19 April 2024

ਕਹਾਣੀ – ਆਫ਼ਤ ਦੀ ਰਾਤ – ਅਨਮੋਲ ਕੌਰ, ਕੈਨੇਡਾ

ਦੋ ਸ਼ਬਦ ਲੇਖਕਾ ਬਾਰੇ:

ਅਨਮੋਲ ਕੌਰ, ਕੈਨੇਡਾ
ਅਨਮੋਲ ਕੌਰ

ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ ‘ਕਾਰਨਾਂ ਕਰਕੇ’ ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਸਾਲ ਭਰ ਤੋਂ ਹੀ ਮੁੜ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਹੁਣ ਤੱਕ ਉਹਨਾਂ ਦੀਆਂ ਅੱਠ ਕਹਾਣੀਆਂ ਸਥਾਨਕ ਪਰਚਿਆਂ ਅਤੇ ਇੰਟਰਨੈੱਟ ਮੈਗ਼ਜ਼ੀਨਾਂ ਵਿੱਚ ਛੱਪ ਚੁੱਕੀਆਂ ਹਨ। ਉਹਨਾਂ ਦੀ ਚਾਹ ਅਤੇ ਕੋਸ਼ਿਸ਼ ਹੈ ਕਿ ਉਹ ਚੰਗੀਆਂ ਕਹਾਣੀਆਂ ਲਿੱਖ ਸਕਣ।
‘ਲਿਖਾਰੀ’ ਲੇਖਕਾ ਦੀ ਪੰਜਾਬੀ ਸਾਹਿਤਕ ਜਗਤ ਵਿੱਚ ਆਮਦ ਨੂੰ ਜੀ ਆਇਆਂ ਕਹਿੰਦਿਆਂ ਆਸ ਕਰਦਾ ਹੈ ਕਿ ਉਹ ਹੁਣ ਆਪਣਾ ਲਿਖਣ ਸਫ਼ਰ ਨਿਰੰਤਰ ਜਾਰੀ ਰੱਖਦਿਆਂ ਸਾਹਿਤਕ ਜਗਤ ਵਿੱਚ ਆਪਣੀ ਇੱਕ ਪਹਿਚਾਣ ਬਣਾਉਣ ਦਾ ਯਤਨ ਕਰਨਗੇ।

‘ਲਿਖਾਰੀ’ (11 ਅਕਤੂਬਰ 2003)

********

ਘਾਟੀ ਵਾਲਿਆਂ ਦਾ ਸ਼ਿੰਦਾ ਅੱਜ ਸਰਪੰਚ ਚੁਣਿਆ ਗਿਆ। ਉਮਰ ਦਾ ਉਹ ਅਜੇ ਪੱਚੀ ਕੁ ਸਾਲ ਦਾ ਹੀ ਹੋਵੇਗਾ। ਪਰ ਅਕਲ ਦਾ ਸਿਆਣਾ ਅਤੇ ਸਮਝਦਾਰ ਸੀ। ਲੋਕਾਂ ਦੇ ਕੰਮ ਤਾਂ ਪਹਿਲਾਂ ਵੀ ਉਹ ਕਾਫੀ ਸਵਾਂਰ ਦਿੰਦਾ ਸੀ। ਜਦੋ ਵੀ ਉਹ ਸ਼ਹਿਰੋਂ ਮੁੜਦਾ, ਪਿੰਡ ਦਾ ਕੋਈ ਬੁੱਢਾ ਬਾਬਾ ਜਾਂ ਬੇਬੇ ਉਸ ਦੇ ਮੋਟਰਸਾਈਕਲ ਦੇ ਮਗਰ ਬੈਠਾ ਹੀ ਹੁੰਦਾ। ਰਾਹ ਵਿਚ ਕੋਈ ਵੀ ਸਿਆਣਾ ਬਜੁਰਗ ਮਿਲਦਾ। ਉਸ ਨੂੰ ਮੋਟਰਸਾਈਕਲ ਉਪਰ ਬੈਠਾ ਕੇ ਜਿਥੇ ਵੀ ਜਾਣਾ ਹੁੰਦਾ, ਉਸ ਥਾਂ ‘ਤੇ ਪਹੰੁਚਾ ਦਿੰਦਾ। ਵੈਸੇ ਵੀ ਰੱਬ ਨੇ ਉਸ ਨੂੰ ਸ਼ਕਲ ਸੂਰਤ ਬਹੁਤ ਸੋਹਣੀ ਦਿੱਤੀ ਸੀ। ਉਸ ਦਾ ਉਚਾ ਲੰਮਾ ਕੱਦ ਉਸ ਦੀ ਸ਼ਖਸ਼ੀਅਤ ਦਾ ਖਾਸ ਉਭਾਰ ਸੀ। ਕਾਲਜ ਗਿਆ ਹੋਣ ਕਰਕੇ ਕੱਪੜੇ ਦੀ ਚੋਣ ਦਾ ਕਾਫੀ ਖਿਆਲ ਰੱਖਦਾ। ਤਕਰੀਬਨ ਪੱਗ ਨਾਲ ਮੈਚ ਕਰਦੀ ਉਸ ਦੀ ਪੈਂਟ ਹੁੰਦੀ। ਉਸ ਦੀ ਕਾਲੀ ਖੁਲ੍ਹੀ ਛੱਡੀ ਦਾੜ੍ਹੀ ਉਸ ਦੇ ਗੋਰੇ ਰੰਗ ਨੂੰ ਹੋਰ ਵੀ ਨਿਖਾਰਦੀ।

ਆਲੇ-ਦੁਆਲੇ ਪਿੰਡਾਂ ਦੀਆਂ ਕੁੜੀਆਂ ਕਾਲਜ ਜਾਣ ਲਈ ਬੱਸ ਦੀ ਉਡੀਕ ਵਿਚ ਬੱਸ ਅੱਡੇ ਉਪਰ ਖੜ੍ਹੀਆਂ ਹੁੰਦੀਆਂ। ਉਹ ਉਹਨਾਂ ਦੇ ਕੋਲ ਦੀ ਆਪਣਾ ਮੋਟਰਸਾਈਕਲ ਇੱਕ ਅਨੋਖੀ ਹੀ ਅਦਾ ਨਾਲ ਲੰਘਾ ਕੇ ਲੈ ਜਾਦਾਂ। ਉਹ ਤੱਕਦੀਆਂ ਹੀ ਰਹਿ ਜਾਦੀਆਂ। ਰਾਣੀ ਤਾਂ ਉਸ ਨੂੰ ਆਪਣਾ ਹੀ ਬਣਾ ਲੈਣਾ ਚਾਹੁੰਦੀ ਸੀ। ਆਕੜ ਤਾਂ ਰਾਣੀ ਦੀ ਵੀ ਘੱਟ ਨਹੀਂ ਸੀ। ‘ਐਰੇ ਗੈਰੇ’ ਨੂੰ ਉਹ ਖੰਘਣ ਵੀ ਨਹੀਂ ਸੀ ਦੇਂਦੀ। ਉਸ ਦਿਨ ਤਾਂ ਹੱਦ ਹੀ ਹੋ ਗਈ। ਰਾਣੀ ਆਪਣੀਆਂ ਸਹੇਲੀਆਂ ਨਾਲ ਕਾਲਜ ਦੇ ਲਾਗੇ ਹੀ ਚਾਹ ਦੀ ਦੁਕਾਨ ਅੱਗੇ ਖਲੋਤੀ ਸੀ। ਜਦਂੋ ਸ਼ਿੰਦੇ ਨੇ ਆਪਣਾ ਮੋਟਰਸਾਈਕਲ ਕੋਲ ਦੀ ਲੰਘਾਇਆ। ਕੋਲ਼ ਵਗਦੀ ਨਾਲੀ ਦੇ ਗੰਦੇ ਛਿੱਟੇ ਰਾਣੀ ਦੇ ਕਰੀਮ ਕਲਰ ਦੇ ਸੂਟ ਉਪਰ ਫੱੁਲਾਂ ਦੇ ਰੂਪ ਵਿਚ ਉਭਰ ਆਏ। ਰਾਣੀ ਨੂੰ ਤਾਂ ਉਸ ਨਾਲ ਲੜਨ ਦਾ ਬਹਾਨਾ ਮਿਲ ਗਿਆ। ਉਪਰੇ ਮਨ ਨਾਲ ਕਹਿਣ ਲੱਗੀ, “ਇਹ ਕਾਲਜ ਵਿਚ ਪੜ੍ਹਦਾ ਹੈ ਨਹੀਂ, ਅਵਾਰਾਗਰਦੀ ਕਰਨ ਪਤਾ ਨਹੀ ਕਿਓਂ ਆੳਂੁਦਾ ਹੈ? “

“ਕਦੀ ਕਦੀ ਤੈਨੂੰ ਦੇਖਣ ਹੀ ਆਉਂਦਾ ਹੈ। “ ਕੋਲ ਖੜ੍ਹੀ ਕੁੜੀ ਨੇ ਸ਼ਰਾਰਤ ਨਾਲ ਕਿਹਾ।

“ਚੱਲ ਫਿਰ ਅੱਜ ਦੇਖੀ ਜਾਊ, ਇਹਦੇ ਨਾਲ ਵੀ ਗੱਲ ਦੋ ਟੁਕ ਕਰ ਹੀ ਲੈਂਦੇ ਹਾਂ। “ ਰਾਣੀ ਨੇ ਝੂੱਠੇ ਗੁੱਸੇ ਨਾਲ ਕਿਹਾ।

ਰਾਣੀ ਕੁੜੀਆਂ ਨੂੰ ਨਾਲ ਲੈ ਕੇ ਉਧਰ ਨੂੰ ਹੋ ਤੁਰੀ, ਜਿਥੇ ਸ਼ਿੰਦਾ ਥੋੜੀ ਵਿੱਥ ‘ਤੇ ਖਲੋਤਾ ਮੁੰਡਿਆਂ ਨਾਲ ਗੱਲਾਂ ਕਰਨ ਵਿਚ ਮਗਨ ਸੀ। ਪਰ ਉਹ ਉਹਨਾਂ ਤੋਂ ਥੋੜੀ ਦੂਰ ਹੀ ਖਲੋ ਗਈਆਂ ਜਿਵੇ ਅੱਗੇ ਜਾਣ ਦੀ ਹਿੰਮਤ ਨਾ ਹੋਵੇ। ਦੇਖ ਤਾਂ ਸ਼ਿੰਦੇ ਨੇ ਲਿਆ ਹੀ ਸੀ, ਕਿ ਉਹ ਇਧਰ ਹੀ ਆ ਰਹੀਆ ਹਨ। ਪਰ ਉਸ ਨੇ ਦਿਖਾਵਾ ਇੰਜ ਕੀਤਾ ਜਿਵੇਂ ਉਸ ਨੇ ਦੇਖਿਆ ਹੀ ਨਹੀਂ। ਵਿਚਂੋਂ ਹੀ ਇਕ ਸਮਝਦਾਰ ਮੁੰਡੇ ਨੇ ਕੁੜੀਆਂ ਵੱਲ ਨੂੰ ਇਸ਼ਾਰਾ ਕਰਦੇ ਹੋਏ ਕਿਹਾ, “ਭਾ ਜੀ! ਲੱਗਦਾ ਹੈ ਜਿਵੇ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਹੋਵੇ, ਉਹ ਤੁਹਾਡੀ ਕੰਨੀ ਹੀ ਦੇਖ ਰਹੀਆਂ ਹਨ। “

“ਚਲੋ ਵੇਖ ਲੈਂਦੇ ਹਾਂ।“

ਸ਼ਿੰਦੇ ਨੇ ਮੋਟਰਸਾਈਕਲ ਨੂੰ ਕੰਧ ਨਾਲ ਲਾਉਂਦੇ ਹੋਏ ਕਿਹਾ: “ਹਾਂ ਜੀ, ਐਨੀ ਪਰੋਬਲਮ। “ ਸ਼ਿੰਦੇ ਨੇ ਕੁੜੀਆਂ ਦੇ ਕੋਲ ਜਾ ਕੇ ਬੜੀ ਹਲੀਮੀ ਨਾਲ ਕਿਹਾ।

ਬਾਕੀ ਕੁੜੀਆਂ ਤਾਂ ਚੁੱਪ ਰਹੀਆਂ। ਰਾਣੀ ਨੇ ਹੋਂਸਲਾਂ ਕਰਕੇ ਕਿਹਾ, “ਮੋਟਰਸਾਈਕਲ ਲੰਘਾਉਣ ਲੱਗਿਆ ਘੱਟ ਤੋ ਘੱਟ ਕੋਈ ਨਾਲ਼ੀ ਟੋਬਾ ਤਾਂ ਦੇਖ ਲਿਆ ਕਰੋ। “

ਸ਼ਿੰਦੇ ਨੇ ਹਸਰਤ ਭਰੀਆਂ ਨਜਰਾਂ ਨਾਲ ਰਾਣੀ ਦੇ ਸੂਟ ਵੱਲ ਦੇਖਦੇ ਹੋਏ ਕਿਹਾ, “ਜਿਨਾਂ ਰਾਹਾਂ ਵਿਚ ਤੁਹਾਡੇ ਵਰਗੇ ਸਜਣ ਖੜ੍ਹ ਜਾਣ, ਉਹ ਨਾਲੀ ਟੋਬਾ ਕਿੱਥੇ ਦੇਖਣ ਦਿੰਦੇ ਹਨ। “

ਰਾਣੀ ਨੂੰ ਦੂਸਰੀ ਗੱਲ ਤਾਂ ਆਈ ਹੀ ਨਹੀ। ਟੇਡੀ ਅੱਖ ਨਾਲ ਸ਼ਿੰਦੇ ਵੱਲ ਦੇਖਦੀ ਅਤੇ ਬੁਲਾਂ ਵਿਚ ਹੱਸਦੀ ਹੋਈ, ਉਥੋ ਕੁੜੀਆਂ ਨੂੰ ਲੈ ਕੇ ਚਲੀ ਗਈ। ਇਕ ਕੁੜੀ ਨੇ ਟਿਚਰ ਨਾਲ ਕਿਹਾ, “ਰਾਣੀ ਦੇਖ ਲੈ, ਉਸ ਨੇ ਤੈਨੂੰ ਹੀ ਕਸੂਰਵਾਰ ਠਹਿਰਾ ਦਿੱਤਾ। “

“ਤੂੰ ਚੁੱਪ ਕਰ ਜਾ। “ ਰਾਣੀ ਉਸ ਨੂੰ ਟੁੱਟ ਕੇ ਪਈ।

ਆਲਮਪੁਰੇ ਸ਼ਿੰਦੇ ਦਾ ਮਾਮਾ ਵਿਆਹਿਆ ਹੋਇਆ ਸੀ। ਮਾਮੀ ਦਾ ਭਤੀਜਾ ਗੋਗੀ ਸ਼ਿੰਦੇ ਦੇ ਹਾਣ ਦਾ ਸੀ। ਲਾਗੇ ਪਿੰਡ ਹੋਣ ਕਰਕੇ ਇਕ ਦੂਜੇ ਦੀ ਕਾਫੀ ਸਾਂਝ ਸੀ। ਆੳਂੁਦੇ ਐਤਵਾਰ ਨੂੰ ਗੋਗੀ ਦਾ ਵਿਆਹ ਸੀ। ਸ਼ਿੰਦੇ ਨੇ ਸੋਚ ਰੱਖਿਆ ਸੀ। ਐਤਵਾਰ ਨੂੰ ਹੀ ਜੰਝ ਤੁਰਨ ਤੋ ਪਹਿਲਾਂ ਉਹ ਆਲਮਪੁਰੇ ਪਹੁੰਚ ਜਾਣਗੇ।

ਛਨੀਵਾਰ ਦੀ ਸ਼ਾਮ ਨੂੰ ਜਦੋ ਸ਼ਿੰਦਾ ਝੋਨੇ ਦੀ ਟਰਾਲੀ ਸੁੱਟ੍ਹ ਕੇ ਘਰ ਆਇਆ। ਆਉਂਦਿਆ ਉਸ ਦੀ ਬੀਬੀ ਕਹਿਣ ਲੱਗੀ: “ਕਾਕਾ, ਅੱਜ ਹੀ ਆਪਾ ਆਲਮਪੁਰੇ ਨੂੰ ਚਲੇ ਜਾਈਏ? “

“ਕਾਹਦੇ ਲਈ? “ ਸ਼ਿੰਦੇ ਨੇ ਥੋੜਾ ਖਿਝ ਕੇ ਕਿਹਾ।

“ਪੁੱਤ ਤੇਰੀ ਮਾਮੀ ਤਾਂ ਪਰਸੋ ਦੀ ਆਈ ਹੋਈ ਹੈ। ਚੱਲ ਅਸੀ ਨਨਾਣ ਭਰਜਾਈ ਇੱਕਠੀਆਂ ਰਾਤ ਰਹਿ ਲਵਾਂਗੀਆਂ। “ ਬੀਬੀ ਨੇ ਤਰਲੇ ਨਾਲ ਕਿਹਾ।

ਮੰਡੀ ਦੀ ਖੱਜਲ ਖੁਆਰੀ ਤੋ ਉਹ ਕਾਫ਼ੀ ਥੱਕ ਚੁੱਕਾ ਸੀ। ਕਿਤੇ ਮਸੀ ਜਾਕੇ ਉਸਦੀ ਵਾਰੀ ਆਈ ਸੀ। ਭਾਅ ਵੀ ਮਾੜਾ ਮਿਲਣ ਕਾਰਣ ਉਸ ਦਾ ਦਿਲ ਉਦਾਸ ਸੀ। ਪਰ ਬੀਬੀ ਦੇ ਤਰਲੇ ਅੱਗੇ ਉਸਦੀ ਕੋਈ ਪੇਸ਼ ਨਾ ਗਈ।

ਨਹਾ ਧੋਕੇ ਥੋੜਾ ਅਰਾਮ ਕਰਨ ਤੋ ਬਆਦ, ਅੱਠ ਵਜੇ ਸ਼ਿੰਦਾ ਬੀਬੀ ਨੂੰ ਲੈ ਕੇ ਆਲਮਪੁਰੇ ਪਹੰੁਚ ਗਿਆ। ਵਿਆਹ ਵਾਲੇ ਘਰ ਬਹੁਤ ਰੌਣਕ ਸੀ। ਪਿੰਡ ਦੀਆਂ ਜ਼ਨਾਨੀਆਂ ਅਤੇ ਮੇਲ ਨੇ ਰਲ ਕੇ ਸ਼ੋਰ ਮਚਾ ਰੱਖਿਆ ਸੀ। ਰੋਟੀ ਖਾਣ ਤੋ ਬਆਦ ਸ਼ਿੰਦਾ ਵੀ ਉਹਨਾਂ ਮੁੰਡਿਆ ਵਿੱਚ ਜਾ ਰਲਿਆ ਜੋ ਕੋਠੇ ਉਪਰ ਖਲੋਤੇ ਕੁੜੀਆਂ ਨੂੰ ਗਿੱਧਾ ਪਾਉਂਦੇ ਦੇਖ ਰੇਹੇ ਸਨ। ਸ਼ਿੰਦੇ ਦੀ ਥਕਾਵਟ ਉਸ ਵੇਲੇ ਦੂਰ ਹੋ ਗਈ ਜਦੋਂ ਉਸ ਨੇ ਕੁੜੀਆਂ ਵਿਚ ਗਿੱਧਾ ਪਾੳਂੁਦੀ ਰਾਣੀ ਦੇਖੀ। ਥੋੜੀ ਦੇਰ ਬਆਦ ਜਦ ਰਾਣੀ ਨੇ ਘੁੰਮ ਕੇ ਬੋਲੀ ਪਾਈ: “ਤੇਰਾ ਸਰੂ ਜਿੱਡਾ ਕੱਦ, ਤੇ ਉਨਾਬੀ ਜਿਹੀ ਪੱਗ…।

ਸ਼ਿੰਦੇ ਨੂੂੰ ਲੱਗਿਆ ਕਿ ਰਾਣੀ ਉਸ ਨੂੰ ਹੀ ਬੋਲੀ ਸੁਣਾ ਰਹੀ ਹੈ। ਕੋਲ ਖੜ੍ਹੇ ਗੋਗੀ ਤੋ ਸ਼ਿੰਦੇ ਨੇ ਪੁੱਛ ਹੀ ਲਿਆ: “ਯਾਰ, ਇਹ ਕੁੜੀ ਕੋਣ ਹੈ?”

“ਸਾਡੇ ਗੁਆਂਢੀਆਂ ਦੀ ਹੈ, ਕੀ ਗੱਲ, ਸੁੱਖ ਹੈ?” ਗੋਗੀ ਨੇ ਮਸ਼ਕਰੀ ਕੀਤੀ।

ਉਸ ਦਿਨ ਹੀ ਸ਼ਿੰਦੇ ਨੂੰ ਪਤਾ ਲੱਗਾ ਕਿ ਰਾਣੀ ਦਾ ਪਿੰਡ ਆਲਮਪੁਰਾ ਹੈ। ਪਤਾ ਤਾਂ ਰਾਣੀ ਨੂੰ ਵੀ ਲੱਗ ਗਿਆ ਸੀ ਕਿ ਸ਼ਿੰਦਾ ਗੋਗੀ ਦਾ ਰਿਸ਼ਤੇਦਾਰ ਹੈ। ਪਰ ਦੋਹਾਂ ਨੇ ਸਿਆਣਪ ਵਰਤੀ। ਵਿਆਹ ਵਿਚ ਇਕ ਦੂਜੇ ਨੂੰ ਨਾ ਜਾਣਦੇ ਹੋਣ ਦਾ ਵਿਖਾਵਾ ਕੀਤਾ।

ਗੱਲ ਕੀ, ਸ਼ਿੰਦੇ ਨੇ ਗੋਗੀ ਨੂੰ ਕਹਿ ਕਹਾ ਕੇ, ਮਾਮੀ ਨੂੰ ਵਿਚ ਪਾ ਕੇ ਰਾਣੀ ਦਾ ਰਿਸ਼ਤਾ ਮੰਗ ਲਿਆ।

ਰਾਣੀ ਦੇ ਘਰਦਿਆਂ ਨੇ ਵੀ ਸ਼ਿੰਦੇ ਅਤੇ ਉਸਦੀ ਜ਼ਮੀਨ ਜਾਇਦਾਦ ਨੂੰ ਦੇਖਦਿਆਂ ਰਿਸ਼ਤਾ ਕਰਨ ਵਿਚ ਢਿੱਲ ਨਾ ਕੀਤੀ।

ਸਾਲ ਦੇ ਵਿਚ ਵਿਚ ਹੀ ਉਹਨਾਂ ਦਾ ਵਿਆਹ ਵੀ ਹੋ ਗਿਆ। ਰਾਣੀ ਦੇ ਸੁਭਾਅ ਅਤੇ ਰੂਪ ਦਾ ਸੁਹਣਾ ਮੇਲ ਹੋਣ ਕਾਰਣ, ਘਰ ਵਿਚ ਅਤੇ ਆਂਢ-ਗੁਆਂਢ ਵਿਚ ਛੇਤੀ ਹੀ ਹਰਮਨ ਪਿਆਰੀ ਹੋ ਗਈ। ਚਾਰ ਪੰਜ ਸਾਲ ਖੁਸ਼ੀ ਵਿਚ ਝੱਟ ਲੰਘ ਗਏ। ਇਹਨਾਂ ਸਾਲਾਂ ਦੇ ਦਰਮਿਆਨ ਰਾਣੀ ਦੋ ਫੁਲਾਂ ਵਰਗੇ ਬੱਚਿਆਂ ਦੀ ਮਾਂ ਵੀ ਬਣ ਗਈ। ਜਦ ਸ਼ਿੰਦਾਂ ਦੋਹਾਂ ਭੈਣ ਭਰਾ ਨੂੰ ਵਿਹੜੇ ਵਿਚ ਖੇਡਦਾ ਦੇਖਦਾ, ਉਸ ਨੂੰ ਲਗਦਾ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਉਹਨ੍ਹਾਂ ਦੇ ਘਰ ਅੰਦਰ ਹੀ ਹਨ।

ਸਰਦੀਆਂ ਦੀ ਇਕ ਰਾਤ ਨੂੰ ਅਚਾਨਕ ਹੀ ਉਹਨ੍ਹਾਂ ਦੇ ਘਰ ਦਾ ਦਰਵਾਜਾ ਖੜਕਿਆ। ਸਰਪੰਚ ਹੋਣ ਕਾਰਣ ਵੈਸੇ ਤਾਂ ਉਹਨ੍ਹਾਂ ਦੇ ਘਰ ਕੋਈ ਨਾ ਕੋਈ ਤੁਰਿਆ ਹੀ ਰਹਿੰਦਾਂ। ਪਰ ਅੱਜ ਤਾਂ ਰਾਤ ਕਾਫੀ ਜਾ ਚੁੱਕੀ ਸੀ। ਦਰਵਾਜੇ ਦੀ ਦਸਤਕ ਨੇ ਬੱਚਿਆਂ ਤੋ ਇਲਾਵਾਂ ਬਾਕੀ ਘਰ ਦੇ ਸਾਰੇ ਮੈਂਬਰ ਜਗਾ ਦਿੱਤੇ ਸਨ। ਸ਼ਿੰਦੇ ਦੀ ਬੀਬੀ ਸ਼ਿੰਦੇ ਨੂੰ ਬੈਟਰੀ ਦਿੰਦੀ ਹੋਈ ਬੋਲੀ, “ਪੁੱਤ ਦੇਖ ਕੇ ਬੂਹਾ ਖਹੋਲੀਂ।”

ਦਰਵਾਜਾ ਖੋਲਣ ਦੀ ਦੇਰ ਸੀ ਕਿ ਦੋ ਨੌਜਵਾਨ ਮੁੰਡੇ ਖੇਸੀਆਂ ਦੀਆਂ ਬੁਕਲਾਂ ਮਾਰੀ ਘਰ ਦੇ ਅੰਦਰ ਦਾਖਲ ਹੋਏ। ਉਹ ਠੰਡ ਨਾਲ ਕੰਬ ਰਹੇ ਸਨ। ਬਾਕੀ ਘਰ ਵਾਲੇ ਤਾਂ ਅਜੇ ਉਹਨਾਂ ਦੇ ਮੂੰਹ ਵੱਲ ਵੇਖ ਹੀ ਰੇਹੇ ਸਨ ਕਿ ਬੀਬੀ ਬੋਲ ਪਈ, “ਵੇ ਪੁੱਤ, ਤੁਸੀਂ ਕੌਣ ਹੋ ਅਤੇ ਇੱਥੇ ਕੀ ਕਰਨ ਆਏ ਹੋ?”

“ਮਾਤਾ ਪ੍ਰਸ਼ਾਦਾ ਛਕਣਾਂ ਹੈ।” ਮੁੰਡਿਆਂ ਨੇ ਜਾਣਦਿਆਂ ਵਾਂਗ ਜਵਾਬ ਦਿੱਤਾ।

ਸਮਝ ਤਾਂ ਘਰ ਵਾਲਿਆਂ ਨੂੰ ਵੀ ਆ ਗਈ ਸੀ, ਇਹ ਕੋਣ ਹਨ। ਪਰ ਉਹ ਬਿਨ੍ਹਾਂ ਕੁਛ ਬੋਲੇ ਚੁੱਪ-ਚਾਪ ਰੋਟੀ ਪਾਣੀ ਦੇ ਆਹਰ ਵਿਚ ਲੱਗ ਗਏ। ਦੋ ਘੰਟੇ ਬਆਦ ਉਹ ਰੋਟੀ ਖਾ ਕੇ ਅਤੇ ਸ਼ੁਕਰੀਆ ਕਹਿ ਕੇ ਚਲੇ ਗਏ।

ਉਸ ਦਿਨ ਤੋ ਬਆਦ ਉਹ ਕਈ ਵਾਰੀ ਸ਼ਿੰਦੇ ਦੇ ਘਰ ਪ੍ਰਸ਼ਾਦਾ ਛੱਕ ਚੁੱਕੇ ਸਨ। ਸ਼ਿੰਦੇ ਦਾ ਘਰ ਪਿੰਡ ਤੋ ਬਾਹਰ ਫਿਰਨੀ ਉੱਤੇ ਹੋਣ ਕਾਰਣ ਉਹ ਝੱਟ ਆ ਵੜਦੇ। ਇੱਕ ਦਿਨ ਉਹਨਾਂ ਦੇ ਜਾਣ ਤੋ ਬਆਦ ਸ਼ਿੰਦਾਂ ਆਪਣੇ ਪ੍ਰੀਵਾਰ ਨੂੰ ਬੋਲਿਆ: “ਤੁਸੀ ਬਹੁਤੀ ਨਾ ਉਹਨਾਂ ਦੀ ਖਾਤਰਦਾਰੀ ਕਰਿਆ ਕਰੋ, ਮੇਰੀ ਤਾਂ ਜਾਨ ਮੁੱਠੀ ਵਿਚ ਆਈ ਰਹਿੰਦੀ ਹੈ। ਜੇ ਕਿਤੇ ਪੁਲਸ ਨੂੰ ਪਤਾ ਲੱਗ ਗਿਆ, ਤਾਂ ਘਰ ਦਾ ਇਕ ਜੀਅ ਨਹੀ ਛੱਡਣਾਂ।”

“ਮੈ ਤਾਂ ਇਸ ਤਰਾਂ ਹੀ ਸੁੱਕੀ ਰੋਟੀ ਫੜਾਉਂਦੀ ਸੀ, ਬੀਬੀ ਜੀ ਕਹਿਣ ਲੱਗੇ ਸਾਗ ਵਿਚ ਘਿਉ ਪਾ ਦੇ।” ਰਾਣੀ ਨੇ ਆਪਣੇ ਸਿਰੋ ਗੱਲ ਟਾਲਦੇ ਕਿਹਾ।

“ਪੁੱਤ ਕੀ ਕਰਾਂ, ਮੈਨੂੰ ਤਾਂ ਤਰਸ ਆ ਜਾਦਾਂ ਹੈ, ਕਿਦਾਂ ਮਾਂਵਾ ਦੇ ਜਾਏ ਰਾਤਾਂ ਨੂੰ ਤੁਰੇ ਫਿਰਦੇ ਨੇ।” ਬੀਬੀ ਭਾਡੇਂ ਧੋਂਦੀ ਬੋਲੀ।

“ਇਕ ਦਿਨ ਬੀਬੀ ਜੀ ਨੇ ਮੁੰਡਿਆ ਨੂੰ ਸਮਝਾਉਣ ਦਾ ਜਤਨ ਕੀਤਾ ਸੀ।” ਰਾਣੀ ਨੇ ਭਾਡੇ ਚੁੱਕ ਦਿਆ ਕਿਹਾ।

ਆਹੋ ਪੁੱਤ, ਮੈ ਤਾਂ ਕਿਹਾ ਸੀ, “ਵੇ ਕਾਕਾ ਕਾਹਤੋਂ ਆਪਣੀ ਜਵਾਂਨੀਆਂ ਗਾਲਦੇ ਹੋ, ਦਿਨ ਰਾਤ ਮਾਪਿਆਂ ਨੂੰ ਤੜਫਾਂਉਦੇਂ ਹੋ?”

“ਮਾਤਾ, ਸ਼ੌਂਕ ਨੂੰ ਨਹੀ ਠੰਡੀਂਆਂ ਅਤੇ ਹਨੇਰੀਆਂ ਰਾਤਾਂ ਵਿਚ ਘੁਮਦੇ ਫਿਰਦੇ।” ਇਕ ਮੱੁਛ ਫੁਟ ਮੁੰਡੇ ਨੇ ਜਵਾਬ ਦਿੰਦੇਂ ਕਿਹਾ ਸੀ, “ਦੇਸ਼ ਦੇ ਹੱਕਾਂ ਅਤੇ ਨਿਆਂ ਲਈ ਰੁਲਦੇ ਫਿਰਦੇ ਹਾਂ”।

ਨਹਿਰ ਵੱਲ ਨੂੰ ਜੋ ਪਟੜੀ ਜਾਦੀਂ ਸੀ। ਉਹ ਕੱਚੀ ਹੋਣ ਕਰਕੇ ਮੀਂਹ ਪੈਣ ਉੱਤੇ ਝੱਟ ਚਿੱਕੜ ਹੋ ਜਾਦਾਂ। ਸ਼ਿੰਦੇ ਦੇ ਖੇਤ ਵੀ ਉੱਧਰ ਹੀ ਸਨ। ਪੰਚਾਇਤ ਵਿਚ ਹੋਣ ਕਾਰਣ ਸ਼ਿੰਦੇ ਨੇ ਉਸ ਪੱਟੜੀ ਉੱਤੇ ਮਿੱਟੀ ਪਵਾ ਲਈ ਤਾਂ ਜੋ ਖੇਤਾਂ ਨੂੰ ਆਣਾ ਜਾਣਾ ਸੁਖਾਲਾ ਹੋ ਜਾਵੇਗਾ। ਕਿਉਂਕਿ ਮੀਂਹ ਕਣੀ ਵਿਚ ਸ਼ਿੰਦੇ ਦੀ ਟਰਾਲੀ ਉੱਥੇ ਫਸੀ ਹੀ ਰਹਿੰਦੀ। ਖਾੜਕੂ ਵੀ ਉਸ ਪੱਟੜੀ ਉੱਪਰ ਦੀ ਲੰਘ ਕੇ ਨਹਿਰ ਵੱਲ ਜਾਂਦੇ ਸਨ। ਵੈਸੇ ਤਾਂ ਸਾਰੇ ਪਿੰਡ ਨੂੰ ਹੀ ਪਤਾ ਲੱਗ ਚੁੱਕਾ ਸੀ। ਸਰਪੰਚਾਂ ਦੇ ਘਰ ਖਾੜਕੂ ਆਉਦੇ-ਜਾਂਦੇ ਹਨ। ਵਿਚੋਂ ਤਾਂ ਸਾਰਾ ਪਿੰਡ ਹੀ ਉਹਨਾਂ ਦਾ ਸਾਥ ਦਿੰਦਾਂ ਸੀ। ਸਿਆਣਿਆਂ ਨੂੰ ਕਹਿੰਦੇ ਵੀ ਸੁਣੀਦਾ ਸੀ ਕਿ ਰੋਟੀ ਟੁੱਕ ਵੇਲੇ ਸਿਰ ਮੁਕਾ ਲਵੋ, ਤਾਂ ਜੋ ਮੁੰਡਿਆਂ ਦੇ ਲੰਘਣ ਸਮੇਂ ਬੱਤੀਆਂ ਬੁੱਝਾ ਦਿੱਤੀਆਂ ਜਾਣ। ਉਹਨਾਂ ਦੇ ਲੰਘਣ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਪਿੰਡ ਬੱਤੀਆਂ ਬੁੱਝਾ ਦਿੰਦਾਂ।

ਉਦੋ ਹੀ ਕਿਸੇ ਚੁਗਲਖੋਰ ਨੇ ਠਾਣੇ ਜਾ ਚੁਗਲੀ ਕੀਤੀ। ਸ਼ਿੰਦੇ ਸਰਪੰਚ ਨੇ ਕੱਚੀ ਸੜਕ ਉੱਤੇ ਮਿੱਟੀ ਖਾੜਕੂਆਂ ਨੂੰ ਪਵਾ ਕੇ ਦਿੱਤੀ ਹੈ। ਤਾਂ ਜੋ ਉਹ ਅਸਾਨੀ ਨਾਲ ਹਨੇਰੇ ਵਿਚ ਆ ਜਾ ਸਕਦੇ ਹਨ। ਪੁਲਸ ਨੂੰ ਠੁਣਾ ਚਾਹੀਦਾ ਸੀ ਸੋ ਮਿਲ ਗਿਆ।

ਅੱਗਲੇ ਦਿਨ ਸਵੇੇਰੇ ਹੀ ਠਾਣੇਦਾਰ, ਨਾਲ ਸਿਪਾਹੀ ਲੈ ਕੇ, ਸ਼ਿੰਦੇ ਨੂੰ ਲੈਣ ਆਗਿਆ। ਸ਼ਿੰਦੇ ਨੂੰ ਘਰਦਿਆਂ ਨੇ ਲਕੋ ਦਿੱਤਾ। ਪਰ ਪੁਲੀਸ ਸ਼ਿੰਦੇ ਦੇ ਬਿਰਧ ਭਾਪਾ ਜੀ ਨੂੰ ਫੜ ਕੇ ਲੈ ਗਈ।

ਉਸੇ ਹੀ ਰਾਤ ਇਕ ਵਜੇ ਦੇ ਕਰੀਬ ਕੋਈ ਬੰਦਾ ਖੇਸੀ ਦਾ ਝੁੰਬ ਮਾਰੀ ਸ਼ਿੰਦੇ ਦੇ ਦਰਵਾਜੇ ਉੱਪਰ ਆਇਆ। ਬੀਬੀ ਨੇ ਝੀਥ ਵਿਚ ਦੀ ਦੇਖ ਕੇ ਬੂਹਾ ਖੋਲ ਦਿੱਤਾ। ਰਾਣੀ ਬਿਸਤਰੇ ਦੇ ਵਿਚ ਪਈ ਹੀ ਬੋਲੀ: “ਆਹ ਵੀ ਕੋਈ ਜ਼ਿੰਦਗੀ ਹੈ, ਦਿਨੇ ਪੁਲੀਸ ਤੰਗ ਕਰਦੀ ਹੈ ਅਤੇ ਰਾਤ ਨੂੰ ਇਹ ਛੋਕਰੇ। “

ਜਦ ਨੂੰ ਬੀਬੀ ਨੇ ਆ ਦੱਸਿਆ, “ਪੁੱਤ, ਜਾਂਈ ਜਰਾ ਬਾਹਰ, ਉਹ ਕੰਧ ਕੋਲ ਖੜ੍ਹੇ ਹੀ ਤੈਨੂੰ ਬਲਾਉਦੇਂ ਹਨ।”

ਸ਼ਿੰਦੇ ਨੇ ਛੇਤੀ ਨਾਲ ਉੱਠ ਕੇ ਮੰਜ਼ੇ ਕੋਲ ਪਈ ਕੈਂਚੀ ਚਪਲ ਪਾਈ। ਬਿਸਤਰੇ ਤੋ ਕੰਬਲ ਖਿੱਚ ਕੇ ਆਪਣੇ ਸਰੀਰ ਦੁਆਲੇ ਲਪੇਟਿਆ ਅਤੇ ਬਾਹਰ ਨੰੰੂ ਤੁਰ ਪਿਆ। ਜਾਦਾਂ ਹੋਇਆ ਰਾਣੀ ਨੂੰ ਕਹਿ ਰਿਹਾ ਸੀ: “ਚਾਹ ਧਰ ਦੇ, ਲੱਗਦਾ ਹੈ ਰੋਟੀ ਨਹੀ ਖਾਣਗੇ। ਕਾਹਲੀ ਵਿਚ ਦਿਸਦੇ ਹਨ। “

ਥੋੜੀ ਦੇਰ ਤੱਕ ਬਾਹਰੋ ਗੱਲਾਂ ਕਰਨ ਦੀ ਅਵਾਜ਼ ਆਉਦੀ ਰਹੀ। ਪਰ ਛੇਤੀ ਹੀ ਇਹ ਅਵਾਜ਼ਾ ਆਉਣੀਆਂ ਬੰਦ ਹੋ ਗਈਆਂ। ਕਾਫ਼ੀ ਦੇਰ ਉਡੀਕ ਕਰਨ ਤੋ ਬਆਦ ਵੀ ਜਦੋ ਸ਼ਿੰਦਾ ਨਾ ਮੁੜਿਆ ਤਾਂ ਬੀਬੀ ਬਾਹਰ ਦੇਖਣ ਗਈ। ਬਾਹਰ ਨਾ ਸ਼ਿੰਦਾ ਸੀ, ਨਾ ਕੋਈ ਹੋਰ। ਉਸ ਆਫ਼ਤ ਦੀ ਰਾਤ ਂਨੂੰ ਰਾਣੀ ਅਤੇ ਬੀਬੀ ਬੈੈਠੀਆਂ ਸ਼ਿੰਦੇ ਨੂੰ ਉਡੀਕਦੀਆਂ ਰਹੀਆਂ। ਪਰ ਸ਼ਿੰਦਾ ਨਾ ਮੁੜਿਆ।

ਦਿਨ ਚੜ੍ਹਦੇ ਨੂੰ ਪਿੰਡ ਵਿਚ ਰੋਲਾ ਪੈ ਗਿਆ ਰਾਤੀ ਕੋਈ ਬੰਦੇ ਸ਼ਿੰਦੇ ਨੂੰ ਨਾਲ ਲੈ ਗਏ ਹਨ। ਬਾਰਾਂ ਕੁ ਵਜੇ ਸ਼ਿੰਦੇ ਦੇ ਭਾਪਾ ਜੀ ਘਰ ਆ ਗਏ ਅਤੇ ਦੱਸਿਆ ਪੁਲੀਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਕਿਉਕਿ ਉਹਨਾਂ ਨੂੰ ਉਹ ਮਿਲ ਗਿਆ ਹੈ। ਜਿਸ ਦੀ ਲੋੜ ਸੀ। ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਪੁਲੀਸ ਖਾੜਕੂਆਂ ਦੇ ਭੇਸ ਵਿਚ ਆਈ ਸੀ ਅਤੇ ਸ਼ਿੰਦੇ ਨੂੰ ਲੈ ਗਈ।

ਸ਼ਿੰਦੇ ਦੇ ਪਿੰਡ ਦੇ ਸਾਰੇ ਪਤਵੰਤੇ ਬੰਦੇ ਅਤੇ ਆਲੇ ਦੁਆਲੇ ਪਿੰਡਾਂ ਦੀਆਂ ਪੰਚਾਇਤਾ, ਸਭ ਇੱਕਠੇ ਹੋ ਕੇ ਪੁਲੀਸ ਸਟੇਸ਼ਨ ਗਏ। ਪੁਲੀਸ ਵਾਲੇ ਕਦੀ ਉਹਨਾਂ ਨੰੁ ਕਿਸੇ ਪੁਲੀਸ ਸਟੇਸ਼ਨ ਉੱਪਰ ਭੇਜ ਦਿਆ ਕਰਨ ਅਤੇ ਕਦੀ ਕਿਸੇ ਉੱਪਰ। ਪਰ ਸ਼ਿੰਦੇ ਦੀ ਕਿਸੇ ਪਾਸੇ ਤੋ ਵੀ ਉੱਘ-ਸੁੱਘ ਨਹੀ ਮਿਲ ਰਹੀ ਸੀ। ਘਰ ਵਾਲਿਆਂ ਦਾ ਵੱਖ ਬੁਰਾ ਹਾਲ ਸੀ। ਪਿੰਡ ਵਾਲੇ ਉਹਨਾਂ ਨੂੰ ਥੋੜੀ ਬਹੁਤੀ ਹਿੰਮਤ ਦਿੰਦੇ ਅਤੇ ਦੋ ਬੁਰਕੀਆਂ ਰੋਟੀ ਦੀਆਂ ਖਵਾਉਦੇ।

ਜਦੋ ਪੁਲੀਸ ਸ਼ਿੰਦੇ ਨੂੰ ਤਸੀਹੇ ਦੇ ਰਹੀ ਹੁੰਦੀ ਤਾਂ ਉਹ ਚੁਗਲਖੋਰ ਵੀ ਕੋਲ ਹੀ ਬੈਠਾ ਹੁੰਦਾਂ। ਸ਼ਿੰਦੇ ਨੇ ਉਸ ਨੂੰ ਬਹੁਤ ਕਿਹਾ, ਕਿ ਉਹ ਆਪਣੀ ਸਾਰੀ ਜ਼ਮੀਨ ਉਸ ਦੇ ਨਾਮ ਕਰ ਦੇਵੇਗਾ। ਕਿਸੇ ਤਰਾਂ ਉਹ ਉਸ ਨੰੁ ਪੁਲੀਸ ਤੋ ਬਚਾ ਲਵੇ। ਪਰ ਚੋਗਲਖੋਰ ਦੰਦੀਆਂ ਕੱਢ ਕੇ ਦਿਖਾਂ ਦਿੰਦਾਂ।

ਜਦ ਇਕ ਹਫ਼ਤੇ ਦੇ ਬਾਅਦ ਵੀ ਸ਼ਿੰਦੇ ਦਾ ਕੁੱਝ ਪਤਾ ਨਾ ਲੱਗਿਆ। ਸਾਰਿਆਂ ਨੂੰ ਸ਼ੱਕ ਹੋ ਗਿਆ ਕਿ ਸ਼ਿੰਦੇ ਨੂੰ ਮਾਰ ਦਿੱਤਾ ਗਿਆ ਹੈ। ਉਸ ਚੁਗਲਖੋਰ ਨੇ ਵੀ ਨਸ਼ਾ ਪਾਣੀ ਖਾ ਕੇ, ਇਹ ਗੱਲ ਕਿਸੇ ਨੰੁ ਦੱਸ ਦਿੱਤੀ ਕਿ ਪੁਲੀਸ ਨੇ ਸ਼ਿੰਦੇ ਨੂੰ ਮਾਰ ਕੇ ਉਸ ਦੀ ਲਾਸ਼ ਕਿਸੇ ਕਮਾਦ ਵਿਚ ਸੁੱਟ੍ਹ ਦਿੱਤੀ ਹੈ। ਹੌਲੀ ਹੌਲੀ ਇਹ ਗੱਲ ਸਾਰੇ ਇਲਾਕੇ ਵਿਚ ਫੈਲ ਗਈ।

ਇਲਾਕੇ ਦੇ ਲੋਕੀ ਸ਼ਿੰਦੇ ਦੀ ਲਾਸ਼ ਲੱਭਣ ਖਾਤਰ ਸਾਰੇ ਗੰਨਿਆਂ ਦੇ ਖੇਤ ਫੋਲ ਸੁੱਟ੍ਹੇ। ਆਖਰਕਾਰ ਲਾਗਲੇ ਪਿੰਡ ਦੇ ਕਮਾਦ ਵਿਚੋ ਸ਼ਿੰਦੇ ਦੀ ਵੱਢੀ ਟੁੱਕੀ ਲਾਸ਼ ਮਿਲ ਗਈ।

ਦੂਸਰੇ ਦਿਨ ਉਸ ਚੁਗਲਖੋਰ ਨੂੰ ਵੀ ਪੁਲੀਸ ਫੜ੍ਹ ਕੇ ਲੈ ਗਈ। ਉਸ ਦਾ ਤਾਂ ਅੱਜ ਤੱਕ ਪਤਾ ਨਹੀ ਲੱਗਿਆ ਉਹ ਕਿੱਥੇ ਛੁਪਾ ਖੁਪਾ ਦਿੱਤਾ। ਨਾ ਹੀ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ।

ਸ਼ਿੰਦੇ ਦੇ ਭੋਗ ਉੱਤੇ ਇਲਾਕੇ ਭਰ ਦੇ ਲੋਕ ਇਕੱਠੇ ਹੋਏ। ਸ਼ਿੰਦੇ ਦੇ ਪ੍ਰੀਵਾਰ ਨੂੰ ਦੇਖ ਕੋਈ ਵੀ ਅੱਖ ਗਿਲੀ ਹੋਣੋ ਨਾ ਰਹੀ। ਰਾਣੀ ਇਕੱਠ ਵਿਚੋ ਦੀ ਲੰਘਦੀ ਹੋਈ, ਇਕ ਹੱਥ ਨਾਲ ਬੀਬੀ ਭਾਪੇ ਨੂੰ ਫੜੀ ਅਤੇ ਦੂਸਰੇ ਹੱਥ ਨਾਲ ਬੱਚਿਆਂ ਨੂੰ ਸੰਭਾਲੀ, ਆਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਚਰਨਾਂ ਵਿਚ ਡਿੱਗ ਪਈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ ਸੰਨ 2003)
(ਦੂਜੀ ਵਾਰ ਛਪਿਆ 9 ਸਤੰਬਰ 2021)

***
337
***

About the author

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ