13 November 2024

ਗੁਨਾਹਗਾਰ – ਕੁਲਦੀਪ ਸਿੰਘ ਬਾਸੀ, ਅਮਰੀਕਾ

ਗੁਨਾਹਗਾਰ

ਕੁਲਦੀਪ ਸਿੰਘ ਬਾਸੀ, ਅਮਰੀਕਾ

ਬਲਦੇਵ, ਅੱਜ ਸਾਡੇ ਅਕਾਉਂਟੈਂਟ ਨੇ ਫੋਨ ਕੀਤਾ ਸੀ। ਕਹਿੰਦਾ ਸੀ ਕਿ ਟੈਕਸ ਦੇ ਪੇਪਰ ਤਿਆਰ ਨੇ। ਸਾਨੂੰ ਇਸ ਵਾਰੀ ਚਾਲੀ ਹਜ਼ਾਰ ਡਾਲਰ ਦਾ ਫਾਇਦਾ ਹੋਇਆ ਹੈ। ਤੂੰ ਗੈਸ-ਸਟੇਸ਼ਨ ਜਾਂਦਾ ਹੋਇਆ ਅਪਣੇ ਸਾਈਨ ਕਰ ਦੇਵੀਂ। ਮੈਂ ਵੀ ਆਉਂਦਾ ਜਾਂਦਾ ਮਾਰ ਆਉਂਗਾ ਘੁੱਗੀ।” ਉਜਾਗਰ ਨੇ ਚਾਹ ਦੀ ਪਿਆਲੀ ਬਲਦੇਵ ਨੂੰ ਫੜਾਉਂਦਿਆਂ ਆਖਿਆ।

“ਸੁਆਦ ਆ ਗਿਆ ਬਾਈ। ਪਿਛਲੇ ਸਾਲ ਤਾਂ ਮਰ ਪਤਰਕੇ ਬਰਾਬਰ ਬਰਾਬਰ ਹੀ ਰਹੇ ਸੀ। ਚਲੋ ਜੇ ਲਾਭ ਨਹੀਂ ਹੋਇਆ ਤਾਂ ਘਾਟਾ ਵੀ ਤਾਂ ਨਹੀਂ ਪਿਆ। ਤਨਖਾਹਾਂ ਤਾਂ ਨਿੱਕਲ ਆਈਆਂ ਸੀ। ਐਸ ਸਾਲ ਆਪਾਂ ਨੇ ਮਿਹਨਤ ਵੀ ਬਹੁਤ ਕੀਤੀ ਹੈ। ਦਿਨ ਵੇਖਿਆ ਨਾ ਰਾਤ ਡਟੇ ਹੀ ਰਹੇ। ਮਿਹਨਤ ਦਾ ਫਲ ਤਾਂ ਮਿੱਠਾ ਹੀ ਹੁੰਦਾ ਹੈ।” ਬਲਦੇਵ ਨੇ ਚਾਹ ਦਾ ਘੁੱਟ ਭਰਿਆ।

“ਚਾਹ ਤਾਂ ਸਾਲੀ ਫਿੱਕੀ ਪਈ ਐ। ਮੁਨਾਫੇ ਦੀ ਖੁਸ਼ੀ ਵਿੱਚ ਚਾਹ ਦਾ ਸੁਆਦ ਹੀ ਖਰਾਬ ਕਰ ਲਿਆ। ਚੀਨੀ ਪਾਉਣੀ ਹੀ ਭੁੱਲ ਗਿਆ।” ਉਜਾਗਰ ਬੋਲਿਆ।

“ਕੋਈ ਗੱਲ ਨਹੀਂ, ਹੁਣ ਡਬਲ ਚੀਨੀ ਪਾ ਲੈਂਦੇ ਹਾਂ।”

“ਉਹ ਤਾਂ ਠੀਕ ਹੈ ਪਰ ਜਦ ਤੱਕ ਚੀਨੀ ਵੀ ਚਾਹ ’ਚ ਨਾ ਉਬਲੇ ਨਸ਼ੇਦਾਰ ਚਾਹ ਨਹੀਂ ਬਣਦੀ।”

“ਅੱਜ ਤਾਂ ਦਾਰੂ ਪੀਣੀ ਚਾਹੀਦੀ ਸੀ। ਆਖਰ ਮਿਹਨਤ ਕਰਕੇ ਕੀਤੀ ਐੈ ਖੱਟੀ। ”

“ਨਹੀਂ ਬਾਈ। ਇਕੱਲੀ ਮਿਹਨਤ ਨਾਲ ਕੁਝ ਨਹੀਂ ਬਣਦਾ। ਵਾਹਿਗੁਰੂ ਦੀ ਮਿਹਰ ਵੀ ਬਹੁਤ ਜ਼ਰੂਰੀ ਹੈ। ਤੈਨੂੰ ਯਾਦ ਨਹੀਂ ਵਿੱਨੀਪੈਗ ਵਾਲੇ ਸਾੜ੍ਹੀਆਂ ਦੀ ਦੁਕਾਨ ਦੇ ਮਾਲਕ ਦੀ ਗੱਲ। ਉਸਦਾ ਕੰਮ ਬਹੁਤ ਚੜ੍ਹਿਆ ਹੋਇਆ ਸੀ। ਉਹ ਕਹਿੰਦਾ ਸੀ ਮਿਹਨਤ ਤਾਂ ਭਾਅ ਜੀ ਕੁੱਤਾ ਵੀ ਸਵੇਰ ਤੋਂ ਸ਼ਾਮ ਤੱਕ ਬਹੁਤ ਕਰਦਾ ਹੈ, ਢਿੱਡ ਭਰਨ ਲਈ। ਰੋਟੀ ਦੀਆਂ ਬੁਰਕੀਆਂ ਘੱਟ ਅਤੇ ਡੰਡੇ ਜਿ਼ਆਦਾ ਖਾਂਦਾ ਹੈ। ਉਸਦੀ ਵਹੁਟੀ ਕਹਿੰਦੀ ਸੀ। ਕਹੁ ਮਾਨੁਖ ਤੇ ਕਿਆ ਹੋਇ ਆਵੈ॥ ਜੋ ਤਿਸ ਭਾਵੈ ਸੋਈ ਕਰਾਵੈ॥”

“ਗੱਲ ਤਾਂ ਵੈਸੇ ਸੋਲਾਂ ਆਨੇ ਸੱਚੀ ਐ।”

“ਹੁਣ ਤਾਂ ਡਾਲਰਾਂ ’ਚ ਗੱਲ ਕਰ ਯਾਰ। ਸੈਂਟ ਪਰ ਸੈਂਟ ਸਹੀ ਗੱਲ ਹੈ।”

“ਅਪਣੇ ਕੋਲ ਤਾਂ ਕੋਈ ਗੁਟਕਾ ਵੀ ਨਹੀਂ। ਸ਼ਰਮ ਦੀ ਗੱਲ ਹੈ। ਕਿੱਦਾਂ ਦੇ ਸਿੱਖ ਹਾਂ ਅਸੀਂ?”

“ਕੋਈ ਫਰਕ ਨਹੀਂ ਪੈਂਦਾ। ਸਾਡਾ ਅੰਗ੍ਰੇਜ਼ੀ ਦਾ ਪ੍ਰੋਫੈਸਰ, ਮਿਸਟਰ ਵਸਿਸ਼ਟ, ਕਿਹਾ ਕਰਦਾ ਸੀ ਕਿ ਬੰਦੇ ਦਾ ਕੰਮ ਪੂਜਾ ਦੇ ਬਰਾਬਰ ਹੀ ਹੁੰਦਾ ਹੈ। ਕਾਮਿਆਂ ਨੂੰ ਪਸੀਨਾਂ ਤਾਂ ਆਉਂਦਾ ਹੀ ਹੈ। ਦਫਤਰਾਂ ਵਾਲਿਆਂ ਦਾ ਮੈਂ ਨਹੀਂ ਕਹਿ ਸਕਦਾ ਪਰ ਅਪਣੀ ਮਿਹਨਤ ਦਾ ਪਸੀਨਾਂ ਹੀ ਅਪਣੇ ਸਿਮਰਨ ਦੇ ਬਰਾਬਰ ਹੈ। ਅਕਾਲ ਪੁਰਖ ਨੂੰ ਕੀ ਇਤਰਾਜ਼ ਹੋ ਸਕਦਾ ਹੈ?”

“ਭੋਰੀ ਚਲ। ਭੋਰੀ ਚਲ। ਕਿਹੜੈ ਕੋਈ ਰੋਕਣ ਟੋਕਣ ਵਾਲੀ ਐ ਘਰ ’ਚ। ਪਸੀਨੇ ਨੂੰ ਸਿਮਰਨ ਦੱਸੀ ਜਾਂਦਾ ਏਂ।”

ਚਾਹ ਖਤਮ ਹੋ ਗਈ। ਦੋਵੇਂ ਦੋਸਤ ਗੱਲ ਬਾਤ ਵਿੱਚ ਮਸਤ ਰਹੇ। ਕਾਫੀ ਦੇਰ ਹਸਦੇ ਝੂਮਦੇ ਰਹੇ। ਉਜਾਗਰ ਖਲੋ ਗਿਆ।

“ਬਲਦੇਵ, ਹੁਣ ਮੈਂ ਚਲਦਾ ਹਾਂ ਕਿਤੇ ਐਵੇਂ ਨਾਂ ਸਟੀਵ ਗੱਲਾ ਹੀ ਸਾਫ ਕਰ ਜਾਵੇ। ਅੱਜ ਤਾਂ ਵਿਕਰੀ ਵੀ ਬਹੁਤ ਹੋਈ ਐ। ਫਿਸ਼ਿੰਗ ਓਪਨਰ ਡੇ ਹੈ ਅੱਜ। ਜਨਤਾ ਫਿਰਦੀ ਐ ਕਿਸ਼ਤੀਆਂ ਖਿੱਚੀਂ।” ਉਹ ਆਖ ਕੇ ਚਲਾ ਗਿਆ।

ਬਲਦੇਵ ਬਿਸਤਰ ’ਤੇ ਲੇਟ ਗਿਆ ਅਤੇ ਛੱਤ ਵੱਲ ਤੱਕਣ ਲੱਗਾ। ਉਸ ਦਾ ਧਿਆਨ ਅਪਣੇ ਪਿੰਡ ਦੀਆਂ ਗਲੀਆਂ ਅਤੇ ਵਿਹੜਿਆਂ ਵਿੱਚ ਪਹੁੰਚ ਗਿਆ। ਅਪਣੇ ਬਿਰਧ ਮਾਪਿਆਂ ਅਤੇ ਭੈਣ ਸਤਵੰਤ ਤੋਂ ਵਿਛੜਿਆਂ ਕਈ ਸਾਲ ਬੀਤ ਗਏ ਸਨ। ਉਹ ਸੋਚ ਰਿਹਾ ਸੀ ਕਿ ਬਹੁਤ ਬਿਰਧ ਹੋ ਗਏ ਹੋਣਗੇ ਬਾਪੂ ਜੀ ਤਾਂ। ਬੇਬੇ ਅਜੇ ਫੇਰ ਵੀ ਤਕੜੀ ਹੋਵੇਗੀ। ਪਿਛਲੀ ਵੇਰ ਜਦੋਂ ਫੋਨ ’ਤੇ ਗੱਲ ਹੋਈ ਸੀ ਤਾਂ ਸਤਵੰਤ ਆਖਦੀ ਸੀ ਕਿ ਬਾਪੂ ਜੀ ਦੇ ਸਾਰੇ ਦੰਦ ਝੜ ਗਏ ਨੇ। ਨਵੇਂ ਲਗਵਾਉਣੇ ਐਂ। ਸਤਵੰਤ ਦਾ ਵਿਆਹ ਵੀ ਤਾਂ ਹੁਣ ਕਰ ਦੇਣਾ ਚਾਹੀਦਾ ਹੈ। ਕਿੰਨੀ ਦੇਰ ਹੋ ਗਈ ਹਾਇਰ ਸੈਕੰਡਰੀ ਪਾਸ ਕਰਕੇ ਘਰ ਬੈਠੀ ਐ। ਚੰਗਾ ਹੋਵੇ ਜੇਕਰ ਉਹ ਵੀ ਕੈਨੇਡਾ ਆ ਜਾਵੇ। ਪੜ੍ਹਾਈ ਤੋਂ ਬਿਨਾ ਐਥੇ ਵੀ ਤਾਂ ਗੁਜ਼ਾਰਾ ਨਹੀਂ। ਉਹ ਵਿਚਾਰੀ ਤਾਂ ਅੱਗੇ ਪੜ੍ਹਨਾ ਚਾਹੁੰਦੀ ਸੀ। ਮੈਂ ਪਤਾ ਨਹੀਂ ਉਸਦੀ ਪੜ੍ਹਾਈ ਦੇ ਵਿਰੋਧ ਵਿੱਚ ਕਿਉਂ ਸੀ? ਮੈਨੂੰ ਐਨਾ ਰੱਫੜ ਨਹੀਂ ਸੀ ਪਾਉਣਾ ਚਾਹੀਦਾ। ਉਹ ਚਾਚੇ ਦੇ ਮੁੰਡੇ ਦੇ ਵਿਆਹ ਵਿੱਚ ਐਨਾ ਨੱਚੀ ਸੀ ਕਿ ਰਹੇ ਰੱਬ ਦਾ ਨਾ। ਉਹ ਵਾਰ ਵਾਰ ਬੋਲੀ ਪਾ ਪਾ ਸੁਣਾਉਂਦੀ ਸੀ, “ਵਿਦਿਆ ਪੜ੍ਹਾ ਬਾਪੂਆ ਕੋਈ ਕਹੇ ਨਾ ਗਰੀਬ ਤੇਰੇ ਮਾਪੇ।” ਸਤਵੰਤ ਦੀ ਪੜ੍ਹਾਈ ਬਾਰੇ ਘਰ ਵਿੱਚ ਹੋਈ ਇੱਕ ਇੱਕ ਗੱਲ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸਦੇ ਸਾਹਮਣੇ ਹੀ ਮਾਂ ਨੇ ਕਿਹਾ ਸੀ, “ਸਤਵੰਤ ਦੇ ਬਾਪੂ, ਆਪਾਂ ਨੂੰ ਅਪਣੀ ਧੀ ਲੁਧਿਆਣੇ ਕਿਸੇ ਕਾਲਜ ਵਿੱਚ ਪਾ ਦੇਣੀ ਚਾਹੀਦੀ ਹੈ। ਕੁੜੀ ਦਾ ਪੜ੍ਹਾਈ ਕਰਨ ਵਿੱਚ ਬਹੁਤ ਮਨ ਹੈ।”

“ਹਾਂ ਮੈਨੂੰ ਕੋਈ ਇਤਰਾਜ਼ ਨਹੀਂ। ਐਨੀ ਸੋਹਣੀ ਐ ਸਾਡੀ ਧੀ। ਜੇ ਉੱਚ ਵਿਦਿਆ ਵੀ ਪੜ੍ਹ ਗਈ ਤਾਂ ਸੋਨੇ ’ਤੇ ਸੁਹਾਗਾ ਸਮਝ। ਵਿਆਹ ਵੀ ਕਿਸੇ ਚੰਗੇ ਪੜ੍ਹੇ ਲਿਖੇ ਮੁੰਡੇ ਨਾਲ ਹੋ ਜਾਏਗਾ। ਉਜਾਗਰ ਨਾਲ ਸਾਇਕਲ ’ਤੇ ਚਲੀ ਜਾਇਆ ਕਰੇਗੀ ਅਤੇ ਨਾਲ ਹੀ ਵਾਪਸ ਆ ਜਾਇਆ ਕਰੇਗੀ। ਦੋਵੇਂ ਇੱਕੋ ਕਾਲਜ ’ਚ ਪੜ੍ਹਨਗੇ ਇਕੱਠੇ ਜਾਣਗੇ ਇਕੱਠੇ ਆਉਣਗੇ, ਕੁੜੀ ਦੀ ਹਿਫਾਜ਼ਤ ਵੱਲੋਂ ਵੀ ਬੇਫਿਕਰੀ ਰਹੇਗੀ।

“ਸਾਨੂੰ ਅਪਣੀ ਧੀ ਲੁਧਿਆਣੇ ਕਿਸੇ ਕਾਲਜ ਵਿੱਚ ਪਾ ਦੇਣੀ ਚਾਹੀਦੀ ਹੈ। ਕੁੜੀ ਦਾ ਪੜ੍ਹਾਈ ਕਰਨ ਵਿੱਚ ਬਹੁਤ ਮਨ ਹੈ।”

ਬਲਦੇਵ ਬਿਸਤਰ ਤੇ ਲੇਟਿਆ ਸੋਚ ਰਿਹਾ ਸੀ। — ਮੈਂ ਕਿੱਡੀ ਗਲਤੀ ਕਰ ਬੈਠਾ। ਇਸ ਸੁਝਾਵ ਨਾਲ ਕਿਉਂ ਸਹਿਮਤ ਨਹੀਂ ਹੋਇਆ? ਕਿਉਂ ਆਖਿਆ ਕਿ ਮੈਂ ਇਹ ਕਦਾਪੀ ਨਹੀਂ ਕਰ ਸਕਦਾ। ਸ਼ਹਿਰਾਂ ਦੇ ਮੁੰਡੇ ਬਹੁਤ ਖਰਾਬ ਨੇ। ਭੈਣ ਨੂੰ ਉਲਟੇ ਸਿੱਧੇ ਮਜ਼ਾਕ ਕਰਨਗੇ। ਛੇੜਖਾਨੀ ਕਰਨਗੇ ਜੋ ਮੈਂ ਨਹੀਂ ਸਹਿ ਸਕਾਂਗਾ। ਐਵੇਂ ਕਿਸੇ ਦਾ ਸਿਰ ਭੰਨਣ ਦੀ ਮੇਰੀ ਕੋਈ ਇਛਾ ਨਹੀਂ। ਅਸੀਂ ਕੁੜੀਆਂ ਤੋਂ ਕਿਹੜੈ ਨੋਕਰੀਆਂ ਕਰਵਾਉਣੀਆਂ ਨੇ। ਹਾਇਰ ਸੈਕੰਡਰੀ ਕਰ ਗਈ ਹੈ। ਕਿਤੇ ਮੁੰਡਾ ਵੇਖ ਕੇ ਵਿਅਹ ਕਰਨਾ ਹੀ ਠੀਕ ਹੈ। ਉਸ ਨੂੰ ਅਪਣੀ ਭੈਣ ਦੇ ਹੰਝੂ ਕਿਰਦੇ ਨਜ਼ਰ ਆਉਣ ਲਗੇ। ਸਤਵੰਤ ਦੇ ਸਿਕੀਆਂ ਭਰੇ ਬੋਲ, “ਵੀਰ ਜੋ ਤੂੰ ਕਹੇਂਗਾ ਮੈਨੂੰ ਮਨਜ਼ੂਰ ਹੈ। ਤੂੰ ਕਿਹੜੈ ਮੇਰਾ ਭਲਾ ਨਹੀਂ ਚਾਹੁੰਦਾ।” ਉਸਨੂੰ ਬੇਚੈਨ ਕਰਨ ਲਗੇ।

ਸਮਾਂ ਅਪਣੀ ਰਫਤਾਰ ਨਾਲ ਚਲਦਾ ਗਿਆ। ਇੱਕ ਗੈਸ-ਸਟੇਸ਼ਨ ਤੋਂ ਦੋ ਬਣ ਗਏ। ਬਲਦੇਵ ਨੇ ਅਪਣੇ ਦੋਸਤ, ਉਜਾਗਰ, ਦਾ ਵਿਆਹ ਅਪਣੀ ਭੈਣ ਨਾਲ ਹੀ ਕਰਵਾ ਦਿੱਤਾ। ਉਜਾਗਰ ਅਤੇ ਸਤਵੰਤ ਨੇ ਮਕਾਨ ਲੈ ਲਿਆ। ਬਲਦੇਵ ਹੁਣ ਅਪਾਰਟਮੈਂਟ ਵਿੱਚ ਇਕੱਲਾ ਰਹਿਣ ਲੱਗਾ। ਅਪਣੇ ਮਾਪਿਆਂ ਦੇ ਆਉਣ ਦਾ ਇੰਤਜ਼ਾਰ ਕਰਦਾ ਸੀ। ਉਨ੍ਹਾਂ ਨਾਲ ਸਲਾਹ ਕਰਕੇ ਅਪਣਾ ਵਿਆਹ ਵੀ ਰਚਾਉਣਾ ਚਾਹੁੰਦਾ ਸੀ। ਸਤਵੰਤ ਇੱਕ ਮੁੰਡੇ ਦੀ ਮਾਂ ਬਣ ਗਈ। ਅਪਣੇ ਭਰਾ ਨੂੰ ਵਿਆਹ ਕਰਵਾਉਣ ਦੀ ਬਹੁਤ ਵਾਰ ਸਲਾਹ ਵੀ ਦਿੰਦੀ। ਉਹ ਹਰ ਵਾਰ ਟਾਲ ਮਟੋਲ ਹੀ ਕਰ ਜਾਂਦਾ। ਕਦੇ ਕਦੇ ਆ ਕੇ ਅਪਣੇ ਭਾਣਜੇ ਨੂੰ ਖਿਡਾ ਵੀ ਜਾਂਦਾ।

ਅੱਜ ਬਿੱਟੀ, ਸਤਵੰਤ ਦਾ ਕਾਕਾ, ਇੱਕ ਸਾਲ ਦਾ ਹੋ ਗਿਆ। ਉਸਦਾ ਬਰਥ-ਡੇ ਬੜੇ ਧੂਮ-ਧਾਮ ਨਾਲ ਮਨਾਉਣ ਦਾ ਸਾਰਾ ਇੰਤਜ਼ਾਮ ਹੋ ਚੁਕਿਆ ਸੀ। ਤੰਦੂਰ ਨਾਮੀ ਰੈਸਟੋਰਾਂਟ ਤੋਂ ਕੇਟਰਿੰਗ ਹੋ ਰਹੀ ਸੀ।

“ਉਜਾਗਰ ਸਿੰਆਂ, ਅੱਜ ਤਾਂ ਤੂੰ ਬਿੱਟੀ ਵਾਸਤੇ ਕੋਈ ਬਹੁਤ ਸੋਹਣਾ ਤੋਹਫਾ ਖਰੀਦਿਆ ਹੋਣਾ ਐਂ।” ਬਲਦੇਵ ਨੇ ਪੁੱਛਿਆ।

“ਸੱਚੀ ਗੱਲ ਤਾਂ ਇਹ ਹੈ ਕਿ ਸਤਵੰਤ ਨੇ ਹੀ ਕੁਝ ਖਰੀਦਿਆ ਹੈ। ਮੇਰੀਆਂ ਪਸੰਦ ਕੀਤੀਆਂ ਚੀਜ਼ਾਂ ਉਸਨੂੰ ਚੰਗੀਆਂ ਨਹੀਂ ਲਗਦੀਆਂ। ਆਖਦੀ ਐ – ਬਿੱਟੀ ਵਾਸਤੇ ਸਭ ਕੁਝ ਮੈਂ ਆਪ ਹੀ ਖਰੀਦਾਂਗੀ। ਤੁਹਾਡੀ ਪਸੰਦ ਤਾਂ ਐਵੇਂ ਹੀ ਐ, ਘਟੀਆ ਜਿਹੀ। ਫੇਰ ਦੱਸ, ਮੈਂ ਕਿਉਂ ਖਾਹਮਖਾਹ ਸਿਰਦਰਦੀ ਮੁੱਲ ਲੈਣੀ ਐ।” ਉਜਾਗਰ ਨੇ ਕੋਕ ਦੀਆਂ ਬੋਤਲਾਂ ਰੈਕ ਵਿੱਚ ਲਗਾਉਂਦਿਆਂ ਜੁਆਬ ਦਿੱਤਾ।

“ਮੈਂ ਚਲਿਆ ਹਾਂ। ਬਿੱਟੀ ਲਈ ਇੱਕ ਚੇਨ ਅਤੇ ਸਤਵੰਤ ਵਾਸਤੇ ਇੱਕ ਅੰਗੂਠੀ ਬਣਵਾਈ ਹੈ। ਜਾਂਦਾ ਹੋਇਆ ਖੜੀ ਚਲਾਂਗਾ। ਮੈਂ ਨਿਪਾਲੀ ਨੂੰ ਜਲਦੀ ਕੰਮ ਸ਼ੁਰੂ ਕਰਨ ਲਈ ਕਿਹਾ ਹੈ। ਤੂੰ ਵੀ ਘਰ ਜਲਦੀ ਚਲਾ ਜਾਈਂ। ਸਤਵੰਤ ਤੋਂ ਸਾਰਾ ਕੰਮ ਸੰਭਾਲਿਆ ਨਹੀਂ ਜਾਣਾ। ਆਪਾਂ ਨੇ ਸੱਦੇ ਵੀ ਬਹੁਤ ਲੋਗਾਂ ਨੂੰ ਦਿੱਤੇ ਹਨ।” ਬਲਦੇਵ, ਉਜਾਗਰ ਨੂੰ ਕੈਸ਼-ਰਜਿਸਟਰ ਸੰਭਾਲ ਕੇ, ਜਾਣ ਲੱਗਾ।

“ਗੱਲ ਸੁਣ, ਐਵੇਂ ਪੈਸੇ ਨਹੀਂ ਖਰਾਬ ਕਰੀਦੇ। ਬਿੱਟੀ ਤਿਲ-ਭਰ ਦਾ ਤਾਂ ਹੈ ਅਜੇ। ਸੋਨੇ ਦੀ ਜ਼ੰਜੀਰ ਦਾ ਉਸਨੂੰ ਕੀ ਪਤਾ ਹੈ। ਤੂੰ ਕੋਈ ਟੈਡੀ-ਬਿਅਰ ਆਦਿ ਖਰੀਦ ਲਿਆਵੀਂ। ਘੜੀ ਖੇਡ ਤਾਂ ਲਏਗਾ ਉਸ ਨਾਲ।” ਉਜਾਗਰ ਨੇ ਬਲਦੇਵ ਨੂੰ ਸਮਝਾਇਆ।

ਘਰ, ਇੱਕ ਇੱਕ ਕਰਕੇ, ਮਹਿਮਾਨ ਆਉਣੇ ਸ਼ੁਰੁ ਹੋ ਗਏ। ਬਲਦੇਵ ਅਤੇ ਸਤਵੰਤ ਉਨ੍ਹਾਂ ਦੀ ਆਓ ਭਗਤ ਵਿੱਚ ਰੁੱਝ ਗਏ। ਛੇਤੀ ਹੀ ਚਾਲੀ ਪੰਜਾਹ ਬੰਦਿਆਂ ਦੇ ਹਾਸੇ, ਨਿੱਕੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਘਰ ਵਿੱਚ ਚਹਿਲ ਪਹਿਲ ਲਗ ਗਈ। ਕੁੱਝ ਵਿਸਕੀ ਪੀਣ ਲਗ ਪਏ ਤੇ ਕੁੱਝ ਬੀਅਰ। ਔਰਤਾਂ ਆਮ ਜੂਸ ਹੀ ਪੀ ਰਹੀਆਂ ਸਨ। ਕਈ ਅਗਾਹਾਂ ਵਧੂ ਬੀਬੀਆਂ ਨੇ ਵਾਈਨ ਦਾ ਮਜ਼ਾ ਲੈਣਾ ਵੀ ਠੀਕ ਸਮਝਿਆ।

“ਐਨੀਂ ਦੇਰ ਕਰ ਦਿੱਤੀ। ਇਹ ਅਜੇ ਤੱਕ ਨਹੀਂ ਆਏ।” ਸਤਵੰਤ ਨੇ ਅਪਣੇ ਵੀਰ ਨੂੰ ਆਖਿਆ।

ਇਸ ਤੋਂ ਪਹਿਲਾਂ ਕਿ ਬਲਦੇਵ ਫੋਨ ਕਰਦਾ, ਉਸਨੂੰ ਦਰਵਾਜੇ ਵੱਲੋਂ ਕਾਫੀ ਰੌਲਾ ਪੈਂਦਾ ਸੁਣਾਈ ਦਿੱਤਾ।

“ਵਧਾਈਆਂ ਬਾਈ ਉਜਾਗਰ ਸਿਆਂ। ਕੰਗ੍ਰੈਚੁਲੇਸ਼ਨਜ਼ ਬਾਈ, ਸਾਲ ਦਾ ਹੋ ਗਿਆ ਬਿੱਟੀ, ਆਦਿ ਆਦਿ ਬਹੁਤ ਤਰ੍ਹਾਂ ਦੀਆਂ ਅਵਾਜ਼ਾਂ ਨਾਲ ਰੌਲਾ ਜਿਹਾ ਪੈ ਗਿਆ।” ਉਜਾਗਰ ਆ ਗਿਆ। ਸਤਵੰਤ ਨੂੰ ਸੁਖ ਦਾ ਸਾਹ ਆਇਆ।

ਬਲਦੇਵ ਨੂੰ ਥੋੜ੍ਹਾ ਜਿਹਾ ਨਸ਼ਾ ਹੋਣ ਲਗ ਪਿਆ। ਉਹ ਸੋਚ ਰਿਹਾ ਸੀ ਕਿ ਉਸਨੇ ਇਹੋ ਜਿਹੇ ਖੁਸ਼ੀਆਂ ਭਰੇ ਦਿਨ ਕਦੇ ਨਹੀਂ ਸਨ ਵੇਖੇ। ਔਰਤਾਂ ਦੀਆਂ ਇੱਕ ਦੋ ਢਾਣੀਆਂ ਖੱਪ ਪਾ ਰਹੀਆ ਸਨ। ਵਾਹ ਵਾਹ ਬਹਿਸ ਚਲ ਰਹੀ ਸੀ। ਸਤਵੰਤ ਕਦੇ ਉਨ੍ਹਾਂ ਕੋਲ ਆਕੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਪੁੱਛਦੀ ਫੇਰ ਕਦੇ ਕੇਟ੍ਰਿੰਗ ਵਾਲੇ ਭਾਈ ਨੂੰ ਜਾ ਹਦਾਇਤ ਦਿੰਦੀ ਜਾਂ ਫੇਰ ਇਕੱਲੀ ਹੀ ਇੱਕ ਪਾਸੇ ਖਲੋਤੀ ਨਜ਼ਰ ਆਉਂਦੀ। ਬਲਦੇਵ ਚਾਹੁੰਦਾ ਸੀ ਕਿ ਉਸਦੀ ਭੈਣ ਵੀ ਤੀਵੀਆਂ ਦੇ ਝੁੰਡ ਵਿੱਚ ਜਾਕੇ ਉਨ੍ਹਾਂ ਨਾਲ ਗੱਲਾਂ ਕਰੇ। ਐਦਾਂ ਮਹਿਮਾਨਾਂ ਦੀ ਇੱਜ਼ਤ ਹੋਵੇਗੀ।

“ਸਤਵੰਤ ਤੂੰ ਜਾਕੇ ਅਪਣੀਆਂ ਮਹਿਮਾਨਾਂ ਨਾਲ ਗੱਲਾਂ ਬਾਤਾਂ ਕਰ। ਕੰਮ ਕਾਰ ਤਾਂ ਕੇਟਰਿੰਗ ਵਾਲੇ ਆਪੇ ਕਰਦੇ ਰਹਿਣਗੇ, ਉਸਦਾ ਫਿਕਰ ਨਾ ਕਰ।” ਆਖਿਰ ਬਲਦੇਵ ਨੇ ਆਕੇ ਅਪਣੀ ਭੇੈਣ ਦੇ ਕੰਨ ਵਿੱਚ ਫੂਕ ਮਾਰੀ।

“ਕੀ ਗੱਲਾਂ ਕਰਾਂ ਵੀਰ? ਮੈਂ ਇਨ੍ਹਾਂ ਵਾਂਗ ਅੰਗ੍ਰੇਜ਼ੀ ਨਹੀਂ ਬੋਲ ਸਕਦੀ। ਬਹੁਤ ਗੱਲਾਂ ਮੇਰੇ ਪੱਲੇ ਹੀ ਨਹੀਂ ਪੈਂਦੀਆਂ।” ਸਤਵੰਤ ਨੇ ਸੱਚ ਬੋਲ ਦਿੱਤਾ।

ਬਲਦੇਵ ਉਦਾਸ ਹੋ ਗਿਆ। ਇੱਕ ਪੈੱਗ ਹੋਰ ਬਣਾਇਆ ਅਤੇ ਗਟਕ ਗਿਆ। ਦਿਮਾਗ਼ ਵਿੱਚ ਹਲਚਲ ਮਚ ਗਈ। ਉਹਦੇ ਅੰਦਰੋਂ ਆਵਾਜ਼ ਆਉਣ ਲਗੀ। ਸਤਵੰਤ, ਮੈਂ ਬਹੁਤ ਵੱਡਾ ਗੁਨਾਹਗਾਰ ਹਾਂ। ਮੈਨੂੰ ਮੇਰੀ ਆਤਮਾਂ ਦੁਰਕਾਰਦੀ ਹੈ। ਮੈਂ ਤੇਰੀ ਵਿੱਦਿਆ ਵਿੱਚ ਵਿਘਨ ਪਾਇਆ। ਕੀ ਹਰਜ਼ ਸੀ ਜੇਕਰ ਮੈਂ ਤੈਨੂੰ ਅਪਣੇ ਸਾਇਕਲ ’ਤੇ ਕਾਲਜ ਲੈ ਜਾਂਦਾ ਅਤੇ ਨਾਲ ਹੀ ਲੈ ਆਉਂਦਾ। ਭੈੜੇ ਮੁੰਡਿਆਂ ਦਾ ਵੀ ਮੈਂ ਮੁਕਾਬਲਾ ਕਰ ਹੀ ਸਕਦਾ ਸਾਂ। ਸ਼ਾਇਦ ਕੋਈ ਅੰਡ ਛੰਡ ਨਾ ਵੀ ਬੋਲਦਾ। ਇਹ ਤਾਂ ਹੁਣ ਮੈਨੂੰ ਕੋਝਾ ਬਹਾਨਾਂ ਲਗਣ ਲਗ ਪਿਆ ਹੈ। ਪਤਾ ਨਹੀਂ ਮੇਰੇ ਦਿਮਾਗ਼ ਉੱਤੇ ਕਿਹੜੇ ਭੂਤ ਨੇ ਕਬਜ਼ਾ ਕੀਤਾ ਹੋਇਆ ਸੀ। ਭੈਣ, ਤੂੰ ਕਿਉਂ ਬਗ਼ਾਵਤ ਨਹੀਂ ਕੀਤੀ? ਛੋਟੀਆਂ ਭੈਣਾ ਕਿਹੜਾ ਬਗਾਵਤ ਨਹੀਂ ਕਰਦੀਆਂ। ਤੂੰ ਕਿਉਂ ਮੇਰੀ ਹਰ ਗੱਲ ਮੰਨ ਲੈਂਦੀ ਸੀ? ਬਲਦੇਵ ਸ਼ਰਾਬ ਦੇ ਨਸ਼ੇ ਵਿੱਚ ਝੂਮਦਾ ਗਿਆ ਅਤੇ ਉਜਾਗਰ ਦਾ ਮੋਢਾ ਫੜਕੇ ਆਖਣ ਲੱਗਾ, “ਸੁਣ ਯਾਰ ਜੇ ਤੂੰ ਇਤਰਾਜ਼ ਨਾ ਕਰੇਂ ਤਾਂ ਮੈਂ ਸਤਵੰਤ ਨੂੰ ਕਾਲਜ ਪੜ੍ਹਨੇ ਪਾ ਦਿਆਂ? ਇਹ ਵਿਚਾਰੀ ਉੱਚੀ ਵਿਦਿਆ ਪਾਉਣਾ ਚਾਹੁੰਦੀ ਸੀ।”

“ਬਲਦੇਵ, ਇਹ ਬਿੱਟੂ ਨੂੰ ਸੰਭਾਲੂਗੀ ਜਾਂ ਕਾਲਜ ਜਾਉਗੀ? ਤੈਨੂੰ ਸ਼ਰਾਬ ਚੜ੍ਹ ਗਈ ਹੈ। ਬੱਸ ਹੋਰ ਨਾ ਪੀਵੀਂ। ਜਾਕੇ ਆਰਾਮ ਨਾਲ ਬਹਿ ਜਾ।” ਉਜਾਗਰ ਨੇ ਮੁਸਕੁਰਾਕੇ ਆਖਿਆ ਅਤੇ ਕੰਮ ਵਿੱਚ ਜੁਟ ਗਿਆ। ਮਹਿਮਾਨ ਪੰਜਾਬੀ ਗੀਤਾਂ ’ਤੇ ਨੱਚ ਨੱਚ ਥੱਕ ਗਏ ਸਨ। ਕੇਟਰਿੰਗ ਵਾਲਿਆਂ ਖਾਣਾ ਪਰੋਸਿਆ। ਖਾਣਾ ਖਾਕੇ ਇੱਕ ਇੱਕ ਕਰਕੇ ਸਭ ਮਹਿਮਾਨ ਚਲੇ ਗਏ। ਬਲਦੇਵ, ਉਜਾਗਰ ਅਤੇ ਸਤਵੰਤ ਵੀ ਘੂਕ ਨੀਂਦਰ ਸੌਂ ਗਏ।

ਬਿੱਟੀ ਨੇ ਅਪਣੇ ਮਾਪਿਆਂ ਨੂੰ ਜਲਦੀ ਜਗਾ ਦਿੱਤਾ। ਥੋੜ੍ਹਾ ਨਾਸ਼ਤਾ ਕਰਕੇ ਉਜਾਗਰ ਗੈਸ ਸਟੇਸ਼ਨ ਵੇਖਣ ਚਲਾ ਗਿਆ। ਸਤਵੰਤ ਨੇ ਰੋਕਿਆ ਵੀ ਪਰ ਉਸ ਨੇ ਜਾਣ ਦੀ ਜ਼ਿੱਦ ਕੀਤੀ।

“ਕਾਮੇ ਵੀ ਕੁੱਝ ਕੰਮ ਨਹੀਂ ਕਰਦੇ ਜੇ ਨਿਗਰਾਨੀ ਨਾਂ ਰੱਖੀਏ। ਬਲਦੇਵ ਨੇ ਰਾਤੀਂ ਬਹੁਤ ਸ਼ਰਾਬ ਪੀ ਲਿੱਤੀ ਸੀ। ਉਸਨੂੰ ਜਗਾਵੀਂ ਨਾਂ। ਜਦੋਂ ਅਪਣੀ ਮਰਜ਼ੀ ਨਾਲ ਜਾਗੇ ਤਾਂ ਗੈਸ ਸਟੇਸ਼ਨ ਭੇਜ ਦਈਂ। ਮੈਂ ਵੀ ਵਾਪਸ ਆਕੇ ਥੋੜ੍ਹਾ ਆਰਾਮ ਕਰ ਲਵਾਂਗਾ।” ਉਜਾਗਰ ਆਖ ਕੇ ਚਲਾ ਗਿਆ।

ਬਲਦੇਵ ਦੋ ਕੁ ਘੰਟੇ ਹੋਰ ਸੁੱਤਾ ਰਿਹਾ। ਉੱਠਕੇ ਇਸ਼ਨਾਨ ਕੀਤਾ ਅਤੇ ਗੈਸ ਸਟੇਸ਼ਨ ਦੀ ਡਿਉਟੀ ਲਈ ਜਾਣ ਲਗਾ। ਦੋਵੇਂ ਭੈਣ-ਭਰਾ ਨਾਸ਼ਤਾ ਕਰਨ ਲਗੇ। ਬਲਦੇਵ ਨੇ ਟੀਵੀ ਲਗਾਇਆ। ਹੱਥ ਵਿੱਚ ਫੜੀ ਗ੍ਰਾਹੀ ਪਲੇਟ ਵਿੱਚ ਸੁੱਟਕੇ ਖਲੋ ਗਿਆ। ਖਬਰ ਆ ਰਹੀ ਸੀ ਉਨ੍ਹਾਂ ਦੇ ਗੈਸ ਸਟੇਸ਼ਨ ਦੀ। ਲੁਟੇਰਿਆਂ ਨੇ ਗੋਲੀ ਮਾਰਕੇ ਗੈਸ-ਸਟੇਸ਼ਨ ਦੇ ਮਾਲਕ ਦੀ ਹੱਤਿਆ ਕਰ ਦਿੱਤੀ। ਹਤਿਆਰੇ ਅਜੇ ਫੜੇ ਨਹੀਂ ਗਏ। ਬਲਦੇਵ ਹਨ੍ਹੇਰੀ ਵਾਂਗ ਘਰੋਂ ਨਿਕਲ ਗਿਆ। ਕਾਰ ਚੁੱਕੀ ’ਤੇ ਸਿੱਧਾ ਹਸਪਤਾਲ ਪਹੁੰਚ ਗਿਆ। ਸਤਵੰਤ ਧਾਹਾਂ ਮਾਰਕੇ ਰੋਣ ਲਗ ਪਈ। ਕੋਸਣ ਲਗ ਪਈ ਅਪਣੀ ਖੋਟੀ ਕਿਸਮਤ ਨੂੰ।

ਅਗਲੇ ਦਿਨ ਫਿਊਨਰਲ ਤੋਂ ਬਾਅਦ ਘਰ ਪਹੁੰਚੇ ਤਾਂ ਯਾਰ-ਦੋਸਤ ਵੀ ਨਾਲ ਆਏ। ਬਹੁਤ ਮਾਯੂਸੀ ਭਰਿਆ ਵਾਤਾਵਰਣ ਸੀ। ਬਲਦੇਵ ਤੋਂ ਭੈਣ ਦੇ ਹੰਝੂ ਨਹੀਂ ਸੀ ਵੇਖੇ ਜਾ ਰਹੇ। ਸੋਚ ਰਿਹਾ ਸੀ – ਮੈਂ ਜੇਕਰ ਸਤਵੰਤ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਣਦਾ ਤਾਂ ਸ਼ਾਇਦ ਇਹ ਦਿਨ ਹੀ ਨਾ ਵੇਖਣਾਂ ਪੈਂਦਾ। ਕਿੰਨਾਂ ਮਨਹੂਸ ਹਾਂ ਮੈਂ। ਗੁਨਾਹਗਾਰ ਹਾਂ ਮੈਂ ਸਤਵੰਤ ਤੇਰਾ। ਬਲਦੇਵ ਦਾ ਦਿਲ ਕਾਬੂ ਵਿੱਚ ਨਹੀਂ ਰਿਹਾ। ਧਾਹਾਂ ਮਾਰਨ ਲਗ ਪਿਆ। ਸਤਵੰਤ ਨੂੰ ਬਾਹਾਂ ਵਿੱਚ ਲੈਕੇ ਆਪਮੁਹਾਰਾ ਹੀ ਝੱਲਿਆਂ ਵਾਂਗ ਬੋਲਣ ਲਗ ਪਿਆ, “ਮੈਂ ਤੈਨੂੰ ਬਹੁਤ ਉੱਚੀ ਵਿਦਿਆ ਦਵਾਉਣੀ ਚਾਹੁੰਦਾ ਹਾਂ। ਇਹੋ ਗੱਲ ਵਾਰ ਵਾਰ ਦੌਹਰਾਉਂਦਾ ਰਿਹਾ।”

“ਵੀਰ, ਮੱਥੇ ਦੀਆਂ ਲਕੀਰਾਂ ਤਾਂ ਵਹਿਗੁਰੁ ਜੀ ਹੀ ਖਿੱਚਦੇ ਹਨ। ਇਨਸਾਨ ਨਾ ਬਣਾ ਸਕਦਾ ਹੈ ਅਤੇ ਨਾ ਮਿਟਾ ਸਕਦਾ ਹੈ।”  ਸਤਵੰਤ ਨੂੰ ਭਰਾ ਦੀ ਪੀੜ ਦੁਖੀ ਕਰ ਰਹੀ ਸੀ। ਸੱਭੇ ਮਹਿਮਾਨ ਵੀ ਹੰਝੂ ਪੂੰਝ ਰਹੇ ਸਨ। ਕਿਹੋ ਜਿਹਾ ਮਿਲਾਪ ਸੀ ਇਹ ਭੈਣ ਭਰਾ ਦਾ? ਲਗਦਾ ਸੀ ਜਿਵੇਂ ਸਾਰੀ ਕਾਇਆਨਾਤ ਰੋ ਰਹੀ ਹੋਵੇ। ਰੋ ਰਹੇ ਸਨ, ਧਰਤੀ ਦੇ ਤੇਤੀ ਕਰੋੜ ਦੇਵਤੇ।
**

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 29 ਅਪਰੈਲ 2008)
(ਦੂਜੀ ਵਾਰ 25 ਨਵੰਬਰ 2021)

***
512
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ