10 October 2024

ਰਵਿੰਦਰ ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ ਗੁਲਦਸਤਾ—ਉਜਾਗਰ ਸਿੰਘ

ਰਵਿੰਦਰ ਸਿੰਘ ਸੋਢੀ ਬਹੁਦਿਸ਼ਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਡੇਢ ਦਰਜਨ ਆਲੋਚਨਾ, ਨਾਟਕ ਖੋਜ, ਜੀਵਨੀ ਅਤੇ ਕਵਿਤਾ ਦੀਆਂ ਪੰਜਾਬੀ ਵਿੱਚ ਅਤੇ ਦੋ ਪੁਸਤਕਾਂ  ਹਿੰਦੀ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਹੁਗਾਰਾ ਕੌਣ ਭਰੇ?’ ਉਸਦਾ ਸੰਪਾਦਿਤ  ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ 7 ਪਰਵਾਸੀ ਕਹਾਣੀਕਾਰਾਂ ਦੀਆਂ 31 ਕਹਾਣੀਆਂ ਪ੍ਰਕਾਸ਼ਤ ਕੀਤੀਆਂ ਹਨ। ਰਵਿੰਦਰ ਸਿੰਘ ਸੋਢੀ ਨੇ ਇਸ ਕਹਾਣੀ ਸੰਗ੍ਰਹਿ ਵਿੱਚ ਨਿਵੇਕਲਾ ਉਦਮ ਕੀਤਾ ਹੈ, ਸਾਰੇ ਕਹਾਣੀਕਾਰਾਂ ਦੀ ਸਮਾਜਿਕ ਤੇ ਸਾਹਿਤਕ ਦੇਣ ਅਤੇ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ।

ਪ੍ਰਬੁੱਧ ਕਹਾਣੀਕਾਰ ਮਰਹੂਮ ਐਸ.ਸਾਕੀ ਦੀਆਂ ਚਾਰੇ ਕਹਾਣੀਆਂ ਬਹੁਤ ਹੀ ਸੰਵੇਦਨਸ਼ੀਲ ਹਨ। ‘82 ਨੰਬਰ’ ਕਹਾਣੀ ਪ੍ਰਵਾਸ ਵਿੱਚ ਪਰਵਾਸ ਦੀ ਇਕਲਾਪੇ ਦੀ ਜ਼ਿੰਦਗੀ ਦੀ ਤ੍ਰਾਸਦੀ ਦਾ ਵਰਣਨ ਹੈ। ਸੰਤੋਖ ਸਿੰਘ ਤੇ ਡੇਵਿਡ ਦੋਵੇਂ ਇਕਲਾਪੇ ਦਾ ਸੰਤਾਪ ਹੰਢਾਉਂਦੇ ਹਨ। ਪਰਵਾਸ ਵਿੱਚ ਇਨਸਾਨ ਅਤੇ ਪੈਟ ਜਾਨਵਰਾਂ ਦੀ ਜ਼ਿੰਦਗੀ ਬਰਾਬਰ ਮੰਨੀ ਜਾਂਦੀ ਹੈ। ਡੇਵਿਡ ਦੇ ਲੜਕੇ ਅਤੇ ਕੁੱਤੀ ਸੈਮੀ ਦੀ ਮੌਤ ‘ਤੇ ਦੋਹਾਂ ਦਾ ਇਕੋ ਜਿੰਨਾ ਅਫ਼ਸੋਸ ਕੀਤਾ ਗਿਆ। ‘ਸਨ ਹੈਲਪ ਮੀ’ ਕਹਾਣੀ ਵਿੱਚ ਵੀ ਪਰਵਾਸ ਦੀ ਸਖ਼ਤ ਜ਼ਿੰਦਗੀ, ਗੁਰਦੁਆਰਾ ਅਤੇ ਚਰਚ ਦਾ ਫਰਕ ਅਤੇ ਪਰਵਾਸ ਦੀ ਜ਼ਿੰਦਗੀ ਵਿੱਚ ਬੱਚੇ ਮਾਂ-ਬਾਪ ਦੀ ਥਾਂ ਆਪਣੀ ਪਤਨੀ ਨੂੰ ਤਰਜੀਹ ਦਿੰਦੇ ਹਨ, ਜਦੋਂ ਕਿ ਔਰਤਾਂ ਪਰਵਾਸ ਵਿੱਚ ਆਜ਼ਾਦ ਜ਼ਿੰਦਗੀ ਜਿਉਂਦੀਆਂ ਦਾ ਵਰਣਨ ਕੀਤਾ ਗਿਆ ਹੈ। ਫਾਦਰ ਸਟੀਫ ਦੀ ਸਾਰੀ ਕਹਾਣੀ ਮਾਂ-ਬਾਪ ਨੂੰ ਅਣਡਿਠ ਕਰਨ ਤੇ ਗ਼ਲਤੀ ਕਰਕੇ ਪਛਤਾਵਾ ਕਰਨ ਦੇ ਦੁਆਲੇ ਘੁੰਮਦੀ ਹੈ। ਗੁਨਹਗਾਰ ਧਰਮ ਦਾ ਸਹਾਰਾ ਲੈਂਦੇ ਹਨ, ਜਿਵੇਂ ਫਾਦਰ ਸਟੀਵ ਨੇ ਲਿਆ। ‘ਮੰਗਤੇ’ ਕਹਾਣੀ ਵਿੱਚ ਬੇਰੋਜ਼ਗਾਰੀ ਕਾਰਨ ਗ਼ਰੀਬੀ ਹੰਢਾ ਰਹੇ ਕਸ਼ਮੀਰਾ ਸਿੰਘ ਅਤੇ ਆਫਤਾਬ ਪਰਿਵਾਰ ਪਾਲਣ ਲਈ ਹਰਿਦੁਆਰ ਜਾ ਕੇ ਧਰਮ ਦੀ ਆੜ ਵਿੱਚ ਮੰਗਤੇ ਬਣਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ। ‘ਨੰਗੀਆਂ ਲੱਤਾਂ ਵਾਲਾ ਮੁੰਡਾ’ ਕਹਾਣੀ ਗ਼ਰੀਬੀ ਦੀ ਚਰਮ ਸੀਮਾ ਦਾ ਪ੍ਰਤੀਕ ਹੈ। ਵਿਧਵਾ ਔਰਤ ਦੀ ਤੰਗੀ ਤਰੁਸ਼ੀ ਨਾਲ ਬੱਚੇ ਪਾਲਣ ਅਤੇ ਰੈਸਟੋਰੈਂਟ ਵਿੱਚੋਂ ਖਾਣੇ ਵਿੱਚੋਂ ਬਚੀ-ਖੁਚੀ ਦਾਲ ਸਬਜੀ ਲਿਜਾਣ ਵਾਲੇ ਬੱਚੇ ਨੂੰ ਚੋਰ ਕਹਿਕੇ ਕੁਟਣਾ ਮਾਰਨਾ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਸ਼੍ਰੀਮਤੀ ਆਸ਼ਾ ਸਾਕੀ ਦੀਆਂ 5 ਕਹਾਣੀਆਂ ਅਣਜੋੜ ਵਿਆਹ, ਜ਼ਾਤਪਾਤ, ਸਮੇਂ ਦੀ ਤਬਦੀਲੀ ਅਤੇ ਵਹਿਮਾ ਭਰਮਾ ਦਾ ਪਰਦਾ ਫਾਸ਼ ਕਰਦੀਆਂ ਹਨ। ‘ਇਕ ਕਿੱਸੀ ਲੈ ਲਵਾਂ’ ਅਣਭੋਲ ਪਿੰਕੀ ਦੇ ਬਚਪਨ ਦੀ ਮਾਸੂਮੀਅਤ ਨੂੰ ਦਰਸਾਉਂਦੀ ਹੈ। ‘ਕਛੁਏ’ ਕਹਾਣੀ ਅਣਜੋੜ ਵਿਆਹ ਅਤੇ ਜ਼ਾਤ-ਪਾਤ ਦੇ ਸੰਤਾਪ ਨੂੰ ਪ੍ਰਗਟ ਕਰਦੀ ਹੈ। ‘ਸਿੱਧ ਪੁਰਸ਼’ ਕਹਾਣੀ ਸਮਾਜ ਵਿੱਚ ਪਤੀ ਪਤਨੀ ਦੇ ਸੁਖਦ ਸੰਬੰਧਾਂ ਦੀ ਅਣਹੋਂਦ ਪਰਿਵਾਰ ਨੂੰ ਖ਼ਤਮ ਕਰਨ ਅਤੇ ਵਹਿਮਾ ਭਰਮਾ ਵਿੱਚ ਗ੍ਰਸੇ ਹੋਣ ਦਾ ਪ੍ਰਗਟਾਵਾ ਕਰਦੀ ਹੈ। ‘ਪੰਜ ਫੁੱਟ ਪੰਜ ਇੰਚ ਦਾ ਬੌਣਾ ਕੱਦ’ ਕਹਾਣੀ ਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਵਿੱਚ ਮਤਰੇਈ ਮਾਂ ਦੇ ਸੰਕਲਪ ਬਾਰੇ ਦੱਸਿਆ ਗਿਆ ਹੈ। ਸਮਾਜ ਵਿੱਚ ਮਤਰੇਈ ਮਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਪਰੰਤੂ ਸਾਰੀਆਂ ਮਤਰੇਈਆਂ ਇਕੋ ਜਹੀਆਂ ਨਹੀਂ ਹੁੰਦੀਆਂ। ‘ਦੀਵੇ ਦੀ ਲੋਅ’ ਕਹਾਣੀ ਵਿੱਚ ਸਿਖਿਆ ਦਿੱਤੀ ਗਈ ਹੈ ਕਿ ਸਮੇਂ ਦੇ ਬਦਲਣ ਨਾਲ ਬਜ਼ੁਰਗਾਂ ਨੂੰ ਵੀ ਬਦਲਣਾ ਚਾਹੀਦਾ ਹੈ। ਉਨ੍ਹਾਂ ਨੂੰ ਖਾਮਖਾਹ ਹਰ ਕੰਮ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।

ਜਸਬੀਰ ਸਿੰਘ ਆਹਲੂਵਾਲੀਆ ਦੀਆਂ 5 ਕਹਾਣੀਆਂ ਫਿਰਕੂ ਸੋਚ, ਇਮਾਨਦਾਰੀ, ਮਿਹਨਤੀ ਰੁਚੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਹਨ। ‘ਦੋ ਚਾਹ ਦੇ ਕੱਪ’ ਕਹਾਣੀ ਪਰਵਾਸ ਵਿੱਚ ਵੱਸੇ ਪਰਿਵਾਰ ਦੀਆਂ ਮੁਸ਼ਕਲਾਂ  ਅਤੇ ਮਾਪਿਆਂ ਨਾਲ ਬੱਚਿਆਂ ਦੇ ਵਿਵਹਾਰ ਬਾਰੇ ਦੱਸਿਆ ਗਿਆ ਹੈ। ਬੱਚਾ ਅਮਰੀਕਾ ਅਤੇ ਮਾਪਿਆਂ ਨੂੰ ਆਸਟਰੇਲੀਆ ਰਹਿਣਾ ਪਿਆ। ਪਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ ਤੋਂ ਬਾਅਦ ਪਤਨੀ ਨੇ ਦੁੱਖ ਘਟਾਉਣ ਲਈ ਇਕ ਦੋਸਤ ਬਣਾ ਲਿਆ, ਜਿਹੜਾ ਉਸ ਦੀ ਹਰ ਮੰਗ ਪੂਰੀ ਕਰਦਾ ਰਿਹਾ। ਅਚਾਨਕ ਉਸ ਦੀ ਵੀ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ ਤੇ ਉਹ ਫਿਰ ਮੁਸੀਬਤਾਂ ਵਿੱਚ ਘਿਰ ਜਾਂਦੀ ਹੈ। ਇਹ ਭਾਵਨਾਨਾਤਮਿਕ ਕਹਾਣੀ ਪਰਵਾਸ ਦੀ ਜ਼ਿੰਦਗੀ ਦੀ ਤਰਜਮਾਨੀ ਕਰਦੀ ਹੈ। ‘ਇਹ ਕੈਸੀ ਅੱਗ’ ਕਹਾਣੀ ਆਸਟ੍ਰੇਲੀਆ ਦੀ ਬੁਸ਼ ਫਾਇਰ ਅਤੇ ਭਾਰਤ ਦੀ ਫਿਰਕੂ ਅੱਗ ਬਾਰੇ ਚਾਨਣਾ ਪਾਉਂਦੀ ਦੱਸ ਰਹੀ ਹੈ ਕਿ ਇਕ ਪਾਸੇ ਕੁਦਰਤ ਦਾ ਕਹਿਰ ਅਤੇ ਦੂਜੇ ਪਾਸੇ ਮਾਲਵਤਾ ਦੀ ਫਿਰਕੂ ਸੋਚ ਦਾ ਕਹਿਰ ਦੋਵੇਂ ਇਨਸਾਨੀਅਤ ਦਾ ਨੁਕਸਾਨ ਕਰ ਰਹੇ ਹਨ। ‘ਕੈਫੇ ਵਾਲੀ ਜੈਸਿਕਾ’ ਕਹਾਣੀ ਪਰਵਾਸ ਵਿੱਚ ਜੀਵਨ ਬਸਰ ਕਰਨ ਲਈ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਬਾਰੇ ਹੈ। ਜੈਸਿਕਾ ਨੂੰ ਇਮਾਨਦਾਰੀ ਦਾ ਪ੍ਰਤੀਕ ਵਿਖਾਇਆ ਗਿਆ ਅਤੇ ਸੁਰਜੀਤ ਨੂੰ ਮਾਨਵਤਾ ਦੇ ਹਿਤਾਂ ਦਾ ਪਹਿਰੇਦਾਰ ਸਾਬਤ ਕੀਤਾ ਹੈ।

‘ਕਿਰਨਾ ਵਾਲਾ ਸੂਰਜ’ ਆਸਟ੍ਰੇਲੀਆ ਵਿੱਚ ਬਾਰਸ਼ਾਂ ਨਾਲ ਆਉਣ ਵਾਲੇ ਹੜ੍ਹਾਂ ਦੀ ਤ੍ਰਾਸਦੀ ਦਾ ਡਰ ਲੱਗਿਆ ਰਹਿੰਦਾ ਹੈ, ਇਸ ਦੇ ਨੁਕਸਾਨ ਨਾਲ ਮਨੁੱਖੀ ਜਾਨਾ ਦਾ ਖ਼ਤਰਾ ਬਣਿਆਂ ਰਹਿੰਦਾ ਹੈ। ਹਰਜੋਤ ਤੇ ਚੇਤਨ ਦੀ ਬੱਚੀ ਹੜ੍ਹਾਂ ਦੇ ਡਰ ਦੀ ਸਾਇਆ ਵਿੱਚ ਰਹਿੰਦੀ ਹੈ ਪਰੰਤੂ ਜਦੋਂ ਬਾਰਸ਼ ਹਟਦੀ ਹੈ ਤਾਂ ਸੁਖ ਦਾ ਸਾਹ ਲੈਂਦੀ ਹੈ। ‘ਰਿਸਦੇ ਜ਼ਖ਼ਮ’ ਭਾਰਤ ਵਿੱਚ ਸਾਜਸ਼ਾਂ ਨਾਲ ਪੁਲਿਸ ਦੇ ਝੂਠੇ ਬਣਾਕੇ ਲੋਕਾਂ ਨੂੰ ਫਸਾਇਆ ਜਾਂਦਾ ਹੈ। ਇਸ ਕਹਾਣੀ ਵਿੱਚ ਨਸੀਅਤ ਦਿੱਤੀ ਗਈ ਹੈ ਕਿ ਮੁਆਫ ਕਰਨ ਦੀ ਪ੍ਰਵਿਰਤੀ ਨਾਲ ਮਾਨਸਿਕ  ਤਣਾਓ ਘਟ ਸਕਦਾ ਹੈ।

ਚਰਨਜੀਤ ਸਿੰਘ ਮਿਨਹਾਸ ਦੀਆਂ ਚਾਰ ਕਹਾਣੀਆਂ ਹਨ। ‘ਕਿਉਂ, ਮੇਰੇ ਨਾਲ ਹੀ ਕਿਉਂ’ ਵਿੱਚ ਪੰਜਾਬੀਆਂ ਦੇ ਖੁਲ੍ਹੇ ਡੁਲ੍ਹੇ ਸੁਭਾਅ ਬਾਰੇ ਦੱਸਿਆ ਹੈ। ਫਿਰਕੂ ਦੰਗਿਆਂ ਦੇ ਇਨਸਾਨੀਅਤ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ।  ਦੋ ਭਰਾਵਾਂ ਦਾ ਪਿਆਰ ਅਤੇ ਦੋਹਾਂ ਦੀ ਮੌਤ ਤੋਂ ਬਾਅਦ ਦੇ ਸੰਤਾਪ ਨੇ ਝੰਜੋੜ ਕੇ ਰੱਖ ਦਿੱਤਾ, ਜਦੋਂ ਰੋਜ਼ੀ ਰਾਹੁਲ ਦੀ ਮੌਤ ਤੇ  ਰਾਹੁਲ ਦੀ ਪਤਨੀ ਨੂੰ ਅਰਦਾਸ ਕਰਨ ਲਈ ਕਹਿੰਦੀ ਹੈ। ‘ਵਕਤ ਦੇ ਹਵਾਲੇ’ ਕਹਾਣੀ ਪੰਜਾਬੀਆਂ ਦੀ ਪ੍ਰਵਾਸ ਜਾਣ ਲਈ ਆਪ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਏਜੰਟਾਂ ਦੇ ਮਗਰ ਫਿਰਨ ਤੇ ਪ੍ਰਵਾਸ ਵਿੱਚ ਜਾ ਕੇ ਮਜ਼ਦੂਰੀ ਕਰਨ ਨੂੰ ਪਹਿਲ ਦੇਣ ਦੀ ਤ੍ਰਾਸਦੀ ਬਾਰੇ ਜਾਣਕਾਰੀ ਦਿੰਦੀ ਹੈ। ਸ਼ਿੰਦਾ ਇਕ ਉਦਾਹਰਣ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ‘ਸ਼ਨਾਖ਼ਤ ਕਰਨੀ ਹੈ’ ਇਕ ਅਜਿਹੇ ਖਲੀਫੇ ਦੇ ਪਰਿਵਾਰ ਦੀ ਕਹਾਣੀ ਹੈ, ਜਿਹੜਾ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੈ ਤੇ ਬੱਚਿਆਂ ਨੂੰ ਸਹੀ ਅਗਵਾਈ ਨਹੀਂ ਦੇ ਸਕਿਆ, ਉਸ ਨੂੰ ਕਰਨੀ ਦੀ ਭਰਨੀ ਪੈ ਗਈ। ‘ਪਤਾ ਨਹੀ ਕਿਥੇ ਜਾਊਂਗਾ’ ਇਸ ਕਹਾਣੀ ਵਿੱਚ ਵੀ ਮਾਪੇ ਜੋ ਆਪਣੀ ਔਲਾਦ ਨੂੰ ਸਿਖਿਆ ਦੇਣਗੇ ਉਹੋ ਜਿਹੇ ਹੀ ਬੱਚੇ ਬਣਨਗੇ ਤੇ ਪਰਿਵਾਰ ਨੂੰ ਉਸ ਦੇ ਨਤੀਜੇ ਭੁਗਤਣੇ ਪੈਣਗੇ।

ਡਾ.ਕੰਵਲ ਸਿੱਧੂ ਦੀ ਪੰਜ ਕਹਾਣੀਆਂ ਹਨ। ‘ਇੱਕ ਹੋਰ ਸੰਜੋਗ’ ਕਹਾਣੀ ਦਸਦੀ ਹੈ ਕਿ ਪਰਵਾਸ ਵਿੱਚ ਜਿਹੜੀਆਂ ਕੁੜੀਆਂ ਪਹਿਲਾਂ ਤੋਂ ਰਹਿ ਰਹੀਆਂ ਹੋਣ, ਸਭਿਆਚਾਰ ਦਾ ਅੰਤਰ ਹੋਣ ਕਰਕੇ, ਉਹ ਪੰਜਾਬ ਤੋਂ ਗਏ ਲੜਕਿਆਂ ਨਾਲ ਅਡਜਸਟ ਨਹੀਂ ਕਰ ਸਕਦੀਆਂ। ਲੜਕੇ ਪਿਆਰ ਤਾਂ ਕਰ ਬੈਠਦੇ ਹਨ ਪ੍ਰੰਤੂ ਦਿਲ ਦੀ ਗੱਲ ਕਹਿਣ ਦੀ ਹਿੰਮਤ ਨਹੀਂ ਕਰਦੇ। ‘ਐਪਸਨ ਦੀਆਂ ਜੜ੍ਹਾਂ’ ਕਹਾਣੀ ਸਿੰਬਾਲਿਕ ਹੈ, ਜਿਵੇਂ ਐਪਸਨ ਦੇ ਦਰਖਤ ਹੁੰਦੇ ਤਾਂ ਇਕੱਲੇ-ਇਕੱਲੇ ਹਨ ਪ੍ਰੰਤੂ ਝੁੰਡ ਦੀਆਂ ਜੜ੍ਹਾਂ ਇਕੋ ਹੁੰਦੀਆਂ ਹਨ। ਉਸੇ ਤਰ੍ਹਾਂ ਪੰਜਾਬੀ ਪਰਿਵਾਰਾਂ ਦੇ ਪਤੀ ਪਤਨੀ ਭਾਵੇਂ ਕਿਤਨੇ ਲੜਦੇ ਝਗੜਦੇ ਰਹਿਣ ਪ੍ਰੰਤੂ ਮੋਹ ਵਿੱਚ ਭਿੱਜੇ ਹੁੰਦੇ ਹਨ। ‘ਪਰ ਮੈਂ ਚੁੱਪ ਰਹਿੰਦਾ ਹਾਂ’ ਕਹਾਣੀ ਇਕ ਦਿਹਾਤੀ ਪਰਿਵਾਰ ਦੇ ਇੰਜਿਨੀਅਰ ਨੌਜਵਾਨ ਅਤੇ ਸ਼ਹਿਰੀ ਲੜਕੀ ਵੰਦਨਾ ਰੰਗਾਰਾਜਨ ਦੇ ਪਿਆਰ ਦੀ ਹੈ ਪ੍ਰੰਤੂ ਲੜਕੇ ਦੇ ਪਿਤਾ ਨੂੰ ਇਹ ਵਿਆਹ ਪ੍ਰਵਾਨ ਨਹੀਂ ਕਿਉਂਕਿ ਉਹ ਸ਼ਹਿਰਾਂ ਦੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਚੰਗਾ ਨਹੀ ਸਮਝਦਾ। ‘ਘਰ ਦੀਆਂ ਚਾਬੀਆ’ ਭਾਵਨਾਤਮਿਕ ਤੇ ਸੰਵੇਦਨਸ਼ੀਲ ਕਹਾਣੀ ਦੇਸ਼ ਦੀ ਵੰਡ ਸਮੇਂ ਅਲੀ ਬਖ਼ਸ਼ ਵੱਲੋਂ ਪਾਕਿਸਤਾਨ ਜਾਣ ਸਮੇਂ ਘਰ ਦੀਆਂ ਚਾਬੀਆਂ ਆਪਣੇ ਦੋਸਤ ਜਗਜੀਤ ਸਿੰਘ ਨੂੰ ਦੇਣ ਅਤੇ ਜਗਜੀਤ ਸਿੰਘ ਦੇ ਸਪੁੱਤਰ ਸਵਰਜੀਤ ਵੱਲੋਂ ਪਰਵਾਸ ਵਿੱਚ ਆਪਣਾ ਘਰ ਵੇਚਣ ਸਮੇਂ ਅਲੀ ਬਖ਼ਸ਼ ਦੇ ਭਤੀਜੇ ਬਸ਼ੀਰ ਅਹਿਮਦ ਬਸ਼ੀਰੇ ਨੂੰ ਚਾਬੀਆਂ ਦੇਣ ਸਮੇਂ ਭਾਵਕ ਹੋਣਾ ਹੈ। ਭਾਵ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਦੀ ਪ੍ਰਤੀਕ ਹੈ। ‘ਮੁਕਾਬਲਾ’ ਕਹਾਣੀ ਪੰਜਾਬ ਦੇ ਮਾੜੇ ਦਿਨਾ ਦੀ ਦਾਸਤਾਂ ਬਿਆਨ ਕਰਦੀ ਹੈ, ਜਦੋਂ ਪੜ੍ਹੇ ਲਿਖੇ ਨੌਜਵਾਨ ਖਿਡਾਰੀਆਂ ਨੇ ਨਸ਼ੇ ਆਦਿ ਵਿੱਚ ਗ੍ਰਸਤ ਹੋ ਕੇ  ਹਥਿਆਰਬੰਦ ਹੁੰਦਿਆਂ ਪੁਲਿਸ ਦੇ ਮੁਕਾਬਲਿਆਂ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਿਨਾ ਦੇ ਅਸਥਿਰਤਾ ਦੇ ਮਾਹੌਲ ਦੀ ਜਾਣਕਾਰੀ ਦਿੰਦੀ ਹੈ।

ਉਜਾਗਰ ਸਿੰਘਸੰਨੀ ਧਾਲੀਵਾਲ ਦੀਆਂ ਚਾਰ ਕਹਾਣੀਆਂ ਹਨ। ‘ਮੌਮ ਆਈ ਐਮ ਸੌਰੀ’ ਸਿਰਲੇਖ ਵਾਲੀ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬੀ ਨੌਜਵਾਨ ਲੜਕੇ ਤੇ ਲੜਕੀਆਂ ਮਾਪਿਆਂ ਦੀ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਕਹਾਣੀ ਬੜੀ ਸੰਜੀਦਗੀ ਵਾਲੀ ਹੈ ਜਦੋਂ ਇਕ ਹਿਜੜੇ ਨੂੰ ਮਾਪੇ ਲੜਕੀ ਸਮਝਕੇ ਵਿਆਹ ਕਰਵਾਉਣ ਲਈ ਮਜ਼ਬੂਰ ਕਰਦੇ ਹਨ। ‘ਰਤਨਾ ਨੰਬਰਦਾਰ’ ਕਹਾਣੀ ਰਤਨ ਸਿੰਘ ਅਤੇ ਸੁਮੀਤ ਕੌਰ ਲੜਕੀ ਪਰਵਾਸ ਵਿੱਚ ਜਾ ਕੇ ਉਥੋਂ ਦੇ ਸਭਿਆਚਾਰ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਂਦੇ ਹਨ। ਮਾਪਿਆਂ ਨੂੰ ਵੀ ਸਮੇਂ ਅਨੁਸਾਰ ਬਦਲਣ ਲਈ ਪ੍ਰੇਰਿਤ ਕਰਦੀ ਹੈ। ‘ਪਿਆਰ ਦਾ ਇਜ਼ਹਾਰ’ ਕਹਾਣੀ ਵਿੱਚ ਪਰਵਾਸ ਦੀ ਜ਼ਿੰਦਗੀ ਦੀਆਂ ਔਖਿਆਈਆਂ ਹੋਣ ਦੇ ਬਾਵਜੂਦ ਮੁੱਲ ਦੀਆਂ ਤੀਵੀਂਆਂ ਨਾਲ ਵਿਆਹ ਕਰਵਾਉਂਦੇ ਹਨ। ‘ਵਕਤ ਦੇ ਰੰਗ’ ਕਹਾਣੀ ਦਹਿਸ਼ਵਾਦ ਦੇ ਸਮੇਂ ਵਿੱਚ ਪੁਲਿਸ ਦੀਆਂ ਜ਼ਿਆਦਤੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਹੈ, ਜਦੋਂ ਸੁੰਦਰ ਲੜਕੀ ਜੋਬਨ ਦਾ ਉਸ ਦੇ ਘਰ ਵਿੱਚ ਹੀ ਪਿਤਾ ਨੂੰ ਮਾਰ ਕੇ ਅਤਿਵਾਦੀਆਂ ਦੇ ਭੇਸ ਵਿੱਚ ਪੁਲਿਸ ਵਾਲੇ ਬਲਾਤਕਾਰ ਕਰਕੇ ਮਾਰ ਦਿੰਦੇ ਹਨ।

ਇਸ ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦੀਆਂ ਚਾਰ ਕਹਾਣੀਆਂ ਵੀ ਪੁਸਤਕ ਵਿੱਚ ਸ਼ਾਮਲ ਹਨ।  ‘ਹਾਏ ਵਿਚਾਰੇ  ਬਾਬਾ ਜੀ’ ਕਹਾਣੀ ਇਹ ਦੱਸ ਰਹੀ ਹੈ ਕਿ ਪੰਜਾਬ ਵਿੱਚ ਬਾਬੇ ਵਹਿਮਾ ਭਰਮਾ ਵਿੱਚ ਫਸੇ ਲੋਕਾਂ ਨੂੰ ਗੁਮਰਾਹ ਕਰਕੇ ਆਪੋ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ‘ਤੂੰ ਆਪਣੇ ਵਲ ਵੇਖ’ ਕਹਾਣੀ ਬੜੀ ਦਿਲਚਸਪ ਹੈ, ਜਿਸ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬੀ ਪਰਵਾਸ ਵਿੱਚ ਜਾ ਕੇ ਬੇਸ਼ੱਕ ਮਿਹਨਤ ਕਰਦੇ ਹਨ ਪ੍ਰੰਤੂ ਚਰਿਤਰਹੀਣ ਬਣਨ ਵਿੱਚ ਦੇਰੀ ਨਹੀਂ ਕਰਦੇ। ‘ਉਹ ਕਿਉਂ ਆਈ ਸੀ’ ਬੜੀ ਅਜ਼ੀਬ ਕਿਸਮ ਦੀ ਕਹਾਣੀ ਹੈ, ਇਕ ਪਾਸੇ ਆਪਣੇ ਪਤੀ ਜੈਦੇਵ ਨੂੰ ਤੇ ਦੋ ਛੋਟੀਆਂ ਬੱਚੀਆਂ ਨੂੰ ਛੱਡਕੇ ਕਿਸੇ ਹੋਰ ਮਰਦ ਨਾਲ ਚਲੀ ਗਈ ਪਰੰਤੂ ਜੈਦੇਵ ਦੇ ਮਰਨ ਉਪਰੰਤ ਉਸ ਦੇ ਭੋਗ ‘ਤੇ ਆ ਗਈ। ਇਹ ਕਹਾਣੀ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਹੀ ਹੈ। ‘ਮੁਰਦਾ ਖਰਾਬ ਨਾ ਕਰੋ’ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦੀ ਮੂੰਹ ਬੋਲਦੀ ਤਸਵੀਰ ਹੈ, ਜਿਹੜੀ ਆਪਣੀਆਂ ਗ਼ਲਤੀਆਂ ਛੁਪਾਉਣ ਲਈ ਢਕਵੰਜ ਰਚਦੀ ਹੈ।

280 ਪੰਨਿਆਂ, 450 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਐਵਿਸ ਪਬਲੀਕੇਸ਼ਨ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ।
***
ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
****
978
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ