25 April 2024

ਗਰਾਊਂਡ ਜ਼ੀਰੋ – ਪੋ੍: ਹਰਭਜਨ ਸਿੰਘ (ਕੈਲੀਫੋਰਨੀਆ, ਅਮਰੀਕਾ)

ਗਰਾਊਂਡ ਜ਼ੀਰੋ

ਪੋ੍: ਹਰਭਜਨ ਸਿੰਘ
(ਕੈਲੀਫੋਰਨੀਆ, ਅਮਰੀਕਾ)

“ਤੁਸੀਂ ਠੀਕ ਠਾਕ ਤਾਂ ਹੋ!” ਸ਼ੱਬੋ ਦੀ ਡਰੀ ਡਰੀ ਆਵਾਜ਼ ਮੇਰੇ ਕੰਨੀਂ ਪੈ ਰਹੀ ਹੈ।

“ਹਾਂ, ਮੈਂ ਬਿਲਕੁਲ ਠੀਕ ਠਾਕ ਆਂ!”

“ਤੁਸੀਂ ਕਿਤੇ ਡਾਊਨ ਟਾਊਨ ਤਾਂ ਨਹੀਂ ਜਾ ਵੜੇ?”

“ਨਹੀਂ ਸ਼ੱਬੋ! ਮੈਂ ਤਾਂ ਇੱਥੇ ਵਾਸਿ਼ੰਗਟਨ ਪਾਰਕ ਵਿਚ ਆਂ … ਇੱਥੇ ਲੱਖਾਂ ਲੋਕ ਆ ਮੇਰੇ ਆਲੇ ਦੁਆਲੇ …!”

“ਹਾਏ ਮੈਂ ਮਰ ਜਾਂ! ਤੁਸੀਂ ਕਿੱਥੇ ਜਾ ਵੜੇ!” ਉਹ ਗ਼ਮ ਦੇ ਖਾਰੇ ਸਮੁੰਦਰ ਵਿਚ ਗੋਤਾ ਖਾ ਗਈ ਲੱਗਦੀ ਹੈ।

ਅੱਜ ਕੱਲ੍ਹ ਸਾਡੇ ਨਾਲ ਇਹ ਹਰ ਰੋਜ਼ ਵਾਪਰ ਰਿਹਾ ਹੈ। ਮਨਾਂ ਵਿਚੋਂ ਇਕ ਖ਼ੌਫ, ਇਕ ਦਹਿਲ, ਇਕ ਵੈਰਾਗ ਜਿਹਾ ਨਿਕਲ ਹੀ ਨਹੀਂ ਰਿਹਾ। ਇਕ ਹਾਦਸੇ ਨੇ ਸਾਰਾ ਜੀਵਨ ਅਸਤ-ਵਿਅਸਤ ਕਰ ਕੇ ਰੱਖ ਦਿੱਤਾ। ਹਾਦਸਾ ਵੀ ਇੱਡਾ ਵੱਡਾ ਕਿ ਸ਼ਾਇਦ ਹੀ ਖੁਰਾਫਾਤਾਂ ਦੇ ਇਤਿਹਾਸ ਵਿਚ ਪਹਿਲਾਂ ਕਦੇ ਘਟਿਆ ਹੋਵੇ। ਕਿਸੇ ਸ਼ੈਤਾਨ ਮਨ ਨੇ ਇੰਨੀ ਅਤਿ-ਆਧੁਨਿਕ ਖੁਰਾਫਾਤ ਪਹਿਲਾਂ ਕਦੇ ਨਹੀਂ ਸੋਚੀ ਹੋਣੀ।ਤੇ ਮੈਂ ਡਰਦਾ ਮਾਰਿਆ ਕੰਮ ਤੇ ਨਹੀਂ ਗਿਆ ਕੋਈ ਮਹੀਨਾ ਭਰ। ਪਤਨੀ ਤੇ ਬੱਚਿਆਂ ਨੇ ਹੀ ਨਹੀਂ ਜਾਣ ਦਿੱਤਾ। ਬੱਸ, ਸਾਰਾ ਦਿਨ ਅੰਦਰ ਵੜੇ ਟੀ. ਵੀ. ਦੇਖਦੇ ਰਹੋ। ਟੀ. ਵੀ. ਸਕਰੀਨ ਤੇ ਦੋ ਹੀ ਚਿਹਰੇ – ਇਕ, ਖੁਲ੍ਹੀ ਦਾੜ੍ਹੀ ਉਦੇੜ ਪੱਗ ਵਾਲਾ ਭੂਰਾ-ਪੀਲਾ ਸ਼ੈਤਾਨ ਚਿਹਰਾ। ਦੂਜਾ, ਅੱਗ ਵਾਂਗ ਭੱਖਦਾ ਗੋਰਾ-ਲਾਲ ਬੇਰਹਿਮ ਮੱਕਾਰ ਚਿਹਰਾ। ਦੋਨਾਂ ਚਿਹਰਿਆਂ ਦੇ ਵਿਚਕਾਰ, ਦੋ ਅੱਗ ਦੇ ਗੋਲੇ, ਗਰਕਦੇ ਜਾਂਦੇ ਜ਼ਮੀਨ ਵਿਚ। ਫੰਬੇ ਫੰਬੇ, ਚੀਥੜੇ ਚੀਥੜੇ ਹਜ਼ਾਰਾਂ ਮਨੁੱਖੀ ਜਿਸਮ। ਸਭ ਕੁਝ ਭਸਮ ਤੇ ਸਿੱਧਾ ਗਰਾਉਂਡ ਜ਼ੀਰੋ ਵਿਚ। ਧੂੰਆਂ, ਗਰਦ, ਕੁਹਰਾਮ ਤੇ ਹੇਟ-ਕਰਾਈਮ। ਕਾਰੋਬਾਰ ਠੱਪ, ਸਿਰ ਉੱਤੇ ਹਰ ਵੇਲੇ ਨੰਗੀ ਲਟਕਦੀ ਤਲਵਾਰ। ਭੈੜੇ ਭੈੜੇ ਸੁਫਨੇ, ਨੀਂਦ ਹਰਾਮ।ਸ਼ੱਬੋ ਮੇਰੇ ਨਾਲੋਂ ਵੀ ਵੱਧ ਪਰੇਸ਼ਾਨ। ਲਕੋ ਕੇ ਰੱਖ ਦਿੱਤੇ ਸਾਰੇ ਪੰਜਾਬੀ ਸੂਟ, ਮੇਰੇ ਕੁੜਤੇ ਪਜਾਮੇ, ਆਪਣੇ ਕਮੀਜ਼ ਸਲਵਾਰ। ਕਈ ਹਫਤੇ ਬਾਹਰ ਨਹੀਂ ਨਿਕਲਿਆ ਸਾਰਾ ਪਰਿਵਾਰ। ਵੱਡਾ ਪੰਗਾ ਦਾੜੀ, ਮੁੱਛਾਂ, ਕੇਸ, ਪੱਗ ਤੇ ਭੂਰੀ ਭੂਰੀ ਦਿੱਖ।

ਆਖਿਰ ਬੱਚਿਆਂ ਨੇ ਹੱਲ ਲੱਭਿਆ, “ਦਾੜੀ ਮੁੱਛਾਂ ਸਭ ਸਫਾ ਚੱਟ ਕਰਾ ਦਿਉ, ਪਾਪਾ! ਦਾੜ੍ਹੀ ਕੇਸਾਂ ਦਾ ਕਰਨਾ ਵੀ ਕੀ ਆ!” ‘ਰੰਗ ਦਾ, ਦਿੱਖ ਦਾ ਕੀ ਕਰਾਂ!’ ਸਿਰਫ ਸੋਚਿਆ, ਕਿਹਾ ਨਹੀਂ। ਸ਼ੱਬੋ ਤਾਂ ਹੋਰ ਵੀ ਡਰ ਗਈ ਬੱਚਿਆਂ ਦੇ ਸੁਝਾਅ ਨਾਲ, “ਦਾੜੀ ਮੁੱਛਾਂ ਸਫਾ ਚੱਟ ਕਰਾਉਣ ਨਾਲ ਤਾਂ ਐਵੇਂ ਵਾਧੂ ਦੀ ਸ਼ੱਕ ਈ ਪਊ! ਜੇ ਇਕ ਵਾਰ ਇਨ੍ਹਾਂ ਭੂਤਨਿਆਂ ਨੂੰ ਸ਼ੱਕ ਪੈ ਗਿਆ ਤਾਂ ਇਨ੍ਹਾਂ ਮਗਰੋਂ ਨਹੀਂ ਲਹਿਣਾ ਕਿੰਨਾ ਚਿਰ।” ਸਿਆਣੇ ਮਿੱਤਰਾਂ ਸਲਾਹ ਦਿੱਤੀ, “ਪੱਗ ਤਾਂ ਲਾਹ ਹੀ ਦੇ ਪੰਨੂ ਯਾਰ!” ਤੇ ਮੈਂ ਪੱਗ ਲਾਹ ਕੇ ਅਲਮਾਰੀ ਵਿਚ ਰੱਖ ਦਿੱਤੀ। ਦਾੜੀ ਕੁਤਰ ਕੇ ਨਵੇਂ ਪੰਜਾਬੀ ਗਾਇਕਾਂ ਵਰਗੀ ਕਰ ਲਈ, ਮੁੱਛਾਂ ਕਿਸੇ ਮੁੱਛਫੁੱਟ ਗਭਰੂ ਵਾਂਗ ਅਤੇ ਸਿਰ ਰੜਾ ਮੈਦਾਨ। ਅੱਜ ਸਵੇਰੇ ਕੰਮ ਤੇ ਨਿਕਲਿਆ ਕਈ ਹਫਤਿਆਂ ਬਾਅਦ। ਪਹਿਨ ਕੇ ਹਿੱਪੀ ਸਟਾਈਲ ਪੈਂਟ ਸ਼ਰਟ, ਸਿਰ ਤੇ ‘ਜੰਕੀਜ਼’ ਕੈਪ। ਦਿਲ ਵਿਚ ਇਕ ਤਿੱਖੀ ਚੀਸ ਤੇ ਜਿ਼ਹਨ ਵਿਚ ਉਫਨਦਾ ਉਫਾਨ। ਤੁਰਨ ਤੋਂ ਪਹਿਲਾਂ ਕਿੰਨਾ ਚਿਰ ਸੋਚਦਾ ਰਿਹਾ, ‘ਕਿਹੜੇ ਪਾਸੇ ਜਾਵਾਂ, ਕਿਹੜੇ ਨਾ?’ਹਵਾਈ ਅੱਡੇ ਉੱਤੇ ਅੱਜ ਕੱਲ੍ਹ ਉਦਾਂ ਹੀ ਉੱਲੂ ਬੋਲਦੇ ਆ। ਲੋਕ ਡਰਦੇ ਜਹਾਜ਼ੇ ਚੜ੍ਹਦੇ ਹੀ ਨਹੀਂ। ਜੇ ਕੋਈ ਭੁੱਲਾ ਚੁੱਕਾ ਚਲਾ ਵੀ ਜਾਵੇ ਤਾਂ ‘ਹੋਮਲੈਂਡ ਸਕਿਊਰਿਟੀ’ ਜਾਨ ਖਾ ਜਾਂਦੀ ਐ। ਡਾਊਨ ਟਾਊਨ ਵਿਚ ਉਂਜ ਹੇਟ-ਕਰਾਈਮ ਬੜੇ ਜ਼ੋਰਾਂ ਤੇ ਆ। ਇਕ ਮੁਸਲਿਮ ਸਟੋਰ ਮਾਲਕ ਹਲਾਕ, ਛੋਟੇ ਮੋਟੇ ਹੇਟ-ਕਰਾਈਮ ਬੇਹਿਸਾਬ। ਬਿਜ਼ਨਿਸ ਇਲਾਕੇ ਉਂਜ ਠੰਡੇ ਪਏ ਆ, ਬਹੁਤੇ ਖੁਲ੍ਹੇ ਹੀ ਨਹੀਂ ਹਾਦਸੇ ਤੋਂ ਬਾਅਦ। ਯੂਨੀਵਰਸਟੀ ਇਲਾਕਾ, ਟਾਈਮ ਸੁਕੇਅਰ ਤੇ ਸੈਂਟਰਲ ਪਾਰਕ ਏਰੀਆ ਵੈਸੇ ਪੁਲੀਸ ਨੇ ਸੀਲ ਕੀਤਾ ਹੋਇਆ, ਜੰਗ ਵਿਰੋਧੀ ਪ੍ਰਦਰਸ਼ਨ ਕਾਰਨ।“ਚੱਲ ਮਨਾਂ! ਹਸਪਤਾਲ ਏਰੀਏ ਵੱਲ ਚੱਲ, ਮਰੀਜ਼ਾਂ ਦੀ ਗਿਣਤੀ ਤਾਂ ਵੱਧਦੀ ਈ ਜਾ ਰਹੀ ਐ … ਹਾਦਸੇ ਕਾਰਨ ਤੇ ਹੇਟ ਕਰਾਈਮ ਨਾਲ।” ਸੋਚ ਕੇ, ਮੈਂ ਕੈਬ ਹਸਪਤਾਲ ਇਲਾਕੇ ਵੱਲ ਤੋਰ ਲਈ।

ਵੱਡੇ ਕਾਊਂਟੀ ਹਸਪਤਾਲ ਦੀ ਡੀ. ਐਨ. ਏ. ਟੈਸਟ ਲੈਬ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਤੇ ਆਪਣੀ ਕੰਪਨੀ ਦੀਆਂ ਪੀਲੀਆਂ ਕੈਬਾਂ ਦਿਖਾਈ ਦਿੱਤੀਆਂ ਤਾਂ ਕੈਬ ਰੋਕ ਲਈ। ਪਰ ਅੰਦਰ ਜਾਣ ਦੀ ਹਿੰਮਤ ਨਹੀਂ ਪਈ ਤੇ ਸਟਰੀਟ ਉੱਤੇ ਕੈਬ ਪਾਰਕ ਕਰਕੇ, ਡਰਾਈਵਰ ਸੀਟ ਤੇ ਬੈਠਾ, ਸਵਾਰੀ ਦੀ ਉਡੀਕ ਕਰਨ ਲੱਗਾ। ਸਵਾਰੀ ਦੀ ਉਡੀਕ ਦੇ ਨਾਲ-ਨਾਲ ਮਨ ਦੀ ਬੇਚੈਨੀ ਵੀ ਵਧਦੀ ਜਾ ਰਹੀ ਸੀ। ਨਾਂਹ-ਪੱਖੀ ਨਿਰਾਸ਼ ਸੋਚ, ਸੋਚ-ਕੇਂਦਰ ਉੱਤੇ ਹਮਲੇ ਕਰ-ਕਰ ਸੋਚ-ਕੇਂਦਰ ਨੂੰ ਹੀ ਢਾਹੁਣ ਲੱਗ ਪਈ ਸੀ। ਜਿ਼ੰਦਗੀ ਦੇ ਸਾਰੇ ਸੰਤਾਪੇ ਦਿਨ ਜਿ਼ਹਨ ਵਿਚ ਲਾਲ ਬਲਬਾਂ ਵਾਂਗ ਜਗ ਪਏ ਸਨ।

ਜੂਨ ਉਨੀਂ ਸੌ ਚੌਰਾਸੀ ਦੇ ਵੱਡੇ ਘੱਲੂਘਾਰੇ ਤੋਂ ਬਾਅਦ ਹੀ ਰੱਖੇ ਸੀ ਮੈਂ ਦਾੜ੍ਹੀ, ਮੁੱਛਾਂ ਤੇ ਸਿਰ ਦੇੇ ਲੰਮੇ ਲੰਮੇ ਵਾਲ। ਜਦੋਂ ‘ਭਾਊਆਂ’ ਨੇ ਇਹ ‘ਹੁਕਮਨਾਮਾ’ ਜਾਰੀ ਕਰ ਦਿੱਤਾ ਕਿ ‘ਜੋ ਵੀ ਦਾੜ੍ਹੀ, ਮੁੱਛਾਂ, ਵਾਲ ਕਟਾਏਗਾ, ਸੋਧ ਦਿੱਤਾ ਜਾਏਗਾ’। ਕੰਮ ਉੱਥੇ ਵੀ ਮੈਂ ਟੈਕਸੀ ਚਲਾਉਣ ਦਾ ਹੀ ਕਰਦਾ ਸਾਂ। ਉਹ ਵੀ ਜਿ਼ਲਾ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੋਂ ਇਧਰ ਉਧਰ, ਜਿੱਥੇ ਬੜੀ ਅੱਗ ਬਲਦੀ ਸੀ ਉਨ੍ਹੀਂ ਦਿਨੀਂ। ਇਹ ਪਤਾ ਨਹੀਂ ਸੀ ਹੁੰਦਾ, ਸ਼ਾਮ ਨੂੰ ਘਰ ਪਹੁੰਚ ਵੀ ਸਕਣਾ ਕਿ ਨਹੀਂ।

ਤੇ ਉਦੋਂ ਮਸੀਂ ਫੁੱਲ ਸਾਈਜ਼ ਕੀਤੀ ਸੀ ਮੈਂ ਦਾੜ੍ਹੀ, ਮੁੱਛਾਂ ਤੇ ਕੇਸਾਂ ਦੀ ਲੰਬਾਈ। ਪਰ ਇਹ ਲੰਬਾਈ ਇੱਥੇ ਬੜੀ ਕੰਮ ਆਈ, ਰਾਜਨੀਤਕ ਸ਼ਰਨ ਦੇ ਕੰਮ। ਫਿਰ ਤਾਂ ਇਹਦੇ ਨਾਲ ਮੋਹ ਜਿਹਾ ਹੀ ਪੈ ਗਿਆ। ਆਪਣੀ ਅਲੱਗ ਪਹਿਚਾਣ ਦਾ ਚਿੰਨ੍ਹ ਲੱਗਣ ਲੱਗ ਪਿਆ ਆਪਣਾ ਇਹ ਸਰੂਪ – ਖੁੱਲ੍ਹੀ ਦਾੜ੍ਹੀ, ਕੁੰਢੀਆਂ ਮੁੱਛਾਂ, ਮੋਟਾ ਜੂੜਾ ਤੇ ਠੋਕਵੀਂ ਪੱਗ।

ਮੂੰਹ-ਸਿਰ ਉੱਤੇ ਹੱਥ ਫੇਰਿਆ ਤਾਂ ਖਾਲੀ ਬੰਜਰ ਜਿਹਾ ਲੱਗਾ। ਛੋਟਾ ਛੋਟਾ ਲੱਗਿਆ ਆਪਣਾ ਆਪ। ਇਕ ਸਥਿਤੀ ਵਿਚ ਉੱਗੇ ਦਾੜੀ ਮੁੱਛਾਂ ਕੇਸ, ਦੂਜੀ ਸਥਿਤੀ ਵਿਚ ਕਿੰਜ ਅਕਾਲ ਚਲਾਣਾ ਕਰ ਗਏ!’ ਹਕੀਕਤ ਦੀ ਸ਼ਰਮਿੰਦਗੀ ਤੇ ਬੇਬਸੀ ਦਾ ਅਹਿਸਾਸ ਜਾਨ ਲਈ ਜਾ ਰਹੇ ਸਨ ਅਤੇ ਬਾਹਰੋਂ ਵਾਤਾਵਰਣ ਵਿਚੋਂ ਆ ਰਹੀ ਸਿੱਲ਼ੀ ਸਿੱਲ਼ੀ ਸੋਗੀ ਮਾਤਮੀ ਧੁਨ ਕਲੇਜਾ ਚੀਰ ਚੀਰ ਲੰਘਦੀ ਜਾ ਰਹੀ ਸੀ। ਡੀ. ਐਨ. ਏ. ਲੈਬ ਦੇ ਆਸ ਪਾਸ ਪਸਰੀ ਪਈ ਮਰਨਊ ਚੁੱਪ ਮਨ ਨੂੰ ਉਸੇ ਤਰ੍ਹਾਂ ਡੱਸ ਰਹੀ ਸੀ ਜਿਸ ਤਰ੍ਹਾਂ ਨਿਗੂਣੀ ਲਾਚਾਰ ਹੋਂਦ ਦਾ ਅਹਿਸਾਸ। ਮਨ ਸੁੰਗੜ ਸੁੰਗੜ ’ਕੱਠਾ ਹੁੰਦਾ ਜਾ ਰਿਹਾ ਸੀ।

‘ਇੰਨੀ ਵੀ ਢੇਰੀ ਨਾ ਢਾਹ, ਬੰਦਿਆ!’ ਅਚਾਨਕ ਮਨ ਅੰਦਰੋਂ ਉੱਠੇ ਇਸ ਅਹਿਸਾਸ ਨੇ ਰੂਹ ਨੂੰ ਆਵਾਜ਼ ਮਾਰੀ ਤਾਂ ਮੈਂ ਢਾਊ ਸੋਚ ਨੂੰ ਮੋਟੀ ਸਾਰੀ ਗੰਢ ਮਾਰ ਕੇ ਇਕ ਪਾਸੇ ਪਰੇ ਵਗਾਹ ਮਾਰਿਆ। ਇਕ ਵੱਡਾ ਸਾਰਾ ਹੰਭਲਾ ਮਾਰ ਕੇ ਤੇ ਇਕ ਝਟਕੇ ਨਾਲ ਕੈਬ ਸਟਾਰਟ ਕਰਕੇ, ਲਿਆ ਕੇ ਟੈਸਟ ਲੈਬ ਦੇ ਮੇਨ ਗੇਟ ਤੇ ਖੜ੍ਹੀਆਂ ਕੈਬਾਂ ਦੀ ਕਤਾਰ ਵਿਚ ਲਾ ਦਿੱਤੀ।

ਡੀ. ਐਨ. ਏ. ਵਾਰਸਾਂ ਦੀ ਭੀੜ ਵਧਦੀ-ਵਧਦੀ ਇਕ ਲੰਬੀ ਕਤਾਰ ਬਣ ਕੇ, ਪਿੱਛੇ ਨੂੰ ਸਰਕਦੀ ਸਰਕਦੀ, ਲੈਬ ਤੋਂ ਬਾਹਰ ਨਿਕਲ ਕੇ, ਪਾਰਕਿੰਗ ਲਾਟ ਵਿਚ ਦੀ ਹੁੰਦੀ ਹੋਈ, ਸੜਕ ਤੱਕ ਪਹੁੰਚ ਗਈ ਸੀ ਅਤੇ ਆਲਾ ਦੁਆਲਾ ਸਿਸਕੀਆਂ, ਹਉਕਿਆਂ, ਹੰਝੂਆਂ, ਆਹਾਂ ਤੇ ਸੋਗੀ ਮਾਤਮੀ ਮਾਹੌਲ ਨਾਲ ਨੱਕੋ ਨੱਕ ਭਰਿਆ ਪਿਆ ਸੀ। ਮਾਰੇ ਗਏ ਲੋਕਾਂ ਦੀ ਸ਼ਨਾਖਤ ਲਈ ਡੀ. ਐਨ. ਏ. ਟੈਸਟ ਹੀ ਇਕੋ ਇਕ ਸਾਧਨ ਬਚਿਆ ਸੀ ਅਤੇ ਅੱਜ ਡੀ. ਐਨ. ਏ. ਟੈਸਟ ਰਿਜ਼ਲਟ ਦੀ ਪਹਿਲੀ ਰਿਪੋਰਟ ਰੀਲੀਜ਼ ਹੋਣੀ ਸੀ। ਇਸੇ ਲਈ ਮ੍ਰਿਤਕਾਂ ਦੇ ਵਾਰਸ ਲਾਈਨ ਵਿਚ ਪੱਬਾਂ ਭਾਰ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।
* *

ਇਸੇ ਲਾਈਨ ਵਿਚ ਕੁੱਬਾ ਕੁੱਬਾ ਜਿਹਾ ਖੜ੍ਹਾ ਸਕਾਟ ਸਾਈਮਨ ਮਰੇ ਜਿਹੇ ਕਦਮ ਅਗਾਂਹ ਪਿਛਾਂਹ ਘਸੀਟ ਰਿਹਾ ਸੀ। ਸਦਮੇ ਦੇ ਅਸਹਿ ਬੋਝ ਨਾਲ ਉਹਦਾ ਹਿਰਦਾ ਡੁੱਬਦਾ ਜਾ ਰਿਹਾ ਸੀ ਅਤੇ ਉਸ ਤੋਂ ਖਲੋਇਆ ਨਹੀਂ ਜਾ ਰਿਹਾ ਸੀ। ਇਕ ਹਉਕਾ ਉਹਦੇ ਸੀਨੇ ਵਿਚੋਂ ਭਾਫ ਬਣ ਕੇ ਬਾਹਰ ਨਿਕਲਦਾ ਸੀ ਤਾਂ ਦੂਜਾ ਪੱਥਰ ਵਾਂਗ ਛਾਤੀ ਉੱਤੇ ਆ ਸਵਾਰ ਹੁੰਦਾ ਸੀ। ਉਸਦੀ ਪਤਨੀ ਗਲੋਰੀਆ ਸਾਈਮਨ ਤਾਂ ਹਾਦਸੇ ਤੋਂ ਬਾਅਦ ਉੱਠੀ ਹੀ ਨਹੀਂ ਸੀ। ਅੱਜ ਉਹਦੇ ਨਾਲ ਵੀ ਮਸੀਂ ਆਈ, ਉਹ ਵੀ ਸਕਾਟ ਦੇ ਕਈ ਵਾਰ ਕਹਿਣ ਨਾਲ ਅਤੇ ਆਉਂਦੀ ਹੀ ਉਡੀਕ ਹਾਲ ਦੀ ਇਕ ਉਡੀਕ ਬੈਂਚ ਉੱਤੇ ਮਿੱਟੀ ਦੀ ਢੇਰੀ ਬਣ ਕੇ ਜਾ ਬੈਠੀ। ਨਿਰਜੀਵ, ਚੁੱਪ ਗੜੁੱਪ, ਡੌਰ-ਭੌਰੀ ਤੇ ਸਹਿਮੀ ਸਹਿਮੀ।

ਸਕਾਟ ਨੇ ਉਹਦੇ ਵੱਲ ਦੇਖਿਆ ਤਾਂ ਹੋਰ ਮਾਯੂਸ ਹੋ ਗਿਆ, ‘ਕਿਤੇ ਇਹ ਵੀ ਨਾ ਚੱਲ ਵਸੇ!’ ਪਰ ਗਲੋਰੀਆ ਦੀ ਹਾਲਤ ਨਾਲੋਂ ਕਿਤੇ ਵੱਧ ਦੁੱਖ ਉਸਨੂੰ ਆਪਣੇ ਨਵ-ਵਿਆਹੇ ਨੂੰਹ ਪੁੱਤਰ ਦੀ ਮੌਤ ਦਾ ਹੋ ਰਿਹਾ ਸੀ। ਕੋਈ ਨਿਸ਼ਾਨੀ ਨਾ ਬਚਣ ਦਾ ਅਵਸੋਸ ਵੀ, ‘ਕੋਈ ਬਾਲ ਬੱਚਾ ਹੀ ਹੁੰਦਾ, ਸਾਡਾ ਨਾਂ ਰਹਿ ਜਾਂਦਾ!’

ਇਸੇ ਤਰ੍ਹਾਂ ਦੀ ਮਨੋਸਥਿਤੀ ਵਿਚ ਉਹ ਦਿਲ ਉੱਤੇ ਪੱਥਰ ਰੱਖੀ ਕਈ ਦਿਨ ਆਪਣੇ ਨੂੰਹ ਪੁੱਤਰ ਦੀਆਂ ਲਾਸ਼ਾਂ ਦੀ ਸ਼ਨਾਖਤ ਲਈ ਮੁਰਦਾ ਘਰ (ਮੌਚਰੀ) ਵੀ ਜਾਂਦਾ ਰਿਹਾ। ਪਰ ਉੱਥੇ ਲਾਸ਼ਾਂ ਕਿੱਥੇ ਸਨ। ਅੱਧ ਪਚੱਧੀਆਂ ਲੱਤਾਂ। ਅੱਧ ਪਚੱਧੀਆਂ ਬਾਂਹਾਂ। ਖੋਪੜੀਆਂ ਬਿਨਾ ਮੂੰਹ ਸਿਰ। ਪਿਘਲੇ ਪਿਘਲੇ ਚੂਰ-ਮੂਰ ਪਿੰਜਰ। ਪਸਲੀਆਂ, ਅੱਖਾਂ, ਕੰਨਾਂ, ਨੱਕਾਂ, ਉਂਗਲੀਆਂ, ਨੁੰਹਾਂ, ਗਿੱਟਿਆਂ, ਗੋਡਿਆਂ ਦੇ ਢੇਰ। ਸਭ ਤੋਂ ਵੱਧ ਦਰਦਨਾਕ ਦਿਲ ਕੰਬਾਊ ਇਕ ਬਦਬੋ, ਇਕ ਸੜਿਹਾਂਦ, ਸੁੰਨ ਕਰਦੀ ਜਿ਼ਹਨ ਨੂੰ।

ਉਸ ਸ਼ਨਾਖਤ ਦੌੜ ਨੇ ਉਸਨੂੰ ਇੰਨਾ ਝੰੜੋੜ ਕੇ ਰੱਖ ਦਿੱਤਾ ਸੀ ਕਿ ਉਹਦੇ ਅੰਦਰ ਸਕੂਨ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਬਚੀ ਸੀ। ਉਸਦਾ ਇਹ ਹਾਲ ਹੋ ਗਿਆ ਸੀ ਕਿ ਕਿਸੇ ਨਾਲ ਕੋਈ ਗੱਲ ਕਰਨ ਨੂੰ ਉਹਦਾ ਉੱਕਾ ਹੀ ਜੀਅ ਨਹੀਂ ਕਰਦਾ ਸੀ। ਗਲੋਰੀਆ ਨਾਲ ਵੀ ਨਹੀਂ। ਨਾ ਕਿਸੇ ਕੰਮ ਨੂੰ ਹੀ। ਉਹ ਤਾਂ ਰਾਤਾਂ ਨੂੰ ਵੀ ਉੱਠ ਉੱਠ ਮੁਰਦਾ ਘਰ ਜਾ ਵੜਦਾ ਸੀ, ਸੁਫਨੇ ਵਿਚ ਵੀ ਮਨੁੱਖੀ ਪੁਰਜਿਆਂ ਦੇ ਢੇਰ ਫਰੋਲਦਾ, ਆਪਣੇ ਨੂੰਹ ਪੁੱਤ ਨੂੰ ਭਾਲਦਾ ਅਤੇ ਅੱਜ ਇਸ ਸ਼ਨਾਖਤ ਲਾਈਨ ਵਿਚ ਖੜ੍ਹੇ ਨੂੰ ਵੀ ਉਹੀ ਢੇਰ ਦਿਖਾਈ ਦੇ ਰਹੇ ਸਨ। ਉਸਦੀ ਰੂਹ ਕੰਬ ਰਹੀ ਸੀ ਅਤੇ ਉਹਨੂੰ ਇੰਜ ਲੱਗਣ ਲੱਗ ਪਿਆ ਕਿ ਦਿਲ ਦਾ ਹੁਣੇ ਪਟਾਕਾ ਬੋਲ ਜਾਏਗਾ ਤੇ ਘਰਰ ਕਰਕੇ ਬੰਦ ਹੋ ਜਾਏਗਾ ਜਾਂ ਦਿਮਾਗ਼ ਫਟ ਜਾਏਗਾ ਤੇ ਉਹ ਧੜਾਮ ਕਰਕੇ ਥੱਲੇ ਡਿਗ ਜਾਏਗਾ। ਗਰਾਉਂਡ ਜ਼ੀਰੋ ਤੇ।

ਡੀ. ਐਨ. ਏ. ਵਾਰਸ ਆਪਸ ਵਿਚ ਸਿੱਲ਼ੀਆਂ ਸਿੱਲ਼ੀਆਂ ਰੋਂਦੂ ਜਿਹੀਆਂ ਗੱਲਾਂ ਕਰਨ ਲੱਗ ਪਏ ਸਨ। ਕਈ ਫਾਇਰ ਫਾਈਟਰਜ਼ ਦੀ ਯਾਦ ਵਿਚ ਗਰਾਉਂਡ ਜ਼ੀਰੋ ਉੱਤੇ ਹੋ ਰਹੀ ਮੈਮੋਰੀਅਲ ਮੀਟਿੰਗ ਦਾ ਸਿੱਧਾ ਪ੍ਰਸਾਰਨ ਟੀ. ਵੀ. ਸਕਰੀਨ ਉੱਤੇ ਅੱਖਾਂ ਟੱਡੀ ਦੇਖ ਰਹੇ ਸਨ। ਇਸ ਮੀਟਿੰਗ ਵਿਚ ਪੈ੍ਰਜੀਡੈਂਟ ਦੇ ਪਹੁੰਚਣ ਅਤੇ ਕਿਸੇ ਖਾਸ ਐਲਾਨ ਕਰਨ ਬਾਰੇ ਦੱਸਿਆ ਜਾ ਰਿਹਾ ਸੀ। ਫਾਇਰ ਫਾਈਟਰਜ਼ ਕਿੰਜ ਆਪਣੀ ਜਾਨ ਉੱਤੇ ਖੇਲ ਕੇ ਆਪਣਾ ਫਰਜ਼ ਨਿਭਾ ਗਏ ਵੀ ਦਿਖਾਇਆ ਜਾ ਰਿਹਾ ਸੀ। ਖਿੜਕੀਆਂ ਵਿਚ ਦੀ ਛਾਲਾਂ ਮਾਰਦੇ, ਜਾਨ ਬਚਾਉਣ ਲਈ ਪੂਰੀ ਵਾਹ ਲਾਉਂਦੇ ਲੋਕ ਅਤੇ ਅੱਗ ਬਝਾਉਣ ਲਈ ਜਾਨ ਉੱਤੇ ਖੇਲਦੇ ਫਾਇਰ ਫਾਈਟਰਜ਼ – ਦਰਦਨਾਕ ਦ੍ਰਿਸ਼ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ।

ਪਰ ਬਹੁਤੇ ਗ਼ਮ ਦੇ ਦਰਿਆ ਵਿਚ ਨੱਕੋ ਨੱਕ ਡੁੱਬੇ ਪਏ, ਮਾਰੇ ਗਏ ਸਗੇ ਸੰਬੰਧੀਆਂ ਬਾਰੇ ਅੱਗੇ-ਪਿੱਛੇ ਵਾਲਿਆਂ ਨਾਲ ਗੱਲਾਂ ਕਰ ਰਹੇ ਸਨ। ਸਕਾਟ ਸਾਈਮਨ ਦੇ ਅੱਗੇ ਖੜ੍ਹੀ ਜਵਾਨ ਔਰਤ ਦਾ ਪਤੀ ਪਹਿਲੇ ਹਮਲੇ ਵਿਚ ਮਾਰਿਆ ਗਿਆ ਸੀ ਅਤੇ ਉਸ ਤੋਂ ਅੱਗੇ ਖੜ੍ਹੇ ਬੁੱਢੇ ਫੌਜੀ ਦਾ ਜਵਾਨ ਫੌਜੀ ਪੁੱਤਰ ਤੀਜੇ ਹਮਲੇ ਵਿਚ। ਉਹ ਦੋਵੇਂ ਆਪਸ ਵਿਚ ਬਹੁਤ ਹੀ ਠਰੀਆਂ ਠਰੀਆਂ ਦਿਲ ਕੰਬਾਊ ਗੱਲਾਂ ਕਰ ਰਹੇ ਸਨ। ਜਵਾਨ ਔਰਤ ਵਿਰਲਾਪ ਕਰਦੀ ਬੁੱਢੇ ਫੌਜੀ ਨੂੰ ਕਹਿ ਰਹੀ ਸੀ, “ਕਬਰ ਲਈ ਤਾਂ ਮੈਂ ਥਾਂ ਵੀ ਮੁੱਲ ਲੈ ਲਈ ਏ, ਪਰ ਉਹਦੇ ਵਿਚ ਰੱਖਾਂ ਕੀ! … ਜੇ ਅੱਜ ਸ਼ਨਾਖਤ ਰਿਪੋਰਟ ਮਿਲ ਜਾਏ ਤਾਂ ਇਹਦੀ ਇਕ ਕਾਪੀ ਰੱਖ ਕੇ ਹੀ ਯਾਦਗਾਰ ਬਣਾ ਦਿਆਂ!”

ਉਹ ਫਿਸ ਫਿਸ ਕਰਦੀ ਫੁੱਟ ਹੀ ਪਈ ਅਤੇ ਨਿਢਾਲ ਹੋ ਕੇ ਗਲੋਰੀਆ ਦੇ ਨਾਲ ਬੈਂਚ ਉੱਤੇ ਜਾ ਬੈਠੀ। ਪਾਣੀ ਪੀਣ ਲੱਗਿਆਂ ਉਹਦੀ ਭੁੱਬ ਨਿਕਲ ਗਈ ਤੇ ਪਾਣੀ ਦੀ ਥਾਂ ਲਹੂ ਦੇ ਹੰਝੂ ਪੀ ਕੇ ਰਹਿ ਗਈ। ਗਲੋਰੀਆ ਨੇ ਠੰਢੇ ਸਰਦ ਹਉਕਿਆਂ ਰਾਹੀਂ ਆਪਣੇ ਗ਼ਮ ਦਾ ਇਜ਼ਹਾਰ ਕੀਤਾ ਅਤੇ ਉਹਦੇ ਵੱਲ ਹਮਦਰਦੀ ਨਾਲ ਦੇਖਿਆ। ਪਰ ਉਹ ਔਰਤ ਬਿਨਾ ਕੋਈ ਗੱਲ ਕੀਤਿਆਂ ਮੁੜ ਲਾਈਨ ਵਿਚ ਜਾ ਖਲੋਈ ਕਿਉਂਕਿ ਲਾਈਨ ਅੱਗੇ ਤੁਰਨੀ ਤੇ ਸ਼ਨਾਖਤ ਰਿਪੋਰਟ ਮਿਲਣੀ ਸ਼ੁਰੂ ਹੋ ਗਈ ਸੀ।

ਇਕ ਹੱਥ ਵਿਚ ਰਿਪੋਰਟ ਅਤੇ ਦੂਜੇ ਹੱਥ ਵਿਚ ਪੈਕਿਟ ਫੜੀ ਅਸਹਿ ਸਦਮੇ ਨਾਲ ਮਰੇ ਜਿਹੇ ਕਦਮ ਪੁੱਟਦੇ ਵਾਰਸ ਬਾਹਰ ਆ ਰਹੇ ਸਨ। ਹਰ ਪੈਕਿਟ ਵਿਚ ਮ੍ਰਿਤਕ ਦੇ ਸਰੀਰ ਦਾ ਉਹ ਪੁਰਜਾ ਬੰਦ ਸੀ ਜਿਸ ਵਿਚੋਂ ਸ਼ਨਾਖਤ ਲਈ ਡੀ. ਐਨ. ਏ. ਲਏ ਗਏ ਸਨ। ਕਿਸੇ ਪੈਕਿਟ ਵਿਚ ਮਾਸ ਦਾ ਟੁਕੜਾ ਅੱਧ-ਜਲਿਆ, ਕਿਸੇ ਵਿਚ ਹੱਡੀ ਬਿਨਾ ਮਾਸ। ਕਿਸੇ ਵਿਚ ਅੱਧ ਜਲੀ ਕੋਈ ਉਂਗਲੀ, ਕਿਸੇ ਵਿਚ ਸਿਰਫ ਲਹੂ ਦੀਆਂ ਘੱਟੇ ਭਰੀਆਂ ਕੁਝ ਬੂੰਦਾਂ। ਕਿਸੇ ਵਿਚ ਨਾੜਾਂ ਦੇ ਕੁਝ ਟੁੱਚ ਜਿਹੇ ਹੀ।

ਕਈ ਵਾਰਸ ਰੋਂਦੇ ਕੁਰਲਾਂਦੇ, ਕਈ ਰੋਣ-ਹਾਕਾ ਮੂੰਹ ਬਣਾਈ ਦਿਲ ਤੇ ਪੱਥਰ ਰੱਖੀ ਇੰਜ ਬਾਹਰ ਆ ਰਹੇ ਸਨ ਜਿਵੇਂ ਗਰਾਉਂਡ ਜ਼ੀਰੋ ਵਿਚ ਧਸਦੇ ਜਾ ਰਹੇ ਹੋਣ। ਇਕ ਔਰਤ ਤਾਂ ਪੈਕਿਟ ਨੂੰ ਛਾਤੀ ਨਾਲ ਲਾਈ ਮੇਨ ਗੇਟ ਦੇ ਐਨ ਵਿਚਕਾਰ ਖੜ੍ਹੀ, ਵਿਰਲਾਪ ਕਰਦੀ-ਕਰਦੀ ਸਿਆਪਾ ਵੀ ਕਰਨ ਲੱਗ ਪਈ ਸੀ, “ਹਾਏ ਓਏ ਮੇਰਿਆ ਮੱਖਨਾਂ! ਤੂੰ ਇਕ ਉਂਗਲੀ ਹੀ ਰਹਿ ਗਿਆ ਵੇ … ਉਹ ਜ਼ਾਲਮ ਵੀ ਟੁਕੜੇ ਟੁਕੜੇ ਹੋ ਕੇ ਕੁੱਤੇ ਦੀ ਮੌਤੇ ਮਰਨ, ਜਿਨ੍ਹਾਂ ਤੈਨੂੰ ਮਾਰਿਆ … ਹਾਏ ਓਏ ਮੇਰਿਆ ਮੱਖਨਾਂ!” ਉਸ ਔਰਤ ਦੀ ਦਿੱਖ ਤੇ ਕੀਰਨਿਆਂ ਦੀ ਉੱਚੀ ਪਿੱਚ ਤੋਂ ਕੋਈ ਸਾਊਥ-ਇੰਡੀਅਨ ਲੱਗਦੀ ਸੀ।

ਚਾਰੇ ਪਾਸੇ ਮੌਤ ਦੀ ਤਬਾਹੀ ਦੇ ਮਾਤਮ ਦਾ ਭਿਆਨਕ ਸਾਇਆ ਸੋਗੀ ਸਫਾਂ ਵਿਛਾਈ ਬੈਠਾ ਸੀ। ਸਕਾਟ ਸਾਈਮਨ ਨੂੰ ਤਾਂ ਗਸ਼ ਹੀ ਪੈਣ ਨੂੰ ਫਿਰਦੀ ਸੀ। ਉਹਦੀਆਂ ਅੱਖਾਂ ਅੱਗੇ ਇਹ ਪੈਕਿਟ ਤਾਂੜਵ ਨਾਚ ਕਰਦੇ ਉਸਨੂੰ ਚਿੜਾ ਰਹੇ ਸਨ। ਕਦੇ ਉਹਦਾ ਪੁੱਤਰ ਇਕ ਉਂਗਲ ਬਣ ਜਾਂਦਾ, ਕਦੇ ਨੂੰਹ ਕਾਲੇ ਹੋ ਗਏ ਲਹੂ ਦੀਆਂ ਸਿਰਫ ਕੁਝ ਬੂੰਦਾਂ ਅਤੇ ਉਹ ਕੱਛੂ-ਕੁੰਮੇ ਵਾਂਗ ਲਾਈਨ ਦੇ ਨਾਲ ਨਾਲ ਅੱਗੇ ਸਰਕ ਰਿਹਾ ਸੀ।
ਉਧਰ ਮੋਮੋਰੀਅਲ ਮੀਟਿੰਗ ਵਿਚ ਪ੍ਰੈਜੀਡੈਂਟ ਪਹੁੰਚ ਚੁੱਕਾ ਸੀ। ਟੀ. ਵੀ. ਸਕਰੀਨ ਉੱਤੇ ਉਹਦਾ ਬੇਰਹਿਮ ਮੱਕਾਰ ਚਿਹਰਾ ਅੱਗ ਉਗਲਦਾ, ਥੁੱਕ ਤੇ ਥੁੱਕ ਸੁੱਟ ਰਿਹਾ ਸੀ, “ਸਾਡੀਆਂ ਫੌਜਾਂ ‘ਆਤੰਕੀ ਦੇਸ਼’ ਵਿਚ ਦਾਖਲ ਹੋ ਗਈਆਂ ਹਨ ਅਤੇ ਅੱਗੇ ਵੱਧ ਰਹੀਆਂ ਹਨ … ਅਸੀਂ ਮਟੀਆਮੇਟ ਕਰ ਦਿਆਂਗੇ, ਅਸੀਂ ਤਬਾਹ ਕਰ ਦਿਆਂਗੇ … ਅਸੀਂ ਸਾਰੇ ‘ਆਤੰਕੀ ਦੇਸ਼ਾਂ’ ਦੀ ਹਿੱਕ ਤੇ ਆਪਣਾ ਝੰਡਾ ਗੱਡ ਦਿਆਂਗੇ …!”

ਤਾਲੀਆਂ ਦੀ ਗੜਗੜਾਹਟ ਸਿੱਧੀ ਉਡੀਕ ਹਾਲ ਵਿਚ ਪਹੁੰਚ ਰਹੀ ਸੀ। ਵਾਰਸਾਂ ਅੰਦਰ ਸਿੱਲ਼ੀ ਸਿੱਲ਼ੀ ਚੁਰ-ਚੁਰ ਤੇ ਸੋਗੀ ਧੁਨ ਹੋਰ ਮਾਤਮੀ ਹੋ ਗਈ ਸੀ ਅਤੇ ਇਸ ਸੋਗੀ ਧੁਨ ਨੂੰ ਚੀਰਦੀ ਹੋਈ, ਇਕ ਗੂੰਜਦੀ ਹੋਈ ਆਵਾਜ਼ ਚਾਰੇ ਪਾਸੇ ਖਿਲਰ ਗਈ ਸੀ, “ਇਹ ਹੋਰ ਅੱਗ ਲਾਏਗਾ … ਇਹਦੇ ਬਾਪ ਦੀ ਲਾਈ ਤਾਂ ਹਾਲੇ ਤੱਕ ਬੁਝੀ ਨਹੀਂ … ਇਹਦੀ ਲਾਈ ਸ਼ਾਇਦ ਕਦੇ ਵੀ ਨਾ ਬੁਝੇ।”

ਤਾਲੀਆਂ ਦੀ ਗੜਗੜਾਹਟ ਜਾਰੀ ਸੀ ਅਤੇ ਸਕਾਟ ਦੇ ਤਾਲੂ ਵਿਚ ਥਾਪੀਆਂ ਵਾਂਗ ਵੱਜ ਰਹੀ ਸੀ। ਉਹ ਦਰਦ ਨਾਲ ਦੋਹਰਾ ਚੌਹਰਾ, ਮੱਥੇ ਤੇ ਪੁੜਪੜੀਆਂ ਤੋਂ ਵਾਰ ਵਾਰ ਪਸੀਨਾ ਪੂੰਝਦਾ, ਬੁੜਬੁੜ ਕਰ ਰਿਹਾ ਸੀ। ਪਰ ਉਸਦੀ ਬੁੜਬੁੜ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ, ਸ਼ਾਇਦ ਉਸਨੂੰ ਖੁਦ ਨੂੰ ਵੀ ਨਹੀਂ ਅਤੇ ਗਲੋਰੀਆ ਮਰੇ-ਮਰੇ ਕਦਮ ਪੁੱਟਦੀ ਉਹਦੇ ਕੋਲ ਆ ਖਲੋਈ ਸੀ।

“ਚਲੋ ਘਰ ਚੱਲੀਏ!” ਉਹ ਬੋਲੀ।
“ਕੋਈ ਨਿਸ਼ਾਨੀ ਤਾਂ ਮਿਲ ਜਾਏ!”
“ਅਹੁ ਪੈਕਿਟ!” ਖਾਰੇ ਹੰਝੂਆਂ ਦੀ ਲੰਮੀ ਧਾਰ ਗਲੋਰੀਆ ਦੀਆਂ ਸਦਮੇ ਮਾਰੀਆਂ ਬੋਝਲ ਅੱਖੀਆਂ ’ਚੋਂ ਵਹਿ ਤੁਰੀ।
“ਰਿਪੋਰਟ ਵੀ ਤਾਂ ਚਾਹੀਦੀ ਐ, ਸਰਕਾਰੀ ਮੁਵਾਅਜ਼ੇ ਲਈ … ਇੰਨਸ਼ੋਰਿੰਸ ਕਲੇਮ ਲਈ ਵੀ।”
“ਕੀ ਕਰਨਾ ਹੁਣ ਆਪਾਂ ਮੁਆਵਜ਼ਾ! … ਖਰਿਆ ਦੋ ਸਾਹ ਹੋਰ ਆਉਣੇ ਆ, ਖਰਿਆ ਨਹੀਂ।”

ਗਲੋਰੀਆ ਦੀ ਜ਼ੁਬਾਨ ਲੜਖੜਾ ਗਈ ਤੇ ਸਰੀਰ ਵੀ। ਸਕਾਟ ਨੇ ਆਪ ਡਿਗਣ ਤੋਂ ਬਚਦਿਆਂ ਉਹਨੂੰ ਮਸੀਂ ਸੰਭਾਲਿਆ ਤੇ ਆਪਣੇ ਮੋਢੇ ਦਾ ਸਹਾਰਾ ਦੇਈ ਬਾਹਰ ਲੈ ਤੁਰਿਆ। ਉਹ ਉਹਨੂੰ ਘਸੀਟਦਾ ਮਸਾਂ ਮੇਰੀ ਕੈਬ ਤੱਕ ਪਹੁੰਚਿਆ। ਮੈਂ ਫਟਾਫਟ ਦਰਵਾਜ਼ਾ ਖੋਲ੍ਹਿਆ, ਹਮਦਰਦੀ ਤੇ ਅਦਬ ਨਾਲ ਸੀਟ ਉੱਤੇ ਬਿਠਾਇਆ ਅਤੇ ਕੈਬ ਉਨ੍ਹਾਂ ਦੇ ਦੱਸੇ ਰਾਹ ਤੋਰ ਲਈ।

ਪਰ ਸਕਾਟ ਸਾਈਮਨ ਤੋਂ ਬੈਠਿਆ ਨਹੀਂ ਜਾ ਰਿਹਾ ਸੀ। ਉਹ ਥੱਕ ਟੁੱਟ ਕੇ ਚੂਰ, ਪੁਰਜਾ ਪੁਰਜਾ ਹੋਇਆ ਸੀਟ ਉਤੇ ਖਿਲਰਿਆ ਪਿਆ ਸੀ। ਹੱਥ ਕਿਤੇ, ਪੈਰ ਕਿਤੇ, ਧੜ ਕਿਤੇ, ਸਿਰ ਕਿਤੇ ਅਤੇ ਗਲੋਰੀਆ ਸੁੰਗੜੀ ਸਿਮਟੀ ਸੀਟ ਦੇ ਅੰਦਰ ਜਾ ਧਸੀ ਸੀ। ਉਨ੍ਹਾਂ ਦਾ ਦੁੱਖ ਮੇਰੇ ਤੋਂ ਸਹਾਰਿਆ ਨਹੀਂ ਜਾ ਰਿਹਾ ਸੀ। ਇੰਨੇ ਦੁੱਖੀ ਸੋਗੀ ਚਿਹਰੇ ਮੈਂ ਇੱਥੇ ਅਮਰੀਕਾ ਵਿਚ ਆਪਣੀ ਜਿ਼ੰਦਗੀ ਵਿਚ ਪਹਿਲਾਂ ਕਦੇ ਨਹੀਂ ਦੇਖੇ। ਸਕਾਟ ਦੀਆਂ ਅੱਖਾਂ ਪਾਤਾਲ ਵਿਚ ਗੱਡੀਆਂ ਹੋਈਆਂ ਸਨ ਅਤੇ ਉਹਦਾ ਚਿਹਰਾ ਸ਼ੀਸ਼ੇ ਵਿਚ ਦਿਖ ਦਿਖ ਮੈਨੂੰ ਬੇਆਰਾਮ ਕਰ ਰਿਹਾ ਸੀ। ਉਹ ਨੀਮ ਬੇਹੋਸ਼ੀ ਦੇ ਆਲਮ ਵਿਚ ਬੁੜਬੁੜਾ ਰਿਹਾ ਸੀ। ਸ਼ਾਇਦ ਆਪਣੇ ਨੂੰਹ ਪੁੱਤਰ ਨਾਲ ਕੋਈ ਵਾਰਤਾਲਾਪ ਕਰ ਰਿਹਾ ਸੀ ਜਾਂ ਉਨ੍ਹਾਂ ਦੀਆਂ ਕਦੇ ਕਹੀਆਂ ਗੱਲਾਂ ਦੁਹਰਾਅ ਰਿਹਾ ਸੀ।

“ਅਖੇ, ਮੈਂ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਇਮਾਰਤ ਦੀ ਇਕ ਸੌ ਇੱਕਵੀਂ ਮੰਜਿ਼ਲ ਉਤੇ ਆਪਣੇ ਦਫਤਰ ਵਿਚ ਬੈਠਾ ਇੰਜ ਮਹਿਸੂਸ ਕਰਦਾ ਹਾਂ ਜਿਵੇਂ ਸਵਰਗ ਵਿਚ ਵੱਸਦਾ ਹੋਵਾਂ … ਹਰ ਸਮੇਂ ਆਸਮਾਨ ਵਿਚ ਉੱਡ ਰਿਹਾ ਹੋਵਾਂ … ਥੱਲੇ ਜ਼ਮੀਨ ਉਤੇ ਤੁਰੇ ਫਿਰਦੇ ਲੋਕ ਮੈਨੂੰ ਕੀੜੇ ਮਕੌੜੇ ਜਿਹੇ ਦਿੱਖਦੇ ਆ … ਤੇ ਕਾਰਾਂ ਵੈਨਾਂ, ਸਿਰਫ ਚਿੜੀਆਂ ਕਾਂ …।”
“ਨੂੰਹ ਪੁੱਤਰ ਨਾਲੋਂ ਵੀ ਦੋ ਰਤੀਆਂ ਉੱਪਰ।

“ਅਖੇ, ਇਕ ਸੌ ਇੱਕਵੀਂ ਮੰਜਿ਼ਲ ਉੱਤੇ ਆਪਣੇ ਦਫਤਰ ਵਿਚ ਬੈਠੀ ਮੈਂ ਆਪਣੇ ਆਪ ਨੂੰ ਬੱਦਲਾਂ ਵਿਚ ਵੱਸਦੀ ਮਹਿਸੂਸ ਕਰਦੀ ਹਾਂ। ਇੰਜ ਲੱਗਦਾ ਹੈ ਜਿਵੇਂ ਸਿਤਾਰਿਆਂ ਤੇ ਸਾਡਾ ਘਰ ਹੋਵੇ ਤੇ ਚੰਨ ਮੇਰੀ ਗੋਦੀ ਵਿਚ ਖੇਲ੍ਹਦਾ ਛੋਟਾ ਜਿਹਾ ਬੱਚਾ! … ਅਖੇ, ਬਾਰਿਸ਼ ਹੋਣ ਤੋਂ ਮਗਰੋਂ ਤਾਂ ਇੰਜ ਲੱਗਣ ਲੱਗ ਪੈਂਦਾ ਜਿਵੇਂ ਮੈਂ ਇਕ ਸਤਰੰਗੀ ਪੀਂਘ ਹੋਵਾਂ ਤੇ ਮੇਰੇ ਆਸ ਪਾਸ ਉੱਡਦੇ ਫਿਰਦੇ ਚਿੱਟੇ ਚਿੱਟੇ ਬੱਦਲ ਮੇਰੇ ਰੰਗਾਂ ਤੇ ਰਸ਼ਕ ਕਰਦੇ ਮੇਰੇ ਬਦਨ ਨੂੰ ਛੂਹ ਛੂਹ, ਮੂੰਹ ਨੂੰ ਚੁੰਮ ਚੁੰਮ ਕੇ ਲੰਘਦੇ ਜਾ ਰਹੇ ਹੋਣ …।”

ਸਕਾਟ ਦੀ ਬੁੜਬੁੜ ਉੱਚੀ ਹੁੰਦੀ ਜਾ ਰਹੀ ਸੀ ਅਤੇ ਗਲੋਰੀਆ ਸੀਟ ਵਿਚ ਹੋਰ ਡੂੰਘੀ ਜਾ ਧਸੀ ਸੀ। ਉਨ੍ਹਾਂ ਦਾ ਸੰਤਾਪ ਮੇਰੇ ਤੋਂ ਝੱਲਿਆ ਨਹੀਂ ਜਾ ਰਿਹਾ ਸੀ। ਮੇਰਾ ਦਿਲ ਕਹਿ ਰਿਹਾ ਸੀ, ‘ਸ਼ਾਇਦ ਇਨ੍ਹਾਂ ਦੇ ਦਿਲ ਦਾ ਗੁਬਾਰ ਉਤਰਿਆ ਨਹੀਂ। ਇਨ੍ਹਾਂ ਦੇ ਦੁੱਖ ਵਿਚ ਕੋਈ ਸ਼ਰੀਕ ਨਹੀਂ ਹੋਇਆ ਤੇ ਇਹ ਸਦਮੇ ਦਾ ਸਾਰਾ ਬੋਝ ਰੂਹਾਂ ਉੱਤੇ ਚੁੱਕੀ ਫਿਰਦੇ ਹਨ। ਇਨ੍ਹਾਂ ਦਾ ਦੁੱਖ ਵੰਡਾਉਣਾ ਚਾਹੀਦਾ!’ ਪਰ ਉਨ੍ਹਾਂ ਦੀ ਅੱਤ ਦਰਜ਼ੇ ਦੀ ਸੋਗੀ ਸਥਿਤੀ ਦੇਖ ਕੇ ਕੁਝ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਸੀ।

ਅਚਾਨਕ ਕੈਬ ਨੇ ਇਕ ਤਿੱਖਾ ਕੂਹਣੀ ਮੋੜ ਕੱਟਿਆ ਤਾਂ ਸਕਾਟ ਨੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਮਾੜਾ ਜਿਹਾ ਮੇਰੇ ਵੱਲ ਝਾਕਿਆ ਤੇ ਮੈਂ ਪੁੱਛ ਹੀ ਲਿਆ, “ਸਰ! ਤੁਹਾਡਾ ਕੌਣ ਸਵਰਗਵਾਸ ਹੋ ਗਿਆ?”

ਸਕਾਟ ਕੁਝ ਨਹੀਂ ਬੋਲਿਆ। ਗਲੋਰੀਆ ਨੇ ਇਕ ਲੰਮਾ ਹਉਕਾ ਲੈਂਦਿਆਂ ਦੋ ਸ਼ਬਦ ਜ਼ਰੂਰ ਕਹੇ, “ਨੂੰਹ ਪੁੱਤਰ!”

“ਕਹਿਰ ਹੋ ਗਿਆ … ਇਹੋ ਜਿਹਾ ਦੁਖਾਂਤ ਨਾ ਕਦੇ ਦੇਖਿਆ ਸੀ, ਨਾ ਸੁਣਿਆ, ਕਿਸੇ ਦੀ ਲਾਸ਼ ਤੱਕ ਨਹੀਂ ਮਿਲੀ …!”

ਪਰ ਮੇਰੇ ਅਵਸੋਸ ਨਾਲ ਉਹ ਹੋਰ ਵੀ ਗੁੰਮ ਸੁੰਮ ਜਿਹੇ ਹੋ ਕੇ ਸੀਟ ਵਿਚ ਜਾ ਧਸੇ ਅਤੇ ਪਤਾ ਨਹੀਂ ਕਦੋਂ ਮੇਰੇ ਮੂੰਹੋਂ ਇਹ ਸ਼ਬਦ ਆਪ ਮੁਹਾਰੇ ਨਿਕਲ ਗਏ, “ਸਰ! ਕਿਹੜੀ ਮੰਜਿ਼ਲ ਤੇ ਕੰਮ ਕਰਦੇ ਸੀ ਤੁਹਾਡੇ ਨੂੰਹ ਪੁੱਤਰ?”

“ਗਰਾਉਂਡ ਜ਼ੀਰੋ!” ਸਕਾਟ ਦੇ ਮੂੰਹੋਂ ਅੱਗ ਦੇ ਦੋ ਗੋਲੇ ਵਰਸੇ। ਬੇਹੱਦ ਖਰ੍ਹਵੇ, ਗੁੱਸੇ ਤੇ ਤ੍ਰਿਸਕਾਰ ਭਰੇ ਦੋ ਸ਼ਬਦ।

ਉਸਨੂੰ ਕੰਬਦਾ ਦੇਖ ਕੇ ਮੈਂ ਡਰ ਗਿਆ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰ ਅੱਗੇ ਉਤਾਰ ਕੇ, ਸਕਾਟ ਦੀ ਕੰਬਦੇ ਹੱਥਾਂ ਨਾਲ ਡਾਲਰ ਗਿਣਨ ਦੀ ਪ੍ਰਕਿਰਿਆ ਨੂੰ ਅਧੂਰੀ ਛੱਡ ਕੇ, ਬਿਨਾ ਕਿਰਾਇਆ ਲਏ ਭੱਜ ਆਇਆ।
ਤੇ ਸਕਾਟ ਦੀ ਤਿੱਖੀ ਬੁੜਬੁੜ ਦੂਰ ਤੱਕ ਮੇਰਾ ਪਿੱਛਾ ਕਰਦੀ ਰਹੀ।

“ਕਿੱਦਾਂ ਚਵੜ ਚਵੜ ਕਰ ਰਿਹਾ ਸੀ!” ਘਰ ਪਹੁੰਚ ਕੇ ਵੀ ਉਹਦੀ ਬੌਖਲਾਹਟ ਖਤਮ ਨਹੀਂ ਹੋਈ ਸੀ। ਗਲੋਰੀਆ ਹਊ-ਪਰੇ ਕਰਦੀ ਉਹਨੂੰ ਵਰਚਾਅ ਰਹੀ ਸੀ, “ਵਿਚਾਰੇ ਨੇ ਕਿਰਾਇਆ ਵੀ ਨਹੀਂ ਲਿਆ! ਅਵਸੋਸ ਕਰਦਾ ਸੀ। ਦੁੱਖ ਤਾਂ ਸਾਰਿਆਂ ਨੂੰ ਹੀ ਹੋਇਆ, ਕਈ ਪਰਵਾਸੀ ਵੀ ਤਾਂ ਮਾਰੇ ਗਏ, ਹਾਦਸੇ ਵਿਚ!”

ਇਸ ਹਮਦਰਦੀ ਨਾਲ ਸਕਾਟ ਹੋਰ ਵੀ ਭੜਕ ਪਿਆ, “ਕਿਰਾਇਆ ਨਹੀਂ ਲਿਆ, ਅਵਸੋਸ ਕਰਦਾ ਸੀ! ਕੀ ਪਤਾ ਡਰਦਾ ਭੱਜ ਗਿਆ ਹੋਵੇ ਕਿ ਫੜਾ ਨਾ ਦੇਣ … ਕੋਈ ਸ਼ੱਕੀ ਮੁਸਲਮਾਨ ਲੱਗਦਾ ਸੀ … ਪਾਕੀ, ਅਫਗਾਨੀ, ਇਰਾਨੀ … ਕੀ ਪਤਾ ਕੋਈ ਇਰਾਕੀ ਹੋਵੇ … ਦੋ ਕੈਬ ਵਾਲੇ ਫੜੇ ਵੀ ਤਾਂ ਗਏ …।”

“ਛੱਡੋ ਵੀ ਹੁਣ, ਕਿਉਂ ਹੋਰ ਟੈਨਸ਼ਨ ਲੈਂਦੇ ਹੋ!” ਗਲੋਰੀਆ ਉਹਨੂੰ ਚੁੱਪ ਕਰਾਉਣ ਦੀ ਪੂਰੀ ਵਾਹ ਲਾ ਰਹੀ ਸੀ।
ਸਕਾਟ ਦਾ ਬਲੱਡ ਪਰੈਸ਼ਰ ਇਕਦਮ ਹਾਈ ਹੋ ਗਿਆ ਸੀ। ਬੋਲ ਹੋਰ ਖਰ੍ਹਵੇ, ਭਾਰੇ, ਨਫਰਤ ਤੇ ਤ੍ਰਿਸਕਾਰ ਭਰੇ। ਉਹਨੂੰ ਹਾਈ ਬਲੱਡ ਪਰੈਸ਼ਰ ਦੇ ਦੌਰੇ ਨਾਲ ਕੰਬਦਾ ਦੇਖ ਕੇ ਗਲੋਰੀਆ ਤਰਲੇ ਲੈ ਰਹੀ ਸੀ, “ਸਕਾਟ! ਰੱਬ ਦੇ ਵਾਸਤੇ ਲੰਮੇ ਪੈ ਜਾਓ, ਬਲੱਡ ਪਰੈਸ਼ਰ ਦੀ ਗੋਲੀ ਲੈ ਕੇ। ਚਲੋ ਬੈੱਡ ਉੱਪਰ, ਮੈਂ ਗੋਲੀ ਤੇ ਪਾਣੀ ਲੈ ਕੇ ਹੁਣੇ ਆਈ! ਚਲੋ, ਪਲੀਜ਼, ਬੈੱਡ ਤੇ ਚਲੋ ਤੁਸੀਂ!”

ਪਰ ਉਹਦੇ ਤੋਂ ਆਪਣੇ ਆਪ ਉੱਤੇ ਕੰਟਰੋਲ ਨਹੀਂ ਹੋ ਰਿਹਾ ਸੀ। ਪਾਰਾ ਚੜ੍ਹਦਾ ਈ ਜਾ ਰਿਹਾ ਸੀ, “ਕਿੱਦਾਂ ਪੁੱਛ ਰਿਹਾ ਸੀ, ‘ਕੀ ਕੰਮ ਕਰਦੇ ਸੀ?’ … ਕਿਉਂ? ਦਾੜ੍ਹੀ ਤੋਂ ਵੀ ਤਾਂ ਆਤੰਕਵਾਦੀ ਲੱਗਦਾ ਸੀ … ਓਸਾਮਾ ਬਿਨ ਲਾ …ਲਾ…।”

‘ਲਾਦੇਨ’ ਸ਼ਬਦ ਸਕਾਟ ਦੇ ਸੰਘ ਵਿਚ ਫਸ ਗਿਆ ਤੇ ਉਹਨੂੰ ਉੱਥੂ ਆ ਗਿਆ। ਤੇਜ਼ ਉੱਥੂ। ਉਹ ਪਸੀਨੋ ਪਸੀਨੀ ਹੋਇਆ ਨਿਪਕਿਨ ਨਾਲ ਰਾਲ਼ਾਂ ਪੂੰਝਣ ਦੀ ਕੋਸਿ਼ਸ਼ ਕਰ ਰਿਹਾ ਸੀ। ਉਸਦੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ ਤੇ ਸਾਹ ਮੁੜ ਨਹੀਂ ਰਿਹਾ ਸੀ। ਸੀਨੇ ਵਿਚ ਤੇਜ਼ ਦਰਦ ਵੀ ਸ਼ੁਰੂ ਹੋ ਗਿਆ ਸੀ ਅਤੇ ਉਹ ਔਖੇ ਔਖੇ ਬੋਝਲ ਸਾਹ ਲੈਂਦਾ ਦਰਦ ਨਾਲ ਕਰਾਹ ਰਿਹਾ ਸੀ।

ਗਲੋਰੀਆ ਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੇ? ਫਿਰ ਵੀ ਉਹਨੇ ਬਿਨਾ ਇਕ ਮਿੰਟ ਦੀ ਵੀ ਦੇਰ ਕੀਤਿਆਂ ਨਾਈਨ ਵੰਨ ਵੰਨ ਨੂੰ ਐਮਰਜਿੰਸੀ ਕਾਲ ਕਰਕੇ ਦੱਸ ਦਿੱਤਾ ਕਿ “ਮੇਰੇ ਪਤੀ, ਸਕਾਟ ਸਾਈਮਨ ਨੂੰ ਦਿਲ ਦਾ ਖਤਰਨਾਕ ਦੌਰਾ ਪਿਆ ਐ ਤੇ ਉਹ ਨਿਢਾਲ ਹੋਇਆ ਥੱਲੇ ਲੁਡਕਿਆ ਪਿਆ ਹੈ … ਪਲੀਜ਼ ਤੁਰੰਤ ਪਹੁੰਚੋ!” ਉਹਦੀ ਬੇਨਤੀ ਸੁਣਦੇ ਸਾਰ ਕੁਝ ਮਿੰਟਾਂ ਵਿਚ ਹੀ ਪੁਲੀਸ ਕਾਰ, ਮੈਡੀਕਲ ਵੈਨ ਪਹੁੰਚ ਗਈ ਤੇ ਸਕਾਟ ਨੂੰ ਚੁੱਕ ਕੇ ਹਸਪਤਾਲ ਲੈ ਗਈ। ਨਾਲ ਗਲੋਰੀਆ ਨੂੰ ਵੀ।
* *

ਉਧਰ ਸਕਾਟ ਦਾ ਇਲਾਜ਼ ਸ਼ੁਰੂ ਹੋ ਗਿਆ ਸੀ ਤੇ ਇਧਰ ਮੈਂ ਦੂਜੇ ਗੇੜੇ ਪਹਿਲੇ ਨਾਲੋਂ ਵੀ ਵੱਧ ਬੇਇਜ਼ਤੀ ਕਰਾ ਕੇ ਹੀਣ-ਬੋਧ ਦੇ ਅਹਿਸਾਸ ਨਾਲ ਮਰਦਾ ਜਾ ਰਿਹਾ ਸਾਂ। ਮੂਡ ਇੰਨਾ ਜਿ਼ਆਦਾ ਖਰਾਬ ਹੋ ਗਿਆ ਸੀ ਕਿ ਤਨ ਮਨ ਦਿਮਾਗ਼ ਉਬਲੀ ਜਾ ਰਹੇ ਸਨ। ਬੇਅਦਬੀ, ਜ਼ਲਾਲਤ ਤੇ ਨਮੋਸ਼ੀ ਦੇ ਪੱਛਾਂ ਨਾਲ ਪੱਛੀ ਰੂਹ ਰੋ ਪਈ ਸੀ। ਸੋਚਿਆ, ਘਰ ਪਰਤ ਜਾਵਾਂ। ਪਰ ਬਿੱਲ ਕਿੱਥੋਂ ਦਿਆਂਗੇ? ਘਰ ਦੀ ਕਿਸ਼ਤ, ਇਨਸ਼ੋਅਰੈਂਸ, ਕੈਬ ਟੈਕਸ, ਬੱਚਿਆਂ ਦੀ ਪੜ੍ਹਾਈ … ਖਰਚੇ ਮੂੰਹ ਅੱਡੀ ਅੱਖਾਂ ਅੱਗੇ ਆ ਖਲੋਏ ਤਾਂ ਘਰ ਮੁੜਨ ਦਾ ਵਿਚਾਰ ਦਮ ਤੋੜ ਗਿਆ।

ਤੇ ਭੁੱਖ ਦਾ ਅਹਿਸਾਸ ਸ਼ੁਰੂ ਹੋ ਗਿਆ। ਸ਼ੱਬੋ ਦੇ ਬੰਨ੍ਹ ਕੇ ਦਿੱਤੇ ਪਰਾਉਂਠੇ ਤਾਂ ਟਿਫਨ ਵਿਚ ਪਏ ਨਜ਼ਰ ਆ ਰਹੇ ਸਨ ਪਰ ਖਾਣ ਲਈ ਰੂਹ ਉੱਕੀ ਨਹੀਂ ਮੰਨ ਰਹੀ ਸੀ। ਜੀਅ ਭਿਆਣੇ ਜਿਹੇ ਕੈਬ ਇਕ ਰੈਸਟੋਰੈਂਟ ਵੱਲ ਨੂੰ ਕੱਢੀ ਤਾਂ ਰੈਸਟੋਰੈਂਟ ਬੰਦ ਪਿਆ ਦਿਖਿਆ। ਉੱਪਰ “ਫਾਰ ਸੇਲ” ਦਾ ਫੱਟਾ ਚਿਪਕਿਆ ਹੋਇਆ। ਇਹ ਅਰਬੀ ਰੈਸਟੋਰੈਂਟ ਤਾਂ ਹਾਦਸੇ ਤੋਂ ਪਹਿਲਾਂ ਬੜਾ ਚੱਲਦਾ ਹੁੰਦਾ ਸੀ। ਵਾਰੀ ਨਹੀਂ ਸੀ ਆਉਂਦੀ ਹੁੰਦੀ ਇੱਥੇ ਤਾਂ ਘੰਟਾ ਘੰਟਾ ਭਰ। ਪਾਰਕਿੰਗ ਲਾਟ ਵਿਚ ਖਿਲਰੇ ਪਏ ਕੱਚ ਦੇ ਟੁਕੜੇ ਦੇਖ ਕੇ ਲੱਗ ਰਿਹਾ ਸੀ ਕਿ ਇਹ ਵੀ ਹੇਟ-ਕਰਾਈਮ ਦੀ ਭੇਟ ਚੜ੍ਹ ਗਿਆ। ਖਰਿਆ, ਉਹ ਅਰਬੀ ਵਿਚਾਰਾ ਵੀ!

ਸੋਚਾਂ ਦੀ ਘੁੰਮਣਘੇਰੀ ਵਿਚ ਘਿਰਿਆ ਮੈਂ ਸਿਰ ਸੁੱਟ ਕੇ ਉੱਥੇ ਹੀ ਬੈਠ ਗਿਆ ਅਤੇ ਕੈਬ ਵਿਚ ਲੱਗਾ ਰੇਡਿਉ ਚਾਲੂ ਕਰ ਦਿੱਤਾ। ਜ਼ੋਰਦਾਰ ਭਾਸ਼ਣ ਦੀ ਜੋਸ਼ੀਲੀ ਆਵਾਜ਼ ਕਿਸੇ ਹੁਸੀਨ ਖ਼ੁਆਬ ਵਾਂਗ ਮੇਰੇ ਕੰਨਾਂ ਵਿਚ ਪੈਣ ਲੱਗੀ, “ਸਿਰਫ ਸਤੰਬਰ ਗਿਆਰਾਂ ਹੀ ਆਤੰਕਵਾਦ ਨਹੀਂ, ਬਸਤੀਵਾਦੀ ਹਵਸ ਅਤੇ ਬਸਤੀਆਂ ਲਈ ਜੰਗ ਵੀ ਆਤੰਕਵਾਦ ਹੈ। ਉਸੇ ਦਾ ਪ੍ਰਤੀਕਰਮ ਹੈ ਇਹ ਸਤੰਬਰ ਗਿਆਰਾਂ। ਨਾਗਾਸਾਕੀ-ਹੀਰੋਸ਼ੀਮਾ, ਵਿਅਤਨਾਮ, ਖਾੜੀ ਯੁੱਧ, ਫਿਲਸਤੀਨੀਆਂ ਦੇ ਘਾਣ ਦਾ ਪ੍ਰਤੀਕਰਮ …।”

ਮੈਨੂੰ ਭਾਸ਼ਣ ਚੰਗਾ ਚੰਗਾ ਲੱਗਾ। ਦਿਲ ਨੂੰ ਥੋੜ੍ਹਾ ਚੈਨ ਤੇ ਰੂਹ ਨੂੰ ਮਾੜਾ ਜਿਹਾ ਸਕੂਨ ਆਇਆ ਤੇ ਪਰਾਉਂਠੇ ਚਬਾਉਂਦਾ, ਜੂਸ ਪੀਂਦਾ ਮੈਂ ਬੜੀ ਉਤਸੁਕਤਾ ਨਾਲ ਭਾਸ਼ਣ ਸੁਣਨ ਲੱਗਾ। ਹੁਣ ਕੋਈ ਲੜਕੀ ਬੋਲ ਰਹੀ ਸੀ ਤੇ ਉਸਦੀ ਤਿੱਖੀ ਜੋਸ਼ੀਲੀ ਵੰਗਾਰਵੀਂ ਆਵਾਜ਼ ਸਿੱਧੀ ਮੇਰੀ ਰੂਹ ਵਿਚ ਉਤਰਦੀ ਜਾ ਰਹੀ ਸੀ, “ਹਰੇਕ ਨਿਹੱਕੀ ਜੰਗ ਦੇ ਵਿਰੁੱਧ ਸਾਡੀ ਵੀ ਇਕ ਜੰਗ ਹੈ … ਇਕ ਹੱਕੀ ਜੰਗ … ਤੇ ਇਹ ਜੰਗ, ਸਾਮਰਾਜੀ ਸਿਸਟਮ ਦੀ ਕਬਰ ਪੁੱਟੇ ਬਿਨਾ, ਇਸਦੇ ਸਾਰੇ ਪ੍ਰਪੰਚਾਂ ਨੂੰ ਹਰਾਏ ਬਿਨਾ ਅਤੇ ਦੁਨੀਆ ਭਰ ਦੇ ਨਿਆਂ-ਸ਼ੀਲ ਤੇ ਸ਼ਾਂਤੀ-ਪਸੰਦ ਲੋਕਾਂ ਦੇ ਇਕ-ਜੁੱਟ ਹੋਏ ਬਿਨਾ ਨਹੀਂ ਜਿੱਤੀ ਜਾ ਸਕਦੀ …।”

ਭਾਸ਼ਣਾਂ ਦੇ ਨਾਲ ਨਾਅਰੇ ਵੀ ਬੁਲੰਦ ਹੁੰਦੇ ਜਾ ਰਹੇ ਸਨ ਅਤੇ ਮੇਰਾ ਵੀ ਦਿਲ ਫੜਕਣਾ ਸ਼ੁਰੂ ਹੋ ਗਿਆ ਸੀ। ਮਨ ਵਿਚ ਇਕ ਤੇਜ਼ ਲਹਿਰ ਜਿਹੀ ਉੱਠੀ ਤੇ ਮੈਂ ਕੈਬ ਵਿਰੋਧ ਪ੍ਰਦਰਸ਼ਨ ਵੱਲ ਨੂੰ ਜਾਂਦੇ ਰਾਹੇ ਤੋਰ ਲਈ। ਪ੍ਰਦਰਸ਼ਨ ਵਾਸਿ਼ੰਗਟਨ ਸੈਂਟਰਲ ਪਾਰਕ ਪਹੁੰਚ ਕੇ ਰੈਲੀ ਵਿਚ ਬਦਲ ਗਿਆ ਸੀ।

ਮੈਂ ਰੈਲੀ ਤੋਂ ਥੋੜ੍ਹੀ ਦੂਰ ਹੀ ਕੈਬ ਇਕ ਪੇਡ-ਪਾਰਕਿੰਗ ਲਾਟ ਵਿਚ ਪਾਰਕ ਕੀਤੀ ਅਤੇ ਪੈਦਲ ਮਾਰਚ ਕਰਨ ਲੱਗਾ। ਸੜਕ ਦੇ ਦੋਨੀਂ ਪਾਸੇ ਹੋਰ ਲੋਕ ਵੀ ਉਧਰ ਜਾ ਰਹੇ ਸਨ। ਪੁਲੀਸ ਹਰਲ ਹਰਲ ਕਰਦੀ ਫਿਰ ਰਹੀ ਸੀ। ਮੋਟਰ ਸਾਈਕਲ ਪੁਲੀਸ, ਕਾਰ ਪੁਲੀਸ, ਘੋੜਾ ਪੁਲੀਸ, ਕੁੱਤਾ ਪੁਲੀਸ, ਸਨਾਈਪਰ ਪੁਲੀਸ ਤੇ ਸਾਦਾ ਵਰਦੀ ਪੁਲੀਸ। ਪਰ ਲੋਕ ਰੁਕ ਨਹੀਂ ਰਹੇ ਸਨ। ਮੈਂ ਵੀ ਨਹੀਂ ਰੁਕਿਆ ਤੇ ਸੀਨਾ ਤਾਣ ਕੇ ਰੈਲੀ ਵਿਚ ਜਾ ਵੜਿਆ।

ਰੈਲੀ ਵਿਚ ਬੇਸ਼ੁਮਾਰ ਲੋਕ ਸਨ ਤੇ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਮੈਂ ਵੀ ਅੱਡੀਆਂ ਚੁੱਕ ਚੁੱਕ ਜ਼ੋਰ ਜ਼ੋਰ ਨਾਲ ਨਾਅਰੇ ਮਾਰ ਰਿਹਾ ਸਾਂ। ਮੇਰੀ ਸਾਰੀ ਮਾਯੂਸੀ ਤੇ ਨਮੋਸ਼ੀ ਪਰ ਲਾ ਕੇ ਉੱਡ ਗਈ ਸੀ। ਦਿਲ ਉਛਾਲੇ ਤੇ ਜੋਸ਼ ਉਬਾਲੇ ਖਾ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ‘ਹੁਣ ਮੈਂ ਸਹੀ ਥਾਂ ਖੜ੍ਹਾ ਹਾਂ। ਅਸਲੀ ਗਰਾਉਂਡ ਜ਼ੀਰੋ ਤੇ, ਜਿੱਥੇ ਕਿ ਹਰ ਪੀੜਿਤ ਤੇ ਸੱਚੇ ਇਨਸਾਨ ਨੂੰ ਖੜ੍ਹੇ ਹੋਣਾ ਚਾਹੀਦਾ ਹੈ’। ਮੇਰੇ ਅੰਦਰਲਾ ਉਬਾਲ ਨਾਅਰਿਆਂ ਵਿਚ ਮਿਲ ਮਿਲ ਕੇ, ਦਹਾੜ ਬਣ ਕੇ ਬਾਹਰ ਨਿਕਲ ਰਿਹਾ ਸੀ ਤੇ ਮੈਂ ਸਟੇਜ ਵੱਲ ਨੂੰ ਵੱਧਦਾ ਜਾ ਰਿਹਾ ਸਾਂ। ਅੱਗੇ ਹੋਰ ਅੱਗੇ, ਮੂਹਰਲੀਆਂ ਸਫਾਂ ਵੱਲ।

ਅਚਾਨਕ ਮੇਰੇ ਸੈੱਲ ਫੋਨ ਦੀਆਂ ਘੰਟੀਆਂ ਵੱਜ ਉੱਠੀਆਂ ਤੇ ਨਾਅਰੇ ਲਈ ਉੱਠਿਆ ਮੇਰਾ ਹੱਥ ਇਕਦਮ ਫੋਨ ਉੱਤੇ ਆ ਗਿਆ।
“ਮੈਂ ਕਿਹਾ, ਤੁਸੀਂ ਠੀਕ ਠਾਕ ਤਾਂ ਹੋ?” ਸ਼ੱਬੋ ਦੀ ਡਰੀ-ਡਰੀ ਆਵਾਜ਼ ਕੰਨਾਂ ਵਿਚ ਸੁਰਾਖ ਕਰਦੀ ਜਾ ਰਹੀ ਹੈ।
“ਹਾਂ! ਮੈਂ ਬਿੱਲਕੁੱਲ ਠੀਕ ਆਂ ਸ਼ੱਬੋ! ਤੁਸੀਂ ਸਾਰੇ ਜਣੇ ਠੀਕ ਹੋ? ਰਿੱਚੀ ਤੇ ਪਿੰਟਾ ਸਕੂਲੋਂ ਤਾਂ ਆ ਹੀ ਗਏ ਹੋਣੇ ਆਂ!”
“ਬੱਚੇ ਤਾਂ ਘਰ ਆ ਗਏ ਆ … ਪਰ … ਤੁਸੀਂ ਕਿਤੇ ਡਾਊਨ ਟਾਊਨ ਤਾਂ ਨਹੀਂ ਜਾ ਵੜੇ?”

“ਨਹੀਂ ਸ਼ੱਬੋ! ਮੈਂ ਤਾਂ ਇੱਥੇ ਸੈਂਟਰਲ ਵਾਸਿ਼ੰਗਟਨ ਪਾਰਕ ਵਿਚ ਆਂ। ਇੱਥੇ ਲੱਖਾਂ ਲੋਕ ਆ ਮੇਰੇ ਆਲੇ ਦੁਆਲੇ। ਨਾਅਰੇ ਮਾਰਦੇ, ਭਾਸ਼ਣ ਕਰਦੇ, ਗੀਤ ਗਾਉਂਦੇ … ਮੈਨੂੰ ਕੋਈ ਖਤਰਾ ਨਹੀਂ ਇੱਥੇ!”
“ਹਾਏ ਮੈਂ ਮਰ ਜਾਂ, ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਨਾ ਪਾਓ!” ਉਹ ਕਿਸੇ ਅਦਿੱਖ ਦਰਦ ਨਾਲ ਚੀਖ ਰਹੀ ਹੈ।

“ਇੰਨਾ ਰੁਦਨ ਕਿਉਂ ਕਰ ਰਹੀ ਐਂ! ਦੱਸ ਵੀ ਤਾਂ ਸਹੀ, ਹੋਇਆ ਕੀ ਐ?”
“ਤੁਹਾਡੇ ਕੈਬ ਡਰਾਈਵਰ, ਰਣਬੀਰ ਸੋਢੀ ਨੂੰ, ਡਾਊਨ ਟਾਊਨ ਵਿਚ, ਭੂਤਰੇ ਨਸਲਵਾਦੀਆਂ ਨੇ ਗੋਲੀ ਮਾਰ ਕੇ ਮਾਰ ਸੁੱਟਿਆ।”
“ਓਹ ਹੋ! ਰਣਬੀਰ ਸੋਢੀ!! … ਤੈਨੂੰ ਕੀਹਨੇ ਦੱਸਿਆ?”

“ਮੈਂ ਪੰਜਾਬੀ ਰੇਡਿਉ ਤੇ ਸੁਣਿਆ ਹੁਣੇ ਹੁਣੇ … ਤੁਸੀਂ ਸਿੱਧੇ ਘਰ ਚਲੇ ਆਓ, ਮੇਰਾ ਦਿਲ ਨਹੀਂ ਖਲੋ ਰਿਹਾ … ਮੈਨੂੰ ਬੜਾ ਡੀਪ-ਡਿਪਰੈਸ਼ਨ ਹੋਈ ਜਾ ਰਿਹਾ!” ਸ਼ੱਬੋ ਰੋ ਰਹੀ ਹੈ।

ਰਣਬੀਰ ਸੋਢੀ ਦੀ ਮੌਤ ਦੀ ਖਬਰ ਆਸਮਾਨੀ ਬਿਜਲੀ ਵਾਂਗ ਸਿੱਧੀ ਮੇਰੇ ਸਿਰ ਤੇ ਆ ਕੇ ਡਿੱਗੀ ਤੇ ਮੇਰੀ ਬੋਲਤੀ ਬੰਦ ਹੋ ਗਈ ਹੈ। ਮੇਰਾ ਦਿਲ ਡੱਕੇ-ਡੋਲੇ ਖਾ ਰਿਹਾ ਹੈ ਅਤੇ ਰਣਬੀਰ ਸੋਢੀ ਦਾ ਹੰਸੂ ਹੰਸੂ ਕਰਦਾ ਹੱਸਮੁਖ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਖਲੋਇਆ ਹੈ – ਖੁੱਲ੍ਹੀ ਦਾੜ੍ਹੀ, ਪੋਚਵੀਂ ਪੱਗ, ਚਿਹਰੇ ਤੇ ਪੂਰਾ ਜਲੌਅ। ਮਿੱਠ ਬੋਲੜਾ, ਸੱਜਣ ਆਦਮੀ ਤੇ ਸਾਊ ਨੇਕ ਸੁਭਾਅ। ਹਾਲੇ ਸਵੇਰੇ ਹੀ ਤਾਂ ਮੈਨੂੰ ਮਿਲਿਆ ਸੀ, ਡੀ. ਐਨ. ਏ. ਲੈਬ ਦੇ ਸਾਹਮਣੇ ਸਵਾਰੀ ਲਾਹੁਣ ਆਇਆ।

ਦਿਲ ਵਿਚੋਂ ਇਕ ਵੈਰਾਗ ਜਿਹਾ ਉੱਠ ਉੱਠ ਸਿਰ ਨੂੰ ਚੜ੍ਹ ਰਿਹਾ ਹੈ ਅਤੇ ਮੈਂ ਸਦਮੇ ਨਾਲ ਚੂਰ-ਮੂਰ, ਭੀੜ ਵਿਚੋਂ ਰਾਹ ਬਣਾਉਂਦਾ, ਹੌਲੀ ਹੌਲੀ ਬਾਹਰ ਨਿਕਲ ਰਿਹਾਂ। ਡੌਰ ਭੌਰ ਜਿਹਾ ਆਲਾ ਦੁਆਲਾ ਦੇਖਦਾ ਹੋਇਆ। ਅਚਾਨਕ ਮੇਰੇ ਕਦਮ ਰੁਕ ਗਏ ਹਨ ਅਤੇ ਮੈਂ ਇਕ ਉੱਚੀ ਥਾਂ ਉੱਤੇ ਖਲੋ ਕੇ ਚਾਰੇ ਪਾਸੇ ਨਜ਼ਰ ਘੁਮਾ ਘੁਮਾ ਕੇ ਦੇਖ ਰਿਹਾਂ ਕਿ ‘ਮੇਰੇ ਵਰਗੇ ਕਿੰਨੇ ਕੁ ਹੋਰ ਮੌਜੂਦ ਹਨ ਇਸ ਰੈਲੀ ਵਿਚ’। ਪਰ ਮੇਰੇ ਵਰਗਾ ਕੋਈ ਵੀ ਨਜ਼ਰ ਨਹੀਂ ਆ ਰਿਹਾ, ਦੂਰ ਦੂਰ ਤੱਕ। ਇਕ ਵੀ ਬੰਦਾ ਨਹੀਂ।

ਉਧਰ ਭਾਸ਼ਣ ਜ਼ੋਰ ਸ਼ੋਰ ਨਾਲ ਜਾਰੀ ਹਨ ਅਤੇ ਇਧਰ ਮੈਂ ਦਾੜ੍ਹੀਆਂ, ਪੱਗਾਂ ਭਾਲਦਾ ਫਿਰ ਰਿਹਾ ਹਾਂ। ਪਰ ਨਾ ਕਿਤੇ ਕੋਈ ਪੱਗ, ਨਾ ਦਾੜ੍ਹੀ ਹੀ ਦਿਖ ਰਹੀ ਐ। ਮੇਰੀਆਂ ਅੱਖਾਂ ਅੱਗੇ ਇਕ ਨ੍ਹੇਰਾ ਜਿਹਾ ਛਾਉਂਦਾ ਜਾ ਰਿਹਾ ਹੈ ਅਤੇ ਸਟੇਜ ਉੱਤੇ ਗੱਡਿਆ ਅਮਰੀਕੀ ਝੰਡਾ ਮੈਨੂੰ ਹੋਰ ਉੱਚਾ ਹੁੰਦਾ ਜਾਂਦਾ ਨਜ਼ਰ ਆ ਰਿਹਾ ਹੈ। ਇਹੀ ਝੰਡਾ ਤਾਂ ਰਣਬੀਰ ਦੀ ਕੈਬ ਦੇ ਅੱਗੇ ਪਿੱਛੇ ਵੀ ਗੱਡਿਆ ਹੋਇਆ ਸੀ, “ਸਿੱਖ ਅਮਰੀਕਾ ਦਾ ਸਮਰਥਨ ਕਰਦੇ ਹਨ”, ਬੈਨਰ ਵਾਲਾ। ਇਸੇ ਬੈਨਰ ਵਾਲਾ ਇਹੀ ਝੰਡਾ, ਅੱਜ ਕੱਲ੍ਹ ਸਾਰੇ ਪਰਵਾਸੀਆਂ ਦੀਆਂ ਕੈਬਾਂ, ਕਾਰਾਂ, ਘਰਾਂ ਤੇ ਕਾਰੋਬਾਰਾਂ ਉੱਤੇ ਗੱਡਿਆ ਹੋਇਆ ਹੈ। ਮੇਰੀ ਆਪਣੀ ਕੈਬ ਦੇ ਅੱਗੇ ਪਿੱਛੇ ਵੀ।

ਇਹੀ ਝੰਡਾ ਇਸ ਸਮੇਂ ਮੇਰੇ ਦਿਮਾਗ਼ ਵਿਚ ਵੀ ਗੱਡਿਆ ਜਾ ਰਿਹਾ, ਪੈ੍ਰਜੀਡੈਂਟ ਦੇ ਅੱਜ ਦੇ ਭਾਸ਼ਣ ਦੇ ਰੰਗ ਨਾਲ ਤਾਜ਼ਾ ਤਾਜ਼ਾ ਰੰਗਿਆ ਹੋਇਆ ਅਤੇ ਮੈਂ ਸ਼ੱਬੋ ਦੀ ਆਵਾਜ਼ ਦਾ ਪਿੱਛਾ ਕਰਦਾ ਘਰ ਵੱਲ ਨੂੰ ਬੁਝੇ-ਬੁਝੇ ਜਿਹੇ ਕਦਮ ਪੁੱਟਦਾ ਤੁਰ ਪਿਆ ਹਾਂ। ਪਾਰਕਿੰਗ ਲਾਟ ਵਿਚੋਂ ਕੈਬ ਬਾਹਰ ਕੱਢਦਾ ਜਿਧਰ ਵੀ ਦੇਖਦਾ ਹਾਂ, ‘ਅਸੀਂ ਅਮਰੀਕਾ ਦਾ ਸਮਰਥਨ ਕਰਦੇ ਹਾਂ’, ਬੈਨਰਾਂ ਵਾਲੇ ਝੰਡੇ ਹੀ ਝੰਡੇ ਝੁੱਲਦੇ ਦਿਖਾਈ ਦੇ ਰਹੇ ਹਨ ਅਤੇ ਮੈਂ ਇਨ੍ਹਾਂ ਬੈਨਰਾਂ-ਝੰਡਿਆਂ ਦੇ ਬੋਝ ਥੱਲੇ ਦੱਬਦਾ ਜਾ ਰਿਹਾ ਹਾਂ।

ਮੇਰੇ ਕੰਨਾਂ ਵਿਚ ਇਕੋ ਆਵਾਜ਼ ਲਗਾਤਾਰ ਗੂੰਜ ਰਹੀ ਹੈ, “ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਵੈਰ!” ਇਹ ਆਵਾਜ਼ ਮੇਰੀ ਪਤਨੀ ਸ਼ੱਬੋ ਦੀ ਹੈ। ਇਹ ਆਵਾਜ਼ ਸਾਰੀਆਂ ਪਰਵਾਸੀ ਪਤਨੀਆਂ ਦੀ ਹੈ। ਇਹ ਆਵਾਜ਼ ਸਾਡੀ ਲਾਚਾਰ ਪਰਵਾਸੀ ਹੋਂਦ ਦੀ ਹੈ। ਇਹ ਆਵਾਜ਼ ਮਸ਼ੀਨ ਦਾ ਪੁਰਜਾ ਬਣ ਕੇ ਮਨੁੱਖੀ ਸੰਵੇਦਨਸ਼ੀਲਤਾ ਤੋਂ ਹੱਥ ਧੋਅ ਬੈਠੇ ਮਨੁੱਖ ਦੀ ਵੀ ਹੈ ਅਤੇ ਇਹ ਆਵਾਜ਼ ਨਿਆਸਰੇ ਹੋਣ ਦੇ ਅਹਿਸਾਸ ਨਾਲ ਪੀੜਿਤ ਉਸ ਇਨਸਾਨ ਦੀ ਵੀ, ਜੋ ਇਕ ਖੁੱਡ ’ਚੋਂ ਨਿਕਲ ਕੇ ਦੂਜੀ ਵਿਚ ਜਾ ਵੜਦਾ ਹੈ।

ਇਹ ਆਵਾਜ਼ ਮੇਰੇ ਕੰਨ ਪਾੜਦੀ, ਮੇਰਾ ਕਲੇਜਾ ਲੂੰਹਦੀ, ਮੇਰੇ ਵਜੂਦ ਨੂੰ ਝੱਠਲਾਉਂਦੀ, ਮੈਨੂੰ ਖਤਮ ਕਰਦੀ ਜਾ ਰਹੀ ਹੈ। ਅੱਗ ਦਾ ਇਕ ਗੋਲਾ ਮੇਰੇ ਜਿ਼ਹਨ ਅੰਦਰ ਧੱਸਦਾ ਜਾ ਰਿਹਾ ਹੈ। ਮੇਰਾ ਸਾਰਾ ਵਜੂਦ ਅੱਗ ਦੀਆਂ ਲਪਟਾਂ ਬਣ ਕੇ, ਗਰਕ ਜਾਣ ਲਈ ਗਰਾਉਂਡ ਜ਼ੀਰੋ ਲੱਭ ਰਿਹਾ ਹੈ, ਪਰ ਉਹ ਗਰਾਉਂਡ ਜ਼ੀਰੋ ਕਿਤੇ ਨਜ਼ਰ ਨਹੀਂ ਆ ਰਹੀ।

ਮੈਂ ਪਾਤਾਲ ਵਿਚ, ਡੂੰਘਾ ਹੋਰ ਡੂੰਘਾ ਨਿਘਰਦਾ ਜਾਂਦਾ ਮਹਿਸੂਸ ਕਰਦਾ, ਘਰ ਵੱਲ ਨੂੰ ਉੱਡਦਾ ਹੋਇਆ ਜਾ ਰਿਹਾ ਹਾਂ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2005)
(ਦੂਜੀ ਵਾਰ 12 ਮਾਰਚ 2022)

***
679

About the author

ਪੋ੍: ਹਰਭਜਨ ਸਿੰਘ (ਕੈਲੀਫੋਰਨੀਆ, ਅਮਰੀਕਾ)
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪੋ੍: ਹਰਭਜਨ ਸਿੰਘ (ਕੈਲੀਫੋਰਨੀਆ, ਅਮਰੀਕਾ)

View all posts by ਪੋ੍: ਹਰਭਜਨ ਸਿੰਘ (ਕੈਲੀਫੋਰਨੀਆ, ਅਮਰੀਕਾ) →