8 December 2024

ਪੰਜ ਗ਼ਜ਼ਲਾਂ – – – ਸੁਧੀਰ ਕੁਮਾਰ

1.ਗ਼ਜ਼ਲ

ਇਸ ਸ਼ਹਿਰ ਵਿੱਚ ਜ਼ਿੰਦਗਾਨੀ ਦੀ ਲੋੜ ਹੈ।
ਘਰਾਂ ‘ਚ ਬੱਚਿਆਂ ਨੂੰ ਕਹਾਣੀ ਦੀ ਲੋੜ ਹੈ।

ਦੋਸਤੀ  ਲਈ  ਥੋੜ੍ਹੀ ਨਾਦਾਨੀ ਦੀ ਲੋੜ ਹੈ,
ਜਿਊਣ ਲਈ ਥੋੜ੍ਹੀ ਬੇਈਮਾਨੀ ਦੀ ਲੋੜ ਹੈ।

ਮੇਰੀ  ਬੇਹਤਰੀ  ਲਈ ਨਾ  ਉਪਦੇਸ਼ ਦਿਓ,
ਰਹਿਣ ਦਿਓ ਜੀ ਮਿਹਰਬਾਨੀ ਦੀ ਲੋੜ ਹੈ।

ਸੀਨੇ ਅੰਦਰ ਸਜਾ ਕੇ ਕੀ ਕਰਨੇ ਤੂੰ ਗਿਲੇ,
ਹੋਠਾਂ ‘ਤੇ ਹਾਸੇ, ਨੈਣਾਂ ‘ਚ ਪਾਣੀ ਦੀ ਲੋੜ ਹੈ।

ਜੁਗਨੂੰ ਤਾਰੇ ਫੜਣ ਦੀ  ਹਸਰਤ ਨਾ ਭੁੱਲ,
ਬੱਚੇ ਜਿਹੀ ਅਭੋਲ ਮਨਮਾਨੀ ਦੀ ਲੋੜ ਹੈ।

ਅਪਣੇ ਹੋਠਾਂ ਤੇ ਨਰਮ ਸ਼ਬਦਾਂ ਨੂੰ ਸਜਾ ਲੈ,
ਤੇਰੀ  ਗੱਲਬਾਤ  ‘ਚ  ਰੁਹਾਨੀ ਦੀ ਲੋੜ ਹੈ।

ਉੱਬਲਦਾ ਖੂਨ ਤੇਰਾ ਤਨ ਮਨ ਜਲਾ ਰਿਹਾ,
ਨਸਾਂ ਚ ਪਾਣੀ ਜਿਹੀ ਰਵਾਨੀ ਦੀ ਲੋੜ ਹੈ।

ਫੁੱਲਾਂ ‘ਚ ਅਪਣੀ ਗ਼ਜ਼ਲ ਰੱਖੀਂ ਤੂੰ ਸੁਧੀਰ,
ਤੇ ਫੁੱਲਾਂ ਵਿੱਚ ਰਾਤ ਦੀ ਰਾਣੀ ਦੀ ਲੋੜ ਹੈ।
**

2. ਗ਼ਜ਼ਲ

ਅਰਮਾਨ ਮੇਰੇ ਦਿਲ ‘ਚ ਧਰੇ ਦੇ ਧਰੇ ਰਹੇ।
ਖ਼ੁਸ਼ੀਆਂ ਦੇ ਸੈਲਾਬ ਮੈਥੋਂ ਪਰੇ ਦੇ ਪਰੇ ਰਹੇ।

ਜ਼ਮਾਨੇ ਦੇ ਛਲ ਕਪਟ ਦਾ ਗ਼ਮ ਨਹੀਂ ਕੋਈ,
ਕੁਝ ਆਸਰੇ ਗਏ ਤਾਂ ਵੀ ਕੁਝ ਆਸਰੇ ਰਹੇ।

ਪਿੰਡ ਛੱਡਣ ਵੇਲੇ ਹੱਸ ਕੇ ਅਲਵਿਦਾ ਕਿਹਾ,
ਕੀ ਕੀਤਾ ਜਾਵੇ ਅੱਖਾਂ ਵਿੱਚ ਹੰਝੂ ਭਰੇ ਰਹੇ।

ਦੁਸ਼ਮਣਾਂ ਨੂੰ ਮਿਲਦਾ ਰਿਹਾ ਦੋਸਤਾਂ ਵਾਂਗ,
ਪਰ ਮੇਰੇ ਸੀਨੇ ਦੇ ਜ਼ਖ਼ਮ ਹਮੇਸ਼ਾ ਹਰੇ ਰਹੇ।

ਮੈਂ ਖ਼ੁਦ ਨੂੰ ਮਿਟਾਉਣ ‘ਚ ਲੱਗਿਆ ਰਿਹਾ,
ਉੱਧਰ ਮੇਰੇ ਦੋਸਤਾਂ ਦੇ ਵੱਧਦੇ ਨਖ਼ਰੇ ਰਹੇ।

ਕੋਈ ਮਿਲਿਆ ਨਾ ਸਕੂਨ ਕਿਸੇ ਵੀ ਕੋਲੋਂ,
ਪਰ ਮੇਰੇ ਖ਼ਿਆਲਾਤ ਉਮੀਦਾਂ ਤੇ ਖਰੇ ਰਹੇ।
**

3. ਗ਼ਜ਼ਲ

ਰੱਬ ਬੰਦਾ ਹੈ ਜਾਂ ਬੰਦਾ ਰੱਬ ਹੈ,ਮੈਂ ਇਹ ਭੇਤ ਨਾ ਜਾਣਾਂ।
ਹਰ ਸ਼ੈਅ ਹੈ ਮਿੱਟੀ ਐਥੇ ਤੇ ਮੈਂ ਮਿੱਟੀ ਪਿਆ ਛਾਣਾਂ।

ਬਿਨ੍ਹਾਂ ਕੁਰਬਾਨੀ ਮੁਹੱਬਤ ਪਰਵਾਨ ਨਹੀਂ ਚੜ੍ਹਦੀ,
ਮੈਂ ਇਸ ਰਾਹ ਦਾ ਵਣਜਾਰਾ ਰੋਜ ਦਿਲ ਨੂੰ ਤਪਾਣਾਂ।

ਮਿਲਦੀ ਕਿਤੇ ਰੌਸ਼ਨੀ ਤਾਂ ਹੁੰਦਾ ਨਾ ਇਹ ਹਾਲ ਇਉਂ,
ਉਲਝੀ ਤਾਣੀ ਹੋਰ ਉਲਝਦੀ ਜਿੰਨੀ ਮੈਂ ਸੁਲਝਾਣਾਂ।

ਅਸਾਂ ਇਸ਼ਕ ਖ਼ਾਤਰ ਆਪਣੀ ਹਸਤੀ ਵੀ ਮਿਟਾ ਛੱਡੀ,
ਉਹ ਦਿਲ ਪਰਚਾ ਕੇ ਆਖ ਰਿਹਾ ਕਿ ਮੈਂ ਹਾਲੇ ਆਜ਼ਮਾਣਾਂ।

ਮੇਰੀ ਦਿਲ ਦੀ ਹੱਟੀ ਵਿੱਚ ਵੈਰਾਗ ਮੁਫ਼ਤ ਮਿਲਦਾ,
ਗਾਹਕ ਨਾ ਆਉਂਦਾ ਕੋਈ ਨਿੱਤ ਰੂਹ ਨਾਲ ਸਜਾਣਾਂ।

ਮੈਂ ਆਪਣਾ ਦੁੱਖ ਦੱਸਾਂ ਤੇ ਦੱਸਾਂ ਵੀ ਕਿਹਨੂੰ ਯਾ ਰੱਬ!
ਦਰੋ ਦੀਵਾਰ ਨੂੰ ਮੈਂ ਦਾਸਤਾਨ ਆਪਣੀ ਰੋ ਰੋ ਸੁਣਾਣਾਂ।

ਨਾ ਕਲਾਮ ਹੀ ਹੋਇਆ ਨਾ ਸੂਰਤ ਹੀ ਦਿਖੀ ਓਸਦੀ,
ਤੇਰੀ ਹਸਤੀ ਬਿਨ ਨਾ ਕੋਈ ਹਕੀਕਤ ਇਹੋ ਮਨ ਸਮਝਾਣਾਂ।
**

4. ਗ਼ਜ਼ਲ

ਫੁੱਲ ਆਖ ਰਹੇ ਹਨ ਹੱਸਣ ਤੇ ਮਹਿਕਣ ਲਈ।
ਪਰ ਪੌਣ ਵੀ ਤਾਂ ਵਗੇ ਫੁੱਲਾਂ ਦੇ ਟਹਿਕਣ ਲਈ।

ਜੀਅ ਕਰਦਾ ਹੈ ਕਿ ਉਸ ਨਾਲ ਗੱਲ ਕੀਤੀ ਜਾਵੇ,
ਪਰ ਉਸ ਕੋਲ ਵਿਹਲ ਵੀ ਤਾਂ ਹੋਵੇ ਸੁਣਨ ਲਈ।

ਸਮੇਂ ਦੇ ਗੇੜ ਵਿੱਚ ਕੁੱਝ ਇਸ ਤਰ੍ਹਾਂ ਗ੍ਰਸਿਆ ਹਾਂ ਮੈਂ,
ਅਲਫਾਜ਼ ਹਨ ਪਰ ਹੱਕ ਵੀ ਤਾਂ ਦੇ ਕੁੱਝ ਬੋਲਣ ਲਈ।

ਸਮੇਂ ਦੇ ਵੇਗ ਨੇ ਕੁਤਰ ਦਿੱਤੀ ਮੇਰੇ ਖ਼ਿਆਲਾਂ ਦੀ ਉਡਾਰੀ,
ਅੰਬਰ ਹੈ ਪਰ ਖੰਭ ਵੀ ਤਾਂ ਚਾਹੀਦੇ ਹਨ ਉੱਡਣ ਲਈ।

ਉਹ ਸਭ ਆਖ ਰਹੇ ਹਨ ਕਿ ਆ ਜਸ਼ਨ ਮਨਾਈਏ,
ਪਰ ਮਨ ‘ਚ ਮਲਾਰ ਵੀ ਤਾਂ ਹੋਵਣ ਨੱਚਣ ਲਈ।

ਦੁਨੀਆਂ ਨੂੰ ਸਮਝਣ ਲਈ ਇਹ ਜਨਮ ਕਾਫ਼ੀ ਨਹੀਂ,
ਪਰ ਕੁੱਝ ਤਾਂ ਸਮਾਂ ਕੱਢ ਤੂੰ ਖ਼ੁਦ ਨੂੰ ਜਾਨਣ ਲਈ।

ਨਜ਼ਰਾਂ ਦਾ ਧੋਖਾ ਹੈ ਬੱਸ ਕਿ ਗੱਲ ਸੱਚ ਤੇ ਹੈ ਖੜ੍ਹੀ,
ਇੱਕ ਨਜ਼ਰੀਆ ਹੀ ਬਹੁਤ ਹੈ ਸੱਚ ਨੂੰ ਪਛਾਣਨ ਲਈ।

ਉਹ ਦੇ ਰਹੇ ਹਨ ਦਸਤਕ ਦਿਲ ਦੇ ਬੂਹੇ ਤੇ ਵਾਰ ਵਾਰ,
ਪਰ ਦਿਲ ਵਿੱਚ ਥਾਂ ਵੀ ਤਾਂ ਹੋਵੇ ਠਹਿਰਣ ਲਈ।

ਉਹ ਵਿਛੜਨ ਲਈ ਸਰਗਰਮ ਹੈ ਤੇ ਚਾਹੁੰਦਾ ਹੈ ਨਿਬੇੜਾ,
ਪਰ ਕੋਈ ਕਾਰਨ ਵੀ ਤਾਂ ਹੋਵੇ ਉਸ ਨਾਲੋਂ ਵਿਛੜਨ ਲਈ।

ਮਰਨਾ ਬੁਜ਼ਦਿਲੀ ਹੈ ਤਾਂ ਫੇਰ ਜਿਉਣ ਦਾ ਮਕਸਦ ਵੀ ਦੇ,
ਵਰਨਾ ਮੈਂ ਸਹਿਮਤ ਨਹੀਂ ਹਾਂ ਅਜਿਹੇ ਜਿਉਣ ਲਈ।
**

5. ਗ਼ਜ਼ਲ 

ਦੁਨੀਆਂ ਜਿੱਤਣ ਨਾਲੋਂ ਖ਼ੁਦ ਤੋਂ ਹਰ ਜਾਵਾਂ ਤਾਂ ਬੇਹਤਰ ਹੈ।
ਬੇਫ਼ਿਕਰ ਹੋ ਕੇ ਇਕ ਸਮਝੋਤਾ ਕਰ ਜਾਵਾਂ ਤਾਂ ਬੇਹਤਰ ਹੈ।

ਆਸਮਾਨ ਦਾ ਗੁਬਾਰ ਪਤਾ ਨਹੀਂ ਕਾਹਦੀ ਗਵਾਹੀ ਹੈ,
ਤਬਾਹੀ ਤੋਂ ਪਹਿਲਾਂ ਅਪਣੇ ਘਰ ਜਾਵਾਂ ਤਾਂ ਬੇਹਤਰ ਹੈ।

ਕੀ ਕਰਾਂ ਅਸਾਡੇ ਅੱਥਰੂ ਅੰਦਰ ਹੀ ਅੰਦਰ ਡਿੱਗਦੇ ਹਨ,
ਕਿਸੇ ਨੈਣੀਂ ਹੰਝੂ ਵੇਖ ਕੇ ਅੱਖਾਂ ਭਰ ਜਾਵਾਂ ਤਾਂ ਬੇਹਤਰ ਹੈ।

ਦੁਨੀਆਂ ਵਿੱਚ ਗੁਆਚ ਜਾਣ ਨਾਲੋਂ ਚੰਗਾ ਹੈ ਕਿ,
ਕਿਸੇ ਸਾਗਰ ਦੇ ਵਿੱਚ ਮੈਂ ਉਤਰ ਜਾਵਾਂ ਤਾਂ ਬੇਹਤਰ ਹੈ।

ਇਸ ਜੱਗ ਵਿੱਚ ਬੰਦਿਆਂ ਤੋਂ ਮੈਨੂੰ ਡਰ ਨਹੀਂ ਲੱਗਦਾ,
ਬਸ ਅਪਣੇ ਹੀ ਅਕਸ ਤੋਂ ਮੈਂ ਡਰ ਜਾਵਾਂ ਤਾਂ ਬੇਹਤਰ ਹੈ।

ਜ਼ਿੰਦਗੀ ਨੇ ਲੜ‌ਨਾ ਸਿਖਾ ਦਿੱਤਾ ਹੈ ਕੁਝ ਇਸ ਤਰ੍ਹਾਂ,
ਸੀਨੇ ਤੇ ਜੇਕਰ ਕੁਝ ਜ਼ਖ਼ਮ ਹੋਰ ਜਰ ਜਾਵਾਂ ਤਾਂ ਬੇਹਤਰ ਹੈ।

ਜੱਗ ਚ ਜਿਉਣ ਲਈ ਕੀ ਕੁਝ ਨਹੀਂ ਕੀਤਾ ਬੰਦੇ ਨੇ,
ਇਸ ਵਹਿੰਦੇ ਦਰਿਆ ਨੂੰ ਮੈਂ ਤਰ ਜਾਵਾਂ ਤਾਂ ਬੇਹਤਰ ਹੈ।
**

ਸੁਧੀਰ ਕੁਮਾਰ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1076
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੁਧੀਰ ਕੁਮਾਰ
ਸਟਾਰ ਕਾਲੋਨੀ,
ਵਾਰਡ ਨੰਬਰ-10
ਸਰਹਿੰਦ-140406
ਜਿਲ੍ਹਾ: ਸ੍ਰੀ ਫ਼ਤਹਿਗੜ੍ਹ ਸਾਹਿਬ
dpcmfgs@gmail.com
+91 9023893158

ਸੁਧੀਰ ਕੁਮਾਰ

ਸੁਧੀਰ ਕੁਮਾਰ ਸਟਾਰ ਕਾਲੋਨੀ, ਵਾਰਡ ਨੰਬਰ-10 ਸਰਹਿੰਦ-140406 ਜਿਲ੍ਹਾ: ਸ੍ਰੀ ਫ਼ਤਹਿਗੜ੍ਹ ਸਾਹਿਬ dpcmfgs@gmail.com +91 9023893158

View all posts by ਸੁਧੀਰ ਕੁਮਾਰ →