28 March 2024

ਮੁਸ਼ਤਾਕ ਅੰਕਲ ਦਾ ਦਰਦ – – -ਰਵਿੰਦਰ ਸਿੰਘ ਸੋਢੀ

ਬਾਹਰ ਬਰਫ ਬਹੁਤ ਪੈ ਰਹੀ ਸੀ। ਹਵਾ ਵੀ ਬਹੁਤ ਤੇਜ, ਜਿਵੇਂ ਬਰਫ਼ਾਨੀ ਤੁਫਾਨ ਚਲ ਰਿਹਾ ਹੋਵੇ। ਹੋਟਲ ਦੇ ਸਵਾਗਤੀ ਕਾਊਂਟਰ ਤੇ ਪਿੱਛੇ ਬੈਠੀ ਅਵਨੀਤ ਆਪਣੀ ਕਿਤਾਬ ਵਿਚ ਮਗਨ ਸੀ। ਰਾਤ ਦੇ ਤਕਰੀਬਨ 11 ਕੁ ਵਜੇ ਦਾ ਸਮਾਂ। ਉਸ ਨੂੰ ਪਤਾ ਸੀ ਕਿ ਅਜਿਹੇ ਖਰਾਬ ਮੌਸਮ ਵਿਚ ਹੋਟਲ ਵਿਚ ਰਾਤ ਕੱਟਣ ਵਾਲੇ ਮੁਸਾਫ਼ਿਰ ਘੱਟ ਹੀ ਆਉਂਦੇ ਹਨ। ਵੱਡੇ ਟਰੱਕਾਂ ਜਾਂ ਟਰਾਲਿਆਂ ਦੇ ਡਰਾਇਵਰ ਵੀ ਜਿਆਦਾ ਬਰਫਬਾਰੀ ਕਰਕੇ ਸਫ਼ਰ ਕਰਨ ਤੋਂ ਪਾਸਾ ਹੀ ਵੱਟਦੇ ਹਨ ਅਤੇ ਛੋਟੀਆਂ ਕਾਰਾਂ ਵਾਲੇ ਤਾਂ ਘਰੋਂ ਹੀ ਨਹੀਂ ਨਿਕਲਦੇ। ਇਸੇ ਲਈ ਅਵਨੀਤ ਨੇ ਸਵਾਗਤੀ ਕਾਉਂਟਰ ਦੇ ਕਮਰੇ ਵਾਲੇ ਮੁੱਖ ਦਰਵਾਜ਼ੇ ਨੂੰ ਅੰਦਰੋਂ ਬੰਦ ਹੀ ਕਰ ਦਿੱਤਾ। ਉਹ ਇਸ ਭੈੜੇ ਮੌਸਮ ਨੂੰ ਆਪਣੇ ਲਈ ਚੰਗਾ ਹੀ ਮੰਨ ਰਹੀ ਸੀ, ਕਿਉਂ ਕਿ ਦੋ ਦਿਨਾਂ ਬਾਅਦ ਉਸ ਦਾ ਪੇਪਰ ਸੀ। ਮੌਸਮ ਦੀਆਂ ਖ਼ਬਰਾਂ ਅਨੁਸਾਰ ਅਗਲੇ ਦੋ ਕੁ ਦਿਨ ਹੋਰ ਇਹੋ ਜਿਹਾ ਹੀ ਮੌਸਮ ਰਹਿਣ ਦੀ ਚਿਤਾਵਨੀ ਸੀ। ਉਹ ਸੋਚ ਰਹੀ ਸੀ ਕਿ ਉਸ ਦੇ ਪੇਪਰ ਦੀ ਤਿਆਰੀ ਵਧੀਆ ਹੋ ਜਾਵੇ ਗੀ।

“ਬੱਚੂ, ਚਾਹ ਪੀਏਂਗੀ ਜਾਂ ਕਾਫ਼ੀ?” ਇਹ ਅਵਾਜ਼ ਸੁਣ ਕੇ ਅਵਨੀਤ ਨੇ ਸਿਰ ਉੱਪਰ ਚੁੱਕਿਆ, ਸਾਹਮਣੇ ਮੁਸ਼ਤਾਕ ਅੰਕਲ ਖੜੇ ਸੀ।

ਉਹਨਾਂ ਦੀ ਗੱਲ ਦਾ ਜੁਆਬ ਦੇਣ ਜੀ ਬਜਾਏ ਅਵਨੀਤ ਨੇ ਪੁੱਛਿਆ, “ਅੰਕਲ, ਤੁਸੀਂ ਅਜੇ ਸੁੱਤੇ ਨਹੀਂ?”

“ਬੱਸ ਨੀਂਦ ਨਹੀਂ ਸੀ ਆ ਰਹੀ।” ਅੰਕਲ ਨੇ ਹੌਲੀ ਜਿਹੀ ਕਿਹਾ।

ਅਵਨੀਤ ਨੇ ਉਹਨਾਂ ਦੇ ਬੋਲਣ ਦੇ ਲਹਿਜੇ ਤੋਂ ਹੈਰਾਨ ਹੋ ਕੇ ਮੁਸ਼ਤਾਕ ਅੰਕਲ ਦੇ ਚਿਹਰੇ ਵੱਲ ਦੇਖਿਆ। ਉਹ ਕੁਝ ਉਦਾਸ ਜਿਹੇ ਲੱਗ ਰਹੇ ਸੀ।

ਵੈਸੇ ਤਾਂ ਅਵਨੀਤ ਨੂੰ ਮੁਸ਼ਤਾਕ ਅੰਕਲ ਕਦੇ ਵੀ ਚੰਗੇ ਨਹੀਂ ਸੀ ਲੱਗੇ। ਸੱਠ ਕੁ ਵਰਿੵਅਾਂ ਦੇ ਅੰਕਲ ਦੀਆਂ ਗੱਲਾਂ ਤੋਂ ਅਵਨੀਤ ਨੂੰ ਹਮੇਸ਼ਾਂ ਹੀ ਚਿੜ ਚੜ੍ਹਦੀ। ਅਸਲ ਵਿਚ ਉਹਨਾਂ ਨੂੰ ਗੱਲ ਲਾ ਕੇ ਕਰਨ ਦੀ ਆਦਤ ਸੀ, ਖਾਸ ਕਰ ਜਦੋਂ ਗੱਲ ਪਾਕਿਸਤਾਨ ਅਤੇ ਭਾਰਤ ਦੇ ਆਪਸੀ ਸੰਬੰਧਾਂ ਦੀ ਹੁੰਦੀ। ਉਹ ਹਮੇਸ਼ਾ ਭਾਰਤ ਦੇ ਖਿਲਾਫ਼ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ। ਵੀਹ ਵਰਿੵਅਾਂ ਦੀ ਅਵਨੀਤ ਭਾਰਤ ਤੋਂ ਅਮਰੀਕਾ ਪੜ੍ਹਾਈ ਕਰਨ ਆਈ ਹੋਈ ਸੀ। ਉਸਦੀ ਫ਼ੀਸ ਤਾਂ ਉਸ ਦੇ ਮਾਂ-ਪਿਉ ਭੇਜ ਦਿੰਦੇ। ਆਪਣੇ ਉਪਰਲੇ ਖਰਚੇ ਪੂਰੇ ਕਰਨ ਲਈ ਉਹ ਹੋਟਲ ਵਿਚ ਕੰਮ ਕਰਦੀ। ਮੁਸ਼ਤਾਕ ਅੰਕਲ ਵੀ ਇਸੇ ਹੋਟਲ ਵਿਚ ਕੰਮ ਕਰਦੇ ਸੀ। ਉਹਨਾਂ ਦੀ ਜ਼ਿੰਮੇਵਾਰੀ ਹੋਟਲ ਦੇ ਬਿਜਲੀ, ਪਾਣੀ ਅਤੇ ਹੋਰ ਛੋਟੇ-ਮੋਟੇ ਕੰਮ ਦੀ ਟੁੱਟ-ਭੱਜ ਨੂੰ ਠੀਕ ਕਰਨ ਦੀ ਸੀ। ਹੋਟਲ ਦੇ ਮਾਲਕ ਬਸ਼ੀਰ ਸਾਹਿਬ, ਜਿੰਨਾਂ ਦੀ ਉਮਰ ਪੰਜਾਹ ਕੁ ਸਾਲ ਦੀ ਸੀ, ਉਹ ਵੀ ਆਪਣੀ ਉਮਰ ਤੋਂ ਵੱਡੇ ਮੁਸ਼ਤਾਕ ਸਾਹਿਬ ਨੂੰ ਅੰਕਲ ਕਹਿ ਕੇ ਹੀ ਬੁਲਾਉਂਦੇ। ਉਹਨਾਂ ਨੇ ਹੋਟਲ ਦਾ ਇਕ ਕਮਰਾ ਮੁਸ਼ਤਾਕ ਅੰਕਲ ਨੂੰ ਰਹਿਣ ਲਈ ਦਿੱਤਾ ਹੋਇਆ ਸੀ। ਮੁਸ਼ਤਾਕ ਸਾਹਿਬ ਚੌਵੀ ਘੰਟੇ ਹੀ ਹੋਟਲ ਵਿਚ ਰਹਿੰਦੇ। ਉਹਨਾਂ ਦੀ ਬੀਵੀ ਅਤੇ ਦੋ ਬੇਟੀਆਂ ਲਾਹੌਰ ਰਹਿੰਦੀਆਂ ਸੀ। ਚਾਰ ਕੁ ਸਾਲ ਪਹਿਲਾਂ ਉਹ ਜਦੋਂ ਪਾਕਿਸਤਾਨ ਤੋਂ ਅਮਰੀਕਾ ਆਏ ਸੀ, ਉਦੋਂ ਤੋਂ ਹੀ ਇਸੇ ਹੋਟਲ ਵਿਚ ਕੰਮ ਕਰ ਰਹੇ ਹਨ। ਉਹਨਾਂ ਨੂੰ ਆਪਣੇ ਪੱਕੇ ਹੋਣ ਦੇ ਕਾਗਜਾਂ ਦਾ ਇੰਤਜ਼ਾਰ ਸੀ।

ਹੋਟਲ ਵਿਚ ਰਹਿਣ ਕਰਕੇ ਉਹਨਾਂ ਦਾ ਆਪਣਾ ਖਰਚਾ ਤਾਂ ਨਾ-ਮਾਤਰ ਹੀ ਸੀ। ਸਵੇਰ ਦਾ ਨਾਸ਼ਤਾ ਹੋਟਲ ਵਿਚ ਰਹਿਣ ਵਾਲਿਆਂ ਨੂੰ ਹੋਟਲ ਵੱਲੋਂ ਹੀ ਦਿੱਤਾ ਜਾਂਦਾ। ਉਹਨਾਂ ਦਾ ਨਾਸ਼ਤਾ ਵੀ ਵਿੱਚੇ ਹੀ ਹੋ ਜਾਂਦਾ। ਜਿਹੜਾ ਸਮਾਨ ਬਚ ਜਾਂਦਾ, ਉਹ ਦੁਪਹਿਰੇ ਅਤੇ ਰਾਤ ਨੂੰ ਵੀ ਉਹਨਾਂ ਦੇ ਕੰਮ ਆ ਜਾਂਦਾ। ਕਈ ਵਾਰ ਬਸ਼ੀਰ ਸਾਹਿਬ ਸਵੇਰੇ ਆਉਂਦੇ ਹੋਏ ਉਹਨਾਂ ਦਾ ਖਾਣਾ ਵੀ ਨਾਲ ਹੀ ਲੈ ਆਉਂਦੇ। ਇਕ ਕਿਸਮ ਨਾਲ ਹੋਟਲ ਦੀ ਚਾਰ ਦੀਵਾਰੀ ਹੀ ਉਹਨਾਂ ਲਈ ਸਭ ਕੁਝ ਸੀ। ਆਪਣੀ ਤਨਖਾਹ ਵਿਚੋਂ ਥੋੜ੍ਹੇ-ਬਹੁਤ ਡਾਲਰ ਰੱਖ ਕੇ ਬਾਕੀ ਸਭ ਆਪਣੇ ਪਰਿਵਾਰ ਨੂੰ ਭੇਜ ਦਿੰਦੇ। ਜਦੋਂ ਵੀ ਵਿਹਲ ਮਿਲਦੀ ਆਪਣੇ ਕਮਰੇ ਵਿਚ ਲੱਗੇ ਟੀ ਵੀ ਤੋਂ ਪਾਕਿਸਤਾਨ ਦੇ ਕਿਸੇ ਨਾ ਕਿਸੇ ਚੈਨਲ ਤੋਂ ਖ਼ਬਰਾਂ ਦੇਖਦੇ ਰਹਿੰਦੇ। ਬਸ਼ੀਰ ਸਾਹਿਬ ਨੇ ਉਹਨਾਂ ਨੂੰ ਇਹ ਸਹੂਲਤਾਂ ਇਸ ਲਈ ਦਿੱਤੀਆਂ ਹੋਈਆਂ ਸੀ ਕਿ ਉਹ ਆਪਣੇ ਕੰਮ ਵਿਚ ਮਾਹਿਰ ਹੋਣ ਦੇ ਨਾਲ-ਨਾਲ ਇਮਾਨਦਾਰ ਵੀ ਸਨ। ਬੱਸ ਉਹਨਾਂ ਦਾ ਸਭ ਤੋਂ ਵੱਡਾ ਨੁਕਸ ਸੀ ਕਿ ਜਦੋਂ ਵੀ ਕਿਤੇ ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ ਦੀ ਗੱਲ ਚਲਦੀ ਤਾਂ ਉਹ ਉਲਾਰ ਹੋ ਕੇ ਭਾਰਤ ਵਿਰੁੱਧ ਬੋਲਣ ਲੱਗ ਪੈਂਦੇ। ਬਸ਼ੀਰ ਸਾਹਿਬ ਨੇ ਉਹਨਾਂ ਨੂੰ ਕਈ ਵਾਰ ਸਮਝਾਇਆ ਵੀ ਕਿ ਦੋਹਾਂ ਮੁਲਕਾਂ ਦਾ ਆਪਸੀ ਝਗੜਾ ਰਾਜਸੀ ਪੈਂਤੜਾ ਹੈ। ਦੋਵੇਂ ਮੁਲਕਾਂ ਦੇ ਹੁਕਮਰਾਨ ਇਕੋ ਥੈਲੀ ਦੇ ਚੱਟੇ-ਵੱਟੇ ਹਨ ਅਤੇ ਕੁਝ ਵਿਦੇਸ਼ੀ ਤਾਕਤਾਂ ਵੀ ਆਪਣੇ ਫਾਇਦੇ ਲਈ ਦੋਹਾਂ ਮੁਲਕਾਂ ਵਿਚ ਸ਼ਬਦੀ ਜੰਗ ਭਖਾਈ ਰੱਖਦੀਆਂ ਹਨ, ਕਿਉਂ ਕਿ ਉਹਨਾਂ ਨੇ ਦੋਹਾਂ ਦੇਸ਼ਾਂ ਨੂੰ ਆਪਣੇ ਹਥਿਆਰ ਜੋ ਵੇਚਣੇ ਹੋਏ, ਪਰ ਮੁਸ਼ਤਾਕ ਸਾਹਿਬ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਉਹ ਕਈ ਵਾਰ ਅਵਨੀਤ ਨੂੰ ਕਹਿ ਚੁੱਕੇ ਸਨ ਕਿ ਤੁਹਾਡਾ ਮੁਲਕ ਪਾਕਿਸਤਾਨ ਨਾਲੋਂ ਬਹੁਤ ਵੱਡਾ ਹੈ, ਜੇ ਕਸ਼ਮੀਰ ਦਾ ਛੋਟਾ ਜਿਹਾ ਇਲਾਕਾ ਪਾਕਿਸਤਾਨ ਦੇ ਹਵਾਲੇ ਕਰ ਵੀ ਦੇਵੇ ਤਾਂ ਕੀ ਫਰਕ ਪੈਂਦਾ ਹੈ? ਅਵਨੀਤ ਨੇ ਉਹਨਾਂ ਨੂੰ ਕਈ ਵਾਰ ਕਿਹਾ ਵੀ ਕਿ ਅੰਕਲ, ਉਸ ਨੂੰ ਨਹੀਂ ਪਤਾ ਕਿ ਕਸ਼ਮੀਰ ਦਾ ਮਸਲਾ ਕਿਵੇਂ ਹਲ ਹੋ ਸਕਦਾ ਹੈ, ਕੀ ਭਾਰਤ, ਕਸ਼ਮੀਰ, ਪਾਕਿਸਤਾਨ ਨੂੰ ਦੇ ਦੇਵੇ ਜਾਂ ਪਾਕਿਸਤਾਨ ਆਪਣੇ ਹਿੱਸੇ ਵਾਲਾ ਕਸ਼ਮੀਰ, ਭਾਰਤ ਦੇ ਹਵਾਲੇ ਕਰ ਦੇਵੇ? ਇਹ ਗੱਲ ਸੁਣ ਕੇ ਉਹ ਅੱਗ ਬਬੂਲਾ ਹੋ ਜਾਂਦੇ ਅਤੇ ਦੋ-ਦੋ ਜਾਂ ਤਿੰਨ-ਤਿੰਨ ਦਿਨ ਅਵਨੀਤ ਨਾਲ ਗੱਲ ਤੱਕ ਨਾ ਕਰਦੇ, ਇਥੋਂ ਤੱਕ ਕਿ ਉਸ ਦੀ ਸਤਿ ਸ੍ਰੀ ਅਕਾਲ ਜਾਂ ਸਲਾਮਾ-ਲੇਕਅਮ ਦਾ ਜੁਆਬ ਵੀ ਨਾ ਦਿੰਦੇ। ਫੇਰ ਜਦੋਂ ਪਾਕਿਸਤਾਨ ਟੀ ਵੀ ਤੋਂ ਭਾਰਤ ਵਿਰੁੱਧ ਕੋਈ ਖ਼ਬਰ ਸੁਣ ਲੈਂਦੇ ਤਾਂ ਪੁਰਾਣਾ ਗੁੱਸਾ ਗਿਲਾ ਭੁਲਾ ਨਵੀਂ ਗੱਲ ਛੇੜ ਲੈਂਦੇ। ਅਜਿਹੀਆਂ ਗੱਲਾਂ ਕਰ ਕੇ ਪਤਾ ਨਹੀਂ ਉਹਨਾਂ ਨੂੰ ਕੀ ਸਕੂਨ ਮਿਲਦਾ?

ਇਕ ਦਿਨ ਅਵਨੀਤ ਨੇ ਦੁਖੀ ਹੋ ਕੇ ਹੋਟਲ ਦੇ ਮਾਲਕ ਬਸ਼ੀਰ ਸਾਹਿਬ ਨੂੰ ਕਹਿ ਹੀ ਦਿੱਤਾ ਕਿ ਅੰਕਲ ਉਹ ਅਗਲੇ ਮਹੀਨੇ ਤੋਂ ਕੰਮ ਤੇ ਨਹੀਂ ਆਵੇ ਗੀ, ਕਿਸੇ ਨਵੇਂ ਬੰਦੇ ਦਾ ਪ੍ਰਬੰਧ ਕਰ ਲਓ। ਬਸ਼ੀਰ ਸਾਹਿਬ ਇਹ ਸੁਣ ਕੇ ਹੈਰਾਨ ਹੋ ਗਏ। ਉਹਨਾਂ ਨੂੰ ਪਤਾ ਸੀ ਕਿ ਅਵਨੀਤ ਦੋ ਸਾਲ ਤੋਂ ਉਹਨਾਂ ਦੇ ਹੋਟਲ ਵਿਚ ਕੰਮ ਕਰ ਰਹੀ ਹੈ। ਉਸ ਦਾ ਕੰਮ ਤਸੱਲੀਬਖਸ਼ ਹੈ। ਵੱਡੀ ਗੱਲ ਉਸ ਦੀ ਅੰਗਰੇਜੀ ਬਹੁਤ ਵਧੀਆ ਹੈ। ਹੋਟਲ ਵਿਚ ਰਹਿਣ ਵਾਲਿਆਂ ਨਾਲ ਚੰਗੀ ਤਰਾਂ ਗੱਲ ਬਾਤ ਕਰਦੀ। ਜੇ ਕਿਸੇ ਕਮਰੇ ਵਿਚ ਕੋਈ ਚੀਜ਼ ਠੀਕ ਕਰਨੀ ਹੋਵੇ ਤਾਂ ਮੁਸ਼ਤਾਕ ਅੰਕਲ ਨੂੰ ਪੰਜਾਬੀ ਵਿਚ ਸਮਝਾ ਦਿੰਦੀ, ਕਿਉਂ ਕਿ ਮੁਸ਼ਤਾਕ ਸਾਹਿਬ ਨੂੰ ਅੰਗਰੇਜੀ ਘੱਟ ਹੀ ਸਮਝ ਪੈਂਦੀ ਸੀ।

ਬਸ਼ੀਰ ਨੇ ਅਵਨੀਤ ਨੂੰ ਪੁੱਛਿਆ ਕਿ ਉਹ ਉਹਨਾਂ ਦੇ ਹੋਟਲ ਵਿਚ ਕੰਮ ਕਿਉਂ ਨਹੀਂ ਕਰਨਾ ਚਾਹੁੰਦੀ, ਕੀ ਕਿਤੇ ਹੋਰ ਕੰਮ ਮਿਲ ਗਿਆ ਹੈ? ਉਹ ਤਾਂ ਇਹ ਸੋਚ ਰਹੇ ਸੀ ਕਿ ਜਦੋਂ ਅਵਨੀਤ ਦੀ ਪੜ੍ਹਾਈ ਖਤਮ ਹੋ ਗਈ, ਉਹ ਉਸ ਨੂੰ ਪੱਕੇ ਤੌਰ ਤੇ ਆਪਣੇ ਹੋਟਲ ਵਿਚ ਹੀ ਰੱਖ ਲੈਣ ਗੇ। ਹੋਟਲ ਵੱਲੋਂ ਹੀ ਉਸਦੇ ਪੱਕੇ ਵੀਜ਼ੇ ਲਈ ਕਾਗਜ ਭਰ ਦੇਣ ਗੇ।

ਅਵਨੀਤ ਨੇ ਕਿਹਾ ਕਿ ਅੰਕਲ ਅਜਿਹੀ ਕੋਈ ਗੱਲ ਨਹੀਂ। ਉਸ ਨੂੰ ਇਸ ਹੋਟਲ ਵਿਚ ਕੰਮ ਕਰਨ ਦੀ ਕੋਈ ਦਿੱਕਤ ਨਹੀਂ, ਸਗੋਂ ਉਹ ਤਾਂ ਖੁਸ਼ ਹੈ ਕਿ ਉਸ ਨੂੰ ਚੰਗਾ ਕੰਮ ਮਿਲਿਆ ਹੋਇਆ ਹੈ, ਪਰ ਮੁਸ਼ਤਾਕ ਅੰਕਲ ਦੀਆਂ ਗੱਲਾਂ ਹੋਰ ਬਰਦਾਸ਼ਤ ਨਹੀਂ ਹੁੰਦੀਆਂ। ਉਹਨਾਂ ਦੀ ਸੂਈ ਹਮੇਸ਼ਾਂ ਦੋਹਾਂ ਦੇਸ਼ਾਂ ਦੀਆਂ ਗੱਲਾਂ ਤੇ ਅਟਕੀ ਰਹਿੰਦੀ ਹੈ। ਤੁਹਾਡੇ ਜਾਣ ਤੋਂ ਬਾਅਦ ਉਹ ਰਿਸੈਪਸ਼ਨ ਵਾਲੇ ਸੋਫੇ ਤਾ ਆ ਕੇ ਬੈਠ ਜਾਂਦੇ ਹਨ ਅਤੇ ਉਹੀ ਗੱਲਾਂ ਸ਼ੁਰੂ ਕਰ ਲੈਂਦੇ ਹਨ। ਉਹ ਮੇਰੇ ਕੋਲੋਂ ਉਮਰ ਵਿਚ ਬਹੁਤ ਵੱਡੇ ਹਨ, ਮੇਰੇ ਡੈਡੀ ਦੀ ਉਮਰ ਤੋਂ ਵੀ ਵੱਡੇ। ਮੈਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੀ।

ਅਵਨੀਤ ਦੀ ਇਹ ਗੱਲ ਸੁਣ ਕੇ ਬਸ਼ੀਰ ਸਾਹਿਬ ਕੁਝ ਸੋਚਣ ਲੱਗੇ। ਉਹਨਾਂ ਨੇ ਜਾਣ ਤੋਂ ਪਹਿਲਾਂ ਇਹੋ ਕਿਹਾ, “ਕੋਈ ਨਾ ਬੇਟਾ, ਮੈਂ ਇਸ ਦਾ ਵੀ ਕੋਈ ਹਲ ਲੱਭਦਾ ਹਾਂ।”

ਬਸ਼ੀਰ ਸਾਹਿਬ ਦੇ ਜਾਣ ਤੋਂ ਬਾਅਦ ਮੁਸ਼ਤਾਕ ਅੰਕਲ, ਅਵਨੀਤ ਦੇ ਕਾਉਂਟਰ ਕੋਲ ਆ ਕੇ ਖੜੇ ਹੋ ਗਏ। ਉਹ ਕੁਝ ਗੁੱਸੇ ਵਿਚ ਸਨ। ਆਉਂਦੇ ਹੀ ਆਪਣੇ ਆਪ ਬੋਲਣ ਲੱਗ ਪਏ, “ਪਤਾ ਨਹੀਂ ਸਾਡੇ ਗੁਆਂਢੀ ਮੁਲਕ ਨੂੰ ਅਕਲ ਕਦੋਂ ਆਵੇ ਗੀ। ਅੱਜ ਪਾਕਿਸਤਾਨ ਦੀ ਫੌਜ ਨੇ ਇਕ ਹਿੰਦੁਸਤਾਨੀ ਜਾਸੂਸ ਨੂੰ ਅਜ਼ਾਦ ਕਸ਼ਮੀਰ ਦੇ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਹੈ। ਭਾਰਤੀ ਫੌਜ ਦਾ ਕੋਈ ਰਿਟਾਇਰ ਅਫਸਰ ਹੈ। ਹੁਣ ਹਰ ਪਾਸੇ ਹਿੰਦੁਸਤਾਨ ਦੀ ਥੂਹ-ਥੂਹ ਹੋ ਰਹੀ ਹੈ। ਪਤਾ ਨਹੀਂ ਇਹ ਕਸ਼ਮੀਰ ਦਾ ਰੇੜਕਾ ਖਤਮ ਕਦੋਂ ਹੋਵੇ ਗਾ? ਸਾਡੇ ਵਜ਼ੀਰੇ ਆਜ਼ਮ ਨੂੰ ਫ਼ੌਰੀ ਫੌਜੀ ਕਾਰਵਾਈ ਕਰਨੀ ਚਾਹੀਦੀ ਹੈ।” ਇਹ ਕਹਿੰਦੇ ਹੋਏ ਉਹ ਸੋਫੇ ਤੇ ਜਾ ਕੇ ਬੈਠ ਗਏ।

ਅਵਨੀਤ ਨੇ ਉਹਨਾਂ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਉਹ ਆਪਣੇ ਕੰਮ ਵਿਚ ਲੱਗੀ ਰਹੀ।

ਐਨੇ ਨੂੰ ਬਸ਼ੀਰ ਸਾਹਿਬ ਚੁੱਪ-ਚਾਪ ਅੰਦਰ ਆ ਗਏ। ਉਹਨਾਂ ਨੇ ਮੁਸ਼ਤਾਕ ਅੰਕਲ ਦੀ ਆਖਰੀ ਗੱਲ ਸੁਣ ਲਈ ਸੀ। ਮੁਸ਼ਤਾਕ ਅੰਕਲ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਏ।

“ਕਸ਼ਮੀਰ ਦੀ ਕੀ ਗੱਲ ਕਰ ਰਹੇ ਹੋ ਅੰਕਲ?” ਬਸ਼ੀਰ ਸਾਹਿਬ ਨੇ ਮੁਸ਼ਤਾਕ ਅੰਕਲ ਕੋਲ ਸੋਫੇ ਤੇ ਬੈਠਦੇ ਪੁੱਛਿਆ।

“ਗੱਲ ਤੇ ਕੋਈ ਨਹੀਂ। ਮੈਂ ਤਾਂ ਟੀ ਵੀ ਤੇ ਦੇਖੀ ਖ਼ਬਰ ਅਵਨੀਤ ਨੂੰ ਦੱਸ ਰਿਹਾ ਸੀ।”

“ਅੰਕਲ, ਕਿਹੜੀਆਂ ਗੱਲਾਂ ‘ਚ ਪਏ ਰਹਿਣੇ ਓ। ਇਕ ਗੱਲ ਦੱਸੋ, ਜੇ ਖੁਦਾ ਨਾ ਖਾਸਤਾ ਕਸ਼ਮੀਰ ਪਾਕਿਸਤਾਨ ਨੂੰ ਮਿਲ ਵੀ ਜਾਵੇ, ਪਾਕਿਸਤਾਨ ਦੇ ਅਵਾਮ ਨੂੰ ਉਸ ਦਾ ਕੀ ਫਾਇਦਾ ਹੋਵੇ ਗਾ? ਕਿਸੇ ਨੂੰ ਉਥੇ ਇਕ ਇੰਚ ਥਾਂ ਵੀ ਮੁਫ਼ਤ ਨਹੀਂ ਮਿਲਣ ਲੱਗੀ। ਹੁਣ ਹਿੰਦੁਸਤਾਨ ਦੀ ਫੌਜ ਉਥੇ ਲਾਸ਼ਾਂ ਦੇ ਢੇਰ ਲਾ ਰਹੀ ਹੈ, ਫੇਰ ਇਹੋ ਕੰਮ ਸਾਡੇ ਮੁਲਕ ਦੀ ਫੌਜ ਕਰੇਗੀ। ਜੋ ਭੁੱਖ ਮਰੀ ਇਸ ਸਮੇਂ ਸਾਰੇ ਪਾਕਿਸਤਾਨ ਵਿਚ ਫੈਲੀ ਹੋਈ ਏ, ਉਹੀ ਉਥੇ ਫੈਲ ਜਾਵੇ ਗੀ। ਕਦੇ ਕਸ਼ਮੀਰ ਧਰਤੀ ਤੇ ਜਨਤ ਹੋਵੇ ਗਾ, ਹੁਣ ਤਾਂ ਦੋਹਾਂ ਮੁਲਕਾਂ ਨੇ ਇਸ ਨੂੰ ਜਹੰਨਮ ਬਣਾ ਦਿੱਤਾ ਹੈ।”
ਮੁਸ਼ਤਾਕ ਅੰਕਲ ਕੋਲ ਇਸ ਗੱਲ ਦਾ ਕੋਈ ਜੁਆਬ ਨਹੀਂ ਸੀ।

“ਅਵਨੀਤ ਬੇਟਾ, ਜਾਹ ਫਰਿਜ ‘ਚੋਂ ਕਸ਼ਮੀਰ ਲਿਆ ਕੇ ਆਪਣੇ ਮੁਸ਼ਤਾਕ ਅੰਕਲ ਨੂੰ ਫੜਾ ਦੇ, ਖੁਸ਼ ਹੋ ਜਾਣਗੇ।”

ਇਹ ਗੱਲ ਸੁਣ ਕੇ ਅਵਨੀਤ ਦੀ ਹਾਸੀ ਨਿਕਲ ਗਈ। ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ ਤਾਂ ਜੋ ਮੁਸ਼ਤਾਕ ਅੰਕਲ ਨਰਾਜ਼ ਨਾ ਹੋ ਜਾਣ।

“ਕੀ? ਕਸ਼ਮੀਰ, ਫਰਿਜ ਵਿਚ?” ਮੁਸ਼ਤਾਕ ਅੰਕਲ ਦੇ ਮੂੰਹੋਂ ਨਿਕਲਿਆ।

“ਅੰਕਲ, ਇਸ ਬੱਚੀ ਨਾਲ ਅਜਿਹੀਆਂ ਗੱਲਾਂ ਕਿਉਂ ਕਰਦੇ ਹੋ? ਇਹ ਅਜੇ ਪੜ੍ਹਦੀ ਹੈ। ਇਸ ਦੀ ਹਿੰਮਤ ਦੀ ਦਾਦ ਦਿਓ ਜੋ ਆਪਣੇ ਵਾਲਦੈਨ ਤੋਂ ਦੂਰ ਰਹਿ ਕੇ ਪੜ੍ਹ ਵੀ ਰਹੀ ਹੈ ਅਤੇ ਕੰਮ ਵੀ ਕਰ ਰਹੀ ਹੈ। ਸਲਾਮ ਹੈ ਇਸ ਦੇ ਵਾਲਦੈਨ ਨੂੰ ਜਿੰਨਾਂ ਨੇ ਇਸ ਨੂੰ ਆਪਣੇ ਤੋਂ ਦੂਰ ਭੇਜਿਆ ਤਾਂ ਜੋ ਇਹ ਜ਼ਿੰਦਗੀ ਵਿਚ ਕੁਝ ਬਣ ਸਕੇ। ਤੁਸੀਂ ਆਪਣੀਆਂ ਬੱਚੀਆਂ ਤੋਂ ਦੂਰ ਹੋ, ਤੁਹਾਨੂੰ ਉਹਨਾਂ ਦੀ ਕਿੰਨੀ ਯਾਦ ਸਤਾਉਂਦੀ ਹੈ। ਉਹ ਤੁਹਾਡੇ ਨਾਲ ਹਰ ਰੋਜ ਹੀ ਫੋਨ ਤੇ ਗੱਲ ਕਰਦੀਆਂ ਹਨ। ਮੇਰੀ ਬੱਚੀ, ਮੇਰੇ ਤੋਂ ਬਿਨਾ ਇਕ ਦਿਨ ਨਹੀਂ ਰਹਿ ਸਕਦੀ। ਇਹ ਵੀ ਸਾਡੀ ਬੱਚੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਸ ਨਾਲ ਅਜਿਹੇ ਮਸਲਿਆਂ ਤੇ ਗੱਲ ਨਾ ਹੀ ਕਰਿਆ ਕਰੋ।” ਇਹ ਕਹਿੰਦੇ ਹੋਏ ਬਸ਼ੀਰ ਸਾਹਿਬ ਗੁੱਸੇ ਵਿਚ ਚਲੇ ਗਏ।

ਮੁਸ਼ਤਾਕ ਸਾਹਿਬ ਚੁੱਪ-ਚਾਪ ਆਪਣੇ ਕਮਰੇ ਵਿਚ ਚਲੇ ਗਏ ਅਤੇ ਅਵਨੀਤ ਕੰਪਿਊਟਰ ਤੇ ਕੋਈ ਕੰਮ ਕਰਨ ਵਿਚ ਰੁਝ ਗਈ।

“ਬੱਚੂ ਤੇਰੀ ਕਾਫ਼ੀ ਤਾਂ ਠੰਡੀ ਹੋ ਗਈ। ਕਿਹੜੀਆਂ ਸੋਚਾਂ ਵਿਚ ਗਵਾਚ ਗਈ ਸੀ?” ਮੁਸ਼ਤਾਕ ਅੰਕਲ ਦੀ ਇਹ ਗੱਲ ਸੁਣ ਕੇ ਅਵਨੀਤ ਦੇ ਖਿਆਲਾਂ ਦੀ ਲੜੀ ਟੁੱਟੀ। ਉਸ ਨੇ ਜਲਦੀ-ਜਲਦੀ ਇਕ ਘੁੱਟ ਭਰੀ, ਪਰ ਕਾਫ਼ੀ ਪੀਣ ਜੋਗੀ ਨਹੀਂ ਸੀ ਰਹੀ।

“ਇਹ ਰਹਿਣ ਦੇ, ਮੈਂ ਗਰਮ-ਗਰਮ ਕਾਫ਼ੀ ਦਾ ਇਕ ਹੋਰ ਕੱਪ ਬਣਾ ਦਿੰਦਾ ਹਾਂ।” ਇਹ ਕਹਿੰਦੇ ਹੋਏ ਉਹਨਾਂ ਨੇ ਪਹਿਲਾ ਕੱਪ ਕੂੜੇ ਵਾਲੀ ਥਾਂ ਸੁੱਟ ਦਿੱਤਾ।

ਅਵਨੀਤ, ਮੁਸ਼ਤਾਕ ਅੰਕਲ ਦੇ ਸੁਭਾਅ ਵਿਚ ਆਏ ਬਦਲਾਅ ਤੋਂ ਹੈਰਾਨ ਸੀ। ਅਚਾਨਕ ਹੀ ਉਸ ਨੂੰ ਯਾਦ ਆਇਆ ਕਿ ਅੱਜ ਤਾਂ ਉਹਨਾਂ ਦੀ ਬੇਟੀ ਦਾ ਨਿਕਾਹ ਹੈ। ਉਹ ਇਕੋ ਦਮ ਕੁਰਸੀ ਤੋਂ ਉੱਠੀ ਅਤੇ ਅੰਕਲ ਨੂੰ ਕਹਿੰਦੀ, “ਅੰਕਲ ਪੰਜ ਕੁ ਮਿੰਟ ਰੁਕੋ। ਲਾਂਡਰੀ ਰੂਮ ਦਾ ਕੰਮ ਯਾਦ ਆ ਗਿਆ।”

ਅੰਕਲ ਦਾ ਜੁਆਬ ਸੁਣੇ ਬਿਨਾਂ ਹੀ ਉਹ ਚਲੀ ਗਈ। ਲਾਂਡਰੀ ਰੂਮ ਵਿਚ ਪਹੁੰਚ ਕੇ ਉਸ ਨੇ ਅੰਕਲ ਦੀ ਬੇਟੀ ਸ਼ਮੀਨਾ ਨੂੰ ਵੀਡੀਓ ਕਾਲ ਕੀਤੀ। ਸ਼ਮੀਨਾ ਨੇ ਨਾਲ ਦੀ ਨਾਲ-ਨਾਲ ਕਾਲ ਚੁੱਕ ਲਈ। ਉਸ ਨੇ ਦੁਲਹਨ ਦੀ ਪੁਸ਼ਾਕ ਪਾਈ ਹੋਈ ਸੀ। ਉਸ ਦੇ ਕੋਲ ਹੀ ਉਸ ਦੀ ਛੋਟੀ ਭੈਣ ਰੁਖ਼ਸਾਨਾ ਅਤੇ ਅੰਮੀ ਬੈਠੇ ਸੀ। ਅਵਨੀਤ ਨੇ ਪਹਿਲਾਂ ਤਾਂ ਸ਼ਮੀਨਾ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ, ਉਸ ਦੇ ਸ਼ਾਨਦਾਰ ਲਿਬਾਸ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ।

ਸ਼ਮੀਨਾ ਕੁਝ ਸ਼ਰਮਾਉਂਦੇ ਹੋਏ ਬੋਲੀ, “ਆਪਾ, ਤੁਸੀਂ ਵੀ ਬੱਸ——–। ਸ਼ਮੀਨਾ ਨੇ ਅਜੇ ਗੱਲ ਵੀ ਪੂਰੀ ਨਹੀਂ ਸੀ ਕੀਤੀ ਕਿ ਉਸ ਦੀ ਅੰਮੀ ਨੇ ਫੋਨ ਫੜਦੇ ਹੋਏ ਪੁੱਛਿਆ, “ਅਵਨੀਤ, ਤੇਰੇ ਅੰਕਲ ਦਾ ਕੀ ਹਾਲ ਹੈ?” ਇੰਨਾਂ ਕਹਿੰਦੇ ਹੋਏ ਉਸ ਦੀਆਂ ਅੱਖਾਂ ਭਰ ਆਈਆਂ।

“ਆਂਟੀ, ਉਹ ਬਿਲਕੁਲ ਠੀਕ ਹਨ। ਮੇਰੇ ਕੋਲ ਹੀ ਰਿਸੈਪਸ਼ਨ ਵਿਚ ਬੈਠੇ ਹਨ।”

“ਹਾਏ ਅੱਲਾ! ਉਹ ਅਜੇ ਸੁੱਤੇ ਨਹੀਂ? ਉਹ ਤਾਂ ਜਲਦੀ ਹੀ ਸੌਂ ਜਾਂਦੇ ਹਨ।” ਸ਼ਮੀਨਾ ਦੀ ਅੰਮੀ ਨੇ ਕਿਹਾ।

“ਆਂਟੀ ਫਿਕਰ ਨਾ ਕਰੋ, ਉਹ ਬਿਲਕੁਲ ਠੀਕ ਹਨ, ਮੇਰੇ ਲਈ ਦੋ ਵਾਰ ਕਾਫ਼ੀ ਬਣਾ ਚੁੱਕੇ ਹਨ। ਉਹਨਾਂ ਦੇ ਹੁਣ ਤੱਕ ਜਾਗਦੇ ਰਹਿਣ ਤੋਂ ਹੀ ਮੈਨੂੰ ਯਾਦ ਆਇਆ ਕਿ ਅੱਜ ਤਾਂ ਸ਼ਮੀਨਾ ਦਾ ਨਿਕਾਹ ਹੈ।”

“ਆਪਾ, ਅੱਬੂ ਦੀ ਬਹੁਤ ਯਾਦ ਆ ਰਹੀ ਹੈ।” ਸ਼ਮੀਨਾ ਨੇ ਭਰੇ ਮਨ ਨਾਲ ਕਿਹਾ।

ਸ਼ਮੀਨਾ ਦੀ ਇਹ ਗੱਲ ਸੁਣ ਕੇ ਇਕ ਵਾਰ ਤਾਂ ਅਵਨੀਤ ਦੀਆਂ ਅੱਖਾਂ ਵੀ ਭਰ ਗਈਆਂ। ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, “ਸ਼ਕੀਨਾ ਤੂੰ ਮੋਬਾਇਲ ਤੇ ਅਲਾਈਵ ਹੋ। ਮੈਂ ਜਾ ਕੇ ਅੰਕਲ ਦਾ ਫੋਨ ਆਨ ਕਰਦੀ ਹਾਂ। ਉਹ ਵੀ ਤੈਨੂੰ ਦੇਖ ਲੈਣ ਗੇ। ਫੋਨ ਰੁਖ਼ਸਾਨਾ ਜਾਂ ਕਿਸੇ ਹੋਰ ਨੂੰ ਫੜਾ ਦੇਵੀਂ। ਉਹ ਦੂਰ ਬੈਠੇ ਹੀ ਸਭ ਕੁਝ ਦੇਖ ਲੈਣਗੇ।

“ਠੀਕ ਹੈ ਆਪਾ।” ਇਸ ਤੋਂ ਬਾਅਦ ਸ਼ਮੀਨਾ ਤੋਂ ਬੋਲਿਆ ਨਾ ਗਿਆ। ਅਵਨੀਤ ਨੇ ਦੇਖਿਆ ਕਿ ਦੋਵੇਂ ਭੈਣਾਂ ਅਤੇ ਉਹਨਾਂ ਦੀ ਅੰਮੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਉਸ ਨੇ ਆਪਣਾ ਫੋਨ ਬੰਦ ਕੀਤਾ ਅਤੇ ਰਿਸੈਪਸ਼ਨ ਵਿਚ ਆ ਗਈ। ਅੰਕਲ, ਕਾਉਂਟਰ ਕੋਲ ਖੜੇ ਆਪਣੀਆਂ ਯਾਦਾਂ ਵਿਚ ਗਵਾਚੇ ਹੋਏ ਸੀ। ਉਹਨਾਂ ਨੂੰ ਅਵਨੀਤ ਦੇ ਆਉਣ ਦਾ ਵੀ ਪਤਾ ਨਾ ਲੱਗਿਆ।

“ਅੰਕਲ, ਆਪਣਾ ਫੋਨ ਦੇਣਾ।” ਅਵਨੀਤ ਦੀ ਅਵਾਜ਼ ਸੁਣ ਕੇ ਅੰਕਲ ਇਕੋ ਦਮ ਤ੍ਰਭਕ ਗਏ।

“ਆਪਣਾ ਮੋਬਾਇਲ ਦੇਣਾ” ਅਵਨੀਤ ਨੇ ਆਪਣੀ ਗੱਲ ਦੁਹਰਾਈ।

ਅੰਕਲ ਨੇ ਬਿਨਾ ਕੋਈ ਸਵਾਲ ਕੀਤੇ ਆਪਣਾ ਮੋਬਾਇਲ ਅਵਨੀਤ ਨੂੰ ਦੇ ਦਿੱਤਾ। ਅਵਨੀਤ ਨੇ ਫੋਨ ਆਨ ਕਰਕੇ ਸ਼ਮੀਨਾ ਦਾ ਨੰਬਰ ਮਿਲਾ ਦਿੱਤਾ। ਸ਼ਮੀਨਾ, ਰੁਖ਼ਸਾਨਾ ਅਤੇ ਉਹਨਾਂ ਦੀ ਅੰਮੀ ਤਿੰਨੋਂ ਹੀ ਸਕਰੀਨ ਤੇ ਦਿਖਾਈ ਦਿੱਤੀਆਂ। ਅਵਨੀਤ ਨੇ ਮੋਬਾਇਲ ਮੁਸ਼ਤਾਕ ਅੰਕਲ ਨੂੰ ਫੜਾਉਂਦੇ ਹੋਏ ਕਿਹਾ, “ਅਰਾਮ ਨਾਲ ਬੈਠ ਕੇ ਸ਼ਮੀਨਾ ਦਾ ਨਿਕਾਹ ਦੇਖੋ। ਦੇਖੋ ਅੰਕਲ, ਸ਼ਮੀਨਾ ਕਿੰਨੀ ਪਿਆਰੀ ਲੱਗ ਰਹੀ ਹੈ।” ਅੰਕਲ ਆਪਣੀਆਂ ਬੇਟੀਆਂ ਅਤੇ ਬੀਵੀ ਨੂੰ ਦੇਖ ਕੇ ਹੈਰਾਨ ਹੋ ਗਏ। ਇਧਰ ਅੰਕਲ ਦੀਆਂ ਅੱਖਾਂ ‘ਚੋਂ ਪਾਣੀ ਸਿਮ ਰਿਹਾ ਸੀ ਅਤੇ ਉਧਰ ਉਹਨਾਂ ਦੀਆਂ ਧੀਆਂ ਅਤੇ ਬੀਵੀ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਝੜੀ ਲੱਗੀ ਹੋਈ ਸੀ। ਦੋ-ਚਾਰ ਮਿੰਟ ਤਾਂ ਕਿਸੇ ਤੋਂ ਕੁਝ ਬੋਲਿਆ ਹੀ ਨਾ ਗਿਆ।

“ਸ਼ਮੀਨਾ———ਇਸ ਤੋਂ ਅਗੇ ਅੰਕਲ ਦੀ ਅਵਾਜ਼ ਮੂੰਹੋਂ ਨਾ ਨਿਕਲੀ।

ਸ਼ਮੀਨਾ ਅਤੇ ਰੁਖ਼ਸਾਨਾ ਵੀ ਸਿਰਫ “ਅੱਬੂ, ਅੱਬੂ” ਹੀ ਕਹਿ ਸਕੀਆਂ।

ਅਵਨੀਤ ਨੇ ਅੰਕਲ ਨੂੰ ਸੋਫੇ ਤੇ ਬਿਠਾਉਂਦੇ ਕਿਹਾ, “ਅੰਕਲ ਖੁਸ਼ ਹੋਵੋ, ਤੁਹਾਡੀ ਬੇਟੀ ਦਾ ਨਿਕਾਹ ਹੈ ਰਿਹਾ ਹੈ।” ਇਸ ਤੋਂ ਅੱਗੇ ਉਹ ਵੀ ਕੁਝ ਕਹਿ ਨਾ ਸਕੀ। ਉਸ ਦਾ ਆਪਣਾ ਗਲਾ ਭਰ ਗਿਆ। ਉਹ ਅੱਖਾਂ ਸਾਫ ਕਰਦੀ ਕਾਉਂਟਰ ਦੇ ਪਿਛੇ ਜਾ ਬੈਠੀ। ਅੰਕਲ ਆਪਣੇ ਪਰਿਵਾਰ ਨਾਲ ਗੱਲਾਂ ਕਰਨ ਲੱਗੇ, ਅਵਨੀਤ ਇਕ ਵਾਰ ਫੇਰ ਆਪਣੇ ਖਿਆਲਾਂ ਵਿਚ ਗੁੰਮ ਗਈ।

ਦੋ ਕੁ ਮਹੀਨੇ ਪਹਿਲਾਂ ਮੁਸ਼ਤਾਕ ਅੰਕਲ ਨੇ ਉਸ ਨੂੰ ਦੱਸਿਆ ਸੀ ਕਿ ਉਹਨਾਂ ਦੀ ਬੇਟੀ ਸ਼ਮੀਨਾ ਦੇ ਨਿਕਾਹ ਦੀ ਤਾਰੀਖ਼ ਪੱਕੀ ਹੋ ਗਈ ਹੈ। ਉਹਨਾਂ ਦਾ ਇਕ ਰਿਸ਼ਤੇਦਾਰ ਅਗਲੇ ਹਫ਼ਤੇ ਪਾਕਿਸਤਾਨ ਜਾ ਰਿਹਾ ਹੈ। ਉਹ ਸ਼ਮੀਨਾ ਨੂੰ ਫੋਨ ਕਰਕੇ ਪੁੱਛ ਲਵੇ ਕਿ ਉਸ ਨੂੰ ਕੀ ਕੁਝ ਚਾਹੀਦਾ ਹੈ। ਇਕ-ਦੋ ਦਿਨਾਂ ਤੱਕ ਕੰਮ ਤੋਂ ਵਿਹਲੀ ਹੋ ਕੇ ਉਹਨਾਂ ਨੂੰ ਆਪਣੇ ਨਾਲ ਲੈ ਜਾਵੇ ਅਤੇ ਸਾਰੀ ਖਰੀਦਦਾਰੀ ਕਰ ਲਏ। ਇਹ ਕਹਿੰਦੇ ਹੋਏ ਅੰਕਲ ਦਾ ਚਿਹਰਾ ਬੜਾ ਮਾਸੂਮ ਜਿਹਾ ਲੱਗ ਰਿਹਾ ਸੀ। ਅਵਨੀਤ ਨੂੰ ਯਾਦ ਆਇਆ ਜਦੋਂ ਉਸ ਨੇ ਅਮਰੀਕਾ ਆਉਣਾ ਸੀ ਤਾਂ ਜਦੋਂ ਵੀ ਉਹ ਮੰਮੀ-ਡੈਡੀ ਨਾਲ ਆਪਣੇ ਲਈ ਸਮਾਨ ਖਰੀਦਣ ਜਾਂਦੀ, ਉਸ ਦੇ ਮੰਮੀ-ਡੈਡੀ ਦੀ ਖੁਸ਼ੀ ਵਿੱਚੋਂ ਵੀ ਉਦਾਸੀ ਜਿਹੀ ਝਲਕਦੀ ਹੁੰਦੀ। ਅਵਨੀਤ ਜਿਹੜੀ ਪਹਿਲਾਂ ਅੰਕਲ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦੀ, ਅੱਜ ਉਸ ਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਅਤੇ ਉਹਨਾਂ ਵਿੱਚੋਂ ਆਪਣੇ ਡੈਡੀ ਦੀ ਤਸਵੀਰ ਝਲਕਦੀ ਦਿਖਾਈ ਦਿੱਤੀ। ਉਸ ਨੇ ਅੰਕਲ ਨੂੰ ਕਿਹਾ ਕਿ ਉਹ ਰਾਤ ਨੂੰ ਸ਼ਮੀਨਾ ਨਾਲ ਗੱਲ ਕਰ ਲਏ ਗੀ ਅਤੇ ਸ਼ਨੀਵਾਰ ਨੂੰ ਉਸ ਦੀ ਛੁੱਟੀ ਹੈ। ਉਹ, ਉਹਨਾਂ ਨਾਲ ਚਲੀ ਜਾਵੇ ਗੀ।

“ਅੰਕਲ, ਇਕ ਗੱਲ ਪੁੱਛਾਂ, ਜੇ ਗੁੱਸਾ ਨਾ ਕਰੋ?”

“ਨਹੀਂ ਬੱਚੂ, ਗੁੱਸਾ ਕਾਹਦਾ? ਤੂੰ ਵੀ ਸ਼ਮੀਨਾ ਵਰਗੀ ਹੈਂ।”

“ਸ਼ਮੀਨਾ ਅਜੇ ਉੱਨੀ ਸਾਲ ਦੀ ਵੀ ਨਹੀਂ ਹੋਈ। ਉਸ ਦਾ ਵਿਆਹ ਐਨੀ ਜਲਦੀ ਕਿਉਂ ਕਰ ਰਹੇ ਹੋ? ਉਸ ਨੂੰ ਹੋਰ ਕਿਉਂ ਨਹੀਂ ਪੜ੍ਹਾਇਆ?” ਅਵਨੀਤ ਨੇ ਝਕਦੇ-ਝਕਦੇ ਕਿਹਾ।

ਅਵਨੀਤ ਦੀ ਇਹ ਗੱਲ ਸੁਣ ਕੇ ਅੰਕਲ ਚੁੱਪ ਕਰ ਗਏ, ਸ਼ਾਇਦ ਅਵਨੀਤ ਨੇ ਬਹੁਤ ਮੁਸ਼ਕਲ ਸਵਾਲ ਪੁੱਛ ਲਿਆ ਸੀ। ਜਦੋਂ ਉਹਨਾਂ ਦੀ ਬੇਗਮ ਨੇ ਫੋਨ ਤੇ ਦੱਸਿਆ ਸੀ ਕਿ ਸ਼ਮੀਨਾ ਲਈ ਇਕ ਬਹੁਤ ਵਧੀਆ ਰਿਸ਼ਤਾ ਆਇਆ ਹੈ, ਉਹਨਾਂ ਦੇ ਦਿਲ ਵਿਚ ਵੀ ਇਹ ਗੱਲ ਆਈ ਸੀ ਕਿ ਸ਼ਮੀਨਾ ਨੂੰ ਹੋਰ ਪੜਾਉਣ ਚਾਹੀਦਾ ਹੈ। ਉਹ ਜਦੋਂ ਅਵਨੀਤ ਨੂੰ ਹਰ ਕੰਮ ਸਲੀਕੇ ਨਾਲ ਕਰਦੇ ਦੇਖਦੇ, ਉਹਨਾਂ ਦਾ ਦਿਲ ਵੀ ਕਰਦਾ ਕਿ ਉਹਨਾਂ ਦੀ ਧੀ ਵੀ ਅਮਰੀਕਾ ਆ ਕੇ ਪੜ੍ਹੇ, ਨਵੀਂ ਦੁਨੀਆਂ ਦੇਖੇ, ਪਰ ਫੇਰ ਜਲਦੀ ਹੀ ਉਹਨਾਂ ਦੀ ਸੋਚ ਪਿਛਾਂਹ ਨੂੰ ਪਰਤ ਜਾਂਦੀ ਕਿ ਕੁੜੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਣਾ ਚਾਹੀਦਾ ਹੈ। ਅੱਜ ਅਵਨੀਤ ਦੀ ਗੱਲ ਸੁਣ ਕੇ ਉਹ ਸੋਚ ਰਹੇ ਸੀ ਕਿ ਸ਼ਮੀਨਾ ਦੇ ਵਿਆਹ ਲਈ ਉਹ ਕੁਝ ਜਲਦੀ ਹੀ ਕਰ ਗਏ।

“ਬੱਚੂ, ਤੂੰ ਠੀਕ ਹੀ ਕਹਿ ਰਹੀ ਹੈਂ। ਅਸੀਂ ਮੁਸਲਮਾਨ ਅਜੇ ਵੀ ਲਕੀਰ ਦੇ ਫਕੀਰ ਹੀ ਬਣੇ ਹੋਏ ਹਾਂ। ਕੁੜੀਆਂ ਨੂੰ ਅਜ਼ਾਦੀ ਦੇਣ ਵੇਲੇ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ ਹੈ। ਮੌਲਵੀਆਂ-ਮੌਲਾਨਿਆਂ ਨੇ ਸਾਡੀ ਸੋਚ ਤੇ ਪੱਥਰ ਰੱਖ ਦਿੱਤੇ ਨੇ। ਤੁਹਾਡੇ ਮੁਲਕ ਵਿਚ ਸਾਡੇ ਮੁਕਾਬਲੇ ਕੁੜੀਆਂ ਨੂੰ ਬਹੁਤ ਖੁਲ੍ਹ ਮਿਲੀ ਹੋਈ ਹੈ। ਭਾਵੇਂ ਅਸੀਂ ਇਸ ਦੇ ਖਿਲਾਫ਼ ਬੋਲਦੇ ਰਹਿੰਦੇ ਹਾਂ। ਤੁਹਾਡੇ ਵਾਲੇਦਾਨ ਇਸ ਗੱਲੋਂ ਸਾਡੇ ਤੋਂ ਸਿਆਣੇ ਹਨ ਜੋ ਤੁਹਾਡੀ ਪੜ੍ਹਾਈ ਤੇ ਤਵੱਕੋ ਦੇ ਰਹੇ ਨੇ। ਜਦੋਂ ਤੂੰ ਹੋਟਲ ਵਿਚ ਕੰਮ ਕਰਨ ਲੱਗੀ ਸੀ ਤਾਂ ਮੈਂ ਸੋਚਦਾ ਸੀ ਕਿ ਤੇਰੇ ਵਾਲੇਦਾਨ ਨੇ ਠੀਕ ਨਹੀਂ ਕੀਤਾ, ਪਰ ਜਿਵੇਂ ਤੂੰ ਆਪਣੇ ਆਪ ਨੂੰ ਨਵੇਂ ਮਾਹੌਲ ਵਿਚ ਢਾਲਿਆ ਹੈ, ਮੈਂ ਉਹਨਾਂ ਦੀ ਤਾਰੀਫ਼ ਕਰਦਾ ਹਾਂ ਕਿ ਉਹਨਾਂ ਨੇ ਤੈਨੂੰ ਆਪਣੇ ਤੋਂ ਦੂਰ ਭੇਜ ਕੇ ਕੋਈ ਗਲਤੀ ਨਹੀਂ ਕੀਤੀ। ਕੋਈ ਮੁਲਕ, ਧਰਮ ਦੇ ਅਸੂਲਾਂ ਨੂੰ ਮੰਨ ਕੇ ਹੀ ਮਹਾਨ ਨਹੀਂ ਬਣ ਸਕਦਾ। ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਹੀ ਸਮਝਣਾ ਚਾਹੀਦਾ ਹੈ।” ਇਹ ਕਹਿ ਕੇ ਮੁਸ਼ਤਾਕ ਅੰਕਲ ਆਪਣੇ ਕਮਰੇ ਵਿਚ ਚਲੇ ਗਏ।

ਅਵਨੀਤ ਨੂੰ ਲੱਗਿਆ ਜਿਵੇਂ ਅੰਕਲ ਦੇ ਦਿਲ ਦੀ ਅਵਾਜ਼ ਅੱਜ ਬਾਹਰ ਆਈ ਹੈ।

ਉਸ ਰਾਤ ਸੌਣ ਤੋਂ ਪਹਿਲਾਂ ਅਵਨੀਤ ਨੇ ਸ਼ਮੀਨਾ ਨੂੰ ਫੋਨ ਕੀਤਾ। ਇਸ ਤੋਂ ਪਹਿਲਾਂ ਵੀ ਉਸ ਦੀ ਸ਼ਮੀਨਾ ਅਤੇ ਉਸ ਦੀ ਅੰਮੀ ਨਾਲ ਫੋਨ ਤੇ ਕਈ ਬਾਰ ਗੱਲ ਹੋਈ ਸੀ।

“ਆਪਾ, ਅਸ ਸਲਾਮਾ ਲੇਕਮ।” ਸ਼ਮੀਨਾ ਦੀ ਅਵਾਜ਼ ਆਈ।

“ਸ਼ਮੀਨਾ ਤੂੰ ਮੈਨੂੰ ਨਾਂ ਲੈ ਕੇ ਬੁਲਾਇਆ ਕਰ।” ਅਵਨੀਤ ਨੇ ਪਿਆਰ ਨਾਲ ਕਿਹਾ।

“ਆਪਾ ਤੁਸੀਂ ਮੇਰੇ ਕੋਲੋਂ ਵੱਡੇ ਹੋ।”

“ਜੇ ਮੈਂ ਤੇਰੇ ਤੋਂ ਵੱਡੀ ਹਾਂ ਤਾਂ ਤੂੰ ਪਹਿਲਾਂ ਕਿਉਂ ਵਿਆਹ ਕਰਵਾਉਣ ਨੂੰ ਤਿਆਰ ਹੋ ਗਈ?” ਅਵਨੀਤ ਨੇ ਸ਼ਰਾਰਤ ਨਾਲ ਕਿਹਾ।

“ਆਪਾ ਤੁਸੀਂ ਆ ਜਾਓ ਪਾਕਿਸਤਾਨ। ਮੇਰੀ ਜਗਾ ਤੁਸੀਂ ਨਿਕਾਹ ਕਰਾ ਲਓ।” ਸ਼ਮੀਨਾ ਨੇ ਵੀ ਕੁਝ ਖੁਲ੍ਹ ਲੈਂਦੇ ਹੋਏ ਕਿਹਾ।

“ਅੱਛਾ ਜੀ! ਗੱਲਾਂ ਵੱਡੀਆਂ-ਵੱਡੀਆਂ ਕਰਦੀ ਹੈਂ ਤੇ ਕਹਿੰਦੀ ਹੈ ਮੈਨੂੰ ਵੱਡੀ।”

“ਆਪਾ ਵੱਡੇ ਤਾਂ ਵੱਡੇ ਹੀ ਰਹਿੰਦੇ ਹਨ।”

“ਦੇਖ ਜੇ ਹੁਣ ਤੂੰ ਮੈਨੂੰ ਆਪਾ ਕਿਹਾ ਤਾਂ ਮੈਂ ਸਚ ਮੁੱਚ ਹੀ ਪਾਕਿਸਤਾਨ ਆ ਕੇ ਤੇਰੇ ਹੋਣ ਵਾਲੇ ਸ਼ੌਹਰ ਨਾਲ ਨਿਕਾਹ ਕਰਵਾ ਲੈਣਾ ਹੈ।” ਅਵਨੀਤ ਨੇ ਹੱਸਦੇ ਹੋਏ ਕਿਹਾ।

“ਠੀਕ ਹੈ ਆਪਾ, ਆ ਜਾਓ। ਇਸੇ ਬਹਾਨੇ ਮੈਂ ਹੋਰ ਪੜ੍ਹਾਈ ਕਰ ਲਵਾਂ ਗੀ।” ਸ਼ਮੀਨਾ ਨੇ ਵੀ ਸ਼ਰਾਰਤੀ ਲਹਿਜੇ ਵਿਚ ਕਿਹਾ।

ਏਨੇ ਨੂੰ ਸ਼ਮੀਨਾ ਦੀ ਅੰਮੀ ਵੀ ਆ ਗਈ, ਜਿਸ ਕਰਕੇ ਦੋਹਾਂ ਦੀਆਂ ਸ਼ਰਾਰਤੀ ਗੱਲਾਂ ਖਤਮ ਹੋ ਗਈਆਂ। ਅੰਮੀ ਆਪਣੇ ਵੱਲੋਂ ਬਣਾਈ ਲਿਸਟ ਅਵਨੀਤ ਨੂੰ ਲਿਖਵਾ ਕੇ ਚਲੀ ਗਈ। ਉਸ ਤੋਂ ਬਾਅਦ ਸ਼ਮੀਨਾ ਨੇ ਆਪਣੀ ਪਸੰਦ ਦੀਆਂ ਕਈ ਹੋਰ ਚੀਜ਼ਾਂ ਵੀ ਲਿਖਵਾ ਦਿੱਤੀਆਂ ਅਤੇ ਇਹ ਵੀ ਕਹਿ ਦਿੱਤਾ ਕਿ ਜੇ ਹੋਰ ਕੋਈ ਚੀਜ਼ ਵੀ ਪਸੰਦ ਆ ਗਈ ਤਾਂ ਉਹ ਵੀ ਲੈ ਲੈਣਾ।

“ਸ਼ਮੀਨਾ, ਤੂੰ ਜਰੂਰੀ ਚੀਜ਼ਾਂ ਤਾਂ ਲਿਖਾਈਆਂ ਹੀ ਨਹੀਂ।” ਅਵਨੀਤ ਨੇ ਇਕ ਵਾਰ ਫੇਰ ਮਜ਼ਾਕ ਕਰਦੇ ਕਿਹਾ।

“ਕਿਹੜੀਆਂ?” ਸ਼ਮੀਨਾ ਹੈਰਾਨੀ ਨਾਲ ਬੋਲੀ

“ਸਮਝ ਲੈ!”

“ਆਪਾ, ਮੈਂ ਤਾਂ ਸਭ ਕੁਝ ਦੱਸ ਹੀ ਦਿੱਤਾ।” ਸ਼ਮੀਨਾ ਨੇ ਕਿਹਾ

“ਝਲੀਏ, ਜ਼ਰੂਰੀ ਕਪੜਿਆਂ ਦਾ ਨੰਬਰ ਤਾਂ ਦੱਸ ਦੇ ਕਿ ਉਹ ਦੇਸੀ ਹੀ ਪਾਉਣੇ ਨੇ।” ਉਹ ਠਹਾਕਾ ਲਾਉਂਦੀ ਬੋਲੀ।

“ਆਪਾਂ ਤੁਸੀਂ ਬੜੇ ਖਰਾਬ ਹੋ।” ਸ਼ਮੀਨਾ ਸਮਝ ਗਈ ਸੀ ਕਿ ਅਵਨੀਤ ਕੀ ਕਹਿ ਰਹੀ ਹੈ।

“ਠੀਕ ਹੈ, ਫੇਰ ਮੈਂ ਨਹੀਂ ਭੇਜਦੀ।”

“ਨਹੀਂ ਆਪਾ, ਉਹ ਤਾਂ ਬਹੁਤ ਜ਼ਰੂਰੀ ਹਨ।”

ਉਹ ਅਜੇ ਗੱਲਾਂ ਕਰ ਹੀ ਰਹੀਆਂ ਸਨ ਕਿ ਸ਼ਮੀਨਾ ਦੀ ਛੋਟੀ ਭੈਣ ਰੁਖ਼ਸਾਨਾ ਵੀ ਉਥੇ ਆ ਗਈ ਉਸ ਨੇ ਵੀ ਆਪਣੀਆਂ ਕਈ ਚੀਜ਼ਾਂ ਲਿਖਵਾ ਦਿੱਤੀਆਂ।

ਅਚਾਨਕ ਮੁਸ਼ਤਾਕ ਅੰਕਲ ਦੇ ਹੱਥੋਂ ਮੋਬਾਇਲ ਡਿੱਗਣ ਦੀ ਅਵਾਜ਼ ਨਾਲ ਅਵਨੀਤ ਆਪਣੇ ਖਿਆਲਾਂ ਦੀ ਲੜੀ ‘ਚੋਂ ਬਾਹਰ ਆਈ। ਅੰਕਲ ਮੋਬਾਇਲ ਚੁੱਕ ਕੇ ਫੇਰ ਦੇਖਣ ਲੱਗ ਪਏ। ਕਦੇ ਉਹ ਖੁਸ਼ ਹੋ ਜਾਂਦੇ ਅਤੇ ਦੂਜੇ ਹੀ ਪਲ ਉਹਨਾਂ ਦੇ ਚਿਹਰੇ ਤੇ ਉਦਾਸੀ ਛਾ ਜਾਂਦੀ। ਅਚਾਨਕ ਉਹਨਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿਣ ਲੱਗੇ। ਅਵਨੀਤ ਨੇ ਆਪਣਾ ਮੋਬਾਇਲ ਆਨ ਕਰਕੇ ਸ਼ਮੀਨਾ ਦਾ ਨੰਬਰ ਮਿਲਾਇਆ। ਡੋਲੀ ਦੀ ਵਿਦਾਈ ਹੋ ਰਹੀ ਸੀ। ਉਹ ਅੰਕਲ ਦਾ ਦਰਦ ਸਮਝ ਰਹੀ ਸੀ। ਉਸ ਨੂੰ ਯਾਦ ਆਇਆ ਜਦੋਂ ਉਸ ਦੇ ਮੰਮੀ-ਡੈਡੀ ਉਸ ਨੂੰ ਏਅਰਪੋਰਟ ਤੇ ਛੱਡਣ ਆਏ ਸੀ, ਤਾਂ ਜਦੋਂ ਉਹ ਏਅਰਪੋਰਟ ਅੰਦਰ ਦਾਖਲ ਹੋ ਕੇ ਉਹਨਾਂ ਨੂੰ ਹੱਥ ਹਿਲਾ ਕੇ ਬਾਏ ਕਰ ਰਹੀ ਸੀ ਤਾਂ ਉਸ ਦੇ ਡੈਡੀ ਨੇ ਥੋੜ੍ਹਾ ਜਿਹਾ ਹੱਥ ਉੱਪਰ ਕਰਕੇ ਹੀ ਇਕ ਦਮ ਗਰਦਨ ਘੁੰਮਾ ਲਈ ਸੀ ਅਤੇ ਉਹਨਾਂ ਦਾ ਇਕ ਹੱਥ ਉਹਨਾਂ ਦੀਆਂ ਅੱਖਾਂ ਤੇ ਚਲਿਆ ਗਿਆ ਸੀ। ਉਹ ਦੂਜੇ ਪਾਸੇ ਤੁਰ ਪਏ ਸੀ। ਮੰਮੀ ਕਦੇ ਹੱਸ ਕੇ ਬਾਏ ਕਰ ਰਹੇ ਸਨ, ਕਦੇ ਚੁੰਨੀ ਨਾਲ ਅੱਖਾਂ ਪੂੰਝ ਰਹੇ ਸੀ। ਉਹ ਜਾਣ ਕੇ ਸ਼ੀਸ਼ੇ ਦੇ ਓਹਲੇ ਹੋ ਗਈ ਸੀ। ਉਸ ਨੇ ਦੇਖਿਆ ਕਿ ਮੰਮੀ ਨੇ ਡੈਡੀ ਕੋਲ ਜਾ ਕੇ ਉਹਨਾਂ ਦੀ ਪਿੱਠ ਤੇ ਹੱਥ ਧਰ ਦਿੱਤਾ।

ਅਵਨੀਤ ਨੂੰ ਲੱਗਿਆ ਮੁਸ਼ਤਾਕ ਅੰਕਲ ਉਸ ਸਮੇਂ ਬਹੁਤ ਇਕੱਲੇ ਸੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1030
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ