29 March 2024

ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ!—ਗੁਰਦੀਸ਼ ਕੌਰ ਗਰੇਵਾਲ

ਅਜੋਕੇ ਯੁੱਗ ਵਿੱਚ, ਹਰ ਖੇਤਰ ਵਿੱਚ ਸ਼ਰਾਰਤੀ ਅਨਸਰ ਦੇਖਣ ਨੂੰ ਮਿਲਦੇ ਹਨ- ਚਾਹੇ ਉਹ ਧਾਰਮਿਕ ਹੈ, ਸਮਾਜਿਕ ਹੈ ਜਾਂ ਕੋਈ ਹੋਰ ਖੇਤਰ। ਇਹ ਲੋਕ ਹਮੇਸ਼ਾ ਭੋਲੇ ਪੰਛੀਆਂ ਦੀ ਤਲਾਸ਼ ਵਿੱਚ ਰਹਿੰਦੇ ਹਨ। ਇਹ ਲੋਕ ਪਹਿਲਾਂ ਮਿੱਠੇ ਪਿਆਰੇ ਹੋ ਕੇ ਤੁਹਾਡੇ ਨਾਲ ਨੇੜਤਾ ਵਧਾਉਂਦੇ ਹਨ, ਫਿਰ ਤੁਹਾਡੀ ਨਿੱਜੀ ਜਿੰਦਗੀ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਨ, ਤੇ ਫਿਰ ਤੁਹਾਡੀ ਕਮਜ਼ੋਰੀ ਜਾਂ ਜਰੂਰਤ ਲੱਭ ਕੇ- ਉਸ ਦੇ ਸਹਾਰੇ ਆਪਣਾ ਉੱਲੂ ਸਿੱਧਾ ਕਰਦੇ ਹਨ। ਕਿਤੇ ਕਿਤੇ ਇਹ ਲੋਕ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ, ਕੁੱਝ ਔਰਤਾਂ ਦਾ ਸਹਾਰਾ ਵੀ ਲੈ ਲੈਂਦੇ ਹਨ- ਜੋ ਇਹਨਾਂ ਲੋਕਾਂ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦਿੰਦੀਆਂ ਹਨ। ਮੇਰੀਆਂ ਭੈਣਾਂ (ਸਾਰੀਆਂ ਨਹੀਂ) ਇਹਨਾਂ ਦੇ ਵਿਛਾਏ ਜਾਲ ਵਿੱਚ ਛੇਤੀ ਫਸ ਜਾਂਦੀਆਂ ਹਨ- ਕਿਉਂਕਿ ਉਹ ਜਲਦੀ ਭਰੋਸਾ ਕਰ ਲੈਂਦੀਆਂ ਹਨ, ਜਦ ਕਿ ਮਰਦ ਲੋਕ ਛੇਤੀ ਕੀਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ। ਸਾਨੂੰ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਕਿਸੇ ਵੀ ਖੇਤਰ ਵਿੱਚ ਜਦੋਂ ਅਸੀਂ ਨਵੇਂ ਨਵੇਂ ਵਿਚਰਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਚਾਪਲੂਸੀ ਕਰਨ ਵਾਲਿਆਂ ਤੇ ਅਸਲੀ ਹਮਦਰਦ ਹੋਣ ਵਾਲਿਆਂ ਦੀ ਸਹੀ ਪਛਾਣ ਕਰਨੀ ਆਉਣੀ ਚਾਹੀਦੀ ਹੈ- ਤਾਂ ਹੀ ਅਸੀਂ ਇਹਨਾਂ ਤੋਂ ਬਚ ਸਕਦੇ ਹਾਂ। ਹੁਣ ਇਹਨਾਂ ਲੋਕਾਂ ਨੇ ਸਾਹਿਤ ਦੇ ਖੇਤਰ ਵਿੱਚ ਵੀ ਘੁੱਸਪੈਠ ਕਰ ਲਈ ਹੈ- ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਨਵੇਂ ਲੇਖਕ/ ਲੇਖਕਾਵਾਂ ਦੀ ਤਲਾਸ਼ ਵਿੱਚ ਰਹਿੰਦੇ ਹਨ। ਇਹ ਉਹਨਾਂ ਦੀ ਰਚਨਾ ਅਖਬਾਰ ਵਿੱਚ ਛਪਾਉਣ, ਪੁਸਤਕ ਛਪਾਉਣ, ਮੁੱਖ ਬੰਦ ਲਿਖਣ ਜਾਂ ਲਿਖਵਾਉਣ, ਪੁਸਤਕ ਦਾ ਰੀਵਿਊ ਲਿਖਣ ਜਾਂ ਕਿਸੇ ਨਾਮਵਰ ਲੇਖਕ ਤੋਂ ਲਿਖਵਾਉਣ ਦੇ ਬਹਾਨੇ, ਉਹਨਾਂ ਨਾਲ ਹਮਦਰਦੀ ਜਤਾ ਕੇ ਜਾਂ ਕਹਿ ਲਵੋ ਝਾਂਸਾ ਦੇ ਕੇ, ਉਹਨਾਂ ਤੋਂ ਜਾਇਜ਼ ਨਜਾਇਜ਼ ਫਾਇਦਾ ਲੈਂਦੇ ਹਨ। ਗੁੰਮਰਾਹ ਕਰਦੇ ਹਨ। ਮੈਂ ਆਪਣੇ ਨਿੱਜੀ ਤਜਰਬੇ ਤੋਂ ਦੱਸ ਰਹੀ ਹਾਂ- ਕਿ ਕੋਈ ਵੀ ਅਖਬਾਰ ਜਾਂ ਮੈਗਜ਼ੀਨ ਕਿਸੇ ਲੇਖਕ ਦੀ ਰਚਨਾ ਛਾਪਣ ਲਈ ਕੋਈ ਫੀਸ ਨਹੀਂ ਲੈਂਦਾ- ਸਗੋਂ ਕੁੱਝ ਨਾਮਵਰ ਅਖਬਾਰ (ਸਾਰੇ ਨਹੀਂ) ਤਾਂ ਲੇਖਕ ਨੂੰ ਲਿਖਿਤ ਦਾ ਇਵਜ਼ਾਨਾ ਵੀ ਦਿੰਦੇ ਹਨ। ਅਖਬਾਰਾਂ ਵਾਲਿਆਂ ਨੂੰ ਵੀ ਚੰਗੀਆਂ ਲਿਖਤਾਂ ਦੀ ਜਰੂਰਤ ਹੁੰਦੀ ਹੈ। ਮੈਂ ਪਿਛਲੇ 15-20 ਸਾਲਾਂ ਤੋਂ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿੱਚ ਛਪਦੀ ਆ ਰਹੀ ਹਾਂ- ਕਦੇ ਕਿਸੇ ਨੂੰ ਕੁੱਝ ਨਹੀਂ ਦਿੱਤਾ। ਰਚਨਾ ਭੇਜ ਕੇ ਭੁੱਲ ਜਾਓ- ਜੇ ਸੰਪਾਦਕ ਨੂੰ ਠੀਕ ਲੱਗੀ ਤਾਂ ਦੇਰ ਸਵੇਰ ਛਪ ਜਾਏਗੀ, ਨਹੀਂ ਤਾਂ ਨਾ ਵੀ ਛਪੀ ਤਾਂ ਢੇਰੀ ਢਾਉਣ ਦੀ ਲੋੜ ਨਹੀਂ! ਕਲਮ ਨੂੰ ਹੋਰ ਨਿਖਾਰੋ! ਕਿਸੇ ਨਵੇਂ ਵਿਸ਼ੇ ਤੇ ਲਿਖੋ, ਸਮਾਜ ਦੀਆਂ ਸਮੱਸਿਆਵਾਂ ਤੇ ਸੇਧ ਦੇਣ ਵਾਲੀਆਂ ਰਚਨਾਵਾਂ ਲਿਖੋ! ਕਹਿੰਦੇ ਹਨ ਕਿ ਸੌ ਸਫਾ ਪੜ੍ਹਨ ਬਾਅਦ ਇੱਕ ਸਫਾ ਲਿਖੋ!

ਸੋ ਲਿਖਣ ਲਈ ਚੰਗੀਆਂ ਲਿਖਤਾਂ- ਅਖਬਾਰਾਂ, ਮੈਗਜ਼ੀਨ, ਵਟਸਐਪ, ਫੇਸਬੁੱਕ..ਜਿੱਥੇ ਵੀ ਮਿਲਣ- ਸਮਾਂ ਕੱਢ ਕੇ ਪੜ੍ਹਨ ਦਾ ਯਤਨ ਕਰੋ! ਕਾਹਲੇ ਪੈਣ ਜਾਂ ਕਿਸੇ ਦੀ ਮਿੰਨਤ ਕਰਨ ਦੀ ਲੋੜ ਨਹੀਂ! ਨਾਲੇ ਹੁਣ ਤਾਂ ਔਨਲਾਈਨ ਅਖਬਾਰਾਂ ਮੈਗਜ਼ੀਨ ਐਨੇ ਹਨ- ਜੋ ਛਾਪਣ ਲਈ ਇੱਕ ਮਿੰਟ ਲਾਉਂਦੇ ਹਨ।

ਬਾਕੀ ਰਹੀ ਕਿਤਾਬ ਛਪਵਾਉਣ ਦੀ ਗੱਲ! ਉਸ ਲਈ ਪਹਿਲਾਂ ਆਪਣੀਆਂ ਰਚਨਾਵਾਂ ਦੀ ਉਸਤਾਦਾਂ ਕੋਲੋਂ ਸੁਧਾਈ ਕਰਾ ਲੈਣੀ ਚਾਹੀਦੀ ਹੈ ਚਾਹੇ ਕੁੱਝ ਸਮਾਂ ਵੱਧ ਲੱਗ ਜਾਵੇ। ਹਾਂ- ਪਰ ਦੇਖਣਾ ਇਸ ਕੰਮ ਲਈ ਵੀ ਕਿਸੇ ਸ਼ਰਾਰਤੀ ਅਨਸਰ ਦੇ ਹੱਥੀਂ ਨਾ ਚੜ੍ਹ ਜਾਣਾ! ਅਜਿਹੇ ਲੋਕਾਂ ਦੀ ਗੱਲ ਬਾਤ ਤੋਂ, ਹਰਕਤਾਂ ਤੋਂ ਜਾਂ ਉਹਨਾਂ ਦੀ ਤੱਕਣੀ ਤੋਂ- ਅੰਦਾਜ਼ਾ ਲੱਗ ਜਾਂਦਾ ਹੈ ਕਿ- ਉਹਨਾਂ ਦੀ ਚਾਹਤ ਕੀ ਹੈ? ਆਪਣਾ ਨਾਮ ਬਨਾਉਣ ਲਈ, ਆਪਣੇ ਕੈਰੀਅਰ ਲਈ- ਕਦੇ ਵੀ ਕਿਸੇ ਨਾਲ ਕੋਈ ਸਮਝੌਤਾ ਕਰਨ ਦੀ ਜਰੂਰਤ ਨਹੀਂ! ਸਮਾਂ ਪਾ ਕੇ, ਤੁਹਾਡੇ ਗੁਣ, ਤੁਹਾਡੀ ਮਿਹਨਤ ਜਰੂਰ ਰੰਗ ਲਿਆਏਗੀ..ਰੱਬ ਤੇ ਭਰੋਸਾ ਰੱਖੋ! ਉਸ ਤੋਂ ਬਾਅਦ ਪ੍ਰਕਾਸ਼ਕ ਨਾਲ ਸਿੱਧੀ ਗੱਲ ਕਰੋ- ਕੋਈ ਲੋੜ ਨਹੀਂ ਵਿਚੋਲਿਆਂ ਦੀ! ਬਾਕੀ ਮੁੱਖ ਬੰਦ ਲਿਖਣ ਲਿਖਾਉਣ ਲਈ ਮੈਂ ਤਾਂ ਅੱਜ ਤੱਕ ਕਿਸੇ ਨੂੰ ਕੁੱਝ ਨਹੀਂ ਦਿੱਤਾ ਤੇ ਨਾ ਹੀ ਕਿਸੇ ਨੇ ਮੰਗਿਆ! ਹਾਂ- ਪੁਸਤਕ ਛਪਣ ਤੇ ਜਰੂਰ ਸਤਿਕਾਰ ਸਹਿਤ ਭੇਟ ਕਰ ਦੇਈਦੀ ਹੈ !

ਅੰਤ ਵਿੱਚ ਮੈਂ ਆਪਣੇ ਤੋਂ ਛੋਟੀਆਂ ਭੈਣਾਂ, ਬੱਚੇ, ਬੱਚੀਆਂ ਨੂੰ ਇਹਨਾਂ ਲੋਕਾਂ ਤੋਂ ਚੌਕੰਨੇ ਕਰਦੀ ਹੋਈ, ਅਰਦਾਸ ਕਰਦੀ ਹਾਂ ਕਿ- ਪ੍ਰਮਾਤਮਾ ਉਹਨਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ- ਇਹਨਾਂ ਸ਼ਰਾਰਤੀ ਅਨਸਰਾਂ ਤੋਂ ਬਚਾ ਕੇ ਰੱਖੇ ਤੇ ਇਹ ਬੱਚੇ ਆਪਣੀ ਮਿਹਨਤ, ਲਗਨ ਤੇ ਲਿਆਕਤ ਦੇ ਬਲਬੂਤੇ ਆਪਣੀਆਂ ਮੰਜ਼ਿਲਾਂ ਸਰ ਕਰਨ ਵਿੱਚ ਕਾਮਯਾਬ ਹੋਣ!
ਆਮੀਨ!
***

ਪੰਜਾਬ ਬਾਰੇ ਲਿਖੀ ਹੋਈ ਮੇਰੀ ਗ਼ਜ਼ਲ ਨੂੰ, ਦਵਿੰਦਰ ਕੌਰ ਢਿੱਲੋਂ ਜੀ ਨੇ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ ਜੀ।
ਉਮੀਦ ਹੈ ਪਸੰਦ ਕਰੋਗੇ ਤੇ ਝੋਲੀ ਅਸੀਸਾਂ ਪਾਓਗੇ ਜੀ।
ਜੇ ਚੰਗੀ ਲੱਗੇ ਤਾਂ ਅੱਗੇ ਵੰਡਣ ਦੀ ਖੇਚਲ ਵੀ ਕਰਨਾ ਜੀ।ਧੰਨਵਾਦ।
***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
959
***

About the author

ਗੁਰਦੀਸ਼ ਕੌਰ ਗਰੇਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →