13 June 2024

ਫ਼ਰੀਦ ਬਾਣੀ ਵਿਚ ਦੁੱਖ ਦਾ ਸੰਕਲਪ – ਡਾ. ਨਿਸ਼ਾਨ ਸਿੰਘ ਰਾਠੌਰ

ਫ਼ਰੀਦ ਬਾਣੀ ਵਿਚ ਦੁੱਖ ਦਾ ਸੰਕਲਪ

ਡਾ. ਨਿਸ਼ਾਨ ਸਿੰਘ ਰਾਠੌਰ

ਗੁਰਦੁਆਰਾ ਸੱਤਵੀਂ ਪਾਤਸ਼ਾਹੀ, ਥਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)

ਬਾਬਾ ਫ਼ਰੀਦ ਦੀ ਬਾਣੀ ਦੇ ਮੁੱਖ ਆਧਾਰ ਵਿਚੋਂ ਇਕ ਸ਼ਕਤੀਸ਼ਾਲੀ ਆਧਾਰ ਹੈ ਦੁੱਖ ਦਾ ਸੰਕਲਪ। ਇਸ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਇਹ ਭਲੀ-ਭਾਂਤ ਸਮਝ ਲੈਣਾ ਜ਼ਰੂਰੀ ਹੈ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਮੂਲ ਸਰੋਕਾਰ ਅਧਿਆਤਮਕਤਾ ਨਾਲ ਹੈ। ਇਸ ਲਈ ਪਦਾਰਥਵਾਦੀ ਜਾਂ ਕਿਸੇ ਹੋਰ ਨੁਕਤੇ ਤੋਂ ਇਸ ਬਾਣੀ ਦਾ ਅਧਿਐਨ ਕਰਨਾ ਵਿਚਾਰ ਚਰਚਾ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੋਵੇਗੀ। ਇਸ ਸੰਦਰਭ ਵਿਚ ਜਦੋਂ ਅਸੀਂ ਫ਼ਰੀਦ ਬਾਣੀ ਵਿਚ ਦੁੱਖ ਦੇ ਸੰਕਲਪ ਬਾਰੇ ਚਰਚਾ ਕਰਨੀ ਹੈ ਤਾਂ ਇਸ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ।

1. ਫ਼ਰੀਦ ਬਾਣੀ ਵਿਚ ਪੇਸ਼ ਦੁੱਖ ਦਾ ਕਾਰਨ।

2. ਦੁੱਖ ਦਾ ਸਰੂਪ।

3. ਦੁੱਖ ਤੋਂ ਬਚਣ ਦਾ ਉਪਾਅ।

ਇਸ ਅਧਿਆਇ ਵਿਚ ਇਹਨਾਂ ਸੰਕਲਪਾਂ ਦੀ ਵਿਸਥਾਰ ਸਹਿਤ ਚਰਚਾ ਕਰਨਾ ਜ਼ਰੂਰੀ ਹੈ।

ਦੁੱਖ ਦਾ ਕਾਰਨ:- ਸੂਫ਼ੀ ਮੱਤ ਅਨੁਸਾਰ ਜੀਵਾਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਹੋਈ ਸੂਖਮ ਹੋਂਦ ਹੈ। ਇਹ ਸੰਸਾਰ ਤ੍ਰਿਸ਼ਨਾ ਦੀ ਭੱਠੀ ਹੈ:-

“ਕਿਝੁ ਨ ਬੁੱਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ॥

ਸਾਂਈਂ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ”

ਇਸ ਭੱਠੀ ਵਿਚ ਮਨੁੱਖ ਸੜ ਰਿਹਾ ਹੈ। ਉਸ ਪਰਮ ਆਤਮਾ ਤੋਂ ਵਿਛੜਨਾ ਹੀ ਸਭ ਤੋਂ ਵੱਡਾ ਦੁੱਖ ਹੈ ਜੋ ਜੀਵ ਆਤਮਾ ਭੋਗ ਰਹੀ ਹੈ। ਇਹ ਦੁੱਖ ਦੋ ਪ੍ਰਕਾਰ ਦਾ ਹੈ। ਇਕ ਪਾਸੇ ਜਿੱਥੇ ਪਰਮਾਤਮਾ ਤੋਂ ਵਿਛੜਨਾ ਦੁੱਖ ਹੈ ਉੱਥੇ ਦੂਜੇ ਪਾਸੇ ਸੰਸਾਰ ਵਿਚ ਆਉਣਾ ਵੀ ਦੁੱਖ ਹੀ ਮੰਨਿਆਂ ਗਿਆ ਹੈ। ਇਸ ਪ੍ਰਕਾਰ ਇਹ ਵਿਛੋੜੇ ਦਾ ਦੁੱਖ ਹੋਰ ਸੰਘਣਾ ਹੋ ਜਾਂਦਾ ਹੈ। ਇਸ ਲਈ ਬਾਬਾ ਫ਼ਰੀਦ ਇਹ ਭਾਵ ਬਹੁਤ ਪ੍ਰਬਲ ਰੂਪ ਵਿਚ ਬਿਆਨ ਕਰਦੇ ਹਨ ਕਿ ਸਾਰੇ ਦੁੱਖ ਸੰਸਾਰ ਵਿਚ ਪੈਦਾ ਹੋਣ ਨਾਲ ਹੀ ਪੈਦਾ ਹੋ ਗਏ ਸਨ। ਬਾਬਾ ਫ਼ਰੀਦ ਆਪਣੀ ਬਾਣੀ ਵਿਚ ਕਹਿੰਦੇ ਹਨ ਕਿ ਕਾਸ਼ ਅਜਿਹੇ ਨਾ ਹੋਇਆ ਹੁੰਦਾ:-

“ਫ਼ਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥

ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁੱਖ॥”

ਫ਼ਰੀਦ ਲਈ ਦੂਜਾ ਵੱਡਾ ਦੁੱਖ ਦਾ ਕਾਰਨ ਪਦਾਰਥ ਹੈ। ਅਸਲ ਵਿਚ ਪਦਾਰਥ ਦੁਨਿਆਵੀ ਤੌਰ ਤੇ ਵੇਖਣ ਨੂੰ ਸੁੱਖਦਾਈ ਪ੍ਰਤੀਤ ਹੁੰਦਾ ਹੈ, ਪਰ ਆਤਮਾ ਅਤੇ ਪਰਮਾਤਮਾ ਵਿਚ ਵਿੱਥ ਪਾ ਕੇ ਦੁੱਖ ਦਿੰਦਾ ਹੈ। ਇਸ ਪਦਾਰਥ ਦੀ ਪ੍ਰਕਿਰਤੀ ਨੂੰ ਸਮਝਣ ਲਈ ਵੀ ਫ਼ਰੀਦ ਜੀ ਦੇ ਦੋ ਸਲੋਕਾਂ ਨੂੰ ਇਕੱਠੇ ਰੱਖ ਕੇ ਵਿਚਾਰਨਾ ਯੋਗ ਹੈ। ਪਹਿਲਾ ਸਲੋਕ ਪਦਾਰਥ ਭਰਮ ਪੈਦਾ ਕਰਨ ਵਾਲਾ ਪਰ ਮਿਲਾਪ ਵਿਚ ਸਹਾਈ ਨਾ ਹੋ ਸਕਣ ਵਾਲਾ ਹੈ:-

“ਫ਼ਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥

ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥”

ਇਸੇ ਤਰ੍ਹਾਂ ਦੂਜੇ ਸਲੋਕ ਵਿਚ ਪਦਾਰਥ ਜਦ ਆਪਣੇ ਅਸਲ ਰੂਪ ਵਿਚ ਪੇਸ਼ ਹੁੰਦਾ ਹੈ ਤਾਂ ਇੰਨਾਂ ਦੁੱਖਦਾਈ ਰੂਪ ਅਖ਼ਤਿਆਰ ਕਰ ਲੈਂਦਾ ਹੈ ਕਿ ਅਕਹਿ ਅਤੇ ਅਸਹਿ ਦੁੱਖ ਦੇਂਦਾ ਪ੍ਰਤੀਤ ਹੁੰਦਾ ਹੈ। ਦੁੱਖ ਵੀ ਅਜਿਹਾ ਕਿ ਜਿਸ ਦਾ ਵਰਨਣ ਇਸ ਦਿੱਸਦੇ ਜਗਤ ਦੇ ਪ੍ਰਾਣੀਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਅਜਿਹਾ ਦੁੱਖ ਤਾਂ ਕੇਵਲ ਮਾਲਕ ਅੱਗੇ ਹੀ ਪੇਸ਼ ਕੀਤਾ ਜਾ ਸਕਦਾ ਹੈ:-

“ਦੇਖੁ ਫ਼ਰੀਦਾ ਜਿ ਥੀਆ ਸਕਰ ਹੋਈ ਵਿਸੁ॥

ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥”

ਇਹ ਦੁੱਖ ਹੋਰ ਗਹਿਰਾ ਹੋ ਜਾਂਦਾ ਹੈ। ਇਸ ਨਾਸ਼ਮਾਨ ਸੰਸਾਰ ਵਿਚ ਦੁੱਖ ਭੋਗਦੇ ਹੋਏ, ਆਪਣਾ ਆਪ ਗੁਆ ਕੇ ਵੀ ਉਸ ਪ੍ਰਭੂ ਦੀ ਪ੍ਰਾਪਤੀ ਨਹੀਂ ਜਾਪਦੀ ਜਾਂ ਉਸ ਵਿਚ ਦੇਰ ਹੁੰਦੀ ਪ੍ਰਤੀਤ ਹੁੰਦੀ ਹੈ। ਇਹ ਉਡੀਕ ਅਤੇ ਅਪ੍ਰਾਪਤੀ ਦੀ ਅਵਸਥਾ ਹੀ ਦੁੱਖ ਦਾ ਕਾਰਨ ਹੋ ਨਿਬੜਦੀ ਹੈ:-

“ਫ਼ਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੁੰਡਹਿ ਕਾਗ॥

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗੁ॥”

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਫ਼ਰੀਦ ਬਾਣੀ ਵਿਚ ਦੁੱਖ ਦਾ ਮੁੱਖ/ਵੱਡਾ ਕਾਰਨ ਵਿਛੋੜਾ ਹੀ ਬਣਦਾ ਹੈ। ਜਿਸ ਵਿਚ ਜੀਵ ਆਤਮਾ ਅਤੇ ਪ੍ਰੀਤਮ ਦੇ ਵਿਛੋੜੇ ਵਿਚ ਦੁੱਖ ਭੋਗ ਰਹੀ ਹੈ। ਅਸਲ ਵਿਚ ਜੀਵ ਆਤਮਾ ਦਾ ਉਦੇਸ਼ ਪ੍ਰਭੂ ਦੀ ਪ੍ਰਾਪਤੀ ਹੈ। ਪਰਮਾਤਮਾ ਦੀ ਪ੍ਰਾਪਤੀ ਵਿਚ ਹੋ ਰਹੀ ਦੇਰ ਵੀ ਸੂਫ਼ੀ ਲਈ ਦੁੱਖ ਦਾ ਕਾਰਨ ਬਣਦੀ ਹੈ।

ਦੁੱਖ ਦਾ ਸਰੂਪ:- ਦੁੱਖ ਦੇ ਕਾਰਨ ਤੋਂ ਬਾਅਦ ਦੂਸਰਾ ਵਿਚਾਰਯੋਗ ਨੁਕਤਾ ਇਹ ਹੈ ਕਿ ਬਾਬਾ ਫ਼ਰੀਦ ਅਨੁਸਾਰ ਦੁੱਖ ਕਿਨ੍ਹਾਂ-ਕਿਨ੍ਹਾਂ ਰੂਪਾਂ ਵਿਚ ਉਜਾਗਰ ਹੁੰਦਾ ਹੈ। ਦੁੱਖ ਦਾ ਸਰੂਪ ਕੀ ਹੈ? ਦੁੱਖ ਦੀਆਂ ਕਿਹੜੀਆਂ-ਕਿਹੜੀਆਂ ਅਵਸਥਾਵਾਂ ਮਨੁੱਖ ਭੋਗਦਾ ਹੈ?

ਜਿਵੇਂ ਕਿ ਪਹਿਲਾਂ ਵੀ ਅਸੀਂ ਕਹਿ ਆਏ ਹਾਂ ਕਿ ਸੂਫ਼ੀ ਪਰੰਪਰਾ ਦੇ ਅਨੁਸਾਰ ਸੰਸਾਰ ਵਿਚ ਜੀਵ ਦਾ ਆਉਣਾ ਹੀ ਸਭ ਤੋਂ ਵੱਡਾ ਦੁੱਖ ਹੈ। ਉਸੇ ਤਰ੍ਹਾਂ ਇਸ ਸੰਸਾਰ ਵਿਚ ਵਿਚਰਨਾ ਵੀ ਆਪਣੇ ਆਪ ਵਿਚ ਇਕ ਦੁੱਖਦਾਈ ਕਰਮ ਹੈ। ਸੂਫ਼ੀਆਂ ਦੇ ਅਨੁਸਾਰ ਦੁੱਖ ਦਾ ਦੂਸਰਾ ਨਾਮ ਜੀਵਨ ਹੈ। ਸਾਡੇ ਸਾਰੇ ਕਾਰ-ਵਿਹਾਰ, ਖਾਣ-ਪੀਣ, ਪਹਿਨਣ ਹੰਢਾਉਣ ਅਤੇ ਓੜਣ ਵਿਛਾਉਣ ਸਭ ਦੁੱਖ ਦਾ ਹੀ ਦੂਸਰਾ ਰੂਪ ਹਨ:-

“ਫ਼ਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥”

ਅਤੇ ਇਸ ਦੇ ਨਾਲ ਹੀ ਬਾਬਾ ਫ਼ਰੀਦ ਜੀ ਕਹਿੰਦੇ ਹਨ:-

“ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥

ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ॥”

ਫ਼ਰੀਦ ਜੀ ਦੇ ਇਹਨਾਂ ਸਲੋਕਾਂ ਵਿਚ ਇਕ ਪਾਸੇ ਦੁੱਖ ਦੀ ਵੇਦਨਾ ਦਾ ਵਰਨਣ ਹੈ ਅਤੇ ਦੂਜੇ ਪਾਸੇ ਸੰਭਾਵੀ ਦੁੱਖ ਤੋਂ ਸੁਚੇਤ ਕੀਤਾ ਗਿਆ ਹੈ। ਕਿਤੇ-ਕਿਤੇ ਦੁੱਖ ਦੀ ਵਿਆਪਕਤਾ ਨੂੰ ਬਾਬਾ ਫ਼ਰੀਦ ਜੀ ਬੜੇ ਧਾਰਮਿਕ ਰੂਪ ਵਿਚ ਪੇਸ਼ ਕਰਦੇ ਦਿਖਾਈ ਦਿੰਦੇ ਹਨ। ਓਪਰੀ ਨਜ਼ਰੇ ਵੇਖਿਆਂ ਕਈ ਵਾਰ ਪ੍ਰਤੀਤ ਹੁੰਦਾ ਹੈ ਕਿ ਬਾਬਾ ਫ਼ਰੀਦ ਜਿਸ ਦੁੱਖ ਦੀ ਗੱਲ ਕਰ ਰਹੇ ਹਨ, ਉਹ ਨਿੱਜੀ ਦਰਦ ਅਤੇ ਨਿੱਜੀ ਭਾਵਨਾ ਨਾਲ ਸੰਬੰਧਤ ਹੈ ਪਰ ਸਮੁੱਚੇ ਰੂਪ ਵਿਚ ਵੇਖਿਆ ਜਾਵੇ ਤਾਂ ਸਪਸ਼ਟ ਪਤਾ ਚਲਦਾ ਹੈ ਕਿ ਬਾਬਾ ਫ਼ਰੀਦ ਜੀ ਦੁੱਖ ਦੀ ਸਰਬ-ਵਿਆਪਕਤਾ ਦਾ ਵਰਨਣ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਮੂਹ ਦੇ ਦੁੱਖ ਦੀ ਗੱਲ ਵੀ ਕਰ ਰਹੇ ਨਜ਼ਰ ਆਉਂਦੇ ਹਨ:-

“ਫ਼ਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥”

ਇਥੇ ਫ਼ਰੀਦ ਜੀ ਦੁੱਖ ਨੂੰ ਸ੍ਰਿਸ਼ਟੀ ਦੇ ਪੱਧਰ ਤੇ ਵਰਨਣ ਕਰ ਰਹੇ ਹਨ, ਦੁੱਖ ਸੂਖਮ ਸਥੂਲ ਦੋਹਾਂ ਰੂਪਾਂ ਵਿਚ ਵਿਦਮਾਨ ਹੈ। ਇਸ ਦੇ ਨਾਲ ਹੀ ਫ਼ਰੀਦ ਜੀ ਲੋਕਾਈ ਦੇ ਦਰਦ ਦਾ ਹਿੱਸਾ ਬਣ ਕੇ ਮਾਨਵਵਾਦੀ ਦ੍ਰਿਸ਼ਟੀ ਤੋਂ ਉਸ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਰਚ ਰਹੇ ਹਨ। ਇਸ ਤੋਂ ਵੀ ਅੱਗੇ ਐਨਾ ਵੱਡਾ ਵਿਸ਼ਾਲ ਦੁੱਖ ਦਾ ਬਿੰਬ ਰਚ ਕੇ ਆਪਣੇ ਦੁੱਖ ਨੂੰ ਛੁਟਿਆ ਕੇ ਦੇਖਣ ਨਾਲ ਦੁੱਖ ਦੀ ਤੀਖਣਤਾ ਨੂੰ ਘਟਾਉਣ ਦਾ ਮਾਰਗ ਦੱਸਣ ਦੀ ਚੇਸ਼ਟਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਅਸਲ ਵਿਚ ਬਾਬਾ ਫ਼ਰੀਦ ਵੀ ਸਵੈ ਤੋਂ ਉੱਪਰ ਉੱਠ ਕੇ ਸਮੂਹ ਦੇ ਦੁੱਖ ਦੀ ਚਿੰਤਾ ਕਰਦੇ ਵੇਖੇ ਜਾ ਸਕਦੇ ਹਨ:-

“ਫ਼ਰੀਦ ਦੇ ਇਹਨਾਂ ਸਲੋਕਾਂ ਅੰਦਰ ਉਸ ਮਨੁੱਖ ਲਈ ਗਿਆਨ ਸੋਝੀ ਹੈ ਜੋ ਮਾਇਆ ਵਿਚ ਡੁੱਬਾ ਆਪਣੇ ਧਰਮ/ਕਰਮ ਦੀ ਪਛਾਣ ਗੁਆ ਬੈਠਾ ਹੈ। ਇਹ ਕਹਿਣਾ ਕਿ ‘ਬੁਰੇ ਦਾ ਭਲਾ ਕਰ’ ਬੜੀ ਗੰਭੀਰ ਸੁਰਤਿ ਵਾਲਾ ਹੈ। ਬੁਰੇ ਦਾ ਭਲਾ ਕਰਨ ਦੀ ਸਥਿਤੀ ਵਿਚ ਪਹੁੰਚਿਆ ਹੋਇਆ ਮਨੁੱਖ ਹੀ ਅਸਲ ਵਿਚ ਸੰਪੂਰਨ ਮਨੁੱਖ ਹੈ, ਇਹ ਮਾਨਵਤਾ ਦੀ ਚਰਮ-ਸੀਮਾ ਹੈ ਜਿੱਥੇ ਪਹੁੰਚ ਕੇ ਮਨੁੱਖ ਨੂੰ ਦੂਜੇ ਵਿਚੋਂ ਆਪਣਾ ਦੀਦਾਰ ਹੋਣ ਲੱਗਦਾ ਹੈ। ਫ਼ਰੀਦ ਜੀ ਦਾ ਪ੍ਰਵਚਨ ‘ਦੇਹੀ ਰੋਗੁ ਨ ਲਗਈ’ ਐਨਾ ਪ੍ਰਮਾਣਿਕ ਹੈ ਕਿ ਇਸ ਉੱਪਰ ਅਮਲ ਕਰਨ ਵਾਲਾ ਆਪਣੇ ਅੰਦਰੋਂ ਹੀ ਸਭ ਕੁੱਝ ਪ੍ਰਾਪਤ ਲੈਂਦਾ ਹੈ। ਦੇਹੀ ਦਾ ਦੁੱਖ ਅਸਲ ਵਿਚ ਮਨ ਦੇ ਸੰਤਾਪ ਵਿਚੋਂ ਹੀ ਪੈਦਾ ਹੁੰਦਾ ਹੈ। ਫ਼ਰੀਦ ਜੀ ਨੇ ਮਨੁੱਖ ਨੂੰ ਉਸ ਦੀ ਜਿੰਦਗੀ ਦਾ ਰਹੱਸ ਸਮਝਾ ਦਿੱਤਾ ਹੈ ਕਿ ਜਿਸ ਮਨੁੱਖ ਅੰਦਰ ਮੁਆਫ਼ ਕਰਨ ਦੀ ਸ਼ਕਤੀ ਆ ਗਈ, ਉਹ ਨਿਸ਼ਚੇ ਹੀ ਪਾਰਗਾਮੀ ਅਵੱਸਥਾ ਤੱਕ ਪਹੁੰਚ ਚੁਕਾ ਹੈ।”

ਦੁੱਖ ਦੇ ਕਾਰਨ ਅਤੇ ਇਸ ਪ੍ਰਚੰਡ ਦੁੱਖ ਦੀ ਅਵਸਥਾ ਦੇ ਵਰਨਣ ਤੋਂ ਬਾਅਦ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਪ੍ਰਚੰਡ ਦੁੱਖ ਤੋਂ ਬਚਣ ਦਾ ਕੋਈ ਵਸੀਲਾ ਵੀ ਫ਼ਰੀਦ ਬਾਣੀ ਵਿੱਚ ਦਰਜ ਹੈ ਕਿ ਨਹੀਂ? ਫ਼ਰੀਦ ਬਾਣੀ ਵਿੱਚ ਇਸ ਦੁੱਖ ਤੋਂ ਬਚਣ ਜਾਂ ਉਭਰਨ ਦੇ ਕੁੱਝ ਯਤਨਾਂ ਦਾ ਉਲੇਖ ਮਿਲਦਾ ਹੈ। ਬਾਬਾ ਫ਼ਰੀਦ ਜੀ ਦੇ ਅਨੁਸਾਰ ਸੰਸਾਰ ਰੂਪੀ ‘ਵਿਧਣ ਖੂਹੀ’ ਵਿਚ ‘ਮੁੱਧ ਇਕੇਲੀ’ ਤ੍ਰਾਸ ਭੋਗ ਰਹੀ ਹੈ। ਸਾਧ ਸੰਗਤ ਦੇ ਮਿਲਾਪ ਨਾਲ ਇਸ ਸੰਸਾਰ ਵਿਚ ਹਰ ਥਾਂ ‘ਅਲਹੁ ਬੇਲੀ’ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਦੁੱਖ ਤੋਂ ਬਚਣ ਵਾਲੀ ਦੂਸਰੀ ਵਿਧੀ ਹੈ ਉਸ ਪਰਮਾਤਮਾ ਦੀ ਰਹਿਮ ਜਾਂ ਕਿਰਪਾ ਦ੍ਰਿਸ਼ਟੀ। ਪਰਮਾਤਮਾ ਦੀ ਇਸ ਕਿਰਪਾ ਨਾਲ ਹੀ ਸਾਧ-ਸੰਗਤ ਦੀ ਪ੍ਰਾਪਤੀ ਹੁੰਦੀ ਹੈ:-

“ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ॥

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥”

ਇਸ ਪ੍ਰਕਾਰ ਪਰਮਾਤਮਾ ਦੀ ਕਿਰਪਾ ਦੁਆਰਾ ਸਾਧ ਸੰਗਤ ਦਾ ਮਿਲਾਪ ਦੁੱਖ ਨੂੰ ਦੂਰ ਕਰਨ ਦਾ ਸਾਧਨ ਬਣਦਾ ਹੈ। ਇਸ ਦੇ ਨਾਲ ਹੀ ਦੁੱਖ ਤੋਂ ਮੁਕਤੀ ਦਾ ਸਭ ਤੋਂ ਵੱਡਾ ਵਸੀਲਾ ਆਪੇ ਨਾਲ ਸਖਿਆਤਕਾਰ ਹੈ। ਆਪੇ ਦੀ ਪਛਾਣ ਅਤੇ ਆਪੇ ਨਾਲ ਇੱਕਮਿਕ ਹੋਣਾ ਹੀ ਦੁੱਖ ਤੋਂ ਛੁਟਕਾਰਾ ਹੈ ਜਾਂ ਸੁੱਖ ਦੀ ਪ੍ਰਾਪਤੀ ਹੈ। ਇਹੀ ਸੂਫ਼ੀਆਂ ਦੀ ਅਸਲ ਮੰਜ਼ਲ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 12 ਅਪਰੈਲ 2008)
(ਦੂਜੀ ਵਾਰ 1 ਅਕਤੂਬਰ 2021)

***
476
***

About the author

ਡਾ. ਨਿਸ਼ਾਨ ਸਿੰਘ ਰਾਠੌਰ
+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →