ਹੋਲਾ ਮਹੱਲਾ |
ਸਿੱਖ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੂਆਂ ਦੀ ਹੋਲ਼ੀ ਤੋਂ ਇੱਕ ਦਿਨ ਪਿੱਛੋਂ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ, ਜੋ ਬਾਅਦ ’ਚ ਸਿੱਖਾਂ ਦੇ ਕੌਮੀ ਤਿਉਹਾਰ ਵਿੱਚ ਬਦਲ ਗਿਆ। ‘ਮਹੱਲਾ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਮਹਾਨ ਕੋਸ਼ ਅਨੁਸਾਰ ਅਰਥ ਹਨ : ‘ਜਿਸ ਨੂੰ ਫਤੇ ਕਰ ਕੇ ਉਤਰੀਏ, ਹਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਬਦੀ ੧ ਨੂੰ ਮਨਸੂਈ ਜੰਗ ਦੇ ਤਿਉਹਾਰ ਦਾ ਦਿਨ ਠਹਿਰਾਇਆ। ਇਸ ਦਿਨ ਇੱਕ ਥਾਂ ਹਮਲੇ ਲਈ ਨਿਸ਼ਚਿਤ ਕਰ ਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ ਸਨ। ਜੋ ਇੱਕ ਦਲ ਦਾ ਵਾਰ ਰੋਕ ਕੇ ਬੜੀ ਚਤੁਰਾਈ ਨਾਲ ਖ਼ਾਸ ਥਾਂ ’ਤੇ ਕਬਜ਼ਾ ਕਰ ਲੈਂਦੇ, ਉਹ ਜਿੱਤੇ ਸਮਝੇ ਜਾਂਦੇ’। ਇਸ ਸਮੇਂ ਅਨੰਦਪੁਰ ਸਾਹਿਬ ਜੀ ਦਾ ਹੋਲਾ ਮਹੱਲਾ ਵਿਸ਼ੇਸ਼ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਬਾਕੀ ਸਥਾਨਾਂ ’ਤੇ ਇਸ ਦਾ ਰਿਵਾਜ਼ ਬਹੁਤ ਘਟਦਾ ਜਾ ਰਿਹਾ ਹੈ ਹਾਲਾਂਕਿ ਹੁਣ ਵੀ ਕੁਝ ਗੁਰਦੁਆਰਿਆਂ ’ਚ ਹੋਲੇ ਮਹੱਲੇ ਦੀ ਰੀਤ ਕੁੱਝ ਬਾਕੀ ਰਹਿ ਗਈ ਹੈ ਅਤੇ ਖ਼ਾਸ ਕਰਕੇ ਵਿਦੇਸ਼ਾਂ ’ਚ ਸਥਿਤ ਗੁਰਦੁਆਰਿਆਂ ਵਿੱਚ ਇਸ ਤਿਉਹਾਰ ਨੂੰ ਨਵੇਂ ਸਾਲ ਅਤੇ ਹੋਲੇ ਮਹੱਲੇ ਦੇ ਰੂਪ ’ਚ ਬੜੇ ਹੀ ਉਤਸ਼ਾਹ ਨਾਲ ਖ਼ਾਲਸੇ ਦੇ ਜਾਹੋ ਜਲਾਲ ਦੇ ਪੁਰਬ ਵਜੋਂ ਮਨਾਉਣ ਦੀ ਰੀਤ ਬੜੀ ਤੇਜ਼ੀ ਨਾਲ ਮਨਾਉਣੀ ਪ੍ਰਚਲਿਤ ਹੋ ਰਹੀ ਹੈ। ਭਾਰਤੀ ਸਭਿਆਚਾਰ ਵਿੱਚ ਤਿਉਹਾਰ ਕਿਸੇ ਖ਼ਾਸ ਰੁੱਤਾਂ ਵਿੱਚ ਮਨਾਏ ਜਾਂਦੇ ਹਨ; ਉਸ ਹਿਸਾਬ ਨਾਲ ਹੋਲੀ ਹਿਮਕਰ (ਬਰਫਾਨੀ) ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਆਮਦ ਦਾ ਸੁਨੇਹਾ ਦੇਣ ਵਾਲਾ ਤਿਉਹਾਰ ਹੈ। ਦੂਸਰਾ ਇਹ ਬਿਕਰਮੀ ਚੰਦਰ ਸਾਲ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ। ‘ਹਿੰਦੀ ਕਲੰਡਰ ਵਿੱਚ ਨਾਗਰਿਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ; ਕਿਉਂਕਿ ਇਹ ਮਹੀਨੇ ਗੌਣਮਾਨ ਹਨ, ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਭਾਗ ਆਉਂਦਾ ਹੈ। ਇਸ ਲਈ ਸਾਲ ਦਾ ਆਖ਼ਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹਿੰਦੂਆਂ ਦੀ ਹੋਲੀ) ਹੁੰਦੀ ਹੈ ਅਤੇ ਇਸ ਤੋਂ ਇੱਕ ਦਿਨ ਪਿੱਛੋਂ ਭਾਵ ਚੇਤ ਵਦੀ ੧ ਨੂੰ ਸਿੱਖਾਂ ਦਾ ਹੋਲਾ ਮਹੱਲਾ।’ ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖ਼ਰੀ ਦਿਨ ਹੋਲੀ ਹੁੰਦੀ ਹੈ :- “Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi. 1 ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ ੧ (ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ – ਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ) ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ। ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ। (ਇਸ ਤਾਰੀਖ਼ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿ ਕਿਲ੍ਹੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ।) ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲ੍ਹੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ ੧੭੪੬ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ।) 2. ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ’ਚ (ਮਹੱਲਾ ਸਿਰਲੇਖ ਹੇਠ) ਅਤੇ ਗੁਰਮਤਿ ਮਾਰਤੰਡ (ਭਾਗ ਪਹਿਲਾ ਪੰਨਾ 110 ਉੱਪਰ ਸ਼ਸਤਰ ਵਿੱਦਿਆ ਸਿਰਲੇਖ ਦੇ ਫੁੱਟ ਨੋਟ) ਦੋਵਾਂ ਹੀ ਪੁਸਤਕਾਂ ਵਿੱਚ ਕੇਵਲ ਚੇਤ ਵਦੀ ੧ ਨੂੰ ਹੋਲਾ ਮਹੱਲਾ ਹੁੰਦਾ ਹੈ, ਦਰਜ ਕਰਨ ਤੋਂ ਇਲਾਵਾ ਹੋਰ ਕੋਈ ਵੀ ਸੰਨ ਜਾਂ ਸੰਮਤ ਨਹੀਂ ਲਿਖਿਆ। 3 ਡਾ: ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨/ 1 ਮਾਰਚ 1686 ਤੋਂ ਪਾਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ। 4 ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾਂ ਨੰ: 301 ’ਤੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ 5 ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿੱਚ ਸ਼ੁਰੂ ਕਰਨਾ ਇੱਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿੱਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਾਉਣਾ ਅਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ।’ ਨੋਟ : ਭਾਵੇਂ ਡਾ: ਦਿਲਗੀਰ ਜੀ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਨੇ ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ ੧੭੩੯ ਬਣਦਾ ਹੈ (ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਚੇਤ ਵਦੀ ੧, ਚੇਤ ੫ ਸੰਮਤ 1੭੩੯; 3 ਮਾਰਚ 1683 ਬਣਦਾ ਹੈ।) ਇਸ ਸਾਖੀ ਵਿੱਚ ਲਿਖਿਆ ਹੈ ‘ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।37।’ 5 ਅੱਗੇ ਜਾ ਕੇ ਪੰਨਾ ਨੰ: 326 ’ਤੇ ਡਾ: ਦਿਲਗੀਰ ਲਿਖਦੇ ਹਨ: ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ‘ਹੋਲਾ ਮਹੱਲਾ’ ਮਨਾਇਆ। ਨੋਟ : 1. (3 ਮਾਰਚ 1702 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਮੰਗਲਵਾਰ, ਫ਼ੱਗਣ ਸੁਦੀ ਪੂਰਨਮਾਸ਼ੀ, ੫ ਚੇਤ ਸੰਮਤ ੧੭੫੮ । ਫੱਗਣ ਦੀ ਪੂਰਨਮਾਸ਼ੀ ਨੂੰ ਹਿੰਦੂਆਂ ਦੀ ਹੋਲੀ ਦਾ ਤਿਉਹਾਰ ਹੁੰਦਾ ਹੈ। ਇਸ ਤੋਂ ਅਗਲੇ ਦਿਨ 4 ਮਾਰਚ ਨੂੰ ਤਬਦੀਲ ਕੀਤਿਆਂ ਬੁੱਧਵਾਰ, ਚੇਤ ਵਦੀ ੨, ੬ ਚੇਤ ੧੭੫੮ । ਭਾਵ ਉਸ ਸਾਲ ਚੇਤ ਵਦੀ ੧ ਖ਼ੈ ਹੋ ਗਈ ਸੀ ਜਿਵੇਂ ਕਿ 2019 ਵਿੱਚ ਹੋਈ ਸੀ ਜਿਸ ਕਾਰਨ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ 22 ਮਾਰਚ, ਚੇਤ ਵਦੀ ੨ ਨੂੰ ਮਨਾਇਆ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ (ਬਿਕਰਮੀ ਕੈਲੰਡਰ) ਮੁਤਾਬਕ ਫੱਗਣ ਦੀ ਪੂਰਨਮਾਸ਼ੀ ਨੂੰ 21 ਮਾਰਚ ਵਾਲੇ ਦਿਨ ਮਨਾਇਆ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ 3 ਮਾਰਚ 1702 ਨੂੰ ਪੂਰਨਮਾਸ਼ੀ ਵਾਲੇ ਦਿਨ ਹੀ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਹੁੰਦੀ ਤਾਂ ਉਸ ਦਿਨ ਹਿੰਦੂਆਂ ਦੀ ਹੋਲੀ ਹੋਣ ਕਰਕੇ ਹੋਲੇ ਮਹੱਲੇ ਨੂੰ ਹੋਲੀ ਤੋਂ ਇੱਕ ਦਿਨ ਪਿੱਛੋਂ ਨਹੀਂ ਕਹਿ ਸਕਦੇ; ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਹੋਲੀ ਵਾਲੇ ਦਿਨ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ, ਪਰ ਜੇ ਮੰਨ ਲਿਆ ਜਾਵੇ ਕਿ ਡਾ: ਦਿਲਗੀਰ ਤੋਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਗਲਤੀ ਨਾਲ 3 ਮਾਰਚ ਲਿਖਿਆ ਗਿਆ ਅਸਲ ਵਿੱਚ ਉਹ 4 ਮਾਰਚ ਲਿਖਣਾ ਚਾਹੁੰਦੇ ਸਨ ਤਾਂ ਉਸ ਸਾਲ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ਇਹ ਕਹਿਣਾ ਅਤੇ ਲਿਖਣਾ ਗਲਤ ਹੋਵੇਗਾ ਕਿ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਵਦੀ ੧ ਨੂੰ ਸਿੱਖਾਂ ਦਾ ਹੋਲਾ ਮਹੱਲਾ ਹੁੰਦਾ ਹੈ ਕਿਉਂਕਿ ਪਹਿਲੀ ਵਾਰ ਤਾਂ ਇਹ ਚੇਤ ਵਦੀ ੨ ਨੂੰ ਮਨਾਇਆ ਗਿਆ ਸੀ ਇਸ ਲਈ ਹੋਲਾ ਮਹੱਲੇ ਦੀ ਤਾਰੀਖ਼ ਚੇਤ ਵਦੀ ੨ ਹੀ ਨਿਸ਼ਚਿਤ ਕਰਨੀ ਪਵੇਗੀ।) ਨੋਟ: 2. ਭਾਵੇਂ ਇੱਥੇ ਵੀ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਦੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲ੍ਹਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ ‘ਇਸੀ ਵਰਖ (ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ ਇਸ ਲਈ ਇਸੀ ਵਰਖ ਦਾ ਭਾਵ ਸੰਮਤ ੧੭੫੮ ਹੈ।) ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜਦੀਕ ਬੜੀ ਚਹਿਲ ਪਹਿਲ ਹੋਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ। ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ੍ਹ ਕੇ ਸਾਮ੍ਹਣੇ ਆਏ।’ (ਸੰਮਤ ੧੭੫੮ ਵਿੱਚ ਹੋਲੀ ਫ਼ੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਸੀ। ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਸੰਮਤ 1758 ਵਿੱਚ ਚੇਤ ਵਦੀ ੧ ਵੀ 3 ਮਾਰਚ 1702 ਨੂੰ ਹੀ ਸੀ। ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ਅਗਲਾ ਦਿਨ ਲਿਖਿਆ ਜਾਣਾ ਢੁੱਕਵਾਂ ਨਹੀਂ ਹੈ। 6 ਸੂਰਜ ਪ੍ਰਕਾਸ਼ ਦੀ ਰੁੱਤ 3 ਅੰਸੂ 2 ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ: ਆਯੋ ਫਾਗੁਣ ਮਾਸ ਸੁਹਾਵਤਿ। ਗਾਵਤਿ ਰਿਦੈ ਪ੍ਰਮੋਦ ਬਧਾਵਤਿ। ਸਭ ਮਹਿਂ ਕਰਿ ਬਸੰਤ ਪਰਧਾਨ। ਅਪਰ ਰਾਗ ਸਭਿ ਗਾਇਂ ਸੁਜਾਨ ॥2॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ । ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥3॥ 7 ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਪ੍ਰੋ: ਸਾਹਿਬ ਸਿੰਘ ਨੇ ਵੀ ਕੋਈ ਸੰਮਤ ਨਹੀਂ ਲਿਖਿਆ ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ਵਿੱਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ। ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ; ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਤਾਂ ਅਸਲੀ ਲੜਾਈਆਂ ਹੀ ਚੱਲ ਰਹੀਆਂ ਸਨ ਤਾਂ ਇਸ ਸਮੇਂ ਦੌਰਾਨ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ ੧ ਚੇਤ, ਚੇਤ ਵਦੀ ੧ ਸੰਮਤ ੧੭੫੩; 26 ਫ਼ਰਵਰੀ 1697 ਵੀ ਹੋ ਸਕਦਾ ਹੈ। ਉਪਰੋਕਤ ਸਾਰਿਆਂ ਤੱਥਾਂ ਨੂੰ ਵੇਖ ਕੇ ਸਾਡੇ ਪਾਸ, ਜੋ ਸੰਨ ਅਤੇ ਸੰਮਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ : ਨੋਟ : ਭਾਵੇਂ ਡਾ: ਦਿਲਗੀਰ ਨੇ ਹੋਲਾ ਮਹੱਲਾ ਦੀਆਂ ਆਪਣੇ ਵੱਲੋਂ ਦਰਜ ਕੀਤੀਆਂ ਦੋਵੇਂ ਹੀ ਤਾਰੀਖ਼ਾਂ ਦੇ ਸਮਰਥਨ ਵਿੱਚ ਕੋਈ ਸੋਮਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਇਤਿਹਾਸ ਦਾ ਮੂਲ ਸੋਮਾ ਭੱਟ ਵਹੀਆਂ ਹਨ। ਜੇਕਰ ਉਨ੍ਹਾਂ ਇਹ ਤਾਰੀਖ਼ਾਂ ਭੱਟ ਵਹੀਆਂ ਵਿੱਚੋਂ ਲਿਖੀਆਂ ਹਨ ਤਾਂ ਇਸ ਦਾ ਭਾਵ ਹੈ ਕਿ ਭੱਟ ਵਹੀਆਂ ਕਈ ਪ੍ਰਕਾਰ ਦੀਆਂ ਹਨ, ਜਿਨ੍ਹਾਂ ਵਿੱਚ ਇੱਕ ਹੀ ਘਟਨਾ ਦੀਆਂ ਵੱਖ ਵੱਖ ਤਾਰੀਖ਼ਾਂ ਲਿਖੀਆਂ ਹਨ। ਜੇ ਐਸਾ ਹੈ ਤਾਂ ਕਿਸ ਵਹੀ ਨੂੰ ਸਹੀ ਮੰਨਿਆ ਜਾਵੇ ਇਹ ਇੱਕ ਵੱਡੀ ਸਮੱਸਿਆ ਹੈ। ਸਿੱਟਾ : ਚੰਦਰ ਸਾਲ ਦੇ ਅਖੀਰਲੇ ਦਿਨ ਫੱਗਣ ਸੁਦੀ ਪੁੰਨਿਆਂ ਨੂੰ ਹਿੰਦੂ; ਹੋਲੀ ਮਨਾਉਂਦੇ ਹਨ। ਹੋਲੀ ਹਿਮਕਰ ਰੁੱਤ ਦੀ ਸਮਾਪਤੀ ਦਾ ਪ੍ਰਤੀਕ ਹੈ। ਹੋਲਾ ਮਹੱਲਾ ਕਿਉਂਕਿ ਹੋਲੀ ਤੋਂ ਇਕ ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਵਦੀ ੧ ਭਾਵ ਨਵੇਂ ਚੰਦਰ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ। ਦੂਸਰਾ ਨੁਕਤਾ ਹੈ ਕਿ ਗੁਰੂ ਗਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ; ‘ਬਾਰਹ ਮਾਹਾ ਮਾਂਝ ਮਹਲਾ ੫’ ਅਤੇ ‘ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ’ ਵਿੱਚ ਪਹਿਲਾ ਮਹੀਨਾ ਚੇਤ ਅਤੇ ਆਖਰੀ ਮਹੀਨਾ ਫੱਗਣ ਦਾ ਦਰਜ ਹੈ; ‘ਰਾਮਕਲੀ ਮਹਲਾ ੫ ਰੁਤੀ ਸਲੋਕੁ’ ਮੁਤਾਬਕ ਮਾਘ-ਫੱਗਣ ਹਿਮਕਰ (ਬਰਫਾਨੀ) ਰੁੱਤ ਅਤੇ ਚੇਤ ਵੈਸਾਖ ਬਸੰਤ ਰੁੱਤ ਦੇ ਮਹੀਨੇ ਹਨ। ਇਸ ਨੂੰ ਆਧਾਰ ਮੰਨ ਕੇ ਸਿੱਖ ਕੌਮ ਦਾ ਕੈਲੰਡਰ ਵੀ ਚੇਤ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਅਰੰਭ ਹੋ ਕੇ ੩੦ ਫੱਗਣ ’ਤੇ ਸਮਾਪਤ ਹੁੰਦਾ ਹੈ; ਇਸ ਹਿਸਾਬ ਨਾਲ ਸਿੱਖ ਕੈਲੰਡਰ ’ਚ ਹੋਲੇ ਮਹੱਲੇ ਦੀ ਅਸਲੀ ਤਾਰੀਖ਼ ੧ ਚੇਤ ਹੋਣੀ ਚਾਹੀਦੀ ਹੈ। ਇਸੇ ਆਧਾਰ ’ਤੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਚੇਤ ਵਦੀ ੧ ਦੀ ਥਾਂ ਪ੍ਰਵਿਸ਼ਟਾ ੧ ਚੇਤ/ 14 ਮਾਰਚ ਨਿਸ਼ਚਿਤ ਕੀਤੀ ਗਈ ਹੈ, ਜਿਸ ਪਿੱਛੇ ਹੇਠ ਲਿਖੇ ਕੁਝ ਕਾਰਨ ਹਨ : (1) ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਹੋਲਾ ਮਹੱਲਾ ਨਵੇਂ ਸਾਲ ਦੀ ਆਰੰਭਤਾ ਵਾਲੇ ਦਿਨ ੧ ਚੇਤ/ 14 ਮਾਰਚ ਨੂੰ ਹੀ ਮਨਾਇਆ ਜਾਣਾ ਢੁੱਕਵਾਂ ਹੈ। (2) ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ ੧ ਅਤੇ ਪ੍ਰਵਿਸ਼ਟਾ ਚੇਤ ੧, ਸੰਮਤ ੧੭੫੩ ’ਚ ਇੱਕ ਹੀ ਤਾਰੀਖ਼ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿੱਚ, ਜਿਸ ਸਾਲ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ 1999 ਦੀ ਵੈਸਾਖੀ ਤੋਂ ਲਾਗੂ ਕਰਨ ਲਈ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਕੀਤਾ ਗਿਆ ਸੀ, ਉਸ ਸਾਲ ਵੀ ਹੋਲਾ ਮਹੱਲਾ ਚੇਤ ਵਦੀ ੧ ਅਤੇ ਚੇਤ ੧ ਸੰਮਤ ੨੦੫੫ ਨੂੰ ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ। (3) ਇਹ ਇਕ ਹੋਰ ਇਤਫ਼ਾਕ ਹੈ ਕਿ ਪ੍ਰਚਲਿਤ ਧਾਰਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਪਹਿਲਾ ਹੋਲਾ ਮਹੱਲਾ ਮਨਾਇਆ ਗਿਆ, ਉਸ ਦਿਨ ਵੀ ਚੇਤ ਵਦੀ ੧, ਸੰਮਤ ੧੭੫੭ ਬਿਕਰਮੀ ਵਾਲੇ ਦਿਨ 14 ਮਾਰਚ, 1701 ਜੂਲੀਅਨ ਹੀ ਸੀ। (4) ਜਿਸ ਤਰ੍ਹਾਂ ਕਿ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਹੋਲੀ ਇੱਕ ਮੌਸਮੀ ਤਿਉਹਾਰ ਹੈ, ਜੋ ਹਿਮਕਰ ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਦਾ ਇੱਕ ਸੁਨੇਹਾ ਹੈ। ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ ਅਨੁਸਾਰ ਵੀ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ: ‘‘ਰੁਤਿ ਸਰਸ ਬਸੰਤ; ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ (ਰਾਮਕਲੀ ਰੁਤੀ ਸਲੋਕ ਮਹਲਾ ੫/੯੨੭), ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ॥’’ (ਤੁਖਾਰੀ ਬਾਰਹਮਾਹਾ ਮ ੧/੧੧੦੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਅਰੰਭਤਾ ਵਾਲੇ ਦਿਨ ਮਨਾਇਆ ਜਾਇਆ ਕਰੇਗਾ। (5) ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ ਸਨ ਉਨ੍ਹਾਂ ਅਨੁਸਾਰ ਇਨ੍ਹਾਂ ਤਿਉਹਾਰਾਂ ਦਾ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਜਾਣ ਦਾ ਅਰਥ ਨਹੀਂ ਸੀ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ, ਜੋ ਮਾਘੀ-ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ-ਪੂਰਬ ਯਾਤਰਾ ਆਰੰਭ ਕਰਦਾ ਹੈ, ਜਿਸ ਤੋਂ ਬਾਅਦ ਦਿਨ ਲੰਬੇ ਹੋਣੇ ਸ਼ੁਰੂ ਹੋਣਗੇ। ਇਹ ਦਿਨ ਪੂਰੀ ਦੁਨੀਆ ਦੇ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਸਨ। 532 ਈ: ਜੂਲੀਅਨ ਵਿੱਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ, ਉਸ ਸਮੇਂ ‘ਉੱਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਸ਼ੁਰੂ ਹੁੰਦਾ ਹੈ ਭਾਵ ਲਗਭਗ 24-25 ਦਿਨਾਂ ਦਾ ਅੰਤਰ ਪੈ ਗਿਆ ਹੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਨੂੰ ਅਤੇ ਮਾਘੀ 28 ਜਨਵਰੀ ਨੂੰ ਆਵੇਗੀ। ਇਸ ਹਿਸਾਬ ਨਾਲ਼ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਹੋਣ ਲੱਗ ਪਏਗੀ ਤਾਂ ਅਸਚਰਜ ਲੱਗੇਗਾ। ਕੀ ਮਈ ’ਚ ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਇਕੱਠ ਹੋਣਗੇ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ? |
690 |