ਨੈਸ਼ਨਲ ਕਾਲਜ ਕੰਧਾਲਾ ਪੋਠੋਹਾਰੀਆਂ ਭਾਰਤ ਦੀ ਅਜ਼ਾਦੀ ਦੀ ਪੱਚੀਵੀਂ ਵਰੇਗੰਡ ਮੌਕੇ 1972 ਵਿੱਚ ਖੁੱਲ੍ਹਿਆ ਸੀ। ਛੋਟਾ ਜਿਹਾ ਕਾਲਜ ਸੀ ਤੇ ਸਟਾਫ ਮੈਂਬਰ ਸਿਰਫ 12 ਕੁ। ਮਜਮੂਨ ਵੀ ਸਿਰਫ ਆਰਟਸ ਦੇ ਜਿਵੇਂ ਅੰਗਰੇਜੀ ਤੋਂ ਇਲਾਵਾ ਇਤਿਹਾਸ, ਰਾਜਨਿਤੀ ਸ਼ਾਸ਼ਤਰ, ਅਰਥ ਸ਼ਾਸ਼ਤਰ, ਪੰਜਾਬੀ ਤੇ ਹਿੰਦੀ। ਪ੍ਰਬੰਧਕ ਕਮੇਟੀ ਸਥਾਨਕ ਸੀ। ਨਿਯੁਕਤੀਆਂ ਸਫਾਰਸ਼ ਨਾਲ ਹੋਈਆਂ ਕਿਉਂਕਿ ਕਾਲਜ ਅਜੇ ਮਾਨਤਾ ਪ੍ਰਾਪਤ ਨਹੀ ਸੀ। ਵੈਸੇ ਵੀ ਉਦੋਂ ਸ਼ਰਤਾਂ ਬਹੁਤੀਆਂ ਸਖ਼ਤ ਨਹੀਂ ਸੀ ਹੁੰਦੀਆਂ। ਅਰਥ ਸ਼ਾਸ਼ਤਰ ਵਾਲਾ ਪ੍ਰੋਫੈਸਰ ਬਜਾਜ ਬਿਜਲੀ ਦੇ ਕੁਨੈਕਸ਼ਨ ਵੱਟੇ ਰੱਖਿਆ ਗਿਆ ਸੀ। ਹੁਸ਼ਿਆਰਪੁਰ ਦਾ ਪ੍ਰਬੋਧ ਮਹਾਜਨ ਕੰਧਾਲਾ ਪੋਠੋਹਾਰੀਆਂ ਦੇ ਬਿਜਲੀ ਘਰ ਵਿੱਚ ਐਸ. ਡੀ. ਓ ਸੀ। ਕਮੇਟੀ ਨੂੰ ਕਾਲਜ ਵਿੱਚ ਬਿਜਲੀ ਦੇ ਕੁਨੈਕਸ਼ਨ ਦੀ ਸਖਤ ਜ਼ਰੂਰਤ ਸੀ। ਭਰ ਗਰਮੀ ਦਾ ਮੌਸਮ ਸੀ। ਅਗਸਤ ਵਿੱਚ ਜਮਾਤਾਂ ਸ਼ੁਰੂ ਹੋਈਆਂ। ਦਾਖਲੇ ਤਾਂ ਜੁਲਾਈ ਵਿੱਚ ਔਖੇ ਸੌਖੇ ਬਿਨਾ ਬਿਜਲੀ ਤੋਂ ਕਰ ਲਏ। ਜਮਾਤਾਂ ਬਿਜਲੀ ਤੋਂ ਵਗੈਰ ਲਗਾਉਣੀਆ ਬਹੁਤ ਮੁਸ਼ਕਲ ਸਨ। ਮਹਾਜਨ ਨੂੰ ਕਮੇਟੀ ਦੇ ਮੈਨੇਜਰ ਨੇ ਕਨੈਕਸ਼ਨ ਲਈ ਪਹੁੰਚ ਕੀਤੀ। ਉਹ ਕਹਿਣ ਲੱਗਾ, “ਜੇ ਬਿਜਲੀ ਦਾ ਕੁਨੈਕਸ਼ਨ ਤੁਰੰਤ ਚਾਹੁੰਦੇ ਹੋ ਤਾਂ ਮੇਰਾ ਬੰਦਾ ਅਰਥ ਸ਼ਾਸ਼ਤਰ ਦਾ ਲੈਕਚਰਾਰ ਰੱਖ ਲਓ।“ ਇਸ ਪ੍ਰਕਾਰ ਬਜਾਜ ਤਾਂ ਚਾਰ ਪੰਜ ਦਿਨਾਂ ਵਿੱਚ ਹੀ ਰੱਖਿਆ ਗਿਆ। ਨੇੜਲੇ ਪਿੰਡ ਗਾਜੀਪੁਰ ਦੇ ਦੋ ਕਮੇਟੀ ਮੈਂਬਰ ਸਨ— ਮਲਕੀਤ ਸਿੰਘ ਤੇ ਅਵਤਾਰ ਸਿੰਘ। ਉਹਨਾਂ ਨੇ ਕਾਲਜ ਨੂੰ ਚਾਰ ਕਨਾਲ ਥਾਂ ਦਾਨ ਦਿੱਤੀ ਸੀ। ਇਸ ਪ੍ਰਕਾਰ ਉਹਨਾਂ ਦਾ ਕਮੇਟੀ ਵਿੱਚ ਪੂਰਾ ਅਸਰ ਰਸੂਖ ਸੀ। ਮਲਕੀਤ ਸਿੰਘ ਦੀ ਭਾਣਜੀ ਜਸਲੀਨ ਨੇ ਨਵੀਂ ਨਵੀਂ ਇਤਿਹਾਸ ਦੀ ਜਲੰਧਰ ਕਿਸੇ ਕਾਲਜ ਤੋਂ ਐਮ. ਏ. ਕੀਤੀ ਸੀ। ਨੰਬਰ ਵੀ ਸਾਂਵੀ ਜਿਹੀ ਸੈਂਕਡ ਡਿਵੀਜ਼ਨ ਸੀ। ਉਸਦੀ ਚੋਣ ਇਤਿਹਾਸ ਪੜ੍ਹਾਉਣ ਲਈ ਹੋ ਗਈ ਸੀ। ਪਿੰਸੀਪਲ ਰਿਆਸਤੀ ਸਾਹਿਬ ਰੱਖੇ ਗਏ। ਉਹ ਅੰਗਰੇਜ਼ੀ ਪੜਾਉਂਦੇ ਹੁੰਦੇ ਸਨ ਤੇ ਕਿਸੇ ਕਾਲਜ ਵਿੱਚ ਉੱਥੋਂ ਦੀ ਕਮੇਟੀ ਦੇ ਪ੍ਰਧਾਨ ਬ੍ਰਗੇਡੀਅਰ ਸੇਖੋਂ ਨਾਲ ਝਗੜਾ ਹੋ ਜਾਣ ਕਾਰਨ ਅਹੁਦੇ ਤੋਂ ਬਰਖਾਸਤ ਕੀਤੇ ਹੋਏ ਸਨ। ਸੇਖੋ ਸਾਹਿਬ ਨੇ ਦੌੜ ਭੱਜ ਕਰਕੇ ਕਾਲਜ ਦੇ ਪ੍ਰਧਾਨ ਬੁੱਟਰ ਸਾਹਿਬ ਨਾਲ ਤੇ ਮੈਨੇਜਰ ਸਰਦਾਰੀ ਲਾਲ ਨਾਲ ਰਾਬਤਾ ਕਾਇਮ ਕਰ ਲਿਆ ਸੀ ਤੇ ਪ੍ਰਿੰਸੀਪਲੀ ਪ੍ਰਾਪਤ ਕਰ ਲਈ ਸੀ। ਇੱਕ ਅੰਗਰੇਜ਼ੀ ਦਾ ਕਿਤਿਓਂ ਕੱਢਿਆ ਹੋਇਆ ਪ੍ਰੋਫੈਸਰ ਜਸਮੇਰ ਸਿੰਘ ਤੀਜੇ ਦਰਜੇ ਵਿੱਚ ਐਮ. ਏ ਪਾਸ ਵੀ ਕਾਲਜ ਵਿੱਚ ਨਿਯੁਕਤ ਹੋਣ ਵਿੱਚ ਕਾਮਜਾਬ ਹੋ ਗਿਆ ਸੀ। ਉਸਦੀ ਸਫਾਰਸ਼ ਇੱਕ ਡੇਰੇ ਦੇ ਸਾਧ ਨੇ ਕੀਤੀ ਸੀ। ਉਸ ਦੀ ਨਿਯੁਕਤੀ ਦਾ ਕਾਰਨ ਇੱਕ ਇਹ ਵੀ ਸੀ ਕਿ ਉਸ ਸਮੇਂ ਯੂਨੀਵਰਸਿਟੀ ਨੇ ਤੀਸਰੇ ਦਰਜੇ ਵਿੱਚ ਐਮ. ਏ ਪਾਸ ਉਮੀਦਵਾਰ ਨੂੰ ਪ੍ਰੈਪ ਤੇ ਬੀ. ਏ. ਭਾਗ ਪਹਿਲਾ ਨੂੰ ਪੜ੍ਹਾਉਣ ਲਈ ਮਨਜ਼ੂਰੀ ਦਿੱਤੀ ਹੋਈ ਸੀ। ਜਸਮੇਰ ਪਹਿਲਾਂ ਕਿਤੇ ਪੁਲਿਸ ਵਿਚ ਸਿਪਾਹੀ ਭਰਤੀ ਹੋਇਆ ਸੀ। ਫਿਰ ਹੈੱਡ ਕਾਂਸਟੇਬਲ ਬਣ ਗਿਆ ਸੀ। ਨਾਲ ਨਾਲ ਉਹ ਪ੍ਰਾਈਵੇਟ ਤੌਰ ਤੇ ਬੀ. ਏ ਕਰਦਾ ਰਿਹਾ ਸੀ। ਫਿਰ ਉਹ ਕੋਆਪ੍ਰੇਟਿਵ ਸੋਸਾਇਟੀਆਂ ਵਿੱਚ ਇੰਸਪੈਕਟਰ ਬਣ ਗਿਆ ਸੀ। ਨਾਲ ਨਾਲ ਐਮ. ਏ. ਅੰਗਰੇਜੀ ਤੀਸਰੇ ਦਰਜੇ ਵਿੱਚ ਕਰ ਗਿਆ ਸੀ। ਉਸਨੂੰ ਪਹਿਲਾਂ ਛੇ ਕੁ ਮਹੀਨੇ ਸ਼ਹਿਰ ਵਿੱਚ ਇੱਕ ਕੁੜੀਆਂ ਦੇ ਕਾਲਜ ਨੇ ਪੜ੍ਹਾਉਣ ਲਈ ਰੱਖਿਆ ਸੀ। ਹੁਣ ਉਹ ਇੱਕ ਐਸੇ ਕਾਲਜ ਵਿੱਚ ਆ ਲੱਗਿਆ ਸੀ ਜਿਸ ਦਾ ਭਵਿੱਖ ਸੁਹਣਾ ਨਜ਼ਰ ਆ ਰਿਹਾ ਸੀ। ਨਾਲੇ ਸਾਲ ਦੋ ਸਾਲਾਂ ਵਿੱਚ ਇਸਨੇ ਆਪਣੀ ਐਮ. ਏ. ਦੀ ਡਿਵੀਜਨ ਸੁਧਾਰਨ ਦੀ ਸਕੀਮ ਬਣਾ ਰੱਖੀ ਸੀ। ਕਾਲਜ ਦਾ ਬਹੁਤਾ ਸਟਾਫ ਭੁੱਖੀ ਮੱਝ ਵਾਂਗ ਸੀ ਤੇ ਸੋਮੇ ਗਿੱਲੀ ਤੂੜੀ ਵਾਂਗ। ਚੰਗੇ ਸਥਾਪਤ ਹੋ ਚੁੱਕੇ ਮਾਨਤਾ ਪ੍ਰਾਪਤ ਕਾਲਜਾਂ ਦੀਆਂ ਸ਼ਰਤਾਂ ਪੂਰੀਅਾਂ ਨਾ ਕਰਨ ਕਰਕੇ ਇਹ ਬਹੁਤੇ ਲੈਕਚਰਾਰ ਅੱਧ ਵਿਚਕਾਰ ਹੀ ਲਟਕ ਰਹੇ ਸਨ। ਕਿਸੇ ਨੇ ਅਜੇ ਆਪਣੀ ਯੋਗਤਾ ਸੁਧਾਰਨੀ ਸੀ, ਕੋਈ ਕਿਤਿਓ ਕੱਢਿਆ ਹੋਇਆ ਚੰਗੀ ਸਫਾਰਸ਼ ਲੜਾ ਕੇ ਏਥੇ ਆ ਕੇ ਲੱਗ ਗਿਆ ਸੀ ਤੇ ਕੋਈ ਚੌਥਾ ਦਰਜਾ ਕਰਮਚਾਰੀ ਪਹਿਲਾਂ ਕਿਸੇ ਕਮੇਟੀ ਮੈਂਬਰ ਦੇ ਕਾਰੋਬਾਰ ਵਿੱਚ ਕਰਿੰਦਾ ਸੀ। ਉਹ ਕਾਰੋਬਾਰੀ ਉਸ ਤੋਂ ਕਾਲਜ ਦੇ ਕੰਮ ਦੇ ਨਾਲ ਨਾਲ ਆਪਣੇ ਘਰ ਦੀਆਂ ਵਗਾਰਾਂ ਵੀ ਕਰਵਾਉਂਦਾ ਰਹਿਣਾ ਲੋਚਦਾ ਸੀ। ਕਾਲਜ ਦੇ ਸਾਧਨ ਮਾਨਤਾ ਮਿਲਣ ਨਾਲ ਚੰਗੇ ਬਣਨੇ ਸਨ। ਇਹ ਇੱਕ ਕਾਰੋਬਾਰੀ ਦੀ ਇਮਾਰਤ ਵਿੱਚ ਖੁੱਲ੍ਹਿਆ ਸੀ, ਜਿਸਦਾ ਨਾਮ ਕਿਸੇ ਸਮੇਂ ਤਾਬਿਆਦਾਰ ਕੋਲਡ ਸਟੋਰੇਜ ਹੋਇਆ ਕਰਦਾ ਸੀ। ਕੁੱਝ ਸਮੇ ਬਾਅਦ ਕਾਲਜ ਇੱਥੋਂ ਸ਼ਿਫਟ ਹੋ ਕੇ ਨਾਲ ਲਗਦੇ ਇੱਕ ਨਵੇਂ ਥਾਂ ਚਲੇ ਜਾਣਾ ਸੀ ਜਿੱਥੇ ਲੋਕਾਂ ਦੀ ਡੋਨੇਸ਼ਨ ਨਾਲ ਇਸ ਲਈ ਲੋੜੀਂਦਾ ਥਾਂ ਖਰੀਦ ਲਿਆ ਗਿਆ ਸੀ। ਇਸ ਇਮਾਰਤ ਵਿੱਚੋਂ ਬਿਜਲੀ ਦਾ ਕੁਨੈਕਸæਨ ਦੋ ਤਿੰਨ ਸਾਲ ਪਹਿਲਾਂ ਹੀ ਕੱਟਿਆ ਗਿਆ ਸੀ । ਪ੍ਰਿੰਸੀਪਲ ਦਾ ਦਫਤਰ ਛੋਟਾ ਜਿਹਾ ਸੀ। ਇਸਦੇ ਇੱਕ ਪਾਸੇ ਖ¨ੰਜੇ ਬਾਹਰ ਨੂੰ ਇੱਕ ਖਿੜਕੀ ਸੀ ਜਿੱਥੇ ਫੀਸ ਕਲਰਕ ਬੈਠਦਾ ਸੀ। ਕਮਰਿਆ ਵਿੱਚੋ ਇੱਕ ਵਿੱਚ ਸਟਾਫ ਰ¨ਮ, ਇੱਕ ਵਿੱਚ ਸੀਮਤ ਜਿਹੀ ਲਾਇਬ੍ਰੇਰੀ ਤੇ ਬਾਕੀ ਦੋ ਵਿੱਚ ਪ੍ਰੈਪ ਤੇ ਬੀ. ਏ ਭਾਗ ਪਹਿਲਾ ਦੀਆਂ ਜਮਾਤਾਂ ਲੱਗਦੀਆ ਸਨ। ਪੰਜਾਬੀ ਪੜ੍ਹਾਉਣ ਵਾਲਾ ਪਹਿਲਾਂ ਕਿਸੇ ਕਾਲਜ ਵਿੱਚ ਐਨ. ਸੀ. ਸੀ. ਅਫਸਰ ਵੀ ਹੁੰਦਾ ਸੀ। ਉਹ ਸiæਫਾਰਸæ ਲੜਾ ਕੇ ਇਸ ਕਾਲਜ ਵਿੱਚ ਆ ਲੱਗਾ ਸੀ। ਉਸ ਦੀ ਘਰਵਾਲੀ ਲਾਇਬ੍ਰੇਰੀਅਨ ਲੱਗ ਗਈ ਸੀ। ਉਸ ਦੇ ਇੱਕ ਦਮ ਇੱਥੇ ਆ ਜਾਣ ਨਾਲ ਕਾਲਜ ਵਿੱਚ ਐਨ. ਸੀ. ਸੀ. ਵੀ ਚਲਾਈ ਜਾ ਸਕਦੀ ਸੀ। ਇਸ ਨਵੇਂ ਸæੁਰ¨ ਹੋਏ ਕਾਲਜ ਵਿੱਚ ਉਸ ਸਮੇਂ ਮੇਰਾ ਇੱਕ ਦੋਸਤ ਹਰਬੰਸ ਬੀ. ਏ ਭਾਗ ਪਹਿਲਾ ਵਿੱਚ ਦਾਖਲ ਹੋਇਆ ਸੀ। ਹੁਣ ਉਹ ਮੁਹਾਲੀ ਇੱਕ ਨੌਕਰੀ ਕਰਦਾ ਹੈ। ਉਸ ਨੇ ਮੈਨੂੰ ਉਸ ਸਮੇਂ ਦੀ ਇੱਕ ਅਜਬ ਕਹਾਣੀ ਸੁਣਾਈ। “ਕੀ ਤੁਸੀ ਮੇਰੇ ਕਾਲਜ ਦੀ ਮੈਡਮ ਜਸਲੀਨ ਨੂੰ ਜਾਣਦੇ ਹੋ?“ ਸ਼ਾਮ ਦੇ ਸੈਰ ਸਮੇਂ ਉਸ ਨੇ ਮੈਨੂੰ ਸਵਾਲ ਪਾਇਆ। “ਹਾਂ , ਮੈੰ ਦੇਖੀ ਹੋਈ ਵੀ ਹੈ । ਨਾਮ ਤਾਂ ਸੁਣਿਆ ਹੋਇਆ ਹੀ ਹੈ । ਮੈਂ ਤਾਂ ਉਦੋਂ ਕੁ ਨਾਲ਼ ਦੇ ਸ਼ਹਿਰੀ ਕਾਲਜ ਵਿੱਚ ਬੀ. ਐਸ ਸੀ ਕਰਦਾ ਹੁੰਦਾ ਸੀ । ਜੇ ਮੈਂ ਸਾਈਂਸ ਨਾ ਰੱਖੀ ਹੁੰਦੀ ਤਾਂ ਮੈਂ ਵੀ ਤੁਹਾਡੇ ਨਾਲ ਹੀ ਹੋਣਾ ਸੀ। ਜਸਲੀਨ ਸੁਹਣੀ ਸੀ,” ਮੈਂ ਕਿਹਾ। “ਸੁਹਣੀ ਹੀ ਨਹੀ, ਉਹ ਮਹਾਨ ਹਸਤੀ ਵੀ ਸੀ।“ ਇੰਝ ਕਹਿ ਕੇ ਉਹ ਮੁਸਕਰਾ ਪਿਆ । “ਕੀ ਭਾਵ?“ “ਮੈਡਮ ਦਾ ਕਿੱਸਾ ਬੜਾ ਨਿਰਾਲਾ ਏ।” “ਅੱਜ ਫਿਰ ਇਸ ਕਿੱਸੇ ਦੀ ਤਫਸੀਲ ਹੋ ਜਾਵੇ?” “ਉਸ ਨੇ ਉਸੇ ਹੀ ਸਾਲ ਜਲੰਧਰ ਦੇ ਕਿਸੇ ਕਾਲਜ ਤੋਂ ਹਿਸਟਰੀ ਦੀ ਐਮ. ਏ ਕੀਤੀ ਸੀ। ਐਮ. ਏ ਕਰਦੀ ਸਮੇਂ ਉਸਦਾ ਕਾਲਜ ਫੈਲੋ ਪੌਲ ਸਾਈਂਸ ਵਾਲਾ ਸਤਵੀਰ ਹੋਇਆ ਕਰਦਾ ਸੀ। ਉਹ ਵਜੀਦਪੁਰ ਦਾ ਰਹਿਣ ਵਾਲਾ ਸੀ। ਐਮ. ਏ ਦੌਰਾਨ ਦੋਹਾਂ ਦੀ ਦੋਸਤੀ ਹੋ ਗਈ ਸੀ। ਸਤਵੀਰ ਘਰੋਂ ਕਾਫੀ ਅਮੀਰ ਸੀ ਤੇ ਸੀ ਵੀ ਘਰ ਦਿਆਂ ਦਾ ਇਕਲੌਤਾ ਪੁੱਤਰ। ਜਸਲੀਨ ਐਮ. ਏ ਵਿੱਚ ਸਾਂਵੀ ਸਿੱਕੀ ਸੈਕੰਡ ਡਿਵੀਜ਼ਨ ਲੈ ਗਈ ਸੀ। ਸਤਬੀਰ ਵੀ ਰਾਜਨੀਤੀ ਸ਼ਾਸ਼ਤਰ ਵਿੱਚ ਸੈਕੰਡ ਡਿਵੀਜ਼ਨ ਲੈ ਗਿਆ ਸੀ। ਜਸਲੀਨ ਤਾਂ ਆ ਕੇ ਲੈਕਚਰਾਰ ਲੱਗ ਗਈ ਸੀ ਤੇ ਸਤਬੀਰ ਕਾਨੂੰਨ ਦੀ ਪੜਾਈ ਕਰਨ ਲਈ ਯੂਨੀਵਰਿਸਟੀ ਚੰਡੀਗੜ੍ਹ ਚਲਾ ਗਿਆ ਸੀ। ਵੱਡੇ ਘਰਾਂ ਦੇ ਕਾਕਿਆਂ ਦਾ ਅਕਸਰ ਇਹ ਸ਼ੌਂਕ ਹੁੰਦਾ ਹੈ ਕਿ ਯੂਨੀਵਰਸਿਟੀ ਵਿੱਚ 2-3 ਸਾਲ ਵੱਧ ਲਗਾ ਕੇ ਕੋਈ ਹੋਰ ਪੜ੍ਹਾਈ ਕਰ ਲਈ ਜਾਵੇ ਤੇ ਨਾਲ ਨਾਲ ਮਜ਼ੇ ਕੀਤੇ ਜਾਣ।” “ਕੀ ਫਿਰ ਦੋਹਾਂ ਦਾ ਲਿੰਕ ਟੁੱਟ ਗਿਆ ਸੀ?” ਮੈਂ ਉਤਸੁਕਤਾ ਨਾਲ ਪੁੱਛਿਆ। “ਕਮਾਲ ਐ ਯਾਰ! ਲਿੰਕ ਵੀ ਕਦੀ ਟੁੱਟਦੇ ਹੁੰਦੇ ਐ? ਫਿਰ ਤਾਂ ਲਿੰਕ ਜਿਆਦਾ ਵਧੀਆ ਬਣ ਗਿਆ ਸੀ। ਲਿੰਕ ਬਰਕਰਾਰ ਰੱਖਣ ਲਈ ਚੰਡੀਗੜ੍ਹ ਨਾਲੋਂ ਵਧੀਆ ਹੋਰ ਕਿਹੜੀ ਥਾਂ ਹੋ ਸਕਦੀ ਸੀ?” “ਉਹ ਕਿਵੇ?” “ਮੈਂ ਕਾਲਜ ਵਿੱਚ ਮੈਡਮ ਪਾਸ ਇਤਿਹਾਸ ਪੜ੍ਹਿਆ ਕਰਦਾ ਸਾਂ। ਸਾਡੇ ਬੀ. ਏ ਭਾਗ ਪਹਿਲਾ ਦੇ ਇੱਕ ਸੈਸ਼ਨ ਵਿੱਚ ਸਤਬੀਰ ਤਿੰਨ ਕੁ ਵਾਰ ਸਾਡੇ ਕਾਲਜ ਆਇਆ ਸੀ। ਭਰਵਾਂ ਸਰੀਰ, ਕੱਦ ਛੇ ਫੁੱਟ ਤੋਂ ਇੱਕ ਇੰਚ ਵੱਧ, ਸਾਂਵਲਾ ਰੰਗ, ਬਦਾਮੀ ਜਿਹੀ ਨੋਕ ਦਾਰ ਪੱਗ, ਬੈੱਲ ਬਾਟਮ ਪੈਂਟ, ਸਾਬਰ ਦੀ ਗੁਰਗਾਬੀ, ਪੂਰੀ ਟੌਹਰ! ਜਦ ਕਾਲਜ ਆਉਣਾ, ਇੱਕ ਦਮ ਮੈਡਮ ਦੀ ਛੁੱਟੀ ਕਰਵਾਉਣੀ ਤੇ ਬੁਲੱਟ ਮੋਟਰਸਾਇਕਲ ਤੇ ਬਿਠਾ ਕੇ ਲੈ ਜਾਣੀ। ਉਹਦੀ ਰਿਹਾਇਸ਼ ਪੰਦਰਾਂ ਸੈਕਟਰ ਯੂਨੀਵਰਸਿਟੀ ਦੇ ਨੇੜੇ ਹੁੰਦੀ ਸੀ। ਵਿਦਿਆਰਥੀਆਂ ਵਿੱਚ ਆਮ ਚਰਚਾ ਸੀ ਕਿ ਮੈਡਮ ਦੀ ਸ਼ਾਦੀ ਹੋਈ ਕਿ ਹੋਈ।” “ਕੀ ਹੋ ਗਈ ਫਿਰ?” “ਕਿੱਥੇ ਯਾਰ? ਪਾਸਾ ਹੀ ਪਲਟ ਗਿਐ।” “ਉਹ ਕਿਵੇਂ ?“ “ਜਦ ਅਸੀ ਬੀ. ਏ ਭਾਗ ਦੂਜਾ ਵਿੱਚ ਹੋਏ ਤਾਂ ਦੇਖਿਆ ਮੈਡਮ ਤਾਂ ਅੱਧੀ ਰਹਿ ਗਈ ਸੀ। ਟੁੱਟੀ ਹੋਈ ਲਗਦੀ ਸੀ ਪੂਰੀ ਪਰੇਸ਼ਾਨ। ਸਤਵੀਰ ਕਾਲਜ ਆਉਣੋ ਹਟ ਗਿਆ ਸੀ। ਦੂਜੇ ਸਾਲ ਕਾਲਜ ਵਿੱਚ ਚਾਰ ਕੁ ਲੈਕਚਰਾਰ ਹੋਰ ਰੱਖ ਹੋ ਗਏ। ਇਹ ਸਾਰੇ ਨਵੇਂ ਨਵੇਂ ਐਮ. ਏ ਕਰ ਕੇ ਆਏ ਸਨ। ਡੀ. ਪੀ. ਈ. ਗੁਰਦਿਆਲ ਤੇ ਅੰਗਰੇਜ਼ੀ ਵਾਲਾ ਸੰਧੂ ਅਮੀਰਜ਼ਾਦੇ ਸਨ। ਇੱਕ ਅੰਗਰੇਜੀ ਵਾਲਾ ਕੁਲਵਰਨ ਤੇ ਪੰਜਾਬੀ ਵਾਲਾ ਅਮਰਜੀਤ ਸਧਾਰਨ ਪਿਛੋਕੜ ਵਾਲੇ ਸਨ। ਕੁਲਵਰਨ ਆਪਣੇ ਆਪ ਨੂੰ ਅਗਾਂਹਵਧੂ ਦਰਸਾਉਂਦਾ ਹੁੰਦਾ ਸੀ ਤੇ ਖੱਬੀ ਵਿਚਾਰਧਾਰਾ ਰੱਖਦਾ ਸੀ। ਘਰੋਂ ਸਾਧਾਰਨ ਸੀ ਤੇ ਐਮ. ਏ ਮੁਸ਼ਕਿਲ ਨਾਲ ਕਰ ਕੇ ਆਇਆ ਸੀ। ਵੈਸੇ ਸਟੇਜ ਤੇ ਸੁਹਣਾ ਬੋਲ ਲੈਂਦਾ ਸੀ। ਐਮ. ਏ ਕਰਦੇ ਸਮੇਂ ਵਿਦਿਆਰਥੀ ਯੂਨੀਅਨ ਦੇ ਕਿਸੇ ਜਿਲ੍ਹੇ ਪੱਧਰ ਦੇ ਅਹੁਦੇ ਤੇ ਵੀ ਰਿਹਾ ਸੀ। ਇਸ ਲਈ ਉਸ ਕਾਲਜ ਦੇ ਪ੍ਰਿੰਸੀਪਲ ਦੱਤ ਦੇ ਵੀ ਕੁੱਝ ਨੇੜੇ ਹੁੰਦਾ ਸੀ। ਇਸ ਨਵੇਂ ਕਾਲਜ ਵਿੱਚ ਵੀ ਉਹ ਵਿਦਿਆਰਥੀਆਂ ਦੀ ਖੱਬੇ ਪੱਖੀ ਯੂਨੀਅਨ ਦੇ ਨੇੜੇ ਤੇੜੇ ਰਹਿੰਦਾ ਸੀ। ਉਸ ਸਮੇਂ ਵਿਦਿਆਰਥੀਆਂ ਦੀ ਖੱਬੇ ਪੱਖੀਆਂ ਯੂਨੀਅਨਾਂ ਹੀ ਕਾਲਜਾਂ ਵਿੱਚ ਵਾਧੂ ਪ੍ਰਭਾਵਸ਼ਾਲੀ ਸਨ। ਪੰਜਾਬੀ ਵਾਲਾ ਅਮਰਜੀਤ ਕੁਝ ਪੱਕੜ ਉਮਰ ਦਾ ਸੀ। ਉਹ ਸ਼ਇਦ ਕਈ ਸਾਲ ਕਿਸੇ ਸਕੂਲ ਵਿੱਚ ਅਧਿਅਪਕ ਰਿਹਾ ਸੀ। ਪ੍ਰਾਈਵੇਟ ਤੌਰ ਤੇ ਪੰਜਾਬੀ ਦੀ ਐਮ. ਏ ਕਰਦਾ ਰਿਹਾ। ਹੁਣ ਜਦ ਉਸ ਦੀ ਸੈਂਕੰਡ ਡਵੀਜ਼ਨ ਬਣ ਗਈ ਤਾਂ ਉਸ ਨੇ ਇਸ ਕਾਲਜ ਵਿੱਚ ਕੋਸ਼ਿਸ਼ ਕਰ ਕੇ ਲੈਕਚਰਾਰ ਦੀ ਅਸਾਮੀ ਪ੍ਰਾਪਤ ਕਰ ਲਈ ਸੀ।” “ਕੋਈ ਦਿਲਚਸਪ ਗੱਲ ਵੀ ਕਰ ਤੂੰ ਤਾਂ ਏਵੇ ਲੰਬੀਆਂ ਲੰਬੀਆਂ ਨਿਰਮੂਲ ਗੱਲਾਂ ਕਰਨ ਲੱਗ ਪਿਆ।” ਮੈਂ ਤਨਜ ਕੱਸੀ। “ਤੂੰ ਕੀ ਚਾਹੁੰਦਾ ਏਂ? ਲਗਦਾ ਏ ਤੂੰ ਚਾਹੁੰਦਾ ਏਂ ਕਿ ਮੈਂ ਮੈਡਮ ਜਸਲੀਨ ਬਾਰੇ ਕੁੱਝ ਕਹਾਂ?” “ਤੂੰ ਸਹੀ ਬੁੱਝਿਆ। ਹਰ ਵੇਲੇ ਹਸੂੰ ਹਸੂੰ ਕਰਦੀ ਮੈਡਮ ਹੁਣ ਇੱਕ ਬੁੱਤ ਜਿਹੀ ਬਣ ਗਈ ਸੀ। ਚਿਹਰੇ ਤੇ ਉਦਾਸੀ ਛਾਈ ਰਹਿੰਦੀ ਸੀ। ਸਿਹਤ ਤੋਂ ਕਮਜ਼ੋਰ ਹੋ ਗਈ ਸੀ। ਇਵੇਂ ਲੱਗਦਾ ਸੀ ਜਿਵੇਂ ਉਸ ਨੂੰ ਕੋਈ ਸਦਮਾਂ ਪੇਸ਼ ਆਇਆ ਹੋਵੇ। ਸਤਬੀਰ ਹੁਣ ਕਾਲਜ ਨਹੀਂ ਆਉਂਦਾ ਸੀ। ਸਤੰਬਰ ਦੀਆਂ ਛੁੱਟੀਆਂ ਤੋਂ ਬਾਅਦ ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਪ੍ਰਤੀਭਾ ਟੋਹ ਮੁਕਾਬਲਾ ਰੱਖ ਲਿਆ। ਇਸ ਮੁਕਾਬਲੇ ‘ਚੋਂ ਪਾਸ ਵਿਦਿਆਰਥੀਆਂ ਨੂੰ ਯੁਵਕ ਮੇਲੇ ਵਿੱਚ ਹਿੱਸਾ ਲੈਣ ਲਈ ਰਾਮਗੜ੍ਹੀਆ ਕਾਲਜ ਫਗਵਾੜੇ ਲੈ ਕੇ ਜਾਣਾ ਸੀ। ਕੁਲਵਰਨ ਦੀ ਡਿਉਟੀ ਨਾਟਕ ਤਿਆਰ ਕਰਵਾਉਣ ਤੇ ਲੱਗੀ। ਮੈਡਮ ਨੇ ਗਿੱਧਾ ਤਿਆਰ ਕਰਵਾਉਣਾ ਸੀ। ਸੱਭਿਆਚਾਰਕ ਗਤੀਵਿਧੀ ਦਾ ਓਵਰਆਲ ਇਨਚਾਰਜ (ਡੀਨ) ਅੰਗਰੇਜੀ ਵਾਲਾ ਸੰਧੂ ਸੀ। ਪ੍ਰਿੰਸੀਪਲ ਦਾ ਇਸ ਗੱਲ ਤੇ ਜੋਰ ਸੀ ਕਿ ਨਵੇਂ ਨਵੇਂ ਕਾਲਜ ਦਾ ਨਾਮ ਕੁੱਝ ਸੱਭਿਆਚਾਰਕ ਆਈਟਮਾਂ ਵਿੱਚ ਜਰੂਰ ਜਾਹਰ ਹੋਵੇ। ਤਿਆਰੀਆਂ ਪੂਰੇ ਜੋਸ਼ੋਖਰੋਸ਼ ਨਾਲ ਸ਼ੁਰੂ ਹੋ ਗਈਆਂ। ਮੈਡਮ ਉਦਾਸ ਸੀ ਪਰ ਗਿੱਧਾ ਹੱਸਣ ਖੇਡਣ ਵਾਲੀ ਐਕਟੀਵਿਟੀ ਸੀ। ਹੁਕਮ ਦੀ ਪਾਲਣਾ ਤਾਂ ਕਰਨੀ ਹੀ ਪੈਣੀ ਸੀ। ਉਹ ਕਾਲਜ ਨੂੰ ਆਉਂਦੀ ਵੀ ਆਦਮਪੁਰ ਤੋਂ ਸੀ। ਯੁਵਕ ਮੇਲੇ ਦਾ ਥਾਂ ਫਗਵਾੜਾ ਸੀ। ਕੁਲਵਰਨ ਜਲੰਧਰ ਨੇੜੇ ਇੱਕ ਪਿੰਡ ਤੋਂ ਆਉਂਦਾ ਸੀ। ਉਸ ਸਮੇਂ ਸਟਾਫ ਪਾਸ ਆਪਣੀਆਂ ਕਾਰਾਂ ਬਹੁਤ ਘੱਟ ਹੁੰਦੀਆਂ ਸਨ। ਹਾਂ, ਟਾਵੇਂ ਟਾਵੇਂ ਲੈਕਚਰਾਰਾਂ ਪਾਸ ਸਕੂਟਰ ਜਾਂ ਮੋਟਰਸਾਇਕਲ ਜਰੂਰ ਹੋਇਆ ਕਰਦੇ ਸਨ। ਹਾਂ ਡੀਨ ਸੰਧੂ ਪਾਸ ਕਾਰ ਜਰੂਰ ਸੀ ਕਿਉਂਕਿ ਉਸ ਦੀ ਘਰ ਵਾਲੀ ਹੁਸ਼ਿਆਰਪੁਰ ਇੱਕ ਕਾਲਜ ਵਿੱਚ ਪੰਜਾਬੀ ਦੀ ਲੈਕਚਰਾਰ ਸੀ। ਪ੍ਰਿੰਸੀਪਲ ਰਿਆਸਤੀ, ਪ੍ਰੋ. ਸੰਧੂ ਨੂੰ ਸਭਿਆਚਾਰਕ ਗਤੀਵਿਧੀ ਦਾ ਡੀਨ ਬਣਾ ਕੇ ਆਪਣੇ ਨਾਲ ਜੋੜ ਕੇ ਵੀ ਰੱਖਦਾ ਸੀ ਤਾਂ ਕਿ ਉਸ ਦੀ ਕਾਰ ਦਾ ਪ੍ਰਯੋਗ ਕੀਤਾ ਜਾ ਸਕੇ। ਰਿਆਸਤੀ ਪਾਸ ਆਪਣੀ ਕਾਰ ਨਹੀ ਸੀ। ਤਿਆਰੀ ਖੂਬ ਚਲਦੀ ਗਈ। ਮੇਲਾ ਨੇੜੇ ਆਉਂਦਾ ਗਿਆ। ਛੋਟੇ ਜਹੇ ਕਾਲਜ ਦੀ ਫਿਜ਼ਾ ਸੱਭਿਆਚਾਰਕ ਰੰਗਤ ਵਿੱਚ ਰੰਗੀ ਗਈ। ਜਿਸ ਦਿਨ ਮੇਲਾ ਸ਼ੁਰੂ ਹੋਇਆ ਉਸ ਦਿਨ ਇੱਕ ਵੈਨ ਕੀਤੀ ਗਈ ਤਾਂ ਕਿ ਹਿੱਸੇ ਲੈਣ ਵਾਲੀਆਂ ਲੜਕੀਆਂ ਤੇ ਮੈਡਮ ਨੂੰ ਫਗਵਾੜੇ ਪਹੁੰਚਾਇਆ ਜਾ ਸਕੇ। ਇਹਨਾਂ ਨਾਲ ਨਾਟਕ ਵਿੱਚ ਹਿੱਸਾ ਲੈਣ ਵਾਲੀਆਂ ਦੋ ਲੜਕੀਆਂ ਵੀ ਸਨ ਤੇ ਪ੍ਰੋ. ਕੁਲਵਰਨ ਵੀ।” “ਕਿਵੇਂ, ਕੋਈ ਇਨਾਮ ਵੀ ਪ੍ਰਾਪਤ ਕੀਤਾ ਜਾਂ ਨਹੀਂ? ਨਵੇਂ ਨਵੇਂ ਕਾਲਜ ਨੂੰ ਕੌਣ ਪੁੱਛਦਾ ਏਡੇ ਵੱਡੇ ਜਾਹੋ ਜਲੌਅ ਵਿੱਚ?” ਮੈਥੋਂ ਕਹਿ ਹੋ ਗਿਆ, “ਤੁਹਾਡੀ ਹਾਲਤ ਤਾਂ ਮੇਲੇ ਵਿੱਚ ਚੱਕੀ ਰਾਹੇ ਜਿਹੀ ਹੋਈ ਹੋਣੀ ਏਂ? ਖਾਲੀ ਹੱਥ ਆ ਗਏ ਹੁਣੇ?” “ਨਹੀਂ, ਐਸੀ ਤਾਂ ਕੋਈ ਗੱਲ ਨਹੀ ਸੀ ਪ੍ਰੋ. ਕੁਲਵਰਨ ਦੀ ਮਿਹਨਤ ਰੰਗ ਲਿਆਈ। ਨਾਟਕ ਦੂਜੇ ਨੰਬਰ ਤੇ ਰਿਹਾ। ਇੱਕ ਕਿਰਦਾਰ ਨੂੰ ਅਭਿਨੈ ਦਾ ਨਿੱਜੀ ਇਨਾਮ ਵੀ ਮਿਲਿਆ।” “ਕਿਹਦਾ ਲਿਖਿਆ ਹੋਇਆ ਸੀ ?” “ਸਫਦਰ ਹਾਸ਼ਮੀ ਦਾ ਹੱਲਾ ਬੋਲ।” “ਕੋਈ ਹੋਰ ਪ੍ਰਾਪਤੀ?” “ਇੱਕ ਹੋਰ ਇਨਾਮ ਕਵਿਤਾ ਉਚਾਰਣ ਵਿੱਚ ਇੱਕ ਲੜਕੀ ਨੀਰੂ ਦਾ ਆ ਗਿਆ ਸੀ। ਹੋਰ ਕੁੱਝ ਨਹੀਂ ਮਿਲਿਆ।” “ਇੱਕ ਹੋਰ ਮਸਲਾ ਇਹ ਬਣਦਾ ਹੁੰਦਾ ਸੀ ਕਿ ਮੇਲਾ ਸਵੇਰੇ ਲੇਟ ਸ਼ੁਰੂ ਕਰਦੇ ਸਨ ਤੇ ਸ਼ਾਮ ਨੂੰ ਰੋਜ਼ ਹਨੇਰਾ ਹੋ ਜਾਂਦਾ ਸੀ। ਜਿਸ ਦਿਨ ਤਾਂ ਮੁੰਡੇ ਮੁੰਡੇ ਹਿੱਸੇ ਲੈਂਦੇ ਸਨ ਉਸ ਦਿਨ ਤਾਂ ਉਹ ਹਨੇਰੇ ਹੋਏ ਵੀ ਆਪਣੇ ਘਰੀਂ ਪੁਹੰਚ ਜਾਦੇ ਸਨ। ਜਿਸ ਦਿਨ ਗਿੱਧੇ ਵਾਲੀਆਂ ਤੇ ਡਰਾਮੇ ਵਾਲੀਆਂ ਕੁੜੀਆਂ ਹੁੰਦੀਆਂ ਸਨ ਉਸ ਦਿਨ ਉਹਨਾਂ ਨੂੰ ਲੇਟ ਰਾਤ ਨੂੰ ਲਿਜਾ ਕੇ ਉਹਨਾਂ ਦੇ ਪਿੰਡਾ ਵਿੱਚ ਪਹੁੰਚਾਉਣਾ ਔਖਾ ਹੁੰਦਾ ਸੀ। ਆਖਰ ਕੁਲਵਰਨ ਨੇ ਸਲਾਹ ਦਿੱਤੀ ਕਿ ਗਿੱਧੇ ਵਾਲੇ ਦਿਨ ਮੈਡਮ ਜਸਲੀਨ ਤੇ ਲੜਕੀਆਂ ਉਸ ਪਾਸ ਰਾਤ ਰਹਿ ਲੈਣ ਤੇ ਸਵੇਰੇ ਉਹਨਾਂ ਨੂੰ ਵੈਨ ਉਹਨਾਂ ਦੇ ਘਰ ਛੱਡ ਆਵੇਗੀ। ਕਾਲਜ ਦੀ ਟੀਮ ਦੀ ਹਿੱਸਾ ਲੈਣ ਦੀ ਵਾਰੀ ਆਖਰ ਵਿੱਚ ਸੀ।” “ਹਰਬੰਸ, ਇਸ ਦਾ ਮਤਲਬ ਇਹ ਕਿ ਗਿੱਧੇ ਵਾਲੀਆਂ ਤੇ ਨਾਟਕ ਵਾਲੀਆਂ ਸਭ ਮੈਡਮ ਦੇ ਨਾਲ ਕੁਲਵਰਨ ਪਾਸ ਰਾਤ ਠਹਿਰ ਗਈਆਂ?” “ਨਹੀ, ਨਾਟਕ ਵਾਲੀਆਂ ਦੀ ਆਈਟਮ ਇੱਕ ਦਿਨ ਪਹਿਲਾਂ ਸੀ ਉਹ ਉਸ ਰਾਤ ਨਾਲ ਨਹੀ ਸਨ। ਮੈਡਮ ਪੂਰੀ ਪਰੇਸ਼ਾਨ ਸੀ। ਕੁਲਵਰਨ ਛੜਾ ਸੀ। ਉਸ ਦੇ ਘਰ ਉਸ ਦੀ ਮਾਂ ਤੇ ਭੈਣ ਸਨ। ਉਹਨਾਂ ਨੇ ਮੈਡਮ ਤੇ ਲੜਕੀਆਂ ਨੂੰ ਇੱਕ ਕਮਰਾ ਦੇ ਦਿੱਤਾ। ਜਿਵੇਂ ਸੁਣਨ ਵਿੱਚ ਆਇਆ ਸੀ ਕੁਲਵਰਨ ਆਪਣੇ ਕਮਰੇ ਵਿੱਚ ਦੇਰ ਰਾਤ ਤੱਕ ਬੈਠਾ ਕੁੱਝ ਪੜ੍ਹ ਰਿਹਾ ਸੀ। ਜਸਲੀਨ ਉਸ ਦੇ ਕਮਰੇ ਵਿੱਚ ਕੋਈ ਸਵੇਰ ਲਈ ਮਸ਼ਵਰਾ ਕਰਨ ਦੇ ਰੌਅ ਵਿੱਚ ਗਈ। ਜਾ ਕੇ ਕਹਿੰਦੀ , ‘ਹੁਣ ਪੜ੍ਹੀ ਜਾਣਾ ਸੌਂ ਵੀ ਜਾਓ।’ ਨਾਲੇ ਉਸ ਨੇ ਕੁਲਵਰਨ ਦੀ ਪਿੱਠ ਤੇ ਹਲਕੀ ਜਿਹੀ ਥਪਕੀ ਮਾਰ ਦਿੱਤੀ। ਇਸ ਹਲਕੀ ਸ਼ਰਾਰਤ ਨੇ ਚੁੱਕ ਦਿਤਾ ਘੜੇ ਤੋਂ ਕੌਲਾ।” “ਵਾਹ ਜੀ ਵਾਹ! ਕੁਲਵਰਨ ਦੇ ਤਾਂ ਫੇਰ ਵਾਰੇ ਨਿਆਰੇ ਹੋ ਗਏ।” “ਹਾਂ, ਬਸ ਉਸੇ ਘੜੀ ਤੋਂ ਦਿਲਾਂ ਵਿੱਚ ਖਲਬਲੀ ਮਚ ਗਈ। ਮੈਡਮ ਫਿਰ ਲੜਕੀਆਂ ਪਾਸ ਕਮਰੇ ਵਿੱਚ ਆ ਕੇ ਲੇਟ ਗਈ। ਨੀਂਦ ਦੋਹਾਂ ਨੂੰ ਨਹੀਂ ਆਈ। ਸਵੇਰੇ ਦੋਹਾਂ ਦੇ ਚਿਹਰਿਆਂ ਤੇ ਇੱਕ ਦੂਜੇ ਪ੍ਰਤੀ ਚਾਹਤ ਝਲਕ ਰਹੀ ਸੀ। ਦੂਸਰੇ ਦਿਨ ਤੋਂ ਹੀ ਇਹ ਜੋੜੀ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਲੱਗ ਪਈ। ਵਾਕਫੀਅਤ ਦੋਸਤੀ ਵਿੱਚ ਬਦਲਦੀ ਗਈ ਤੇ ਦੋਸਤੀ ਗੱਲਵਕੜੀ ਵੱਲ ਵਧਣ ਲੱਗ ਪਈ। ਕੰਟੀਨ ਤੇ ਵੀ ਇੱਕਠੇ ਚਾਹ ਪੀਣੀ। ਅਕਸਰ ਬੱਸ ਵੀ ਇਕੱਠਿਾਅਾਂ ਫੜਨੀਂ, ਰੂਟ ਭਾਵੇਂ ਅਲੱਗ ਅਲੱਗ ਸਨ। ਇੱਕ ਨੇ ਜਲੰਧਰ ਜਾਣਾ ਹੁੰਦਾ ਸੀ ਦੂਜੀ ਨੇ ਆਦਮਪੁਰ। ਅਗਲੇ ਦੋ ਕੁ ਮਹੀਨਿਆਂ ‘ਚ ਸਾਰੇ ਕਾਲਜ ਨੂੰ ਇਵੇਂ ਲੱਗਣ ਲੱਗ ਪਿਆ ਕਿ ਕੋਈ ਧਮਾਕਾ ਹੋਣ ਵਾਲਾ ਸੀ।” “ਕੀ ਭਾਵ?” “ਪ੍ਰੇਮ ਵਿਆਹ।” “ਮਾਪੇ ਮੰਨ ਗਏ?” “ਕੁਲਵਰਨ ਤਾਂ ਚਾਹੁੰਦਾ ਹੀ ਸੀ ਕਿ ਡਬਲ ਤਨਖਾਹ ਘਰ ਆਉਣ ਲੱਗ ਜਾਵੇ। ਉਸ ਦਾ ਪਿਤਾ ਪੂਰਾ ਹੋ ਚੁੱਕਾ ਸੀ। ਜਸਲੀਨ ਦੇ ਘਰ ਵਾਲੇ ਵੈਸੇ ਹੀ ਇਸਤਰੀ ਅਜ਼ਾਦੀ ਦੇ ਹੱਕ ਵਿੱਚ ਸਨ।” “ਯਾਰ, ਕੁਲਵਰਨ ਨੂੰ ਮੈਡਮ ਦੇ ਪੁਰਾਣੇ ਚੱਕਰ ਦਾ ਪਤਾ ਨੀ ਲੱਗਾ?” “ਮਾੜਾ ਮੋਟਾ ਸ਼ੱਕ ਹੋਊ। ਮੈਡਮ ਨੇ ਮੌਕਾ ਸਾਂਭ ਲਿਆ। ਕਹਿਣ ਲੱਗੀ, ‘ਵਾਕਫੀਅਤ ਸੀ ਪਰ ਲੜਕੇ ਵਾਲੇ ਦਾਜ ਵਿੱਚ ਕਾਰ ਮੰਗਦੇ ਸਨ। ਵੈਸੇ ਵੀ ਕੁਲਵਰਨ ਰੂੜ੍ਹਵਾਦੀ ਨਹੀਂ ਸੀ। ਘਰੋਂ ਵੀ ਹਲਕਾ ਹੀ ਸੀ। ਇੱਕ ਥਾਂ ਨੌਕਰੀ ਹੋਣੀ ਬਹੁਤ ਲਾਭਦਾਇਕ ਸੀ। ਭੈਣ ਅਜੇ ਵਿਆਹੁਣ ਵਾਲੀ ਸੀ। ਵੈਸੇ ਵੀ ਤੋਹਫੇ ਵਿੱਚ ਮਿਲਦੀ ਗਰਮ ਕੋਟੀ ਗਰਮੀਆਂ ਵਿੱਚ ਵੀ ਪ੍ਰਵਾਨ ਹੁੰਦੀ ਹੈ। ਲੋਕਾਂ ਤੋਂ ਇਸ ਗੱਲ ਦਾ ਪਤਾ ਲੱਗਾ ਸੀ ਕਿ ਸਤਵੀਰ ਦਾ ਪਿਉ ਆਕੜ ਗਿਆ ਸੀ। ਉਹ ਆਪਣਾ ਅਮੀਰਜਾਦਾ ਐਨੇ ਹਲਕੇ ਘਰ ਨਹੀ ਸੀ ਵਿਆਹੁਣਾ ਚਾਹੁੰਦਾ। ਸਤਵੀਰ ਨੇ ਪਿਉ ਨੂੰ ਮਨਾਇਆ। ਉਲਟਾ ਪਿਊ ਕਹਿੰਦਾ, ‘ਕੁੜੀ ਦੇ ਚਾਚਿਆਂ ਤਾਇਆਂ ‘ਚੋ ਦਲਵੀਰਾ ਦੱਸ ਨੰਬਰ ਦਾ ਬਦਮਾਸ਼ ਏ। ਚਾਰ ਪੰਜ ਕਤਲ ਕਰ ਚੁੱਕਾ ਏ। ਪੈਸੇ ਦੇ ਕੇ ਛੁੱਟ ਜਾਂਦਾ ਏ। ਜੇ ਉਸ ਟੱਬਰ ਵਿੱਚ ਵਿਆਹ ਕਰਵਾਇਆ ਤਾਂ ਜਾਂ ਤੂੰ ਘਰ ਰਹੇਂਗਾ ਜਾਂ ਮੈ!’ ਫਿਰ ਸਤਵੀਰ ਪਿੱਛੇ ਹਟ ਗਿਆ ਸੀ।” “ਹੁਣ ਜੋੜੀ ਕਿਵੇਂ ਏ? “ “ਕਈ ਸਾਲ ਹੋ ਗਏ, ਇੱਕ ਮੁੰਡਾ ਵੀ ਹੋ ਗਿਆ ਸੀ। ਹੁਣ ਤਾਂ ਤਕੜਾ ਹੋ ਗਿਆ ਹੋਊ। ਮੇਰੇ ਹੁਣ ਖਾਸ ਲਿੰਕ ਵੀ ਨਹੀ ਹਨ। ਮੈਂ ਤਾਂ ਕਈ ਸਾਲਾਂ ਤੋਂ ਮੁਹਾਲੀ ਹੀ ਨੌਕਰੀ ਕਰਦਾ ਹਾਂ। ਹਾਂ, ਇੱਕ ਵਾਰ ਕਾਲਜ ਦਾ ਸ਼ੁਗਲੀ ਕਲਰਕ ਗਿੰਦਾ ਮਿਲਿਆ ਸੀ। ਮੈਂ ਜੋੜੀ ਦਾ ਹਾਲ ਚਾਲ ਪੁੱਛ ਬੈਠਾ ਕਹਿੰਦਾ: ‘ਸਭ ਸਮੇਂ ਨਾਲ ਠੀਕ ਹੋ ਗਿਆ ਸੀ ਵੈਸੇ ਸਹੀ ਮਾਨਿਆ ਵਿੱਚ ਰਿਸ਼ਤਾ ਸਿਰੇ ਚੜ੍ਹਨ ਵੇਲੇ ‘ਤੂੜੀ ਗਿੱਲੀ ਸੀ, ਮੱਝ ਭੁੱਖੀ ਸੀ।’ ਇਸ ਤੋਂ ਬਾਅਦ ਮੈਂ ਗਿੰਦੇ ਤੋਂ ਬਹੁਤੀ ਪੜਚੋਲ ਨਹੀ ਕੀਤੀ।” |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**