18 September 2024

ਪ੍ਰੇਰਨਾਦਾਇਕ ਲੇਖ: ਅਸੀਂ ਇਕ ਦੂਜੇ ਲਈ ਬਣੇ ਹਾਂ—ਗੁਰਸ਼ਰਨ ਸਿੰਘ ਕੁਮਾਰ

ਅਪਨੇ ਲਿਏ ਜੀਏ ਤੋ ਕਿਆ ਜੀਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਿਏ।

ਗੁਰਸ਼ਰਨ ਸਿੰਘ ਕੁਮਾਰ
    ਗੁਰਸ਼ਰਨ ਸਿੰਘ ਕੁਮਾਰ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲ੍ਹਾ ਰਹਿਣ ਲਈ ਨਹੀਂ ਬਣਿਆ। ਪ੍ਰਮਾਤਮਾ ਨੇ ਇਸੇ ਲਈ ਨਰ ਅਤੇ ਮਾਦਾ ਬਣਾਏ ਹਨ ਤਾਂ ਕਿ ਦੋਹਾਂ ਨੁੰ ਇਕ ਦੂਜੇ ਦੇ ਸਹਿਯੋਗ ਦੀ ਲੋੜ ਪੈਂਦੀ ਰਹੇ ਅਤੇ ਸਰਿਸ਼ਟੀ ਅੱਗੇ ਚਲਦੀ ਰਹੇ। ਇਕੱਲਾ ਨਰ ਜਾਂ ਮਾਦਾ ਦੂਜੇ ਦੇ ਸਹਿਯੋਗ ਤੋਂ ਬਿਣਾ ਸ੍ਰਿਸ਼ਟੀ ਨੂੰ ਅੱਗੇ ਨਹੀਂ ਤੋਰ ਸਕਦਾ। ਆਪਣੇ ਲਈ ਕੰਮ ਤਾਂ ਸਾਰੇ ਹੀ ਕਰਦੇ ਹਨ ਪਰ ਇਨਸਾਨ ਉਹ ਹੀ ਹੈ ਜੋ ਦੂਜੇ ਦੇ ਕੰਮ ਆਵੇ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਕਈ ਲੋਕ ਤਾਂ ਇੰਨੇ ਰਹਿਮ ਦਿਲ ਹੁੰਦੇ ਹਨ ਕਿ ਉਹ ਪਸ਼ੂ ਪੰਛੀਆਂ ਦੇ ਸੁੱਖ ਦਾ ਵੀ ਖਿਆਲ ਰੱਖਦੇ ਹਨ। ਉਹ ਲਵਾਰਿਸ ਗਊਆਂ ਨੂੰ ਪੱਠੇ ਪਾਉਂਦੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰਦੇ ਹਨ। ਉਹ ਤਾਂ ਮਾਸ ਆਂਡਾ ਖਾਣ ਤੋਂ ਵੀ ਪ੍ਰਹੇਜ ਕਰਦੇ ਹਨ। ਉਹ ਐਸਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਮਨੁੱਖਤਾ ਵਿਚ ਨਫ਼ਰਤ ਫੈਲੇ ਜਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚੇ। ਉਹ ਜੀਓ ਅਤੇ ਜੀਣ ਦਿਓ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਹਨ।

ਇਕੱਲ੍ਹੇ ਮਨੁੱਖ ਦੀ ਖ਼ੁਸ਼ੀ ਵੀ ਕੋਈ ਖ਼ੁਸ਼ੀ ਨਹੀਂ ਹੁੰਦੀ। ਖ਼ੁਸ਼ੀ ਨੂੰ ਤਾਂ ਸਾਰਿਆਂ ਨਾਲ ਰਲ ਕੇ ਹੀ ਮਨਾਇਆ ਜਾਂਦਾ ਹੈ। ਕਹਿੰਦੇ ਹਨ ਕਿ ਇਕੱਲ੍ਹਾ ਤਾਂ ਰੁੱਖ ਵੀ ਨਾ ਹੋਵੇ। ਇਕੱਲ੍ਹੇ ਰਹਿਣ ਵਾਲੇ ਬੰਦੇ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਆਪਣੇ ਚੰਗੇ ਦਿਨਾਂ ਵਿਚ ਉਹ ਕਿਸੇ ਦਾ ਸਾਥ ਨਹੀਂ ਦਿੰਦਾ। ਇਸੇ ਲਈ ਉਸ ਦੇ ਅੰਤ ਸਮੇਂ ਦੂਜਾ ਕੋਈ ਉਸ ਦੇ ਨੇੜੇ ਨਹੀਂ ਆਉਂਦਾ। ਉਸ ਦੇ ਸਰੀਰ ਦੇ ਸਾਰੇ ਅੰਗ ਕਮਜੋਰ ਪੈ ਜਾਂਦੇ ਹਨ ਅਤੇ ਯਾਦਾਸ਼ਤ ਘਟ ਜਾਂਦੀ ਹੈ। ਫਿਰ ਉਸ ਲਈ ਹਰ ਕੰਮ ਮੁਸ਼ਕਲ ਭਰਿਆ ਹੀ ਹੁੰਦਾ ਹੈ। ਇਸੇ ਤਰ੍ਹਾਂ ਵਿਹਲੇ ਰਹਿਣ ਵਿਚ ਵੀ ਕੋਈ ਸ਼ਾਨ ਨਹੀਂ। ਵਿਹਲਾ ਰਹਿਣ ਵਾਲਾ ਮਨੁੱਖ ਸਮਾਜ, ਦੇਸ਼ ਅਤੇ ਪਰਿਵਾਰ ਤੇ ਬੋਝ ਹੀ ਹੁੰਦਾ ਹੈ। ਉਸ ਨੂੰ ਵੀ ਜਲਦੀ ਹੀ ਘੁਣ ਦੀ ਤਰ੍ਹਾਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਕ ਦਿਨ ਜਰਜਰ ਹੋ ਕੇ ਉਸ ਦਾ ਸਰੀਰ ਖਤਮ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਉਸਾਰੂ ਕੰਮ ਕਰਦੇ ਰਹਿਣਾ ਚਾਹੀਦਾ ਹੈ। ਜਦ ਬੰਦਾ ਕਿਸੇ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਦਾ ਸਾਥ ਅਤੇ ਸਹਿਯੋਗ ਮਿਲਦਾ ਹੈ ਜਿਸ ਨਾਲ ਉਸ ਦਾ ਵਿਹਲਾਪਣ ਅਤੇ ਇਕੱਲ੍ਹਾਪਣ ਦੂਰ ਹੁੰਦਾ ਹੈ। ਉਹ ਤੰਦਰੁਸਤ ਰਹਿੰਦਾ ਹੈ ਅਤੇ ਜ਼ਿੰਦਗੀ ਵਿਚ ਉਸ ਦੀ ਦਿਲਚਸਪੀ ਬਣੀ ਰਹਿੰਦੀ ਹੈ।

ਜੇ ਇਹ ਦੇਖਣਾ ਹੋਵੇ ਕਿ ਕਿਸੇ ਦੇਸ਼ ਨੇ ਕਿੰਨੀ ਉੱਨਤੀ ਕੀਤੀ ਹੈ ਅਤੇ ਉਹ ਕਿੰਨਾ ਖ਼ੁਸ਼ਹਾਲ ਹੋਇਆ ਹੈ ਤਾਂ ਇਹ ਨਹੀਂ ਦੇਖਣਾ ਚਾਹੀਦਾ ਕਿ ਉੱਥੇ ਕਿੰਨੇ ਕਰੋੜਪਤੀ ਹਨ ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਉੱਥੇ ਸਭ ਤੋਂ ਸਧਾਰਨ ਮਨੁੱਖਾਂ ਦਾ ਸਤੱਰ ਕਿੰਨਾ ਉੱਚਾ ਉਠਿਆ ਹੈ। ਅਫਸੋਸ! ਭਾਰਤ ਵਿਚ ਹਾਲੀ ਵੀ ਸਵੇਰੇ ਸਵੇਰੇ ਕੂੜੇ ਦੇ ਢੇਰ ਵਿਚੋਂ ਛੋਟੇ ਛੋਟੇ ਬੱਚੇ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਢਾਬਿਆਂ ਤੇ ਅਤੇ ਇੱਟਾਂ ਦੇ ਭੱਠਿਆਂ ਤੇ ਮਾਸੂਮ ਬੱਚੇ ਬਾਲ ਮਜ਼ਦੂਰੀ ਲਈ ਮਜ਼ਬੂਰ ਹਨ। ਔਰਤਾਂ ਅੱਧਕੱਜੇ ਸਰੀਰਾਂ ਨਾਲ ਮਜ਼ਦੂਰੀ ਕਰ ਰਹੀਆਂ ਹਨ। ਲੱਖਾਂ ਲੋਕੀ ਬਿਨਾ ਛੱਤ ਤੋਂ ਵਰਾਂਡਿਆਂ ਵਿਚ ਅਤੇ ਬਿਨਾ ਛੱਤ ਤੋਂ ਪੁੱਲਾਂ ਹੇਠਾਂ ਰਾਤਾਂ ਕੱਟ ਰਹੇ ਹਨ। ਕਹਿੰਦੇ ਹਨ ਕਿ ਬਹੁਤ ਹੀ ਜਲਦੀ ਭਾਰਤ ਮੰਗਲ ਗ੍ਰਹਿ ’ਤੇ ਪੈਰ ਧਰਨ ਵਾਲਾ ਹੈ ਪਰ ਕੀ ਭਾਰਤ ਦੀ ਧਰਤੀ ਤੇ ਲੋਕਾਂ ਦੀ ਜ਼ਿੰਦਗੀ ਵਿਚ ਮੰਗਲ ਹੈ ਕਿ ਨਹੀਂ? ਸਰਕਾਰ ਨੂੰ ਗ਼ਰੀਬ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਲਈ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਹ ਵੀ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਹਨ। ਸਾਡਾ ਵੀ ਇਨ੍ਹਾਂ ਪ੍ਰਤੀ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦੀ ਬਾਂਹ ਫੜੀਏ ਅਤੇ ਇਨ੍ਹਾਂ ਬੁੱਝਦੇ ਹੋਏ ਚਿਰਾਗਾਂ ਨੂੰ ਜਗਮਗਾ ਕੇ ਸਮਾਜ ਦਾ ਨਰੋਇਆ ਅੰਗ ਬਣਾਈਏ।

ਬੰਦਾ ਜਿੰਨਾ ਮਰਜੀ ਅਮੀਰ ਕਿਉਂ ਨਾ ਹੋ ਜਾਏ ਉਹ ਆਪਣਾ ਦੁੱਖ ਵੇਚ ਨਹੀਂ ਸਕਦਾ ਅਤੇ ਸੁੱਖ ਖਰੀਦ ਨਹੀਂ ਸਕਦਾ। ਦੁੱਖ ਤਾਂ ਉਸ ਨੂੰ ਆਪਣੇ ਸਰੀਰ ਅਤੇ ਆਤਮਾ ’ਤੇ ਹੀ ਝੱਲਣਾ ਪੈਂਦਾ ਹੈ। ਦਾਨ ਹਮੇਸ਼ਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਦੂਸਰੇ ਨੂੰ ਚੰਗਾ ਕੰਮ ਕਹਿਣ ਤੋਂ ਪਹਿਲਾਂ, ਪਹਿਲ ਆਪਣੇ ਘਰ ਤੋਂ ਹੀ ਸ਼ੁਰੂ ਕਰੋ। ਕਈ ਲੋਕ ਘਰ ਦੇ ਬਜ਼ੁਰਗਾਂ ਨੂੰ ਰੋਟੀ ਨਹੀਂ ਪੁੱਛਦੇ ਪਰ ਆਪ ਗੁਰਦਵਾਰੇ ਲੰਗਰ ਦੀ ਸੇਵਾ ਕਰਨ ਤੁਰ ਪੈਂਦੇ ਹਨ। ਅਜਿਹੀ ਸੇਵਾ ਦਾ ਕੋਈ ਲਾਭ ਨਹੀਂ, ਕੇਵਲ ਦਿਖਾਵਾ ਹੀ ਹੈ।

ਜੇ ਤੁਸੀਂ ਕਾਫੀ ਸਾਰਾ ਧਨ ਇਕੱਠਾ ਕਰ ਲਿਆ ਹੈ ਜਾਂ ਕਿਸੇ ਉੱਚੇ ਅਹੁਦੇ ਤੇ ਪਹੁੰਚ ਗਏ ਹੋ ਤਾਂ ਕਦੀ ਇਹ ਨਾ ਸੋਚੋ ਕਿ ਹੁਣ ਤੁਸੀਂ ਸਰਵ ਗੁਣ ਸੰਪਨ ਹੋ ਗਏ ਹੋ ਅਤੇ ਹੁਣ ਤੁਹਾਨੂੰ ਕਿਸੇ ਦੀ ਲੋੜ ਨਹੀਂ। ਇਸ ਲਈ ਹੁਣ ਤੁਹਾਨੂੰ ਦੂਜੇ ਲੋਕਾਂ ਨਾਲ ਮਿਲਣਾ ਗਿਲਣਾ, ਬੋਲਣਾ ਚਾਲਣਾ ਅਤੇ ਵਰਤਣਾ ਛੱਡ ਦੇਣਾ ਚਾਹੀਦਾ ਹੈ। ਨਾ ਹੀ ਜਵਾਨੀ ਦੇ ਗ਼ਰੂਰ ਵਿਚ ਇਹ ਸੋਚੋ ਕਿ ਤੁਸੀਂ ਕਦੀ ਬੁੱਢੇ ਹੀ ਨਹੀਂ ਹੋਣਾ ਜਾਂ ਹੁਣ ਤੁਹਾਡੇ ਤੇ ਕੋਈ ਮਾੜਾ ਸਮਾਂ ਨਹੀਂ ਆਵੇਗਾ। ਇਕੱਲ੍ਹੇ ਅਤੇ ਵਿਹਲੇ ਰਹਿਣਾ ਸਭ ਤੋਂ ਵੱਡਾ ਔਗੁਣ ਹੈ। ਸੰਸਾਰ ਵਿਚ ਕੋਈ ਵੀ ਮਨੁੱਖ ਸਰਵਗੁਣ ਸੰਪਨ ਨਹੀਂ ਹੁੰਦਾ। ਇਸ ਲਈ ਸਾਨੂੰ ਜਿੰਦਗੀ ਵਿਚ ਇਕ ਦੂਜੇ ਦੀ ਲੋੜ ਪੈਂਦੀ ਹੀ ਰਹਿੰਦੀ ਹੈ। ਜੇ ਕੋਈ ਮਨੁੱਖ ਖ਼ੁਸ਼ਹਾਲ ਹੈ ਪਰ ੳੇੁਸ ਦੇ ਆਸ ਪਾਸ ਦੇ ਸਾਥੀਆਂ ਵਿਚ ਕੋਈ ਸੋਗ ਵਰਤਿਆ ਹੋਇਆ ਹੈ ਤਾਂ ਅਜਿਹੇ ਮਨੁੱਖ ਦੀ ਖ਼ੁਸ਼ੀ ਕੋਈ ਮਾਇਨੇ ਨਹੀਂ ਰੱਖਦੀ। ਇਸ ਨੂੰ ਕਹਿੰਦੇ ਹਨ ਕਿ-‘ਰੋਮ ਜਲ ਰਿਹਾ ਅਤੇ ਨੀਰੂ ਬੰਸਰੀ ਵਜਾ ਰਿਹਾ ਸੀ।’

ਮਨ ਵਿਚ ਕਦੀ ਇਹ ਖਿਆਲ ਨਹੀਂ ਕਰਨਾ ਚਾਹੀਦਾ ਕਿ ਮੇਰੇ ਕੋਲ ਕੁਝ ਵੀ ਨਹੀਂ। ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦਾ। ਮਦਦ ਕੇਵਲ ਰੁਪਏ ਪੈਸੇ ਨਾਲ ਹੀ ਨਹੀਂ ਹੁੰਦੀ। ਤੁਸੀਂ ਕਿਸੇ ਦੁਖੀ ਦੀ ਹੱਥੀਂ ਸੇਵਾ ਕਰ ਕੇ ਵੀ ਉਸ ਦਾ ਦੁੱਖ ਦੂਰ ਕਰ ਸਕਦੇ ਹੋ। ਕਿਸੇ ਨੂੰ ਸ਼ੁੱਭ ਅਸੀਸ ਵੀ ਦੇ ਸਕਦੇ ਹੋ। ਤੁਹਾਡੇ ਪ੍ਰੇਰਨਾ ਦੇ ਕਹੇ ਹੋਏ ਸ਼ਬਦ ਕਿਸੇ ਦੀ ਜ਼ਿੰਦਗੀ ਸਵਾਰ ਸਕਦੇ ਹਨ। ਆਪਣੇ ਆਪ ਨੂੰ ਕਦੀ ਗ਼ਰੀਬ, ਕਮਜੋਰ, ਨਿਮਾਣਾ ਅਤੇ ਨਿਤਾਣਾ ਨਾ ਸਮਝੋ। ਹੋ ਸਕਦਾ ਹੈ ਜੋ ਕੁਝ ਅੱਜ ਤੁਹਾਡੇ ਕੋਲ ਹੈ, ਕਈ ਲੋਕ ਉਸ ਨੂੰ ਵੀ ਤਰਸਦੇ ਹੋਣ। ਹਮੇਸ਼ਾਂ ਆਪਣੇ ਤੋਂ ਥੱਲੇ ਵਾਲੇ ਵੱਲ ਦੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਗ਼ਰੀਬ, ਕਮਜੋਰ ਅਤੇ ਬਿਮਾਰ ਲੋਕਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਉਹ ਤੁਹਾਡੀ ਹਮਦਰਦੀ ਅਤੇ ਪਿਅਰ ਦੇ ਪਾਤਰ ਹਨ। ਇਸੇ ਲਈ ਕਹਿੰਦੇ ਹਨ:-‘ਨਾ ਪਦ ਬੜਾ, ਨਾ ਕਦ ਬੜਾ। ਮੁਸੀਬਤ ਮੇਂ ਜੋ ਸਾਥ ਦੇ ਵੋਹ ਸਭ ਸੇ ਬੜਾ।

ਅਸੀਂ ਇਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਹੀ ਆਪ ਉੱਪਰ ਉੱਠ ਸਕਦੇ ਹਾਂ। ਜੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਸਾਡਾ ਭਲਾ ਵੀ ਆਪਣੇ ਆਪ ਹੀ ਹੋ ਜਾਂਦਾ ਹੈ। ਇਕ ਦੂਜੇ ਦੇ ਸਹਿਯੋਗ ਨਾਲ ਮੁਸ਼ਕਲ ਕੰਮ ਵੀ ਆਸਾਨ ਹੋ ਜਾਂਦੇ ਹਨ ਅਤੇ ਅਸੰਭਵ ਕੰਮ ਵੀ ਸੰਭਵ ਬਣ ਜਾਂਦੇ ਹਨ।ਕੁਦਰਤ ਦੀ ਕੋਈ ਵੀ ਚੀਜ ਕੇਵਲ ਆਪਣੇ ਲਈ ਹੀ ਨਹੀਂ ਜਿਉਂਦੀ। ਸੂਰਜ ਕੇਵਲ ਆਪਣੇ ਲਈ ਹੀ ਰੋਸ਼ਨੀ ਨਹੀਂ ਦਿੰਦਾ। ਦਰਿਆ ਕਦੀ ਆਪਣਾ ਪਾਣੀ ਆਪ ਨਹੀਂ ਪੀਂਦੇ। ਫ਼ੁੱਲ ਵੀ ਆਪਣੀ ਖ਼ੁਸ਼ਬੂ ਦੂਜਿਆਂ ਨੂੰ ਹੀ ਵੰਡਦੇ ਹਨ। ਦਰਖ਼ਤ ਕਦੀ ਆਪਣਾ ਫ਼ਲ ਆਪ ਨਹੀਂ ਖਾਦੇ ਅਤੇ ਨਾ ਹੀ ਕਦੀ ਆਪਣੀ ਆਕਸੀਜਨ ਆਪ ਸੋਖਦੇ ਹਨ। ਇਸ ਲਈ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੂਜਿਆਂ ਦਾ ਭਲਾ ਕਰ ਕੇ ਆਪਣੀ ਜ਼ਿੰਦਗੀ ਸਫ਼ਲ ਬਣਾਉਣੀ ਚਾਹੀਦੀ ਹੈ।

ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

ਇਸ ਧਰਤੀ ਤੇ ਸਮੇਂ ਸਮੇਂ ਐਸੇ ਅਵਤਾਰ ਅਤੇ ਰਹਿਨੁਮਾ ਪੈਦਾ ਹੋਏ ਹਨ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੀ ਲਹਿਰ ਸ਼ੁਰੂ ਕੀਤੀ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ ਦੀ ਪ੍ਰਥਾ ਚਲਾਈ ਉਹ ਅੱਜ ਵੀ ਪੰਜ ਸਦੀਆਂ ਤੋਂ ਜਿਆਦਾ ਸਮੇਂ ਤੋਂ ਗ਼ਰੀਬਾਂ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਭੋਜਨ ਕਰਾ ਰਹੀ ਹੈ। ਗੁਰੂ ਹਰਕ੍ਰਿਸ਼ਨ ਜੀ ਨੇ 8 ਸਾਲ ਦੀ ਉਮਰ ਵਿਚ ਦਿੱਲੀ ਵਿਚ ਮਾਤਾ ਦੇ ਰੋਗੀਆਂ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਵੀ ਉਨ੍ਹਾਂ ਦੇ ਨਾਮ ਤੇ ਕਈ ਫਰੀ ਹਸਪਤਾਲ ਪੂਰੇ ਭਾਰਤ ਵਿਚ ਚੱਲ ਰਹੇ ਹਨ। ਭਾਈ ਘਨਈਆ ਜੀ ਨੇ ਸਿੱਖਾਂ ਅਤੇ ਮੁਗਲਾਂ ਦੀ ਜੰਗ ਵਿਚ ਦੁਸ਼ਮਣਾ ਨੂੰ ਬਿਨਾ ਭੇਦ ਭਾਵ ਤੋਂ ਪਾਣੀ ਪਿਲਾ ਕੇ ਅਤੇ ਜ਼ਖਮਾਂ ’ਤੇ ਮਲ੍ਹਮ ਲਾ ਕੇ ਸੇਵਾ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਜਿਸ ਦੇ ਅਧਾਰ ’ਤੇ ਅੱਜ ਦੁਨੀਆਂ ਭਰ ਵਿਚ ਰੈਡ ਕਰਾਸ ਨਾਮ ਦੀ ਸੰਸਥਾ ਚੱਲ ਰਹੀ ਹੈ। ਮਦਰ ਟਰੇਸਾ ਨੇ ਅਨਾਥਾਂ ਅਤੇ ਬੇਸਹਾਰਾ ਅੋਰਤਾਂ ਦੀ ਸੰਸਥਾ ਕਾਇਮ ਕੀਤੀ। ਭਗਤ ਪੂਰਨ ਸਿੰਘ ਨੇ ਅਨਾਥਾਂ ਅਤੇ ਪਿੰਗਲਿਆਂ ਲਈ ਪਿੰਗਲਵਾੜੇ ਦੀ ਸਥਾਪਨਾ ਕੀਤੀ। ਜਿਸ ਨੂੰ ਅੱਜ ਵੀ ਡਾ. ਇੰਦਰਜੀਤ ਕੋਰ ਸਫ਼ਲਤਾ ਪੂਰਕ ਚਲਾ ਰਹੀ ਹੀ। ਜਤਿੰਦਰ ਸਿੰਘ ਸ਼ੰਟੀ ਨੇ ਕੋਵਿਡ-19 ਦੀ ਭਿਆਨਕ ਮਹਾਂਮਾਰੀ ਵਿਚ ਹਜ਼ਾਰਾਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕੀਤਾ ਅਤੇ ਲੱਕੜਾਂ ਦੇ ਲੰਗਰ ਵੀ ਲਾਏ। ਸਰਦਾਰ ਰਵੀ ਸਿੰਘ ਵਲੋਂ ਖਾਲਸਾ ਏਡ ਦੀ ਸੰਸਥਾ ਦੇ ਨਾਮ ਹੇਠ, ਦੁਨੀਆਂ ਦੇ ਜਿਸ ਸਥਾਨ ਤੇ ਵੀ ਕੋਈ ਕੁਦਰਤੀ ਆਫ਼ਤ ਆਈ, ਉੱਥੇ ਸਭ ਤੋਂ ਪਹਿਲਾਂ ਪਹੁੰਚ ਕੇ ਦੁਖੀਆਂ ਲਈ ਭੋਜਨ, ਬਿਸਤਰ, ਬਰਤਨ, ਦਵਾਈਆਂ ਅਤੇ ਮੁੜ ਵਸੇਬੇ ਨਾਲ ਮਦਦ ਕੀਤੀ ਜਾਂਦੀ ਹੈ। ਅੱਜ ਕੱਲ੍ਹ ਗੁਰਪ੍ਰੀਤ ਸਿੰਘ ਲੁਧਿਆਣੇ ਵਿਚ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਨਾਮ ਦੀ ਸੰਸਥਾ ਦੇ ਹੇਠ ਲਵਾਰਿਸ, ਬਿਮਾਰ ਅਤੇ ਮੰਦਬੁੱਧੀ ਲੋਕਾਂ ਦੀ ਸੰਭਾਲ ਕਰ ਕੇ ਮਨੁੱਖਤਾ ਦੀ ਮਹਾਨ ਸੇਵਾ ਕਰ ਰਹੇ ਹਨ। ਉਪਰੋਕਤ ਮਨੁੱਖ ਆਪਣੇ ਆਪ ਵਿਚ ਇਕੱਲੇ ਕਾਰੇ ਨਹੀਂ ਹੁੰਦੇ। ਇਹ ਆਪਣੇ ਆਪ ਵਿਚ ਪੂਰੀ ਸੰਸਥਾ ਦਾ ਕੰਮ ਕਰਦੇ ਹਨ। ਜੋ ਸਦੀਆਂ ਤੱਕ ਮਨੁੱਖਤਾ ਲਈ ਸੇਵਾ ਸੰਭਾਲ ਦੀ ਮਿਸਾਲ ਪੈਦਾ ਕਰਦੇ ਹਨ।

ਦੂਜਿਆਂ ਦੀ ਮਦਦ ਕਿਸੇ ਦਿਖਾਵੇ, ਸਵਾਰਥ, ਅਹਿਸਾਨ ਜਾਂ ਹੰਕਾਰ ਨਾਲ ਨਹੀਂ ਕਰਨੀ ਚਾਹੀਦੀ ਸਗੋਂ ਪਿਆਰ, ਹਮਦਰਦੀ ਅਤੇ ਆਪਣਾ ਇਨਸਾਨੀ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਕਿ ਦੂਜਾ ਆਪਣੇ ਆਪ ਨੂੰ ਛੋਟਾ ਨਾ ਸਮਝੇ। ਜੋ ਦੂਜਿਆਂ ਨੂੰ ਇੱਜਤ ਦਿੰਦਾ ਹੈ ਉਹ ਅਸਲ ਵਿਚ ਖੁਦ ਹੀ ਇੱਜਤਦਾਰ ਹੁੰਦਾ ਹੈ। ਮਨੁੱਖ ਦੂਜੇ ਨੂੰ ਉਹ ਹੀ ਦੇ ਸਕਦਾ ਹੈ ਜੋ ਉਸ ਕੋਲ ਹੁੰਦਾ ਹੈ। ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਕਿਸੇ ਦੀ ਮਦਦ ਲਈ ਉੱਠਿਆ ਹੋਇਆ ਇਕ ਹੱਥ ਅਰਦਾਸ ਲਈ ਉੱਠੇ ਦੋ ਹੱਥਾਂ ਤੋਂ ਜਿਆਦਾ ਮਹੱਤਵ ਰੱਖਦਾ ਹੈ।

ਜੇ ਅੱਜ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਇਹ ਪੱਕੀ ਗੱਲ ਹੈ ਕਿ ਕੱਲ੍ਹ ਨੂੰ ਸਾਡੇ ਮੁਸ਼ਕਲ ਸਮੇਂ ਪ੍ਰਮਾਤਮਾ ਕੋਈ ਦੋ ਹੱਥ ਸਾਡੀ ਮਦਦ ਨੂੰ ਭੇਜ ਹੀ ਦੇਵੇਗਾ। ਕਿਸਮਤ ਦੀ ਬਜਾਏ ਕਰਮ ਥਿਊਰੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕਿਸੇ ਨੇ ਹਿੰਦੀ ਵਿਚ ਖੁਬ ਲਿਖਿਆ ਹੈ:

ਅਪਨੇ ਲਿਏ ਜੀਏ ਤੋ ਕਿਆ ਜੀਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਿਏ।
ਬੁੱਝਤੇ ਦੀਏ ਜਲਾਨੇ ਕੇ ਲਿਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਿਏ।

ਬੇਸ਼ੱਕ ਅਸੀਂ ਸਿਰਫ਼ ਆਪਣੇ ਲਈ ਹੀ ਨਹੀਂ ਬਣੇ ਪਰ ਫਿਰ ਵੀ ਦੂਜੇ ਦਾ ਭਲਾ ਕਰਦਿਆਂ ਸਾਨੂੰ ਆਪਣੇ ਆਪ ਨੂੰ ਭੁੱਲ ਨਹੀਂ ਜਾਣਾ ਚਾਹੀਦਾ। ਆਪਣੇ ਆਪ ਲਈ ਵੀ ਸਾਡੇ ਕੁਝ ਮੁਢਲੇ ਫ਼ਰਜ਼ ਹਨ। ਜੇ ਅਸੀਂ ਤੰਦਰੁਸਤ ਰਹਾਂਗੇ ਤਾਂ ਹੀ ਦੂਜੇ ਦੀ ਸੇਵਾ ਕਰ ਸਕਾਂਗੇ। ਨਸ਼ਿਆਂ ਅਤੇ ਭੈੜੀ ਸੰਗਤ ਤੋਂ ਬਚੋ। ਸੋਹਣੇ ਅਤੇ ਢੁਕਵੇਂ ਕੱਪੜੇ ਪਾ ਕੇ ਆਪਣੀ ਦਿੱਖ ਸੋਹਣੀ ਬਣਾ ਕੇ ਰੱਖੋ। ਚੰਗੀ ਸੰਗਤ ਕਰੋ। ਆਪਣੇ ਹੁਨਰ ਨੂੰ ਤਰਾਸ਼ੋ ਤਾਂ ਕਿ ਤੁਹਾਡੀ ਕਦਰ ਪਵੇ। ਹੱਸਮੁੱਖ ਰਹੋ। ਖ਼ੁਸ਼ੀ ਖ਼ੁਸ਼ੀ ਦੂਸਰੇ ਦੇ ਕੰਮ ਸਵਾਰੋ। ਇਸ ਤਰ੍ਹਾਂ ਤੁਸੀਂ ਦੂਜੇ ਦਾ ਦਿਲ ਜਿੱਤ ਲਉਗੇ।

ਇਹ ਵੀ ਯਾਦ ਰੱਖੋ ਕਿ ਕਿਸੇ ਦੇ ਮਾੜੇ ਦਿਨ ਹਮੇਸ਼ਾਂ ਲਈ ਨਹੀਂ ਰਹਿੰਦੇ। ਅੱਜ ਜੋ ਜ਼ਰੂਰਤਮੰਦ ਹੈ ਉਹ ਕੱਲ੍ਹ ਨੂੰ ਆਪਣੇ ਪੈਰਾਂ ਤੇ ਖੜਾ ਹੋ ਕੇ ਤੁਹਾਡੇ ਬਰਾਬਰ ਵੀ ਹੋ ਸਕਦਾ ਹੈ ਅਤੇ ਤੁਹਨੂੰ ਉਸ ਦੀ ਮਦਦ ਦੀ ਲੋੜ ਵੀ ਪੈ ਸਕਦੀ ਹੈ। ਜੇ ਦੂਜੇ ਦੇ ਦੁੱਖ ਸਮੇਂ ਉਸ ਨੂੰ ਕਿਹਾ ਜਾਏ:- ‘ਘਬਰਾ ਨਾ, ਮੈਂ ਤੇਰੇ ਨਾਲ ਹਾਂ’ ਤਾਂ ਉਸ ਨੂੰ ਬੜੀ ਤਸੱਲੀ ਮਿਲਦੀ ਹੈ ਕਿ ਮੈਂ ਇਸ ਦੁੱਖ ਵਿਚ ਇਕੱਲ੍ਹਾ ਨਹੀਂ। ਮੇਰੇ ਨਾਲ ਮੇਰਾ ਕੋਈ ਹਮਦਰਦ ਹੈ। ਇਸ ਨਾਲ ਉਸ ਦੇ ਦੁੱਖ ਦੀ ਪੀੜਾ ਕੁਝ ਘਟਦੀ ਹੈ। ਜੇ ਤੁਹਾਡੇ ਭਲੇ ਦੇ ਕੀਤੇ ਕੰਮ ਨਾਲ ਕਿਸੇ ਦੁਖੀ ਦੇ ਚਿਹਰੇ ਤੇ ਮੁਸਕਰਾਹਟ ਆ ਸਕੇ ਤਾਂ ਸਮਝੋ ਕਿ ਇਹ ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰੇ ਦੀਆਂ ਅਸੀਸਾਂ ਜ਼ਿੰਦਗੀ ਵਿਚ ਬਹੁਤ ਕੰਮ ਆਉਂਦੀਆਂ ਹਨ।

ਕੋਈ ਬੰਦਾ ਕਦੀ ਆਪਣੇ ਆਪ ਵਿਚ ਪੂਰਾ ਨਹੀਂ ਹੁੰਦਾ। ਜ਼ਿੰਦਗੀ ਵਿਚ ਹਰ ਕਿਸੇ ਨੂੰ ਦੂਜੇ ਦੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਇਹ ਸਾਥ ਇਕ ਦੂਸਰੇ ਦੇ ਸਹਿਯੋਗ ਅਤੇ ਸਦ-ਵਿਉਹਾਰ ਨਾਲ ਹੀ ਮਿਲਦਾ ਹੈ। ਦੂਸਰੇ ਦੇ ਸਾਥ ਤੋਂ ਬਿਨਾ ਅਸੀਂ ਸਾਰੇ ਹੀ ਅਧੂਰੇ ਹਾਂ। ਬਿਨਾ ਕਿਸੇ ਸਾਥ, ਸਹਾਰੇ ਅਤੇ ਸਹਿਯੋਗ ਤੋਂ ਅਸੀਂ ਸਿਫ਼ਰ ਹਾਂ। ਅਸੀਂ ਇਕ ਦੂਜੇ ਲਈ ਹੀ ਬਣੇ ਹਾਂ। ਫੁਲਾਂ ਦੀ ਤਰ੍ਹਾਂ ਸਾਡਾ ਜੀਵਨ ਬਹੁਤ ਛੋਟਾ ਹੈ। ਇਸ ਨੂੰ ਖਤਮ ਹੋਣ ਤੋਂ ਪਹਿਲਾਂ ਕੁਝ ਚੰਗਾ ਕਰ ਜਾਵੋ ਤਾਂ ਕਿ ਲੋਕ ਤੁਹਾਡੇ ਪਿੱਛੋਂ ਵੀ ਤੁਹਾਨੂੰ ਯਾਦ ਕਰਨ। ਜ਼ਿੰਦਗੀ ਲੰਮੀ ਨਹੀਂ ਮਹਾਨ ਹੋਣੀ ਚਾਹੀਦੀ ਹੈ। ਅੱਜ ਦੇ ਨਵੇਂ ਭਾਰਤ ਨੂੰ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਦੂਜਿਆਂ ਦੀ ਮਦਦ ਕਰਨਾ ਜਾਣਦੇ ਹੋਣ।
***
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
975
***

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →