20 April 2024

ਕੁਟੀਆ—ਡਾ. ਜੋਗਿੰਦਰ ਸਿੰਘ ਨਿਰਾਲਾ

-ਕਹਾਣੀ-
ਮੈਂ ਅਜੇ ਅੱਧ ਸੁੱਤਾ ਜਿਹਾ ਹੀ ਸਾਂ, ਮੈਨੂੰ ਭੋਰੇ ਵਿਚੋਂ ਇਕ ਚੀਕ ਜਿਹੀ ਸੁਣਾਈ ਦਿੱਤੀ ਤੇ ਫੇਰ ਚੁੱਪ ਵਰਤ ਗਈ।

ਮੈਂ ਸੋਚਿਆ ਇਸ ਵੇਲੇ ਕੌਣ ਹੋ ਸਕਦਾ ਹੈ, ਰਾਤ ਅੱਧੀ ਉਧਰ ਸੀ ਅਤੇ ਅੱਧੀ ਏਧਰ। ਕੁਝ ਸਮਾਂ ਪਹਿਲਾਂ ਹੀ ਤਾਂ ਮੈਂ ਭੋਰੇ ਵਿਚੋਂ ਆਇਆ ਸਾਂ, ਸੰਤਾਂ ਦੇ ਪੈਰ ਘੁੱਟ ਕੇ। ਸੰਤ ਪਰਮਾਨੰਦ ਜੀ। ਉਂਜ ਲੋਕ ਉਹਨਾਂ ਨੂੰ ‘ਮੋਨੀ ਜੀ ਮਹਾਰਾਜ’ ਕਹਿੰਦੇ ਸਨ ਇਹ ਤਾਂ ਨਹੀਂ ਸੀ ਪਈ ਉਹ ਸੱਚਮੁੱਚ ਹੀ ਮੋਨੀ ਸਨ, ਉਹ ਪ੍ਰਵਚਨ ਵੀ ਕਰਦੇ ਸਨ ਪਰ ਘੱਟ ਬੋਲਣ ਕਰਕੇ ਉਹ ਏਸ ਇਲਾਕੇ ਵਿਚ ‘ਮੋਨੀ ਜੀ’ ਕਰਕੇ ਹੀ ਜਾਣੇ ਜਾਂਦੇ ਹਨ। ਬੜੀ ਮਾਨਤਾ ਸੀ ਉਹਨਾਂ ਦੀ।

ਕੁਟੀਆ ਵਿਚ ਉਹਨਾਂ ਦੇ ਦਰਸ਼ਨਾਂ ਲਈ ਲੋਕ ਆਉਂਦੇ ਜਾਂਦੇ ਰਹਿੰਦੇ। ਸਾਰਾ ਦਿਨ ਲੋਕਾਂ ਦਾ ਤਾਂਤਾ ਹੀ ਲੱਗਿਆ ਰਹਿੰਦਾ। ਬੜਾ ਮਨਮੋਹਕ ਵਿਅਕਤੀਤਵ ਸੀ ਉਹਨਾਂ ਦਾ। ਕੁਟੀਆ ਭਾਵੇਂ ਸ਼ਹਿਰ ਦੇ ਮੰਨੇ ਪ੍ਰਮੰਨੇ ਵਪਾਰੀ ਦੀ ਸੀ ਪਰ ਉਹ ‘ਵਪਾਰ’ ਦੇ ਕੰਮ ਤੋਂ ਬਹੁਤ ਚਿੜ੍ਹਦੇ ਸਨ। ਏਸ ਦੁਨੀਆਂ ਨੂੰ ਕੂੜ ਦਾ ਵਪਾਰ ਹੀ ਕਹਿੰਦੇ ਸਨ। ਗੋਲ ਚਿਹਰਾ, ਚਮਕੀਲੀਆਂ ਅੱਖਾਂ ਅਤੇ ਸਫੈਦ ਲੰਮਾ ਤੇ ਭਰਵਾਂ ਦਾਹੜਾ, ਉਹਨਾਂ ਦੇ ਤੇਜ਼ ਨੂੰ ਹੋਰ ਵੀ ਆਕਰਸ਼ਕ ਬਣਾ ਦੇਂਦਾ।

ਮੈਂ ਮੁੱਢ ਤੋਂ ਹੀ ਏਸ ਕੁਟੀਆ ਵਿਚ ਪਰਵਾਨ ਚੜ੍ਹਿਆ ਸਾਂ। ਅਸਲ ਵਿਚ ਮੇਰੇ ਮਾਂ-ਬਾਪ ਨੇ ਮੈਨੂੰ ਏਸ ਕੁਟੀਆ ਦੇ ਅਰਪਣ ਕਰ ਦਿੱਤਾ ਸੀ। ਮੈਨੂੰ ਇਹ ਦੱਸਿਆ ਗਿਆ ਸੀ ਪਈ ਮੇਰੇ ਮਾਂ-ਬਾਪ ਬਹੁਤ ਅਮੀਰ ਸਨ, ਸੰਸਾਰੀ ਜਿਹੇ ਜੀਵਨ ਸਨ ਪਰ ਉਹਨਾਂ ਦੇ ਔਲਾਦ ਨਹੀਂ ਸੀ ਹੁੰਦੀ ਜਾਂ ਹੋ ਕੇ ਬਚਦੀ ਨਹੀਂ ਸੀ। ਇਕ ਦਿਨ ਉਹ ਏਸ ਕੁਟੀਆ ਦੇ ਉਦੋਂ ਦੇ ਮੁਖੀ ਮਹਾਰਾਜ ਚੇਤਨਦਾਸ ਜੀ ਕੋਲ ਆਏ ਜਿਹਨਾ ਦੇ ਬਚਨਾਂ ਸਦਕਾ ਹੀ ਮੇਰਾ ਜਨਮ ਹੋਇਆ ਸੀ ਪਰ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਸੀ, ‘‘ਲੜਕਾ ਹੋਗਾ ਪਰ ਬਚੇਗਾ ਤਭੀ ਅਗਰ ਉਸੇ ਇਸ ਕੁਟੀਆ ਮੇਂ ਭਗਵਾਨ ਕੋ ਅਰਪਣ ਕਰ ਦੋਗੇ।’’ ਤੇ ਕਹਿੰਦੇ ਹਨ ਇੰਜ ਹੀ ਹੋਇਆ ਅਤੇ ਜਦੋਂ ਮੈਂ ਅਜੇ ਪੰਜ ਛੇ ਸਾਲ ਦਾ ਹੀ ਸਾਂ ਉਹਨਾਂ ‘ਪੁੱਤਰ-ਦਾਨ’ ਕਰ ਦਿੱਤਾ ਸੀ।

ਪਹਿਲਾਂ ਪਹਿਲਾਂ ਕਾਫੀ ਦੇਰ ਇਕ ਬੁੱਢਾ ਅਤੇ ਅੱਧਖੜ੍ਹ ਉਮਰ ਦੀ ਔਰਤ ਮੈਨੂੰ ਮਿਲਣ, ਦੇਖਣ ਵੀ ਆਉਂਦੇ ਰਹੇ ਪਰ ਫੇਰ ਨਹੀਂ ਆਏ। ਇਹਨਾਂ ਗੱਲਾਂ ਨੂੰ ਵੀ ਕਈ ਦਹਾਕੇ ਬੀਤ ਚੁੱਕੇ ਹਨ। ਮੇਰੇ ਮਨ ਵਿਚ ਕਦੇ ਕਦੇ ਆਉਂਦਾ ਪਈ ਉਹ ਆਉਣ ਅਤੇ ਮੈਨੂੰ ਲੈ ਜਾਣ ਪਰ ਉਹਨਾਂ ਨਾ ਹੀ ਆਉਣਾ ਸੀ ਅਤੇ ਨਾ ਹੀ ਆਏ।

ਮੈਂ ਵੀ ਆਪਣੀ ਕਿਸਮਤ ਨੂੰ ਏਸ ਕੁਟੀਆ ਤਕ ਹੀ ਸੀਮਤ ਕਰ ਲਿਆ। ਕੁਟੀਆ ਦਾ ਵੀ ਆਪਣਾ ਇਤਿਹਾਸ ਹੈ। ਮੇਰੇ ਹੁੰਦੇ ਇਥੇ ਚਾਰ ਸਵਾਮੀਆਂ ਦਾ ਸ਼ਾਸਨ ਰਿਹਾ ਹੈ।

ਮਹਾਰਾਜ ਚੇਤਨ ਦਾਸ ਬਾਰੇ ਤਾਂ ਮੈਂਨੂੰ ਬਹੁਤ ਕੁਝ ਯਾਦ ਨਹੀਂ, ਪਿੱਛੋਂ ਹੋਏ ਮਹਾਰਾਜ ਪੰਚਮ ਦਾਸ ਨੇੜਲੇ ਪਿੰਡ ’ਚ ਹੀ ਮਿਸਤਰੀਆਂ ਦੇ ਮੁੰਡੇ ਸਨ। ਉਹਨਾ ਵੇਲੇ ਵੀ ਕੁਟੀਆ ਵਿਚ ਬੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ।

ਉਹਨਾਂ ਦੇ ਸ਼ਰਧਾਲੂਆਂ ਵਿਚ ਸ਼ਹਿਰ ਦੇ ਵੱਡੇ ਵੱਡੇ ਅਮੀਰ, ਧਨਾਢ ਅਤੇ ਪਤਵੰਤੇ ਸੱਜਣ ਸਨ। ਲੋਕ ਆਉਂਦੇ ਅਤੇ ਪਰਸ਼ਾਦ ਲੈ ਕੇ ਚਲੇ ਜਾਂਦੇ। ਪਰਸ਼ਾਦ ਉਹ ਦਿੰਦੇ ਸਨ ਗਾਹਲਾਂ ਦਾ। ਪਤਾ ਨਹੀਂ ਕਿਉਂ ਲੋਕ ਉਹਨਾਂ ਦੀਆਂ ਗਾਹਲਾਂ ਦਾ ਹੀ ਪਰਸ਼ਾਦ ਲੈਣ ਆਉਂਦੇ ਸਨ। ਜੇ ਕਿਤੇ ਮਹਾਰਾਜ ਗਾਹਲਾਂ ਨਾ ਕੱਢਦੇ ਤਾਂ ਉਹਨਾ ਨੂੰ ਜਾਪਦਾ ਸੀ ਪਈ ਅੱਜ ਮਹਾਰਾਜ ਬਹੁਤ ਕਰੋਧਵਾਨ ਹਨ। ਲੋਕਾਂ ਵਿਚ ਇਹ ਧਾਰਨਾ ਪ੍ਰਚਲਿਤ ਸੀ ਜਿਸਨੂੰ ਮਹਾਰਾਜ ਗਾਹਲ ਨਹੀਂ ਕੱਢਦੇ ਉਸਨੂੰ ਸੁਖ ਨਹੀਂ ਮਿਲੇਗਾ, ਧਨ ਨਹੀਂ ਮਿਲੇਗਾ ਅਤੇ ਨਾ ਹੀ ਯਸ਼ ਦੀ ਪ੍ਰਾਪਤੀ ਹੋਵੇਗੀ।

ਕਦੇ ਕਦੇ ਉਹ ਮੈਨੂੰ ਕਹਿੰਦੇ, ‘‘ਯੇ ਸਭ ਲੋਗ ਹਮ ਸੇ ਸੁਖ ਔਰ ਸ਼ਾਂਤੀ ਮਾਂਗਨੇ ਆਤੇ ਹੈ, ਹਮ ਤੋ ਖੁਦ ਸੰਸਾਰ ਸੇ ਭਾਗੇ ਹੁਏ ਹੈਂ, ਹਮ ਇਨਕੋ ਕਿਆ ਦੇ ਸਕਦੇ ਹੈਂ? ਹਮ ਸੰਨਿਆਸੀ ਦੁਨੀਆਂ ਮੇ ਸਭ ਤੇ ਬੜੇ ਪਖੰਡੀ ਹੈਂ।’’

ਫੇਰ ਇੰਨਾਂ ਕਹਿ ਕੇ ਉਹ ਡੂੰਘੀਆਂ ਸੋਚਾਂ ਵਿਚ ਗਲਤਾਨ ਹੋ ਜਾਂਦੇ। ਉਹਨਾਂ ਦੇ ਚਿਹਰੇ ਦੀ ਮੁਦਰਾ ਗੰਭੀਰ ਹੋ ਜਾਂਦੀ ਹੈ। ਉਸ ਸਮੇਂ ਮੈਨੂੰ ਜਾਪਦਾ ਪਈ ਉਹ ਆਪਣੀ ਪਿਛਲੀ ਜ਼ਿੰਦਗੀ ਬਾਰੇ ਸੋਚਦੇ ਹੋਣਗੇ। ਉਹਨਾਂ ਨੇ ਤਾਂ ਜ਼ਿੰਦਗੀ ਦੇ ਤਿੰਨ ਦਹਾਕੇ ਪਾਰ ਕਰਨ ਤੋਂ ਪਿੱਛੋਂ ਹੀ ਸੰਨਿਆਸ ਲਿਆ ਸੀ। ਪਿੰਡ ਵਿਚ ਉਹਨਾਂ ਦਾ ਆਪਣਾ ਪਰਿਵਾਰ ਵੀ ਸੀ, ਪਤਨੀ ਅਤੇ ਬੱਚੇ। ਕਦੇ ਕਦੇ ਉਹ ਵੀ ਉਹਨਾਂ ਦੇ ‘ਦਰਸ਼ਨਾਂ’ ਲਈ ਆਉਂਦੇ। ਜਦੋਂ ਆਮ ਸ਼ਰਧਾਲੂਆਂ ਵਾਂਗ ਉਹਨਾਂ ਦੀ ਪਤਨੀ ਵੀ ਉਹਨਾਂ ਨੂੰ ਨਮਸਕਾਰ ਕਰਦੀ ਤਾਂ ਗਾਹਲਾਂ ਨਾ ਕੱਢਦੇ ਸਗੋਂ ਬਹੁਤ ਹੀ ਉਦਾਸ ਹੋ ਜਾਂਦੇ ਅਤੇ ਕਹਿੰਦੇ, ‘‘ਮਾਤਾ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ ਹੈ, ਅਪਨੇ ਬਾਲ ਬੱਚੋਂ ਕਾ ਪਾਲਣ-ਪੋਸ਼ਣ ਕਰਨਾ ਹੀ ਸਬ ਸੇ ਬੜਾ ਧਰਮ ਹੈ।’’

‘ਮਾਤਾ’ ਸ਼ਬਦ ਸੁਣ ਕੇ ਪਤਨੀ ਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ। ਉਹ ਇਹ ਸ਼ਬਦ ਤਾਂ ਸੁਣਨ ਲਈ ਇਥੇ ਨਹੀਂ ਸੀ ਆਈ, ਉਹ ਪਤਨੀ ਸੀ, ਅਮਰ ਸਿੰਘ ਮਿਸਤਰੀ ਦੀ। ਪਰ ਉਹ ਮੂੰਹ ਦੂਸਰੇ ਪਾਸੇ ਫੇਰ ਲੈਂਦੇ ਅਤੇ ਆਖਦੇ ‘‘ਮਾਤਾ ਜਾਓ, ਤੁਮਹਾਰੀ ਇਛਾ ਕਭੀ ਪੂਰੀ ਨਹੀਂ ਹੋ ਸਕਦੀ, ਅਮਰ ਸਿੰਘ ਮਿਸਤਰੀ ਕਬ ਕਾ ਮਰ ਚੁੱਕਾ ਹੈ, ਅਬ ਤੋ ਬਸ ਮਹੰਤ ਪੰਚਮ ਦਾਸ ਹੀ ਹੈ।’’ ਕਹਿਣ ਨੂੰ ਤਾਂ ਉਹ ਕਹਿ ਦਿੰਦੇ, ਉਹਨਾਂ ਨੇ ਮੂੰਹ ਦੂਸਰੇ ਪਾਸੇ ਕੀਤਾ ਹੁੰਦਾ ਸੀ ਪਰ ਉਸ ਵੇਲੇ ਉਹਨਾਂ ਦੀਆਂ ਅੱਖਾਂ ਸਿੱਲ੍ਹੀਆਂ ਜ਼ਰੂਰ ਹੋ ਜਾਂਦੀਆਂ ਜਿਨ੍ਹਾਂ ਨੂੰ ਮੇਰੀ ਚੋਰ-ਤਕੱਣੀ ਵੇਖ ਲੈਂਦੀ।
ਪਤਨੀ ਅਤੇ ਬੱਚਿਆਂ ਦੇ ਚਲੇ ਜਾਣ ਪਿੱਛੋਂ ਉਹਨਾਂ ਦੇ ਚਿਹਰੇ ਉਪਰ ਡੁੂੰਘੀ ਚੁੱਪ ਛਾ ਜਾਂਦੀ। ਉਹ ਆਪਣੇ ਅੱਟਣਾ ਭਰੇ ਹੱਥਾਂ ਵੱਲ ਵੇਖਦੇ ਰਹਿੰਦੇ ਨੀਝ ਲਾ ਕੇ। ਸ਼ਾਇਦ ਉਹਨਾਂ ਦਿਨਾ ਨੂੰ ਯਾਦ ਕਰਦੇ ਹੋਣ ਜਦੋਂ ਉਹਨਾਂ ਦੇ ਮਿਸਤਰੀਪੁਣੇ ਦੀ ਧਾਕ ਸਾਰੇ ਇਲਾਕੇ ਵਿਚ ਸੀ। ਉਹਨਾਂ ਹੱਥਾਂ ਵੱਲ ਵੇਖ ਕੇ ਮੈਨੂੰ ਵੀ ਇਹੋ ਖਿਆਲ ਆਉਂਦਾ ਪਈ ਇੰਨੇ ਸਖਤ ਅਤੇ ਮਜ਼ਬੂਤ ਹੱਥ ਇਕ ਕਾਰੀਗਰ ਦੇ ਹੀ ਹੋ ਸਕਦੇ ਹਨ। ਪਰ ਹੁਣ ਇਸ ਸਭ ਕਾਸੇ ਨੂੰ ਯਾਦ ਕਰਨ ਦਾ ਕੀ ਫਾਇਦਾ? ਉਹਨਾਂ ਦੀ ਗੱਲ ਠੀਕ ਹੀ ਤਾਂ ਸੀ, ‘‘ਅਮਰ ਸਿੰਘ ਮਿਸਤਰੀ ਕਬ ਕਾ ਮਰ ਚੁਕਾ ਹੈ, ਅਬ ਤੋਂ ਬਸ ਮਹੰਤ ਪੰਚਮ ਦਾਸ ਹੀ ਹੈ।’’

ਫੇਰ ਵੀ ਪਤਾ ਨਹੀਂ ਮੈਨੂੰ ਕਦੇ ਕਦੇ ਜਾਪਦਾ ਪਈ ਅਮਰ ਸਿੰਘ ਮਿਸਤਰੀ ਅਜੇ ਪੂਰੀ ਤਰ੍ਹਾਂ ਮਰ ਨਹੀਂ ਗਿਆ ਜਾਂ ਮਰ ਜਾਣ ਪਿੱਛੋਂ ਵੀ ਉਸਦਾ ਅਜੇ ਦਾਹ-ਸੰਸਕਾਰ ਨਹੀਂ ਕੀਤਾ ਗਿਆ ਅਤੇ ਉਸਦੇ ਮ੍ਰਿਤਕ ਸਰੀਰ ਵਿਚੋਂ ਕਦੇ ਕਦੇ ਪੰਚਮ ਦਾਸ ਦੀ ਜਗ੍ਹਾ ਅਮਰ ਸਿੰਘ ਮਿਸਤਰੀ ਬੋਲਣ ਲੱਗ ਜਾਂਦਾ। ਇਸੇ ਲਈ ਤਾਂ ਉਸ ਦਿਨ ਉਹ ਕਹਿਣ ਲੱਗੇ ਸਨ, ‘‘ਮੋਹਨ ਕਬੀ ਕਬੀ ਦਿਲ ਕਰਤਾ ਹੈ ਯੇ ਸਾਰੇ ਪਾਖੰਡ ਛੋੜ ਕਰ ਕਹੀਂ ਭਾਗ ਜਾਊਂ।’’

ਅਤੇ ਸੱਚਮੁੱਚ ਹੀ ਅਗਲੇ ਦਿਨ ਪਤਾ ਨਹੀਂ ਚੁੱਪ ਚਾਪ ਕਿੱਧਰ ਚਲੇ ਗਏ ਸਨ। ਅਤੇ ਫੇਰ ਕਦੇ ਉਹਨਾਂ ਬਾਰੇ ਨਾ ਕੁਝ ਸੁਣਿਆ ਅਤੇ ਵੇਖਿਆ। ਉਸਦੀ ਪਤਨੀ ਅਤੇ ਬੱਚੇ ਵੀ ਪਿੰਡ ਛੱਡ ਕੇ ਚਲੇ ਗਏ ਕਿਸੇ ਅਣਪਛਾਤੀ ਜਗ੍ਹਾ ਉਪਰ।

ਕੁਟੀਆ ਉਪਰ ਕੁਝ ਦਿਨ ਤਾਂ ਉਦਾਸੀ ਛਾਈ ਰਹੀ। ਪਰ ਫੇਰ ਲੋਕ ਹਰਦੁਆਰ ਜਾ ਕੇ ਸੰਤ ਨਿਤਿਆ ਦਾਸ ਨੂੰ ਲੈ ਆਏ। ਉਹ ਗ੍ਰਹਿਸਤੀ ਸਨ, ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਸੀ ਜਿਸਨੂੰ ਸਾਰੇ ‘ਮਾਤਾ’ ਕਿਹਾ ਕਰਦੇ ਸਨ। ਸੰਤ ਜੀ ਦੇ ਆਉਣ ਨਾਲ ਇਕ ਅੰਤਰ ਇਹ ਪਿਆ ਕਿ ਹੁਣ ਕੁਟੀਆ ਵਿਚ ਔਰਤ-ਸ਼ਰਧਾਲੂਆਂ ਦੀ ਗਿਣਤੀ ਵੱਧਣ ਲੱਗੀ। ‘ਮਾਤਾ’ ਦੇ ਚਿਹਰੇ ਦਾ ਤੇਜ਼ ਪ੍ਰਤਾਪ ਹੀ ਅਜੇਹਾ ਸੀ ਪਈ ਸਾਰੇ ਆਪਣੇ ਆਪ ਖਿੱਚੇ ਆਉਂਦੇ ਸਨ। ਗੇਰੂ ਰੰਗੀ ਸਾੜ੍ਹੀ ਵਿਚ ਲਿਪਟੀ ‘ਮਾਤਾ’ ਜਦੋਂ ਪ੍ਰਵਚਨ ਕਰਨ ਬੈਠਦੀ ਤਾਂ ਸਾਰੀ ਕੁਟੀਆ ਦਾ ਵਾਤਾਵਰਣ ਆਨੰਦਿਤ ਹੋ ਉਠਦਾ। ਸੰਤ ਨਿਤਿਆ ਦਾਸ ਜੀ ਵੀ ਕਦੇ ਕਦੇ ਵਿਆਖਿਆਨ ਵਿਚ ਨਾਰੀ ਮਹਿਮਾ ਕਰਦੇ, ‘‘ਇਸਤਰੀ ਕੋ ਕਭੀ ਭੀ ਅਰਧਾਂਗਨੀ ਨਹੀਂ ਕਹਿਨਾ ਚਾਹੀਏ, ਯਹ ਤੋ ਸਮਾਂਗਨੀ ਹੋਤੀ ਹੈ। ਇਸਤਰੀ ਬਗੈਰ ਨਰ ਅਧੂਰਾ ਹੈ, ਔਰ ਨਰ ਬਿਨ੍ਹਾਂ ਨਾਰੀ ਕੀ ਕਲਪਨਾ ਭੀ ਨਹੀਂ ਕੀ ਜਾ ਸਕਤੀ। ਗ੍ਰਹਿਸਥ ਆਸ਼ਰਮ ਸਬਸੇ ਬੜਾ ਹੈ, ਕੋਈ ਵਿਅਕਤੀ ਸੰਨਿਆਸੀ ਹੈ ਤੋ ਮਹਾਨ ਹੈ, ਅਗਰ ਗ੍ਰਹਿਸਤੀ ਹੈ ਤੋ ਉਸ ਸੇ ਭੀ ਮਹਾਨ ਹੈ। ਜੋ ਏਕ ਹੀ ਸਮਯ ਮੇ ਗ੍ਰਹਿਸਤੀ ਔਰ ਸੰਨਿਆਸੀ ਦੋਨੋਂ ਹੈ ਵੇ ਸਭਸੇ ਮਹਾਨਤਮ ਹੈ ਪਰ ਏਸਾ ਹੋਨਾ ਹੈ ਬਹੁਤ ਕਠਿਨ।’’

‘ਮਾਤਾ’ ਦੇ ਵਿਚਾਰ ਵੀ ਉਤੇਜਿਤ ਕਰਨ ਵਾਲੇ ਹੁੰਦੇ, ‘ਨਾਰੀ ਕੇ ਅਨੇਕ ਰੂਪ ਹੈ, ਪਤਨੀ, ਮਾਂ, ਬੈਹਿਨ, ਪੁੱਤਰੀ ਆਦਿ। ਲੇਕਿਨ ਪਤਨੀ ਇਨ ਸਭਸੇ ਮਹੱਤਵਪੂਰਨ ਹੈ। ਅਪਨੇ ਪਤੀ ਕੀ ਪੂਜਾ ਅਰਚਨਾ ਹੀ ਭਗਵਾਨ ਕੀ ਪੂਜਾ ਅਰਚਨਾ ਹੈ। ਜੋ ਬਹਿਨੇਂ ਘਰ ਮੇ ਪਤੀ ਔਰ ਬੱਚੋਂ ਕੋ ਭੂਖਾ ਛੋੜ ਮੰਦਿਰ ਮੇਂ ਪਕਵਾਨ ਚੜ੍ਹਾਤੀ ਹੈਂ ਵੋ ਭਗਵਾਨ ਕੋ ਸਹੀ ਮਾਅਨੇ ਮੇ ਨਹੀਂ ਮਨਾਤੀ….।’

ਸੱਚਮੁੱਚ ਹੀ ਕੁਟੀਆ ਦੀ ਫਿਜ਼ਾ ਹੀ ਬਦਲ ਗਈ ਸੀ। ਭਗਤਾਂ ਦਾ ਸਮੁੰਦਰ ਹਮੇਸ਼ਾ ਹੀ ਠਾਠਾਂ ਮਾਰਦਾ ਰਹਿੰਦਾ ਪਰ ਪਤਾ ਉਸ ਦਿਨ ਹੀ ਲੱਗਿਆ ਜਦੋਂ ਇਕ ਰਾਤ ਸੋਨੇ ਦੀ ਨਟਰਾਜ ਦੀ ਮੂਰਤੀ ਸਮੇਤ ਸੁਆਮੀ ਜੀ ਅਤੇ ‘ਮਾਤਾ’ ਫਰਾਰ ਹੋ ਗਏ।

ਸੇਵਾ ਦਾਸ ਭਾਵੇਂ ਕੁਟੀਆ ਵਿਚ ਥੋੜ੍ਹਾ ਸਮਾਂ ਹੀ ਰਿਹਾ ਪਰ ਆਪਣੀ ਹੀ ਕਿਸਮ ਦਾ ਸਾਧੂ ਸੀ। ਅਸਲ ਵਿਚ ਕਿਸੇ ਵੀ ਆਦਮੀ ਨੂੰ ਅਸੀਂ ਇਕ ਦਿਨ, ਇਕ ਸਾਲ ਜਾਂ ਦਸ ਸਾਲਾਂ ਵਿਚ ਨਹੀਂ ਜਾਣ ਸਕਦੇ। ਆਦਮੀ ਦੇ ਕਿੰਨੇ ਹੀ ਰੂਪ ਹੁੰਦੇ ਨੇ। ਅਤੇ ਫੇਰ ਇਹ ਵੀ ਪਤਾ ਨਹੀਂ ਲੱਗਦਾ ਪਈ ਕਦੋਂ ਉਹ ਆਪਣਾ ਇਕ ਰੂਪ ਤਿਆਗ ਕੇ ਦੂਸਰਾ ਗ੍ਰਹਿਣ ਕਰ ਲਵੇ।

ਉਸ ਵਿਚ ਨਿਮਰਤਾ ਬਹੁਤ ਸੀ। ਉਹ ਸਵੇਰੇ ਹੀ ਉਠਦਾ ਅਤੇ ਭੋਰੇ ਵਿਚ ਚਲਿਆ ਜਾਂਦਾ। ਕਈ ਤਰ੍ਹਾਂ ਦੇ ਮੰਤਰ, ਜੰਤਰ, ਤੰਤਰ ਕਰਦਾ ਰਹਿੰਦਾ। ਭੋਰਾ ਬਣਵਾਇਆ ਵੀ ਉਸਨੇ ਹੀ ਸੀ। ਉਸ ਕੋਲ ਧਾਗੇ ਤਬੀਤ ਕਰਾਉਣ ਵਾਲੇ ਬਹੁਤ ਆਉਂਦੇ। ਇਲਾਕੇ ਵਿਚ ਇਹ ਗੱਲ ਮਸ਼ਹੂਰ ਹੋ ਗਈ ਪਈ ਜੇ ਸੇਵਾ ਦਾਸ ਭੋਰੇ ਵਿਚ ਤਪ ਕਰਕੇ ਕੋਈ ਧਾਗਾ, ਤਵੀਤ ਦੇ ਦੇਵੇ ਤਾਂ ਮਨੋਕਾਮਨਾ ਅਵੱਸ਼ ਪੂਰੀ ਹੁੰਦੀ ਹੈ।

ਪਹਿਲਾਂ ਪਹਿਲ ਤਾਂ ਉਹ ਬਹੁਤਾ ਚੁੱਪ ਹੀ ਰਹਿੰਦਾ, ਜਦੋਂ ਕਿਤੇ ਮੈਂ ਰੋਟੀ, ਚਾਹ, ਪਾਣੀ ਫੜਾਉਂਦਾ ਤਾਂ ਉਹ ਇਕ ਵਿੱਥ ਜਿਹੀ ਸਿਰਜ ਲੈਂਦਾ ਪਰ ਫੇਰ ਉਹ ਮੇਰੇ ਨਾਲ ਖੁੱਲ੍ਹ ਗਿਆ, ‘‘ਯੇ ਲੋਗ ਵੈਸੇ ਹੀ ਧਾਗੇ ਤਬੀਤ ਕੋ ਮਾਨਤੇ ਹੈ, ਇਨਮੇ ਕੁਛ ਨਹੀਂ ਹੋਤਾ, ਲੇਕਿਨ ਕਿਆ ਕਰੇਂ? ਯੇ ਛੋੜਨੇ ਹੀ ਨਹੀਂ ਦੇਤੇ।’’

ਸੱਚਮੁੱਚ ਹੀ ਇਹ ਲੋਕ ਹੀ ਸਨ, ਜਿਹੜੇ ਉਸਨੂੰ ਇਹ ਧੰਦਾ ਛੱਡਣ ਨਹੀਂ ਸਨ ਦਿੰਦੇ। ਇਸੇ ਕਰਕੇ ਹੀ ਕੁਟੀਆ ਵਿਚ ਪੁਰਾਣੀਆਂ ਰੌਣਕਾਂ ਪਰਤ ਆਈਆਂ ਸਨ। ਸ਼ਰਧਾਲੂਆਂ ਦਾ ਤਾਂ ਇਕੱਠ ਸਮੁੰਦਰ ਵਾਂਗ ਠਾਠਾਂ ਮਾਰਦਾ ਆਉਂਦਾ। ਖਾਸ ਤੌਰ ਤੇ ਸ਼ਨਿੱਚਰਵਾਰ ਨੂੰ ਤਾਂ ਇਕ ਤਰ੍ਹਾਂ ਦਾ ਮੇਲਾ ਹੀ ਲੱਗ ਜਾਂਦਾ। ਲੋਕ ਚੜ੍ਹਾਵਾ ਚੜ੍ਹਾਉਂਦੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਲਿਆਉਂਦੇ ਪਰ ਸੇਵਾ ਦਾਸ ਦੀ ਖੂਬੀ ਇਹ ਸੀ ਪਈ ਉਹ ਥੋੜ੍ਹਾ ਜਿਹਾ ‘ਠਾਕਰਾਂ’ ਵਾਸਤੇ ਰੱਖ ਕੇ ਸਾਰਾ ਪਰਸ਼ਾਦ ਸ਼ਰਧਾਲੂਆਂ ਵਿਚ ਹੀ ਵੰਡਵਾ ਦੇਂਦਾ। ਇਹ ਸਾਰਾ ਕਾਰਜ ਉਹ ਮੈਥੋਂ ਹੀ ਕਰਵਾਉਂਦਾ। ਕਦੇ ਕਦੇ ਵਜਦ ਵਿਚ ਆ ਕੇ ਕਹਿੰਦਾ, ‘‘ਮੋਹਨ, ਵਾਸਤਵ ਮੇਂ ਤੁਮ ਹੀ ਇਸ ਕੁਟੀਆ ਕੇ ਮੁਖੀ ਹੋ, ਹਮ ਤੋ ਰਮਤੇ ਹੈ, ਆਜ ਯਹਾਂ, ਕਲ ਵਹਾਂ।’’

ਪਰ ਇਹ ਤਾਂ ਉਸਦੇ ਅਨੇਕਾਂ ਰੂਪਾਂ ਵਿਚੋਂ ਕੁਝ ਰੂਪ ਸਨ।

ਇਕ ਰੂਪ ਉਸ ਰਾਤ ਸਾਹਮਣੇ ਆਇਆ ਜਦੋਂ ਉਹ ਮੇਰੇ ਮੰਜੇ ਉਪਰ ਆ ਬੈਠਾ। ਜਦੋਂ ਮੇਰੀ ਅੱਖ ਖੁੱਲ੍ਹੀ ਮੈਂ ਵੇਖਿਆ, ਉਸਦੀਆਂ ਜਟਾਂ ਖੁੱਲ੍ਹੀਆਂ ਹੋਈਆਂ ਅਤੇ ਅੱਖਾਂ ਵਿਚ ਤੇਜ਼ ਲਾਲੀ ਸੀ ਜਿਵੇਂ ਉਹ ਸੰਮੋਹਕ ਸਥਿਤੀ ਵਿਚ ਹੋਵੇ।

ਉਸਦੀ ਇਸ ਸਥਿਤੀ ਨੂੰ ਵੇਖ ਮੈਂ ਘਬਰਾ ਜਿਹਾ ਗਿਆ ਤੇ ਕੁੱਝ ਪਲ ਉਥੇ ਹੀ ਪਿਆ ਰਿਹਾ। ਜਾਪਦਾ ਸੀ ਉਸਨੇ ਮੈਨੂੰ ਵੀ ਸਮੋਹਕ ਸਥਿਤੀ ਵਿਚ ਪਹੁੰਚਾ ਦਿੱਤਾ ਹੋਵੇ। ਮੇਰੀ ਸੰਮੋਹਕਤਾ ਉਦੋਂ ਹੀ ਭੰਗ ਹੋਈ ਜਦੋਂ ਉਸਨੇ ਮੇਰਾ ਅਜ਼ਾਰਬੰਦ ਖੋਲ੍ਹਣਾ ਸ਼ੁਰੂ ਕੀਤਾ।

ਮੈਂ ਇਕ ਦਮ ਉਠ ਕੇ ਬੈਠ ਗਿਆ। ਇਸਤੋਂ ਪਹਿਲਾਂ ਕਿ ਮੈਂ ਆਪੇ ਵਿਚ ਆਉਂਦਾ ਉਹ ਭੱਜ ਨਿਕਲਿਆ।

ਉਸ ਰਾਤ ਤੋਂ ਪਿਛੋਂ ਉਹ ਪਤਾ ਨਹੀਂ ਕਿੱਧਰ ਅਗਿਆਤਵਾਸ ਹੋ ਗਿਆ ਮੁੜ ਨਹੀਂ ਆਇਆ।

ਇਸ ਵੇਲੇ ਮੈਂ ਭੋਰੇ ਵਿਚੋਂ ਆਈ ਚੀਕ ਜਿਹੀ ਬਾਰੇ ਸੋਚ ਰਿਹਾ ਸੀ। ਇਕ ਚੀਕ ਉਸਤੋਂ ਪਿੱਛੋਂ ਚੁੱਪ ਅਤੇ ਲੰਬੀ ਚੁੱਪ।

ਮੋਨੀ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ। ਉਹ ਪਹਿਲਾਂ ਨੇੜਲੇ ਹੀ ਪਿੰਡ ਆਲੋਵਾਲ ਦੇ ਡੇਰੇ ਵਿਚ ਸਨ। ਉਹਨਾਂ ਦੀ ਮਾਨਤਾ ਉਸ ਇਲਾਕੇ ਵਿਚ ਵੀ ਸੀ। ਡੇਰੇ ਨੂੰ ਬਹੁਤ ਸਾਰੀ ਜ਼ਮੀਨ ਵੀ ਆਉਂਦੀ ਸੀ। ਇਹ ਜ਼ਮੀਨ ਪਿੰਡ ਦੇ ਹੀ ਜਗੀਰ ਦਾਸ ਨੇ ਡੇਰੇ ਦੇ ਨਾਂ ਲੁਆਈ ਸੀ। ਡੇਰੇ ਵਿਚ ਉਹਨਾਂ ਦੇ ਪੰਜ, ਛੇ ਚੇਲੇ ਵੀ ਸਨ ਜਿਹਨਾਂ ਵਿਚੋਂ ਦੁਆਰਕਾ ਦਾਸ ਨਾਲ ਉਨ੍ਹਾਂ ਦਾ ਅਥਾਹ ਨੇਹੁੰ ਸੀ। ਦੁਆਰਕਾ ਦਾਸ ਦਾ ਪਿੱਛਾ ਤਾਂ ਕਿਤੇ ਯੂ.ਪੀ. ਦਾ ਸੀ ਪਰ ਉਹ ਨਿੱਕਾ ਹੁੰਦਾ ਹੀ ਆਪਣੀ ਮਾਂ ਨਾਲ ਇਥੇ ਆਇਆ ਸੀ ਤੇ ਉਹ ਦੋਵੇਂ ਉਥੇ ਹੀ ਟਿਕੇ ਰਹੇ ਸਨ।

ਸੇਵਾ ਦਾਸ ਦੇ ਜਾਣ ਪਿੱਛੋਂ ਜਦੋਂ ਇਲਾਕੇ ਦੇ ਲੋਕਾਂ ਨੇ ਮੋਨੀ ਜੀ ਨੂੰ ਬੇਨਤੀ ਕੀਤੀ ਪਈ ਉਹ ਕੁਟੀਆ ਵਿਚ ਆ ਕੇ ਰਹਿਣ ਤਾਂ ਪਤਾ ਨਹੀਂ ਕਿਉਂ ਜੁਆਬ ਨਹੀਂ ਸਨ ਦੇ ਸਕੇ। ਭਾਵੇਂ ਡੇਰੇ ਦੇ ਨਾਂ ਕਾਫ਼ੀ ਸਾਰੀ ਜ਼ਮੀਨ ਸੀ, ਚੇਲੇ ਚਾਟੱੜੇ ਵੀ ਸਨ, ਦੋ ਜੀਪਾਂ ਅਤੇ ਟਰੈਕਟਰ ਦੇ ਨਾਲ ਖੇਤੀ ਦਾ ਸਾਰਾ ਜੁਗਾੜ ਸੀ ਪਰ ਉਹਨਾ ਨੇ ਸਿਰਫ਼ ਦੁਆਰਕਾ ਦਾਸ ਨੂੰ ਹੀ ਆਪਣੇ ਨਾਲ ਲਿਆ ਸੀ।

ਪਰ ਕੁਟੀਆ ਵਿਚ ਆ ਕੇ ਉਹਨਾਂ ਦਾ ਨੇਹੁੰ ਮੇਰੇ ਨਾਲ ਕੁੱਝ ਵੱਧ ਹੀ ਹੋ ਗਿਆ ਸੀ। ਉਹਨਾਂ ਦੀ ਸੇਵਾ ਟਹਿਲ ਮੈਂ ਹੀ ਕਰਦਾ। ਨਾਲੇ ਮੈਂ ਮੁੱਢ ਤੋਂ ਹੀ ਵਿਰੱਕਤੀ ਜਿਹੀ ਦਾ ਧਾਰਨੀ ਹਾਂ, ਅਤੇ ਮੇਰੀ ਇਸ ਬਿਰਤੀ ਨੂੰ ਮੋਨੀ ਜੀ ਨੇ ਪਹਿਲੇ ਨਜ਼ਰੇ ਹੀ ਤਾੜ ਲਿਆ ਸੀ। ਕੁਟੀਆ ਦੇ ਸਾਰੇ ਕੰਮ ਵੀ ਮੈਂ ਹੀ ਕਰਦਾ ਸਾਂ। ਜੇ ਕਿਤੇ ਕੋਈ ਸਮੱਸਿਆ ਆ ਜਾਂਦੀ ਤਾਂ ਕਹਿੰਦੇ, ‘‘ਬਹੀ ਹਮ ਮੋਹਨ ਕੇ ਸਾਥ ਸਲਾਹ ਕਰਕੇ ਬਤਾਏਂਗੇ।’’

ਉਹਨਾਂ ਦੇ ਇਨ੍ਹਾਂ ਬਚਨਾਂ ਨਾਲ ਮੈਨੂੰ ਇਕ ਤਸਕੀਨ ਜਿਹੀ ਮਿਲਦੀ, ਸਾਰੀ ਕੁਟੀਆ ਵੀ ਸੰਤੁਸ਼ਟੀ ਮਹਿਸੂਸ ਕਰਦੀ ਪਰ ਦੁਆਰਕਾ ਦਾਸ ਮੇਰੇ ਨਾਲ ਜਲਨ ਜਿਹੀ ਰੱਖਦਾ।

ਮੈਂ ਉਸਦੀ ਪੀੜਾ ਨੂੰ ਸਮਝਦਾ ਸਾਂ। ਉਹ ਮੋਨੀ ਜੀ ਦਾ ਪੁਰਾਣਾ ਚੇਲਾ ਸੀ। ਪਹਿਲੇ ਪਿੰਡੋਂ ਉਹਨਾਂ ਦੇ ਨਾਲ ਹੀ ਆਇਆ ਸੀ। ਪਰ ਇਥੇ ਆ ਕੇ ਉਸਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਪਈ ਉਹਦਾ ਦਰਜਾ ਘੱਟ ਗਿਆ ਹੋਵੇ, ਚੰਗਾ ਸੀ ਉਹ ਉਸੇ ਹੀ ਡੇਰੇ ਵਿਚ ਟਿਕਿਆ ਰਹਿੰਦਾ। ਉਸ ਵਿਚ ਈਰਖਾ ਦੀ ਭਾਵਨਾ ਪ੍ਰਚੰਡ ਹੋਣ ਲੱਗੀ।

ਅਤੇ ਉਸ ਦਿਨ ਤਾਂ ਇਹ ਈਰਖਾ ਦੀ ਪ੍ਰਚੰਡ ਚਰਮ ਸੀਮਾ ਉਪਰ ਪੁੱਜ ਗਈ ਜਦੋਂ ਇਕਾਦਸ਼ੀ ਵਾਲੇ ਦਿਨ ਸ਼ਾਮ ਦੇ ਪ੍ਰਵਚਨ ਪਿੱਛੋਂ ਮੋਨੀ ਜੀ ਨੇ ਇਹ ਵੀ ਆਖ ਦਿੱਤਾ, ‘‘ਇਸ ਕੁਟੀਆ ਦਾ ਵਾਰਿਸ ਮੋਹਨ ਹੀ ਹੈ ਔਰ ਆਜ ਸੇ ਮੈਂ ਉਸੇ ਅਪਨਾ ਉਤਰਾ ਅਧਿਕਾਰੀ ਮਨੋਨੀਤ ਕਰਤਾ ਹੂੰ, ਇਸ ਸੰਗਰਾਂਦ ਕੋ ਉਸਕੇ ਮਾਥੇ ਪਰ ਟੀਕਾ ਲਗਾਇਆ ਜਾਏਗਾ।’’

ਸੰਗਰਾਂਦ ਵਿਚ ਅਜੇ ਪੰਜ ਦਿਨ ਹੀ ਸਨ ਕਿ ਅੱਜ ਸਵੇਰੇ ਹੀ ਦੁਆਰਕਾ ਦਾਸ ਨੇ ਮੇਰੇ ਵਲ ਕਹਿਰ ਭਰੀਆਂ ਅੱਖਾਂ ਨਾਲ ਵੇਖਿਆ ਉਸਦੀ ਆਕ੍ਰਿਤੀ ਤੋਂ ਜਾਪਦਾ ਸੀ ਪਈ, ਉਹ ਮੈਨੂੰ ਨਜ਼ਰਾਂ ਨਾਲ ਹੀ ਭਸਮ ਕਰ ਦੇਣਾ ਚਾਹੁੰਦਾ ਹੋਵੇ।

ਮੈਂ ਵਿਰੋਧ ਵਿਚ ਨਹੀਂ ਸਾਂ ਪੈਣਾ ਚਾਹੁੰਦਾ ਤੇ ਚੁੱਪ ਚਾਪ ਉਥੋਂ ਖਿਸਕ ਤੁਰਿਆ।

ਆਥਣ ਵੇਲੇ ਦੀ ਪੂਜਾ ਅਰਚਣਾ ਤੋਂ ਪਿੱਛੋਂ ਮੈਂ ਮੋਨੀ ਜੀ ਨੂੰ ਭੋਜਨ ਕਰਵਾ ਰਿਹਾ ਸਾਂ, ਮੈਂ ਇਹ ਗੱਲ ਤੋਰ ਦਿੱਤੀ। ਉਹ ਜਿਵੇਂ ਪਹਿਲਾਂ ਹੀ ਮੇਰੇ ਨਾਲ ਗੱਲ ਕਰਨ ਲਈ ਤਿਆਰ ਬੈਠੇ ਸਨ। ਕਹਿਣ ਲੱਗੇ, ‘‘ਮੋਹਨ, ਤੁਮ ਠੀਕ ਕਹਿਤੇ ਹੋ। ਉਸਦੀ ਈਰਸ਼ਾ ਸੁਭਾਵਿਕ ਹੈ। ਮੁਝਸੇ ਮਹਾਂ-ਪਾਪ ਹੂਆ ਥਾ ਮੈਂ ਇਸਕੀ ਮਾਤਾ ਕੋ ਬਚਨ ਦੀਆ ਥਾ, ਲੇਕਿਨ ਪਾਪ ਮੇ ਦੀਆ ਗਯਾ ਬਚਨ ਮਾਨਨਾ ਅਨਿਵਾਰੀ ਨਹੀਂ ਹੋਤਾ। ਫਿਰ ਇਸ ਕੁਟੀਆ ਮੇ ਰਹਿ ਜ਼ੋ ਸੇਵਾ ਤੁਮਨੇ ਕੀ ਹੈ, ਮੈਂ ਉਸਕੇ ਫਲ ਸੇ ਭੀ ਤੁਮਹੇਂ ਵੰਚਿਤ ਨਹੀਂ ਕਰ ਸਕਤਾ।’’

ਮੈਨੂੰ ਉਸ ਸਮੇਂ ਕੋਈ ਸਮਝ ਨਹੀਂ ਆਈ ਕਿ ਮੋਨੀ ਜੀ ਤੋਂ ਅਜਿਹਾ ਕਿਹੜਾ ਮਹਾਂ-ਪਾਪ ਹੋ ਗਿਆ ਸੀ ਅਤੇ ਉਹਨਾਂ ਨੇ ਦੁਆਰਕਾ ਦਾਸ ਦੀ ਮਾਂ ਨੂੰ ਅਜਿਹਾ ਕਿਹੜਾ ਬਚਨ ਦਿੱਤਾ ਸੀ?

ਮੈਂ ਇਸੇ ਉਧੇੜ ਬੁਣ ਵਿਚ ਸਾਂ ਕਿ ਮੋਨੀ ਜੀ ਨੇ ਬਚਨ ਕਰ ਦਿੱਤਾ, ‘‘ਅੱਛਾ ਮੋਹਨ ਅਬ ਤੁਮ ਜਾਓ, ਮਨਨ ਕਰੇ, ਸਭ ਠੀਕ ਹੋ ਜਾਵੇਗਾ।’’

ਮੈਂ ਅਜੇ ਅੱਧ-ਸੁੱਤਾ ਜਿਹਾ ਹੀ ਸਾਂ, ਮੈਨੂੰ ਭੋਰੇ ਵਿਚੋਂ ਇਕ ਚੀਕ ਜਿਹੀ ਸੁਣਾਈ ਦਿੱਤੀ। ਤੇ ਫੇਰ ਚੁੱਪ ਵਰਤ ਗਈ।

ਥੋੜ੍ਹੀ ਦੇਰ ਪਿੱਛੋਂ ਇਕ ਮਨੁੱਖੀ ਆਕਾਰ, ਕਾਲੀ ਲੋਈ ਵਿਚ ਲਿਪਟਿਆ ਭੋਰੇ ਵਿਚੋਂ ਨਿਕਲਿਆ ਅਤੇ ਕਾਹਲ ਜੇਹੀ ਨਾਲ ਭੱਜਦਿਆਂ ਹਨ੍ਹੇਰੇ ਵਿਚ ਅਲੋਪ ਹੋ ਗਿਆ।

ਮੈਂ ਬਹੁਤ ਸਹਿਮ ਗਿਆ ਕਿਤੇ ਕੋਈ ਮਾੜੀ ਘਟਨਾ ਨਾ ਵਾਪਰ ਗਈ ਹੋਵੇ। ਕਾਲੀ ਲੋਈ ਤਾਂ ਦੁਆਰਕਾ ਦਾਸ ਹੀ ਪਹਿਨਦਾ ਸੀ ਪਰ ਉਸਦਾ ਇਸ ਵੇਲੇ ਭੋਰੇ ਵਿਚ ਜਾਣ ਦਾ ਕੀ ਮਤਲਬ ਹੋ ਸਕਦਾ ਸੀ?

ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਪਤਾ ਨਹੀਂ ਕਿਹੜੇ ਵੇਲੇ ਮੈਨੂੰ ਨੀਂਦ ਨੇ ਆ ਘੇਰਿਆ।

ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਦੁਆਰਕਾ ਦਾਸ ਹੀ ਮੈਨੂੰ ਜਗਾ ਰਿਹਾ ਸੀ।

ਉਸਦੇ ਚਿਹਰੇ ਉਪਰ ਅਜੀਬ ਉਦਾਸੀ ਦਾ ਆਲਮ ਸੀ, ਅੱਖਾਂ ਵਿਚੋਂ ਹੰਝੂਆਂ ਦੀ ਧਾਰਾ ਵਹਿ ਰਹੀ ਸੀ, ‘‘ਮੋਹਨ, ਮੋਨੀ ਜੀ ਨੇ ਸਰੀਰ ਤਿਆਗ ਦਿੱਤਾ।’’ ਦੁਆਰਕਾ ਦਾਸ ਕਹਿ ਰਿਹਾ ਸੀ।

ਇਹ ਸੁਣ ਕੇ ਮੇਰਾ ਸਰੀਰ ਸੁੰਨ ਹੋ ਗਿਆ ਸੀ ਮੈਨੂੰ ਇੰਜ ਜਾਪਿਆ ਪਈ ਮੋਨੀ ਜੀ ਦੇ ਕਤਲ ਦਾ ਜ਼ਿੰਮੇਵਾਰ ਮੈ ਹੀ ਸਾਂ। ਲੱਗਿਆ ਪਈ ਮੇਰਾ ਬਾਪ ਅਸਲ ਵਿਚ ਹੁਣ ਮਰਿਆ ਹੈ।

‘‘ਮੋਹਨ, ਮੋਨੀ ਜੀ ਤ੍ਰੈਕਾਲ ਗਿਆਤਾ ਸਨ, ਉਹਨਾਂ ਨੂੰ ਆਪਣੀ ਮ੍ਰਿਤੂ ਦਾ ਪਹਿਲਾਂ ਹੀ ਪਤਾ ਸੀ, ਇਸੇ ਲਈ ਤਾਂ ਉਹਨਾਂ ਨੇ ਪਹਿਲਾਂ ਹੀ ਤੈਨੂੰ ਆਪਣਾ ਉਤਰਾਧਿਕਾਰੀ ਥਾਪ ਦਿੱਤਾ ਸੀ….।’’ ਦੁਆਰਕਾ ਦਾਸ ਮੈਨੂੰ ਦਿਲਾਸਾ ਦੇ ਰਿਹਾ ਸੀ।

ਮੈਨੂੰ ਜਿਵੇਂ ਕੁੱਝ ਸੁਣਾਈ ਨਹੀਂ ਸੀ ਦੇ ਰਿਹਾ। ਮੇਰੇ ਕੰਨਾਂ ਵਿਚ ਸਾਂ! ਸਾਂ! ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਅੱਖਾਂ ਅੱਗੇ ਪਸਰਿਆ ਹਨੇਰਾ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਸੀ। ਇਸ ਹਨ੍ਹੇਰੇ ਵਿਚੋਂ ਵੀ ਇਕ ਚਿਹਰਾ ਮੇਰੇ ਮੂਹਰੇ ਆ ਕੇ ਖੜ੍ਹ ਰਿਹਾ ਸੀ ਜਿਹੜਾ ਵਾਰ ਵਾਰ ਰੂਪ ਵਟਾ ਰਿਹਾ ਸੀ, ਕਦੇ ਚੇਤਨ ਦਾਸ, ਕਦੇ ਨਿਤਿਆ ਦਾਸ, ਕਦੇ ਸੇਵਾ ਦਾਸ ਅਤੇ ਕਦੇ ਦੁਆਰਕਾ ਦਾਸ।

ਇਹਨਾ ਸਾਰੇ ਚਿਹਰਿਆਂ ਵਿਚੋਂ ਮੈਨੂੰ ਮੋਨੀ ਜੀ ਦਾ ਚਿਹਰਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਉਹ ਚਿਹਰਾ ਤਾਂ ਭੋਰੇ ਵਿਚ ਮ੍ਰਿਤਕ ਰੂਪ ਵਿਚ ਪਿਆ ਹੈ, ਜਿੱਥੇ ਜਾ ਕੇ ਉਸਦਾ ਸਾਹਮਣਾ ਕਰਨ ਦਾ ਸਾਹ-ਸਤ ਮੇਰੇ ਵਿਚ ਨਹੀਂ ਸੀ।

***
518
***

About the author

ਡਾ. ਜੋਗਿੰਦਰ ਸਿੰਘ ਨਿਰਾਲਾ
+919872161644 | drnirala@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜੀਵਨ ਬਿਓਰਾ: 
ਜੋਗਿੰਦਰ ਸਿੰਘ ਨਿਰਾਲਾ
ਜਨਮ: 10 ਅਕਤੂਬਰ, 1945
ਮਾਤਾ: ਸ੍ਰੀ ਮਤੀ ਸੰਤ ਕੌਰ
ਪਿਤਾ: ਸ੍ਰ. ਲਾਲ ਸਿੰਘ ਰੁਪਾਲ

ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ
ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ
ਫੋਨ: 01679 225364
ਮੋਬਾਈਲ: +91 98721 61644
ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ
ਈ-ਮੇਲ: drnirala@gmail.com

ਛਪੀਅਾਂ ਪੁਸਤਕਾਂ/ਰਚਨਾਵਾਂ:
ਕਹਾਣੀ ਸੰਗ੍ਰਹਿ:
ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014

ਸੰਪਾਦਿਤ ਕਹਾਣੀ ਸੰਗ੍ਰਹਿ:
ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ)

ਆਲੋਚਨਾ:
ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010)

ਲੇਖਕ ਬਾਰੇ:
ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ

ਹਿੰਦੀ:
‘ਬਿਖਰ ਰਹਾ ਮਾਨਵ’-1991, ਜਨਮਾਂਤਰ (2007)

ਸਾਹਿਤਕ ਆਹੁਦੇ:
* ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ
* ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ
* ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ
* ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ
* ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ

ਸਾਹਿਤਕ ਖੋਜ ਕਾਰਜ:
* ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ।
* ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ।
* ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ।

ਮਾਨ ਸਨਮਾਨ:
* ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ।
* ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ।
* ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ।
* ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

ਡਾ. ਜੋਗਿੰਦਰ ਸਿੰਘ ਨਿਰਾਲਾ

ਜੀਵਨ ਬਿਓਰਾ:  ਜੋਗਿੰਦਰ ਸਿੰਘ ਨਿਰਾਲਾ ਜਨਮ: 10 ਅਕਤੂਬਰ, 1945 ਮਾਤਾ: ਸ੍ਰੀ ਮਤੀ ਸੰਤ ਕੌਰ ਪਿਤਾ: ਸ੍ਰ. ਲਾਲ ਸਿੰਘ ਰੁਪਾਲ ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ ਫੋਨ: 01679 225364 ਮੋਬਾਈਲ: +91 98721 61644 ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ ਈ-ਮੇਲ: drnirala@gmail.com ਛਪੀਅਾਂ ਪੁਸਤਕਾਂ/ਰਚਨਾਵਾਂ: ਕਹਾਣੀ ਸੰਗ੍ਰਹਿ: ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014 ਸੰਪਾਦਿਤ ਕਹਾਣੀ ਸੰਗ੍ਰਹਿ: ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ) ਆਲੋਚਨਾ: ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010) ਲੇਖਕ ਬਾਰੇ: ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ ਹਿੰਦੀ: ‘ਬਿਖਰ ਰਹਾ ਮਾਨਵ’-1991, ਜਨਮਾਂਤਰ (2007) ਸਾਹਿਤਕ ਆਹੁਦੇ: * ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ * ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ * ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ * ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ * ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ ਸਾਹਿਤਕ ਖੋਜ ਕਾਰਜ: * ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ। * ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ। * ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ। ਮਾਨ ਸਨਮਾਨ: * ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ। * ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ। * ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ। * ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

View all posts by ਡਾ. ਜੋਗਿੰਦਰ ਸਿੰਘ ਨਿਰਾਲਾ →