ਹਰਿਆਣੇ ਦੀ ਪੰਜਾਬੀ ਸਾਹਿਤ ਨੂੰ ਦੇਣ-ਡਾ. ਕਰਮਜੀਤ ਸਿੰਘ-(ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ,ਕੁਰੂਕਸ਼ੇਤਰ (ਹਰਿਆਣਾ) |
ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ, ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ‘ਲਿਖਾਰੀ’ ਵਿੱਚ ਆਪ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਸਮੇਂ ਸਮੇਂ ਸਿਰ ਸੁ-ਸ਼ੋਭਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੀ ਇਕ ਹੋਰ ਰਚਨਾ: ‘ਹਰਿਆਣੇ ਦੀ ਪੰਜਾਬਿ ਸਾਹਿਤ ਨੂੰ ਦੇਣ’ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ। -‘ਲਿਖਾਰੀ’ ਜਦੋਂ ਅਸੀਂ ਕਿਸੇ ਇਕ ਪ੍ਰਦੇਸ਼ ਜਾਂ ਖਿੱਤੇ ਦੇ ਸਾਹਿਤ ਅਤੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਸ ਵਿਸ਼ਲੇਸ਼ਣ ਦੇ ਉਲਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਜੇਕਰ ਅਸੀਂ ਸਮੁੱਚੇ ਕੌਮੀ ਸੰਦਰਭ ਨੂੰ ਸਾਹਮਣੇ ਨਾ ਰੱਖੀਏ। ਜਿਵੇਂ ਕਿਸੇ ਕੌਮੀਅਤ ਨੂੰ ਕੌਮੀ ਸੰਦਰਭ ਤੋਂ ਤੋੜ ਕੇ ਇਕ ਵਿਸ਼ੇਸ਼ ਕੌਮ ਸਮਝਣ ਨਾਲ਼ ਬਹੁਤ ਖਤਰਨਾਕ ਸਿੱਟੇ ਨਿਕਲ਼ਦੇ ਹਨ ਤੇ ਨਿਕਲ਼ ਵੀ ਰਹੇ ਹਨ ਉਵੇਂ ਹੀ ਕਿਸੇ ਖਿੱਤੇ ਜਾਂ ਪ੍ਰਦੇਸ਼ ਦੇ ਸਾਹਿਤ ਦੀ ਅਸਲੋਂ ਵੱਖਰੀ ਪਛਾਣ ਬਣਾਉਣ ਦੇ ਯਤਨਾਂ ਨਾਲ਼ ਬੜੀਆਂ ਗੁੰਝਲਦਾਰ ਪ੍ਰਸਥਿਤੀਆਂ ਪੈਦਾ ਹੋ ਸਕਦੀਆਂ ਹਨ। ਸੰਤੋਸ਼ ਦੀ ਗੱਲ ਇਹ ਹੈ ਕਿ ਸਾਹਿਤ ਦੇ ਖੇਤਰ ਵਿਚ ਅਜਿਹੀਆਂ ਨਾਂਹਮੁਖੀ ਧੁਨੀਆਂ ਨੂੰ ਪ੍ਰਮੁੱਖਤਾ ਹਾਸਲ ਨਹੀਂ ਹੋ ਸਕੀ। ਪਰੰਤੂੰ ਫਿਰ ਵੀ ਇਨ੍ਹਾਂ ਤੋਂ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਹਰਿਆਣੇ ਦੀ ਪੰਜਾਬੀ ਸਾਹਿਤ ਨੂੰ ਦੇਣ ਉਪਰ ਚਰਚਾ ਕਰਦਿਆਂ ਹੋਇਆਂ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਕ ਪਾਸੇ ਤਾਂ ਸਾਨੂੰ ਸਮੁੱਚੇ ਪੰਜਾਬੀ ਸਾਹਿਤਕ ਸੰਦਰਭ ਨੂੰ ਧਿਆਨ ਵਿਚ ਰੱਖਣਾ ਪਵੇਗਾ ਤੇ ਨਾਲ਼ ਹੀ ਭਾਰਤੀ ਸੰਦਰਭ ਨੂੰ ਵੀ ਨਾਲ਼ ਲੈ ਕਲੇ ਤੁਰਨਾ ਪਵੇਗਾ। ਹਰਿਆਣੇ ਦੀ ਪੰਜਾਬੀ ਕਵਿਤਾ ਦੇ ਸੰਦਰਭ ਵਿਚ ਇਕ ਥਾਂ ਡਾ. ਸੁਖਦੇਵ ਸਿੰਘ ਨੇ ਲਿਖਿਆ ਹੈ ਕਿ, “ਹਰਿਆਣੇ ਦੀ ਪੰਜਾਬੀ ਕਵਿਤਾ ਨੂੰ ਹਰਿਆਣਾ ਪੰਜਾਬੀ ਕਵਿਤਾ ਜਿਹੇ ਵਿਸ਼ੇਸ਼ਣ ਰਾਹੀਂ ਪੰਜਾਬੀ ਕਵਿਤਾ ਤੋਂ ਵਖਰਿਆਇਆ ਨਹੀਂ ਜਾ ਸਕਦਾ ਕਿਉਂਕਿ ਇਸ ਕਵਿਤਾ ਦਾ ਅਜਿਹਾ ਕੋਈ ਵਿਲੱਖਣ ਮੁਹਾਂਦਰਾ ਉਘੜਦਾ ਨਜ਼ਰ ਨਹੀਂ ਆਉਂਦਾ ਜੋ ਇਸ ਨੂੰ ਇਕ ਵਿਲੱਖਣ ਆਂਚਲਿਕ ਉਸਾਰ ਵਜੋਂ ਪੰਜਾਬੀ ਕਵਿਤਾ ਤੋਂ ਨਿਖੇੜਦਾ ਹੋਵੇ। ਦੋਹਾਂ ਪ੍ਰਦੇਸ਼ਾਂ ਦੀਆਂ ਭੂਗੋਲਿਕ ਪ੍ਰਸਥਿਤੀਆਂ ਅਤੇ ਆਰਥਿਕ ਸਮਾਜਿਕ ਢਾਂਚੇ (ਜਿਸਨੂੰ ਅਰਧ ਜਗੀਰੂ ਅਰਧ ਬਸਤੀਵਾਦੀ ਕਹਿਣਾ ਵਧੇਰੇ ਉਚਿਤ ਹੈ) ਦੀ ਸਮਾਨਤਾ ਤੇ ਉਸਦੇ ਫਲਸਰੂਪ ਦੋਹਾਂ ਪ੍ਰਦੇਸ਼ਾਂ ਦੇ ਜਨਜੀਵਨ ਅਤੇ ਲੋਕਾਂ ਦੀ ਮਾਨਸਿਕ ਸੰਰਚਨਾ ਦੀ ਸਾਂਝ ਕਾਰਣ ਅਜਿਹਾ ਹੋਣਾ ਕੁਦਰਤੀ ਵੀ ਹੈ।” ਜੇ ਇਸ ਕਥਨ ਵਿਚ ਕਵਿਤਾ ਦੀ ਥਾਂ ਸਾਹਿਤ ਸ਼ਬਦ ਰੱਖ ਦਿੱਤਾ ਜਾਵੇ ਤਾਂ ਵੀ ਸਥਿਤੀ ਵਿਚ ਕੋਈ ਅੰਤਰ ਨਹੀਂ ਆਉਂਦਾ। ਇਹ ਸੱਚ ਹੈ ਕਿ ਥੋੜ੍ਹੇ ਬਹੁਤ ਅੰਤਰ ਨਾਲ਼ ਪੰਜਾਬ ਤੇ ਹਰਿਆਣੇ ਦੀਆਂ ਸਮਾਜਿਕ ਬਣਤਰਾਂ ਇਕੋ ਜਿਹੀਆਂ ਹਨ ਪਰ ਇਹ ਬਣਤਰਾਂ ਅਰਧ ਜਗੀਰੂ ਤੇ ਅਰਧ ਬਸਤੀਵਗਾਦੀ ਨਹੀਂ ਹਨ। ਜਿਥੋਂ ਤਕ ਇਸਦੀ ਸਟੇਟ ਦੇ ਚਰਿੱਤਰ ਦਾ ਸੰਬੰਧ ਹੈ ਉਸ ਵਿਚ ਸਰਮਾਏਦਾਰੀ ਦੀ ਜਾਗੀਰਦਾਰੀ ਨਾਲ਼ ਭਾਈਵਾਲੀ ਹੈ ਅਤੇ ਵੱਡੀ ਸਰਮਾਏਦਾਰੀ ਇਨਾਂ ਦੀ ਅਗਵਾਈ ਕਰ ਰਹੀ ਹੈ। ਹਰਿਆਣੇ ਪੰਜਾਬ ਨੂੰ ਇਸ ਸਟੇਟ ਚਰਿੱਤਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਫੇਰ ਇਨ੍ਹਾਂ ਦੀਆਂ ਸਮਾਜਿਕ ਬਣਤਰਾਂ ਵਿਚ ਵੀ ਥੋੜ੍ਹੀ ਬਹੁਤੀ ਭਿੰਨਤਾ ਹੋ ਸਕਦੀ ਹੈ। ਹਰਿਆਣੇ ਵਿਚ ਉਹ ਸਮਾਜਿਕ ਬਣਤਰਾਂ ਵਿਖਾਈ ਦਿੰਦੀਆਂ ਹਨ ਜੋ ਪਰੀ ਕੈਪੀਟਲਿਸਟ ਸਮਾਜ ਵਿਚ ਹੋ ਸਕਦੀਆਂ ਹਨ। ਇਥੇ ਅਮੀਰ ਕਿਸਾਨੀ ਭਾਰੂ ਹੈ। ਮੱਧਵਰਗੀ ਕਿਸਾਨ ਵੀ ਮੌਜੂਦ ਹੈ ਪਰ ਸਰਮਾਏਦਾਰੀ ਸਮਾਜਿਕ ਬਣਤਰਾਂ ਮੁਢਲੀ ਅਵਸਥਾ ਵਿਚ ਹਨ। ਪੰਜਾਬ ਵਿਚ ਇਨ੍ਹਾਂ ਬਣਤਰਾਂ ਨੇ ਕਾਫੀ ਵਿਕਾਸ ਕਰ ਲਿਆ ਹੈ ਅਤੇ ਵੱਡੇ ਵੱਡੇ ਵਪਾਰਕ ਕੇਂਦਰ ਵੀ ਸਥਾਪਿਤ ਹੋ ਚੁੱਕੇ ਹਨ। ਲੋਕਾਂ ਦੀ ਮਾਨਸਿਕ ਸੰਰਚਨਾ ਲਗਭਗ ਇਕੋ ਜਿਹੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਪਰ ਕਿਉਂ ਹਰਿਆਣਵੀ ਪੰਜਾਬੀ ਸਾਹਿਤ ਦਾ ਕੋਈ, “ਵਿਲੱਖਣ ਮੁਹਾਂਦਰਾ ਉਘੜਦਾ ਨਜ਼ਰ ਨਹੀਂ ਆਉਂਦਾ ਜੋ ਇਸ ਨੂੰ ਵਿਲੱਖਣ ਆਂਚਲਿਕ ਉਸਾਰ ਵਜੋਂ ਪੰਜਾਬੀ ਕਵਿਤਾ (ਸਾਹਿਤ) ਤੋਂ ਨਿਖੇੜਦਾ ਹੋਵੇ?” ਪ੍ਰਸ਼ਨ ਬੜਾ ਗੰਭੀਰ ਹੈ। ਇਸਦਾ ਉੱਤਰ ਹਰਿਆਣੇ ਦੀਆ ਪ੍ਰਸਥਿਤੀਆਂ ਵਿਚੋਂ ਹੀ ਲੱਭਣਾ ਪਵੇਗਾ। ਸਾਡੇ ਵਿਚਾਰ ਵਿਚ ਹਰਿਆਣਵੀ ਪੰਜਾਬੀ ਸਾਹਿਤ ਦਾ ਵੱਖਰਾ ਮੁਹਾਂਦਰਾ ਨਾ ਸਿਰਜੇ ਜਾਣ ਦਾ ਪ੍ਰਮੁੱਖ ਕਾਰਨ ਇਸਦੇ ਮੌਲਿਕ ਪ੍ਰੇਰਨਾ ਸਰੋਤਾਂ ਦੀ ਅਣਹੋਂਦ ਹੈ। ਸਾਡੇ ਸਾਹਿਤਕਾਰਾਂ ਦੀ ਅਣਗਹਿਲੀ ਵੀ ਕੋਈ ਛੋਟਾ ਕਾਰਣ ਨਹੀਂ। ਹਰਿਆਣੇ ਵਿਚ ਅਜੇ ਤੱਕ ਵੀ ਨਗਰਾਂ ਦਾ ਵਿਕਾਸ ਨਹੀਂ ਹੋ ਸਕਿਆ ਜੋ ਇਕ ਨਵੇਂ ਮੱਧ ਵਰਗ ਨੂੰ ਪੈਦਾ ਕਰਨ ਅਤੇ ਮੱਧ ਵਰਗੀ ਸੰਵੇਦਨਾ ਸਿਰਜਣ ਦੇ ਸਮਰੱਥ ਹੁੰਦਾ ਹੈ। ਸਿੱਟੇ ਵਜੋਂ ਇਕ ਸਾਹਿਤਕ ਮਾਹੌਲ ਦੀ ਕਮੀ ਰੜਕਦੀ ਹੈ ਜਿਸ ਵਿਚੋਂ ਨਵੇਂ ਪੰਜਾਬੀ ਸਾਹਿਤਕਾਰਾਂ ਨੇ ਉਭਾਰ ਪ੍ਰਾਪਤ ਕਰਨਾ ਹੈ। ਹਰਿਆਣੇ ਵਿਚ ਆਜ਼ਾਦੀ ਦੀ ਲੜ੍ਹਾਈ ਦਾ ਪ੍ਰਭਾਵ ਘੱਟ ਰਿਹਾ ਹੈ। ਇਸ ਲਈ ਇਸ ਲੜਾਈ ਦੌਰਾਨ ਉਪਜੀਆਂ ਸਵੱਸਥ ਪਰੰਪਰਾਵਾਂ ਦੇ ਪ੍ਰਭਾਵ ਦਾ ਘੇਰਾ ਵੀ ਬਹੁਤ ਸੀਮਤ ਹੈ, ਜਿਸ ਕਾਰਨ ਗਤੀਸ਼ੀਲਤਾ ਨਾਲ਼ੋਂ ਖੜੋਤ ਦਾ ਅਭਾਸ ਵਧੇਰੇ ਹੁੰਦਾ ਹੈ। ਭਗਤੀ ਅੰਦੋਲਨ ਨੇ ਵੀ ਹਰਿਆਣੇ ਉਪਰ ਉਹੋ ਜਿਹਾ ਪ੍ਰਭਾਵ ਨਹੀਂ ਪਾਇਆ ਜਿਹੋ ਜਿਹਾ ਕਿ ਇਸ ਨੇ ਪੰਜਾਬ ਜਾਂ ਦੂਸਰੇ ਭਾਰਤੀ ਖਿੱਤਿਆਂ ਵਿਚ ਪਾਇਆ ਹੈ। ਇਸ ਲਈ ਜਾਤ ਪਾਤ ਦੇ ਬੰਧਨ, ਇਸਤਰੀ ਦੀ ਨਾ ਬਰਾਬਰੀ, ਖੇਤਰਵਾਦ ਆਦਿ ਅਲਾਮਤਾਂ ਇਸ ਖਿੱਤੇ ਵਿਚ ਵਧੇਰੇ ਹਨ। ਇਥੋਂ ਦਾ ਲੋਕ ਸਾਹਿਤ ਸਮ੍ਰਿਧ ਹੋਣ ਦੇ ਬਾਵਜੂਦ ਇਸ ਦੀਆ ਮਾਨਵੀ ਭਾਵਨਾਵਾਂ ਅਗਰਭੂਮੀ ਵਿਚ ਨਹੀਂ ਆਉਂਦੀਆਂ। ਇਨ੍ਹਾਂ ਦੀ ਬਜਾਇ ਪਾਪੂਲਰ ਸਾਹਿਤ ਦੀ ਲਟਕੇਬਾਜ਼ੀ, ਜਿਨਸੀ ਭਾਵਨਾਵਾਂ ਦਾ ਉਭਾਰ ਵਧੇਰੇ ਦਿਲ ਲੁਭਾਉਣਾ ਬਣਿਆ ਰਹਿੰਦਾ ਹੈ। ਰਾਗਨੀ ਦੇ ਪ੍ਰਚਲਿੱਤ ਰੂਪ ਤੋਂ ਇਸ ਦੀ ਪੁਸ਼ਟੀ ਹੋ ਜਾਂਦੀ ਹੈ। ਜਦੋ ਅਸੀਂ ਪੰਜਾਬੀ ਸਾਹਿਤਕਾਰਾਂ ਦੀ ਅਣਗਹਿਲੀ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਅਰਥ ਇਹ ਹੈ ਕਿ ਇਨ੍ਹਾਂ ਨੇ ਹਰਿਆਣਵੀ ਮਿੱਟੀ ਦੀਆਂ ਵਿਸ਼ੇਸਤਾਈਆਂ ਨੂੰ ਆਤਮਸਾਤ ਨਹੀਂ ਕੀਤਾ, ਇਨ੍ਹਾਂ ਨਾਲ ਉਹ ਮੋਹ ਨਹੀਂ ਪਾਇਆ ਜਿਹੜਾ ਪਾਉਣਾ ਚਾਹੀਦਾ ਸੀ। ਮਿੱਟੀ ਨਾਲ ਮੋਹ ਨਾ ਹੋਵੇ ਪਰ ਇਸ ਨਾਲ ਜੁੜੀ ਭਾਸ਼ਾ ਵਿਚ ਸਾਹਿਤ ਰਚਨਾ ਕੀਤੀ ਜਾ ਰਹੀ ਹੋਵੇ ਤਾਂ ਇਕ ਓਪਰੇਪਨ ਦਾ ਅਹਿਸਾਸ ਬਣਿਆ ਰਹਿੰਦਾ ਹੈ ਜੋ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਵਾਚਣ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹਿੰਦਾ ਹੈ। ਕਈ ਸਾਹਿਤਕਾਰਾਂ ਦਾ ਇਹ ਅਪਣਾ ਦੋਸ਼ ਨਾ ਹੋ ਕੇ ਉਨ੍ਹਾਂ ਦੇ ‘ਪਰਵਾਸੀਪੁਣੇ’ ਦਾ ਦੋਸ਼ ਬਣ ਜਾਂਦਾ ਹੈ। ਈਸ਼ਰ ਸਿੰਘ ਤਾਂਘ ਨੇ ਇਸ ‘ਪਰਵਾਸੀਪੁਣੇ’ ਦੀ ਵਿਆਖਿਆ ਸਹੀ ਰੂਪ ਵਿਚ ਕੀਤੀ ਹੈ। ਉਹ ਲਿਖਦਾ ਹੈ, “ਪੰਜਾਬੀ ਦੇ ਗਲਪਕਾਰ(ਸਾਹਿਤਕਾਰ) ਦਾ ਮੂਲ ਸੰਬੰਧ ਪਾਕਿਸਤਾਨੀ ਪੰਜਾਬ ਜਾਂ ਵਰਤਮਾਨ ਪੰਜਾਬ ਨਾਲ ਹੈ। ਉਹ ਇਸ ਭੁਗੋਲਿਕ ਖੰਡ ਵਿਚ ਆਪਣੀਆਂ ਆਰਥਿਕ/ਪਦਾਰਥਕ ਲੋੜ੍ਹਾਂ ਅਨੁਸਾਰ ਸਮੇਂ ਸਮੇਂ ਆਉਂਦਾ ਰਿਹਾ ਹੈ। ਇਸ ਲਈ ਹਰਿਆਣੇ ਦਾ ਪੰਜਾਬੀ ਗਲਪਕਾਰ (ਸਾਹਿਤਕਾਰ) ਆਪਣੀ ਸੰਵੇਦਨਾਂ ਅਤੇ ਯਥਾਰਥ ਨੂੰ ਆਪਣੇ ਮੂਲ ਸੱਭਿਆਚਾਰਕ ਵਿਰਸੇ ਨਾਲੋ ਨਿਖੇੜ ਕੇ ਪੇਸ਼ ਨਹੀਂ ਕਰ ਸਕਿਆ ਕਿਉਂ ਕਿ ਉਹ ਜੇ ਇੱਥੇ ਜੰਮਿਆਂ ਪਲਿਆਂ ਹੈ ਤਾਂ ਵਸਿਆਂ ਨਹੀਂ, ਜੇ ਵਸਿਆਂ ਹੈ ਤਾਂ ਜੰਮਿਆਂ ਪਲਿਆਂ ਨਹੀਂ ਜਾਂ ਆਰਥਿਕ ਮਜਬੂਰੀਆਂ ਨੇ ਨਿਸ਼ਚਿਤ/ ਅਨਿਸ਼ਚਿਤ ਸਮੇਂ ਲਈ ਇਥੇ ਆਉਣ ਲਈ ਪ੍ਰੇਰਿਆਂ ਹੈ ਜਾਂ ਉਹ ਅੰਦਰ ਇਸ ਖੇਤਰ ਦੀ ਪੰਜਾਬੀ ਦੀ ਸਾਹਿਤਕ ਪ੍ਰਤਿਭਾ ਨੂੰ ਆਪਣੀ ਛਤਰ ਛਾਂ ਹੇਠ ਲੈ ਲੈਣ ਦੀ ਸਮਰੱਥਾ ਕਾਰਜਸ਼ੀ਼ਲ ਹੋਈ ਹੈ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਰਾਜ- ਕਰਮਚਾਰੀ/ਅਧਿਕਾਰੀ ਵਜ਼ੋ ਹਰਿਆਣਵੀ ਹੋ ਨਿਬੜਿਆਂ ਹੈ।ਇਨ੍ਹਾਂ ਸਥਿਤੀਆਂ ਨੇ ਪੰਜਾਬੀ ਗਲਪਕਾਰੀ (ਸਾਹਿਤਕਾਰੀ) ਨੂੰ ਹਰਿਆਣਵੀ ਸੱਭਿਆਚਾਰਕ ਪ੍ਰਸੰਗਾਂ ਤੇ ਪਹਿਲੂਆ ਤੋਂ ਅਣਭਿੱਜ ਰੱਖਿਆ ਹੈ।” ਇਸ ਸਭ ਕੁਝ ਦੇ ਬਾਵਜੂਦ ਉਨ੍ਹਾਂ ਸਾਹਿਜਤਕਾਰਾਂ ਨੂੰ ਬਰੀ ਨਹੀਨ ਕੀਤਾ ਜਾ ਸਕਦਾ ਜੋ 58 ਸਾਲਾਂ ਤੋਂ ਇਥੇ ਆ ਕੇ ਵਸੇ ਹੋਏ ਹਨ ਜਾਂ ਫਿਰ ਇਥੇ ਜੰਮੇ ਪਲੇ ਹਨ, ਪਰ ਫਿਰ ਵੀ ਉਨ੍ਹਾਂ ਦੀਆ ਲਿਖਤਾਂ ਵਿਚ ਇਥੋ ਦੀ ਮਿੱਟੀ ਨਾਲ ਮੋਹ ਦਾ ਕੋਈ ਯਾਦਗਾਰੀ ਝਲਕਾਰਾਂ ਪ੍ਰਾਪਤ ਨਹੀਂ ਹੁੰਦਾ। ਇਸ ਘਾਟ ਦੇ ਹੁੰਦਿਆ ਵੀ ਹਰਿਆਣੇ ਵਿਚ ਜੋਂ ਵੀ ਸਾਹਿਤ- ਸਿਰਜਣਾ ਹੋਈ ਹੈ ਉਸ ਦਾ ਆਪਣਾ ਮਹੱਤਵ ਹੈ ਕਿਉਂ ਕਿ ਵਿਚਾਰ ਪੱਧਰ ਤੇ ਹੀ ਸਹੀ ਇਹ ਸਿਰਕਣਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਚਾਰਧਾਰਾਵਾਂ ਨਾਲ ਕਦਮ ਮੇਲ ਕੇ ਤੁਰਦੀ ਹੈ। ਹਰਿਆਣਵੀ, ਪੰਜਾਬੀ ਸਾਹਿਤਕ੍ਰਾ ਨੇ ਸਾਹਿਤ ਦੇ ਪ੍ਰਮੁੱਖ ਸਾਹਿਤ ਰੂਪਾਂ ਕਵਿਤਾ, ਗਲਪ, ਨਾਟਕ, ਵਾਰਤਕ, ਸਫ਼ਰਨਾਮਾ,ਜੀਵਨੀ ਤੇ ਵਿਅੰਗ ਦੀ ਸਿਰਜਣਾ ਕੀਤੀ ਹੈ। ਸਿਰਜਣਾ ਦੇ ਨਾਲ-ਨਾਲ ਆਲੋਚਣਾਂ ਅਤੇ ਲੋਕਯਾਨ ਅਧਿਐਨ ਵੀ ਆਪਣਾ ਰਾਹ ਬਣਾ ਰਹੇ ਹਨ। ਹਰਿਆਣੇ ਵਿਚ ਰਚੀ ਤਾ ਰਹੀ ਕਵਿਤਾ ਦੇ ਅਨੇਕ ਰੰਗ ਹਨ । ਇਥੋ ਦੀ ਕਵਿਤਾ ਵਿਚ ਧਾਰਮਿਕਤਾ,ਸਦਚਾਰਕਤਾ ਦੇ ਨਾਲ ਨਾਲ ਪਿਆਰ ਅਨੁਭਵ ਦਾ ਪ੍ਰਪੰਰਾਗਤ ਪ੍ਰਗਟਾ ਹੋਇਆ ਵੀ ਮਿਲਦਾ ਹੈ। ਕਵੀ ਵਰਤਮਾਨ ਯਥਾਰਥ ਤੋਂ ਉਪਜੇ ਗੁੰਝਲਦਾਰ ਅਨੁਭਵ ਨਾਲ ਦੋ-ਚਾਰ ਹੁੰਦੇ ਹਨ। ਕੁਝ ਕਵੀ ਤਾਂ ਯਥਾਰਥ ਨੂੰ ਬਾਹਰੋਂ ਤੱਕਦੇ ਹਨ ਪਰੰਤੂ ਕੁਝ ਯਥਾਰਥ ਦੀਆਂ ਵਿਰੋਧਤਾਈਆਂ ਵਿਚ ਸੰਘਰਸ਼ਸ਼ੀਲ ਹੁੰਦੇ ਹੋਏ ਕਿਸੇ ਦੱਬੀ ਕੁਚਲੀ ਧਿਰ ਦੇ ਨਾਲ਼ ਖਵੋ ਕੇ ਆਪਣੇ ਅਨੁਭਵ ਦਾ ਉਚਾਰਣ ਕਰਦੇ ਹਨ। ਹਰਿਆਣੇ ਦੀ ਕਵਿਤਾ ਵਿਚ ਰੁਮਾਂਟਿਕ ਪ੍ਰਗਤੀਵਾਦ ਤੋਂ ਲੈ ਕੇ ਆਲੋਚਨਾਤਮਿਕ ਯਥਾਰਥ ਤਕ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ। ਕਵੀ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਸਮਕਾਲੀ ਸਮਾਜ ਦੀਆਂ ਅਨੇਕਾਂ ਤਹਿਆਂ ਨੂੰ ਫੋਲ ਕੇ ਵਿਅੰਗ ਵਿਧੀ ਰਾਹੀਂ ਪਾਠਕਾਂ ਸਾਹਮਣੇ ਇਉਂ ਪੇਸ਼ ਕਰਦਾ ਹੈ ਕਿ ਪਾਠਕ ਖੁਦ ਹਾਂ ਪੱਖੀ ਕਦਰਾਂ ਕੀਮਤਾਂ ਦਾ ਹਾਮੀ ਬਣਦਾ ਚਲਦਾ ਜਾਂਦਾ ਹੈ ਅਤੇ ਨਤੀਜੇ ਵਜੋਂ ਨਾਂਹ ਪੲਖੀ ਪ੍ਰਵਿਤੀਆਂ ਦੇ ਵਿਰੋਧ ਵਿਚ ਖੜੌਣ ਲਈ ਹਿੱਮਤ ਕਰਦਾ ਹੈ। ਹਰਿਆਣੇ ਦੇ ਕਵੀਆਂ ਵਿਚੋਂ ਦੀਦਾਰ ਸਿੰਘ, ਸੁਮੇਰ, ਹਰਭਜਨ ਸਿੰਘ ਕੋਮਲ, ਹਰਿਭਜਨ ਸਿੰਘ ਰੈਣੂ, ਦਰਸ਼ਨ ਨੱਤ, ਸੁਖਿਮਦਰ, ਰਤਨ ਸਿੰਘ ਢਿੱਲੋਂ ਰਮੇਸ਼, ਰਾਬਿੰਦਰ ਮਸਰੂਰ, ਸੁਰਿੰਦਰ ਕੋਮਲ, ਲੱਖ ਕਰਨਾਲਵੀ, ਸੁਭਾਸ਼ ਮਾਨਸਾ, ਪਾਲ ਕੌਰ ਆਦਿ ਕਵੀਆਂ ਨੇ ਹਰਿਆਣੇ ਦੀਆਂ ਟੱਪ ਕੇ ਪੰਜਾਬੀ ਸਾਹਿਤ ਵਿਚ ਆਪਣਾ ਸਥਾਨ ਬਣਾ ਲਿਆ ਹੈ ਜਾਂ ਬਣਾ ਰਹੇ ਹਨ। ਇੱਥੇ ਕੁਝ ਇਕ ਕਾਵਿ ਪੰਗਤੀਆ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਹਰਿਆਣੇ ਦੀ ਕਵਿਤਾ ਦੇ ਵਿਸ਼ੇ ਵਿਸਤਾਰ ਤੇ ਇਸਦੀ ਪੱਧਰ ਦਾ ਅਹਿਸਾਸ ਹੋ ਸਕੇ। –ਸਾਥੀਉ ਹੌਸਲੇ ਨਾ ਹਾਰੋ ਸਵੇਰਾ ਜ਼ਰੂਰ ਹੋਵੇਗਾ। -ਇਸ ਸ਼ਹਿਰ ਦਾ ਸਾਰਾ ਆਵਾ ਉਤ ਗਿਆ ਹੈ -ਸ਼ਹਿਰ ਤੇਰੇ ਦੀ ਕਰ ਪਰਿਕਰਮਾ ਇਹ ਇਕ ਵਿਰੋਧਾਭਾਸ ਹੈ ਕਿ ਜਿੱਥੇ ਸਮੁੱਚੇ ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਗਲਪ (ਨਾਵਲ ਤੇ ਕਹਾਣੀ) ਦਾ ਦਰਜਾ ਕਈ ਪੱਖਾਂ ਤੋਂ ਕਵਿਤਾ ਤੋਂ ਵੀ ਉਪਰ ਹੋ ਜਾਂਦਾ ਹੈ ਉਥੇ ਹਰਿਆਣੇ ਵਿਚ ਇਸ ਦਾ ਦਰਜ਼ਾ ਗਿਣਾਤਮਕ ਤੇ ਗੁਣਾਤਮਕ ਪੱਖੋ ਬਹੁਤਾ ਸੁਲਾਹੁਣਯੋਗ ਨਹੀਂ। ਫਿਰ ਵੀ ਸਤਿਨਾਮ ਸਿੰਘ ਬੰਦਵੀ, ਸੁਰਜੀਤ ਸਿੰਘ ਸੁਰਜੀਤ, ਸੁਖਚੈਨ ਭਮਡਾਰੀ, ਸੋਹਣ ਸਿੰਘ ਹੰਸ, ਈਸ਼ਰ ਸਿੰਘ ਤਾਂਘ, ਰਾਜ ਸ਼ਰਮਾਂ ਦੀਆਂ ਗਲਪ ਰਚਨਾਵਾਂ ਇਕ ਪਾਸੇ ਤਾਂ ਜਗੀਰਦਾਰੀ ਕਦਰਾਂ ਕੀਮਤਾਂ ਦਾ ਚਿੱਤਰਣ ਕਰਦੀਆਂ ਹਨ ਤੇ ਦੂਜੇ ਪਾਸੇ ਅਦਧੁਨਿਕ ਮਹਾਂਨਗਰੀ ਜੀਵਨ ਦੇ ਵਿਰੋਧਾਭਾਸਾ ਨੂੰ ਚਿੱਤਰਣ ਲਈ ਯਤਨਸ਼ੀਲ ਹਨ। ਇਨ੍ਹਾਂ ਗਲਪਕਾਰਾਂ ਵਿਚੋਂ ਸੋਹਣ ਸਿੰਘ ਹੰਸ ਦਾ ਨਾਂ ਵਧੇਰੇ ਚਰਚਿਤ ਹੈ ਉਸ ਨੇ ਆਪਣੇ ਨਾਵਲ ‘ਕਾਰੇ ਹੱਥੀ’ ਵਿਚ ਜਾਇਦਾਦ ਬਚਾਉਣ ਲਈ ਜਗੀਰਦਾਰੀ ਦੇ ਸਵੈ ਸਿਰਜੇ ਸਦਾਚਾਰ ਦੀਆਂ ਧੱਜੀਆਂ ਉਡਦੀਆਂ ਦਿਖਾਈਆਂ ਹਨ ਅਤੇ ਯਥਾਰਥ ਦੀ ਜਮੀਨ ਉੱਪਰ ਤੁਰਦਿਆਂ ਹੋਇਆਂ ਪ੍ਰਗਤੀਵਾਦੀ,ਆਦਰਸ਼ਵਾਦੀ ਚਿੰਤਨ ਨੂੰ ਅਗਾਂਹ ਤੋਰਿਆ ਹੈ। ਪੰਜਾਬੀ ਦੇ ਕਈ ਨਾਟਕਕਾਰਾ ਤੇ ਗਲਪਕਾਰਾ ਨੇ ਜਾਇਦਾਦ ਦੀ ਵੰਡ ਨੂੰ ਰੋਕੇ ਕਾਣ ਦੇ ਸਾਧਨ ਵਜੋਂ ਇੱਥੇ ਭਰਾ ਦੇ ਵਿਆਹੇ ਜਾਣ ਤੇ ਸਾਰਿਆਂ ਦੇ ਵਿਆਹੇ ਜਾਣ ਦੇ ਵਿਚਾਰ ਨੂੰ ਯਤਾਰਥਵਾਦੀ ਢੰਗ ਨਾਲ ਦੇਖਿਆ ਹੈ। ਹੰਸ ਨੇ ‘ਕਾਰੇ ਹੱਥੀ’ ਵੱਲੋ ਭੇਣ ਦਾ ਰਿਸਤਾ ਸਹੁਰੇ ਲਈ ਲਿਆ ਕੇ ਤੇ ਬਾਦ ਵਿਚ ਭੇਣੁਮੁੰਡੇ ਆਪ ਵਿਆਹ ਕਰਕੇ ਜਮੀਨ ਨੂੰ ਸ਼ਰੀਕਾ ਦੇ ਹਲ੍ਹਾਂ ਹੇਠ ਜਾਣ ਤੋਂ ਰੋਕਣ ਦਾ ਵਰਣਨ ਕੀਤਾ ਹੈ। ਇਸ ਪੱਖ ਨੂੰ ਉਘਾੜਨ ਕਰਕੇ ਹੀ ਹੰਸ ਦਾ ਇਹ ਨਾਵਲ ਪੰਜਾਬੀ ਸਾਹਿਤ ਵਿਚ ਯਾਦਗਾਰੀ ਬਣਿਆ ਰਹੇਗਾ। ਹਰਿਆਣੇ ਵਿਚ ਲੋਕ ਨਾਟਕ ਦੀ ਪਰੰਪਰਾ ਵਿਚ ਸਵਾਂਗ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਜਿਸ ਰਾਹੀਂ ਦੰਤਕਥਾਵੀ ਪਾਤਰਾਂ ਨੂੰ ਨਾਟਕੀ ਰੂਪ ਵਿਚ ਦੇਖ ਕੇ ਸਦਾਚਾਰਕ ਸਿਖਿਆ ਗ੍ਰਹਿਣ ਕਰਦਿਆਂ ਹੋਇਆਂ ਬਾਹਰੀ ਯਥਾਰਥ ਦੇ ਦਬਾਵਾਂ ਨੂੰ ਸਹਿਣ ਲਈ ਦੁਖਾਂਤਾਂ ਰਾਹੀਂ ਭਾਵਨਾਵਾਂ ਦਾ ਵਿਰੇਚਨ ਕਰਦਿਆਂ ਹੋਇਆਂ ਜਾਂ ਜੀਵਨ ਵਿਚ ਕੁਝ ਚਿਰ ਦੀਆ ਰਮਗੀਨੀਆਂ ਭਰਨ ਲਈ ਜਿਨਸੀ ਅਦਾਵਾਂ ਨੂੰ ਦੇਖਦਿਆਂ ਹੋਇਆਂ ਲੋਕ ਆਪਣੀ ਪਰੰਪਰਾ ਨੂੰ ਅਗਾਂਹ ਤੋਰਦੇ ਹਨ। ਇਸਦੇ ਮੁਕਾਬਲੇ ਤੇ ਹਰਿਆਣੇ ਵਿਚ ਰੰਗਮੰਚ ਦੀ ਉਹ ਪਰੰਪਰਾ ਨਹੀਂ ਹੈ ਜਿਹੜੀ ਪੰਜਾਬੀ ਵਿਚ ਕਈ ਪੀੜੀਆਂ ਦਾ ਸਫ਼ਰ ਤੈਅ ਕਰ ਚੁੱਕੀ ਹੈ। ਰੰਗਮੰਚ ਤੇ ਨਾਟਕ ਪਰੰਪਰਾ ਦੀ ਅਣਹੋਂਦ ਕਾਰਣ ਜੋ ਨਾਟਕ ਸਿਰਜੇ ਗਏ ਹਨ ਉਨ੍ਹਾਂ ਦੇ ਪ੍ਰੇਰਣਾ ਸ੍ਰੋਤ ਹਰਿਆਣੇ ਤੋਂ ਬਾਹਰ ਪੰਜਾਬੀ ਕਾਵਿ ਨਾਟਕ ਦੀ ਪਰੰਪਰਾ ਹੈ ਜਾਂ ਰੇਡੀਉ ਨਾਟਕ। ਧੀਦਾਰ ਸਿੰਘ ਨੇ ਦੋ ਕਾਵਿ ਨਾਟਕ ਪ੍ਰਕਾਸਿ਼ਤ ਕਰਵਾਏ, ਅਖੰਡ ਨੂਰ ਅਜੇ ਪੁਸਤਕ ਰੂਪ ਗ੍ਰਹਿਣ ਕਰਨਾ ਹੈ। ਮਹਾਂਪੰਡਤ ਚਾਰਵਾਕ ਮਹਾਂਭਾਰਤ ਦੀ ਭੁਮੀ ਨਾਲ਼ ਸੰਬੰਧਿਤ ਹੈ। ਸੇਖੋਂ ਵਾਂਗ ਦੀਦਾਰ ਸਿੰਘ ਨੇ ਮਹਾਂਭਾਰਤ ਦੀ ਇਕ ਘਟਨਾ ਨੂੰ ਲੈ ਕੇ ਇਸ ਦੀ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪੁਨਰ ਵਿਆਖਿਆ ਕੀਤੀ ਹੈ। ਦੀਦਾਰ ਸਿੰਘ ਦਾ ਪ੍ਰਰਨਾ ਸ੍ਰੋਤ ਦੇਬੀ ਪ੍ਰਸਾਦ ਚਟੋਪਾਧਿਆਇ ਹੈ। ਇਸੇ ਲਈ ਮਹਾਂਪੰਡਤ ਚਾਰਵਾਕ ਵਿਚ ਸਮੁੱਚੇ ਭਾਰਤੀ ਪਦਾਰਥਵਾਦੀ ਦਰਸ਼ਨ (ਲੋਕਾਇਤ) ਦਾ ਪ੍ਰਵਕਤਾ ਬਣ ਕੇ ਸਾਹਮਣੇ ਆਉਂਦਾ ਹੈ। ਉਹ ਕੇਵਲ ਦਾਰਸ਼ਨਿਕ ਹੀ ਨਹੀਂ ਸਗੋਂ ਸਮਾਜਿਕ ਰਾਜਨੀਤਕ ਪਿੜ ਵਿਚ ਅਮਲੀ ਰੂਪ ਵਿਚ ਵੀ ਨਿੱਤਰਦਾ ਹੈ। ਖਾਉ ਪੀਉ ਐਸ਼ ਕਰੋ ਦੀ ਉਸ ਲਈ ਬਣਾਈ ਹੋਈ ਕਾਰ ਨੂੰ ਉਲੰਘ ਕੇ ਉਹ ਸ਼ਾਂਤੀ ਦਾ ਦੂਤ ਬਣ ਜਾਂਦਾ ਹੈ। ਅੁਹ ਯੁਧਿਟਰ ਦੇ ਵਿਜੇ-ਜਸ਼ਨਾਂ ਸਾਹਵੇਂ ਇਕੱਲਾ ਹੀ ਚਟੱਟਾਨ ਵਾਂਗ ਅੜ ਖਲੋਂਦਾ ਹੈ ਅਤੇ ਉਨੀ ਦੇਰ ਤਕ ਖਰੀਆਂ ਖਰੀਆਂ ਸੁਣਾਉਂਦਾ ਰਹਿੰਦਾ ਹੈ ਜਿੰਨੀ ਦੇਰ ਤਕ ਉਸਨੂੰ ਚਿਤਾ ਵਿਚ ਜਲ਼ਾ ਨਹੀਂ ਦਿੱਤਾ ਜਾਂਦਾ। ਸੁਮੇਲ ਦੀਦਾਰ ਦਿੰਘ ਦਾ ਸ਼ੁਧ ਦਾਰਸ਼ਨਿਕ ਕਾਵਿ-ਨ੍ਰਿਤ-ਨਾਟ ਹੈ ਜੋ ਦਵੰਦਵਾਦੀ ਪਦਾਰਥਵਾਦੀ ਦਰਸ਼ਨ ਦੀ ਨਾਟਕੀ ਵਿਆਖਿਆ ਕਰਦਾ ਹੈ। ਇਸਦੇ ਸਾਰੇ ਪਾਤਰ ਕਾਲਪਨਿਕ ਹਨ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇ ਵੀ ਦਵੰਦਵਾਦੀ ਪਦਾਰਥਵਾਦੀ ਦਰਸ਼ਨ ਅਨੁਸਾਰ ਕਲਪੇ ਗਏ ਹਨ। ਵਿਰੋਧ ਵਿਕਾਸ ਦੀ ਪ੍ਰਕਿਰਿਆ ਇਨਕਲਾਬੀ ਸਥਿਤੀਆਂ ਦੀ ਅਨਿਵਾਰੀਅਤਾ ਅਤੇ ਯੁਨੀਟੀ ਆਫ ਟੂ ਆਪੋਜ਼ੀਸ਼ਨ ਆਦਿ ਸਿਧਾਂਤਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਈਸ਼ਰ ਸਿੰਘ ਤਾਂਘ ਦਾ ਕਾਵਿ-ਨਾਟਕ ਪ੍ਰਤੀਕਾਂ ਦੇ ਉਹਲੇ ਵੀ ਮਹਾਂ ਪੰਡਤ ਚਾਰਵਾਕ ਵਾਂਗ ਮਿਥਿਹਾਸਕ ਘਟਨਾਵਾਂ ਦੇ ਮੇਲ਼ ਤੋਂ ਅਜੋਕੇ ਅਰਥਾਂ ਦੀ ਸਿਰਜਣਾ ਕਰਦਾ ਹੈ। ਰਤਨ ਸਿੰਘ ਢਿੱਲੋਂ ਅਨੁਸਾਰ, “ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਡਾ. ਤਾਂਘ ਸ਼ਾਇਦ ਅਚੇਤ ਤੌਰ ਤੇ ਸਰਮਾਏਦਾਰੀ ਤੇ ਸਾਮਰਾਜਵਾਦ ਦੇ ਖਿਲਾਫ਼ ਕਹਿ ਗਿਆ ਹੈ ਅਤੇ ਲੋਕ ਹਿਤੈਸ਼ੀ ਗੱਲ ਕਰ ਗਿਆ ਹੈ। ……..ਡਾ. ਤਾਂਘ ਨੇ ਵੀ ਮਿੱਥਕ ਪਾਤਰਾਂ ਨੂੰ ਪ੍ਰਤੀਕ ਰੂਪ ਵਿਚ ਪ੍ਰਸਤੁਤ ਕਰਕੇ ਅਜੋਕੇ ਯੁੱਗ ਦੀ ਅਵਸਥਾ ਤੇ ਵਿਵਸਥਾ ਦਾ ਵਰਣਨ ਕਰਦਿਆਂ ਸ਼ਿਵਮ ਭਾਵ ਕਲਿਆਣ ਭਾਵ ਕਰਾਂਤੀ ਦੀ ਇੱਛਾ ਉਪਜਾਈ ਹੈ।” ਜਿੱਥੇ ਉਪਰਲੇ ਦੋਨੋਂ ਨਾਟਕਕਾਰ ਯਥਾਰਥ ਰਮਗਮੰਚ ਦੀ ਥਾਂ ਕਲਪਿਤ ਰੰਗਮੰਚ ਉਪਰ ਕਾਰਜ ਨੂੰ ਵਾਪਰਦਾ ਦਿਖਾਉਂਦੇ ਹਨ ਉੱਥੇ ਸੁਖਚੈਨ ਸਿੰਘ ਭਮਡਾਰੀ ਰੇਡੀਉ ਦੇ ਸਰੋਤਿਆਂ ਲਈ ਨਾਟਕ ਦੀ ਰਚਨਾ ਕਰਦਾ ਹੈ। ਉਪਰੋਕਤ ਦੋਨੋਂ ਪ੍ਰਵਿਰਤੀਆਂ ਹੀ ਹਰਿਆਣੇ ਵਿਚ ਰੰਗਮੰਚ ਦੀ ਅਣਹੋਂਦ ਦਾ ਅਹਿਸਾਸ ਹੀ ਕਰਵਾਉਂਦੀਆਂ ਹਨ। ਭੰਡਾਰੀ ਨੇ ਆਮ ਸਰੋਤਿਆਂ/ਪਾਠਕਾਂ ਦੀ ਪੱਧਰ ਨੂੰ ਧਿਆਨ ਵਿਚ ਰੱਖ ਕੇ ਮੌਤ ਪ੍ਰਧਾਨ ਦੁਖਾਂਤ ਨੂੰ ਪਹਿਲ ਦਿੱਤੀ ਹੈ ਤੇਭਾਵੁਕ ਸਥਿਤੀਆਂ ਨੂੰ ਵਧੇਰੇ ਚਿਤ੍ਰਿਤ ਕੀਤਾ ਹੈ। ਹਰਿਆਣੇ ਵਿਚ ਨਾਟਕਾਂ ਦੀ ਰਚਨਾ ਘੱਟ ਹੈ ਫਿਰ ਵੀ ਕਾਵਿ ਨਾਟਕਾਂ ਦੇ ਖੇਤਰ ਵਿਚ ਹਰਿਆਣੇ ਦੀ ਦੇਣ ਨੂੰ ਕਦੇ ਵੀ ਭੁਲਾਇਆ ਜਾ ਸਕਦਾ। ਹਰਿਆਣੇ ਵਿਚ ਵਾਰਤਕਕਾਰਾਂ ਦੀ ਗਿਣਤੀ ਨਾਵਲਕਾਰਾਂ ਤੇ ਨਾਟਕਕਾਰਾਂ ਨਾਲੋਂ ਕਿਤੇ ਵਧੇਰੇ ਹੈ। ਧਾਰਮਿਕ ਸਦਾਚਾਰਕ ਵਾਰਤਕ ਤੋਂ ਇਲਾਵਾ ਸਾਹਤਿਕ ਕਲਾਤਮਿਕ ਅਤੇ ਦਾਰਸ਼ਨਿਕ ਵਿਸਿ਼ਆਂ ਨਾਲ ਸੰਬੰਧਿਤ ਵਾਰਤਕ ਦੀ ਰਚਨਾ ਹੋਈ ਮਿਲਦੀ ਹੈ। ਹਰਿਆਣੇ ਦੀਆਂ ਪ੍ਰਸਥਿਤੀਆਂ ਵਿਚ ਕਈ ਵਾਰ ਸਾਹਿਤਕਾਰ ਆਪਣੇ ਆਪ ਨੂੰ ਅਣਗੋਲਿਆ ਕੀਤੇ ਜਾਣ ਨੂੰ ਡੂੰਘਾਈਆਂ ਤੱਕ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਇਹ ਅਹਿਸਾਸ ਉਨ੍ਹਾਂ ਦੀ ਵਾਰਤਕ ਦਾ ਹਿੱਸਾ ਵੀ ਬਣ ਜਾਂਦਾ ਹੈ, ਜਿਸ ਕਾਰਨ ਬਾਹਰਮੁਖਤਾ ਦੀ ਬਜਾਏ ਨਿੱਜਤਵ ਭਾਰੂ ਹੋ ਜਾਂਦਾ ਹੈ। ਸੁਮੇਰ ਤੇ ਓ.ਪੀ. ਗੁਪਤਾ ਦੀ ਵਾਰਤਕ ਵਿਚ ਇਹ ਅੰਸ਼ ਦੇਖੇ ਜਾ ਸਕਦੇ ਹਨ। ਵੈਸੇ ਇਨ੍ਹਾਂ ਦੋਨਾ ਵਾਰਤਕਾਰਾਂ ਨੇ ਬੜੇ ਗੰਭੀਰ ਮਸਲਿਆਂ ਨੂੰ ਛੋਹਿਆ ਹੈ। ਓ.ਪੀ. ਗੁਪਤਾ ਨੇ ‘ਕਾਵਿ ਇਕ ਅਨੁਭੂਤੀ ਹੈ’ ਨੂੰ ਸ਼ਕਤੀਵਾਦ ,ਪ੍ਰਯੋਗਵਾਦ ਵਾਂਗ ਵਾਰ ਵਾਰ ਵਰਤਿਆਂ ਹੈ। ਸੁਮੇਰ ਨੇ ਜ਼ਿੰਦਗੀ ਤੇ ਮੌਤ ਜਿਹੇ ਸਦੀਵੀ ਵਿਸ਼ੇ ਉਪਰ ਚਿੱਤਰਾਂ ਰਾਹੀ ਅਤੇ ਚਿੱਤਰਾ ਦੀ ਵਿਆਖਿਆਂ ਵਿਚ ਰਚੀ ਵਾਰਤਕ ਰਾਹੀ ਗੰਭੀਰ ਵਾਰਤਕ ਦੀ ਸਿਰਜਣਾ ਕੀਤੀ ਹੈ। ਨਿਬੰਧਾਂ ਤੋ ਇਲਾਵਾ ਵਿਅੰਗ, ਜੀਵਨੀ ਤੇ ਸਫ਼ਰਨਾਮੇ ਵਿਚ ਵੀ ਹਰਿਆਣੇ ਦੇ ਸਾਹਿਤਕਾਰਾਂ ਨੇ ਆਪਣਾ ਯਾਦ ਰੱਖਣ ਯੋਗ ਹਿੱਸਾ ਪਾਇਆ ਹੈ। ਜਗਦੀਸ਼ ਪ੍ਰਸਾਦ ਕੌਸਿਕ ਨੇ ਪੰਜਾਬੀ ਵਿਅੰਗਕਾਰੀ ਵਿਚ ਹਰਿਆਣੇ ਦੀ ਪ੍ਰਤਨਿਧਤਾ ਕੀਤ ਿਹੈ। ਕੌਸਿ਼ਕ ਸਮਾਜ ਵਿਚ ਵਿਚਰਦੇ ਉਲਾਰ ਪਾਤਰਾਂ ਨੂੰ ਵੀ ਵਿਅੰਗ ਦੀ ਮਾਰ ਹੇਠ ਲਿਆਉਂਦਾ ਹੈ ਅਤੇਉਹ ਸਮਾਜਿਕ ਬੁਰਾਈਆ ਉਪਰ ਵੀ ਉਂਗਲ ਧਰਦਾ ਹੈ। ਹਰਿਭਜ਼ਨ ਸਿੰਘ ਕੋਮਲ ਦਾ ਸਫ਼ਰਨਾਮੇ ‘ਮਿੱਤਰਾਂ ਦੇ ਘਰ’ ਵਿਚ ਜੀ.ਡੀ.ਆਰ. ਦੀ ਯਾਤਰਾ ਦਾ ਵਰਣਨ ਹੈ। ਪ੍ਰਤੀਬੱਧ ਲੇਖਕ ਜਦੋਂ ਆਪਣੇ ਸੁਪਨਿਆਂ ਦੇ ਦੇਸ਼ ਵਿਚ ਵਿਚਰਦਾ ਹੈ ਤਾਂ ਉਹ ਭਾਵਨਾਵਾਂ ਦੇ ਵਹਿਣ ਵਿਚ ਬਹਿ ਤੁਰਦਾ ਹੈ । ਲੇਖਕਦੀ ਵਡੱਤਣ ਇਸ ਗੱਲ ਵਿਚ ਹੈ ਕਿ ਉਸ ਨੇ ਜੀ.ਡੀ ਆਰ ਦੀ ਦਿੱਕ ਨੂੰ ਆਪਣੀ ਭਾਰਤੀ ਦ੍ਰਿਸ਼ਟੀ ਅਨੁਸਾਰ ਨਹੀਨ ਛਾਗਿਆਂ ਸਗੋਂ ਉਸ ਦੀ ਤਸਵਰਿ ਨੂੰ ਅਮੀਰੀ ਸਹਿਤ ਬਿਆਨ ਕੀਤਾ ਹੈ । ਇਸ ਬਿਆਨ ਵਿਚ ਉਹ ਆਪਣੀਆ ਆਰਥਿਕ ਔਕੜਾ ਅਤੇ ਉਸ ਵਿਚੋਂ ਉਪਜੇ ਲਾਲਚ ਨੂੰ ਵੀ ਬੇਬਾਕੀ ਨਾਲ ਵਰਣਨ ਕਰ ਜਾਂਦਾ ਹੈ। ਜਿਥੇ ਮੌਕਾ ਮਿਲਿਆ ਹੈ ਕੋਮਲ ਪ੍ਰਾਕਿਰਤਕ ਸਾਹਜ ਨੂੰ ਮਾਨਦਾ ਹੋਇਆ ਆਪਣੇ ਕਾਵਿਕ ਅੰਦਾਜ ਵਿਚ ਪਾਠਕਾਂ ਨੂੰ ਨਾਲ ਲੈ ਤੁਰਦਾ ਹੈ। ਸਾਡੇ ਲੇਖਕ ਸਮਾਜਵਾਦੀ ਦੇਸ਼ਾ ਵਿਚ ਕਿਉਂ ਕਿ ਥੋੜੇ ਸਮੇਂ ਲਈ ਜਾਂਦੇ ਹਨ, ਇਸ ਲਈ ਉਹ ਭਾਰਤ ਦੇ ਮੁਕਾਬਲਲੇ ਉਥੋ ਦੀ ਅਮੀਰੀ ਤੋਂ ਪ੍ਰਭਾਵਿਤ ਹੁੰਦੇ ਹਨ ਪਰੰਤੂ ਉਹ ਸਿਸਟਮ ਦੀ ਤਹਿ ਵਿਚ ਵਾਪਰਦੀਆਂ ਤਬਦੀਦੀਆ ਨੁੰ ਨਹੀਂ ਫੜ ਸਕਦੇ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਲਿਖਤਾ ਵਿਚ ਅੱਜ ਜੋ ਕੁਝ ਵਾਪਰ ਰਿਹਾ ਹੈ, ਉਸ ਦਾ ਪੂਰਵਆਭਾਸ ਕਿਤੇ ਵੀ ਨਹੀਂ ਮਿਲ਼ਦਾ। ਫ੍ਰੋ. ਆਸਾ ਸਿੰਘ ਦਾ ਸਫ਼ਰਨਾਮਾ ਦੇਵਘਾਟੀ ਕੁੱਲੂ ਆਪਣੇ ਬਿਆਨ ਢੰਗ ਸਦਕਾ ਪਹਿਲਾਂ ਹੀ ਪੰਜਾਬੀ ਸਾਹਿਤ ਵਿਚ ਮਾਣ ਪ੍ਰਪਤ ਕਰ ਚੁੱਕਾ ਹੈ। ਲੇਖਕ ਪਾਸ ਕੁੱਲੈ ਦੇ ਲੋਕਯਾਨ ਦਾ ਭੰਡਾਰ ਹੈ। ਉਹ ਇਸ ਲੋਕਯਾਨ ਦੀ ਸਮੱਗ੍ਰੀ ਨੂੰ ਕੁਸਰਤੀ ਪਿਛੋਕੜ ਵਿਚ ਇਉਂ ਪੁੇਸ਼ ਕਰਦਾ ਹੈ ਕਿ ਪਾਠਕ ਧਰਤੀ ਨਾਲ਼ ਜੁੜਿਆ ਲੇਕਕ ਦੇ ਨਾਲ਼ ਨਾਲ਼ ਯਾਤਰਾ ਤਾਂ ਕਰਦਾ ਹੀ ਹੈ ਨਾਲ਼ ਹੀ ਕੁੱਲੂ ਦੀ ਡੂੰਘੀ ਛਾਪ ਮਨ ਵਿਚ ਸਾਂਭ ਕੇ ਰੱਖ ਲੈਂਦਾ ਹੈ। ਸਾਹਿਬ ਸਿੰਘ ਅਰਸ਼ੀ ਨੇ ਹਰਿਆਣਾ ਦਾ ਜਨਜੀਵਨ ਅਤੇ ਸਭਿਆਚਾਰ ਪੁਸਤਕ ਰਾਹੀਂ ਪੰਜਾਬੀ ਜਗਤ ਨੂੰ ਹਰਿਆਣੇ ਦੇ ਲੋਕ ਜੀਵਨ ਨਾਲ਼ ਜਾਣ ਪਛਾਣ ਕਰਵਾਈ ਹੈ। ਸੋਹਣ ਸਿੰਘ ਹੰਸ ਨੇ ਬਾਬਾ ਸੁੰਦਰ ਸਿੰਘ ਕਲਸੀਆ ਲਹਿਰ ਦਾ ਆਗੂ ਜੀਵਨੀ ਵਿਚ ਇਕ ਆਗੂ ਦੇ ਜੀਵਨ ਬਿਰਤਾਂਤ ਦੇ ਨਾਲ਼ ਨਾਲ਼ ਮੁਜ਼ਾਹਰਾ ਲਹਿਰ ਦੇ ਰਾਜਨੀਤਕ ਸੰਘਰਸ਼ ਦੇ ਇਤਿਹਾਸ ਨੂੰ ਵੀ ਉਲੀਕਿਆ ਹੈ। ਸਪੱਸ਼ਟ ਰੂਪ ਵਿਚ ਹਰਿਆਣੇ ਦੇ ਵਾਰਤਕ ਲੇਕਕਾਂ ਦੀ ਪਮਜਾਬੀ ਸਾਹਿਤ ਨੂੰ ਦੇਣ ਵੱਡਮੁੱਲੀ ਹੈ। ਸਾਹਤਿਕਾਰ ਤੇ ਆਲੋਚਕ ਇਕ ਦੂਜੇ ਨਾਲ਼ ਸੰਵਾਦ ਰਚਾਉਂਦੇ ਅਜਿਹੇ ਵਾਤਾਵਰਣ ਦੀ ਉਸਾਰੀ ਕਰਦੇ ਹਨ ਜਿਸ ਵਿਚੋਂ ਸਾਹਿਤ ਆਪਣੀਆਂ ਨਵੀਆਂ ਸੰਭਾਵਨਾਵਾਂ ਲੱਭਣ ਵਲ ਰੁਚਿਤ ਹੁੰਦਾ ਹੈ ਅਤੇ ਆਲੋਚਨਾ ਸਿਧਾਂਤਾਂ ਦੇ ਨਵੇਂ ਪਹਿਲੂਆਂ ਵਲ ਧਿਆਨ ਦੇਣ ਲਈ ਮਜਬੂਰ ਹੁੰਦਾਰ ਹੈ। ਹਰਿਆਣੇ ਵਿਚ ਸਾਹਿਤਕਾਰ ਤੇ ਆਲੋਚਕ ਦਾ ਰਿਸ਼ਤਾ ਮਿਤਰਾਨਾ ਨਹੀਂ ਵਿਵਾਦੀ ਹੈ। (ਪੰਜਾਬੀ ਵਿਚ ਵੀ ਅਜਿਹਾ ਹੀ ਰਿਸ਼ਤਾ ਦੇਖਣ ਨੂੰ ਮਿਲ਼ਦਾ ਹੈ।) ਯੁਨੀਵਰਸਿਟੀਆਂ ਵਿਚ ਬੈਠੇ ਆਲੋਚਕ, ਆਲੋਚਕ ਘੱਟ ਤੇ ਗਾਰਡੀਅਨ ਵਧੇਰੇ ਬਣਦੇ ਹਨ। ਨਤੀਜੇ ਵਜੋਂ ਹਰਿਆਣੇ ਵਿਚ ਬਾਹਰਮੁਖੀ ਆਲੋਚਨਾ ਅਜੇ ਤਕ ਪੈਦਾ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਫਿਰ ਵੀ ਹਿੰਮਤ ਸਿੰਘ ਸੋਢੀ, ਈਸ਼ਰ ਸਿੰਘ ਤਾਂਘ, ਡਾ. ਸੁਖਦੇਵ ਸਿੰਘ ਤੇ ਅਮਰਜੀਤ ਸਿੰਘ ਕਾਂਗ ਆਦਿ ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਆਲੋਚਕਾਂ ਦੇ ਦ੍ਰਿਸ਼ਟੀਕੋਣਾਂ ਵਿਚ ਅੰਤਰ ਹੋਣ ਕਾਰਣ ਰਾਵਾਂ ਦੀ ਭਿੰਨਤਾ ਦਾ ਹੋਣਾ ਵੀ ਸੁਭਾਵਕ ਹੈ। ਹਿੰਮਤ ਸਿੰਘ ਸੋਢੀ ਕਿਸ਼ਨ ਸਿੰਘ ਦੀ ਪਰੰਪਰਾ ਨੂੰ ਅਗਾਂਹ ਤੋਰਦਾ ਹੈ। ਡਾ.ਸੁਖਦੇਵ ਸਿੰਘ ਡਾ. ਕੇਸਰ ਸਿੰਘ ਕੇਸਰ ਅਤੇ ਡਾ. ਰਵਿੰਦਰ ਰਵੀ ਦੀ ਆਲੋਚਨਾ ਤੋਂ ਅਗਾਂਹ ਤੁਰਨ ਲਈ ਯਤਨਸ਼ੀਲ ਹੈ। ਡਾ. ਅਮਰਜੀਤ ਸਿੰਘ ਕਾਂਗ ਅਤਰ ਸਿੰਘ ਦੀਆਂ ਸਥਾਪਨਾਵਾਂ ਦੀ ਸੀਮਾ ਵਿਚ ਰਹਿੰਦਾ ਹੈ। ਈਸ਼ਰ ਸਿੰਘ ਤਾਂਘ ਕਦੇ ਪਰੰਪਰਾਵਾਦੀ ਭਾਰਤੀ ਆਲੋਚਨਾ ਦਾ ਪੱਲਾ ਫੜਦਾ ਹੈ ਅਤੇ ਕਿਤੇ ਪ੍ਰਗਤੀਵਾਦ ਦਾ। ਇਸੇ ਸੰਦਰਭ ਵਿਚ ਕੁਰੂਕਸ਼ੇਤਰ ਵਿਚ ਹੋ ਰਹੇ ਖੋਜ ਕਾਰਜ ਨੂੰ ਵੀ ਵਿਚਾਰਿਆ ਜਾ ਸਕਦਾ ਹੈ। ਡਾ. ਤਿਰਲੋਕ ਸਿੰਘ ਕੰਵਰ ਨੇ ਯੁਨੀਵਰਸਿਟੀ ਵਿਚ ਰਹਿੰਦਿਆਂ ਹੋਇਆਂ ਸੰਰਚਨਾਵਾਦੀ ਦ੍ਰਿਸ਼ਟੀ ਤੋਂ ਕੰਮ ਕੀਤਾ ਤੇ ਕਰਵਾਇਆ, ਉਸਨੇ ਦਿੱਲੀ ਯੁਨੀਵਰਸਿਟੀ ਦੀ ਤਰਜ਼ ਤੇ ਸੰਰਚਨਾਵਾਦੀ ਸਮੀਖਿਆ ਪ੍ਰਣਾਲ਼ੀ ਨੂੰ ਥਾਂ ਦੁਆਣ ਦਾ ਪੁਰਾ ਯਤਨ ਕੀਤਾ। ਕਾਮਯਾਬੀ ਭਾਵੇ ਨਹੀਂ ਮਿਲੀ। ਭਾਵੇ ਯੁਨੀ. ਵਿਚ ਹੋ ਰਿਹਾ ਇਹ ਖੋਜ਼ ਕਾਰਜ ਵਧੇਰੇ ਡਿਗਰੀ ਲੈਣ ਲਈ ਇਮਤਿਹਾਨੀ ਦ੍ਰਿਸ਼ਟੀਕੋਣ ਤੋਂ ਹੀ ਹੋ ਰਿਹਾ ਹੈ ਪਰ ਕੁਝ ਖੋਜ ਕਰਤਾਵਾਂ ਨੇ ਆਪਣੀਆ ਮੌਲਿਕ ਪੈੜ੍ਹਾ ਪਾਉਣ ਦਾ ਯਤਨ ਵੀ ਕੀਤਾ ਹੈ। ਇਨ੍ਹਾਂ ਵਿਚੋਂ ਪਵਨ ਸਮੀਰ, ਹਰਸਿਮਰਨ ਸਿੰਘ, ਨਰਿੰਦਰ ਸਿੰਘ ਕੌਸ਼ਲ , ਅਮਰੀਕ ਸਿੰਘ, ਸੁਰਜੀਤ ਕੌਰ ਤੇ ਮੁਖਤਿਆਰ ਸਿੰਘ ਦੇ ਖੋਜ ਪ੍ਰਬੰਧ ਆਲੋਚਨਾਂ ਦੀ ਦ੍ਰਿਸ਼ਟੀ ਤੋ ਨਿਗਰ ਵਾਧਾ ਕਰਦੇ ਹਨ। ਹਰਿਆਣੇ ਦੇ ਸਾਹਿਤ ਬਾਰੇ ਇਹ ਸੰਖੇਪ ਜਿਹੀ ਤੋਂ ਹੀ ਇਹ ਗੱਲ ਸਪੱਸਟ ਹੋ ਜਾਂਦੀ ਹੈ ਕਿ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਸਮੇਂ ਸਾਹਿਤ ਦੇ ਇਤਿਹਾਸਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਹੀ ਪਵੇਗਾ ਅਤੇ ਇਸ ਨੂੰ ਇਸ ਦੀ ਬਣਦੀ ਥਾਂ ਦੇਣੀ ਹੀ ਪਵੇਗੀ। **** |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 26 ਨਵੰਬਰ 2007) *** |
ਸੇਵਾ ਮੁਕਤ ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ