8 December 2024

ਅਦੀਬ ਸਮੁੰਦਰੋਂ ਪਾਰ ਦੇ: ਮਾਨਵਤਾ ਦਾ ਸਾਂਝਾ ਕਵੀ ਕਿਰਪਾਲ ਸਿੰਘ ਪੂਨੀ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (27 ਫਰਵਰੀ 2022 ਨੂੰ) 76ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ ਮਾਨਵਤਾ ਦਾ ਸਾਂਝਾ ਕਵੀ ਕਿਰਪਾਲ ਸਿੰਘ ਪੂਨੀ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਵੀ ਕਿਰਪਾਲ ਸਿੰਘ ਪੂਨੀ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਕਿਰਪਾਲ ਸਿੰਘ ਪੂਨੀ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
**

ਅਦੀਬ ਸਮੁੰਦਰੋਂ ਪਾਰ ਦੇ:
ਮਾਨਵਤਾ ਦਾ ਸਾਂਝਾ ਕਵੀ ਕਿਰਪਾਲ ਸਿੰਘ ਪੂਨੀ
-ਹਰਮੀਤ ਸਿੰਘ ਅਟਵਾਲ-

ਵਲੈਤ ਦੇ ਕੋਵੈਂਟਰੀ ਸ਼ਹਿਰ ਵਿਚ ਵੱਸਦਾ ਸਾਡਾ ਵਿਸ਼ਾਲ ਦਿ੍ਰਸ਼ਟੀ ਵਾਲਾ ਕਵੀ ਕਿਰਪਾਲ ਸਿੰਘ ਪੂਨੀ ਅਸਲ ਵਿਚ ਮਾਨਵ ਹਿਤਕਾਰੀ ਕਵੀ ਹੈ ਜਿਸ ਦੀ ਕਲਮ ਉਨ੍ਹਾਂ ਲਗਪਗ ਸਾਰੀਆਂ ਸੰਗਤੀਆਂ-ਵਿਸੰਗਤੀਆਂ ਨੂੰ ਆਪਣੇ ਰਚਨਾਤਮਕ ਕਲਾਵੇ ’ਚ ਲੈਂਦੀ ਹੈ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਮਨੁੱਖਤਾ ਲਈ ਮਾਅਨਾਖੇਜ਼ ਹੁੰਦੀਆਂ ਹੋਈਆਂ ਮਾਅਰਕੇ ਦਾ ਹਾਂ ਜਾਂ ਨਾਂਹ-ਪੱਖੀ ਮਹੱਤਵ ਰੱਖਦੀਆਂ ਹਨ। ਪੂਨੀ-ਕਾਵਿ ਦੀ ਅੰਤਰੀਵ ਧਾਰਾ ਤਾਂ ਮਨੁੱਖਤਾ ਦੇ ਭਲੇ ਦੀ ਹੀ ਹੈ। ਬਿਨਾਂ ਸ਼ੱਕ ਇਹ ਧਾਰਾ ਸਾਰੇ ਕਾਰਨਾਂ-ਕਾਰਜਾਂ ਨੂੰ ਸਮਝਦਿਆਂ ਇਕ ਮਿਆਰੀ ਤੇ ਮਹੱਤਵਪੂਰਨ ਕਵਿਤਾ ਦੇ ਰੂਪ ਵਿਚ ਸਾਹਮਣੇ ਆਉਦੀ ਹੈ।

ਦਰਅਸਲ ਸਰਬੱਤ ਦੇ ਭਲੇ ਦੀ ਸੋਚ ਸਦਾ ਸੁਖਦਾਈ ਹੁੰਦੀ ਹੈ। ਬੰਦੇ ਨੂੰ ਬੰਦਾ ਸਮਝਣ ਵਾਲਾ ਬੰਦਾ ਕਦਰਾਤਮਕ ਤੌਰ ’ਤੇ ਬੜਾ ਕੀਮਤੀ ਹੁੰਦਾ ਹੈ। ਜੇਕਰ ਅਜਿਹਾ ਸ਼ਖ਼ਸ ਕਿਰਪਾਲ ਸਿੰਘ ਪੂਨੀ ਵਰਗਾ ਗੁਣਵਾਨ ਕਵੀ ਵੀ ਹੋਵੇ ਤਾਂ ਗੱਲ ਬਦੋਬਦੀ ਅਨੰਤ ਸਿਫ਼ਤ ਦੇ ਯੋਗ ਹੋ ਜਾਂਦੀ ਹੈ।

ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨ ਡਾ. ਗੁਰਪਾਲ ਸਿੰਘ ਸੰਧੂ ਨੇ ਪੂਨੀ ਕਾਵਿ ਦਾ ਵਿਸ਼ਲੇਸ਼ਣ ਕਰਦਿਆਂ ਬਿਲਕੁਲ ਭਾਵਪੂਰਤ ਲਿਖਿਆ ਹੈ ਕਿ ਜਦੋਂ ਅਸੀਂ ਕਿਰਪਾਲ ਸਿੰਘ ਪੂਨੀ ਦੀ ਸਮੁੱਚੀ ਕਾਵਿ-ਰਚਨਾ ਦਾ ਸਫ਼ਰ ਕਰਦੇ ਹਾਂ ਤਾਂ ਇਹ ਗੱਲ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਵਿਚ ਪਿਆਰ ਪਰਿਵਾਰ, ਦੇਸ਼ ਭਗਤੀ, ਮਾਨਵਤਾ ਦਾ ਦਰਦ, ਪਰਵਾਸ ਦੀ ਮਜਬੂਰੀ ਅਤੇ ਸੁੱਖ ਆਦਿ ਮਨੁੱਖੀ ਭਾਵ ਅਜਿਹੀ ‘ਖ਼ਾਬਾਂ ਦੀ ਸਰਗਮ’ ਬਣਕੇ ਪੇਸ਼ ਹੁੰਦੇ ਹਨ ਜਿਸ ਵਿਚ ਸਿਰਫ਼ ਇਕ ਵਿਅਕਤੀ, ਪਰਿਵਾਰ, ਸਮਾਜ ਜਾਂ ਦੇਸ਼ ਦੇ ਸੁਪਨੇ, ਦਰਦ, ਤਕਲੀਫ਼ਾਂ ਅਤੇ ਹਾਲਾਤ ਪੇਸ਼ ਨਹੀਂ ਹੁੰਦੇ ਸਗੋਂ ਸਮੁੱਚੀ ਮਨੁੱਖਤਾ ਦੇ ਸੁਪਨੇ, ਦਰਦ, ਤਕਲੀਫ਼ਾਂ ਅਤੇ ਹਾਲਾਤ ਉਭਰਕੇ ਸਾਹਮਣੇ ਆਉਦੇ ਹਨ।

ਕਿਰਪਾਲ ਸਿੰਘ ਪੂਨੀ ਦਾ ਜਨਮ 24 ਜਨਵਰੀ 1947 ਈ: ਨੂੰ ਪਿਤਾ ਗੁਲਜ਼ਾਰ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਬਹਿਬਲਪੁਰ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਹੋਇਆ। ਕਿਰਪਾਲ ਸਿੰਘ ਪੂਨੀ ਨੇ ਬੀਐੱਸਸੀ ਆਨਰਜ਼ ਇਨ ਪ੍ਰੋਡਕਸ਼ਨ ਇੰਜਨੀਅਰਿੰਗ ਕੀਤੀ ਹੋਈ ਹੈ। 1964 ਵਿਚ ਉਸ ਦਾ ਅੰਨਪਾਣੀ ਉਸ ਨੂੰ ਵਲੈਤ ਵਿਚ ਲੈ ਗਿਆ। ਸਾਹਿਤ ਸਿਰਜਣ ਵੱਲ ਝੁਕਾਅ ਹੋ ਜਾਣ ਬਾਬਤ ਪੂਨੀ ਦਾ ਆਖਣਾ ਹੈ ਕਿ :-

* ਮੈਂ 15-16 ਸਾਲ ਦੀ ਉਮਰ ਵਿਚ ਕਵਿਤਾ ਲਿਖਣ ਲਗ ਪਿਆ ਸੀ।

ਮੇਰੇ ਨਾਨਾ ਜੀ ਮੁਕੰਦ ਸਿੰਘ ਜੀ ‘ਕਿਰਤੀ’ ਕਵੀ ਅਤੇ ਆਜ਼ਾਦੀ ਦੇ ਸੰਘਰਸ਼ਮਈ ਘੁਲਾਟੀਏ ਸਨ। ਉਨ੍ਹਾਂ ਨੇ ਜੈਤੋ ਦੇ ਮੋਰਚੇ ਤੋਂ ਲੈ ਕੇ ਬੱਬਰ ਲਹਿਰ ਤੀਕ ਅਕਾਲੀ ਲਹਿਰ ਵਿਚ ਬੜਾ ਯੋਗਦਾਨ ਪਾਇਆ ਸੀ।

ਲਹਿਰ ਮੱਠੀ ਪੈਣ ਤੋਂ ਬਾਅਦ ਉਹ ਕਮਿਊਨਿਸਟ ਲਹਿਰ ਦੇ ਪ੍ਰਭਾਵ ਥੱਲੇ ਆ ਗਏ ਅਤੇ ਹਿੰਦੋਸਤਾਨ ਦੇ ਆਜ਼ਾਦ ਹੋਣ ਤਕ ਉਨ੍ਹਾਂ ਕਮਿਊਨਿਸਟ ਪਾਰਟੀ ਵਿਚ ਕੰਮ ਕੀਤਾ ਸੀ। ਉਨ੍ਹਾਂ ਤੋਂ ਮੈਨੂੰ ਕਾਫ਼ੀ ਉਤਸ਼ਾਹ ਮਿਲਿਆ ਤੇ ਯੋਗ ਅਗਵਾਈ ਵੀ ਮਿਲੀ ਸੀ। ਮੇਰੀਆਂ ਪਹਿਲੀਆਂ ਦੋ ਕਿਤਾਬਾਂ ਦੀਆਂ ਕਵਿਤਾਵਾਂ 1962-1964 ਦੇ ਵੇਲੇ ਦੀਆਂ ਹਨ ਜਦ ਕਿ ਮੈਂ ਉਦੋਂ ਮਸੀਂ 17ਕੁ ਸਾਲ ਦਾ ਹੀ ਸੀ।

ਕਿਰਪਾਲ ਸਿੰਘ ਪੂਨੀ ਦੀਆਂ ਹੁਣ ਤਕ ਜਿਹੜੀਆਂ ਕਾਵਿ-ਪੁਸਤਕਾਂ ਪਾਠਕਾਂ ਦੇ ਹੱਥਾਂ ’ਚ ਪੁੱਜੀਆਂ ਹਨ ਉਨ੍ਹਾਂ ਦੇ ਨਾਂ ਹਨ : ‘ਖਾਬਾਂ ਦੀ ਸਰਗਮ’, ‘ਮੁਹੱਬਤ ਦਾ ਗੀਤ’, ‘ਤੇਰੇ ਪਰਤ ਆਉਣ ਤੀਕ’, ‘ਤੇਰਾ ਪਲ’, ‘ਪਰਵਾਜ਼ ਤੇ ਪਰਵਾਸ’, ‘ਪਰਵਾਜ਼ ਦੇ ਆਰ ਪਾਰ’ ਤੇ ‘ਯੁੱਗ ਵਾਰਤਾ’। ਪਹਿਲੀਆਂ ਦੋ ਪੁਸਤਕਾਂ ਦਾ ਥੀਮਕ ਪਾਸਾਰ ਅਮੂਮਨ ਕੁਦਰਤ ਦੇ ਿਸ਼ਮੇ, ਦੇਸ਼ ਪਿਆਰ, ਪਿਆਰ, ਭਾਈਚਾਰਾ ਤੇ ਸਮਾਜ ਦੀਆਂ ਰਸਮਾਂ ਉੱਤੇ ਕੇਂਦਰਤ ਹੈ। ਤੀਸਰੀ ਤੇ ਚੌਥੀ ਕਾਵਿ-ਕਿਤਾਬ ਵਿੱਚੋਂ ਬਾਹਰਲੀ ਵਲੈਤ ਦੀ ਦੁਨੀਆ ਵਿਚਲੀਆਂ ਮੁਸ਼ਕਲਾਂ, ਦੁਸ਼ਵਾਰੀਆਂ, ਤੰਗੀਆਂ-ਤੁਰਸ਼ੀਆਂ, ਖ਼ੁਸ਼ੀਆਂ-ਗ਼ਮੀਆਂ ਦੇ ਅਨੁਭਵਾਂ ਨੂੰ ਆਤਮਸਾਤ ਕੀਤਾ ਜਾ ਸਕਦਾ ਹੈ। ਪੰਜਵੇਂ ਕਾਵਿ-ਸੰਗ੍ਰਹਿ ਵਿਚ ਪਰਦੇਸ ਗਏ ਬੰਦੇ ਦੀ ਜਨਮ ਤੋਂ ਮਰਨ ਤਕ ਬੜੀ ਕਰੁਣਾਮਈ ਕਾਵਿ-ਕਹਾਣੀ ਕਾਵਿ-ਬੱਧ ਕੀਤੀ ਗਈ ਹੈ। ਇਸ ਵਿਚ ਪਰਵਾਸ ਦੇ ਅਨੇਕ ਪਹਿਲੂਆਂ ਦਾ ਕਾਵਿ-ਕਰਨ ਕੀਤਾ ਗਿਆ ਹੈ। ਇਹ ਪੁਸਤਕ ਆਪਣੇ ਆਪ ਵਿਚ ਇਕ ਮਹਾਂ ਕਾਵਿ ਦੇ ਸੁਭਾਅ ਵਾਲੀ ਪੁਸਤਕ ਹੈ। ਪੂਨੀ ਦਾ ਛੇਵਾਂ ਕਾਵਿ-ਸੰਗ੍ਰਹਿ ਪਹਿਲੇ ਪੰਜਾਂ ਦਾ ਸਮੁੱਚ ਹੈ। ਸੱਤਵੀਂ ਕਿਤਾਬ ‘ਯੁੱਗ ਵਾਰਤਾ’ ਵਿਚ ਕੁਝ ਗ਼ਜ਼ਲਾਂ ਵੀ ਹਨ ਭਾਵੇਂ ਬਹੁਤਾ ਕਰਕੇ ਕਿਰਪਾਲ ਸਿੰਘ ਪੂਨੀ ਨੇ ਖੱੁਲ੍ਹੀ ਕਵਿਤਾ ਜਾਂ ਨਜ਼ਮ ਹੀ ਲਿਖੀ ਹੈ। ਇਸ ਪੁਸਤਕ ਅੰਦਰਲਾ ਕਾਵਿ-ਸੰਸਾਰ ਵੀ ਮਾਨਵੀ ਸਰੋਕਾਰਾਂ ’ਤੇ ਹੀ ਕੇਂਦਰਿਤ ਹੈ।

ਕਿਰਪਾਲ ਸਿੰਘ ਪੂਨੀ ਦੀ ਕਲਮ ਬੜੇ ਸਰਲ ਮੁਹਾਵਰੇ ਵਾਲੀ ਹੈ ਪਰ ਖ਼ਿਆਲ ਪ੍ਰਵਾਹ ਨੂੰ ਬਹੁਤ ਗਹਿਰਾਈ ਤਕ ਲੈ ਜਾਂਦੀ ਹੈ। ਪੜ੍ਹਨ ਵਾਲਾ ਚਿੰਤਨ-ਮੰਥਨ ਵਾਲੇ ਪਾਸੇ ਹੋ ਤੁਰਦਾ ਹੈ। ਅਜਿਹੀ ਕਾਵਿ-ਸ਼ਕਤੀ ਵਿਰਲੇ ਕਵੀਆਂ ਦੀ ਕਲਮ ਵਿਚ ਹੁੰਦੀ ਹੈ। ਪੂਨੀ ਦੀ ‘ਕੱਚ’ ਨਾਂ ਦੀ ਨਜ਼ਮ ’ਚੋਂ ਕੁਝ ਕਾਵਿ-ਬੰਦ ਇਥੇ ਸਾਂਝੇ ਕੀਤੇ ਜਾਂਦੇ ਹਨ:-

ਕੱਚ ਆਖਿਆਂ ਕਿਰਚਣਾਂ
ਚੁਭਦੀਆਂ ਨੇ
ਜਿੱਥੇ ਕੱਚ ਹੋਵੇ ਉਥੇ ਪੱਕ ਨਾ ਹੀ।
ਮਾਰੇ ਕੱਚ ਦੇ ਫਿਰਨ
ਕਚਹਿਰੀਆਂ ਵਿਚ
ਦਿਲ ਕੱਚ ਦੇ ਵੱਸ ਦਾ ਸੱਚ ਨਾਹੀ।
ਕੱਚ ਵਿਕਦਾ ਸੀ ਤੱਕਿਆ ਮੈਖਾਨੇ
ਅਤੇ ਵਿਕਦਾ ਬੜੇ
ਅੰਦਾਜ਼ ਤੱਕਿਆ।
ਸਾਖੀ ਵੱਖ ਵਿਕਦਾ,
ਬੋਤਲ ਵੱਖ ਵਿਕਦੀ
ਬੜਾ ਨਾਜ਼,
ਅੰਦਾਜ਼ ਮਜ਼ਾਜ ਤੱਕਿਆ।
ਯਾਰੋ ਕੱਚ ਨੂੰ ਕਿਉ ਦੋਸ਼ ਦੇਈਏ
ਪਰਖ ਕੱਚ ਨੂੰ ਕਰਨ ਦੀ ਜਾਚ ਸਿਖੋ।
ਕੱਚ ਐਵੇਂ ਤਾਂ ਨਹੀਂ ਭਰਮਾ ਸਕਦਾ
ਪੈਰ ਸੋਚ ਕੇ ਧਰਨ ਦੀ ਜਾਚ ਸਿੱਖੋ।

ਕਿਰਪਾਲ ਸਿੰਘ ਪੂਨੀ ਨਾਲ ਸਮੇਂ-ਸਮੇਂ ਅਦਬੀ ਅਨੁਭਵਾਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਉਸ ਵਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ :-

* ਕਾਵਿ-ਰਚਨਾ ਲਈ ਜ਼ੁਬਾਨ ਵਿਚ ਨਿਪੁੰਨ ਹੋਣਾ ਜ਼ਰੂਰੀ ਹੈ। ਉਪਰੰਤ ਜੇ ਕਵਿਤਾ ਦਾ ਪਿੰਗਲ, ਕਵਿਤਾ ਦੀ ਬਣਤਰ ਅਤੇ ਬੁਣਤਰ ਦਾ ਗਿਆਨ ਹੋਵੇ ਤਾਂ ਕਵਿਤਾ ਵਿਚ ਹੋਰ ਵੀ ਨਿਖਾਰ ਆ ਸਕਦਾ ਹੈ।

* ਵਲਾਇਤ ਦੀਆਂ ਸਭ ਸਾਹਿਤ ਸਭਾਵਾਂ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਸ਼ਲਾਘਯੋਗ ਹੈ। ਹਰ ਲਿਖਾਰੀ ਆਪਣੇ ਵਿਤ ਮੁਤਾਬਕ ਆਪਣੇ ਤਰੀਕੇ ਨਾਲ ਯੋਗਦਾਨ ਪਾਈ ਜਾ ਰਿਹਾ ਹੈ।

* ਜੇ ਸੋਹਣਾ ਲਿਖਣਾ ਹੈ ਤਾਂ ਸੋਹਣਾ ਸਾਹਿਤ ਜ਼ਰੂਰ ਪੜ੍ਹਨਾ ਪਵੇਗਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬੀ ਸਾਹਿਤ ਹੀ ਪੜ੍ਹਨਾ ਹੈ। ਜੇ ਹੋ ਸਕੇ ਤਾਂ ਹੋਰ ਜ਼ੁਬਾਨਾਂ ਦਾ ਸਾਹਿਤ ਵੀ ਨਿੱਠ ਕੇ ਪੜ੍ਹਨਾ ਚਾਹੀਦਾ ਹੈ।

* ਨਜ਼ਮ ਦਾ ਆਪਣਾ ਵਿਧਾਨ ਹੁੰਦਾ ਹੈ ਤੇ ਆਜ਼ਾਦ ਨਜ਼ਮ ਦਾ ਇਕ ਆਪਣਾ ਵਿਧਾਨ ਹੈ। …ਆਜ਼ਾਦ ਨਜ਼ਮ ਵਿਚ ਰਵਾਨੀ ਤੋਂ ਉਪਰੰਤ ਜਜ਼ਬਾ/ਖ਼ਿਆਲ ਕਮਾਲ ਦਾ ਹੋਣਾ ਚਾਹੀਦਾ ਹੈ। ਜੇ ਖ਼ਿਆਲ ਅਤੇ ਰਵਾਨੀ ਨਹੀਂ ਹੈ ਤਾਂ ਸਮਝ ਲਓ ਕਵਿਤਾ ਨਹੀਂ ਹੈ।

* ਵਾਰਤਕ ਦੀ ਭੰਨ ਤੋੜ ਕਦੇ ਵੀ ਅੱਛੀ ਕਵਿਤਾ ਨਹੀਂ ਬਣੇਗੀ। ਕਵਿਤਾ ਤੇ ਵਾਰਤਕ ਦੀ ਬਣਤਰ ਤੇ ਬੁਣਤਰ ਵਿਚ ਬਹੁਤ ਅੰਤਰ ਹੈ। ਲਫ਼ਜ਼ਾਂ ਦੀ ਚੋਣ, ਖ਼ਿਆਲ ਦਾ ਸੱਜਰਾਪਨ ਅਤੇ ਵਿਧਾਨ ਲੇਖਕ ਨੂੰ ਮਜਬੂਰ ਕਰਦਾ ਹੈ ਕਿ ਥੋੜ੍ਹਾ ਵੱਖਰੀ ਤਰ੍ਹਾਂ ਸੋਚੇ ਅਤੇ ਲਿਖੇ।

* ਮੈਂ ਨਹੀਂ ਸਮਝਦਾ ਕਿ ਪੰਜਾਬੀ ਯੂਕੇ ਵਿਚ ਬਾਹਲਾ ਚਿਰ ਟਿਕੇਗੀ। ਹਾਂ ਗੁਰਦੁਆਰਿਆਂ ਵਿੱਚੋਂ ਕੁਝ ਬੱਚੇ ਪੜ੍ਹਕੇ ਜ਼ਰੂਰ ਨਿਕਲਣਗੇ। ਐਪਰ ਉਹ ਗਿਣਤੀ ਬਹੁਤ ਥੋੜ੍ਹੀ ਹੋਵੇਗੀ। ਜੇ ਭਾਰਤ ਵਿੱਚੋਂ ਪੰਜਾਬੀ ਪੜ੍ਹੇ ਲਿਖੇ ਲੋਕ ਨਾ ਆਏ ਤਾਂ ਦੋ ਜਾਂ ਤਿੰਨ ਪੁਸ਼ਤਾਂ ਵਿਚ ਪੰਜਾਬੀ ਦਾ ਯੂਕੇ ਵਿੱਚੋਂ ਭੋਗ ਪੈ ਜਾਵੇਗਾ।

* ਜੇ ਕੋਈ ਸਭਾ ਕਿਸੇ ਲੇਖਕ ਨੂੰ ਇਨਾਮ ਦਿੰਦੀ ਹੈ ਤਾਂ ਅੱਛੀ ਗੱਲ ਹੈ। ਪਰ ਇਨਾਮ ਕਿਸੇ ਕਿਰਤ ਦੀ ਗੁਣਾਤਮਿਕਤਾ ਉੱਤੇ ਹੀ ਦੇਣਾ ਚਾਹੀਦਾ ਹੈ।

* ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਤਾਂ ਬਹੁਤ ਹੀ ਥੋੜ੍ਹੇ ਹਨ ਜਦ ਕਿ ਬੇਸ਼ੁਮਾਰ ਸਾਹਿਤ ਲਿਖਿਆ ਜਾ ਰਿਹਾ ਹੈ।

* ਸ਼ੌਕ ਬੜੇ ਨੇ ਐਪਰ ਵਕਤ ਬਹੁਤ ਕਮ ਹੈ। ਜਵਾਨੀ ਵਿਚ ਫੁੱਟਬਾਲ ਖੇਡਿਆ ਤੇ ਤੈਰਾਕੀ ਵੀ ਕੀਤੀ। ਅੱਜਕਲ੍ਹ ਬੈਡਮਿੰਟਨ ਤੇ ਕਦੇ ਕਦੇ ਟੈਨਿਸ ਵੀ ਖੇਡ ਲਈ ਦੀ ਹੈ। ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਕਈ ਕੰਮ ਕਰਨੇ ਪੈਂਦੇ ਹਨ।

ਨਿਰਸੰਦੇਹ ਕਿਰਪਾਲ ਸਿੰਘ ਪੂਨੀ ਸਮੁੱਚੀ ਮਾਨਵਤਾ ਨਾਲ ਪਿਆਰ ਕਰਦਾ ਹੈ। ਉਸ ਦੀ ਹਰ ਲਿਖਤ ਤੇ ਹਰ ਗੱਲ ਆਪਣੇ ਅਰਥ ਰੱਖਦੀ ਹੈ।
***
655
***

ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ