26 April 2024

ਪੰਜ ਗ਼ਜ਼ਲਾਂ –✍️ਗੁਰਸ਼ਰਨ ਸਿੰਘ ਅਜੀਬ (ਲੰਡਨ)

ਤੇਰੇ ਜਿਹਾ ਕੋਈ  ਭਗਤ ਨਾ ਜੰਮਣਾ ਭਗਤ ਸਿੰਘ ਸਰਦਾਰਾ॥
(SSx7)
(ਸ਼ਹੀਦੇ-ਆਜ਼ਮ ਸ. ਭਗਤ ਸਿੰਘ ਨੂੰ ਚੇਤੇ ਕਰਦਿਆਂ!)
=========================
੦ ਗ਼ ਜ਼ ਲ-1

ਤੇਰੇ ਜਿਹਾ ਕੋਈ ਭਗਤ ਨਾ ਜੰਮਣਾ ਭਗਤ  ਸਿੰਘ  ਸਰਦਾਰਾ।।
ਆਜ਼ਾਦੀ ਲਈ ਮਰ ਮੁੱਕਿਆ  ਤੂੰ  ਚੁੰਮ   ਫ਼ਾਂਸੀ   ਦਿਲਦਾਰਾ॥

ਕਹਿਣ ਨੂੂੰ ਫੁੱਲ ਕੰਵਲ ਨਿਤ ਕਹਿੰਦੈ ਭਾਰਤ ਮਾਤਾ ਦੀ ਜੈ ਮੁੜ ਮੁੜ,
ਲੇਕਿਨ   ਲੁੱਚੀ  ਧਰਤ   ਹੈ   ਕੀਤੀ   ਲੁਚ-ਮੰਡਲੀ   ਨੇ   ਯਾਰਾ॥

ਲੁੱਚੇ     ਲੋਕ     ਸਦਨ    ਵਿਚ    ਬੈਠੇ    ਲੁੱਚੇ    ਕੰਮ    ਕਰੇਂਦੇ,
ਲੁੁੱਚਿਆਂ ਦੀ ਸਰਕਾਰ  ਨੇ ਮੱਲਿਆ  ਅਜਕਲ  ਸਦਨ-ਦੁਆਰਾ॥ 

ਲੁੱਚ-ਪੁਣੇ   ਬਿਨ   ਕੰਮ   ਨਾ   ਹੁੰਦੇ   ਗੰਗਾ   ਸਾਫ਼    ਕਰਾਵਣ,
ਜੋਗੀ    ਮੋਦੀ    ਸ਼ਾਹਾਂ    ਦਾ    ਹੈ    ਵਜਦੈ    ਖ਼ੂਬ    ਨਗ਼ਾਰਾ॥

ਕਿਰਸਾਨ   ਪਏ   ਸਭ    ਭੁੱਖੇ  ਮਰਦੇ  ਅੰਨ   ਉਗਾਵਣ   ਵਾਲੇ,
ਕਾਲੇ    ਕਾਨੂੰਨਾਂ     ਨੇ     ਕੀਤੈ    ਭਾਰਤ    ਅਨ-ਉਜਿਆਰਾ॥

ਜੈ ਹਿੰਦ ! ਜੈ ਹਿੰਦ !! ਕਰਦੇ ਰਹਿ  ਗਏ  ਗਣਤੰਤਰ ਪਰ ਮੋਇਐ,
‘ਗੁਰਸ਼ਰਨ ਅਜੀਬਾ’  ਬਣ  ਗਿਆ ਕੀ  ਭਾਰਤ  ਵਰਸ਼ ਹਮਾਰਾ॥

ਕਾਸ਼   ਕਿ   ਨਾਨਕ    ਰਾਮ  ਮੁਹੰਮਦ  ਮੁੜ  ਏਥੇ   ਆ  ਜਾਵਣ,
ਕਰ  ਦੇਵਣ  ਜੋ   ਯਾਰ   ‘ਅਜੀਬਾ’  ਦੇਸ਼   ਦਾ   ਪਾਰ-ਉਤਾਰਾ॥

23.03.2021
**

ਖੋਇਆ  ਖੋਇਆ  ਹਰਿਕ  ਪਰਾਣੀ   ਲਗਦਾ ਏ॥
(SSx5+S)

੦ ਗ਼ ਜ਼ ਲ-2

ਖੋਇਆ  ਖੋਇਆ  ਹਰਿਕ  ਪਰਾਣੀ   ਲਗਦਾ    ਏ॥
ਤੁਰਦੀ   ਫਿਰਦੀ    ਜਿੰਦ   ਨਿਮਾਣੀ   ਲਗਦਾ   ਏ॥

ਵਿੱਚ     ਕਰੋਨੇ    ਜੀਣਾ   ਮੁਸ਼ਕਲ     ਹੋਇਆ   ਹੈ,
ਬੰਦਾ   ਅਪਣੀ   ਦਰਦ    ਕਹਾਣੀ    ਲਗਦਾ    ਏ॥

ਬੀਤ  ਗਿਆ  ਜੋ  ਜੀਵਨ   ਅੱਖ   ਦੇ  ਝਪਕੇ   ਵਿਚ,
ਜੀਵਨ   ਦੀ  ਇਕ   ਯਾਦ  ਪੁਰਾਣੀ   ਲਗਦਾ   ਏ॥

ਕਰਕੇ   ਕ਼ੌਲ   ਕਰਾਰ    ਤੇ  ਮੁੜ   ਕੇ   ਭੁੱਲ   ਜਾਣਾ,
ਚੰਗੀ   ਨਾ  ਇਹ    ਬਾਤ   ਸਿਆਣੀ   ਲਗਦਾ   ਏ॥

ਖੁਭ    ਜਾਵਾਂ   ਜਦ  ਲੀਨ  ਗ਼ਜ਼ਲ  ਵਿਚ  ਹੋ  ਜਾਵਾਂ,
ਬਿਨ   ਖਾਧੇ   ਫਿਰ  ਰਾਤ   ਬਿਤਾਣੀ   ਲਗਦਾ   ਏ॥

ਇਕਨਾਂ   ਨੂੰ    ਦੇ    ਦੇਨੈਂ    ਲੱਖ   ਤੇ    ਸਾਨੂੰ   ਕੱਖ,
ਸਿਸਟਮ  ਤੇਰਾ   ਵੰਡ   ਇਹ   ਕਾਣੀ   ਲਗਦਾ   ਏ॥

ਸ਼ਖ਼ਸ   ਜੋ    ਹੱੱਸੇ    ਗ਼ੁਰਬਤ   ਕਿਰਤੀ   ਕਾਮੇ    ‘ਤੇ,
ਲੁੁਚ-ਮੰਡਲੀ   ਦੀ   ਬਿਖਰੀ   ਢਾਣੀ   ਲਗਦਾ   ਏ॥

ਕਰਦੈ    ਜੋ      ਮਜ਼ਦੂਰੀ      ਬੱਚੇ     ਪਾਲਣ     ਨੂੰ,
ਮੇਰੇ   ਵਰਗੀ     ਜਿੰਦ-ਨਿਮਾਣੀ      ਲਗਦਾ     ਏ॥

ਤੇਰੇ    ‘ਤੋਂ    ਕੁਰਬਾਨ   ਮਿਰੀ    ਜਿੰਦ    ਕਿਰਸਾਨਾ,
ਤੇਰਾ    ਜੁੱਸਾ     ਰੰਬਾ      ਸਾਣੀ     ਲੱਗਦਾ      ਏ॥

‘ਅਜੀਬ’ ਰਚੇ ਜੋ ਨਵ-ਗ਼ਜ਼ਲਾਂ  ਰਹਿ  ਪਿੰਗਲ  ਵਿਚ,
 ਮੈਨੂੰ    ਮੀਤ   ਉਹ   ਮੇਰਾ   ਹਾਣੀ    ਲਗਦਾ    ਏ॥

16.03.2021
***

ਖ਼ਾਰਾਂ ਦੇ ਗੁਲਸ਼ਨ ਵਿਚ ਅਸੀਂ ਬਾਗ਼ ਲਗਾ ਦਿੱਤੇ॥
(SSx6+S)

੦ ਗ਼ ਜ਼ ਲ-3

ਖ਼ਾਰਾਂ ਦੇ  ਗੁਲਸ਼ਨ ਵਿੱਚ ਅਸੀਂ  ਬਾਗ਼  ਲਗਾ  ਦਿੱਤੇ॥
ਕਿੱਲਵਾੜੀ    ਧਰਤੀ   ‘ਤੇ    ਫੁੁੱਲ-ਬੂਟੇ   ਲਾ    ਦਿੱਤੇ॥

ਸੜਕਾਂ   ‘ਤੇ   ਵਾਸਾ   ਹੈ   ਅਜ   ਅੰਨ-ਉਗਾਤੇ    ਦਾ,
ਤੰਬੂਆਂ ਵਿਚ ਦਿੱਲੀ  ਹੁਣ ਜਿਸ  ਸੁਰਗ  ਵਸਾ ਦਿੱਤੇ॥

ਸਰਦੀ   ਤਾਂ   ਕੱਟ   ਲਈ   ਗਰਮੀ   ਸੰਗ   ਜੂਝੇਗਾ,
ਕੱਚੇ   ਉਸ    ਢਾਰੇ    ਜੋ   ਮਜ਼ਬੂਤ    ਬਣਾ    ਦਿੱਤੇ॥

ਤੇਰੇ  ‘ਤੇ   ਨਿਰਭਰ    ਹੈ   ਕੀ   ਕਰਨੈਂ   ਹਾਕਮ   ਤੂੰ,
ਕਿਰਸਾਨ ਨੇ  ਮੰਗਾਂ  ਦੇ ਹਨ  ਬਿਗ਼ਲ  ਵਜਾ  ਦਿੱਤੇ॥

ਜਿਸ   ਵਿੱਚ  ਭਲਾਈ  ਨਾ   ਹੈ  ਜਮਾ  ਕਿਸਾਨਾਂ  ਦੀ,
ਗਲ   ਫਾਹੇ    ਗ਼ੁਰਬਤ  ਦੇ  ਤੂੰ   ਸਾਡੇ   ਪਾ   ਦਿੱਤੇ॥ 

ਤੂੰ  ਭਾਵੇਂ  ਅਜ  ਕਰ  ਲੈ, ਕਰ  ਕੱਲ੍ਹ  ਜਾਂ  ਪਰਸੋਂ  ਨੂੰ,
ਲੈ   ਕਾਲੇ   ਵਾਪਸ    ਜੋ   ਕਾਨੂੰਨ    ਬਣਾ   ਦਿੱਤੇ॥

ਸੀ ਮੰਗ  ਕਿਸਾਨਾਂ  ਦੀ  ਹੁਣ  ਹੋਈ ਹਰ  ਇੱਕ  ਦੀ,
ਤੇਰੇ  ਜ਼ੁਲਮ  ਤਸ਼ੱਦਦ  ਨੇ  ਸਭ  ਲੋਕ ਜਗਾ  ਦਿੱਤੇ॥

ਜੋ  ਲੋਕੀਂ  ਚਾਹੁੰਦੇ  ਨਾ  ਉਹ   ਹੋ  ਹੀ  ਸਕਣਾ  ਨਾ,
ਇਸ  ਕਰਕੇ ਚਾਲੇ   ਨੇ  ਉਨ੍ਹਾਂ  ਦਿੱਲੀ  ਪਾ  ਦਿੱਤੇ॥

‘ਗੁਰਸ਼ਰਨ’  ਕਹੇ  ਤੈਨੂੰ  ਗੱਲ  ਮੰਨ  ਲੈ ਹਾਕਮ  ਤੂੰ,
ਕਰ   ਰੱਦ   ਜੋ  ਰੱਦੀ  ਤੂੰ  ਕਾਨੂੰਨ  ਚਲਾ   ਦਿੱਤੇ॥
15.03.2021
***
੦ ਗ਼ਜ਼ਲ-4
(SSI+SISSx2)

ਜਾਮੇ-ਗ਼ਜ਼ਲ  ਪਿਲਾ ਦੇ  ‘ਗੁਰਸ਼ਰਨ’  ਲੋਕਤਾ  ਨੂੰ।
ਲਿਖਿਆ ਜੋ ਸਭ  ਸੁਣਾ ਦੇ ‘ਗੁਰਸ਼ਰਨ’ ਲੋਕਤਾ ਨੂੰ।

ਤੇਰੀ ਗ਼ਜ਼ਲ ‘ਚੋਂ ਮਿਲਦੈ ਸੱਚ ਤੋਂ ਸਿਵਾਏ  ਕੁਝ  ਨਾ,
ਸੱਚ-ਪੱਲੜਾ   ਫੜਾ   ਦੇ  ‘ਗੁਰਸ਼ਰਨ’  ਲੋਕਤਾ  ਨੂੰ।

ਲੋਕਾਂ   ਦੇ   ਦੁੱਖ    ਮੇਰੇ   ਮੇਰੇ   ਨੇ   ਸਿਰਫ਼   ਮੇਰੇ,
ਸੰਦੇਸ਼   ਇਹ  ਪੁਚਾ   ਦੇ ‘ਗੁਰਸ਼ਰਨ’  ਲੋਕਤਾ  ਨੂੰ।

ਦਾਰੋ-ਮਦਾਰ   ਜਗ   ਦਾ  ਚਲਦੈ   ਨਿਹੁੰ  ਸਹਾਰੇ,
ਪੈਗ਼ਾਮ ਇਹ  ਪੜ੍ਹਾ  ਦੇ  ‘ਗੁਰਸ਼ਰਨ’  ਲੋਕਤਾ  ਨੂੰ।

“ਬੰਦੇ  ਦਾ  ਦਾਰੂ  ਬੰਦਾ”  ਨੁਸਖ਼ਾ   ਬੜਾ  ਪੁਰਾਣਾ,
ਸ਼ੁਧ ਅਰਕ ਇਹ ਪਿਲਾ ਦੇ ‘ਗੁਰਸ਼ਰਨ’ ਲੋਕਤਾ ਨੂੰ।

ਲੁੱਟੀ  ਜੋ  ਜਾ   ਰਹੀ  ਹੈ   ਲੋਕਾਂ  ਦੀ   ਪੱਤ  ਪੂੰਜੀ,
ਉਸ ਤੋਂ ਬਚਾ ! ਬਚਾ  ਦੇ  ‘ਗੁਰਸ਼ਰਨ’  ਲੋਕਤਾ ਨੂੰ।

ਮੰਦਰ  ‘ਚ   ਨਾ    ਮਸੀਤੇ   ਬੈਠੈ   ਤੁਹਾਡੇ  ਅੰਦਰ,
ਰਬ ਜਾਂ ਖ਼ੁਦਾ ਮਿਲਾ  ਦੇ  ‘ਗੁਰਸ਼ਰਨ’  ਲੋਕਤਾ  ਨੂੰ।

ਸੱਚ ਤੋਂ ਸਿਵਾ ਨਾ ਕੁਝ ਵੀ ਪ੍ਰਚਾਰਦਾਂ ਗ਼ਜ਼ਲ ਵਿੱਚ,
ਸ਼ੀਸ਼ਾ-ਏ-ਦਿਲ  ਵਿਖਾ ਦੇ ‘ਗੁਰਸ਼ਰਨ’  ਲੋਕਤਾ ਨੂੰ।

ਮਫ਼ਊਲ   ਫ਼ਾਇਲਾਤੁਨ   ਮਫ਼ਊਲ   ਫ਼ਾਇਲਾਤੁਨ,
ਦੀ ਕਹਿ ਗ਼ਜ਼ਲ ਰਟਾ ਦੇ ‘ਗੁਰਸ਼ਰਨ’ ਲੋਕਤਾ  ਨੂੰ।

ਰੰਗੇ-ਗ਼ਜ਼ਲ  ਨਾ   ਫ਼ਿੱਕਾ  ਸ਼ਾਲਾ  ਪਵੇ   ਕਦੇ  ਭੀ,
ਰੰਗ ਲਾਲ ਪੱਗ ਰੰਗਾ ਦੇ ‘ਗੁਰਸ਼ਰਨ’  ਲੋਕਤਾ ਨੂੰ।

ਕਹਿਣੀ ਗ਼ਜ਼ਲ ‘ਅਜੀਬਾ’ ਆਸਾਨ ਹੈ ਨਾ ਕਾਰਜ,
ਖ਼ੁਦ ਸਿੱਖ !  ਵੀ ਸਿਖਾ ਦੇ ‘ਗੁਰਸ਼ਰਨ’ ਲੋਕਤਾ ਨੂੰ।

 ***
ਮੀਤ ਮਿਰਾ ਦਿਲਦਾਰ ਗ਼ਜ਼ਲ ਹੈ
(SSx4)

੦ ਗ਼ ਜ਼ ਲ-5

ਮੀਤ  ਮਿਰਾ  ਦਿਲਦਾਰ  ਗ਼ਜ਼ਲ ਹੈ॥
ਇਸ਼ਕ  ਇਬਾਦਤ ਯਾਰ  ਗ਼ਜ਼ਲ ਹੈ॥

ਹਰ  ਮਹਿਫ਼ਲ ਦੀ  ਜ਼ੀਨਤ  ਹੈ ਇਹ,
ਪਰੇਮ-ਮੁਹੱਬਤ ਪਿਆਰ ਗ਼ਜ਼ਲ ਹੈ॥

ਘਰ ਘਰ ਵਿਚ ਹੈ ਪਿਆਰੀ  ਜਾਂਦੀ,
ਹੁਸਨਾਂ  ਦੀ ਸਰਕਾਰ   ਗ਼ਜ਼ਲ  ਹੈ॥

ਪੰਜਾਬੀ    ਹੁਣ  ਪੜ  ਗਈ   ਇਹ,
ਪੰਜਾਬਣ   ਮੁਟਿਆਰ  ਗ਼ਜ਼ਲ  ਹੈ॥

ਨਾਲ   ਨਜ਼ਾਕਤ    ਪੈਲਾਂ   ਪਾਉਦੀ,
ਟੁਰਦੀ   ਪੱਬਾਂ   ਭਾਰ  ਗ਼ਜ਼ਲ   ਹੈ॥

ਨੈਣਾਂ    ਰਾਹੀਂ    ਤੀਰ    ਚਲਾਉਂਦੀ,
ਕਾਤਲ  ਸ਼ੋਖ਼  ਕਟਾਰ  ਗ਼ਜ਼ਲ   ਹੈ॥

ਦਰਦ-ਕਹਾਣੀ    ਲੋਕਾਂ    ਦੀ   ਵੀ,
ਹੱਕਾਂ   ਦੀ  ਤਲਵਾਰ   ਗ਼ਜ਼ਲ  ਹੈ॥

ਖੜ ਜਾਵੇ ਜਦ  ਥੰਮ  ਇਹ ਬਣ ਕੇ,
ਜ਼ਾਲਮ ਲਈ ਲਲਕਾਰ ਗ਼ਜ਼ਲ ਹੈ॥

ਰੱਬ  ਕਰੇ  ਇਹ   ਜੁਗ-ਜੁਗ  ਜੀਵੇ,
ਸੋਚ   ਜੋ  ਪੂਜਣਹਾਰ  ਗ਼ਜ਼ਲ   ਹੈ॥

ਮੇਰੇ   ਦਿਲ    ਨੂੰ   ਯਾਰੋ   ਭਾਉਂਦੀ,
ਮੇਰੀ  ਸੋਚ-ਵਿਚਾਰ   ਗ਼ਜ਼ਲ   ਹੈ॥

ਜੋ   ਜੋ  ਸੋਚਾਂ   ਇਸ  ਵਿਚ  ਆਖਾਂ,
ਜਜ਼ਬਾਤ ਮਿਰੇ ਕਿਰਦਾਰ ਗ਼ਜ਼ਲ ਹੈ॥

ਔਰਤ    ਦੀ    ਪ੍ਰਤੀਕ    ਵੀ    ਏਹੋ,
ਪੂਰਨ   ਹਾਰ-ਸ਼ਿੰਗਾਰ  ਗ਼ਜ਼ਲ  ਹੈ॥

ਘਰ   ਘਰ  ਦੇ  ਵਿਚ  ਪੁੱਜੀ  ਯਾਰੋ,
ਇਕ ਅਦਬੀ ਅਖ਼ਬਾਰ  ਗ਼ਜ਼ਲ ਹੈ॥

ਸਭ   ਵਿਧੀਆਂ  ਤੋਂ   ਸੋਹਣੀ  ਮਿੱਠੀ,
ਗੱਚਕ-ਲੱਚਕਦਾਰ   ਗ਼ਜ਼ਲ    ਹੈ॥

ਪਤਨੀ   ਬੱਚਿਆਂ   ‘ਤੇ   ਮੈਂ   ਆਖੀ,
ਮੇਰਾ   ਘਰ-ਪਰਵਾਰ   ਗ਼ਜ਼ਲ  ਹੈ॥

ਹਰ   ਥਾਂ  ਇਹ  ਸਤਿਕਾਰੀ   ਜਾਂਦੀ,
“ਪਦਮਸ਼੍ਰੀ”  ਸਤਿਕਾਰ  ਗ਼ਜ਼ਲ  ਹੈ॥

ਏਸ  ਬਿਨਾਂ   ਮੇਰਾ  ਜੀਣਾ  ਮੁਸ਼ਕਲ,
‘ਗੁਰਸ਼ਰਨਾ’   ਸੰਸਾਰ   ਗ਼ਜ਼ਲ  ਹੈ॥

ਯਾਰ  ‘ਅਜੀਬਾ’  ਸਭ  ਦੀ   ਚਾਹਤ,
ਮਹਿਕਾਂ ਦਾ ਗੁਲਜ਼ਾਰ  ਗ਼ਜ਼ਲ  ਹੈ॥

ਕਾਵਿ-ਵਿੱਧ     ‘ਅਜੀਬਾ’     ਸੁੰਦਰ,
ਤੋਲ-ਤੁਕਾਂਤ   ਵਿਚਾਰ  ਗ਼ਜ਼ਲ  ਹੈ॥

ਯਾਰ  `ਅਜੀਬਾ´  ਤੇਰਾ   ਸਿਮਰਨ,
ਭਗਤੀ   ਪੂੂਜਣਹਾਰ   ਗ਼ਜ਼ਲ  ਹੈ॥

(11.02.2021)

***
124
*** 

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →