18 April 2024

ਡਾ. ਮੇਘਾ ਸਿੰਘ ਨੇ ਇਕ ਸਾਹਿਤਕਾਰ ਹੋਣ ਦੇ ਨਾਤੇ 8 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ—ਉਜਾਗਰ ਸਿੰਘ

ਇਨਸਾਨੀਅਤ ਦਾ ਪੁਜ਼ਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ. ਮੇਘਾ ਸਿੰਘ

ਸਮਾਜਿਕ ਤਾਣੇ ਬਾਣੇ ਵਿਚ ਹਰ ਵਰਗ, ਸਮੁਦਾਏ, ਜ਼ਾਤ, ਫਿਰਕਿਆਂ ਅਤੇ ਧਰਮਾਂ ਦੇ ਮੁਦੱਈ ਇਨਸਾਨੀ ਜੀਵਨ ਬਸਰ ਕਰਦੇ ਹਨ। ਹਰ ਇਕ ਵਿਅਕਤੀ ਸਮਾਜ ਵਿਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ। ਸਰਕਾਰੀ ਨੌਕਰੀ ਕਰਨ ਵਾਲੇ ਆਪਣੇ ਸਰਕਾਰੀ ਫ਼ਰਜ਼ ਨਿਭਾਉਂਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ/ਅਧਿਕਾਰੀ ਵੀ ਆਪਣੀ ਸੋਚ ਅਨੁਸਾਰ ਹੀ ਆਪਣੇ ਫ਼ਰਜ਼ ਨਿਭਾਉਂਦੇ ਹਨ। ਹਾਲਾਂ ਕਿ ਹਰ ਇਕ ਵਿਅਕਤੀ ਨੂੰ ਸਰਕਾਰ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਨਾਲ ਫ਼ਰਜ਼ ਨਿਭਾਉਣੇ ਚਾਹੀਦੇ ਹਨ। ਸਰਕਾਰਾਂ ਦੇ ਕੰਮ ਕਰਨ ਅਤੇ ਕਰਵਾਉਣ ਦੇ ਢੰਗ ਤਰੀਕੇ ਵੀ ਅਜ਼ੀਬ ਕਿਸਮ ਦੇ ਹੁੰਦੇ ਹਨ। ਜਿਹੜੇ ਕਰਮਚਾਰੀ/ਅਧਿਕਾਰੀ ਕਮਚੋਰ ਹੁੰਦੇ ਹਨ, ਉਨ੍ਹਾਂ ਨੂੰ ਬਹੁਤਾ ਮਹੱਤਵਪੂਰਨ ਕੰਮ ਦਿੱਤਾ ਹੀ ਨਹੀਂ ਜਾਂਦਾ। ਜਿਹੜੇ ਦਿਲਚਸਪੀ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਜ਼ਿਆਦਾ ਮਹੱਤਵਪੂਰਨ ਕੰਮ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹੇ ਕਰਮਚਾਰੀ/ਅਧਿਕਾਰੀ ਕੰਮ ਦੇ ਬਹੁਤੇ ਭਾਰ ਹੇਠ ਦੱਬੇ ਜਾਂਦੇ ਹਨ ਪ੍ਰੰਤੂ ਉਹ ਕੰਮ ਕਰਨ ਤੋਂ ਜਵਾਬ ਨਹੀਂ ਦਿੰਦੇ।

ਲੋਕ ਸੰਪਰਕ ਵਿਭਾਗ ਪੰਜਾਬ ਦੇ ਅਜਿਹੇ ਕਰਮਚਾਰੀਆਂ/ਅਧਿਕਾਰੀਆਂ ਵਿਚ ਡਾ. ਮੇਘਾ ਸਿੰਘ ਦਾ ਨਾਮ ਵਰਨਣਯੋਗ ਹੈ। ਉਨ੍ਹਾਂ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਆਪਣਾ ਕੈਰੀਅਰ ਼12 ਸਾਲ ਪੰਜਾਬੀ ਦੇ ਅਧਿਆਪਕ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਸ਼ੁਰੂ ਕੀਤਾ। ਉਹ ਫ਼ਰਵਰੀ 1987 ਵਿੱਚ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਭਰਤੀ ਹੋਏ ਸਨ। ਇਸ ਅਹੁਦੇ ‘ਤੇ ਕੰਮ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਮੰਤਰੀ ਸਾਹਿਬਾਨ ਅਤੇ ਮੁੱਖ ਮੰਤਰੀ ਨਾਲ ਆਪਣੇ ਫ਼ਰਜ ਬਾਖ਼ੂਬੀ ਨਿਭਾਏ। ਜਦੋਂ ਬਿਨਾ ਸਮਾਂ ਲਏੇ ਅਤੇ ਬਗੈਰ ਪੁਛਿਆਂ ਹੀ ਲੋਕ ਸੰਪਰਕ ਅਧਿਕਾਰੀ ਮੰਤਰੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਵੇਖਣ ਵਾਲੇ ਸਮਝਦੇ ਹਨ ਕਿ ਇਨ੍ਹਾਂ ਦੀਆਂ ਉਨ੍ਹਾਂ ਤੱਕ ਬਹੁਤ ਨਜ਼ਦੀਕੀਆਂ ਹਨ। ਇਹ ਉਨ੍ਹਾਂ ਤੋਂ ਕੋਈ ਵੀ ਕੰਮ ਕਰਵਾ ਸਕਦੇ ਹਨ ਪ੍ਰੰਤੂ ਇਹ ਸਰਸਰੀ ਵੇਖਣ ਵਾਲੇ ਨੂੰ ਲੁਭਾਉਣਾ ਲਗਦਾ ਹੈ, ਅਸਲ ਵਿੱਚ ਇਹ ਕੰਡਿਆਂ ਦੀ ਸੇਜ਼ ਹੁੰਦੀ ਹੈ। ਅਜਿਹੀ ਕੋਈ ਗੱਲ ਨਹੀਂ ਹੁੰਦੀ, ਉਹ ਤਾਂ ਕਈ ਵਾਰੀ ਬਿਨਾ ਕਸੂਰ ਤੋਂ ਹੀ ਦੋਸ਼ੀ ਬਣਾਏ ਜਾਂਦੇ ਹਨ। ਡਾ. ਮੇਘਾ ਸਿੰਘ ਨਾਲ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੋਵੇਗਾ ਕਿਉਂਕਿ ਉਹ ਤਾਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ ਹਨ। ਜਿਲ੍ਹਿਆਂ ਵਿੱਚ ਨੌਕਰੀ ਕਰਨੀ ਤਾਂ ਤਲਵਾਰ ਦੀ ਨੋਕ ‘ਤੇ ਚਲਣ ਦੇ ਬਰਾਬਰ ਹੁੰਦੀ ਹੈ। ਡਾ. ਮੇਘਾ ਸਿੰਘ ਆਪਣੇ ਕੰਮ ਵਿੱਚ ਕੁਸ਼ਲ ਅਤੇ ਮਿਹਨਤੀ ਹਨ ਪ੍ਰੰਤੂ ਨਿਯਮਾਂ ਤੋਂ ਬਾਹਰ ਜਾ ਕੇ ਹਾਂ ਵਿੱਚ ਹਾਂ ਮਿਲਾਉਣ ਵਾਲੇ ਅਧਿਕਾਰੀ ਨਹੀਂ ਰਹੇ। ਬੇਸ਼ਕ ਉਨ੍ਹਾਂ ਉਪਰ ਵੀ ਦਬਾਅ ਪਏ ਹਨ ਪ੍ਰੰਤੂ ਉਹ ਆਪਣੇ ਅਸੂਲਾਂ ‘ਤੇ ਖ਼ਰੇ ਉਤਰੇ।  ਉਨ੍ਹਾਂ ਨੇ ਅਣਖ਼ ਨਾਲ ਆਪਣੇ ਫ਼ਰਜ਼ ਨਿਭਾਏ। ਕਿਸੇ ਦੀ ਈਨ ਨਹੀਂ ਮੰਨੀ। ਅਣਖ਼ ਤੋਂ ਭਾਵ ਹਓਮੈ ਨਹੀਂ। ਹਓਮੈ ਤਾਂ ਉਨ੍ਹਾਂ ਤੋਂ ਕੋਹਾਂ ਦੂਰ ਰਹੀ। ਸਗੋਂ ਨਿਮਰਤਾ ਉਨ੍ਹਾਂ ਦਾ ਗਹਿਣਾ ਬਣੀ। ਉਹ ਆਪਣੇ ਫ਼ਰਜ਼ਾਂ ਅਤੇ ਹੱਕਾਂ ਬਾਰੇ ਬਾਖ਼ੂਬੀ ਨਾਲ ਜਾਣਦੇ ਸਨ। ਇਸ ਕਰਕੇ ਉਹ ਆਪਣੀ ਜ਼ਿੰਮੇਵਾਰੀ ਸੰਬੰਧੀ ਪ੍ਰਤੀਬੱਧ ਰਹੇ। ਉਹ ਇਕ ਸਾਹਿਤਕਾਰ ਹੋਣ ਕਰਕੇ ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਰਸਾਲੇ ਦੇ ਸੰਪਾਦਕ ਵੀ ਰਹੇ ਹਨ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਲੇਖ ਪ੍ਰਕਾਸ਼ਤ ਹੁੰਦੇ ਰਹੇ ਅਤੇ ਹੁਣ ਵੀ ਹੋ ਰਹੇ ਹਨ। ਉਨ੍ਹਾਂ ਦੀ ਸ਼ਰਾਫ਼ਤ ਅਤੇ ਨਿਮਰਤਾ ਉਨ੍ਹਾਂ ਦੇ ਵਿਅਕਤਿਵ ਦੀ ਇਕ ਵੱਖਰੀ ਪਛਾਣ ਬਣ ਗਈ ਹੈ। ਉਹ ਆਪਣੇ ਕੰਮ ਦੇ ਕਰਿੰਦੇ ਹਨ। ਉਨ੍ਹਾਂ ਨੂੰ ਆਪਣੇ ਫ਼ਰਜਾਂ ਨੂੰ ਨਿਭਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਕਿਉਂਕਿ ਉਨ੍ਹਾਂ ਨੇ ਆਪਣੇ ਕਿੱਤੇ ਨਾਲ ਸੰਬੰਧਤ ਉਚ ਪੜ੍ਹਾਈ ਕੀਤੀ ਹੋਈ ਸੀ। ਲੋਕ ਸੰਪਰਕ ਵਿਭਾਗ ਵਿਚ ਉਹ ਤਰੱਕੀ ਕਰਦੇ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਫਿਰ ਜਾਇੰਟ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਉਨ੍ਹਾਂ 24 ਸਾਲ ਵਿਭਾਗ ਵਿੱਚ ਬੜੀ ਸਿਆਣਪ, ਸੂਝ ਬੂਝ, ਸਲੀਕੇ ਅਤੇ ਨਿਮਰਤਾ ਦਾ ਪੱਲਾ ਫੜਕੇ ਨੌਕਰੀ ਕੀਤੀ। ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਹ ਹਮੇਸ਼ਾ ਨਿਮਰਤਾ ਨਾਲ ਵਿਵਹਾਰ ਕਰਦੇ ਰਹੇ। ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਉਹ ਮੁਢਲੇ  ਤੌਰ ‘ਤੇ ਇਕ ਪੱਤਰਕਾਰ ਹਨ, ਇਸ ਲਈ ਉਨ੍ਹਾਂ ਦੇ ਮਨ ਵਿੱਚ ਨਿਰਪੱਖ ਪੱਤਰਕਾਰੀ ਕਰਨ ਦੀ ਰੁਚੀ ਉਨ੍ਹਾਂ ਨੂੰ ਪੱਤਰਕਾਰੀ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੀ ਸੀ, ਜਿਸ ਕਰਕੇ ਉਨ੍ਹਾਂ ਲੋਕ ਸੰਪਰਕ ਵਿਭਾਗ ਵਿੱਚੋਂ ਅਗਾਊਂ ਸੇਵਾ ਮੁਕਤੀ ਲੈ ਕੇ ਪੰਜਾਬੀ ਟਰਿਬਿਊਨ ਅਖ਼ਬਾਰ ਵਿਚ ਜੂਨ 2011 ਵਿੱਚ ਸਹਾਇਕ ਸੰਪਾਦਕ ਦੇ ਅਹੁਦੇ ਦਾ ਕਾਰਜ਼ ਭਾਰ ਸੰਭਾਲ ਲਿਆ। ਡਾ. ਮੇਘਾ ਸਿੰਘ 6 ਸਾਲ ਮਾਰਚ 2017 ਤੱਕ ਸਹਾਇਕ ਸੰਪਾਦਕ ਦੇ ਫਰਜ ਨਿਭਾਉਂਦੇ ਰਹੇ। ਉਹ ਅਖ਼ਬਾਰ ਦੇ ਸੰਪਾਦਕੀ ਪੰਨੇ ਦਾ ਕੰਮ ਵੇਖਦੇ ਸਨ। ਅਖ਼ਬਾਰ ਲਈ ਜਿਤਨੇ ਵੀ ਲੇਖ ਆਉਂਦੇ ਸਨ, ਸਾਰਿਆਂ ਨੂੰ ਪੜ੍ਹਕੇ ਉਨ੍ਹਾਂ ਵਿਚੋਂ ਚੋਣ ਕਰਕੇ ਅਖ਼ਬਾਰ ਵਿੱਚ ਲਗਾਉਣੇ ਹੁੰਦੇ ਸਨ। ਇਹ ਕੰਮ ਬਹੁਤ ਮਿਹਨਤ ਅਤੇ ਜੋਖ਼ਮ ਵਾਲਾ ਹੁੰਦਾ ਹੈ ਕਿਉਂਕਿ ਇਸ ਪੰਨੇ ਤੋਂ ਅਖ਼ਬਾਰ ਦੀ ਨੀਤੀ ਦਾ ਪਤਾ ਲੱਗਦਾ ਹੈ। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਕੰਮ ਅਖ਼ਬਾਰ ਲਈ ਹਰ ਰੋਜ਼ ਸੰਪਾਦਕੀ ਲਿਖਣਾ ਹੁੰਦਾ ਹੈ। ਚਲੰਤ ਮਸਲਿਆਂ ਬਾਰੇ ਭਰਪੂਰ ਜਾਣਕਾਰੀ ਤੋਂ ਬਿਨਾ ਸੰਪਾਦਕੀ ਨਹੀਂ ਲਿਖੀ ਜਾ ਸਕਦੀ। ਇਸ ਮੰਤਵ ਦੀ ਪੂਰਤੀ ਲਈ ਪੜ੍ਹਨਾ ਬਹੁਤ ਪੈਂਦਾ ਹੈ ਤਾਂ ਹੀ ਤੁਸੀਂ ਸੰਪਾਦਕੀ ਧੜੱਲੇ ਨਾਲ ਲਿਖ ਸਕਦੇ ਹੋ। ਡਾ. ਮੇਘਾ ਸਿੰਘ ਨੇ ਇਨ੍ਹਾਂ 6 ਸਾਲਾਂ ਵਿਚ ਲਗਪਗ 1700 ਸੰਪਾਦਕੀਆਂ ਲਿਖੀਆਂ। ਵਿਭਾਗ ਵਿੱਚ ਨੌਕਰੀ ਤਾਂ ਤਨਦੇਹੀ ਨਾਲ ਕੀਤੀ ਪ੍ਰੰਤੂ ਨਿਰਪੱਖ ਪੱਤਰਕਾਰੀ ਕਰਨ ਦੀ ਇੱਛਾ ਵੀ ਉਨ੍ਹਾਂ ਦੀ ਪੂਰੀ ਹੋ ਗਈ।

ਡਾ. ਮੇਘਾ ਸਿੰਘ ਨੇ ਇਕ ਸਾਹਿਤਕਾਰ ਹੋਣ ਦੇ ਨਾਤੇ 8 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਉਨ੍ਹਾਂ ਵਿੱਚ ਅਹਿਸਾਸ ਦੇ ਰੰਗ ਕਾਵਿ ਸੰਗ੍ਰਹਿ ਅਗਸਤ 1999, ਬਾਲ ਉਡਾਰੀ ਕਾਵਿ ਸੰਗ੍ਰਹਿ ਦਸੰਬਰ 2000, ਪੰਜਾਬੀ ਪੱਤਰਕਾਰੀ ਦਾ ਇਤਿਹਾਸ ਜੁਲਾਈ 2000, ਪੰਜਾਬੀ ਪੱਤਰਕਾਰੀ ਦੇ ਸਾਹਿਤਕ ਸਰੋਕਾਰ ਤੇ ਸੀਮਾਵਾਂ 2003, ਪੰਜਾਬੀ ਪੱਤਰਕਾਰੀ ਅਤੇ ਪੁਸਤਕ ਰਿਵਿਊਕਾਰੀ 2019, ਚਿੱਟ ਕਪੜੀਏ ਅਪਰਾਧ 2019  ਵਿਧਾਨਿਕ ਕਾਨੂੰਨਾਂ ਦੀ ਵਿਆਖਿਆ ਅਤੇ ਵਕਤ ਦੇ ਸਫ਼ੇ ‘ਤੇ ਭਾਗ ਪਹਿਲਾ ਅਤੇ ਦੂਜਾ ਸ਼ਾਮਲ ਹਨ। ਦਰਦ ਕਿਸਾਨੀ ਦਾ ਇਨ੍ਹਾਂ ਦੀਆਂ ਖੇਤੀਬਾੜੀ ਦੇ ਸੰਕਟ ਬਾਰੇ ਲਿਖੀਆਂ ਸੰਪਾਦਕੀਆਂ ਨੂੰ ਪੁਸਤਕ ਰੂਪ ਵਿੱਚ ਬਲਦੇਵ ਸਿੰਘ ਸੰਧੂ ਨੇ ਸੰਪਾਦਤ ਕੀਤੀ ਹੈ।

ਡਾ. ਮੇਘਾ ਸਿੰਘ ਦਾ ਜਨਮ 30 ਮਾਰਚ 1957 ਨੂੰ ਸੰਗਰੂਰ ਜਿਲ੍ਹੇ ਦੇ ਦਾਨਗੜ੍ਹ ਪਿੰਡ ਵਿਚ ਹੋਇਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਧਨੌਲਾ ਤੋਂ ਪ੍ਰਾਪਤ ਕੀਤੀ। ਉਨ੍ਹਾਂ ਬੀ ਏ ਐਸ ਡੀ ਕਾਲਜ ਬਰਨਾਲਾ ਤੋਂ ਪਾਸ ਕਰਨ ਤੋਂ ਬਾਅਦ ਐਮ. ਏ. ਪੰਜਾਬੀ ਆਨਰਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਡਾ. ਮੇਘਾ ਸਿੰਘ ਭਾਵੇਂ ਸਰਕਾਰੀ ਅਧਿਆਪਕ ਲੱਗ ਗਏ ਸਨ ਪ੍ਰੰਤੂ ਉਨ੍ਹਾਂ ਦੇ ਮਨ ਵਿੱਚ ਪੱਤਰਕਾਰਤਾ ਕਰਨ ਦੀ ਇੱਛਾ ਸੀ, ਇਸ ਕਰਕੇ ਉਨ੍ਹਾਂ ਪੱਤਰਕਾਰਤਾ ਨਾਲ ਸੰਬੰਧਤ ਮਾਸਟਰ ਆਫ਼ ਮਾਸ ਕਮਿਊਨੀਕੇਸ਼ਨ, ਜੀ ਜੇ ਯੂਨੀਵਰਸਿਟੀ ਹਿਸਾਰ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਜਰਨਿਲਿਜ਼ਮ ਜੈਪੁਰ ਯੂਨੀਵਰਸਿਟੀ ਅਤੇ ਪੀ ਐਚ ਡੀ ਇਨ ਪੰਜਾਬੀ ਲਿਟਰੇਚਰ ਐਂਡ ਜਰਨਿਲਿਜ਼ਮ ਵਿਸ਼ੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਉਹ ਵਿਦਿਆਰਥੀ ਲਹਿਰਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਆਰਥਿਕ ਮਜ਼ਬੂਰੀਆਂ, ਯੋਗ ਅਗਵਾਈ ਅਤੇ ਸ਼ਹਿਰਾਂ ਦੇ ਵਿਦਿਆਰਥੀਆਂ ਵਰਗੀਆਂ ਸਹੂਲਤਾਂ ਨਾ ਮਿਲਣ ਕਰਕੇ ਉਹ ਪਛੜ ਜਾਂਦੇ ਹਨ। ਡਾ. ਮੇਘਾ ਸਿੰਘ ਦੇ ਜੀਵਨ ਤੋਂ ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿਸ ਵਿਦਿਆਰਥੀ ਵਿੱਚ ਨਿਸਚਤ ਕੀਤੇ ਨਿਸ਼ਾਨੇ ‘ਤੇ ਪਹੁੰਚਣ ਦੀ ਪ੍ਰਤੀਬੱਧਤਾ ਹੋਵੇ, ਉਸਦੇ ਰਾਹ ਭਾਵੇਂ ਕਿਤਨੀਆਂ ਵੀ ਔਕੜਾਂ ਰਸਤਾ ਰੋਕਣ ਦੀ ਕੋਸ਼ਿਸ਼ ਕਰਨ ਉਹ ਹਰ ਹਾਲਾਤ ਵਿੱਚ ਸਫਲਤਾ ਦੀ ਪੌੜੀ ਚੜ੍ਹਦੇ ਹਨ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

***
(ਪਹਿਲੀ ਵਾਰ ਛਪਿਆ 16 ਸਤੰਬਰ 2021)
***
366

***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ