28 March 2024

ਹਾਜ਼ਰ ਨੇ ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਸੱਤ ਗ਼ਜ਼ਲਾਂ

ਕਹਾਂ ਤੈਨੂੰ ਕਲੀ ਕੋਮਲ ਜਾਂ ਤੈਨੂੰ ਨਾਜ਼ਨੀਂ ਆਖਾਂ
(ISSSx4)

੦ ਗ਼ਜ਼ਲ 1

ਕਹਾਂ ਤੈਨੂੰ ਕਲੀ ਕੋਮਲ ਜਾਂ ਤੈਨੂੰ •ਨਾਜ਼ਨੀਂ ਆਖਾਂ॥
ਮੈਂ ਤੈਨੂੰ ਰੂਪ ਦੀ ਮਲਕਾ ਸਨਮ ਜੌਹਰੇ-ਜਬੀਂ ਆਖਾਂ॥

ਲਵੇਂ ਤੂੰ ਕੀਲ ਦਿਲ ਮੇਰਾ ਜਿਵੇਂ ਕੋਈ ਸੱਪਣੀ ਕੀਲੇ,
ਮੈਂ ਤੈਨੂੰ ਕੀਲਣੀ-ਸੱਪਣੀ ਜਾਂ ਡੱਸਣੀ-ਨਾਗਨੀਂ ਆਖਾਂ॥

ਕਿਆਮਤ ਨੇ ਤਿਰੇ ਨਖ਼ਰੇ ਤਿਰੇ ਸ਼ਿਕਵੇ ਗਿਲੇ-ਗੁੱਸੇ,
ਜੋ ਢਾਂਦੇ ਜ਼ੁਲਮ ਮੇਰੇ ‘ਤੇ ਇਨਾਂ ਨੂੰ ਜ਼ਾਲਮੀਂ ਆਖਾਂ॥

ਤਿਰੇ ‘ਤੇ ਦਿਲ ਫ਼ਿਦਾ ਮੇਰੈ, ਮਿਰੇ ਹਮਦਮ ਮਿਰੇ ਮਹਿਰਮ,
ਮੈਂ ਤੈਨੂੰ ਆਪਣੀ ਉਲਫ਼ਤ ਸਨਮ ਜਾਂ ਹਮ-ਨਸ਼ੀਂ ਆਖਾਂ॥

ਕਹਾਂ ਤੈਨੂੰ ਮੈਂ ਸੀਤਲ ਲਹਿਰ ਜਾਂ ਮੌਸਮ ਦੀ ਬਦਲੋਟੀ,
ਜੋ ਦੇਵੇ ਪਾ ਦਿਲੀਂ ਠੰਡਕ ਉਹ ਸਾਵਣ ਦੀ ਕਣੀਂ ਆਖਾਂ॥

ਤਿਰੇ ਵਰਗਾ ਕਰੋੜਾਂ ‘ਚੋਂ ਕੋਈ ਇਕ ਅਧ ਹੀ ਮਿਲਦੈ,
ਮੈਂ ਤੈਨੂੰ ਕੀਮਤੀ ਹੀਰਾ ਨਗ਼ੀਨਾ ਜਾਂ ਮਣੀਂ ਆਖਾਂ॥

ਮੇਰੇ ਖ਼ਾਬਾਂ ‘ਚ ਤੂੰ ਸ਼ਾਮਲ ਮਿਰੇ ਸ਼ਿਅਰਾਂ ‘ਚ ਤੂੰ ਸ਼ਾਮਲ,
ਮੈਂ ਤੈਨੂੰ ਆਪਣੀ ਕਵਿਤਾ ਗ਼ਜ਼ਲ ਜਾਂ ਰਾਗਨੀਂ ਆਖਾ॥

ਕਹਾਂ ਜਾਂ ਨਾ ਕਹਾਂ ਤੈਨੂੰ ਗੁਲੇ ਗੁਲਜ਼ਾਰ ਐ ਹਮਦਮ,
ਮੈਂ ਤੈਨੂੰ ਆਪਣੀ ਬੇਗਮ ਜਾਂ ਮਲਕਾ ਲਾਜ਼ਮੀਂ ਆਖਾਂ॥

ਲਵੇ ਕਰ ਚੁਪ-ਚੁਪੀਤੇ ਜੋ ਸਦਾ ‘ਗੁਰਸ਼ਰਨ’ ਨੂੰ ਕਾਬੂ,
ਮੈਂ ਤੈਨੂੰ ਉਹ ਹਸੀਂ ਸੂਰਤ ਮੁਹੱਬਤ-ਮੀਸਣੀਂ ਆਖਾਂ॥

ਨਾਜ਼ਨੀਂ : ਨਜ਼ਾਕਤ ਵਾਲੀ

21.08.2021

*
ਅਦਾਵਾਂ ਤੇਰੀਆਂ ਨਖ਼ਰੇ ਅਜੇ ਤਕ ਯਾਦ ਨੇ ਮੈਨੂੰ॥
(ISSSX4)

੦ ਗ਼ ਜ਼ ਲ 2

ਅਦਾਵਾਂ ਤੇਰੀਆਂ ਨਖ਼ਰੇ ਅਜੇ ਤਕ ਯਾਦ ਨੇ ਮੈਨੂੰ॥
ਪਲੇਠੇ ਪਲ ਜੋ ਰਲ ਬੀਤੇ ਅਜੇ ਤਕ ਯਾਦ ਨੇ ਮੈਨੂੰ॥

ਅਜੇ ਤਕ ਯਾਦ ਹੈ ਮੈਨੂੰ ਤਿਰਾ ਬੋਸਾ ਪਲੇਠਾ ਵੀ,
ਜਦੋਂ ਲ਼ਬ ਸਨ ਤਿਰੇ ਥਰਕੇ ਅਜੇ ਤਕ ਯਾਦ ਨੇ ਮੈਨੂੰ॥

ਨਹੀਂ ਭੁਲਣਾ ਤਿਰਾ ਤੁਰਣਾ ਮਟਕ ਦੇ ਨਾਲ ਐ ਹਮਦਮ,
ਤਿਰੇ ਕੰਨੀਂ ਪਏ ਝੁਮਕੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ‘ਤੇ ਦੋ ਜਹਾਂ ਦਾ ਹੁਸਨ ਛਾਇਆ ਸੀ ਮਿਰੇ ਮਹਿਰਮ,
ਭਰੇ ਜੋ ਹੁਸਨ ਦੇ ਮਟਕੇ ਅਜੇ ਤਕ ਯਾਦ ਨੇ ਮੈਨੂੰ॥

ਗੁਲਾਬੀ ਸੂਟ ਪਹਿਨੀਂ ਜਦ ਤੂੰ ਪਹਿਲੀ ਵਾਰ ਆਈ ਸੈਂ,
ਚਮਕਦੇ ਘੁੰਡ ਦੇ ਗੋਟੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ਹੱਥਾਂ ‘ਤੇ ਉਕਰੇ ਫੁੱਲ ਹਿਨਾਵੀ ਭੁਲ ਕਿਵੇਂ ਸਕਦਾਂ,
ਤਿਰੇ ਮੁਖ ‘ਤੇ ਸਜੇ ਤਾਰੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ਨੈਣਾਂ ਸ਼ਰਾਬੀ ਤਕ ਸੀ ਮੈਂ ਮਦਹੋਸ਼ ਹੋ ਜਾਂਦਾ,
ਬੜੇ ਦਿਲਕਸ਼ ਤਿਰੇ ਜਲਵੇ ਅਜੇ ਤਕ ਯਾਦ ਨੇ ਮੈਨੂੰ॥

ਅਜੇ ਤਕ ਮੈਂ ਨਹੀਂ ਭੁੱਲਿਆ ਕਲੀ ਕਸ਼ਮੀਰ ਦੀਏ ਨੀ,
ਜੋ ਕੀਤੇ ਸਨ  ਤੈਨੂੰ  ਸਜਦੇ ਅਜੇ ਤਕ ਯਾਦ ਨੇ ਮੈਨੂੰ॥

ਗੁਲਾਬੀ ਤੇਰਿਆਂ ਹੋਠਾਂ ਦੀ ਕਿੱਦਾਂ ਮੁਸਕਣੀ ਭੁੱਲਾਂ,
ਇਨ੍ਹਾਂ ‘ਚੋਂ ਫੁੱਟਦੇ ਨਗ਼ਮੇ ਅਜੇ ਤਕ ਯਾਦ ਨੇ ਮੈਨੂੰ॥

ਕਿਵੇਂ ‘ਗੁਰਸ਼ਰਨ’ ਭੁਲ ਸਕਦਾ ਹੈ ਤੇਰੀ ਪਾਕ ਉਲ਼ਫ਼ਤ ਨੂੰ,
ਤਿਰੇ ਵਾਦੇ ਤਿਰੇ  ਸ਼ਿਕਵੇ ਅਜੇ ਤਕ ਯਾਦ ਨੇ ਮੈਨੂੰ॥

20.08.2021
*

ਗ਼ਮਜ਼ਦਾ ਨਾ ਹੋ ਕਲਾ ਚੜ੍ਹਦੀ ‘ਚ ਰਹਿ
(SISS. SISS. SIS)

੦ ਗ਼ਜ਼ਲ 3
ਗ਼ਮਜ਼ਦਾ   ਨਾ  ਹੋ   ਕਲਾ  ਚੜ੍ਹਦੀ  ‘ਚ   ਰਹਿ॥

ਸੰਗ   ਤੂਫ਼ਾਨਾਂ   ਦੇ   ਲੜ   ਨਿਤ   ਖ਼ੂਬ  ਖਹਿ॥

ਜ਼ਿੰਦਗੀ    ਜੱਦੋਜਹਿਦ!       ਫੁਲ-ਸੇਜ      ਨਾ,
ਏਸ   ਵਿਚ  ਹੋ   ਲੀਨ  ਇਸ  ਦੇ  ਵਿੱਚ  ਲਹਿ॥

ਠਾਣ    ਲੈ    ਝੁਕਣਾ    ਨਹੀਂ    ਵਿਕਣਾ   ਨਹੀਂ,
“ਜ਼ੁਲਮ ਸੰਗ ਲੜਣੈਂ” ਲੈ ਕਰ ਦਿਲ ਵਿੱਚ ਤਹਿ॥

ਪ੍ਰੇਮ   ਕਰ   ਸਭ   ਨਾਲ   ਕਰ   ਨਾ   ਨਫ਼ਰਤਾਂ,
ਪਿਆਰ ਦੀ  ਬੇੜੀ ‘ਚ  ਰਲ  ਸਭ  ਸੰਗ  ਬਹਿ॥

ਸਿਰ  ‘ਤੇ   ਪਰਬਤ   ਟੁਟ  ਪਵੇ   ਵੀ  ਨਾ  ਡਰੀਂ,
ਔਕੜਾਂ   ਨੂੰ   ਮੋਢਿਆਂ    ‘ਤੇ   ਚਾ   ਕੇ   ਸਹਿ॥

ਰਾਤ    ਨਾ   ਪਰਭਾਤ   ਤਕ,  ਕਰ   ਹਰ   ਸਮੇਂ,
ਸਿਰਜਣਾ  ਗ਼ਜ਼ਲਾਂ ਦੀ  ਨਿਤ ਕਰਦਾ ਹੀ ਰਹਿ॥

ਚਲ    ਜਿਵੇਂ    ਤੇਰਾ    ਕਰੇ    ਦਿਲ     ਦੋਸਤਾ,
ਪਰ   ਕਦੇ  ਢੇਰੀ   ਨਾ   ਢਾ  ਕੇ  ਯਾਰ  ਬਹਿ॥

ਬੈਠ    ਕੇ    ਐਂਵੇਂ    ਤਾਂ    ਰੋਣਾ   ਠੀਕ    ਨਈਂ,
ਨਿਤ ਗ਼ਜ਼ਲ ਉਮਦਾ ਜਿਹੀ ‘ਗੁਰਸ਼ਰਨ’ ਕਹਿ॥

ਲੁਤਫ਼   ਜੇ    ਲੈਣਾ    ‘ਅਜੀਬਾ’    ਜੀਣ    ਦਾ,
ਵਿਚ ਰਜ਼ਾ  ਮੌਲ਼ਾ  ਦੀ  ਦੇ  ਦਿਨ  ਰਾਤ  ਰਹਿ॥

15.08.2021

*

ਸੀਤਲ ਪਵਨ ਪੁਰੇ ਦੀ ਵਗਦੀ ਭਾਰੀ ਬਾਰਿਸ਼ ਹੋਵੇ!
(SSx7)

੦ ਗ਼ ਜ਼ ਲ 4

ਸੀਤਲ ਪਵਨ ਪੁਰੇ  ਦੀ ਵਗਦੀ ਭਾਰੀ  ਬਾਰਿਸ਼  ਹੋਵੇ!
ਮਹਿਲੀਂ  ਪੱਕਣ  ਖੀਰਾਂ  ਪੂੜੇ  ਝੁੱਗੀਆਂ ਦੀ  ਛਤ ਚੋਵੇ!

ਰਾਮ   ਸਹਾਰੇ  ਕਾਮੇ  ਕਿਰਤੀ  ਜੀਂਦੇ   ਦੇਸ਼  ਦੇ ਅੰਦਰ,
ਕਿਰਸਾਨ ਅਸਾਡਾ ਬਹਿ ਕੇ ਧਰਨੀਂ ਰਾਮ-ਰਾਜ ਨੂੰ ਰੋਵੇ!

ਬਾਪ ਪੜ੍ਹਾਇਆ ਪੁੱਤ ਕਿ ਬਣਸੀ ਉਸ ਦਾ ਕੱਲ੍ਹ ਸਹਾਰਾ॥
ਵਿੱਚ ਬੁਢਾਪੇ ਪੁੱਤ  ਨਾ ਛਿਣ ਵੀ  ਬਾਪ ਦੇ  ਕੋਲ  ਖਲੋਵੇ!

ਦੀਦ ਤਿਰੀ ਦਾ ਅਭਿਲਾਸ਼ੀ ਸਤਿਕਾਰ ਤਿਰੇ ਦੀ ਖ਼ਾਤਰ,
ਰਾਤ  ਦਿਨੇ  ਚਿਤ ਮੇਰਾ ਤੇਰੇ  ਗਲ਼ ਲਈ ਹਾਰ  ਪਰੋਵੇ!

ਫ਼ੈਸ਼ਨ ਦੀ ਦੁਨੀਆ  ਦੇ ਅੰਦਰ ਨਵਾਂ ਮੋੜ ਹੈ ਆਇਆ,
ਪਾਟੀ ਜੀਨ ਤੇ ਮੈਲੀ ਕੁੜਤੀ ਹਰ ਮਹਿਫ਼ਲ ਵਿਚ ਸੋਵ੍ਹੇ॥                                                                                                    

ਭਰ  ਭਰ  ਪਾਣੀ  ਤੇਰਾ ਆਪਾਂ  ਸਾਰੀ  ਉਮਰ  ਗੁਜ਼ਾਰੀ,
‘ਗੁਰਸ਼ਰਨ’ ਅਜੇ ਤਕ ਪ੍ਰੇਮ ਦੀ ਖ਼ਾਤਰ ਤੇਰਾ ਪਾਣੀ ਢੋਵੇ!
*

ਹਿਜਰਤ ਗ਼ਜ਼ਲ ਦੀ ਕਰ ਰਿਹਾਂ ਦਿਲ ਜਾਨ ਤੋਂ
(SSISx3)

੦ ਗ਼ ਜ਼ ਲ 5

ਹਿਜਰਤ ਗ਼ਜ਼ਲ ਦੀ ਕਰ ਰਿਹਾਂ ਦਿਲ ਜਾਨ ਤੋਂ॥
ਜਜ਼ਬਾਤ ਇਸ ਵਿਚ ਭਰ ਰਿਹਾਂ ਦਿਲ ਜਾਨ ਤੋਂ॥

ਮੌਲ਼ਾ  ਮਿਰੇ   ਨੇ   ਬਖ਼ਸ਼ਿਆ  ਇਹ   ਕਾਜ  ਜੋ,
ਖ਼ਾਤਰ ਗ਼ਜ਼ਲ ਜੀ ਮਰ  ਰਿਹਾਂ ਦਿਲ  ਜਾਨ ਤੋਂ॥

ਗ਼ਜ਼ਲਾਂ  ਸਦਾ  ਕਹਿੰਦਾ  ਰਹਾਂ ਹਰ ਹਾਲ ਵਿਚ,
ਸਾਗਰ-ਗ਼ਜ਼ਲ ਦਾ  ਤਰ ਰਿਹਾਂ ਦਿਲ ਜਾਨ ਤੋਂ॥

ਇਸ਼ਕ     ਮੈਨੂੰ    ਦੋਸਤੋ    ਇਸ    ਨਾਲ    ਹੈ,
ਪਾਣੀ ਗ਼ਜ਼ਲ  ਦਾ  ਭਰ  ਰਿਹਾਂ ਦਿਲ ਜਾਨ ਤੋਂ॥ 

ਸਿਮਰਨ  ਮਿਰਾ   ਇਹ  ਬੰਦਗੀ  ਪੂਜਾ  ਮਿਰੀ,
ਨਿਤ ਪਹਿਰ  ਅੱਠੇ ਕਰ  ਰਿਹਾਂ ਦਿਲ ਜਾਨ ਤੋਂ॥

ਕਰਦੇ  ਰਹੇ  ਫ਼ੁਸ   ਫ਼ੁਸ  ਨੇ ਨਿਤ  ਭਾਵੇਂ ਸਨਮ,
ਫਿਰ ਵੀ ਗ਼ਜ਼ਲ ਸ਼ਾਇਰ ਰਿਹਾਂ ਦਿਲ ਜਾਨ ਤੋਂ॥

ਦਰਸ਼ਨ   ਜਦੋਂ   ਹੋਏ  ਤਿਰੇ   ਦਿਨ   ਓਸ   ਤੋਂ,
ਬੈਠਾ   ਮੈਂ   ਤੇਰੇ  ਦਰ  ਰਿਹਾਂ  ਦਿਲ  ਜਾਨ  ਤੋਂ॥

ਮੁਸ਼ਕਲ   ਬੜੀ   ਕੱਟਣੀ  ਜੁਦਾਈ   ਆਪ  ਦੀ,
ਜ਼ੁਲਮੋਂ-ਸਿਤਮ ਨਿਤ ਜਰ ਰਿਹਾਂ ਦਿਲ ਜਾਨ ਤੋਂ॥

ਦਰਸ਼ਨ ਦਿਓ  ‘ਗੁਰਸ਼ਰਨ’ ਨੂੰ  ਮੁਰਸ਼ਦ ਮਿਰੇ,
ਹਾਂ ਯਾਦ ਹਰ  ਪਲ ਕਰ ਰਿਹਾਂ ਦਿਲ ਜਾਨ ਤੋਂ॥

05.08.2021
*

ਜੋ ਉਹ ਕਰਦੈ ਠੀਕ ਹੀ ਕਰਦੈ ਮੌਲ਼ਾ ਦੀ ਨਾ ਕਰ ਪੜਚੋਲ॥
(SSx7+SI)

੦ ਗ਼ਜ਼ਲ 6

ਜੋ ਉਹ ਕਰਦੈ ਠੀਕ ਹੀ ਕਰਦੈ ਮੌਲ਼ਾ ਦੀ ਨਾ ਕਰ ਪੜਚੋਲ॥
ਵਿੱਚ ਰਜ਼ਾ ਉਸ ਦੀ ਦੇ ਰਹਿ ਤੂੰ ਬੋਲ ਨਾ ਊਟ-ਪਟਾਂਗੇ ਬੋਲ॥

ਪਰੇਮ ਬਿਨਾਂ ਜ਼ਿੰਦਗਾਨੀ ਕਾਦ੍ਹੀ ਮੌਤ ਬਰਾਬਰ ਹੁੰਦੀ ਯਾਰ,
ਲੜਿਆ ਨਾ ਕਰ ਰੁਸਿਆ ਨਾ ਕਰ ਆ ਕੇ ਬਹਿ ਜਾਇਆ ਕਰ ਕੋਲ॥

ਹਿੰਮਤ-ਹਾਰਾ ਸ਼ਖ਼ਸ ਜੋ ਯਾਰੋ ਢਹਿੰਦਾ ਢਹਿੰਦਾ ਢਹਿ ਜਾਂਦਾ ਏ,
ਵਿੱਚ ਕਲਾ ਜੋ ਚੜ੍ਹਦੀ ਰਹਿੰਦੈ ਜੀਵਨ ਵਿੱਚ ਨਾ ਸਕਦੈ ਡੋਲ॥

ਨਾਲ ਮੁਸ਼ੱਕਤ ਕਰਕੇ ਮਿਹਨਤ ਅਪਣਾ ਆਪ ਬਣਾਵਣ ਲੋਕ,
ਹੌਲੇ ਹੌਲੇ ਸਭ ਕੁਝ ਦਿੰਦੈ ਰੱਬ ਜੇ ਜਾਰੀ ਰੱਖੋ ਘੋਲ॥

ਮਿੱਤਰ ਲੱਭਣੇ ਕੰਮ ਕਠਨ ਹੈ ਲੱਭਦੇ ਅਕਸਰ ਭਾਗਾਂ ਨਾਲ,
ਲੱਭਣ ਜਾਓ ਤਾਂ ਲੱਭਦੇ ਨਾਹੀਂ ਭਾਂਵੇਂ ਲਉ ਜਗ ਸਾਰਾ ਟੋਲ॥

ਰੰਗ-ਬਿਰੰਗੇ ਫੁੱਲ ਜਗਤ ਵਿੱਚ ਅਲੱਗ ਜਿਨ੍ਹਾਂ ਦੀ ਯਾਰੋ ਮਹਿਕ,
ਹੋਣ ਭਵਾਂ  ਉਹ ਵਿੱਚ ਜਲੰਧਰ ਜਾਂ  ਫਿਰ ਹੋਵਣ ਆਸਨਸੋਲ॥

ਕੋਇਲ਼ ਕੂਕੇ ਬਾਗ਼ ਜਿਨ੍ਹਾਂ ਵਿਚ ਬਾਗ਼ ਉਹ ਕਿਸਮਤ ਵਾਲੇ ਹੋਣ,
ਹਰ ਫਲ ਬਾਗ਼ ਓਸ ਦਾ ਹੋਵੇ ਮਿੱਠਾ ਜਿੱਦਾਂ ਬਾਣੀ-ਬੋਲ॥

ਪਿਆਰ ਬਿਨਾਂ ਕੀ ਜੀਣਾ ਹਮਦਮ ਏਸ ਬਿਨਾਂ ਦੁਨੀਆ ਵੀਰਾਨ,
ਬੀਤ ਨਾ ਜਾਵੇ ਜੀਵਨ ਇਸ ਬਿਨ ਕਰਿਆ ਕਰ ਨਾ ਟਾਲ-ਮਟੋਲ॥

ਲੁਤਫ਼ ਜੇ ਲੈਣਾ ਜੀਵਨ ਦਾ ਕਰ ਬੰਦੇ ਨਾ ਤੂੰ ਮੰਦੇ ਕੰਮ,
ਮੰਦੇ ਕੰਮੀਂ ਹੋਣ ਨਾ ਬੇੜੇ ਪਾਰ ਹਿਯਾਤੀ ਜਾਵਣ ਡੋਲ॥

ਰੱਖ ਹਲੀਮੀਂ ਯਾਰ ‘ਅਜੀਬਾ’ ਆਕੜ-ਸ਼ਾਕੜ ਤੋਂ ਰਹਿ ਦੂਰ,
ਸਜਦੇ ਮਾਨਵਤਾ ਨੂੰ ਕਰਕੇ ਕਰ ਲੈ ਸਫ਼ਲੀ ਜਾਨ ਅਮੋਲ॥

01.08.2021
*
ਚੁਮ ਲਵਾਂ ਮਸਤਕ ਤਿਰਾ ਤੇ ਲਾ ਲਵਾਂ ਤੈਨੂੰ ਗਲੇ!
(SISSx3+SIS) 

੦ ਗ਼ਜ਼ਲ 7

ਚੁਮ ਲਵਾਂ  ਮਸਤਕ ਤਿਰਾ ਤੇ ਲਾ ਲਵਾਂ ਤੈਨੂੰ ਗਲੇ!
ਹਰ ਸਮੇਂ ਹਰ ਪਲ ਸਨਮ ਦਿਲ ਲੋਚਦੈ ਏਹੋ ਕਹੇ! 

ਪਿਆਰ ਤੇਰਾ ਦਿਲ ਮਿਰੇ ਵਿਚ ਇਸ ਤਰਾਂ ਘਰ ਕਰ ਗਿਆ,
ਜਿਸ ਤਰਾਂ ਕੋਈ ਪੁਜਾਰੀ ਰੱਬ ਦੀ ਪੂਜਾ ਕਰੇ! 

ਹਰ ਸਮੇਂ ਤੈਨੂੰ ਧਿਆਵਾਂ ਨਾਮ ਤੇਰਾ ਹੀ ਜਪਾਂ,
ਦੀਦ ਤੇਰੀ ਦਾ ਦੀਵਾਨਾ ਦਿਲ ਮਿਰਾ ਹਰਦਮ ਰਹੇ! 

ਬੰਦ ਲਬਾਂ ਵਿਚ ਮੁਸਕਰਾਣਾ ਹੱਸਣਾ ਵਿੱਚੋਂ ਹੀ ਵਿਚ,
ਕੱਢ ਲੈਂਦੈ ਜਾਨ ਮੇਰੀ ਦਿਲ ‘ਤੇ ਵੀ ਜਾਦੂ ਕਰੇ!੯ 

ਯਾਦ ਤੇਰੀ ਦੇ ਸਹਾਰੇ ਜੀ ਰਿਹੈ ਦਿਲਬਰ ਤਿਰਾ,
ਪਿਆਰ ਤੇਰਾ ਦਿਲ ਮਿਰੇ ਵਿਚ ਵਾਂਗ ਪੁਸ਼ਪਾਂ ਦੇ ਖਿਲੇ! 

ਮੇਰਿਆਂ ਸਾਹਾਂ ‘ਚ ਸ਼ਾਮਲ ਹੈ ਤਿਰਾ ਜਾਨਮ ਵਜੂਦ,
ਜੋਤ ਤੇਰੇ ਪਿਆਰ ਦੀ ਦਿਲ ਮਿਰੇ ਅੰਦਰ ਬਲੇ! 

ਯਾਦ ਤੇਰੀ ਆਣ ਬਹੁੜੇ ‘ਵਾ ਦੇ ਬੁੱਲੇ ਦੀ ਤਰਾਂ,
ਦਿਨ ਚੜ੍ਹੇ ਦੋਪਹਿਰ ਵੇਲੇ ਸ਼ਾਮ ਨੂੰ ਸੂਰਜ ਢਲੇ! 

ਤੇਰੀਆਂ ਯਾਦਾਂ ਦੀ ਬਣ ਕੇ  ਫ਼ਿਲਮ ਅੱਖੀਂ ਘੁੰਮਦੀ,
ਪਿਆਰ  ਤੇਰਾ ਦਿਲ-ਝਰੋਖੇ ਮੇਰੇ  ਦੇ  ਅੰਦਰ ਪਲੇ! 

ਕਾਸ਼ਨੀਂ ਚੁੰਨੀ ਤਿਰੀ ਤੇ ਰੰਗ ਗੋਰਾ ਵੇਖ ਕੇ,
ਕਿਸ ਤਰ੍ਹਾਂ ‘ਗੁਰਸ਼ਰਨ’ ਤੈਨੂੰ ਵੇਖ ਨਾ ਸਜਦਾ ਕਰੇ! 

ਹੁਸਨ ਤੇਰਾ ਵੇਖ ਕੇ ਕੁਦਰਤ ਵੀ ਇਹ ਹੈਰਾਨ ਹੈ,
ਕਿੰਝ ਫਿਰ  ‘ਗੁਰਸ਼ਰਨ’ ਤੈਨੂੰ ਪਿਆਰ ਨਾ ਮੁੜ ਮੁੜ ਕਰੇ?

****
288
****

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →