ਪਾਈ ਗਈ। ਇਸ ਤੋਂ ਬਿਨਾਂ ਜੇਕਰ ਕਿਰਿਆ ਦੇ ਕਾਰਜ ਦੀ ਗੱਲ ਅੱਗੇ ਵੱਲ ਵਧ ਰਹੀ ਹੋਵੇ ਤਾਂ ਵੀ ਬਿੰਦੀ ਦੀ ਵਰਤੋਂ ਕੀਤੀ ਜਾਣੀ ਹੈ, ਜਿਵੇਂ: ਬਿਨਾਂ, ਜਿਨ੍ਹਾਂ, ਕਿਨ੍ਹਾਂ ਆਦਿ।
…………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052.

ਕਾਰ/ਕਾਰਿੰਦਾ; ਵੱਸੋਂ/ਬਾਸ਼ਿੰਦਾ ਆਦਿ ਸਬਦਾਂ ਦੀ ਸਾਂਝ ਅਤੇ ਵਖਰੇਵਾਂ

ਕਰ (ਕਰਨਾ) ਸ਼ਬਦ ਸੰਸਕ੍ਰਿਤ ਮੂਲ ਦਾ ਹੈ। ਇਸ ਸ਼ਬਦ ਦਾ ਮੂਲ ਅਰਥਾਤ ਧਾਤੂ ‘ਕ੍ਰ’ ਹੈ। ‘ਕ੍ਰ’ ਧਾਤੂ ਜਾਂ ਕਰ ਸ਼ਬਦ ਦੇ ਮੂਲ ਅਰਥ ਹਨ- ਕੋਈ ਕੰਮ ਕਰਨਾ। ‘ਕਰ’ ਸ਼ਬਦ ਦੇ ਇੱਕ ਹੋਰ ਅਰਥ “ਹੱਥ” ਵੀ ਹਨ ਅਰਥਾਤ ਮਨੁੱਖੀ ਸਰੀਰ ਦਾ ਉਹ ਅੰਗ ਜਿਸ ਨਾਲ਼ ਕੋਈ ਕੰਮ ਕੀਤਾ ਜਾਵੇ। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਅੰਤਰ ਕੇਵਲ ਏਨਾ ਕੁ ਹੈ ਕਿ ਪਹਿਲੇ ਸ਼ਬਦ ਵਿੱਚ ‘ਰਾਰਾ’ ਅੱਖਰ ‘ਕੱਕੇ’ ਦੇ ਪੈਰਾਂ ਵਿੱਚ ਪੈਂਦਾ ਹੈ ਜਦਕਿ ਦੂਜੇ ਸ਼ਬਦ (ਕਰ) ਵਿੱਚ ਪੂਰਾ ‘ਰਾਰਾ’ ਲਿਖਿਆ ਜਾਂਦਾ ਹੈ। ਇਸ ਮੂਲ ਸ਼ਬਦ ‘ਕਰ’ ਜਾਂ ‘ਕ੍ਰ’ ਤੋਂ ਹੀ ਕਰਨਾ, ਕਿਰਿਆ, ਕਰਤਾ, ਕਿਰਤ, ਕਰਤਾਰੀ, ਕਾਰਜ, ਕਰਮ, ਕਰਮਣੀ ਆਦਿ ਸ਼ਬਦ ਬਣੇ ਹਨ। ‘ਕਰ’ ਸ਼ਬਦ ਨੂੰ ਆਧਾਰ ਬਣਾ ਕੇ ਕਿਸੇ ਵੱਡੀ ਹਸਤੀ ਨੂੰ ਸਤਿਕਾਰ ਦੇਣ ਲਈ ਉਸ ਦੇ ਹੱਥਾਂ ਨੂੰ ‘ਕਰ-ਕਮਲ’ ਵੀ ਆਖ ਦਿੱਤਾ ਜਾਂਦਾ ਹੈ। ਪੈਰ ਸ਼ਬਦ ਨਾਲ਼ ਜੋੜ ਕੇ ਅਜਿਹਾ ਹੀ ਇੱਕ ਸ਼ਬਦ-ਜੁੱਟ ‘ਕਰ-ਪੈਰ’ ਵਿੱਚ ਤਬਦੀਲ ਹੋ ਜਾਂਦਾ ਹੈ। ‘ਕਰ’ ਸ਼ਬਦ ਵਿੱਚ ਮਧੇਤਰ (ਅਗੇਤਰ-ਪਿਛੇਤਰ ਵਾਂਗ: ਵਿਚਕਾਰ) ਕੰਨਾ ਲਾ ਕੇ ‘ਕਾਰ’ ਸ਼ਬਦ ਵੀ ਇਸੇ ਸ਼ਬਦ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ: ਕੰਮ ਜਾਂ ਕਿੱਤਾ ਆਦਿ।
ਇਸੇ ਤੋਂ ਕੁਝ ਹੋਰ ਸ਼ਬਦ-ਜੁੱਟ, ਜਿਵੇਂ: ਕੰਮ-ਕਾਰ, ਕਾਰ-ਸੇਵਾ, ਕਾਰ-ਵਿਹਾਰ ਆਦਿ ਵੀ ਬਣੇ ਹਨ। ‘ਕਾਰ’ ਸ਼ਬਦ ਦੇ ਇੱਕ ਹੋਰ ਅਰਥ- ਲਕੀਰ (ਜਿਵੇਂ:ਰਾਮ ਕਾਰ) ਵੀ ਹਨ ਜੋਕਿ ਸੰਸਕ੍ਰਿਤ ਭਾਸ਼ਾ ਦੇ ‘ਲਕਾਰ’ (ਰੇਖਾ ਜਾਂ ਲਕੀਰ) ਸ਼ਬਦ ਤੋਂ ਬਣਿਆ ਹੈ। ‘ਕਾਰ-ਸੇਵਾ’ ਸ਼ਬਦਾਂ ਵਿਚਲਾ ‘ਕਾਰ’ ਸ਼ਬਦ ਸੰਸਕ੍ਰਿਤ ਦੇ ‘ਕਾਰਦ੍’ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਪਾਣੀ ਜਾਂ ਤੇਲ ਆਦਿ ਥੱਲੇ ਜੰਮੀ ਹੋਈ ਮਿੱਟੀ। ਇਸ ਪ੍ਕਾਰ ‘ਕਾਰ-ਸੇਵਾ’ ਦਾ ਅਰਥ ਹੋਇਆ- ਕਿਸੇ ਟੋਭੇ ਜਾਂ ਸਰੋਵਰ ਆਦਿ ਵਿੱਚੋਂ ਗਾਰਾ ਜਾਂ ਮਿੱਟੀ ਆਦਿ ਕੱਢਣਾ। ‘ਕਾਰਦ੍’ ਸਬਦ ਵਿੱਚ ਰ ਅਤੇ ਦ ਦੀਆਂ ਦੋਵੇਂ ਧੁਨੀਆਂ ਸ਼ਾਮਲ ਹੋਣ ਕਾਰਨ ਹੀ ਕਈ ਲੋਕ ਇਸ ਨੂੰ ‘ਗਾਰ’ ਅਤੇ ਕਈ ‘ਗਾਦ’ ਵੀ ਕਹਿ ਦਿੰਦੇ ਹਨ। ‘ਕਾਰਦ੍’ ਵਿਚਲੀ ‘ਕ’ ਧੁਨੀ ਲੋਕ-ਉਚਾਰਨ ਕਾਰਨ ਹੌਲ਼ੀ-ਹੌਲ਼ੀ ‘ਗ’ ਧੁਨੀ ਵਿੱਚ ਬਦਲ ਗਈ ਹੈ। ਫ਼ਾਰਸੀ ਭਾਸ਼ਾ ਵਿੱਚ ਵੀ ਇਹਨਾਂ ਸ਼ਬਦਾਂ (ਗਾਰ ਜਾਂ ਗਾਦ) ਦੇ ਲਗ-ਪਗ ਸਮਾਨਾਂਤਰ ਅਤੇ ਮਿਲ਼ਦਾ-ਜੁਲ਼ਦਾ ਹੀ ਇੱਕ ਸ਼ਬਦ ਹੈ- ਗਰਦ ਜਾਂ ਗਰਦਾ ਜਿਸ ਦੇ ਅਰਥ ਹਨ- ਘੱਟਾ ਜਾਂ ਧੂੜ ਆਦਿ।
ਸੰਸਕ੍ਰਿਤ ਭਾਸ਼ਾ ਦੇ ‘ਕਾਰ’ ਸ਼ਬਦ ਵਾਂਗ ਇੱਕ ‘ਕਾਰ’ ਸ਼ਬਦ ਫ਼ਾਰਸੀ ਭਾਸ਼ਾ ਵਿੱਚ ਵੀ ਹੈ ਜਿਸ ਦੇ ਇੱਕ ਅਰਥ ਸੰਸਕ੍ਰਿਤ ਦੇ ‘ਕਾਰ’ ਸ਼ਬਦ ਦੇ ਸਮਾਨਾਰਥੀ ਹੀ ਹਨ: ਕੰਮ-ਧੰਦਾ ਜਾਂ ਕਾਰੋਬਾਰ ਆਦਿ। ਸੰਸਕ੍ਰਿਤ ਵਿੱਚ ਭਾਵੇਂ ‘ਕਾਰ’ ਸ਼ਬਦ ‘ਕਰ’ ਧਾਤੂ ਤੋਂ ਹੀ ਬਣਿਆ ਹੋਇਆ ਹੈ ਪਰ ਫ਼ਾਰਸੀ ਭਾਸ਼ਾ ਦਾ ‘ਕਾਰ’ ਸ਼ਬਦ ‘ਕਰ’ ਤੋਂ ਨਹੀਂ ਬਣਿਆ ਹੋਇਆ। ਦਰਅਸਲ ਫ਼ਾਰਸੀ ਵਿੱਚ ‘ਕਰ’ ਨਾਮ ਦਾ ਕੋਈ ਸ਼ਬਦ ਹੀ ਨਹੀਂ ਹੈ ਪਰ ਫਿਰ ਵੀ ਦੋਂਹਾਂ ਭਾਸ਼ਾਵਾਂ ਵਿੱਚ ‘ਕਾਰ’ ਸ਼ਬਦ ਦੇ ਅਰਥ ਇਕਸਮਾਨ ਹੀ ਹਨ। ਸੰਸਕ੍ਰਿਤ ਵਾਂਗ ਫ਼ਾਰਸੀ ਭਾਸ਼ਾ ਵਿੱਚ ਵੀ ‘ਕਾਰ’ ਸ਼ਬਦ ਤੋਂ ਕਈ ਸ਼ਬਦ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਬਦ ਹੈ- ‘ਕਾਰਿੰਦਾ’। ਇਸ ਸ਼ਬਦ ਦੇ ਅਰਥ ਹਨ: ਕੰਮ ਕਰਨ ਵਾਲਾ, ਨੌਕਰ ਜਾਂ ਮਜ਼ਦੂਰ ਆਦਿ। ਇਹ ਸ਼ਬਦ ਕਿਉਂਕਿ ਫ਼ਾਰਸੀ ਭਾਸ਼ਾ ਨਾਲ਼ ਸੰਬੰਧ ਰੱਖਦਾ ਹੈ ਅਤੇ ਫ਼ਾਰਸੀ ਭਾਸ਼ਾ ਦੇ ਹੀ ‘ਕਾਰ’ ਸ਼ਬਦ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਨੂੰ ‘ਕਰਿੰਦਾ’ ਅਰਥਾਤ ਬਿਨਾਂ ਕੰਨੇ ਤੋਂ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਪੰਜਾਬੀ ਭਾਸ਼ਾ ਨੇ ਵੀ ਇਸ ਸ਼ਬਦ ਨੂੰ ਇਸ ਦੇ ਮੂਲ ਅਰਥਾਤ ਤਤਸਮ ਰੂਪ ਵਿੱਚ ‘ਕਾਰਿੰਦਾ’ ਦੇ ਤੌਰ ‘ਤੇ ਹੀ ਅਪਣਾਇਆ ਹੋਇਆ ਹੈ ਪਰ ਅਸੀਂ ਆਮ ਤੌਰ ‘ਤੇ ਇਸ ਸ਼ਬਦ ਨੂੰ ਹਿੰਦੀ/ਸੰਸਕ੍ਰਿਤ ਮੂਲ ਦੇ ‘ਕਰ’ ਸ਼ਬਦ ਤੋਂ ਬਣਿਆ ਹੋਇਆ ਸਮਝ ਕੇ ਜਾਂ ਅਗਿਆਨਤਾਵੱਸ ਬਿਨਾਂ ਕੰਨੇ ਤੋਂ ‘ਕਰਿੰਦਾ’ ਹੀ ਲਿਖ ਦਿੰਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ। ਸ਼ਾਇਦ ਬਹੁਤ ਹੀ ਘੱਟ ਲੋਕ ਹੋਣਗੇ ਜੋ ਇਸ ਸ਼ਬਦ ਨੂੰ ਇਸ ਦੇ ਸ਼ੁੱਧ ਸ਼ਬਦ-ਜੋੜਾਂ ਨਾਲ਼ ‘ਕਾਰਿੰਦਾ’ ਲਿਖਦੇ ਹੋਣਗੇ।
ਕਾਰਿੰਦਾ ਤੋਂ ਬਿਨਾਂ ਜਿਹੜੇ ਕੁਝ ਹੋਰ ਸ਼ਬਦ ਫ਼ਾਰਸੀ ਭਾਸ਼ਾ ਦੇ ‘ਕਾਰ’ ਸ਼ਬਦ ਤੋਂ ਬਣੇ ਹੋਏ ਹਨ, ਉਹ ਹਨ: ਕਾਰਾ (ਪੁੱਠਾ ਕੰਮ); ਕਾਰਨਾਮਾ (ਵਰਨਣਯੋਗ ਕੰਮ); ਕਾਰ-ਮੁਖ਼ਤਿਆਰ (ਜਿਸ ਨੂੰ ਕੰਮ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਹੋਵੇ); ਕਾਰਗਰ (ਕੰਮ ਕਰਨ ਵਾਲ਼ੀ ਚੀਜ਼, ਗੁਣਕਾਰੀ, ਫ਼ਾਇਦੇਮੰਦ); ਕਾਰਖ਼ਾਨਾ (ਕੰਮ ਕਰਨ ਦਾ ਸਥਾਨ, ਕਾਰਗਾਹ); ਕਾਰਕੁੰਨ (ਕੰਮ ਕਰਨ ਵਾਲ਼ਾ, ਕਾਰਦਾਰ); ਕਾਰਵਾਈ (ਕਾਰ+ਰਵਾਈ, ਕੰਮ ਦਾ ਚਲਨ, ਕਾਰ-ਕਰਦਗੀ, ਕਾਰਗੁਜ਼ਾਰੀ); ਕਾਰ-ਆਮਦ (ਕੰਮ ਆਉਣ ਵਾਲ਼ੀ ਚੀਜ਼); ਕਾਰਸਤਾਨੀ (ਸ਼ੈਤਾਨਾਂ ਵਾਲ਼ਾ ਕੰਮ); ਕਾਰੀਗਰ (ਕੰਮ ਕਰਨ ਵਾਲਾ, ਕੰਮ ਦਾ ਮਾਹਰ); ਕਾਰੋਬਾਰ (ਕੰਮ-ਧੰਦਾ) ਆਦਿ।
‘ਕਾਰਿੰਦਾ’ ਸ਼ਬਦ ਵਾਂਗ ਹੀ ਇਸ ਸ਼ਬਦ ਨਾਲ਼ ਮਿਲ਼ਦਾ-ਜੁਲ਼ਦਾ ਇੱਕ ਹੋਰ ਸ਼ਬਦ ‘ਬਾਸ਼ਿੰਦਾ’ ਵੀ ਫ਼ਾਰਸੀ ਭਾਸ਼ਾ ਨਾਲ਼ ਹੀ ਸੰਬੰਧ ਰੱਖਦਾ ਹੈ। ਇਸ ਸ਼ਬਦ ਨੂੰ ਵੀ ਪੰਜਾਬੀ ਭਾਸ਼ਾ ਨੇ ਇਸ ਦੇ ਤਤਸਮ ਰੂਪ ਵਿੱਚ ਹੀ ਅਪਣਾਇਆ ਹੋਇਆ ਹੈ। ‘ਬਾਸ਼ਿੰਦਾ’ ਸ਼ਬਦ ਦੇ ਅਰਥ ਹਨ: ਕਿਸੇ ਵਿਸ਼ੇਸ਼ ਸਥਾਨ ‘ਤੇ ਰਹਿਣ ਵਾਲ਼ਾ ਜਾਂ ਉੱਥੋਂ ਦਾ ਵਸਨੀਕ। ਇਸ ਸ਼ਬਦ ਦੇ ਸ਼ਬਦ-ਜੋੜ ਅਤੇ ਅਰਥ ਕਾਰਿੰਦਾ ਦੇ ‘ਕਾਰ’ ਸ਼ਬਦ ਵਾਂਗ ਹੀ ਸੰਸਕ੍ਰਿਤ-ਮੂਲ ਦੇ ਸ਼ਬਦਾਂ: ਵੱਸੋਂ ਜਾਂ ਵਸੇਬਾ ਆਦਿ ਨਾਲ਼ ਬਹੁਤ ਜ਼ਿਆਦਾ ਰਲ਼ਦੇ-ਮਿਲ਼ਦੇ ਹੋਣ ਕਾਰਨ ਕੁਝ ਲੋਕ ਇਸ ਨੂੰ ਇਹਨਾਂ ਸ਼ਬਦਾਂ ਤੋਂ ਹੀ ਬਣਿਆ ਹੋਇਆ ਸਮਝ ਕੇ ਇਸ ਨੂੰ ਕੰਨੇ ਤੋਂ ਬਿਨਾਂ ਅਰਥਾਤ ਬਸ਼ਿੰਦਾ ਹੀ ਲਿਖ ਦਿੰਦੇ ਹਨ ਜੋਕਿ ਭਾਸ਼ਾਈ ਅਤੇ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ।
ਸੋ, ਉਪਰੋਕਤ ਅਨੁਸਾਰ ਅਸੀਂ ਦੇਖਦੇ ਹਾਂ ਕਿ ਹਿੰਦੀ/ਪੰਜਾਬੀ ਭਾਸ਼ਾਵਾਂ ਵਾਂਗ ਫ਼ਾਰਸੀ ਭਾਸ਼ਾ ਵਿੱਚ ਵੀ ਕਿਸੇ ਕੰਮ-ਧੰਦੇ ਆਦਿ ਲਈ ‘ਕਾਰ’ ਸ਼ਬਦ ਹੀ ਵਰਤਿਆ ਜਾਂਦਾ ਹੈ। ਇਸ ਦੇ ਪਿੱਛੇ ਕਾਰਨ ਇਹੋ ਹੀ ਹੋ ਸਕਦਾ ਹੈ ਕਿ ਸੰਸਕ੍ਰਿਤ ਅਤੇ ਫ਼‍ਾਰਸੀ ਦੋਵੇਂ ਭਾਸ਼ਾਵਾਂ ਇੱਕ ਹੀ ਭਾਸ਼ਾ-ਪਰਿਵਾਰ ਅਰਥਾਤ ਅਾਰੀਆਈ ਭਾਸ਼ਾ-ਪਰਿਵਾਰ ਨਾਲ਼ ਸੰਬੰਧਿਤ ਹਨ। ਦੋਂਹਾਂ ਭਾਸ਼ਾਵਾਂ ਦੇ ਕਈ ਸ਼ਬਦ ਆਪਸ ਵਿੱਚ ਰਲ਼ਦੇ-ਮਿਲ਼ਦੇ ਹੋਣ ਦਾ ਕਾਰਨ ਵੀ ਇਹੋ ਹੀ ਹੈ ਕਿ ਇਹਨਾਂ ਦੋਂਹਾਂ ਭਾਸ਼ਾਵਾਂ ਦੀ ਆਪਸ ਵਿੱਚ ਬਹੁਤ ਪੁਰਾਤਨ ਸਾਂਝ ਹੈ।
ਇਸੇ ਤਰ੍ਹਾਂ ‘ਰੰਗ’ ਸ਼ਬਦ ਦੇ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਵੀ ਉਹੀ ਅਰਥ ਹਨ ਜੋ ਫ਼ਾਰਸੀ ਭਾਸ਼ਾ ਵਿੱਚ ਹਨ। ਇਸੇ ਕਰਕੇ ਕੱਪੜੇ ਰੰਗਣ ਵਾਲੇ ਨੂੰ ਫ਼ਾਰਸੀ ਭਾਸ਼ਾ ਵਿੱਚ ‘ਰੰਗਰੇਜ਼’ ਆਖਿਆ ਜਾਂਦਾ ਹੈ। ਇਸੇ ਪ੍ਰਕਾਰ ਰੰਗ-ਸਾਜ਼ (ਰੰਗਣ ਵਾਲ਼ਾ), ਰੰਗਦਾਰ (ਰੰਗੀਨ), ਰੰਗ-ਬਰੰਗਾ (ਕਈ ਰੰਗਾਂ ਵਾਲ਼ਾ), ਰੰਗ-ਰੋਗਨ, ਰੰਗਾ-ਰੰਗ (ਵੱਖ-ਵੱਖ ਰੰਗਾਂ ਦਾ/ਵੱਖ-ਵੱਖ ਰਸ-ਰੰਗਾਂ ਵਾਲ਼ਾ) ਆਦਿ ਸ਼ਬਦ ਵੀ ਫ਼ਾਰਸੀ ਭਾਸ਼ਾ ਨਾਲ਼ ਹੀ ਸੰਬੰਧ ਰੱਖਦੇ ਹਨ ਅਤੇ ਇਹ ਸਾਰੇ ਸ਼ਬਦ ਫ਼ਾਰਸੀ ਭਾਸ਼ਾ ਦੇ ਇਸੇ ਸ਼ਬਦ ‘ਰੰਗ’ ਤੋਂ ਹੀ ਬਣੇ ਹੋਏ ਹਨ। ਫ਼ਰਕ ਕੇਵਲ ਏਨਾ ਹੀ ਹੈ ਕਿ ਫ਼ਾਰਸੀ ਭਾਸ਼ਾ ਵਿੱਚ ‘ਰੰਗ’ ਸ਼ਬਦ ਦੇ ਹਿੰਦੀ/ਪੰਜਾਬੀ ਦੇ ਅਰਥ‍ਂ ਵਾਲ਼ੇ ‘ਰੰਗ’ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਰਥ ਹਨ, ਜਿਵੇਂ: ਹਾਲ-ਹਵਾਲ, ਖ਼ੁਸ਼ਹਾਲੀ, ਰਸ, ਰੌਣਕ, ਰੰਗ-ਢੰਗ ਆਦਿ।
ਇਸੇ ਤਰ੍ਹਾਂ ਉਪਰੋਕਤ ਸ਼ਬਦਾਂ ਵਾਂਗ ਹੋਰ ਵੀ ਕਈ ਸ਼ਬਦ ਅਜਿਹੇ ਹਨ ਜੋ ਜਾਂ ਤਾਂ ਹੂ-ਬਹੂ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਨਾਲ਼ ਮੇਲ਼ ਖਾਂਦੇ ਹਨ ਜਾਂ ਕਾਫ਼ੀ ਹੱਦ ਤਕ ਉਹਨਾਂ ਦਾ ਮੁਹਾਂਦਰਾ ਅਤੇ ਅਰਥ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਨਾਲ਼ ਕਾਫ਼ੀ ਹੱਦ ਤੱਕ ਮੇਲ਼ ਖਾਂਦੇ ਹਨ। ਇਸ ਦਾ ਕਾਰਨ ਉਪਰੋਕਤ ਹੀ ਹੈ ਕਿ ਇਹ ਦੋਵੇਂ ਭਾਸ਼ਾਵਾਂ ਇੱਕ ਹੀ ਭਾਸ਼ਾ-ਪਰਿਵਾਰ ਦੀਆਂ ਦੋ ਵੱਖ-ਵੱਖ ਸ਼ਾਖਾਵਾਂ ਹਨ ਜਿਸ ਨੂੰ ਕਿ ‘ਅਾਰੀਆਈ ਭਾਸ਼ਾ-ਪਰਿਵਾਰ’ ਕਿਹਾ ਜਾਂਦਾ ਹੈ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ.98884-03052.

ਪਰ, ਪਰਿ ਅਤੇ ਪ੍ਰ ਅਗੇਤਰਾਂ ਦੇ ਅਰਥ ਅਤੇ ਉਹਨਾਂ ਤੋਂ ਬਣੇ ਕੁਝ ਸ਼ਬਦ

ਪਰ, ਪਰਿ ਅਤੇ ਪਰ ਪੰਜਾਬੀ ਦੇ ਤਿੰਨ ਸਜਾਤੀ ਅਗੇਤਰ ਹਨ। ਇਹਨਾਂ ਅਗੇਤਰਾਂ ਨੂੰ ਸਜਾਤੀ ਅਗੇਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਪ ਤੇ ਰ ਦੀਆਂ ਦੋ ਧੁਨੀਆਂ ਆਪਸ ਵਿੱਚ ਸਾਂਝੀਆਂ ਹਨ ਅਤੇ ਧੁਨੀਆਂ ਦੀ ਇਸ ਸਾਂਝ ਕਾਰਨ ਹੀ ਇਹਨਾਂ ਅਗੇਤਰਾਂ ਦੇ ਅਰਥਾਂ ਵਿੱਚ ਭਾਵੇਂ ਥੋੜ੍ਹਾ ਪਰ ਮਹੱਤਵਪੂਰਨ ਅੰਤਰ ਹੈ। ਇਹਨਾਂ ਅਗੇਤਰਾਂ ਦੀ ਵਰਤੋਂ ਕਰਦਿਆਂ ਅਸੀਂ ਕਈ ਵਾਰ ਇਹਨਾਂ ਨਾਲ਼ ਬਣੇ ਸ਼ਬਦਾਂ ਵਿੱਚ ਸਹੀ ਅਗੇਤਰ ਦੀ ਵਰਤੋਂ ਕਰਨ ਸੰਬੰਧੀ ਭੁਲੇਖਾ ਖਾ ਜਾਂਦੇ ਹਾਂ ਤੇ ਇਸੇ ਅਣਗਹਿਲੀ ਕਾਰਨ ਅਸੀਂ ਪ੍ਰਚਲਿਤ ਸ਼ਬਦ ਨੂੰ ਪਰਚਲਿਤ, ਪਰੀਖਿਆ ਨੂੰ ਪ੍ਰੀਖਿਆ, ਪਰਿਵਾਰ ਨੂੰ ਪ੍ਰੀਵਾਰ ਅਤੇ ਪਰਿਭਾਸ਼ਾ ਨੂੰ ਪ੍ਰੀਭਾਸ਼ਾ ਆਦਿ ਲਿਖ ਦਿੰਦੇ ਹਾਂ ਜਿਸ ਕਾਰਨ ਅਸੀਂ ਇਹਨਾਂ ਸ਼ਬਦਾਂ ਦੇ ਅਰਥਾਂ ਦਾ ਜਾਣੇ-ਅਨਜਾਣੇ ਵਿੱਚ ਅਨਰਥ ਕਰ ਬੈਠਦੇ ਹਾਂ ਪਰ ਇਸ ਦੇ ਉਲਟ ਜੇਕਰ ਸਾਨੂੰ ਇਹਨਾਂ ਅਗੇਤਰਾਂ ਦੇ ਅਰਥਾਂ ਦਾ ਪਤਾ ਹੋਵੇਗਾ ਤਾਂ ਅਸੀਂ ਕਦੇ ਵੀ ਅਜਿਹੀ ਕੁਤਾਹੀ ਨਹੀਂ ਵਰਤਾਂਗੇ ਅਤੇ ਹਮੇਸ਼ਾਂ ਸੰਬੰਧਿਤ ਸ਼ਬਦ ਵਿੱਚ ਉਸ ਦੇ ਲੁੜੀਂਦੇ ਅਰਥਾਂ ਅਨੁਸਾਰ ਸਹੀ ਅਤੇ ਢੁਕਵਾਂ ਅਗੇਤਰ ਹੀ ਇਸਤੇਮਾਲ ਕਰਾਂਗੇ। ਇਹਨਾਂ ਅਗੇਤਰਾਂ ਦੀ ਮਦਦ ਨਾਲ਼ ਹਿੰਦੀ/ਪੰਜਾਬੀ ਅਤੇ ਸੰਸਕ੍ਰਿਤ ਸਮੇਤ ਕਈ ਹੋਰ ਉੱਤਰ-ਭਾਰਤੀ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਦੀ ਵਿਉਤਪਤੀ ਹੋਈ ਹੈ।
ਇਹਨਾਂ ਤਿੰਨ ਸਜਾਤੀ ਅਗੇਤਰਾਂ ਵਿੱਚੋਂ ਪਹਿਲਾ ਅਗੇਤਰ ਹੈ– ਪਰ।ਇਸ ਅਗੇਤਰ ਦੇ ਅਰਥ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ- ਪਰਾਇਆ, ਦੂਜਾ, ਕੋਈ ਹੋਰ, ਜਿਵੇਂ: ਪਰਦੇਸ (ਦੂਜਾ ਜਾਂ ਬੇਗਾਨਾ ਦੇਸ), ਪਰਲੋਕ (ਦੂਜਾ ਲੋਕ/ ਇਸ ਦੁਨੀਆ ਤੋਂ ਅਲੱਗ ਕੋਈ ਦੂਜੀ ਦੁਨੀਆ), ਪਰਾਧੀਨ (ਪਰ+ਅਧੀਨ= ਕਿਸੇ ਦੂਜੇ ਦੇ ਅਧੀਨ), ਪਰਵਾਸ (ਦੂਜੀ ਥਾਂ ਜਾ ਕੇ ਵੱਸ ਜਾਣਾ) ਆਦਿ। ਇਸੇ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਹੋਰ ਸ਼ਬਦ ਹਨ: ਪਰਨਾਰੀ, ਪਰਉਪਕਾਰ, ਪਰਧਨ,ਪਰਵੱਸ ਆਦਿ। ਪਰਛਾਂਵਾਂ ਸ਼ਬਦ ਭਾਵੇਂ ਸੰਸਕ੍ਰਿਤ ਭਾਸ਼ਾ ਦੇ ਪ੍ਰਤਿਛਾਯਾ ਅਤੇ ਹਿੰਦੀ ਦੇ ਪ੍ਰਛਾਈਂ ਆਦਿ ਸ਼ਬਦਾਂ ਤੋਂ ਬਣਿਆ ਹੋਇਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਪੂਰੇ ਰਾਰੇ ਨਾਲ਼ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਫ਼ਾਰਸੀ ਭਾਸ਼ਾ ਤੋਂ ਆਏ ਸ਼ਬਦ ‘ਪਰਵਾ’ (ਪਰਵਾਹ, ਚਿੰਤਾ, ਫ਼ਿਕਰ, ਤਵੱਜੋ ਆਦਿ) ਨੂੰ ਵੀ ਪੰਜਾਬੀ ਵਿੱਚ ਪੂਰੇ ਰਾਰੇ ਨਾਲ਼ ਅਤੇ ਅੰਤ ਵਿੱਚ ਹਾਹਾ ਪਾ ਕੇ ਯਾਅਨੀ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਅਨੁਸਾਰ ‘ਪਰਵਾਹ’ ਦੇ ਤੌਰ ‘ਤੇ ਹੀ ਲਿਖਣਾ ਹੈ। ‘ਪਰਾਹੁਣਾ’ ਸ਼ਬਦ ਵੀ ਭਾਵੇਂ ਹਿੰਦੀ ਭਾਸ਼ਾ ਦੇ ‘ਪਾਹੁਨਾ’ ਸ਼ਬਦ ਤੋਂ ਹੀ ਵਿਕਸਿਤ ਹੋਇਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਵੀ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਣਾ ਹੈ। ਇਸੇ ਤਰ੍ਹਾਂ ਪਰਨਾਲ਼ਾ ਸ਼ਬਦ ਜੋਕਿ ਸੰਸਕ੍ਰਿਤ ਦੇ ‘ਪ੍ਰਣਾਲ+ਆ’ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ, ਨੂੰ ਵੀ ‘ਪਰਨਾਲ਼ਾ’ ਅਰਥਾਤ ਪੂਰੇ ਰਾਰੇ ਨਾਲ਼ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਉਪਰੋਕਤ ਅਗੇਤਰਾਂ ਵਿੱਚੋਂ ਦੂਜਾ ਅਗੇਤਰ ਹੈ- ਪਰਿ। ਇਸ ਦੇ ਮੁੱਖ ਅਰਥ ਹਨ: ਚਾਰੇ ਪਾਸਿਓਂ ਜਾਂ ਹਰ ਪੱਖੋਂ, ਜਿਵੇ: ਪਰਿਸਥਿਤੀ (ਪਰਿ+ਸਥਿਤੀ)- ਆਲ਼ੇ-ਦੁਆਲ਼ੇ ਦੇ ਹਾਲਾਤ; ਪਰਿਕਰਮਾ- ਕਿਸੇ ਚੀਜ਼ ਜਾਂ ਆਪਣੇ ਇਸ਼ਟ ਦੇ ਆਲੇ-ਦੁਆਲ਼ੇ ਕਦਮ ਪੁੱਟਣੇ; ਪਰਿਪੂਰਨ- ਆਲ਼ੇ- ਦੁਆਲ਼ਿਓਂ ਭਾਵ ਹਰ ਪੱਖੋਂ ਮੁਕੰਮਲ, ਪਰਿਪੱਕ- ਹਰ ਪੱਖੋਂ ਪੱਕਿਆ ਹੋਇਆ, ਪੂਰੀ ਤਰ੍ਹਾਂ ਤਿਆਰ; ਪਰਿਭਾਸ਼ਾ- ਕਿਸੇ ਚੀਜ਼ ਜਾਂ ਵਿਸ਼ੇ ਆਦਿ ਸੰਬੰਧੀ ਗਿਆਨ ਨੂੰ ਹਰ ਪੱਖੋਂ ਮੁਕੰਮਲ ਤੌਰ ‘ਤੇ ਭਾਸ਼ਾ ਵਿੱਚ ਬੰਨ੍ਹਣਾ।
ਹਿੰਦੀ ਵਿੱਚ ਇਸ ਅਗੇਤਰ ਨਾਲ਼ ਕਈ ਨਵੇਂ-ਨਵੇਂ ਸ਼ਬਦ ਵੀ ਘੜੇ ਜਾ ਰਹੇ ਹਨ, ਜਿਵੇਂ: ਪਰਿਦ੍ਰਿਸ਼ਯ: ਕਿਸੇ ਥਾਂ ਦੇ ਆਲ਼ੇ-ਦੁਆਲ਼ੇ ਦਾ ਦ੍ਰਿਸ਼; ਪਰਿਜਨ: ਕਿਸੇ ਪਰਿਵਾਰਿਕ ਇਕਾਈ ਨਾਲ਼ ਸੰਬੰਧਿਤ ਪਰਿਵਾਰ ਦੇ ਸਾਰੇ ਜੀਅ; ਪਰਿਵਹਿਨ: ਕਿਸੇ ਵਿਸ਼ੇਸ਼ ਸਥਾਨ ਦੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਚੱਲਣ ਵਾਲਾ/ਵਾਲ਼ੇ ਵਾਹਨ, ਜਿਵੇਂ: ਹਿਮਾਚਲ ਪਰਿਵਹਿਨ, ਹਰਿਆਣਾ ਪਰਿਵਹਿਨ ਆਦਿ ਪਰ ਪੰਜਾਬੀ ਵਿੱਚ ਇਸ ਪੱਖੋਂ ਪੂਰੀ ਤਰ੍ਹਾਂ ਖਡ਼ੋਤ ਆਈ ਜਾਪਦੀ ਹੈ। ‘ਪਰਿ’ ਅਗੇਤਰ ਦੇ ਸੰਬੰਧ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਕਿ ਵਿਦਿਆਰਥੀਆਂ ਦੇ ਇਮਤਿਹਾਨਾਂ ਨਾਲ਼ ਸੰਬੰਧਿਤ ਸ਼ਬਦ ‘ਪਰੀਖਿਆ’ (ਪਰਿ+ਈਖਿਆ) ਵੀ ਇਸੇ ਅਗੇਤਰ ‘ਪਰਿ’ ਤੋਂ ਹੀ ਬਣਿਆ ਹੋਇਆ ਹੈ। ਇਸ ਦੇ ਮੂਲ ਰੂਪ ਅਰਥਾਤ ਸੰਸਕ੍ਰਿਤ ਭਾਸ਼ਾ ਵਿੱਚ ਇਸ ਸ਼ਬਦ ਦੀ ਵਿਉਤਪਤੀ ਪਰਿ+ਈਕਸ਼ਾ (ਅਕਸ਼ਿ ਅਰਥਾਤ ਅੱਖ ਤੋਂ ਬਣਿਆ) ਸ਼ਬਦ-ਜੁੱਟ ਤੋਂ ਹੋਈ ਹੈ, ਪ੍ਰ+ਈਕਸ਼ਾ ਜਾਂ ਪ੍ਰ+ਈਖਿਆ ਤੋਂ ਨਹੀਂ। ਇਸੇ ਕਾਰਨ ਇਸ ਸ਼ਬਦ ਦਾ ਸ਼ੁੱਧ ਸ਼ਬਦ-ਰੂਪ ‘ਪਰੀਖਿਆ’ ਹੈ ਨਾਕਿ ਪ੍ਰੀਖਿਆ। ਪਰੀਕਸ਼ਾ/ ਪਰੀਖਿਆ ਸ਼ਬਦਾਂ ਵਿੱਚੋਂ ਈਕਸ਼ਾ ਸ਼ਬਦ ਸੰਸਕ੍ਰਿਤ ਦੇ ਅਕਸ਼ਿ ਅਤੇ ਪਰੀਖਿਆ ਸ਼ਬਦ ਪੰਜਾਬੀ ਦੇ ਅੱਖ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਪ੍ਰਕਾਰ ਇਹਨਾਂ ਸ਼ਬਦਾਂ ਦੇ ਅਰਥ ਹਨ- ਕਿਸੇ ਵਿਸ਼ੇ ਦੇ ਹਰ ਪੱਖ ਬਾਰੇ ਕਿਸੇ ਵਿਅਕਤੀ ਦੇ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਨੂੰ ਜਾਣਨਾ ਜਾਂ ਪਰਖ ਕਰਨੀ। ਇਸੇ ਕਾਰਨ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਨੂੰ ‘ਪਰੀਕਸ਼ਾ’ ਭਾਵ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਂਦਾ ਹੈ, ਦੁੱਤ ਅੱਖਰ ਰਾਰੇ ਨਾਲ਼ ਨਹੀਂ। ਇਸ ਅਗੇਤਰ ਨਾਲ਼ ਬਣੇ ਕੁਝ ਹੋਰ ਸ਼ਬਦ ਹਨ- ਪਰਿਮਾਣ, ਪਰਿਣਾਮ, ਪਰਿਪਾਟੀ, ਪਰਿਪੇਖ, ਪਰਿਮਾਪ, ਪਰਿਹਾਸ (ਹਾਸ-ਪਰਿਹਾਸ), ਪਰਿਵਾਰ, ਪਰਿਤਿਆਗ, ਪਰਿਵਰਤਨ ਆਦਿ।
ਉਪਰੋਕਤ ਤਿੱਕੜੀ ਵਿੱਚੋਂ ਤੀਜਾ ਤੇ ਆਖ਼ਰੀ ਅਗੇਤਰ ਹੈ– ਪ੍ਰ। ਇਸ ਅਗੇਤਰ ਦਾ ਅਰਥ ਹੈ- ਅੱਗੇ ਵੱਲ, ਚਾਰ-ਚੁਫੇਰੇ ਅਰਥਾਤ ਦੂਰ-ਦੂਰ ਤੱਕ, ਜਿਵੇਂ: ਪ੍ਰਚਲਿਤ (ਪ੍ਰ+ਚਲਿਤ): ਕਿਸੇ ਚੀਜ਼ ਦਾ ਦੂਰ-ਦੂਰ ਤੱਕ ਚੱਲ ਨਿਕਲ਼ਨਾ; ਪ੍ਰਸਿੱਧ (ਕਿਸੇ ਚੀਜ਼ ਦਾ ਦੂਰ-ਦੂਰ ਤੱਕ ਸਿੱਧ ਅਰਥਾਤ ਸਾਬਤ ਹੋ ਜਾਣਾ; ਪ੍ਰਵਾਹ: ਕਿਸੇ ਨਦੀ ਜਾਂ ਦਰਿਆ ਆਦਿ ਦੇ ਪਾਣੀ ਦਾ ਵਹਾਅ ਜਾਂ ਕਿਸੇ ਲੰਗਰ ਜਾਂ ਭੰਡਾਰੇ ਆਦਿ ਦਾ ਚੱਲਣਾ। ਇਸੇ ਤਰ੍ਹਾਂ ਕੁਝ ਹੋਰ ਸ਼ਬਦ, ਜਿਵੇਂ: ਪ੍ਰਵੇਸ਼ (ਦਾਖ਼ਲ ਹੋਣਾ), ਪ੍ਰਵਕਤਾ (ਚੰਗੀ ਤਰ੍ਹਾਂ ਸੋਚ-ਸਮਝ ਕੇ ਗੱਲ ਕਹਿਣ ਵਾਲ਼ਾ) ਪ੍ਰਵਾਨ, ਪ੍ਰਨਾਮ, ਪ੍ਰਯੋਗ, ਪ੍ਰਕਿਰਤੀ, ਪ੍ਰਕਿਰਿਆ, ਪ੍ਰਯੋਜਨ, ਪ੍ਰਮੁੱਖ, ਪ੍ਰਮਾਣ, ਪ੍ਰਬੁੱਧ, ਪ੍ਰਸ਼ਾਸਨ, ਪ੍ਰਗਤੀ,ਪ੍ਰਚਾਰ, ਪ੍ਰਪੰਚ, ਆਦਿ ਵੀ ‘ਪ੍ਰ’ ਅਗੇਤਰ ਨਾਲ਼ ਹੀ ਬਣੇ ਹੋਏ ਹਨ।
ਸੋ, ਉਪਰੋਕਤ ਵਿਚਾਰ-ਚਰਚਾ ਤੋਂ ਸਪਸ਼ਟ ਹੈ ਕਿ ਇਹਨਾਂ ਤਿੰਨਾਂ ਸਜਾਤੀ ਅਗੇਤਰਾਂ ਨਾਲ਼ ਬਣੇ ਹੋਏ ਸ਼ਬਦਾਂ ਵਿੱਚ ਸਾਨੂੰ ਹਮੇਸ਼ਾਂ ਸਹੀ ਅਤੇ ਢੁਕਵੇਂ ਅਗੇਤਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂਜੋ ਇਸ ਸੰਬੰਧ ਵਿੱਚ ਹੋਣ ਵਾਲ਼ੀਆਂ ਬੇਲੋੜੀਆਂ ਗ਼ਲਤੀਆਂ ਅਤੇ ਕੁਤਾਹੀਆਂ ਤੋਂ ਬਚਿਆ ਜਾ ਸਕੇ। ਅਜਿਹਾ ਕਰਨ ਨਾਲ਼ ਬਿਨਾਂ ਸ਼ੱਕ ਅਸੀਂ ਆਪਣੀ ਲਿਖਤ ਨੂੰ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ, ਸੁੰਦਰ ਅਤੇ ਦੋਸ਼-ਮੁਕਤ ਬਣਾ ਸਕਦੇ ਹਾਂ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਇਹਨਾਂ/ਉਹਨਾਂ ਅਤੇ ਕਿਸ/ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਕੀ ਹਨ ਅਤੇ ਕਿਉਂ?

ਪੰਜਾਬੀ ਭਾਸ਼ਾ ਦੀ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਕਿ ਸਮੇਂ-ਸਮੇਂ ‘ਤੇ ਭਾਸ਼ਾ-ਮਾਹਰਾਂ ਦੁਆਰਾ ਸੁਝਾਏ ਗਏ ਕੁਝ ਵਿਆਕਰਨਿਕ ਅਤੇ ਭਾਸ਼ਾਈ ਨਿਯਮਾਂ ਨੂੰ ਅਜੇ ਤੱਕ ਵੀ ਕਿਸੇ ਹੱਦ ਤੱਕ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਪੈਰੋਕਾਰਾਂ ਵੱਲੋਂ ਪੂਰੀ ਸ਼ਿੱਦਤ ਨਾਲ਼ ਇਹਨਾਂ ਨੂੰ ਅਪਣਾਉਣ ਦੀ ਕੋਸ਼ਸ਼ ਨਹੀਂ ਕੀਤੀ ਜਾ ਰਹੀ। ਇਸ ਸੰਬੰਧ ਵਿੱਚ ਇੱਕ ਉਦਾਹਰਨ “ਇਹਨਾਂ/ਉਹਨਾਂ” ਸ਼ਬਦਾਂ ਦੇ ਸ਼ਬਦ-ਜੋੜਾਂ ਬਾਰੇ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਅਜੇ ਵੀ ਬਹੁਤੇ ਥਾਂਈਂ ਇਹਨਾਂ ਸ਼ਬਦਾਂ ਦੇ ਗ਼ਲਤ ਸ਼ਬਦ-ਜੋੜ ਹੀ ਲਿਖੇ ਹੋਏ ਨਜ਼ਰੀਂ ਪੈਂਦੇ ਹਨ ਭਾਵ ਇਹਨਾਂ ਸ਼ਬਦਾਂ ਨੂੰ ਅਜੇ ਵੀ ਪੂਰਾ ਹਾਹਾ ਅੱਖਰ (ਵਿਚਕਾਰ) ਪਾ ਕੇ ਨਹੀਂ ਸਗੋਂ ਨੰਨੇ ਅੱਖਰ ਦੇ ਪੈਰ ਵਿੱਚ ਹਾਹਾ ਪਾ ਕੇ (ਇਨ੍ਹਾਂ/ਉਨ੍ਹਾਂ) ਹੀ ਲਿਖਿਆ ਜਾਂਦਾ ਹੈ। ਅੱਜ ਤੋਂ ਤੀਹ-ਪੈਂਤੀ ਕੁ ਸਾਲ ਪਹਿਲਾਂ ਤੱਕ ਅਰਥਾਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” (ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ) ਦੇ ਆਉਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਨੂੰ ਕਿਨ੍ਹਾਂ/ਜਿਨ੍ਹਾਂ ਸ਼ਬਦਾਂ ਵਾਂਗੂੰ ਇਨ੍ਹਾਂ/ਜਿਨ੍ਹਾਂ ਸ਼ਬਦਾਂ ਦੇ ਤੌਰ ‘ਤੇ ਅਰਥਾਤ ਨੰਨੇ ਪੈਰ ਹਾਹਾ ਪਾ ਕੇ ਹੀ ਲਿਖਿਆ ਜਾਂਦਾ ਸੀ। ਵਿਦਿਆਰਥੀ-ਜੀਵਨ ਸਮੇਂ ਅਸੀਂ ਖ਼ੁਦ ਵੀ ਇਹਨਾਂ ਸ਼ਬਦਾਂ ਨੂੰ ਇੰਞ ਹੀ ਲਿਖਦੇ ਰਹੇ ਹਾਂ। ਉਪਰੋਕਤ ਕੋਸ਼ ਵੱਲੋਂ ਬੇਸ਼ੱਕ ਇਹਨਾਂ ਸ਼ਬਦਾਂ ਨੂੰ ‘ਇਹਨਾਂ’ ਅਤੇ ‘ਉਹਨਾਂ’ ਸ਼ਬਦਾਂ ਦੇ ਤੌਰ ‘ਤੇ ਹੀ ਲਿਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹਨਾਂ ਸ਼ਬਦਾਂ ਲਈ ਸੁਝਾਏ ਗਏ ਨਿਯਮਾਂ ਉੱਤੇ ਅਜੇ ਵੀ ਬਹੁਤ ਘੱਟ ਲੋਕ ਅਮਲ ਕਰ ਰਹੇ ਹਨ।
ਇਸ ਸੰਬੰਧ ਵਿੱਚ ਇੱਕ ਗੱਲ ਜਿਹੜੀ ਕਿ ਖ਼ਾਸ ਤੌਰ ‘ਤੇ ਨੋਟ ਕੀਤੇ ਜਾਣ ਵਾਲ਼ੀ ਹੈ, ਉਹ ਇਹ ਹੈ ਕਿ ਜਦੋਂ ਅਸੀਂ ਵਰ੍ਹਿਆਂਬੱਧੀ ਕੁਝ ਸ਼ਬਦਾਂ ਦੇ ਵਿਸ਼ੇਸ਼ ਸ਼ਬਦ-ਜੋੜਾਂ ਨਾਲ਼ ਜੁੜੇ ਰਹਿੰਦੇ ਹਾਂ ਤਾਂ ਸਾਡੇ ਲਈ ਉਹਨਾਂ ਤੋਂ ਇਕਦਮ ਪਿੱਛਾ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਭਾਸ਼ਾ ਵਿੱਚ ਕਿਉਂਕਿ ਹਮੇਸ਼ਾਂ ਕੁਝ ਨਾ ਕੁਝ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ ਇਸ ਲਈ ਸਾਨੂੰ ਇਹਨਾਂ ਤਬਦੀਲੀਆਂ ਨਾਲ਼ ਸਾਂਝ ਪਾਉਣ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਨਵੀਂਆਂ ਪੀੜ੍ਹੀਆਂ ਨਾਲ਼ ਰਲ਼ ਕੇ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਪਹਿਲਾਂ-ਪਹਿਲ ਅਜਿਹਾ ਕਰਨ ਨਾਲ਼ ਜ਼ਰੂਰ ਕੁਝ ਓਪਰਾਪਣ ਤੇ ਅੌਖ ਜਿਹੀ ਮਹਿਸੂਸ ਹੁੰਦੀ ਹੈ ਪਰ ਜਦੋਂ ਸਾਨੂੰ ਕਿਸੇ ਗੱਲ ਦਾ ਤਕਨੀਕੀ ਜਾਂ ਵਿਆਕਰਨਿਕ ਪੱਖ ਸਮਝ ਵਿੱਚ ਆ ਜਾਂਦਾ ਹੈ ਤਾਂ ਸਾਡੀ ਸਾਰੀ ਝਿਜਕ ਇਕਦਮ ਦੂਰ ਹੋ ਜਾਂਦੀ ਹੈ ਤੇ ਛੇਤੀ ਹੀ ਆਪਣੀ ਗ਼ਲਤੀ ਦਾ ਅਹਿਸਾਸ ਵੀ ਹੋ ਜਾਂਦਾ ਹੈ।
ਇਹ ਦੋਵੇਂ ਸ਼ਬਦ (ਇਹਨਾਂ ਅਤੇ ਉਹਨਾਂ) ਦਰਅਸਲ ਪੰਜਾਬੀ ਦੇ ‘ਇਹ’ ਅਤੇ ‘ਉਹ’ ਸ਼ਬਦਾਂ ਤੋਂ ਬਣੇ ਹੋਏ ਹਨ ਜਿਸ ਕਾਰਨ ਇਹਨਾਂ ਦੇ ਮੂਲ ਰੂਪ ‘ਇਹਨਾਂ’ ਅਤੇ ‘ਉਹਨਾਂ’ ਸ਼ਬਦ-ਰੂਪਾਂ ਵਿੱਚ ਵੀ ਉਸੇ ਤਰ੍ਹਾਂ ਹੀ ਬਰਕਰਾਰ ਰੱਖੇ ਗਏ ਹਨ। ਇਸੇ ਕਾਰਨ ਇਹਨਾਂ ਸ਼ਬਦਾਂ ਵਿੱਚ ਹਾਹਾ ਪਹਿਲਾਂ ਅਤੇ ਨੰਨਾ ਅੱਖਰ ਬਾਅਦ ਵਿੱਚ ਪਾਉਣ ਲਈ ਆਖਿਆ ਗਿਆ ਹੈ। ਇਹਨਾਂ ਸ਼ਬਦਾਂ ਨੂੰ ਬਹੁਵਚਨ ਰੂਪ ਦੇਣ ਲਈ ਇਹਨਾਂ ਪਿੱਛੇ ‘ਨਾਂ’ ਪਿਛੇਤਰ ਜੋੜ ਦਿੱਤਾ ਗਿਆ ਹੈ, ਜਿਵੇਂ: ਇਹਨਾਂ/ਉਹਨਾਂ/ਅਹੁਨਾਂ ਆਦਿ। ਉਂਞ ਕਈ ਵਾਰ ਇਹ/ਉਹ/ਅਹੁ ਆਦਿ ਸ਼ਬਦ ਵੀ ਬਹੁਵਚਨ ਸ਼ਬਦਾਂ ਦੇ ਤੌਰ ‘ਤੇ ਵਰਤ ਲਏ ਜਾਂਦੇ ਹਨ। ਇਹ/ਉਹ/ਇਹਨਾਂ/ਉਹਨਾਂ ਆਦਿ ਸ਼ਬਦ ਮੂਲ ਰੂਪ ਬਿੱਚ ਪੜਨਾਂਵ ਹਨ। ਇਹਨਾਂ ਸ਼ਬਦਾਂ ਦੀ ਪੜਨਾਂਵ-ਸ਼ਬਦਾਂ ਦੇ ਤੌਰ ‘ਤੇ ਵਰਤੋਂ ਇਸ ਪ੍ਰਕਾਰ ਹੈ:
ਇਹ ਕੌਣ ਹੈ?
ਉਹ ਕਿੱਥੇ ਜਾ ਰਿਹਾ ਹੈ?
ਇਸੇ ਤਰ੍ਹਾਂ:
ਇਹਨਾਂ ਨੂੰ ਰੋਕੋ, ਉੱਪਰ ਨਾ ਜਾਣ ਦਿਓ।
ਉਹਨਾਂ ਨੂੰ ਇੱਧਰ ਭੇਜੋ।
ਉਪਰੋਕਤ ਵਾਕਾਂ ਵਿੱਚ ਇਹ, ਉਹ, ਇਹਨਾਂ, ਉਹਨਾਂ ਸ਼ਬਦ ਅਸਲ ਵਿੱਚ ਪੜਨਾਂਵ ਹਨ ਪਰ ਜਦੋਂ ਇਹਨਾਂ ਨਾਲ਼ ਕੋਈ ਨਾਂਵ-ਸ਼ਬਦ ਜੁੜ ਜਾਂਦਾ ਹੈ ਤਾਂ ਇਹ ਪੜਨਾਂਵੀਂ ਵਿਸ਼ੇਸ਼ਣ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਇਹ ਕੁੜੀ, ਉਹ ਮੁੰਡਾ, ਇਹਨਾਂ ਵਿਦਿਆਰਥੀਆਂ, ਉਹਨਾਂ ਲੋਕਾਂ ਆਦਿ। ਇਹਨਾਂ ਨਾਂਵ-ਸ਼ਬਦਾਂ ਦੇ ਜੁੜ ਜਾਣ ਕਾਰਨ ਹੁਣ ਇਹਨਾਂ ਦੇ ਅੱਗੇ ਲੱਗੇ ਪੜਨਾਂਵ-ਸ਼ਬਦ ਇਹ/ਉਹ/ਉਹਨਾਂ ਆਦਿ ਪੜਨਾਂਵ ਨਹੀਂ ਰਹੇ ਸਗੋਂ ਇਹ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ।
ਦੂਜੇ ਪਾਸੇ, ਜਿਨ੍ਹਾਂ/ਕਿਨ੍ਹਾਂ ਆਦਿ ਸ਼ਬਦ ਕਿਉਂਕਿ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਪਿਛੋਕੜ ਵਾਲ਼ੇ ਹਨ ਜੋਕਿ ਹਿੰਦੀ ਦੇ ਸ਼ਬਦਾਂ: ਜਿਨ, ਜਿਨਹੇਂ, ਜਿਨਹੋਂਨੇ, ਕਿਨ,ਕਿਨਹੇਂ, ਕਿਨਹੋਂਨੇ ਆਦਿ ਸ਼ਬਦਾਂ ਤੋਂ ਬਣੇ ਹੋਏ ਹਨ ਇਸ ਲਈ ਇਹਨਾਂ ਸ਼ਬਦਾਂ ਨੂੰ ਨੰਨੇ ਪੈਰ ਹਾਹਾ ਪਾ ਕੇ ਹੀ ਲਿਖਣਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ/ਉਹਨਾਂ ਸ਼ਬਦਾਂ ਦੇ ਉਲਟ ਜਿਨਹੇਂ/ਕਿਨਹੇਂ ਆਦਿ ਸ਼ਬਦਾਂ ਵਿੱਚ ਕਿਉਂਕਿ ਹਾਹਾ ਅੱਖਰ ਨੰਨੇ ਤੋਂ ਬਾਅਦ (ਜਿਨ+ਹੇਂ=ਜਿਨਹੇਂ) ਵਿੱਚ ਆਉਂਦਾ ਹੈ ਇਸ ਲਈ ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਵਿੱਚ ਨੰਨਾ ਅੱਖਰ ਪਹਿਲਾਂ ਪਾਉਣਾ ਹੈ ਅਤੇ ਹਾਹਾ ਅੱਖਰ ਨੰਨੇ ਦੇ ਪੈਰਾਂ ਵਿੱਚ ਭਾਵ ਨੰਨੇ ਤੋਂ ਬਾਅਦ ਹੀ ਪਾਉਣਾ ਹੈ।
ਪੰਜਾਬੀ ਭਾਸ਼ਾ ਨੂੰ ਦਰਪੇਸ਼ ਇੱਕ ਸਮੱਸਿਆ:
“””””””””””””””””””””””””””””””””””””””””””””””””””””””
ਉਪਰੋਕਤ ਸ਼ਬਦਾਂ ਨਾਲ ਪੰਜਾਬੀ ਭਾਸ਼ਾ ਦੀ ਇੱਕ ਅਜਿਹੀ ਸਮੱਸਿਆ ਵੀ ਜੁੜੀ ਹੋਈ ਹੈ ਜਿਸ ਵੱਲ ਸ਼ਾਇਦ ਅੱਜ ਤੱਕ ਬਹੁਤ ਹੀ ਘੱਟ ਲੋਕਾਂ ਦਾ ਕਦੇ ਧਿਆਨ ਗਿਆ ਹੋਵੇ। ਉਹ ਸਮੱਸਿਆ ਇਹ ਹੈ ਕਿ ਪੰਜਾਬੀ ਵਿੱਚ ਵਰਤਿਆ ਜਾਣ ਵਾਲ਼ਾ ‘ਕਿਸੇ’ ਸ਼ਬਦ ਜੋਕਿ ਸੰਸਕ੍ਰਿਤ ਦੇ ‘ਕਸਯ’ ਸ਼ਬਦ ਤੋਂ ਬਣਿਆ ਹੋਇਆ ਹੈ ਅਤੇ ਇਸ ਨੂੰ ਹਿੰਦੀ ਵਿੱਚ ‘ਕਿਸੀ’ ਅਤੇ ਪੰਜਾਬੀ ਵਿੱਚ ‘ਕਿਸ’ ਜਾਂ ‘ਕਿਸੇ’ ਦੇ ਤੌਰ ‘ਤੇ ਲਿਖਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਸ ਨਾਲ਼ ਸੰਬੰਧਿਤ ਸਮੱਸਿਆ ਇਹ ਹੈ ਕਿ ਹਿੰਦੀ ਵਿੱਚ “ਕਿਸੀ” ਸ਼ਬਦ ਦਾ ਬਹੁਵਚਨ ਤਾਂ ‘ਕਿਨਹੀਂ’ ਮੌਜੂਦ ਹੈ ਪਰ ਪੰਜਾਬੀ ਵਿੱਚ ਇਸ ਅੰਤਰ-ਭੇਦ ਦੀ ਗੁੱਥੀ ਸੁਲਝਾਉਣ ਲਈ “ਕਿਨਹੀਂ” ਦੇ ਸਮਾਨਾਂਤਰ ਕੋਈ ਵੀ ਸ਼ਬਦ ਉਪਲਬਧ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਵਿਦਿਆਰਥੀਆਂ ਦੀਆਂ ਪਰੀਖਿਆਵਾਂ ਵਿੱਚ ਹਿੰਦੀ ਭਾਸ਼ਾ ਦੇ ਮਾਧਿਅਮ ਵਾਲ਼ੇ ਕਿਸੇ ਵਿਸ਼ੇ ਵਿੱਚ ਬਹੁਤ ਸਾਰੇ ਪ੍ਰਸ਼ਨਾਂ ਵਿੱਚੋਂ ਜੇਕਰ ਕਿਸੇ ਇੱਕ ਪ੍ਰਸ਼ਨ ਨੂੰ ਹੱਲ ਕਰਨ ਲਈ ਕਹਿਣਾ ਹੋਵੇ ਤਾਂ ਪ੍ਰਸ਼ਨ ਇਸ ਪ੍ਰਕਾਰ ਲਿਖਿਆ ਜਾਂਦਾ ਹੈ-
ਨੀਚੇ ਲਿਖੇ ਪ੍ਰਸ਼ਨੋਂ ਮੇਂ ਸੇ ਕਿਸੀ ਏਕ ਪ੍ਰਸ਼ਨ ਕਾ ਉੱਤਰ ਲਿਖੇਂ। (ਇਕਵਚਨ)
ਪੰਜਾਬੀ ਵਿੱਚ ਇਸੇ ਪ੍ਰਸ਼ਨ ਨੂੰ ਇਸ ਪ੍ਰਕਾਰ ਲਿਖਿਆ ਜਾਂਦਾ ਹੈ-
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ ਲਿਖੋ। (ਇਕਵਚਨ)
ਇੱਥੋਂ ਤੱਕ ਤਾਂ ਠੀਕ ਹੈ ਪਰ ਜੇਕਰ ਇੱਕ ਤੋਂ ਵਧੇਰੇ ਪ੍ਰਸ਼ਨਾਂ ਦਾ ਉੱਤਰ ਲਿਖਣ ਬਾਰੇ ਆਖਿਆ ਜਾਣਾ ਹੋਵੇ ਤਾਂ ਹਿੰਦੀ ਦਾ ਪ੍ਰਸ਼ਨ ਤਾਂ ਇਸ ਪ੍ਰਕਾਰ ਬਣਾਇਆ ਜਾਵੇਗਾ-
ਨੀਚੇ ਲਿਖੇ ਪ੍ਰਸ਼ਨੋਂ ਮੇਂ ਸੇ ਕਿਨਹੀਂ ਪਾਂਚ ਪ੍ਰਸ਼ਨੋਂ ਕਾ ਉੱਤਰ ਲਿਖੇਂ। (ਬਹੁਵਚਨ)
ਹੁਣ ਹਿੰਦੀ ਵਿੱਚ ਤਾਂ ਉਹਨਾਂ ਕੋਲ਼ ਬਹੁਵਚਨ ਲਈ “ਕਿਨਹੀਂ” ਸ਼ਬਦ ਮੌਜੂਦ ਹੈ ਪਰ ਪੰਜਾਬੀ ਵਾਲ਼ਿਆਂ ਨੂੰ ਇੱਥੇ ਫਿਰ ‘ਕਿਸੇ’ ਜਾਂ “ਕੋਈ” (ਪੰਜ ਪ੍ਰਸ਼ਨਾਂ) ਲਿਖ ਕੇ ਹੀ ਕੰਮ ਚਲਾਉਣਾ ਪੈਂਦਾ ਹੈ ਜਦਕਿ ਇਹ ਦੋਵੇਂ ਸ਼ਬਦ ਦਰਅਸਲ ਇਕਵਚਨ-ਸ਼ਬਦ ਵਜੋਂ ਹੀ ਵਰਤੇ (ਉਪਰੋਕਤ ਅਨੁਸਾਰ) ਜਾ ਸਕਦੇ ਹਨ, ਬਹੁਵਚਨ ਸ਼ਬਦ ਵਜੋਂ ਨਹੀਂ ਜਦਕਿ ਪ੍ਰਸ਼ਨ ਇੱਕ ਤੋਂ ਵੱਧ ਅਰਥਾਤ ਪੰਜ ਪ੍ਰਸ਼ਨਾਂ ਦੇ ਹੱਲ ਸੰਬੰਧੀ ਪੁੱਛਿਆ ਜਾਂਦਾ/ਜਾਣਾ ਹੈ। ਇਸ ਪ੍ਰਕਾਰ ਦੋਵੇਂ; ਭਾਸ਼ਾਈ ਅਤੇ ਵਿਆਕਰਨਿਕ ਪੱਖੋਂ ਬਹੁਤੇ ਪ੍ਰਸ਼ਨਾਂ ਵਿੱਚੋਂ ਦੋ ਜਾਂ ਦੋ ਤੋਂ ਵੱਧ ਪ੍ਰਸ਼ਨਾਂ ਦੀ ਚੋਣ ਕਰਨ ਲਈ ਕਿਸੇ ਬਹੁਵਚਨ-ਸ਼ਬਦ ਦੀ ਥਾਂ ਅਜਿਹੇ ਇਕਵਚਨ ਸ਼ਬਦਾਂ (ਕੋਈ ਜਾਂ ਕਿਸੇ) ਦਾ ਵਰਤਿਆ ਜਾਣਾ ਬੁਨਿਆਦੀ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਸੋ, ਲੋੜ ਹੈ ਕਿ ਹਿੰਦੀ ਵਿੱਚ ਵਰਤੇ ਜਾਣ ਵਾਲ਼ੇ ਬਹੁਵਚਨ-ਸ਼ਬਦ “ਕਿਨਹੀਂ” ਸ਼ਬਦ ਦੇ ਸਮਾਨਾਂਤਰ ਕਿਸੇ ਪੰਜਾਬੀ ਸ਼ਬਦ ਦੀ ਭਾਲ਼ ਕੀਤੀ ਜਾਵੇ ਤਾਂਜੋ ਇਸ ਸਮੱਸਿਆ ਦਾ ਕੋਈ ਹੱਲ ਨਿਕਲ਼ ਸਕੇ।
ਇਸ ਤੋਂ ਬਿਨਾਂ ਕਈ ਲੋਕ “ਕਿਸੇ” ਦੀ ਥਾਂ “ਕਿਸੀ” ਸ਼ਬਦ ਦੀ ਵਰਤੋਂ ਕਰਦੇ ਵੀ ਦਿਖਾਈ ਦਿੰਦੇ ਹਨ ਜੋਕਿ ਇੱਕ ਗ਼ਲਤ ਰੁਝਾਨ ਹੈ ਕਿਉਂਕਿ “ਕਿਸੀ” ਸ਼ਬਦ ਹਿੰਦੀ ਭਾਸ਼ਾ ਦਾ ਹੈ। ਪੰਜਾਬੀ ਵਿੱਚ ਇਸ ਦੀ ਥਾਂ ਪੰਜਾਬੀ ਦੇ “ਕਿਸੇ” ਸ਼ਬਦ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, “ਕਿਸੀ” ਦੀ ਨਹੀਂ।
ਸੋ, ਜੇਕਰ ਅਸੀਂ ਭਾਸ਼ਾ ਵਿੱਚ ਇਕਸਾਰਤਾ ਲਿਆਉਣ ਦੇ ਹਾਮੀ ਹਾਂ ਤਾਂ ਸਾਨੂੰ ਸਭ ਨੂੰ ਰਲ਼ ਕੇ ਹੰਭਲ਼ਾ ਮਾਰਨਾ ਚਾਹੀਦਾ ਹੈ ਅਤੇ ਸ਼ਬਦ-ਜੋੜਾਂ ਦੇ ਸੰਬੰਧ ਵਿੱਚ ਵਿਦਵਾਨਾਂ ਦੁਆਰਾ ਦਰਸਾਏ ਗਏ ਰਸਤੇ ‘ਤੇ ਪੂਰੀ ਤਨਦੇਹੀ ਨਾਲ਼ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
………………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਪੰਜਾਬੀ ਵਿੱਚ ‘ਅਧਕ’ ਦੀ ਵਰਤੋਂ ਕਦੋਂ ਅਤੇ ਕਿਉਂ?

ਅਧਕ ਦੀ ਵਰਤੋਂ ਕੇਵਲ ਪੰਜਾਬੀ ਦੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ, ਹਿੰਦੀ ਜਾਂ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਸ਼ਬਦਾਂ ਵਿੱਚ ਨਹੀਂ। ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਵਿੱਚ ਜਿੱਥੇ ਕਿਸੇ ਅੱਖਰ ਉੱਤੇ ਬਲ ਦੇਣਾ ਹੁੰਦਾ ਹੈ, ਉੱਥੇ ਅੱਧਾ ਅੱਖਰ ਹੋਰ ਜੋੜ ਦਿੱਤਾ ਜਾਂਦਾ ਹੈ, ਜਿਵੇਂ: ਪੱਤਾ, ਕੱਚਾ, ਪੱਕਾ ਆਦਿ। ਪਰ ਕਈ ਵਾਰ ਸ਼ਬਦਾਂ ਦੇ ਅਰਥਾਂ ਅਨੁਸਾਰ, ਜਿਵੇਂ: ਅੱਛਾ, ਬੁੱਧੀ, ਪੱਥਰ ਆਦਿ ਸ਼ਬਦਾਂ ਵਿੱਚ ਕ੍ਰਮ ਅਨੁਸਾਰ ਅੱਧੇ ਚ, ਅੱਧੇ ਧ ਅਤੇ ਅੱਧੇ ਤ ਵਾਂਗ ਹੋਰਨਾਂ ਅੱਧੇ ਅੱਖਰਾਂ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ। ਪੰਜਾਬੀ ਵਿੱਚ ਇਹਨਾਂ ਅੱਧੇ ਅੱਖਰਾਂ ਦੀ ਥਾਂ ਕੇਵਲ ਅਧਕ ਪਾ ਕੇ ਹੀ ਕੰਮ ਚਲਾ ਲਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਸ਼ਬਦ ਨੂੰ ਲਿਖਣ ਲਈ ਸਮਾਂ ਵੀ ਘੱਟ ਲੱਗਦਾ ਹੈ ਅਤੇ ਸ਼ਬਦ ਉਤੇ ਲੁੜੀਂਦੇ ਬਲ ਨੂੰ ਵੀ ਸਹੀ ਢੰਗ ਨਾਲ਼ ਪ੍ਰਗਟਾ ਦਿੱਤਾ ਜਾਂਦਾ ਹੈ।
ਬਿੰਦੀ ਅਤੇ ਟਿੱਪੀ ਵਾਂਗ ਅਧਕ ਵੀ ਇੱਕ ਲਗਾਖਰ ਹੈ। ਲਗਾਖਰ (ਲਗ+ਅੱਖਰ) ਦਾ ਅਰਥ ਹੈ- ਉਹ ਚਿੰਨ੍ਹ ਜਿਨ੍ਹਾਂ ਦੀ ਵਰਤੋਂ ਲਗ ਲੱਗੇ ਕਿਸੇ ਅੱਖਰ ਨਾਲ਼ ਕੀਤੀ ਜਾਵੇ। ਲਗਾਂ ਤੋਂ ਬਿਨਾਂ ਇਹਨਾਂ ਚਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਗੁਰਮੁਖੀ ਲਿਪੀ ਦੇ ਵਿਅੰਜਨ ਅੱਖਰਾਂ ਵਿੱਚ ਅਧਕ ਦੀ ਵਰਤੋਂ ਮੁਕਤਾ (ਜਿਵੇਂ: ਪੱਤਰ/ਪੱਥਰ), ਸਿਹਾਰੀ (ਇੱਥੇ/ਕਿੱਥੇ) ਅਤੇ ਔਂਕੜ (ਪੁੱਤ/ਬੁੱਤ) ਲਗਾਂ ਨਾਲ਼ ਹੀ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਅੰਗਰੇਜ਼ੀ ਦੇ ਕੁਝ ਸ਼ਬਦਾਂ ਨੂੰ ਜੇਕਰ ਤਤਸਮ ਰੂਪ ਵਿੱਚ ਲਿਖਣਾ ਹੋਵੇ ਤਾਂ ਦੁਲਾਵਾਂ ਦੇ ਨਾਲ਼ ਵੀ ਅਧਕ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ, ਜਿਵੇਂ: ਪੈੱਨ, ਪੈੱਨਸਿਲ, ਸੈੱਕਸ਼ਨ, ਸੈੱਕਟਰ, ਟ੍ਰੈੱਕਟਰ, ਸ਼ੈੱਡ, ਬੈੱਡ, ਪ੍ਰੈੱਸ ਆਦਿ।
ਪੰਜਾਬੀ-ਵਿਆਕਰਨ ਅਨੁਸਾਰ ਅਧਕ ਦੀ ਵਰਤੋਂ ਦੇ ਸੰਬੰਧ ਵਿੱਚ ਕੇਵਲ ਉਪਰੋਕਤ ਪੱਖ ਹੀ ਦੱਸਿਆ ਜਾਂਦਾ ਹੈ। ਇਸ ਤੋਂ ਬਿਨਾਂ ਕਦੇ ਇਹ ਨਹੀਂ ਦੱਸਿਆ ਜਾਂਦਾ ਕਿ ਅਧਕ ਦੀ ਵਰਤੋਂ ਅਜਿਹੇ ਸ਼ਬਦਾਂ ਵਿੱਚ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਕਿਸੇ ਪੂਰੇ ਅੱਖਰ, ਲਘੂ ਜਾਂ ਦੀਰਘ ਮਾਤਰਾ ਆਦਿ ਨੂੰ ਅਲੋਪ ਕੀਤਾ ਜਾਂਦਾ ਹੈ, ਜਿਵੇਂ: ਲਾਤ ਤੋਂ ਬਣੇ ਲੱਤ ਸ਼ਬਦ ਵਿੱਚ ਲਾਤ ਦੇ ਕੰਨੇ ਦੀ ਦੀਰਘ ਮਾਤਰਾ ਨੂੰ ਅਲੋਪ ਕਰ ਕੇ ਉਸ ਦੀ ਥਾਂ ਅਧਕ ਦੀ ਵਰਤੋਂ ਕੀਤੀ ਗਈ ਹੈ; ਕਰਣ (ਸੰਸਕ੍ਰਿਤ) ਜਾਂ ਕਾਨ (ਹਿੰਦੀ) ਦੇ ਸ਼ਬਦਾਂ ਵਿਚਲੇ ਰ ਅੱਖਰ ਜਾਂ ਕੰਨੇ ਨੂੰ ਅਲੋਪ ਕਰ ਕੇ ਟਿੱਪੀ ਦੀ ਵਰਤੋਂ; ਸੰਸਕ੍ਰਿਤ ਦੇ ਅਕਸ਼ਿ (ਅੱਖ) ਵਿਚਲੇ ਕਸ਼ੈ ਅੱਖਰ ਤੇ ਸਿਹਾਰੀ ਦੀ ਥਾਂ ‘ਅਧਕ+ਖ’ ਅੱਖਰ ਅਤੇ ਆਂਖ (ਹਿੰਦੀ) ਵਿਚਲੇ ਕੰਨੇ ਅਤੇ ਬਿੰਦੀ ਨੂੰ ਅਲੋਪ ਕਰ ਕੇ ਅੱਖ; ਦੁਗ੍ਧ (ਸੰਸਕ੍ਰਿਤ) ਸ਼ਬਦ ਵਿਚਲੇ ਅੱਧੇ ਗ ਦੀ ਥਾਂ ਅਧਕ ਅਤੇ ਹਿੰਦੀ ਦੇ ਦੂਧ ਸ਼ਬਦ ਵਿਚਲੇ ਦੁਲੈਂਕੜ ਦੀ ਦੀਰਘ ਮਾਤਰਾ ਨੂੰ ਅਲੋਪ ਕਰ ਕੇ ਉਸ ਦੀ ਥਾਂ ਲਘੂ ਮਾਤਰਾ ਔਂਕੜ ਅਤੇ ਅਧਕ ਦੀ ਸਹਾਇਤਾ ਨਾਲ਼ ਪੰਜਾਬੀ ਵਿੱਚ ਬਣਿਆ ‘ਦੁੱਧ’ ਸ਼ਬਦ ਆਦਿ। ਇਸੇ ਤਰ੍ਹਾਂ ਹਿੰਦੀ ਦੇ ਸ਼ਬਦਾਂ- ਇਤਨਾ (ਇੰਨਾ/ਕਿੰਨਾ), ਕਿਤਨਾ (ਕਿੰਨਾ), ਜਿਤਨਾ (ਜਿੰਨਾ) ਆਦਿ ਸ਼ਬਦਾਂ ਦੇ ਪੰਜਾਬੀਕਰਨ ਸਮੇਂ ਇਹਨਾਂ ਵਿੱਚੋਂ ਤ ਅੱਖਰ ਹੀ ਅਲੋਪ ਹੋ ਕੇ ਅਧਕ ਲਗਾਖਰ ਵਿੱਚ ਬਦਲ ਗਿਆ ਹੈ।
ਸੋ, ਉਪਰੋਕਤ ਅਨੁਸਾਰ ਅਧਕ ਕੇਵਲ ਦੂਹਰੇ ਅੱਖਰ ਦੇ ਲੁਪਤ ਹੋਣ ਦੀ ਵਿਥਿਆ ਹੀ ਨਹੀਂ ਦੱਸ ਰਿਹਾ ਸਗੋਂ ਉਹਨਾਂ ਅੱਖਰਾਂ ਅਤੇ ਦੀਰਘ ਮਾਤਰਾਵਾਂ ਆਦਿ ਦੀ ਵਿਥਿਆ ਵੀ ਬਿਆਨ ਕਰ ਰਿਹਾ ਹੈ ਜਿਨ੍ਹਾਂ ਦਾ ਪ੍ਰਯੋਗ ਸਾਡੇ ਵੱਡੇ-ਵਡੇਰੇ ਸਮੇਂ ਦੇ ਕਿਸੇ ਨਾ ਕਿਸੇ ਕਾਲ-ਖੰਡ ਵਿੱਚ ਇਸਤੇਮਾਲ ਕਰਦੇ ਰਹੇ ਹਨ। ਆਓ, ਕੁਝ ਅਜਿਹੇ ਹੀ ਸ਼ਬਦਾਂ ਵੱਲ ਝਾਤ ਮਾਰੀਏ ਜਿਨ੍ਹਾਂ ਵਿੱਚ ਦੂਹਰੇ ਅੱਖਰ ਲਿਖਣ ਦੀ ਥਾਂ ਅਤੇ ਕੁਝ ਦੀਰਘ ਮਾਤਰਾਵਾਂ ਅਤੇ ਕੁਝ ਅੱਖਰਾਂ ਆਦਿ ਨੂੰ ਹਟਾ ਕੇ ਪੰਜਾਬੀ ਵਿੱਚ ਕੇਵਲ ਅਧਕ ਪਾ ਕੇ ਹੀ ਕੰਮ ਚਲਾ ਲਿਆ ਜਾਂਦਾ ਹੈ।
ਇੱਕ ਅਤੇ ਵਿੱਚ ਸ਼ਬਦਾਂ ਦੀ ਸਥਿਤੀ:
“””””””””””””””””””””””””””””””””””””””””
ਅਧਕ ਵਾਲ਼ੇ ਸ਼ਬਦਾਂ ਵਿੱਚ ਸਭ ਤੋਂ ਵੱਧ ਵਿਵਾਦ ਇੱਕ ਅਤੇ ਵਿੱਚ ਸ਼ਬਦਾਂ ਨਾਲ਼ ਸੰਬੰਧਿਤ ਹੈ। ਇਹਨਾਂ ਸ਼ਬਦਾਂ ਵਿੱਚ ਅਧਕ ਨਾ ਪਾਉਣ ਵਾਲ਼ੇ ਲੋਕ ਇਹ ਦਲੀਲ ਦਿੰਦੇ ਹਨ ਕਿ ਕਿਉਂਕਿ ਇਹਨਾਂ ਸ਼ਬਦਾਂ ‘ਤੇ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਇਸ ਲਈ ਇਹਨਾਂ ਉੱਤੇ ਬੇਸ਼ੱਕ ਅਧਕ ਨਾ ਪਾਇਆ ਜਾਵੇ। ਮੇਰੀ ਜਾਚੇ ਇਸ ਦਲੀਲ ਵਿੱਚ ਭਾਸ਼ਾ-ਵਿਗਿਆਨ ਦੇ ਤੱਥਾਂ ਅਨੁਸਾਰ ਉੱਕਾ ਹੀ ਕੋਈ ਦਮ ਨਹੀਂ ਹੈ। ਦਰਅਸਲ ਸ਼ਬਦ ਦੇ ਜਿਸ ਅੱਖਰ ‘ਤੇ ਬੋਲਣ ਸਮੇਂ ਬਲ ਜਾਂ ਦਬਾਅ ਪੈਂਦਾ ਹੈ, ਉਸ ਤੋਂ ਪਹਿਲੇ ਅੱਖਰ ‘ਤੇ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ: ਸੱਚਾ, ਕੱਚਾ, ਮਿੱਠਾ, ਫਿੱਕਾ ਆਦਿ। ਇਸੇ ਤਰ੍ਹਾਂ ਇੱਕ ਅਤੇ ਵਿੱਚ ਸ਼ਬਦਾਂ ਦੇ ਉਚਾਰਨ ਸਮੇਂ ਵੀ ਇਹਨਾਂ ਵਿਚਲੇ ਕ੍ਰਮਵਾਰ ਕ ਅਤੇ ਚ ਅੱਖਰਾਂ ਉੱਤੇ ਬਲ ਪੈਂਦਾ ਹੈ ਇਸ ਲਈ ਇਹਨਾਂ ਸ਼ਬਦਾਂ ਵਿੱਚ ਵੀ ਅਧਕ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਯਾਦ ਰਹੇ ਕਿ ਅਧਕ ਪਾਉਣ ਜਾਂ ਨਾ ਪਾਉਣ ਸੰਬੰਧੀ ਅਸੀਂ ਕੇਵਲ ਸੰਬੰਧਿਤ ਸ਼ਬਦ ਵਿੱਚ ਆਉਂਦੇ ਬਲ ਨੂੰ ਹੀ ਧਿਆਨ ਵਿੱਚ ਰੱਖਣਾ ਹੈ, ਉਸ ਦੇ ਅਰਥਾਂ ਵਿੱਚ ਪੈਂਦੇ ਅੰਤਰ ਆਦਿ ਨੂੰ ਨਹੀਂ। ਜੇਕਰ ਕੇਵਲ ਅਰਥਾਂ ਵਿਚ ਪੈਣ ਵਾਲ਼ੇ ਅੰਤਰ ਨੂੰ ਹੀ ਮੱਦੇ-ਨਜ਼ਰ ਰੱਖਣਾ ਹੋਵੇ ਤਾਂ ਕੱਚਾ, ਮਿੱਠਾ, ਫਿੱਕਾ, ਦੁੱਧ, ਨੱਚ, ਸੱਚ, ਪੱਖ, ਇੱਧਰ, ਉੱਧਰ, ਇੱਥੇ, ਉੱਥੇ, ਕਿੱਥੇ, ਹੱਕ, ਕੱਖ, ਨਿੱਘਰ, ਪੱਥਰ, ਪੱਧਰ ਆਦਿ ਅਨੇਕਾਂ ਸ਼ਬਦ ਅਜਿਹੇ ਹਨ ਜਿਨ੍ਹਾਂ ਉਤੇ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਉਹਨਾਂ ਦੇ ਅਰਥਾਂ ਵਿੱਚ ਕੋਈ ਅੰਤਰ ਨਹੀਂ ਪੈਂਦਾ ਪਰ ਫਿਰ ਵੀ ਅਸੀਂ ਇਹਨਾਂ ਤੇ ਇਹਨਾਂ ਵਰਗੇ ਅਨੇਕਾਂ ਹੋਰ ਸ਼ਬਦਾਂ ਉਤੇ ਅਧਕ ਦੀ ਵਰਤੋਂ ਕਰਦੇ ਹਾਂ। ਅਜਿਹਾ ਕੇਵਲ ਇਸ ਲਈ ਹੀ ਕਰਦੇ ਹਾਂ ਕਿਉਂਕਿ ਇਹਨਾਂ ਸ਼ਬਦਾਂ ਦੇ ਉਚਾਰਨ ਸਮੇਂ ਇਹਨਾਂ ਉੱਤੇ ਬਲ ਦੀ ਵਰਤੋਂ ਹੁੰਦੀ ਹੈ। ਫਿਰ ਕੇਵਲ ‘ਇੱਕ’ ਅਤੇ ‘ਵਿੱਚ’ ਸ਼ਬਦਾਂ ਨੂੰ ਹੀ ਬਲੀ ਦੇ ਬੱਕਰੇ ਬਣਾਉਣ ਦੀ ਰੱਟ ਕਿਉਂ ਲਾਈ ਜਾਂਦੀ ਹੈ? ਇਸ ਨੁਕਤੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਜਿਹੇ ਸ਼ਬਦਾਂ ਦੇ ਸੰਬੰਧ ਵਿੱਚ ਵਿਆਕਰਨਿਕ ਤੇ ਭਾਸ਼ਾਈ ਨਿਯਮਾਂ ਉੱਤੇ ਅਮਲ ਕਰਨ ਦੀ ਲੋੜ ਹੈ। ਇਹੋ-ਜਿਹੇ ਬੇਸਿਰ-ਪੈਰ ਕਿਸਮਾਂ ਦੇ ਨਿਯਮ ਲੋਕੀਂ ਪਤਾ ਨਹੀਂ ਕਿਹੜੀਆਂ ਕਿਤਾਬਾਂ ਵਿੱਚੋਂ ਪੜ੍ਹ-ਪੜ੍ਹ ਕੇ ਸੁਣਾ ਰਹੇ ਹਨ ਤੇ ਆਪ ਹੀ ਨਹੀਂ ਸਗੋਂ ਇਸ ਸੰਬੰਧ ਵਿੱਚ ਬਾਕੀਆਂ ਨੂੰ ਵੀ ਗੁਮਰਾਹ ਕਰ ਰਹੇ ਹਨ। ਕਿਸੇ ਸ਼ਬਦ ਉਤੇ ਅਧਕ ਪਾਉਣ ਜਾਂ ਨਾ ਪਾਉਣ ਸੰਬੰਧੀ ਕੇਵਲ ਇੱਕ ਹੀ ਨਿਯਮ ਹੈ ਕਿ ਜਿੱਥੇ ਕਿਸੇ ਸ਼ਬਦ ਉਤੇ ਦਬਾਅ ਪੈਂਦਾ ਹੈ, ਉੱਥੇ ਹਰ ਹਾਲਤ ਵਿੱਚ ਅਧਕ ਪਾਇਆ ਜਾਣਾ ਹੈ ਤੇ ਜਿੱਥੇ ਕੋਈ ਸ਼ਬਦ ਦਬਾਅ-ਮੁਕਤ ਹੈ, ਉੱਥੇ ਅਧਕ ਪਾਉਣ ਦੀ ਕਤਈ ਲੋੜ ਨਹੀਂ ਹੈ। ਇਹਨਾਂ ਸ਼ਬਦਾਂ ਸੰਬੰਧੀ ਗ਼ੌਰ ਕਰਨ ਵਾਲ਼ਾ ਦੂਜਾ ਪ੍ਰਮਾਣ ਇਹ ਹੈ ਕਿ ਇਹ ਦੋਵੇਂ ਸ਼ਬਦ ਹਿੰਦੀ ਦੇ ‘ਏਕ’ ਅਤੇ ‘ਬੀਚ’ ਸ਼ਬਦਾਂ ਤੋਂ ਬਣੇ ਹੋਏ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ ਸ਼ਬਦਾਂ ਦੀਆਂ ਕ੍ਰਮ ਅਨੁਸਾਰ ਲਾਂ ਅਤੇ ਬਿਹਾਰੀ ਦੀਆਂ ਦੀਰਘ ਮਾਤਰਾਵਾਂ ਨੇ ਪੰਜਾਬੀ ਵਿੱਚ ਆ ਕੇ ਅਧਕ ਦਾ ਰੂਪ ਧਾਰ ਲਿਆ ਹੈ ਅਤੇ ਦੋਵੇਂ ਦੀਰਘ ਮਾਤਰਾਵਾਂ ਸਿਹਾਰੀ ਵਿੱਚ ਬਦਲ ਗਈਆਂ ਹਨ। ‘ਬੀਚ’ ਵਿਚਲਾ ‘ਬ’ ਅੱਖਰ ਵਾਲ਼ਾ ਭਾਰੀ ਸੁਰ ਹਲਕੇ ਸੁਰ ‘ਵ’ ਵਿੱਚ ਤਬਦੀਲ ਹੋ ਗਿਆ ਹੈ।
ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅਰਥਾਂ ਵਿੱਚ ਅਧਕ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ਼ ਅੰਤਰ ਆ ਜਾਂਦਾ ਹੈ। ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਸਮੇਂ ਸਾਨੂੰ ਪੂਰੀ ਇਹਤਿਆਤ ਵਰਤਣ ਦੀ ਲੋੜ ਹੈ ਤਾਂਜੋ ਇਹਨਾਂ ਨੂੰ ਲਿਖਣ ਸਮੇਂ ਕਿਧਰੇ ਅਰਥ ਦਾ ਅਨਰਥ ਨਾ ਹੋ ਜਾਵੇ, ਜਿਵੇਂ:
ਬਚਾ= ਬੱਚਾ, ਕਦ= ਕੱਦ, ਸਜਾ= ਸੱਜਾ, ਪਿਤਾ= ਪਿੱਤਾ, ਪਤਾ= ਪੱਤਾ, ਕਿਸੇ=ਕਿੱਸੇ, ਦਸ= ਦੱਸ, ਲਿਪੀ= ਲਿੱਪੀ, ਰੁਕਾ= ਰੁੱਕਾ, ਕਿਤੇ=ਕਿੱਤੇ, ਕਥਾ= ਕੱਥਾ, ਕੁਲ= ਕੁੱਲ, ਕੁਲੀ= ਕੁੱਲੀ, ਜੁਟ= ਜੁੱਟ, ਤਕੜੀ= ਤੱਕੜੀ, ਜਗ= ਜੱਗ ਆਦਿ।
ਇਸ ਤੋਂ ਬਿਨਾਂ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਉਤੇ ਅਧਕ ਨਹੀਂ ਪੈਂਦਾ। ਸਭ ਤੋਂ ਪਹਿਲਾਂ ‘ਅਧਕ’ ਸ਼ਬਦ ਨੂੰ ਹੀ ਦੇਖਿਆ ਜਾਵੇ ਤਾਂ ‘ਅਧਕ’ ਸ਼ਬਦ ਉੱਤੇ ਵੀ ‘ਅਧਕ’ ਨਹੀਂ ਪੈਂਦਾ ਪਰ ਕਈ ਲੋਕ ਇਸ ਉੱਤੇ ਵੀ ‘ਅਧਕ’ ਪਾ ਰਹੇ ਹਨ ਜੋਕਿ ਮੂਲ਼ੋਂ ਹੀ ਗ਼ਲਤ ਹੈ। ਇਹ ਸ਼ਬਦ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ‘ਅਧਿਕ’ ਸ਼ਬਦ ਤੋਂ ਬਣਿਆ ਜਾਪਦਾ ਹੈ ਜਿਸ ਦੇ ਅਰਥ ਵੱਧ ਜਾਂ ਜ਼ਿਆਦਾ ਹੁੰਦੇ ਹਨ। ਸੋ, ਇਸ ਆਧਾਰ ‘ਤੇ ‘ਅਧਕ’ ਸ਼ਬਦ ਦਾ ਅਰਥ ਹੋਇਆ, ਉਹ ਚਿੰਨ੍ਹ ਜਿਹੜਾ ਕਿਸੇ ਸ਼ਬਦ ਦਾ ਉਚਾਰਨ ਕਰਨ ਸਮੇਂ ਅਧਿਕ ਜਾਂ ਜ਼ਿਆਦਾ ਬਲ ਦੇਣ ਦਾ ਸੰਕੇਤ ਪ੍ਰਗਟ ਕਰਦਾ ਹੋਵੇ।
ਉਪਰੋਕਤ ਤੋਂ ਇਲਾਵਾ ਕੁਝ ਅਜਿਹੇ ਸ਼ਬਦ ਵੀ ਹਨ ਜਿਨ੍ਹਾਂ ਉੱਤੇ ਅਧਕ ਬਿਲਕੁਲ ਨਹੀਂ ਪਾਇਆ ਜਾਣਾ ਕਿਉਂਕਿ ਅਜਿਹੇ ਸ਼ਬਦਾਂ ਵਿੱਚ ਨਾ ਤਾਂ ਉਚਾਰਨ ਸਮੇਂ ਕਿਧਰੇ ਅਧਿਕ ਬਲ ਦਾ ਹੀ ਪ੍ਰਯੋਗ ਹੁੰਦਾ ਹੈ ਤੇ ਨਾ ਕਿਸੇ ਅੱਖਰ ਜਾਂ ਕਿਸੇ ਧੁਨੀ/ਦੀਰਘ ਮਾਤਰਾ ਆਦਿ ਨੂੰ ਹੀ ਅਲੋਪ ਕੀਤਾ ਜਾਂਦਾ ਹੈ, ਜਿਵੇਂ:
ਵਿਥਿਆ, ਵਿਦਵਤਾ, ਮਿਥ, ਮਿਥੀ, ਮਿਥਿਆ, ਮਿਥਣਾ, ਭਵਿਖ, ਭਵਿਖਤ, ਨਿਕਲ਼, ਨਿਕਲ਼ਨਾ, ਕੁਝ, ਕੁਛ, ਹਲਾਸ਼ੇਰੀ ਆਦਿ।
ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਉਤੇ ਅਧਕ ਹਰ ਹਾਲਤ ਵਿੱਚ ਪੈਣਾ ਹੈ ਪਰ ਅਸੀਂ ਕਈ ਵਾਰ ਅਨਜਾਣਪੁਣੇ ਜਾਂ ਅਣਗਹਿਲੀ ਕਾਰਨ ਅਜਿਹਾ ਨਹੀਂ ਕਰਦੇ ਜੋਕਿ ਵਿਆਕਰਨਿਕ ਨਿਯਮਾਂ ਦੀ ਉਲੰਘਣਾ ਹੈ, ਜਿਵੇਂ: ਵੱਸ, ਵੱਸਣਾ, ਵੱਸਿਆ, ਬੱਸ (ਲਾਰੀ), ਬੱਸ (ਬੱਸ ਕਰਨਾ), ਤੱਕ (ਤੱਕਣਾ/ ਦੇਖਣਾ) ਤੱਕ (ਤੀਕ/ਤੀਕਰ), ਚੱਲ, ਚੱਲਣਾ ਆਦਿ।
ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਮੂਲ ਰੂਪ ਵਿੱਚ ਤਾਂ ਅਧਕ ਪੈਂਦਾ ਹੈ ਪਰ ਉਹਨਾਂ ਤੋਂ ਬਣੇ ਕੁਝ ਹੋਰ ਸ਼ਬਦ-ਰੂਪਾਂ ਉਤੇ ਅਧਕ ਨਹੀਂ ਪੈਂਦਾ, ਜਿਵੇਂ: ਦੁੱਖ ਤੋਂ ਦੁਖੀ, ਦੁਖੀਆ ਆਦਿ; ਸੁੱਖ ਤੋਂ ਸੁਖੀ, ਸੁਖੀਆ, ਸੁਖਦਾਈ, ਸੁਖਦਾਇਕ ਆਦਿ; ਘੱਟ ਤੋਂ ਘਟਿਆ, ਘਟੀਆ, ਘਟਣਾ, ਘਟਾਉਣਾ ਆਦਿ; ਵੱਧ ਤੋਂ ਵਧਿਆ, ਵਧਣਾ, ਵਧਾਉਣਾ ਆਦਿ। ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਵੀ ਸਾਨੂੰ ਇਸ ਨਿਯਮ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਅਧਕ ਤੋਂ ਬਿਨਾਂ, ਜਿਵੇਂਕਿ ਉੱਪਰ ਦੱਸਿਆ ਗਿਆ ਹੈ, ਟਿੱਪੀ ਵੀ ਕਈ ਵਾਰ ਬਲ ਦੀ ਸੂਚਕ ਹੁੰਦੀ ਹੈ, ਜਿਵੇਂ: ਜੰਤਰ, ਮੰਤਰ, ਤੰਤਰ, ਬਸੰਤਰ, ਸੰਤ, ਸੰਤਰਾ, ਕੁੰਜੀ, ਖੰਭ, ਖੁੰਬ, ਅੰਬਰ, ਪਿੰਜਰ ਆਦਿ। ਜੇਕਰ ਟਿੱਪੀ ਤੋਂ ਅਗਲਾ ਅੱਖਰ ਨਾਸਿਕੀ ਵਿਅੰਜਨ ਹੋਵੇ ਤਾਂ ਅਜਿਹੀ ਹਾਲਤ ਵਿੱਚ ਨਾਸਿਕੀ ਅੱਖਰ ਤੋਂ ਪਹਿਲੇ ਅੱਖਰ ‘ਤੇ ਪਈ ਟਿੱਪੀ ਬਲ ਦੀ ਪ੍ਰਤੀਕ ਵੀ ਹੁੰਦੀ ਹੈ, ਜਿਵੇਂ: ਕਰਣ/ਕਾਨ ਤੋਂ ਕੰਨ; ਕਰਮ/ਕਾਮ ਤੋਂ ਕੰਮ; ਦਮੜੀ/ਦਾਮ ਤੋਂ ਦੰਮ; ਚਮੜੀ/ ਚਰਮ ਤੋਂ ਚੰਮ ਆਦਿ। ਇਸੇ ਤਰ੍ਹਾਂ ਉਤਨਾ ਤੋਂ ਓਨਾ, ਇਤਨਾ ਤੋਂ ਇੰਨਾ ਜਾਂ ਏਨਾ; ਕਿਤਨਾ ਤੋਂ ਕਿੰਨਾ ਅਤੇ ਜਿਤਨਾ ਤੋਂ ਜਿੰਨਾ ਆਦਿ। ਸੋ,ਅਜਿਹੇ ਸ਼ਬਦਾਂ ਦਾ ਸਹੀ ਉਚਾਰਨ ਅਸੀਂ ਬਲ ਜਾਂ ਦਬਾਅ ਦਾ ਪ੍ਰਯੋਗ ਕੀਤੇ ਬਿਨਾਂ ਕਰ ਹੀ ਨਹੀਂ ਸਕਦੇ। ਏਨਾ ਹੀ ਨਹੀਂ ਸਗੋਂ ਬਿੰਦੀ-ਯੁਕਤ ਕੁਝ ਸ਼ਬਦਾਂ ਵਿੱਚ ਵੀ ਅਜਿਹੇ ਬਲ ਦਾ ਪ੍ਰਯੋਗ ਪ੍ਰਤੱਖ ਰੂਪ ਵਿੱਚ ਨਜ਼ਰੀਂ ਪੈਂਦਾ ਹੈ, ਜਿਵੇਂ: ਪੈਂਤੀ, ਸੈਂਤੀ, ਕੈਂਚੀ, ਉਂਗਲ਼, ਚੌਂਕਾ, ਬੈਂਕ, ਟੈਂਕ, ਰੈਂਚ ਆਦਿ
ਇਸੇ ਤਰ੍ਹਾਂ ਪੰਜਾਬੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਸ਼ਬਦ- ਜੋੜ ਤਾਂ ਭਾਵੇਂ ਇਕਸਮਾਨ ਹਨ ਪਰ ਅਰਥ ਅਲੱਗ-ਅਲੱਗ ਹਨ ਅਤੇ ਉਹਨਾਂ ਦੇ ਉਚਾਰਨ ਵੀ ਅਲੱਗ-ਅਲੱਗ ਹਨ, ਜਿਵੇਂ: ਦਾੱਤੀ (ਬਲ ਸਮੇਤ)= ਦਾਤਰੀ ਅਤੇ ਦਾਤੀ (ਬਲ-ਰਹਿਤ)= ਦਾਤਾਂ ਦੇਣ ਵਾਲ਼ੀ; ਬਾਟਾ (ਬਲ-ਰਹਿਤ)= ਜੁੱਤੀਆਂ ਬਣਾਉਣ ਵਾਲ਼ੀ ਇੱਕ ਕੰਪਨੀ ਦਾ ਨਾਂ ਅਤੇ ਬਾੱਟਾ (ਬਲ ਸਮੇਤ)= ਤਸਲੇ ਵਰਗਾ ਇੱਕ ਵੱਡਾ ਭਾਂਡਾ। ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹਨਾਂ ਸ਼ਬਦਾਂ ਦੇ ਉਚਾਰਨ ਨੂੰ ਇੱਕ-ਦੂਜੇ ਤੋਂ ਵਖਰਿਆਉੋਣ ਲਈ ਇਹਨਾਂ ਵਿਚਲੇ ਬਲ ਵਾਲ਼ੇ ਸ਼ਬਦਾਂ ਦੇ ਕੰਨਿਆਂ ਉੱਤੇ ਅਧਕ ਪਾਉਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ।
ਇਸ ਪ੍ਰਕਾਰ ਜੇਕਰ ਅਸੀਂ ਅਧਕ ਦੀ ਵਰਤੋਂ ਸੰਬੰਧੀ ਅਜਿਹੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਉਪਰੋਕਤ ਕਿਸਮ ਦੇ ਸ਼ਬਦਾਂ ਵਿੱਚ ਅਧਕ ਦੀ ਵਰਤੋਂ ਸੰਬੰਧੀ ਸਾਨੂੰ ਕਿਸੇ ਵੀ ਕਿਸਮ ਦਾ ਭੁਲੇਖਾ ਲੱਗ ਹੀ ਨਹੀਂ ਸਕਦਾ। ਲੋੜ ਹੈ ਕਿ ਅਸੀਂ ਆਪੇ ਬਣਾਈਆਂ ਮਿਥਾਂ ਨੂੰ ਤੋੜੀਏ ਅਤੇ ਵਿਆਕਰਨਿਕ ਨਿਯਮਾਂ ‘ਤੇ ਚੱਲਦਿਆਂ ਹੋਇਆਂ ਸਹੀ ਸ਼ਬਦਾਂ ਦਾ ਹੀ ਇਸਤੇਮਾਲ ਕਰੀਏ। ਭਾਸ਼ਾ ਵਿੱਚ ਇਕਸਾਰਤਾ ਲਿਆਉਣ ਦੀ ਖ਼ਾਤਰ ਸਾਨੂੰ ਅਜਿਹੇ ਨਿਯਮਾਂ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਰੱਖਣਾ ਹੀ ਪਵੇਗਾ।
…………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਗੁਰਮੁਖੀ ਲਿਪੀ ਦੇ ਅੱਖਰ ‘ਲ’ ਪੈਰ-ਬਿੰਦੀ (ਲ਼) ਕਦੋਂ ਪਾਈਏ?

ਪੰਜਾਬੀ ਬੋਲੀ ਦੀ ‘ਲ’ ਪੈਰ-ਬਿੰਦੀ (ਲ਼) ਦੀ ਧੁਨੀ ਇੱਕ ਨਵੇਕਲ਼ੀ ਧੁਨੀ ਹੈ। ਸਮੁੱਚੇ ਭਾਰਤ ਅਤੇ ਪੂਰੇ ਸੰਸਾਰ ਵਿੱਚ ਅਜਿਹੀਆਂ ਬੋਲੀਆਂ ਬਹੁਤ ਹੀ ਘੱਟ ਹਨ ਜਿਨ੍ਹਾਂ ਵਿੱਚ ਦੰਤੀ (ਪਠਾਰੀ) ਧੁਨੀ ‘ਲ’ ਤੋਂ ਬਣੀ ‘ਲ਼’ ਅਰਥਾਤ ਉਲਟ-ਜੀਭੀ ਧੁਨੀ (ਲ ਪੈਰ-ਬਿੰਦੀ) ਦਾ ਉਚਾਰਨ ਮੌਜੂਦ ਹੈ। ਇਹ ਨਾਂ ਇਸ ਧੁਨੀ ਨੂੰ ਇਸ ਕਰਕੇ ਮਿਲ਼ਿਆ ਹੈ ਕਿਉਂਕਿ ਇਸ ਦਾ ਉਚਾਰਨ ਕਰਨ ਸਮੇਂ ਜੀਭ ਉਲਟ ਕੇ ਤਾਲ਼ੂ ਨਾਲ਼ ਜਾ ਲੱਗਦੀ ਹੈ। ਇਸ ਤੋਂ ਬਿਨਾਂ ਇਹ ਦੋਵੇਂ ਧੁਨੀਆਂ (ਲ ਅਤੇ ਲ਼) ਪਾਸੇਦਾਰ ਧੁਨੀਆਂ ਵੀ ਹਨ ਕਿਉਂਕਿ ਇਹਨਾਂ ਦਾ ਉਚਾਰਨ ਕਰਨ ਸਮੇਂ ਹਵਾ ਜੀਭ ਦੇ ਦੋਂਹਾਂ ਪਾਸਿਆਂ ਤੋਂ ਹੋ ਕੇ ਬਾਹਰ ਨਿਕਲ਼ਦੀ ਹੈ।
ਜਿੱਥੋਂ ਤੱਕ ਇਸ ਧੁਨੀ ਵੀ ਪੁਰਾਤਨਤਾ ਦਾ ਸੰਬੰਧ ਹੈ, ਪ੍ਰਸਿੱਧ ਸੰਸਕ੍ਰਿਤ-ਵਿਦਵਾਨ ਡਾ. ਸ਼ਿਆਮ ਦੇਵ ਪਾਰਾਸ਼ਰ (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਬੋਲ-ਚਾਲ ਦੀ ਬੋਲੀ ਵਿੱਚ ਲ਼ ਧੁਨੀ ਦੀ ਵਰਤੋਂ ਵੇਦਾਂ ਦੇ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ। ਇਸ ਪ੍ਰਕਾਰ ਪੰਜਾਬੀ ਵਿੱਚ ਇਹ ਧੁਨੀ ਸਿੱਧੀ ਵੇਦਾਂ ਤੋਂ ਹੀ ਆਈ ਹੈ। ਉਹਨਾਂ ਅਨੁਸਾਰ ਇਸ ਦਾ ਪ੍ਰਯੋਗ ਸੰਸਕ੍ਰਿਤ ਭਾਸ਼ਾ ਵਿੱਚ ਵੀ ਕਿਧਰੇ ਦਿਖਾਈ ਨਹੀਂ ਦਿੰਦਾ। ਵੇਦਾਂ ਤੋਂ ਬਿਨਾਂ ਇਸ ਧੁਨੀ ਦੀ ਵਰਤੋਂ ਪ੍ਰਾਕ੍ਰਿਤਾਂ ਅਤੇ ਪਾਲੀ ਭਾਸ਼ਾ ਵਿੱਚ ਵੀ ਕੀਤੀ ਜਾਂਦੀ ਰਹੀ ਹੈ। ਭਾਰਤੀ ਬੋਲੀਆਂ ਵਿੱਚੋਂ ਪੰਜਾਬੀ ਤੋਂ ਬਿਨਾਂ ਇਸ ਧੁਨੀ ਦੀ ਵਰਤੋਂ ਮਰਾਠੀ ਅਤੇ ਦ੍ਰਾਵਿੜ ਭਾਸ਼ਾਵਾਂ ਵਿੱਚ ਵੀ ਕੀਤੀ ਜਾਂਦੀ ਹੈ। ਪੰਜਾਬੀ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਡਾ. ਹਰਕੀਰਤ ਸਿੰਘ ਅਨੁਸਾਰ ਪੂਰਬੀ ਪੰਜਾਬੀ ਦੀਆਂ ਸਾਰੀਆਂ ਉਪਬੋਲੀਆਂ ਵਿੱਚ ਲ਼ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੱਛਮੀ ਪੰਜਾਬ ਦੀ ਲਹਿੰਦੀ ਭਾਸ਼ਾ ਵਿੱਚ ‘ਲ਼’ ਧੁਨੀ ਅਜੇ ਵਿਕਸਿਤ ਨਹੀਂ ਹੋਈ ਇਸ ਲਈ ਲ਼ਹਿੰਦੀ ਪੰਜਾਬੀ ਬੋਲਣ ਵਾਲ਼ੇ ਪੰਜਾਬੀਆਂ ਲਈ ਅਜੇ ਲ ਅਤੇ ਲ਼ ਧੁਨੀਆਂ ਵਿੱਚ ਅੰਤਰ ਕਰਨਾ ਰਤਾ ਮੁਸ਼ਕਲ ਹੈ।
ਲਗਾਤਾਰ ਸਵਾ ਕੁ ਸਾਲ ਤੱਕ ਚੱਲੇ ਕਿਰਸਾਣੀ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਕਿਰਸਾਣ-ਨੇਤਾ ਰਾਕੇਸ਼ ਟਿਕੈਤ ਨੂੰ ਵੀ ਆਪਣੀ ਬੋਲ-ਚਾਲ ਵਿੱਚ ਇਸ ਧੁਨੀ ਦੀ ਵਰਤੋਂ ਕਰਦਿਆਂ ਅਕਸਰ ਹੀ ਸੁਣਿਆ ਜਾਂਦਾ ਰਿਹਾ ਹੈ। ਉਹ ਮਿੱਟੀ ਦੇ ਢੇਲੇ ਨੂੰ ਵੀ ਪੰਜਾਬੀਆਂ ਵਾਂਗ ‘ਡਲ਼ਾ’ ਅਤੇ ਹਲ਼ ਨੂੰ ਵੀ ‘ਹਲ਼’ ਕਹਿੰਦੇ ਹੀ ਸੁਣਾਈ ਦਿੰਦੇ ਸਨ। ਪੁਰਾਣੇ ਪੰਜਾਬ ਦੀਆਂ ਹੱਦਾਂ ਕਿਉਂਕਿ ਦਿੱਲੀ ਨਾਲ਼ ਜਾ ਲੱਗਦੀਆਂ ਸਨ ਇਸ ਲਈ ਕੁਦਰਤੀ ਹੈ ਕਿ ਇਸ ਦੇ ਨਾਲ਼ ਲੱਗਦੇ ਕੁਝ ਕਿਲੋਮੀਟਰਾਂ ਦੇ ਇਲਾਕੇ ਵਿੱਚ ਵੀ ਪੁਰਾਤਨ ਸਮੇਂ ਤੋਂ ਹੀ ਪੰਜਾਬੀ ਬੋਲੀ ਦੇ ਪ੍ਰਭਾਵ ਕਾਰਨ ਇਹ ਧੁਨੀ ਬੋਲੀ ਜਾਂਦੀ ਹੋਵੇ। ਉਂਞ ਵੀ ਦਿੱਲੀ ਅਤੇ ਹਰਿਆਣਾ ਵਿੱਚ ਤਾਂ ਹੁਣ ਵੀ ਪੰਜਾਬੀ ਬੋਲੀ ਬੋਲਣ ਵਾਲ਼ੇ ਕਾਫ਼ੀ ਲੋਕ ਰਹਿੰਦੇ ਹਨ। ਇਸ ਤੋਂ ਬਿਨਾਂ ਹਰਿਆਣਵੀ ਭਾਸ਼ਾ ਵਿੱਚ ਵੀ ਇਸ ਧੁਨੀ ਦੀ ਹੋਂਦ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਇਹੋ ਹੀ ਕਾਰਨ ਹੈ ਕਿ ਦਿੱਲੀ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਪੰਜਾਬੀ ਬੋਲੀ ਦੀ ਇਸ ਨਵੇਕਲ਼ੀ ਧੁਨੀ ਨੇ ਬੋਲ-ਚਾਲ ਦੀ ਭਾਸ਼ਾ ਵਿੱਚ ਆਪਣਾ ਸਥਾਨ ਕਿਸੇ ਨਾ ਕਿਸੇ ਹੱਦ ਤੱਕ ਬਹਾਲ ਰੱਖਿਆ ਹੈ। ਭਾਸ਼ਾ-ਵਿਗਿਆਨੀਆਂ ਅਨੁਸਾਰ ਭਾਰਤ ਤੋਂ ਬਾਹਰਲੇ ਦੇਸਾਂ ਵਿੱਚੋਂ ਇਹ ਧੁਨੀ ਕੇਵਲ ਜਪਾਨੀ ਭਾਸ਼ਾ ਵਿੱਚ ਹੀ ਮੌਜੂਦ ਹੈ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬੋਲ-ਚਾਲ ਦੇ ਰੂਪ ਵਿੱਚ ਤਾਂ ਭਾਵੇਂ ਇਹ ਧੁਨੀ ਪੰਜਾਬੀ ਵਿੱਚ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਹੀ ਮੌਜੂਦ ਰਹੀ ਹੈ ਪਰ ਗੁਰਮੁਖੀ ਲਿਪੀ ਜਾਂ ਲਿਖਤੀ ਰੂਪ ਵਿੱਚ ਇਸ ਦੀ ਆਮਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਲਈ ਵਰਤੀਆਂ ਜਾਣ ਵਾਲ਼ੀਆਂ ਧੁਨੀਆਂ ਸ਼ ਖ਼ ਗ਼ ਜ਼ ਫ਼ ਦੀ ਸ਼ਮੂਲੀਅਤ ਹੋਣ ਉਪਰੰਤ ਪਿਛਲੀ ਸਦੀ ਦੇ ਅੱਧ ਤੋਂ ਬਾਅਦ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਦੇ ਹੋਂਦ ਵਿੱਚ ਆਉਣ ‘ਤੇ ਹੀ ਸੰਭਵ ਹੋ ਸਕੀ ਹੈ। ਇਸ ਉਪਰੰਤ ਹੀ ਇਸ ਅੱਖਰ ਨੂੰ ਗੁਰਮੁਖੀ ਲਿਪੀ ਦੇ ਅੰਤਿਮ ਅਰਥਾਤ ਇਕਤਾਲ਼੍ਹੀਵੇਂ ਅੱਖਰ ਹੋਣ ਦਾ ਦਰਜਾ ਪ੍ਰਾਪਤ ਹੋ ਸਕਿਆ ਹੈ। ਡਾ. ਪ੍ਰੀਤਮ ਸਿੰਘ (ਪੰਜਾਬੀ ਭਾਸ਼ਾ ਦਾ ਆਲੋਚਨਾਤਮਿਕ ਅਧਿਐਨ) ਅਨੁਸਾਰ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਲਈ ਪੈਰ-ਬਿੰਦੀ ਵਾਲ਼ੇ ਪਹਿਲੇ ਪੰਜ ਅੱਖਰਾਂ (ਸ਼ ਖ਼ ਗ਼ ਜ਼ ਫ਼) ਦੀ ਵਰਤੋਂ ਦੇ ਨਾਲ਼ ਹੀ ਅੰਗਰੇਜ਼ ਪਾਦਰੀਆਂ ਨੇ ਛੇਵੇਂ ਅੱਖਰ ਲ ਪੈਰ-ਬਿੰਦੀ (ਲ਼) ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਪਰ ਗੁਰਮੁਖੀ ਲਿਪੀ ਵਿੱਚ ਇਸ ਅੱਖਰ ਦੀ ਬਾਕਾਇਦਾ ਆਮਦ, ਜਿਵੇਂਕਿ ਉੁਪਰ ਦੱਸਿਆ ਗਿਆ ਹੈ, ਉਪਰੋਕਤ ਕੋਸ਼ ਛਪਣ ਉਪਰੰਤ, ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਹੀ ਸੰਭਵ ਹੋ ਸਕੀ ਸੀ।
ਇਸ ਸਮੇਂ ਗੁਰਮੁਖੀ ਲਿਪੀ ਵਿੱਚ ‘ਲ਼’ ਧੁਨੀ ਨੂੰ ਇੱਕ ਅਹਿਮ ਸਥਾਨ ਪ੍ਰਾਪਤ ਹੈ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਇਸ ਧੁਨੀ ਨਾਲ਼ ਪੰਜਾਬੀ ਦੇ ਅਨੇਕਾਂ ਸ਼ਬਦਾਂ ਦੀ ਰਚਨਾ ਹੋਈ ਹੈ। ਦੂਜੇ, ਕਈ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਜੇਕਰ ਭੁਲੇਖੇਵੱਸ ‘ਲ਼’ ਧੁਨੀ ਦੀ ਥਾਂ ‘ਲ’ ਧੁਨੀ ਜਾਂ ‘ਲ’ ਦੀ ਥਾਂ ‘ਲ਼’ ਧੁਨੀ ਦੀ ਵਰਤੋਂ ਕਰ ਲਈ ਜਾਵੇ ਤਾਂ ਅਜਿਹਾ ਕਰਨ ਨਾਲ਼ ਕਈ ਵਾਰ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਵੀ ਆ ਜਾਂਦਾ ਹੈ। ਸਾਨੂੰ ਇਸ ਪੱਖੋਂ ਵੀ ਕਾਫ਼ੀ ਹੱਦ ਤਕ ਸੁਚੇਤ ਰਹਿਣ ਦੀ ਲੋਡ਼ ਹੈ। ਇਸ ਸੰਬੰਧੀ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ:
ਗੋਲੀ (ਨੌਕਰਾਣੀ)/ਗੋਲ਼ੀ (ਦਵਾ ਦੀ ਗੋਲ਼ੀ); ਬੋਲੀ (ਭਾਸ਼ਾ)/ ਬੋਲ਼ੀ (ਸੁਣਨ ਤੋਂ ਅਸਮਰਥ); ਜਲ (ਪਾਣੀ)/ ਜਲ਼ (ਸੜਨਾ); ਬਲ (ਤਾਕਤ)/ਬਲ਼ (ਅੱਗ ਦਾ ਬਲ਼ਨਾ); ਤਲ (ਪੱਧਰ)/ ਤਲ਼ (ਤਲ਼ਨਾ); ਬਾਲ (ਬੱਚਾ)/ ਬਾਲ਼ (ਅੱਗ ਬਾਲ਼ਨਾ); ਖੱਲ (ਚਮੜੀ)/ ਖਲ਼ (ਸਰ੍ਹੋਂ ਆਦਿ ਦੀ ਖਲ਼); ਗੋਲਾ (ਨੌਕਰ)/ ਗੋਲ਼ਾ (ਗੋਲ਼ਾਕਾਰ ਉੱਨ ਜਾਂ ਲੋਹੇ ਆਦਿ ਦਾ ਗੋਲ਼ਾ); ਕਾਲ (ਸਮੇਂ ਦੀ ਇਕਾਈ)/ ਕਾਲ਼ (ਖਾਣ-ਪੀਣ ਵਾਲ਼ੀਆਂ ਵਸਤਾਂ ਦੀ ਥੁਡ਼ ਹੋਣਾ); ਖੇਲ (ਖੇਡ)/ਖੇਲ਼ (ਪਾਣੀ ਦੀ ਖੇਲ਼); ਖ਼ਾਲੀ/ਖਾਲ਼ੀ; ਛੱਲ (ਪਾਣੀ ਦੀ ਲਹਿਰ)/ਛਲ਼ (ਕਪਟ, ਧੋਖਾ); ਵੱਲ (ਤਰਫ਼)/ਵਲ਼ (ਸਿਲਵਟ); ਪਲ (ਘੜੀ-ਪਲ)/ਪਲ਼ (ਪਲ਼ਨਾ); ਟੋਲੀ (ਕੁਝ ਲੋਕਾਂ ਦਾ ਇਕੱਠ); ਟੋਲ਼ੀ (ਲੱਭੀ); ਡੋਲੀ (ਘਬਰਾਈ, ਥਿੜਕੀ) ਡੋਲ਼ੀ (ਪਾਲਕੀ); ਦਲ (ਟੋਲਾ) ਦਲ਼ (ਦਾਲ਼ ਆਦਿ ਦਲ਼ਨਾ); ਹਾਲੋਂ (ਹਾਲੋਂ-ਬੇਹਾਲ ਹੋਣਾ)/ਹਾਲ਼ੋਂ (ਇੱਕ ਫ਼ਸਲ); ਕੌਲਾ (ਇੱਕ ਵੱਡੀ ਕੌਲੀ)/ ਕੌਲ਼ਾ (ਥਮ੍ਹਲਾ); ਤੋਲਾ (ਤੋਲਣ ਵਾਲ਼ਾ) ਤੋਲ਼ਾ (ਭਾਰ ਤੋਲਣ ਦੀ ਇੱਕ ਇਕਾਈ) ਆਦਿ।
ਉਪਰੋਕਤ ਉਦਾਹਰਨਾਂ ਤੋਂ ਇਹ ਗੱਲ ਭਲੀ-ਭਾਂਤ ਸਿੱਧ ਹੋ ਜਾਂਦੀ ਹੈ ਕਿ ‘ਲ਼’ ਦੀ ਇਹ ਧੁਨੀ ‘ਲ’ ਧੁਨੀ ਤੋਂ ਬਿਲਕੁਲ ਹੀ ਵੱਖਰੀ ਹੈ ਤੇ ਇਸ ਦੀ ਵਰਤੋਂ ਨਾਲ਼ ਅਨੇਕਾਂ ਸ਼ਬਦਾਂ ਦੀ ਸਿਰਜਣਾ ਵੀ ਹੋਈ ਹੈ ਜਿਨ੍ਹਾਂ ਦਾ ਸ਼ੁੱਧ ਉਚਾਰਨ ਇਸ ਧੁਨੀ ਦੀ ਵਰਤੋਂ ਬਿਨਾਂ ਕੀਤਾ ਹੀ ਨਹੀਂ ਜਾ ਸਕਦਾ ਇਸੇ ਕਾਰਨ ਬੇਸ਼ੱਕ ਇਹ ਧੁਨੀ ਬੋਲ-ਚਾਲ ਦੀ ਬੋਲੀ ਵਿੱਚ ਪਿਛਲੇ ਹਜ਼ਾਰਾਂ ਸਾਲਾਂ ਤੋਂ ਪੰਜਾਬੀਆਂ ਦੇ ਅੰਗ-ਸੰਗ ਵਿਚਰਦੀ ਰਹੀ ਹੈ ਪਰ ਇਸ ਧੁਨੀ ਨੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਹੋ ਕੇ ਬੋਲ-ਚਾਲ ਦੀ ਬੋਲੀ ਦੇ ਨਾਲ਼-ਨਾਲ਼ ਲਿਖਤੀ ਬੋਲੀ ਵਿੱਚ ਵੀ ਅੱਜ ਆਪਣਾ ਵੱਖਰਾ ਅਤੇ ਚਿਰਾਂ ਤੋਂ ਗੁਆਚਿਆ ਹੋਇਆ ਸਥਾਨ ਫਿਰ ਤੋਂ ਪ੍ਰਾਪਤ ਕਰ ਲਿਆ ਹੈ।
ਆਓ, ਕੁਝ ਅਜਿਹੇ ਸ਼ਬਦਾਂ ਵੱਲ ਝਾਤ ਮਾਰੀਏ ਜਿਨ੍ਹਾਂ ਦੇ ਸ਼ਬਦ-ਜੋੜ ਅਸੀਂ ਕਿਸੇ ਭੁਲੇਖੇਵੱਸ ਗ਼ਲਤ ਲਿਖ ਦਿੰਦੇ ਹਾਂ। ਅਜਿਹੇ ਸ਼ਬਦਾਂ ਵਿੱਚੋਂ ਤਿੰਨ ਪ੍ਰਮੁੱਖ ਸ਼ਬਦ ਹਨ: ਨਾਲ਼, ਕੋਲ਼ ਅਤੇ ਵਾਲ਼ਾ। ਇਹ ਤਿੰਨ ਸ਼ਬਦ ਸਾਡੀ ਬੋਲ-ਚਾਲ ਦੀ ਬੋਲੀ ਦੇ ਨਾਲ਼-ਨਾਲ਼ ਲਿਖਤੀ ਭਾਸ਼ਾ ਵਿੱਚ ਵੀ ਸਭ ਤੋਂ ਵੱਧ ਵਰਤੇ ਜਾਂਦੇ ਹਨ ਪਰ ਤ੍ਰਾਸਦੀ ਇਹ ਹੈ ਕਿ ਬਹੁਤ ਹੀ ਘੱਟ ਲੋਕ ਇਹਨਾਂ ਵਿੱਚ ‘ਲ਼’ ਅੱਖਰ ਦੀ ਵਰਤੋਂ ਕਰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਮੁਖੀ ਲਿਪੀ ਵਿੱਚ ਇਸ ਅੱਖਰ ਦੀ ਆਪਣੀ ਇੱਕ ਵੱਖਰੀ ਹੋਂਦ ਹੈ। ਜਿਵੇਂ ਗੁਰਮੁਖੀ ਲਿਪੀ ਦੇ ਕਿਸੇ ਇੱਕ ਅੱਖਰ ਨੂੰ ਅਸੀਂ ਕਿਸੇ ਹੋਰ ਅੱਖਰ ਦੀ ਥਾਂ ਨਹੀਂ ਵਰਤ ਸਕਦੇ ਇਸੇ ਤਰ੍ਹਾਂ ‘ਲ਼’ ਅੱਖਰ ਦੀ ਥਾਂ ਵੀ ਅਸੀਂ ‘ਲ’ ਅੱਖਰ ਨੂੰ ਨਹੀਂ ਵਰਤ ਸਕਦੇ। ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ।
ਇਕ ਗੱਲ ਹੋਰ ਵੀ ਯਾਦ ਰੱਖਣ ਵਾਲ਼ੀ ਹੈ ਕਿ ਉਪਰੋਕਤ ਸ਼ਬਦ; ‘ਨਾਲ਼’ ਵਿਚਲੀਆਂ ਧੁਨੀਆਂ ‘ਨ’ ਅਤੇ ‘ਲ਼’ ਨਾਲ਼ ਸੰਬੰਧਿਤ ਜਿੰਨੇ ਵੀ ਹੋਰ ਸ਼ਬਦ ਹਨ, ਲਗ-ਪਗ ਉਹ ਸਾਰੇ ‘ਲ਼’ ਅੱਖਰ ਨਾਲ ਹੀ ਲਿਖੇ ਜਾਣੇ ਹਨ, ਜਿਵੇਂ: ਨਾਲ਼, ਨਾਲ਼ੋਂ, ਨਾਲ਼ਾ, ਨਾਲ਼ੇ, ਨਾਲ਼ੀ, ਨਲ਼ਕੀ, ਨਾਲ਼ੀਆਂ, ਨਲ਼ਕਾ ਅਾਦਿ। ਇਸ ਪ੍ਰਕਾਰ ਇਹਨਾਂ ਧੁਨੀਆਂ ਵਾਲ਼ੇ ਸ਼ਬਦ ਲਿਖਣ ਲੱਗਿਆਂ ਵਧੇਰੇ ਸੋਚਣ ਦੀ ਵੀ ਲੋੜ ਨਹੀਂ ਹੈ ਕਿ ਇੱਥੇ ‘ਲ’ ਪੈਰ ਬਿੰਦੀ ਪੈਣੀ ਹੈ ਕਿ ‘ਲ’ ਮੁਕਤਾ ਅੱਖਰ ਪੈਣਾ ਹੈ। ਅਸੀਂ ਨਿਰਸੰਕੋਚ ਹੋ ਕੇ ਤੁਰੰਤ ਅਜਿਹੇ ਸ਼ਬਦਾਂ ਦੇ ਲ ਪੈਰ ਬਿੰਦੀ ਪਾ ਸਕਦੇ ਹਾਂ। ‘ਲ਼’ ਧੁਨੀ ਦੀ ਸ਼ਮੂਲੀਅਤ ਵਾਲ਼ੇ ਅਜਿਹੇ ਹੀ ਕੁਝ ਹੋਰ ਸ਼ਬਦ ਹਨ:
ਗਲ਼, ਗਾਲ਼, ਗਲ਼ੀ, ਦਾਲ਼, ਦਲ਼ੀਆ, ਦਲ਼ਨਾ, ਔਲ਼ਾ, ਤਾਲ਼ੂ, ਤਾਲ਼ੂਆ, ਉਲ਼ਝਣ, ਨਿਓਲ਼ਾ, ਵਲ਼, ਵਾਲ਼ਾ, ਵੇਲ਼ਾ, ਤ੍ਰੇਲ਼, ਕਾਲ਼ਾ, ਪੀਲ਼ਾ, ਸਾਲ਼ਾ, ਸਾਉਲ਼ਾ (ਕਣਕਵੰਨਾ), ਖਾਲ਼ਾ, ਖਾਲ਼ੀ, ਘੋਲ਼, ਘੌਲ਼, ਤਾਲ਼ੀ (ਤਾੜੀ), ਧੌਲ਼ (ਧੌਲ਼-ਧੱਫਾ), ਧੌਲ਼ੇ, ਚੌਲ਼, ਹੋਲ਼ਾਂ, ਹੌਲ਼ੀ, ਹੌਲ਼ਾ, ਫਲ਼, ਫਲ਼ਦਾਰ, ਡਲ਼੍ਹਕ, ਢਾਲ਼, ਢਾਲ਼ਵਾਂ, ਛਾਲ਼, ਜਾਲ਼, ਝੌਲ਼ਾ, ਟਾਲ਼, ਪਾਲ਼/ਪਾਲ਼ਨਾ, ਪ੍ਰਨਾਲ਼ੀ (ਰਵਾਇਤ), ਪਰਨਾਲ਼ਾ, ਪਾਲ਼ੇ (ਕਬੱਡੀ ਦੇ), ਪਾਲ਼ਾ (ਠੰਢ), ਟਾਲ਼ਨਾ, ਮੇਲ਼, ਨਾਨਕਾ-ਮੇਲ਼, ਮਿਲ਼, ਮਿਲ਼ਨੀ, ਹਥੇਲ਼ੀ, ਅਲ਼ਸੀ, ਕਲ਼ੇਜਾ, ਕਲ਼ਪਣਾ/ਕਲ਼ਪਾਉਣਾ, ਨਵੇਕਲ਼ੀ (ਨਿਵੇਕਲ਼ੀ/ਨਿਵੇਕਲ਼ਾ ਲਿਖਣਾ ਗ਼ਲਤ ਹੈ); ਕਲ਼ੇਸ (ਕਲੇਸ਼ ਲਿਖਣਾ ਗ਼ਲਤ ਹੈ), ਸਲ਼ੰਘ, ਪਰਾਲ਼ੀ, ਉਲ਼ਾਮ੍ਹਾ (ਉਲ਼ਾਂਭਾ ਲਿਖਣਾ ਗ਼ਲਤ ਹੈ) ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਮੇਲ਼, ਮਿਲ਼ ਆਦਿ ਸ਼ਬਦਾਂ ਨਾਲ਼ ਸੰਬੰਧਿਤ ਕੁਝ ਸ਼ਬਦ ਭੁਲੇਖਾਪਾਊ ਜਿਹੇ ਵੀ ਹਨ, ਜਿਵੇਂ: ਮੇਲ਼, ਮਿਲ਼, ਮਿਲ਼ਨੀ ਆਦਿ ਸ਼ਬਦ ਤਾਂ ‘ਲ਼’ ਅੱਖਰ ਨਾਲ਼ ਹੀ ਲਿਖਣੇ ਹਨ ਪਰ ਮਿਲਣਸਾਰ, ਮਿਲਾਪ, ਮੇਲ਼-ਮਿਲਾਪ, ਮਿਲਾਪਡ਼ਾ, ਮਿਲਾਣ ਆਦਿ ਸ਼ਬਦ ‘ਲ’ ਮੁਕਤਾ ਅੱਖਰ ਨਾਲ਼ ਹੀ ਲਿਖੇ ਜਾਣੇ ਹਨ। ਇਸੇ ਤਰ੍ਹਾਂ ਮੂਲ ਸ਼ਬਦ ‘ਪਾਲ਼’ ਤੋਂ ਬਣੇ ਪਾਲ਼ਿਆ, ਪਾਲ਼ਦਾ, ਪਾਲ਼ਨਾ ਅਦਿ ਕੁਝ ਸ਼ਬਦ ਤਾਂ ਲ਼ ਅੱਖਰ ਨਾਲ਼ ਲਿਖਣੇ ਹਨ ਪਰ ਪਾਲਣ-ਪੋਸਣ (ਪੋਸ਼ਣ ਲਿਖਣਾ ਗ਼ਲਤ ਹੈ), ਪਾਲਣਹਾਰ ਆਦਿ ਸ਼ਬਦ ਲ ਅੱਖਰ ਨਾਲ਼ ਹੀ ਲਿਖਣੇ ਹਨ। ਇਸੇ ਭੁਲੇਖੇ ਕਾਰਨ ਅਸੀਂ ਕਈ ਵਾਰ ‘ਲ’ ਅੱਖਰ ਦੀ ਸ਼ਮੂਲੀਅਤ ਵਾਲ਼ੇ ਕੁਝ ਸ਼ਬਦਾਂ ਨੂੰ ਵੀ ‘ਲ਼’ ਅੱਖਰ ਨਾਲ਼ ਹੀ ਲਿਖਣ ਦੀ ਗ਼ਲਤੀ ਵੀ ਕਰ ਬੈਠਦੇ ਹਾਂ, ਜਿਵੇਂ:
ਉਪਰਾਲਾ, ਉਲੰਘਣਾ, ਢਾਲ (ਢਾਲ-ਤਲਵਾਰ), ਝੋਲ, ਘਾਲ, ਘਾਲਣਾ, ਘਾਲ-ਕਮਾਈ, ਢਲਾਣ, ਪਾਲਣਾ (ਪੰਘੂੜਾ), ਪੁਲਿਸ, ਪਾਲਿਸ਼, ਉਲੱਦਣਾ, ਅਲਸੇਟ, ਸਲੇਟੀ, ਕਲਪਨਾ, ਥਮ੍ਹਲਾ, ਤਾਲਾ, ਤਿਹਾਉਲਾ ਆਦਿ।
ਸੋ, ਜੇਕਰ ਅਸੀਂ ਚਾਹੁੰਦੇ ਹਾਂ ਕਿ ਮਾਂ-ਬੋਲੀ ਪੰਜਾਬੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਬਰਕਰਾਰ ਰੱਖੀ ਜਾਵੇ ਤਾਂ ਸਾਨੂੰ ਅਜਿਹੇ ਵਿਆਕਰਨਿਕ ਅਤੇ ਭਾਸ਼ਾਈ ਨੁਕਤਿਆਂ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ।
……………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ‘ਰ’ (ਰਾਰੇ) ਦੀ ਵਰਤੋਂ ਕਦੋਂ ਅਤੇ ਕਿਉਂ?

ਗੁਰਮੁਖੀ ਲਿਪੀ ਵਿੱਚ ਕੁੱਲ ਤਿੰਨ ਦੁੱਤ ਅੱਖਰ ਹਨ- ਹ, ਰ ਅਤੇ ਵ।ਵਿਆਕਰਨਿਕ ਭਾਸ਼ਾ ਵਿੱਚ ਦੁੱਤ ਅੱਖਰ ਉਹਨਾਂ ਅੱਖਰਾਂ ਨੂੰ ਕਿਹਾ ਜਾਂਦਾ ਹੈ ਜੋ ਵਿਅੰਜਨ ਅੱਖਰਾਂ (ਸ ਤੋਂ ਲੈ ਕੇ ੜ ਤੱਕ) ਦੇ ਪੈਰਾਂ ਵਿੱਚ ਪਾਏ ਜਾਂਦੇ ਹਨ, ਜਿਵੇਂ: ਪੜ੍ਹ, ਪ੍ਰੇਮ, ਸ੍ਵਰ ਆਦਿ। ਇਸ ਅੰਕ ਵਿੱਚ ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਵਿਚਲੇ ਦੁੱਤ ਅੱਖਰ ਰ (ਰਾਰਾ) ਦੀ ਵਰਤੋਂ ਕਦੋਂ, ਕਿਵੇਂ ਅਤੇ ਕਿਉਂ ਕੀਤੀ ਜਾਂਦੀ ਹੈ?
ਪੰਜਾਬੀ ਭਾਸ਼ਾ ਵਿੱਚ ਇਹ ਦੁੱਤ ਅੱਖਰ (ਰ) ਸੰਸਕ੍ਰਿਤ ਭਾਸ਼ਾ ਦੀ ਦੇਣ ਹੈ। ਇਸ ਦੁੱਤ ਅੱਖਰ ਦੀ ਸਭ ਤੋਂ ਵੱਧ ਵਰਤੋਂ ਪ ਅੱਖਰ ਨਾਲ਼ ਕੀਤੀ ਦਿਖਾਈ ਦਿੰਦੀ ਹੈ। ਜਿਵੇਂਕਿ ਇਸ ਲੇਖ-ਲੜੀ ਵਿੱਚ ਸ਼ਾਮਲ ਪਹਿਲੇ ਇਕ-ਦੋ ਲੇਖਾਂ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤੀ ਗਈ ਹੈ ਕਿ ਪੰਜਾਬੀ ਦੇ ਪ ਅੱਖਰ ਨਾਲ਼ ਇਸ ਦੀ ਵਰਤੋਂ ਪ੍ਰ ਅਗੇਤਰ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇੱਥੇ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਪ੍ਰ,ਪਰ ਅਤੇ ਪਰਿ ਤਿੰਨ ਸਜਾਤੀ ਅਗੇਤਰ ਹਨ। ਸਜਾਤੀ ਇਸ ਲਈ ਕਿਉਂਕਿ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਵਿੱਚ ਪ ਅਤੇ ਰ ਦੀਅਾਂ ਦੋਵੇਂ ਧੁਨੀਆਂ ਸਾਂਝੀਆਂ ਹਨ। ਇਹਨਾਂ ਅਗੇਤਰਾਂ ਦੇ ਅਰਥਾਂ ਵਿੱਚ ਵਖਰੇਵਾਂ ਇਨ੍ਹਾਂ ਧੁਨੀਆਂ ਅਤੇ ਲਗਾਂ ਦੀਆਂ ਵੱਖੋ-ਵੱਖਰੀਆਂ ਸਥਿਤੀਆਂ ਕਾਰਨ ਪਿਆ ਹੈ। ਪਰ ਅਗੇਤਰ ਦੇ ਅਰਥ ਹਨ: ਦੂਜਾ, ਪਰਾਇਆ, ਬੇਗਾਨਾ ਆਦਿ, ਜਿਵੇਂ: ਪਰਦੇਸ, ਪਰਉਪਕਾਰ ਆਦਿ। ਪਰਿ ਅਗੇਤਰ ਦੇ ਅਰਥ ਹਨ: ਆਲ਼ੇ-ਦੁਆਲ਼ੇ/ਹਰ ਪੱਖੋਂ, ਜਿਵੇਂ: ਪਰਿਭਾਸ਼ਾ, ਪਰਿਕਰਮਾ ਆਦਿ।
ਤੀਜੇ ਅਗੇਤਰ ਪ੍ਰ ਦੀ ਪਰਿਭਾਸ਼ਾ,ਵਰਤੋਂ ਅਤੇ ਅਰਥ ਹੇਠ ਲਿਖੇ ਅਨੁਸਾਰ ਹਨ:
ਉਪਰੋਕਤ ਅਗੇਤਰਾਂ ਦੀ ਮਦਦ ਨਾਲ਼ ਬਣੇ ਸੰਸਕ੍ਰਿਤ ਭਾਸ਼ਾ ਤੋਂ ਆਏ ਸ਼ਬਦਾਂ ਵਿੱਚ ਪਰ,ਪਰਿ ਅਤੇ ਪ੍ਰ ਅਗੇਤਰਾਂ ਦੀ ਵਰਤੋਂ ਕਾਰਨ ਪ ਅਤੇ ਰ ਅੱਖਰਾਂ ਦੇ ਅਰਥ ਬੇਸ਼ੱਕ ਸਾਂਝੇ ਹਨ: ਦੋ, ਦੂਜਾ ਜਾਂ ਦੂਜੀ ਥਾਂ ‘ਤੇ ਆਦਿ ਪਰ ਜਦੋਂ ਰ ਅੱਖਰ ਦੀ ਵਰਤੋਂ ਬਤੌਰ ਦੁੱਤ ਅੱਖਰ ਦੇ ਕੀਤੀ ਜਾਂਦੀ ਹੈ ਤਾਂ ਇਸ ਦੇ (ਪ੍ਰ ਅਗੇਤਰ ਦੇ) ਅਰਥ ਹੋ ਜਾਂਦੇ ਹਨ: ਦੂਜੀ ਥਾਂਵੇਂ, ਦੂਰ-ਦੂਰ ਤੱਕ ਚਾਰੇ ਪਾਸੇ ਫੈਲਿਆ ਹੋਇਆ/ਪਹੁੰਚਿਆ ਹੋਇਆ, ਜਿਵੇਂ: ਪ੍ਰਸਿੱਧ (ਜੋ ਦੂਰ-ਦੂਰ ਤੱਕ ਚਾਰੇ ਪਾਸੇ ਸਿੱਧ ਅਰਥਾਤ ਸਾਬਤ ਹੋ ਚੁੱਕਿਆ ਹੋਵੇ; ਪ੍ਰਬਲ- ਜਿਸ ਦੇ ਬਲ ਦਾ ਅਸਰ ਦੂਰ-ਦੂਰ ਤੱਕ ਮਹਿਸੂਸ ਕੀਤਾ ਜਾਵੇ; ਪ੍ਰਗਤੀ ਜਿਸ ਦੀ ਗਤੀ ਦੂਰ-ਦੂਰ ਤੱਕ ਹਰ ਪੱਖੋਂ ਸਪਸ਼ਟ ਤੌਰ ‘ਤੇ ਮਹਿਸੂਸ ਹੋਵੇ ਆਦਿ। ਇਸ ਪ੍ਰਕਾਰ ਪ੍ਰ ਅਗੇਤਰ ਨਾਲ ਜਿੰਨੇ ਵੀ ਸ਼ਬਦ ਬਣੇ ਹੋਏ ਹਨ, ਉਹ ਸਾਰੇ ਉਪਰੋਕਤ ਅਰਥਾਂ ਦੀ ਹੀ ਪ੍ਰੋੜ੍ਹਤਾ ਕਰਦੇ ਹਨ। ਇਨ੍ਹਾਂ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ- ਪ੍ਰਭੂ ਅਰਥਾਤ ਈਸ਼ਵਰ ਜਾਂ ਪਰਮਾਤਮਾ। ਸ਼ਬਦ-ਵਿਉਤਪਤੀ ਸੰਬੰਧੀ ਵਿਦਵਾਨਾਂ ਦੀ ਆਮ ਰਾਏ ਹੈ ਕਿ ਸ਼ਬਦ ਰਿੜ੍ਹ-ਰਿੜ੍ਹ ਕੇ ਹੀ ਗੋਲ਼ ਹੋਏ ਹਨ। ਇਸ ਕਾਰਨ ਮੇਰੀ ਜਾਚੇ ਪ੍ਰਭੂ ਸ਼ਬਦ ਵੀ ਇਸੇ ਪ੍ਰਕਿਰਿਆ ਵਿੱਚੋਂ ਲੰਘਦਿਆਂ ਹੋਇਆਂ ਹੀ “ਪ੍ਰ+ਭਵ” ਸ਼ਬਦਾਂ ਤੋਂ ਹੀ ਪ੍ਰਭੂ ਬਣਿਆ ਹੈ। ਇਸ ਵਿੱਚ ਪ੍ਰ ਅਗੇਤਰ ਦੇ ਅਰਥ ਤਾਂ ਉਪਰ ਲਿਖੇ ਹੀ ਹਨ ਪਰ ਪ੍ਰਭੂ ਸ਼ਬਦ ਵਿਚਲਾ ਦੂਜਾ ਸ਼ਬਦ/ਸ਼ਬਦਾਂਸ਼ ਭਵ ਸ਼ਬਦ ਤੋਂ ਹੋਂਦ ਵਿੱਚ ਆਇਆ ਜਾਪਦਾ ਹੈ ਅਰਥਾਤ ਭਵ ਸ਼ਬਦ ਹੀ ਹੌਲ਼ੀ-ਹੌਲ਼ੀ ਲੋਕ-ਉਚਾਰਨ ਕਾਰਨ ‘ਭੂ’ ਸ਼ਬਦ ਵਿੱਚ ਤਬਦੀਲ ਹੋ ਗਿਆ ਹੈ। ਭਵ ਸ਼ਬਦ ਦੇ ਅਰਥ ਹਨ: ਹੋਣਾ ਜਾਂ ਬਣਨਾ/ਹੋਂਦ ਵਿੱਚ ਆਇਆ ਮਹਿਸੂਸ ਹੋਣਾ। ਇਸ ਪ੍ਰਕਾਰ ਪ੍ਰਭੂ ਸ਼ਬਦ ਦੇ ਅਰਥ ਹੋਏ- ਸੰਸਾਰ ਵਿੱਚ ਜਿਸ (ਪ੍ਰਭੂ) ਦੀ ਹੋਂਦ ਨੂੰ ਦੂਰ-ਦੂਰ ਤੱਕ ਅਰਥਾਤ ਹਰ ਪਾਸੇ ਜਾਂ ਹਰ ਥਾਂ ਹੀ ਮਹਿਸੂਸ ਕੀਤਾ ਜਾ ਸਕੇ।
ਪ੍ਰ ਅਗੇਤਰ ਤੋਂ ਹੀ ਪ੍ਰਵਾਹ ਪ੍ਰ+ਵਾਹ (ਜਿਸ ਦਾ ਵਹਾਅ ਦੂਰ-ਦੂਰ ਤੱਕ ਜਾਰੀ ਰਹੇ; ਪ੍ਰਨਾਲ਼ੀ (ਉਹ ਰਵਾਇਤ/ਪ੍ਰਵਾਹ ਜੋ ਦੂਰ-ਦੂਰ ਤੱਕ ਉਸੇ ਰੂਪ ਵਿੱਚ ਚੱਲਦੀ ਰਹੇ/ਵਹਿੰਦਾ ਰਹੇ; ਪ੍ਰਭਾਵ- ਪ੍ਰ+ਭਾਵ (ਭਵ ਸ਼ਬਦ ਵਿੱਚ ਮਧੇਤਰ ਕੰਨਾ ਜਾਂ ਆ ਲਾ ਕੇ ਬਣਿਆ ਸ਼ਬਦ)= ਉਹ ਭਾਵ/ ਭਾਵਨਾ ਜਿਸ ਨੂੰ ਦੂਜਿਆਂ ਉੱਤੇ ਸਪਸ਼ਟ ਰੂਪ ਵਿੱਚ ਮਹਿਸੂਸ ਕੀਤਾ ਜਾ ਸਕੇ); ਪ੍ਰੇਰਨਾ, ਪ੍ਰਾਂਤ, ਪ੍ਰੇਮ, ਪ੍ਰੀਤ, ਪ੍ਰਦੇਸ਼ (ਕਿਸੇ ਦੇਸ ਵਿਚਲਾ ਦੂਰ-ਦੂਰ ਤੱਕ ਦਾ ਇਲਾਕਾ/ਖੇਤਰ); ਪ੍ਰਕਾਰ (ਕਿਸਮ), ਪ੍ਰਚੰਡ, ਪ੍ਰਬੋਧ, ਪ੍ਰਬੁੱਧ, ਪ੍ਰਤਾਪ, ਪ੍ਰਾਪਤ, ਪ੍ਰਤਿ ਪ੍ਰਤਿਸ਼ਤ, ਪ੍ਰਫੁਲਿਤ, ਪ੍ਰਗਤੀ (ਜਿਸ ਦੀ ਗਤੀ ਦੂਰ-ਦੂਰ ਤੱਕ ਮਹਿਸੂਸ ਕੀਤੀ ਜਾਵੇ), ਪ੍ਰਕਾਸ਼, ਪ੍ਰਧਾਨ, ਪ੍ਰਸ਼ਨ, ਪ੍ਰਨਾਮ, ਪ੍ਰਪੰਚ, ਪ੍ਰਦੂਸ਼ਣ,ਪ੍ਰਸ਼ਾਸਨ, ਪ੍ਰਯੋਗ, ਪ੍ਰਯਤਨ, ਪ੍ਰਵੇਸ਼ ਆਦਿ ਸ਼ਬਦ ਵੀ ਬਣੇ ਹੋਏ ਹਨ ਅਤੇ ਇਨ੍ਹਾਂ ਸਾਰੇ ਸ਼ਬਦਾਂ ਵਿੱਚ ਵੀ ਪ੍ਰ ਅਗੇਤਰ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ।
ਕ ਪੈਰ ਰਾਰਾ ਕਦੋਂ ਪਾਈਏ?
“””””””””””””””””””””””””””””””
ਸੰਸਕ੍ਰਿਤ ਦੇ ਕ੍ਰ ( कृ) ਧਾਤੂ ਦੇ ਅਰਥ ਹਨ- ਕਿਸੇ ਕੰਮ ਦਾ ਹੋਣਾ ਜਾਂ ਕੀਤੇ ਜਾਣਾ। ਇਸੇ ਤੋਂ ਹੀ ਕ੍ਰਿਤ (ਕਿਸੇ ਦੁਆਰਾ ਕੀਤੀ ਗਈ ਰਚਨਾ) ਕ੍ਰਿਦੰਤ (ਕੀਤਾ ਜਾ ਚੁੱਕਿਆ ਕੰਮ)/ਭੂਤ ਕ੍ਰਿਦੰਤ, ਕ੍ਰਿਆ (ਪੰਜਾਬੀ ਵਿੱਚ ਕਿਰਿਆ), ਕ੍ਰਿਤਘਣ/ ਅਕ੍ਰਿਤਘਣ (ਜੋ ਕੀਤੇ ਹੋਏ ਨੂੰ ਨਸ਼ਟ ਕਰ ਦੇਣ ਵਾਲ਼ਾ ਹੋਵੇ), ਕ੍ਰਿਤੱਗ (ਜੋ ਕੀਤੇ ਹੋਏ ਨੂੰ ਜਾਣਨ ਵਾਲਾ ਹੋਵੇ), ਕ੍ਰਿਤਾਰਥ (ਮਨੋਰਥ ਨੂੰ ਪ੍ਰਾਪਤ ਕਰ ਲੈਣ ਵਾਲ਼ਾ), ਕ੍ਰਮ (ਲੜੀਬੱਧ ਕੀਤੇ ਜਾਣ ਦੀ ਪ੍ਰਕਿਰਿਆ), ਕਿਰਸਾਣ (ਸੰਸਕ੍ਰਿਤ ਵਿਚ ਕ੍ਰਿਸ਼ਾਣ= ਕ੍ਰਿਸ਼ੀ ਜਾ ਵਾਹੀ-ਜੋਤੀ ਕਰਨ ਵਾਲਾ ਆਦਿ। ਕਿਰਪਾ (ਹਿੰਦੀ= ਕ੍ਰਿਪਾ) ਸ਼ਬਦ ਮੂਲ ਰੂਪ ਵਿੱਚ ਕ੍ਰਿ+ਪਾ ਸ਼ਬਦਾਂ/ਧੁਨੀਆਂ ਤੋ ਬਣਿਆ ਹੈ। ਇਸ ਦੇ ਅਰਥ ਹਨ: ਕਿਸੇ ਦੂਜੇ ਦੀ ਖ਼ਾਤਰ (ਪ ਧੁਨੀ ਦੇ ਅਰਥ) ਕੀਤਾ ਗਿਆ (ਕ੍ਰ ਧਾਤੂ ਦੇ ਅਰਥ) ਕੰਮ।
ਕ੍ਰ ਧਾਤੂ ਦੇ ਇੱਕ ਅਰਥ ਕਰਨਾ ਜਾਂ ਕਿਰਿਆ ਦੇ ਨਾਲ-ਨਾਲ ਖਿੱਚਣਾ, ਵਾਹੁਣਾ, ਚੀਰਨਾ ਆਦਿ ਵੀ ਹਨ। ਇਹੋ ਕਾਰਨ ਹੈ ਕਿ ਕ੍ਰਿਸ਼ੀ ਸ਼ਬਦ ਮੂਲ ਰੂਪ ਵਿੱਚ ਕ੍ਰਿਸ਼ (ਹਲ਼ ਚਲਾਉਣਾ, ਖੇਤੀ ਕਰਨਾ) ਸ਼ਬਦ ਤੋਂ ਬਣਿਆ ਹੋਇਆ ਹੈ। ਇਸੇ ਕਾਰਨ ਪੰਜਾਬੀ ਵਿੱਚ ਵੀ ਖੇਤੀ ਕਰਨ ਵਾਲ਼ੇ ਨੂੰ ਕਿਰਸਾਣ ਆਖਿਆ ਜਾਂਦਾ ਹੈ; ਹਿੰਦੀ ਵਾਂਗ ‘ਕਿਸਾਨ’ ਨਹੀਂ। ਗੁਰੂ ਨਾਨਕ ਦੇਵ ਜੀ ਨੇ ਵੀ ਖੇਤੀ ਕਰਨ ਵਾਲ਼ੇ ਨੂੰ ਕਿਰਸਾਣ ਹੀ ਆਖਿਆ ਹੈ:
ਮਨੁ ਹਾਲੀ ਕਿਰਸਾਣੀ ਕਰਨੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖ ਸੁਹਾਗਾ ਰਖੁ ਗਰੀਬੀ ਵੇਸੁ॥
(ਸੋਰਠਿ ਮਹਲਾ ੧ ਘਰ ੧)
ਪੰਜਾਬੀ ਦੇ ਪ੍ਰਸਿੱਧ ਕਵੀ ‘ਧਨੀ ਰਾਮ ਚਾਤ੍ਰਿਕ’ ਜੀ ਨੇ ਵੀ ਆਪਣੀ ਇੱਕ ਪ੍ਰਸਿੱਧ ਕਵਿਤਾ ਦੇ ਇੱਕ ਬੰਦ ਵਿੱਚ ‘ਕਿਰਸਾਣ’ ਦੀਅਾਂ ਮੁਸ਼ਕਲਾਂ ਦਾ ਵਰਨਣ ਇਸ ਪ੍ਰਕਾਰ ਕੀਤਾ ਹੈ:
ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਣ,
ਗੜਿਓਂ, ਕੁੰਗੀਓਂ, ਅਹਿਣੋਂ; ਘਰ ਆਵੇ ਤਾਂ ਜਾਣ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਹਿੰਦੀ ਭਾਸ਼ਾ ਦੀ ਦੇਖੋ-ਦੇਖੀ ਅੱਜ ਹਰ ਪਾਸੇ ਪੰਜਾਬੀ ਵਿੱਚ ਵੀ ‘ਕਿਸਾਨ’ ਸ਼ਬਦ ਹੀ ਪ੍ਰਚਲਿਤ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਹਿੰਦੀ ਦੇ ‘ਕਿਸਾਨ’ ਸ਼ਬਦ ਨੂੰ ਤਿਆਗ ਕੇ ਪੰਜਾਬੀ ਦੇ ਆਪਣੇ ਮੁੱਢ-ਕਦੀਮੀ ਸ਼ਬਦ ਕਿਰਸਾਣ ਨੂੰ ਹੀ ਵਰਤਿਆ ਜਾਵੇ ਜਿਸ ਦੀ ਵਰਤੋਂ ਸਾਡੇ ਸਮਾਜ ਅਤੇ ਭਾਈਚਾਰੇ ਵਿਚ ਸੈਂਕੜੇ ਸਾਲਾਂ ਤੋਂ ਕੀਤੀ ਜਾ ਰਹੀ ਹੈ।
‘ਕਿਰਪਾਨ’ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਕਿਰਪਾਣ (कृपाण) ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਤਲਵਾਰ ਹਨ। ਇਸ ਸ਼ਬਦ ਵਿੱਚ ਕ੍ਰ ਧਾਤੂ ਦੇ ਅਰਥ ਵੀ ਉਪਰੋਕਤ ਅਨੁਸਾਰ ਕਿਸੇ/ਦੂਜੇ ਨੂੰ (ਪ ਧੁਨੀ ਦੇ ਅਰਥ) ਕੱਟਣਾ, ਪਾੜਨਾ ਜਾਂ ਚੀਰਨਾ (ਕ੍ਰ ਧੁਨੀ ਦੇ ਅਰਥ) ਆਦਿ ਹੀ ਹਨ। ‘ਮਹਾਨ ਕੋਸ਼’ ਵਿੱਚ ਕਿਰਪਾਨ ਦੇ ਅਰਥ ਕਿਰਪਾ (कृपा)+ਨ/ਣ ਸ਼ਬਦਾਂ ਤੋਂ ਲਏ ਦੱਸੇ ਗਏ ਹਨ- “ਜੋ ਕਿਰਪਾ ਨੂੰ ਫੈਕ ਦੇਵੇ, ਜਿਸ ਨੂੰ ਚਲਾਉਣ ਵੇਲ਼ੇ ਰਹਿਮ ਨਾ ਆਵੇ।” ਪਰ ਉਪਰੋਕਤ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਅਰਥ ਸਹੀ ਨਹੀਂ ਜਾਪਦੇ।
ਇਸੇ ਤਰ੍ਹਾਂ ਦੁੱਤ ਅੱਖਰ ਰ ਜਦੋਂ ਸ਼ ਅੱਖਰ ਦੇ ਪੈਰਾਂ ਵਿੱਚ ਪਾਇਆ ਜਾਂਦਾ ਹੈ ਤਾਂ ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਦੇ ਅਰਥ ਹੋ ਜਾਂਦੇ ਹਨ: ਵੱਡਾ, ਉੱਤਮ, ਮਹਾਨ; ਚਮਕ, ਸੋਭਾ ਆਦਿ, ਜਿਵੇਂ: ਸ੍ਰੀ (ਸ਼੍ਰੀ), ਸ੍ਰੇਸ਼ਟ (ਸ਼੍ਰੇਸ਼ਠ=ਹਿੰਦੀ/ਸੰਸਕ੍ਰਿਤ), ਸ਼੍ਰੀਮਾਨ (ਸ੍ਰੀਮਾਨ=ਪੰਜਾਬੀ), ਸ਼੍ਰੀਮਤੀ (ਸ੍ਰੀਮਤੀ=ਪੰਜਾਬੀ), ਸ਼੍ਰੇਯ (ਹਿੰਦੀ/ਸੰਸਕ੍ਰਿਤ)= ਵਧੀਆ, ਉੱਤਮ, ਚੰਗਾ, ਜਸ ਦੇਣ ਵਾਲਾ। ਇਹਨਾਂ ਤੋਂ ਬਿਨਾਂ ‘ਸ਼ਿਰੋਮਣੀ’ ਸ਼ਬਦ ਦੇ ਅਰਥ ਵੀ ਲਗ-ਪਗ ਉਪਰੋਕਤ ਅਰਥਾਂ ਦੇ ਧਾਰਨੀ ਹੀ ਹਨ: ਸਭ ਤੋਂ ਉੱਪਰਲਾ, ਮਹਾਨ, ਸਭ ਤੋਂ ਵੱਡਾ ਆਦਿ।
ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐੱਸ ਰਿਆਲ ਜੀ ਅਨੁਸਾਰ ਸਿਰਜਣਾ (सृजन) ਸ਼ਬਦ ਸੰਸਕ੍ਰਿਤ ਦੇ ਸਿਰਜ ( सृज) ਧਾਤੂ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ- ਕਰਤਾਰ ਦੀ ਰਚਨਾ, ਕੁਦਰਤੀ ਪ੍ਰਵਿਰਤੀ। ਉਹਨਾਂ ਅਨੁਸਾਰ ‘ਸ੍ਰਿਸ਼ਟੀ’ ਸ਼ਬਦ ਵੀ ਇਸੇ ਸਿਰਜ ਧਾਤੂ ਤੋਂ ਹੀ ਬਣਿਆ ਹੋਇਆ ਹੈ। ਗੁਰਬਾਣੀ ਵਿੱਚ ਹੇਠ ਲਿਖਿਆ ‘ਸਿਰਿਆ’ ਸ਼ਬਦ ਵੀ ਸਿਰਜ ਧਾਤੂ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ: ਸਿਰਜਿਆ ਗਿਆ/ ਰਚਿਆ ਗਿਆ:
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
(ਰਾਮਕਲੀ ਬਲਵੰਡਿ ਤੇ ਸਤਾ)
ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਵਰਤੋਂ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ, ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਮੂਲ ਵਾਲ਼ੇ ਸ਼ਬਦਾਂ ਵਿੱਚ ਨਹੀਂ। ਪਰ ਕੁਝ ਲੋਕ ਕਰੋਡ਼, ਪਰਹੇਜ਼, ਗਰਿਫ਼ਤਾਰ, ਖ਼ਰੀਦ ਆਦਿ ਸ਼ਬਦ ਜੋਕਿ ਫ਼ਾਰਸੀ ਮੂਲ ਦੇ ਹਨ, ਨੂੰ ਵੀ ਕ੍ਰੋੜ, ਪ੍ਰਹੇਜ਼, ਗ੍ਰਿਫ਼ਤਾਰ ( گرفتار ) ਖ਼੍ਰੀਦ (خريد) ਅਰਥਾਤ ਕ/ਪ/ਗ/ਖ਼ ਆਦਿ ਅੱਖਰਾਂ ਦੇ ਪੈਰਾਂ ਵਿੱਚ ਰ ਪਾ ਕੇ ਹੀ ਲਿਖਦੇ ਹਨ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ।
ਇਸੇ ਤਰ੍ਹਾਂ ਪਰਮਾਤਮਾ ਸ਼ਬਦ ਜੋ ਕਿ ਪਰਮ+ਆਤਮਾ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਹੈ, ਨੂੰ ਵੀ ਬਿਨਾਂ ਇਸ ਗੱਲ ਦਾ ਖਿਆਲ ਕੀਤਿਆਂ ‘ਪ੍ਰਮਾਤਮਾ’ ਹੀ ਲਿਖ ਦਿੰਦੇ ਹਨ ਜਦਕਿ ਇਹ ਸ਼ਬਦ ਪੂਰੇ ਰਾਰੇ ਨਾਲ ਹੀ ਲਿਖਿਆ ਜਾਣਾ ਹੈ। ਪੰਜਾਬੀ ਦਾ ਕੇਂਦਰਿਤ ਸ਼ਬਦ ਜੋ ਕਿ ਕੇਂਦਰ ਤੋਂ ਬਣਿਆ ਹੈ ਨੂੰ ਵੀ ਕਈ ਲੋਕ ਇਸ ਸ਼ਬਦ ਦੇ ਹਿੰਦੀ ਸ਼ਬਦ-ਜੋੜਾਂ ਅਨੁਸਾਰ ‘ਕੇਂਦ੍ਰਿਤ’ (केंद्रित) ਹੀ ਲਿਖ ਦਿੰਦੇ ਹਨ ਜੋਕਿ ਸਹੀ ਨਹੀਂ ਹੈ। ਪਰੰਤੂ ਸ਼ਬਦ ਪਰ ਸ਼ਬਦ ਤੋਂ ਬਣਿਆ ਹੈ ਇਸ ਲਈ ਇਸ ਨੂੰ ਵੀ ਪੂਰੇ ਰਾਰੇ ਨਾਲ ਹੀ ਲਿਖਿਆ ਜਾਣਾ ਹੈ। ਇਸੇ ਤਰ੍ਹਾਂ ‘ਪਰੀਖਿਆ’ ਸ਼ਬਦ ਪਰਿ+ਈਖਿਆ (ਹਿੰਦੀ/ ਸੰਸਕ੍ਰਿਤ ਵਿੱਚ ਪਰੀਕਸ਼ਾ= परीक्षा= परि+ईक्षा) ਸ਼ਬਦਾਂ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਨੂੰ ‘ਪ੍ਰੀਖਿਆ’ ਲਿਖਣਾ ਉੱਕਾ ਹੀ ਗ਼ਲਤ ਹੈ। ਸੰਸਕ੍ਰਿਤ ਦਾ ਈਕਸ਼ਾ ਸ਼ਬਦ ਅਕਸ਼ਿ/ अक्षि (ਅੱਖ) ਸ਼ਬਦ ਤੋਂ ਬਣਿਆ ਹੋਇਆ ਹੈ ਤੇ ਪੰਜਾਬੀ ਦਾ ਈਖਿਆ ਵੀ ਅੱਖ ਤੋਂ। ਅੱਖ ਜਾਂ ਅਕਸ਼ੀ ਸ਼ਬਦਾਂ ਦਾ ਇਨ੍ਹਾਂ ਸ਼ਬਦਾਂ ਵਿੱਚ ਭਾਵ ਹੈ- ਨਜ਼ਰੀਆ ਜਾਂ ਦ੍ਰਿਸ਼ਟੀਕੋਣ। ਸੋ ਕਿਸੇ ਵਿਸ਼ੇ ਬਾਰੇ ਕਿਸੇ ਦੇ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਨੂੰ ਹਰ ਪੱਖੋਂ (ਪਰਿ ਅਗੇਤਰ ਦੇ ਅਰਥ) ਜਾਣਨ ਦੀ ਪ੍ਰਕਿਰਿਆ ਨੂੰ ਪਰੀਖਿਆ ਜਾਂ ਪਰੀਕਸ਼ਾ ਆਖ ਦਿੱਤਾ ਜਾਂਦਾ ਹੈ।
ਅੰਗਰੇਜ਼ੀ ਭਾਸ਼ਾ ਵਿੱਚ ਵੀ ਭਾਵੇਂ ਦੁੱਤ ਅੱਖਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਇਸ ਭਾਸ਼ਾ ਦੇ ਕੁਝ ਸ਼ਬਦ ਜਦੋਂ ਅਸੀਂ ਤਤਸਮ ਜਾਂ ਮੂਲ ਰੂਪ ਵਿੱਚ ਉਹਨਾਂ ਦੇ ਅੰਗਰੇਜ਼ੀ ਭਾਸ਼ਾ ਦੇ ਲਹਿਜੇ ਅਨੁਸਾਰ ਹੀ ਲਿਖਦੇ ਹਾਂ ਤਾਂ ਕੁਝ ਸ਼ਬਦਾਂ ਦੇ ਪੈਰਾਂ ਵਿੱਚ ਰ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ ‘ਤੇ ਉਦੋਂ ਜਦੋਂ ਰ (ਅੰਗਰੇਜ਼ੀ ਦੇ ‘ਆਰ’/R ਅੱਖਰ) ਤੋਂ ਪਹਿਲਾ ਅੱਖਰ ਵੀ ਵਿਅੰਜਨ ਅੱਖਰ ਹੋਵੇ ਜਾਂ ਇਹ ਕਹਿ ਲਓ ਕਿ ਜਦੋਂ ਆਰ ਤੋਂ ਪਹਿਲੇ ਅੱਖਰ ਅਤੇ ਆਰ ਦੇ ਦਰਮਿਆਨ ਕੋਈ ਸ੍ਵਰ ਅੱਖਰ ਨਾ ਹੋਵੇ ਤਾਂ ਆਮ ਤੌਰ ‘ਤੇ ਪੰਜਾਬੀ ਵਿੱਚ ਰਾਰਾ ਆਪ ਤੋਂ ਪਹਿਲੇ ਅੱਖਰ ਦੇ ਪੈਰਾਂ ਵਿੱਚ ਹੀ ਪਵੇਗਾ, ਜਿਵੇਂ: ਡ੍ਰਾੲੀਵਰ (driver), ਬ੍ਰੇਕ (brake) ਬ੍ਰੈੱਡ (bread), ਟ੍ਰੇਅ, ਟ੍ਰੇਡ, ਟ੍ਰੱਕ, ਟ੍ਰੰਕ, ਟ੍ਰੈੱਕਟਰ, ਟ੍ਰੈਫ਼ਿਕ, ਕੰਟ੍ਰੋਲ,ਪ੍ਰੋਗ੍ਰਾਮ, ਪ੍ਰੈੱਸ, ਪ੍ਰਾਬਲਮ, ਪ੍ਰਾਪੇਗੰਡਾ, ਪ੍ਰੋਫ਼ੈਸਰ, ਪ੍ਰਿੰਸੀਪਲ, ਪ੍ਰੈਕਟੀਕਲ, ਪ੍ਰੈਕਟਿਸ, ਪ੍ਰੋਟੀਨ, ਪ੍ਰੋਟੈੱਸਟ, ਪ੍ਰਿੰਸ, ਪ੍ਰਿਜ਼ਮ, ਫ਼੍ਰਾਂਸ, ਫ਼੍ਰੈਂਚ,ਕ੍ਰੀਮ, ਕ੍ਰਿਸਮਿਸ, ਕ੍ਰੈਕਟਰ, ਲਾਇਬ੍ਰੇਰੀ, ਆਸਟ੍ਰੇਲੀਆ ਆਦਿ।
ਇਸੇ ਤਰ੍ਹਾਂ ਜਦੋਂ ਅੰਗਰੇਜ਼ੀ ਦੇ ਕਿਸੇ ਹੋਰ ਵਿਅੰਜਨ ਅੱਖਰ ਅਤੇ ਆਰ ਵਿਚਕਾਰ ਕੋਈ ਸ੍ਵਰ ਅੱਖਰ (ਏ ਈ ਆਈ ਓ ਯੂ) ਆ ਜਾਵੇ ਤਾਂ ਪੈਰ ਵਿੱਚ ਰਾਰਾ ਬਿਲਕੁਲ ਨਹੀਂ ਪੈਣਾ, ਜਿਵੇਂ: ਜਰਮਨੀ (Germany), ਅਮਰੀਕਾ (America), ਜਰਸੀ (Jersey), ਸਰਜਨ (surgeon), ਪਰਸ਼ੀਅਨ (Persian) ਆਦਿ। ਅਪਰੈਲ (April) ਮਹੀਨੇ ਦੇ ਅੰਗਰੇਜ਼ੀ ਦੇ ਸ਼ਬਦ-ਜੋੜਾਂ ਵਿੱਚ ਭਾਵੇਂ ਪੀ ਤੇ ਆਰ ਇਕੱਠੇ ਆਏ ਹਨ ਪਰ ਇਸ ਦੇ ਪੰਜਾਬੀ ਸ਼ਬਦ ਜੋੜਾਂ ਵਿੱਚ ਅਵਾਜ਼ ਕਿਉਂਕਿ ਵਧੇਰੇ ਤੇਜ਼ੀ ਨਾਲ਼ ਨਹੀਂ ਆ ਰਹੀ ਇਸ ਲਈ ਇਸ ਵਿੱਚ ਰਾਰਾ ਅੱਖਰ ਪੂਰਾ (ਅਪਰੈਲ) ਹੀ ਪਵੇਗਾ। ਇਸੇ ਤਰ੍ਹਾਂ ਕੁਝ ਹੋਰ ਸ਼ਬਦਾਂ, ਜਿਵੇਂ: ਫ਼ਰਾਕ, ਪਟਰੋਲ ਆਦਿ ਵਿੱਚ ਵੀ ਇਹਨਾਂ ਸ਼ਬਦਾਂ ਦੇ ਉਚਾਰਨ ਅਨੁਸਾਰ ਪੈਰਾਂ ਵਿੱਚ ਰਾਰੇ ਦੀ ਥਾਂ ਪੂਰਾ ਰਾਰਾ ਹੀ ਪਵੇਗਾ। ਇਸ ਤੋਂ ਬਿਨਾਂ ਕੁਝ ਲੋਕ ਅੰਗਰੇਜ਼ੀ ਨੂੰ ਅੰਗ੍ਰੇਜ਼ੀ ਅਤੇ ਅੰਗਰੇਜ਼ ਨੂੰ ਅੰਗ੍ਰੇਜ਼ ਲਿਖਦੇ ਹਨ ਜੋਕਿ ਸਰਾਸਰ ਗ਼ਲਤ ਹੈ। ਇਸੇ ਤਰ੍ਹਾਂ ਕਈ ਪ੍ਰਵਾਹ (ਵਹਿਣ/ਪ੍ਰੰਪਰਾ) ਅਤੇ ਪਰਵਾਹ ( پروا = ਫ਼ਾਰਸੀ ਮੂਲ ਦਾ ਸ਼ਬਦ ਜਿਸ ਦੇ ਅਰਥ ਹਨ: ਫ਼ਿਕਰ, ਚਿੰਤਾ ਆਦਿ) ਸ਼ਬਦਾਂ ਨੂੰ ਵੀ ਰਲ਼ਗੱਡ ਕਰ ਕੇ ਪਰਵਾਹ ਨੂੰ ਪ੍ਰਵਾਹ ਅਤੇ ਪ੍ਰਵਾਹ ਨੂੰ ਪਰਵਾਹ ਲਿਖ ਦਿੰਦੇ ਹਨ ਜੋਕਿ ਚਿੰਤਾ ਦਾ ਵਿਸ਼ਾ ਹੈ। ਯਾਦ ਰਹੇ ਕਿ ਫ਼ਾਰਸੀ ਮੂਲ ਦੇ ਸ਼ਬਦ ਪਰਵਾਹ (ਮੂਲ ਰੂਪ ਵਿੱਚ ਪਰਵਾ) ਦੇ ਪਿੱਛੇ ਹ ਦੀ ਧੁਨੀ ਬਿਲਕੁਲ ਨਹੀਂ ਹੈ। ਇਹ ਇੱਥੋਂ ਦੀਆਂ ਸਥਾਨਿਕ ਭਾਸ਼ਾਵਾਂ ਹਿੰਦੀ/ਪੰਜਾਬੀ ਆਦਿ ਨੇ ਆਪਣੇ ਲਹਿਜੇ ਮੁਤਾਬਕ ਹੀ ਜੋੜੀ ਹੋਈ ਹੈ। ਇਸ ਤੋਂ ਬਿਨਾਂ ਸੰਸਕ੍ਰਿਤ ਮੂਲ ਦਾ ਪ੍ਰਵਾਹ ਸ਼ਬਦ ਪ੍ਰ+ਵਾਹ ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੈ। ਇਸ ਵਿਚਲਾ ਵਾਹ ਸ਼ਬਦ ਵਹਿ ਧਾਤੂ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਵਹਿਣਾ/ਵਗਣਾ। ਵਹਿ (वह) ਸ਼ਬਦ ਵਿੱਚ ਕੰਨਾ ਜਾਂ ਆ ਮਧੇਤਰ ਲਾਉਣ ਉਪਰੰਤ ‘ਵਾਹ’ ਸ਼ਬਦ ਹੋਂਦ ਵਿੱਚ ਆਇਆ ਹੈ ਤੇ ਇਸ ਨੇ ਉਪਰੋਕਤ ਅਰਥ ਧਾਰਨ ਕੀਤੇ ਹਨ।
ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣ ਲਈ ਸਾਨੂੰ ਉਪਰੋਕਤ ਕਿਸਮ ਦੀਆਂ ਕੁਝ ਇੱਕ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ।
…………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
9888403052.

ਗੁਰਮੁਖੀ ਵਿੱਚ ਦੁੱਤ ਅੱਖਰ ਪੈਰ-ਵਾਵਾ (ਵ) ਦੀ ਵਰਤੋਂ ਕਦੋਂ ਅਤੇ ਕਿਉਂ ?

ਗੁਰਮੁਖੀ ਵਿਚ ਦੁੱਤ ਅੱਖਰ ‘ਵ’ ਦੀ ਵਰਤੋਂ ਵੀ ਰਾਰੇ ਦੀ ਵਰਤੋਂ ਵਾਂਗ ਸੰਸਕ੍ਰਿਤ ਭਾਸ਼ਾ ਦੀ ਹੀ ਦੇਣ ਹੈ। ਜਿਵੇਂ ਰਾਰੇ ਦੀ ਵਰਤੋਂ ਵਧੇਰੇ ਕਰਕੇ ‘ਪ’ ਅੱਖਰ ਨਾਲ਼ ਹੀ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ‘ਵ’ ਅੱਖਰ ਦੀ ਵਰਤੋਂ ਵਧੇਰੇ ਕਰਕੇ ‘ਸ’ ਅੱਖਰ ਨਾਲ਼ ਹੀ ਕੀਤੀ ਜਾਂਦੀ ਹੈ। ਸ ਅਤੇ ਵ ਅੱਖਰ ਰਲ਼ ਕੇ ਆਮ ਤੌਰ ‘ਤੇ ਸ੍ਵੈ ਸ਼ਬਦ ਜਾਂ ਅਗੇਤਰ ਬਣਾਉਂਦੇ ਹਨ ਜਿਸ ਦਾ ਅਰਥ ਹੈ: ਆਪਣਾ ਜਾਂ ਨਿੱਜੀ ਆਦਿ। ਇਹ ਸ਼ਬਦ ਵੀ ਅੱਗੋਂ ਸ੍ਵ (स्व) ਸ਼ਬਦ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ ਵੀ ਸ੍ਵੈ ਸ਼ਬਦ ਵਾਂਗ ਆਪਣਾ ਜਾਂ ਨਿੱਜੀ ਆਦਿ ਹੀ ਹਨ। ਇਸ ਅਗੇਤਰ ਨਾਲ਼ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਕੁਝ ਸ਼ਬਦਾਂ ਦੀ ਵਰਤੋਂ ਤਤਸਮ ਜਾਂ ਤਦਭਵ ਸ਼ਬਦਾਂ ਦੇ ਰੂਪ ਵਿੱਚ ਪੰਜਾਬੀ ਵਿੱਚ ਵੀ ਕੀਤੀ ਜਾਂਦੀ ਹੈ, ਜਿਵੇਂ: ਸ੍ਵੈਜੀਵਨੀ (ਆਪਣੀ ਜੀਵਨੀ); ਸ੍ਵੈਵਿਸ਼ਵਾਸ (ਆਪਣੇ ਵਿੱਚ ਭਰੋਸਾ); ਸੁਅੰਬਰ/स्वयंवर (ਆਪਣਾ ਵਰ ਆਪ ਚੁਣਨਾ); ਸੁਤੰਤਰ/स्वतंत्र (ਸ੍ਵੈ+ਤੰਤਰ)- ਜਿੱਥੇ ਲੋਕ ਆਪਣਾ ਰਾਜ-ਪ੍ਰਬੰਧ ਆਪ ਚਲਾਉਣ। ਸ੍ਵੈਜੀਵਨੀ: (ਲੇਖਕ ਦੀ ਆਪਣੀ ਲਿਖੀ ਜੀਵਨੀ); ਸ੍ਵਾਧੀਨ/स्वाधीन (ਸ੍ਵੈ+ਅਧੀਨ) ਆਪਣੇ ਅਧੀਨ ਅਰਥਾਤ ਸੁਤੰਤਰ; ਸ੍ਵੈ-ਇੱਛਾ: ਆਪਣੀ ਮਰਜ਼ੀ; ਸ੍ਵੈਚਾਲਿਤ: ਜੋ ਆਪਣੇ-ਆਪ ਚੱਲਦੀ/ਚੱਲਦਾ ਹੋਵੇ; ਸ੍ਵੈਵਿਰੋਧ: ਆਪਾ ਵਿਰੋਧੀ; ਸ੍ਵਾਰਥ: ਆਪਣਾ ਮਤਲਬ ਕੱਢਣਾ ਆਦਿ। ਇਸੇ ਸ੍ਵ ਜਾਂ ਸ੍ਵੈ ਸ਼ਬਦ ਤੋਂ ਹੀ ਸ੍ਵਯੰ (स्वयं =ਆਪਣੇ-ਆਪ) ਸ਼ਬਦ ਨੇ ਵੀ ਜਨਮ ਲਿਆ ਹੈ ਤੇ ਇਸੇ ਤੋਂ ਹੀ ਅੱਗੋਂ ਸ਼ਬਦ ਸ੍ਵੈਯੰਭੂ (स्वयंभू) ਬਣਿਆ ਹੈ ਜਿਸ ਦੇ ਅਰਥ ਹਨ: ਜੋ ਆਪਣੇ-ਆਪ ਪੈਦਾ ਹੋਇਆ ਹੋਵੇ। ਸ੍ਵੈਯੰਭੂ ਸ਼ਬਦ ਵਿਚਲਾ ਭੂ ਸ਼ਬਦ ਸੰਸਕ੍ਰਿਤ ਦੇ ‘ਭਵ’ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਬਣਨਾ ਜਾਂ ਪੈਦਾ ਹੋਣਾ। ਪਿਛਲੇ ਇੱਕ ਲੇਖ ਵਿੱਚ ਵੀ ਇਸ ਸ਼ਬਦ ਦੇ ਅਰਥ ਪ੍ਰਭੂ (ਪ੍ਰ+ਭੂ) ਸ਼ਬਦ ਦੀ ਵਿਉਤਪਤੀ ਅਧੀਨ ਦੱਸੇ ਗਏ ਸਨ ਜਿਸ ਅਨੁਸਾਰ ਪ੍ਰਭੂ ਸ਼ਬਦ ਵਿਚਲੇ ਭੂ ਸ਼ਬਦ ਦੇ ਅਰਥ ਵੀ ਉਪਰੋਕਤ ਅਨੁਸਾਰ ਹੀ ਹਨ: ਜਿਸ ਦੀ ਹੋਂਦ ਦੂਰ-ਦੂਰ ਤੱਕ ਮਹਿਸੂਸ ਕੀਤੀ ਜਾਵੇ।
ਹਿੰਦੀ ਦਾ ਸਪਨਾ (सपना) ਸ਼ਬਦ ਸੰਸਕ੍ਰਿਤ ਦੇ ‘ਸ੍ਵਪਨ’ (स्वपन:) ਸ਼ਬਦ ਤੋਂ ਬਣਿਆ ਹੋਇਆ ਹੈ ਜੋਕਿ ਪੰਜਾਬੀ ਬੋਲੀ ਦੇ ਬੋਲ-ਚਾਲ ਦੇ ਲਹਿਜੇ ਅਨੁਸਾਰ ਪੰਜਾਬੀ ਵਿੱਚ ਆ ਕੇ ‘ਸੁਫਨਾ’ ਬਣ ਜਾਂਦਾ ਹੈ। ਸ੍ਵਪਨ ਸ਼ਬਦ ਅੱਗੋਂ ‘ਸ੍ਵਪ’ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਸੌਂਣਾ ਜਾਂ ਨੀਂਦ ਆ ਜਾਣੀ। ਜੇਕਰ ਸ੍ਵਪ (ਸ੍ਵ+ਪ) ਸ਼ਬਦ ਦਾ ਵਿਸ਼ਲੇਸ਼ਣ ਕਰਕੇ ਦੇਖਿਆ ਜਾਵੇ ਤਾਂ ਇਹ ਸ਼ਬਦ ਵੀ ਸ੍ਵੈ/ਸ੍ਵ ਅਗੇਤਰਾਂ ਤੋਂ ਹੀ ਬਣਿਆ ਹੋਇਆ ਹੈ ਜਿਸ ਦੇ ਧੁਨੀਆਤਮਿਕ ਪੱਧਰ ‘ਤੇ ਅਰਥ ਹਨ: ਆਪਣੇ-ਆਪ ਦਾ ਜਾਂ ਮਨੁੱਖੀ ਮਨ ਦਾ ਕਿਸੇ ਦੂਜੀ ਅਵਸਥਾ ਵਿੱਚ ਚਲੇ ਜਾਣਾ। ਇਸ ਸ਼ਬਦ ਵਿੱਚ ‘ਪ’ ਧੁਨੀ ਦੇ ਅਰਥ ਹਨ: ਦੂਜੀ (ਅਵਸਥਾ)। ਮਨੁੱਖੀ ਮਨ ਦੀਆਂ ਮੁੱਖ ਤੌਰ ‘ਤੇ ਤਿੰਨ ਅਵਸਥਾਵਾਂ ਹੁੰਦੀਆਂ ਹਨ: ਚੇਤਨ, ਅਰਧ-ਚੇਤਨ ਅਤੇ ਅਵਚੇਤਨ ਅਵਸਥਾ। ਸੁਫਨੇ ਹਮੇਸ਼ਾਂ ਸੁੱਤੇ ਪਿਆਂ ਨੂੰ ਮਨੁੱਖੀ ਮਨ ਦੀ ਅਰਧ-ਚੇਤਨ ਅਵਸਥਾ ਵਿੱਚ ਹੀ ਆਉਂਦੇ ਹਨ ਤੇ ਇਹ ਅਰਧ-ਚੇਤਨ ਅਵਸਥਾ ਹੀ ਮਨੁੱਖ ਦੀ ਦੂਜੀ ਜਾਂ ਕਿਸੇ ਹੋਰ ਕਿਸਮ ਦੀ ਅਵਸਥਾ ਹੈ ਜਦਕਿ ਚੇਤਨ ਅਵਸਥਾ ਪਹਿਲੀ ਕਿਸਮ ਦੀ ਹੈ। ‘ਸ੍ਵਪ’ ਸ਼ਬਦ ਤੋਂ ਬਣੇ ਹੋਣ ਕਾਰਨ ਹੀ ਸੁੱਤੇ ਹੋਣ ਦੀ ਅਵਸਥਾ ਨੂੰ “ਸੁਪਤ ਅਵਸਥਾ ਵਿੱਚ” ਆਖਿਆ ਜਾਂਦਾ ਹੈ।
ਪੰਜਾਬੀ ਦੀ ਪੈਂਤੀ ਵਿੱਚ ਤਿੰਨ ਸ੍ਵਰ-ਵਾਹਕ ਅੱਖਰ: ਊੜਾ, ਐੜਾ ਅਤੇ ਈੜੀ ਹਨ ਪਰ ਇਹਨਾਂ ਦੀਆਂ ਅੱਗੋਂ ਦਸ ਸ੍ਵਰ-ਧੁਨੀਆਂ (ਅ ਆ ਇ ਈ ਉ ਊ ਏ ਅੈ ਓ ਅੌ) ਹਨ। ਬਾਕੀ ਦੇ ਸ ਤੋਂ ਲੈ ਕੇ ੜ ਤੱਕ ਦੇ ਬੱਤੀ (ਕੁੱਲ 41 ਵਿੱਚੋਂ 38) ਅੱਖਰ ਵਿਅੰਜਨ ਅੱਖਰ ਮੰਨੇ ਗਏ ਹਨ। ਉਪਰੋਕਤ ਦਸ ਸ੍ਵਰ-ਧੁਨੀਆਂ ਉਹ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਬਿਨਾਂ ਕਿਸੇ ਰੁਕਾਵਟ ਦੇ ਆਪਣੇ-ਆਪ ਬਾਹਰ ਨਿਕਲ਼ਦੀ ਹੈ। ਇਸ ਦੇ ਉਲਟ ਵਿਅੰਜਨ ਅੱਖਰਾਂ ਨੂੰ ਬੋਲਣ ਲਈ ਸ੍ਵਰ ਅੱਖਰਾਂ ਨਾਲ਼ੋਂ ਦੁੱਗਣਾ ਸਮਾਂ ਲੱਗਦਾ ਹੈ ਅਤੇ ਉਹਨਾਂ ਨੂੰ ਬੋਲਣ ਲਈ ਸ੍ਵਰ ਅੱਖਰਾਂ ਦੀ ਲੋੜ ਪੈਂਦੀ ਹੈ। ਸ੍ਵਰਾਂ ਦੇ ਉਚਾਰਨ ਲਈ ਵਿਅੰਜਨਾਂ ਨਾਲ਼ੋਂ ਅੱਧਾ ਸਮਾਂ ਲੱਗਦਾ ਹੈ। ਇਸ ਪ੍ਰਕਾਰ ‘ਸ੍ਵਰ’ ਸ਼ਬਦ ਵਿਚਲੇ ‘ਸ੍ਵ’ ਤੋਂ ਭਾਵ ਵੀ ਆਪਣੇ-ਆਪ ਜਾਂ ਬਿਨਾਂ ਕਿਸੇ ਵਿਸ਼ੇਸ਼ ਕੋਸ਼ਸ਼ ਤੋਂ ਹੀ ਹੈ ਅਰਥਾਤ ਉਹ ਅੱਖਰ ਜਿਨ੍ਹਾਂ ਦਾ ਉਚਾਰਨ ਬਿਨਾਂ ਕਿਸੇ ਵਿਸ਼ੇਸ਼ ਜਤਨ ਦੇ ਕੀਤਾ ਜਾ ਸਕੇ।
ਬੇਸ਼ੱਕ ਬਹੁਤ ਸਾਰੇ ਸ਼ਬਦ ਸ੍ਵੈ/ਸ੍ਵ ਦੇ ਉਪਰੋਕਤ ਅਰਥਾਂ ਨਾਲ਼ ਹੀ ਬਣੇ ਹੋਏ ਹਨ ਪਰ ਇਸ ਦੇ ਬਾਵਜੂਦ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅਰਥ ਆਪ ਜਾਂ ਆਪਣੇ-ਆਪ ਨਹੀਂ ਹਨ; ਮਿਸਾਲ ਦੇ ਤੌਰ ‘ਤੇ ਸ੍ਵਾਸ (ਸਾਹ) ਸ਼ਬਦ ਵੀ ਭਾਵੇਂ ਓਪਰੀ ਨਜ਼ਰੇ ਸਾਨੂੰ ਸ੍ਵੈ/ਸ੍ਵ ਸ਼ਬਦਾਂ ਤੋਂ ਹੀ ਬਣਿਆ ਪ੍ਰਤੀਤ ਹੁੰਦਾ ਹੈ ਪਰ ਅਸਲ ਵਿੱਚ ਅਜਿਹਾ ਬਿਲਕੁਲ ਨਹੀਂ ਹੈ। ਮੂਲ ਰੂਪ ਵਿੱਚ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਸ਼੍ਵਾਸ’ (श्वास) ਸ਼ਬਦ ਤੋਂ ਬਣਿਆ ਹੋਇਆ ਹੈ ਜਿਸ ਦਾ ਭਾਵ ਹੈ: ਹਵਾ ਨੂੰ ਅੰਦਰ ਵੱਲ ਖਿੱਚਣਾ ਜਾਂ ਬਾਹਰ ਵੱਲ ਕੱਢਣਾ ਪਰ ਪੰਜਾਬੀ ਵਿੱਚ ਇਸ ਦੇ ਸ਼ਬਦ-ਜੋੜ ‘ਸ੍ਵਾਸ’ ਹੀ ਸਹੀ ਮੰਨੇ ਗਏ ਹਨ। ਸੰਸਕ੍ਰਿਤ ਸ਼ਬਦ ਸ਼੍ਵਾਸ (श्वास) ਵਿਚਲਾ ਸ਼ ਇੱਥੇ ਸ ਵਿੱਚ ਬਦਲ ਗਿਆ ਹੈ ਅਤੇ ਆਖ਼ਰੀ ਸ ਅੱਖਰ ਹ ਵਿੱਚ ਬਦਲ ਕੇ ਇਸ ਸ਼ਬਦ ਦਾ ਪੰਜਾਬੀ ਰੂਪ ‘ਸਾਹ’ ਹੋ ਗਿਆ ਹੈ।
ਇਸੇ ਤਰ੍ਹਾਂ ‘ਸ੍ਵਰਗ’ ਸ਼ਬਦ ਵੀ ਭਾਵੇਂ ਓਪਰੀ ਨਜ਼ਰੇ ਦੇਖਿਆਂ ਸ੍ਵੈ/ ਸ੍ਵ ਸ਼ਬਦਾਂ ਤੋਂ ਹੀ ਬਣਿਆ ਦਿਖਾਈ ਦਿੰਦਾ ਹੈ ਪਰ ਦਰਅਸਲ ਅਜਿਹੀ ਗੱਲ ਨਹੀਂ ਹੈ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਹ ਸ਼ਬਦ ‘ਸ੍ਵੈ’ ਅਗੇਤਰ ਤੋਂ ਨਹੀਂ ਸਗੋਂ ‘ਸੁ’ ਅਗੇਤਰ ਨਾਲ਼ ਬਣਿਆ ਹੋਇਆ ਹੈ ਕਿਉਂਕਿ ਇਸ ਸ਼ਬਦ ਦੇ ਟੋਟੇ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਸ਼ਬਦ “ਸੁ+ਵਰਗ” ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਇਸ ਵਿੱਚ ‘ਸੁ’ ਅਗੇਤਰ ਦੇ ਅਰਥ ਹਨ: ਚੰਗਾ; ਜਿਵੇਂ: ਸੁਮੇਲ, ਸੁਮੱਤ, ਸੁਚੱਜ, ਸੁਲੱੱਖਣਾ ਆਦਿ ਅਤੇ ‘ਵਰਗ’ ਸ਼ਬਦ ਦੇ ਅਰਥ ਹਨ – ਇੱਕੋ ਤਰ੍ਹਾਂ ਦੀਆਂ ਕਈ ਚੀਜ਼ਾਂ ਦਾ ਸਮੂਹ, ਕੋਈ ਵਿਸ਼ੇਸ਼ ਸ਼੍ਰੇਣੀ ਆਦਿ। ਸੋ, ਉਹ ਕਲਪਿਤ ਜਗ੍ਹਾ ਜਿੱਥੇ ਮਰਨ ਉਪਰੰਤ ਇੱਕੋ ਤਰ੍ਹਾਂ ਦੇ ਭਾਵ ਚੰਗੀ ਸ਼੍ਰੇਣੀ ਦੇ ਲੋਕਾਂ ਨੂੰ ਰੱਖਿਆ ਜਾਵੇ, ਨੂੰ ‘ਸ੍ਵਰਗ’ ਕਹਿੰਦੇ ਹਨ।। ਬੋਲ-ਚਾਲ ਦੇ ਲਹਿਜੇ ਅਨੁਸਾਰ ਇਹ ਸ਼ਬਦ ਭਾਵੇਂ ਸ ਪੈਰ ਵ ਪਾ ਕੇ ਹੀ ਲਿਖਿਆ ਜਾਵੇਗਾ ਪਰ ਦੂਜੇ ਪਾਸੇ, ਪੰਜਾਬੀ ਵਿੱਚ ਇਸ ਸ਼ਬਦ ਨੂੰ ‘ਸੁਰਗ’ ਅਰਥਾਤ ‘ਸ’ ਨੂੰ ਔਂਕੜ ਪਾ ਕੇ ਲਿਖਣ ਦੀ ਵੀ ਛੋਟ ਦਿੱਤੀ ਗਈ ਹੈ ਭਾਵ ਸ਼ਬਦ-ਜੋੜਾਂ ਪੱਖੋਂ ਇਸ ਦਾ ਇਹ ਸ਼ਬਦ-ਰੂਪ ਵੀ ਸਹੀ ਮੰਨਿਆ ਗਿਆ ਹੈ। ਮੇਰੀ ਜਾਚੇ ਇਸ ਦਾ ਇੱਕੋ-ਇੱਕ ਕਾਰਨ ਇਹੋ ਹੀ ਹੋ ਸਕਦਾ ਹੈ ਕਿ ਸ਼ਾਇਦ ਪੰਜਾਬੀ ਲੋਕ ਮੁੱਢ ਤੋਂ ਹੀ ਇਸ ਸ਼ਬਦ ਦਾ ਉਚਾਰਨ ਸੁ ਅਗੇਤਰ ਦੇ ਅਰਥਾਂ ਅਨੁਸਾਰ ਅੌਂਕੜ ਪਾ ਕੇ ਹੀ ਕਰਦੇ ਆ ਰਹੇ ਹੋਣਗੇ ਜਿਸ ਕਾਰਨ ਇਸ ਦਾ ਇਹ ਰੂਪ ਵੀ ਸ਼ੁੱਧ ਮੰਨ ਲਿਆ ਗਿਆ ਹੈ। ਇਸੇ ਤਰ੍ਹਾਂ ‘ਸੁਆਗਤ’ ਸ਼ਬਦ ਵੀ ਭਾਵੇਂ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿੱਚ ‘ਵ’ ਅੱਖਰ ਨਾਲ਼ ਸ੍ਵਾਗਤ/स्वागत ਹੀ ਲਿਖਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਸ ਨੂੰ ਸ ਨੂੰ ਔਂਕੜ ਅਤੇ ਅੈੜੇ ਅੱਖਰ ਨਾਲ਼ ਹੀ ਲਿਖਿਆ ਜਾਣਾ ਹੈ। ਇਸ ਦਾ ਕਾਰਨ ਵੀ ਉਪਰੋਕਤ ਵਾਂਗ ਹੀ ਹੈ ਕਿ ਇਸ ਸ਼ਬਦ ਦੀ ਵਿਉਤਪਤੀ ਵੀ ਮੂਲ ਰੂਪ (ਸੰਸਕ੍ਰਿਤ ਭਾਸ਼ਾ ਵਿੱਚ) ਸ ਨੂੰ ਔਂਕੜ (ਸੁ ਅਗੇਤਰ) ਨਾਲ਼ ਹੋਈ ਹੀ ਮੰਨੀ ਗਈ ਹੈ ਅਰਥਾਤ ਇਹ ਸ਼ਬਦ ਵੀ ਸੰਸਕ੍ਰਿਤ-ਕੋਸ਼ਾਂ ਵਿੱਚ ਸੁ+ਆ+ ਗ਼ਮ+ਕ੍ਤ (ਤ) ਸ਼ਬਦਾਂ/ਧੁਨੀਆਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੀ ਦਰਸਾਇਆ ਗਿਆ ਹੈ। ਇਸ ਵਿਚਲੇ ਆਗਮ ਸ਼ਬਦ ਦਾ ਅਰਥ ਹੈ- ਆਉਣਾ। ਇਹੋ ਹੀ ਕਾਰਨ ਹੈ ਕਿ ਪੰਜਾਬੀ ਵਿੱਚ ਇਹ ਸ਼ਬਦ ਸੁ ਅਗੇਤਰ ਅਤੇ ਅ ਅੱਖਰ ਨਾਲ਼ ‘ਸੁਆਗਤ’ ਹੀ ਲਿਖਿਆ ਜਾਂਦਾ ਹੈ; ਹਿੰਦੀ/ਸੰਸਕ੍ਰਿਤ ਵਾਂਗ ‘ਵ’ ਅੱਖਰ ਨਾਲ਼ ‘ਸ੍ਵਾਗਤ’ ਨਹੀਂ।
ਸੋਨੇ ਦੀ ਕੀਮਤੀ ਧਾਤ ਅਤੇ ਮਨੂੰ-ਸਿਮ੍ਰਤੀ ਅਨੁਸਾਰ ਭਾਰਤੀ ਸਮਾਜ ਦੀਆਂ ਉੱਚ ਜਾਤੀਆਂ ਲਈ ਸ਼ਬਦ ਸ੍ਵਰਨ (ਪੰਜਾਬੀ)/ਸ੍ਵਰਣ (ਹਿੰਦੀ) ਜਾਤੀਆਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ ਇਹ ਸ਼ਬਦ ਸ+ਵਰਨ/ਵਰਣ (ਰੰਗ)= ਚੰਗੇ ਰੰਗ ਜਾਂ ਚੰਗੇ ਰੰਗ ਵਾਲ਼ੇ/ਵਾਲ਼ਿਆਂ ਤੋਂ ਹੀ ਬਣਿਆ ਜਾਪਦਾ ਹੈ। ਇਸ ਪ੍ਰਕਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਧੁਨੀਆਂ ਅਤੇ ਉਹਨਾਂ ਦੇ ਅਰਥ ‘ਸ੍ਵਰਨ’ ਸ਼ਬਦ ਵਾਂਗ ਦੋ ਜਾਂ ਦੋ ਤੋਂ ਵੱਧ ਅਰਥਾਂ ਵਾਲ਼ੇ ਸ਼ਬਦਾਂ ਦੀ ਵਿਉਤਪਤੀ ਕਿਵੇਂ ਹੋਈ ਹੈ; ਸੰਬੰਧੀ ਵੀ ਖ਼ੁਲਾਸਾ ਕਰਦੇ ਹਨ।
ਇਸੇ ਤਰ੍ਹਾਂ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦਾ ਸ਼ਬਦ ਸ੍ਵਛ (स्वच्छ) ਵੀ ਬੇਸ਼ੱਕ ਸ+ਵ ਅੱਖਰਾਂ ਦੇ ਮੇਲ਼ ਨਾਲ਼ ਹੀ ਬਣਿਆ ਹੋਇਆ ਹੈ ਪਰ ਇਹਨਾਂ ਦੇ ਅਰਥ ਸ੍ਵੈ ਅਗੇਤਰ ਵਾਲ਼ੇ ਨਹੀਂ ਹਨ। ਇਸ ਵਿੱਚ ਸ ਅਗੇਤਰ ਦੇ ਅਰਥ ਹਨ- ਚੰਗੀ ਤਰ੍ਹਾਂ ਅਤੇ ਬਾਕੀ ਸ਼ਬਦਾਂਸ਼ ਦੇ ਅਰਥ ਹਨ- ਸਾਫ਼ ਕੀਤਾ ਹੋਇਆ/ਮੈਲ਼-ਰਹਿਤ ਕੀਤਾ ਹੋਇਆ।
ਇਸ ਤੋਂ ਬਿਨਾਂ ਪੰਜਾਬੀ ਵਿੱਚ ਵਰਤੇ ਜਾਣ ਵਾਲ਼ੇ ਕੁਝ ਸ਼ਬਦ ਇਹੋ-ਜਿਹੇ ਵੀ ਹਨ ਜੋਕਿ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਦੇ ਹਨ ਤੇ ਉਹ ਤਤਸਮ ਰੂਪ ਵਿੱਚ ਅੰਗਰੇਜ਼ੀ ਦੇ ਉਚਾਰਨ ਅਨੁਸਾਰ ਹੀ ਪੰਜਾਬੀ ਵਿੱਚ ਵੀ ਅਪਣਾ ਲਏ ਗਏ ਹਨ, ਜਿਵੇਂ: ਸ੍ਵੈਟਰ (sweater), ਸ੍ਵਿੱਚ (switch) ਆਦਿ। ਇਹਨਾਂ ਸ਼ਬਦਾਂ ਵਿੱਚ ਪੈਰ-ਵਾਵਾ ਪਾਉਣ ਦਾ ਕਾਰਨ ਇਹ ਕਿ ਅੰਗਰੇਜ਼ੀ ਦੇ ਐੈੱਸ ਅਤੇ ਡਬਲਯੂ ਅੱਖਰਾਂ ਵਿਚਕਾਰ ਕੋਈ ਸ੍ਵਰ ਅੱਖਰ (vowel) ਮੌਜੂਦ ਨਹੀਂ ਹੈ। ਐੱਸ ਅਤੇ ਡਬਲਯੂ ਦੋਵੇਂ ਅੱਖਰ ਹੀ ਵਿਅੰਜਨ (consonant) ਅੱਖਰ ਹਨ ਤੇ ਇੱਥੇ ਅਵਾਜ਼ ਵੀ ਵਧੇਰੇ ਤੇਜ਼ੀ ਨਾਲ਼ ਆ ਰਹੀ ਹੈ। ਇਸ ਲਈ ਅੰਗਰੇਜ਼ੀ ਮੂਲ ਦੇ ਅਜਿਹੇ ਸ਼ਬਦ ਵੀ ਪੰਜਾਬੀ ਵਿੱਚ ‘ਸ’ ਅੱਖਰ ਜਾਂ ਕਿਸੇ ਵਿਅੰਜਨ ਅੱਖਰ ਦੇ ਪੈਰ ਵਿੱਚ ‘ਵ’ ਪਾ ਕੇ ਹੀ ਲਿਖੇ ਜਾਣਗੇ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
***
803

***

About the author

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।

ਜਸਵੀਰ ਸਿੰਘ ਪਾਬਲਾ

ਲੰਗੜੋਆ, ਨਵਾਂਸ਼ਹਿਰ।

View all posts by ਜਸਵੀਰ ਸਿੰਘ ਪਾਬਲਾ →