21 September 2024
ਡਾ. ਕਰਮਜੀਤ ਸਿੰਘ

ਅੰਮ੍ਰਿਤਾ ਦੀ ਸਿਰਜਣਾਤਮਿਕਤਾ ਇਕ ਪਰਿਕਰਮਾ – ਡਾ. ਕਰਮਜੀਤ ਸਿੰਘ

ਅੰਮ੍ਰਿਤਾ ਦੀ ਸਿਰਜਣਾਤਮਿਕਤਾ ਇਕ ਪਰਿਕਰਮਾ

ਡਾ. ਕਰਮਜੀਤ ਸਿੰਘ
(ਪੋ੍ਰਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ)

 

ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾਂ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਅੱਜਕਲ ਆਪ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, (ਹਰਿਆਣਾ) ਵਿਖੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਹਨ। ‘ਲਿਖਾਰੀ’ ਉਹਨਾਂ ਦੀ ਇੱਕ ਹੋਰ ਤਾਜ਼ਾ ਰਚਨਾ: ਅੰਮ੍ਰਿਤਾ ਦੀ ਸਿਰਜਣਾਤਮਿਕਤਾ ਇਕ ਪਰਿਕਰਮਾ ਪਾਠਕਾਂ ਲਈ ਹਾਜ਼ਰ ਕਰਦਿਆਂ ਪਰਸੰਨਤਾ ਦਾ ਅਨੁਭਵ ਕਰਦਾ ਹੈ।–ਲਿਖਾਰੀ (2005)

ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇਕ ਸਦੀ ਉਪਰ ਫੈਲਿਆ ਨਾਮ ਹੈ ਤੇ ਭਵਿੱਖ ਦੇ ਦਿੱਸ ਹੱਦਿਆ ਤੋਂ ਪਾਰ ਜਾਣ ਵਾਲਾ ਨਾਮ।1919 ਤੋਂ 2005 ਤੱਕ ਪੂਰੇ ਸੰਸਾਰ ਦੀ ਉਥਲ ਪੁਥਲ ਦੇਖਦੀ ਅੰਮ੍ਰਿਤਾ ਹਿੰਦੋਸਤਾਨ ਦੇ ਅਨੇਕਾ ਉਤਰਾਵਾਂ ਚੜ੍ਹਾਵਾਂ ਵਿਚੋਂ ਦੀ ਲੰਘਦੀ ਅਮ੍ਰਿੰਤਾ। ਮਰਦ ਪ੍ਰਧਾਨ ਸਮਾਜ ਦੀਆਂ ਧਾਰਮਿਕ, ਸਭਿਆਚਾਰਕ, ਸਮਾਜਿਕ ਵਲਗਣਾਂ ਨਾਲ ਖਹਿੰਦੀ ਅੰਮ੍ਰਿਤਾ ਤੇ ਆਪਣੇ ਅੰਦਰ ਦੇ ਨਾਲ਼ ਲੜਦੀ ਪਰੰਪਰਾ ਤੋਂ ਤੁਰ ਕੇ ਪਰੰਪਰਾ ਤੋਂ ਪਾਰ ਜਾਂਦੀ ਤੇ ਆਪੇ ਤਕ ਸਿਮਟਦੀ ਅੰਮ੍ਰਿਤਾ। ਦੋ ਸੰਸਾਰ ਜੰਗਾਂ ਦੀ ਗਵਾਹ ਅੰਮ੍ਰਿਤਾ। ਸੋਵੀਅਤ ਯੂਨੀਅਨ ਦੀ ਉਭਰਦੀ ਤੇ ਢਹਿੰਦੀ ਸੱਤਾ ਦੀ ਚਸ਼ਮਦੀਦ ਗਵਾਹ ਅੰਮ੍ਰਿਤਾ। ਠੰਢੀਆ ਜੰਗਾਂ ਨੂੰ ਅੰਮ੍ਰਿਤਾ ਨੇ ਆਪਣੀ ਲੇਖਣੀ ਰਾਹੀਂ ਪੁਣਿਆਂ। ਨਵਸਾਮਰਾਜਵਾਦ ਦੇ ਉਦੈ ਹੋਣ ਤੇ ਉਸਦੇ ਚੰਗੇ ਬੁਰੇ ਪ੍ਰਭਾਵਾ ਨੂੰ ਦਿੱਲੀ ਦੀ ਸੱਤਾ ਤੇ ਹਾਵੀ ਹੋਣ ਦੀ ਗਵਾਹ ਬਣਦੀ ਅੰਮ੍ਰਿਤਾ। ਮਾਨਵੀ ਇਤਿਹਾਸ ਵਿਚ ਇਕ ਸਦੀ ਰਾਹੀਂ, ਵੀਹਵੀਂ ਸਦੀ ਨੂੰ ਯੁੱਗਾਂ ਜਿੰਨੀ ਛਾਲ਼ ਮਾਰਦਿਆਂ ਅੰਮ੍ਰਿਤਾ ਨੇ ਆਪ ਨਿਹਾਰਿਆ। ਭਾਰਤੀ ਸੰਦਰਭ ਵਿਚ ਜਲ੍ਹਿਆਂ ਵਾਲ਼ੇ ਬਾਗ ਦੀ ਘਟਨਾ ਵਾਲ਼ੇ ਸਾਲ ਪੈਦਾ ਹੋਈ ਅੰਮ੍ਰਿਤਾ ਨੇ ਅੰਗ੍ਰਜ਼ੀ ਸਾਮਰਾਜ ਵਿਰੁੱਧ ਹਿੰਦੁਸਤਾਨ ਨੂੰ ਲੜਦਿਆਂ ਦੇਖਿਆ। ਆਜ਼ਾਦੀ ਨਾਲ਼ ਆਏ ਪੰਜਾਬ ਦੇ ਉਜਾੜੇ ਨੂੰ ਪਿੰਡੇ ਤੇ ਹੰਢਾਇਆ ਤੇ ਵਾਰਿਸ ਨੂੰ ਕੂਕਾਂ ਮਾਰ ਮਾਰ ਇਸਦਾ ਹਾਲ ਸੁਣਾਇਆ। ਉਸਨੇ ਹਿੰਦੁਸਤਾਨ ਦੇ ‘ਸਮਾਜਵਾਦ’ ਦੇ ਨਾਂ ਹੇਠ ਬੁਰਜੂਆ ਡੈਮੋਕਰੇਸੀ ਦੀਆਂ ‘ਬਰਕਤਾਂ’ ਨੂੰ ਦੇਖਿਆ ਤੇ ਮਲਟੀ ਨੈਸ਼ਨਲ ਕੰਪਨੀਆਂ ਨਾਲ਼ ਸ਼ੁਰੂ ਹੋਏ ਉੱਤਰਆਧੁਨਿਕ ਸਮੇਂ ਨੂੰ ਵਾਚਦਿਆਂ ਅੰਤਿਮ ਵਿਦਾਈ ਲਈ।

ਇਕ ਸਦੀ ਵਿਚੋਂ ਲੰਘਦੀ ਅੰਮ੍ਰਿਤਾ ਧਾਰਮਿਕ ਪਰੰਪਰਾਵਾਦੀ ਅਨੁਭਵਾਂ ਨੂੰ ਪ੍ਰਗਟਾਉਣ ਤੋਂ ਆਪਣਾ ਸਫ਼ਰ ਆਰੰਭ ਕਰਦੀ ਹੈ। ਉਹ ਮਰਦ ਪ੍ਰਧਾਨ ਸਮਾਜ ਦੀਆਂ ਜ਼ਿਆਦਤੀਆਂ ਤੋਂ ਛੇਤੀ ਹੀ ਹੱਡੀਂ ਹੰਢਾਏ ਅਨੁਭਵਾਂ ਕਾਰਣ ਚੇਤੰਨ ਹੋ ਜਾਂਦੀ ਹੈ। ਪ੍ਰਗਤੀਵਾਦੀ ਲਹਿਰ ਵਿਚੋਂ ਆਪਣੇ ਤੇ ਆਪਣੇ ਕਲਪਿਤ ਸਮਾਜ ਦੇ ਸੁਪਨੇ ਸਾਕਾਰ ਹੁੰਦਿਆਂ ਦੇਖਣ ਲੱਗਦੀ ਹੈ। ਉਹ ਮੋਹਨ ਸਿੰਘ ਦੇ ਨਾਲ਼ ਮਿਲ਼ ਕੇ ਪੰਜਾਬੀ ਕਵਿਤਾ ਦਾ ਇਕ ਯੁੱਗ ਸਿਰਜਦੀ ਹੈ ਜਿਸ ਵਿਚ ਉਸਦਾ ਨਾਂ ਪਹਿਲਾਂ ਆ ਜੁੜਦਾ ਹੈ। ਪ੍ਰਗਤੀਵਾਦੀ ਲਹਿਰ ਦੇ ਧੀਮੇ ਹੁੰਦਿਆਂ ਹੀ ਉਹ ਵਿਅਕਤੀਵਾਦ ਦੀ ਨਿੱਜੀ ਦੁਨੀਆਂ ਵਲ ਪਰਤ ਆਉਂਦੀ ਹੈ। ਇੱਥੇ ਉਹ ਭਾਵੇਂ ਨਾਗਮਣੀ ਦੇ ਸੰਪਾਦਨ ਨਾਲ਼ ਜੁੜ ਕੇ ਜਾਂ ਗਿਆਨ ਪੀਠ ਪੁਰਸਕਾਰ ਰਾਹੀਂ ਜਾਂ ਫੇਰ ਪਾਰਲੀਮੈਂਟ ਦੀ ਮੈਂਬਰ ਬਣ ਕੇ ਜਾਂ ਅਨੁਵਾਦਿਤ ਹੋ ਕੇ ਵਿਸ਼ਵ ਪੱਧਰ ਤਕ ਪਹੁੰਚਦੀ ਹੈ। ਪਰੰਤੂ ਕਵਿਤਾ ਦੇ ਖੇਤਰ ਵਿਚ ਉਹ ਕਾਮ ਪੀੜਾ ਨੂੰ ਜ਼ੁਬਾਨ ਦਿੰਦੀ ਹੋਈ ਕਦੀ ਲਏ ਸਮਾਜਵਾਦੀ ਸੁਪਨੇ ਦੇ ਵਿਰੋਧ ਵਿਚ ਇਸ ਲਈ ਆ ਖਲੋਂਦੀ ਹੈ ਕਿ ਉਸ ਵਿਚ ਸ਼ਖ਼ਸੀ ਆਜ਼ਾਦੀ ਪ੍ਰਾਪਤ ਨਹੀਂ ਹੁੰਦੀ। ਅੰਤ ਉਪਰ ਅੰਮ੍ਰਿਤਾ ਜਿਸ ਮਰਦ ਪ੍ਰਧਾਨ ਚੌਖਟੇ ਨੂੰ ਤੋੜਦੀ ਰਹੀ ਹੈ ਉਸੇ ਹੀ ਚੌਖਟੇ ਵਿਚ ਫਿੱਟ ਹੋ ਕੇ ਭਾਰਤੀ ਮਰਦ ਦੇ ਸਿਰਜੇ ਰਹੱਸਵਾਦ ਦੇ ਜਾਲ਼ ਵਿਚ ਜਾ ਫੱਸਦੀ ਹੈ। ਪੁਨਰ ਜਨਮ ਦੀ ਗੱਲ ਕਰਦੀ ਹੋਈ।

ਭਾਰਤੀ ਸੰਸਕਾਰ ਵੱਡੀ ਉਮਰ ਵਿਚ ਜਾ ਕੇ ਮਨੱਖ ਨੂੰ ਧਰਮ ਕਰਮ ਨਾਲ਼ ਵਧੇਰੇ ਹੀ ਜੋੜਦੇ ਹਨ। ਪੰਜਾਬੀ ਲੇਖਕਾਵਾਂ ਵੀ ਇਨ੍ਹਾਂ ਸੰਸਕਾਰਾਂ ਤੋਂ ਅਛੂਤੀਆ ਨਹੀਂ ਰਹਿ ਸਕੀਆਂ ਸਗੋਂ ਆਪਣੀਆਂ ਸਥਿਤੀਆਂ ਕਰਕੇ ਉਮਰ ਦੇ ਆਖਰੀ ਪਹਿਰੇ ਉਹ ਰਹੱਸਾਂ ਦੇ ਮੰਡਲਾਂ ਵਲ ਨੂੰ ਪ੍ਰਸਥਾਨ ਕਰਦੀਆ ਦਿਖਾਈ ਦਿੰਦੀਆਂ ਹਨ। ਦਲੀਪ ਕੌਰ ਟਿਵਾਣਾ ਸਾਰੀ ਉਮਰ ਜਾਗੀਰਦਾਰੀ ਮਰਦ ਪ੍ਰਧਾਨ ਪ੍ਰਵਿਤੀਆਂ ਨਾਲ਼ ਲੜਦੀ ਰਹੀ ਪਰ ਅੰਤ ਉਪਰ ਕਥਾ ਕਹੋ ਉਰਵਸ਼ੀ ਵਿਚ ਉਨਾਂ ਚਿਰ ਪਿੱਤਰਾਂ ਦੀ ਮੁਕਤੀ ਨਹੀਂ ਮੰਨਦੀ ਜਿੰਨਾ ਚਿਰ ਪੱੁਤਰ ਉਨ੍ਹਾਂ ਦਾ ਰਿਣ ਨਹੀਂ ਚੁਕਾਉਂਦਾ ਜਾਂ ਪਿੰਡ ਦਾਨ ਨਹੀਂ ਕਰਦਾ। ਅੰਮ੍ਰਿਤਾ ਇਸ ਪੁਰਸ਼ ਪ੍ਰਧਾਨ ਸਮਾਜ ਦੇ ਖਿਲਾਫ਼ ਸਾਰੀ ਉਮਰ ਝੰਡਾ ਗੱਡੀ ਰੱਖਦੀ ਹੈ ਪਰ ਉਸੇ ਦੇ ਬੁਰਜੂਆ ਪ੍ਰਤਿਨਿਧੀ ਰਜਨੀਸ਼ ਦੀ ਸ਼ਰਨ ਵਿਚ ਜਾ ਬਿਰਾਜਦੀ ਹੈ। ‘ਓਸ਼ੋ ਰੰਗ ਮਜੀਠੜਾ’ ਉਸਦੀ ਅਜਿਹੀ ਪ੍ਰਵਿਰਤੀ ਦੀ ਹੀ ਰਚਨਾ ਹੈ। ਓਸੋ਼ ਰਜਨੀਸ਼ ਦੀ ਸ਼ਰਨ ਵਿਚ ਜੋ ਤਾਂਤ੍ਰਿਕ ਮੱਤ ਦਾ ਸਮਰੱਥਕ ਹੈ ਤੇ ਇਹ ਕਹਿੰਦਾ ਹੈ ਕਿ ਮਰਦ ਦੀ ਸ਼ਕਤੀ ਹੇਠੋਂ ਉਪਰ ਵਲ ਜਾਂਦੀ ਹੈ ਇਸ ਲਈ ਉਸ ਲਈ ਮੁਕਤੀ ਪ੍ਰਾਪਤ ਕਰਨੀ ਔਰਤ ਨਾਲ਼ੋਂ ਆਸਾਨ ਹੁੰਦੀ ਹੈ। ਔਰਤ ਦੀਆਂ ਸ਼ਕਤੀਆ ਉਸ ਅਨੁਸਾਰ ਉਪਰੋਂ ਹੇਠਾਂ ਵਲ ਪ੍ਰਵਾਹਿਤ ਹੁੰਦੀਆਂ ਹਨ। ਉਹ ਉਸ ਰਜਨੀਸ਼ ਦੀ ਸ਼ਰਨ ਵਿਚ ਜਾਂਦੀ ਹੈ ਜਿਸਦੀ ਤਾਂਤ੍ਰਿਕ ਸਾਧਨਾ ਸੰਭੋਗ ਨੂੰ ਮਰਦ ਲਈ ਸਮਾਧੀ ਦਾ ਰਾਹ ਦੱਸਦੀ ਹੈ। ਇਥੇ ਵੀ ਮੁਢਲੀ ਉਮਰ ਦੇ ਸੰਸਕਾਰ ਇਕ ਪਰਿਕਰਮਾ ਕਰਦੇ ਦਿਖਾਈ ਦਿੰਦੇ ਹਨ। ਉਸਦੇ ਆਪਣੇ ਕਹਿਣ ਅਨੁਸਾਰ, “ਘਰ ਦੀ ਸਾਰੀ ਹਵਾ ਧਾਰਮਿਕ ਸੀ ਤੇ ਰੋਜ਼ ਰਾਤ ਨੂੰ ਦਸਾਂ ਮਿੰਟਾਂ ਲਈ ਅੱਖਾਂ ਮੀਟ ਕੇ ਮਨ ਨੂੰ ਇਕਾਗਰ ਕਰਕੇ ਰੱਬ ਨੂੰ ਚਿਤਾਰਨ ਦਾ ਨੇਮ ਸੀ।” ਇਹ ਨੇਮ ਸਾਰੀ ਉਮਰ ਟੁੱਟਾ ਰਹਿੰਦਾ ਹੈ ਪਰ ਪਿਛਲੀ ਉਮਰ ਵਿਚ ਇਹੀ ਨੇਮ ਓਸ਼ੋ ਦੇ ਧਿਆਨ ਵਿਚ ਆ ਸਮਾਉਂਦਾ ਹੈ। ਅੰਮ੍ਰਿਤਾ ਓਸ਼ੋ ਵਲ ਪਰਤਣ ਤੋਂ .ਪਹਿਲਾਂ ਹੀ ‘ਵਾਸ਼ਨਾ’ ਨੂੰ ਖੁਸ਼ੀ ਦਾ ਸੋਮਾ ਮੰਨਦੀ ਰਹੀ ਹੈ। “ਵਾਸ਼ਨਾ ਦੇ ਲਫ਼ਜ਼ ਨੂੰ ਸਿਰਫ਼ ਉਹੀ ਲੋਕ ਇਨਸਾਨੀ ਅੱਖਾਂ ਵਿਚ ਘਟੀਆ ਕਦਰ ਦਾ ਬਨਾਣਾ ਚਾਹੁੰਦੇ ਨੇ, ਜਿਹੜੇ ਇਨਸਾਨ ਦੀ ਪਹੁੰਚ ਵਿਚ ਆ ਸਕਣ ਵਾਲ਼ੀ ਖੁਸ਼ੀ ਤੋਂ ਇਨਸਾਨ ਨੂੰ ਵਿਰਵਿਆਂ ਰੱਖਣਾ ਚਾਹੁੰਦੇ ਹਨ।” ਉਸਦੀ ਇਕ ਮੁਲਾਕਾਤ ਵਿਚ ਕੀਤੀ ਗਈ ਇਹ ਟਿੱਪਣੀ ਹੈ। ਬਾਕੀ ਇਸਤ੍ਰੀ ਲੇਖਕਾਵਾਂ ਕੀ ਇਸੇ ਰਾਹ ਜਾਣ ਤੋਂ ਬਚ ਸਕਣਗੀਆਂ ? ਦੁਆ ਇਹੀ ਕਰਨੀ ਚਾਹੀਦੀ ਹੈ ਕਿ ਉਹ ਇਸ ਤੋਂ ਬਚ ਸਕਣ।

ਅੰਮ੍ਰਿਤਾ ਪ੍ਰਮੁੱਖ ਤੌਰ ਤੇ ਕਵਿਤਾ ਦੀ ਧਾਰਾ ਹੈ ਠੰਢੀਆਂ ਕਿਰਨਾਂ (ਆਮ ਤੌਰ ਤੇ ਅੰਮ੍ਰਿਤ ਲਹਿਰਾਂ ਨੂੰ ਪਹਿਲੀ ਰਚਨਾ ਮੰਨ ਲਿਆ ਜਾਂਦਾ ਹੈ) ਤੋਂ ਮੈਂ ਤੈਨੂੰ ਫਿਰ ਮਿਲਾਂਗੀ ਤੱਕ ਉਸਦੇ ਆਦਿ ਤੋਂ ਲੈਕੇ ਅੰਤ ਤੱਕ ਕਵਿਤਾ ਅੰਗ ਸੰਗ ਰਹਿੰਦੀ ਹੈ। ਗਲਪ, ਵਾਰਤਕ, ਲੋਕ ਗੀਤ ਸੰਗ੍ਰਹਿ ਵਿਚ ਵਿਸਤਾਰ ਪਾਉਂਦੀ ਅੰਮ੍ਰਿਤਾ ਅੰਤ ਫਿਰ ਕਵਿਤਾ ਉਪਰ ਆ ਕੇ ਕੇਦ੍ਰਿਤ ਹੁੰਦੀ ਹੈ। ਛੰਦ ਬੱਧ ਕਵਿਤਾ ਤੋਂ ਸੁਰੂ ਕਰਦੀ ਅੰਮ੍ਰਿਤਾ ਮੈਂ ਤੈਨੂੰ ਫੇਰ ਮਿਲਾਂਗੀ ਦੀ ਪਹਿਲੀ ਕਵਿਤਾ ਵਿਚ ਫਿਰ ਛੰਦ ਬੱਧ ਹੋਣ ਦਾ ਯਤਨ ਕਰਦੀ ਨਜ਼ਰ ਆਉਂਦੀ ਹੈ ਜਿਵੇਂ ਕੋਈ ਸਾਰੀ ਉਂਮਰ ਦੇ ਖਿਲਾਰੇ ਨੂੰ ਫਿਰ ਇਕ ਸੰਜਮ ਵਿਚ ਬੰਨ੍ਹਣ ਲਈ ਯਤਨਸ਼ੀਲ ਹੋਵੇ।

ਕਾਲ ਦਾ ਪੰਛੀ ਉੱਡਦਾ ਨੀ ਮਾਏ
ਉਹ ਕੁਝ ਸੁਣਦਾ ਨਾ ਕਹਿੰਦਾ।
ਉੱਚੇ ਤਾਂ ਕਲਸ਼ ਬਥੇਰੇ ਨੀ ਮਾਏ,
ਉਹ ਕਿਸੇ ਕਲਸ਼ ਨਾ ਬਹਿੰਦਾ।

ਅੰਤ ਉਪਰ ਰਹੱਸਵਾਦੀ ਝੌਲਿਆਂ ਦੇ ਨਾਲ ਮੌਤ ਦੇ ਪਰਛਾਵੇਂ ਵੀ ਲਗਾਤਾਰ ਨਾਲੋ ਨਾਲ ਚਲ ਰਹੇ ਦਿਖਾਈ ਦੇ ਰਹੇ ਹਨ। ਅੰਮ੍ਰਿਤਾ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ, ਇਹ ਆਵਾਜ਼ ਉਦੋਂ ਸੀ ਜਦੋਂ ਉਹ ਵੰਡ ਵੇਲੇ ਵਾਰਿਸ ਨੂੰ ਆਵਾਜ਼ਾਂ ਮਾਰਦੀ ਹੈ ਪਰ ਬਾਦ ਵਿਚ ਉਹ ਔਰਤ ਦੇ ਮਾਨਸਿਕ ਵਿਸ਼ਾਦ ਦੀ ਵਿਆਕਤੀਗਤ ਆਵਾਜ਼ ਬਣ ਜਾਂਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ, “ਮੋਹਨ ਸਿੰਘ ਵਾਂਗ ਅੰਮ੍ਰਿਤਾ ਦੇ ਪੱਲੇ ਵੀ ਪ੍ਰੀਤ ਦਾ ਵਿਸ਼ਾਦ ਹੀ ਪਿਆ ਹੈ ਪਰ ਅੰਮ੍ਰਿਤਾ ਆਪਣੀ ਕਵਿਤਾ ਵਿਚ ਇਸ ਵਿਸ਼ਾਦ ਨੂੰ ਨਿੱਜੀ ਨਹੀਂ ਰਹਿਣ ਦਿੰਦੀ। ਸਗੋ ਸਮਾਜਿਕ ਬੰਧਨਾਂ ਥੱਲੇ ਦੱਬੀ ਪੰਜਾਬ ਦੀ ਇਸਤਰੀ ਦੇ ਭਾਵਾਂ ਦੀ ਤਰਜਮਾਨੀ ਕਰਦੀ ਹੋਈ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਦਰਸਾਉਦੀ ਹੈ। ਸਾਹਿਤ ਵਿਚ ਉਹ ਇਸਤਰੀ ਜਾਤੀ ਦੀ ਪ੍ਰਤੀਨਿਧ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਲੜਦੀ ਹੈ।

ਇਹ ਮੰਨਿਆ ਜਾਂਦਾ ਹੈ ਕਿ ਸਰਘੀ ਵੇਲਾ ਕਾਵਿ-ਸੰਗ੍ਰਹਿ ਵਿਚ ਉਹ ਆਪਣੇ ਸਿਖਰ ਤੇ ਸੀ ਅਤੇ ਇਸ ਸਮੇਂ ਉਸ ਦੀ ਕਵਿਤਾ ਸਭ ਤੋਂ ਸ਼ਕਤੀਸ਼ਾਲੀ ਸੀ। ਪਰੰਤੂ ਅੰਮ੍ਰਿਤਾ ਆਪਣੇ ਪਹਿਲੇ ਤੇ ਦੂਜੇ ਦੌਰ ਦੀ ਕਵਿਤਾ ਦਾ ਨਿਖੇੜ ਕਰਦੀ ਹੋਈ ਬਾਅਦ ਵਾਲੀ ਕਵਿਤਾ ਨੂੰ ਵਧੇਰੇ ਸ਼ਕਤੀਸਾਲੀ ਮੰਨਦੀ ਹੈ। ” ਉਸ ਤਾਕਤ (ਸਰਘੀ ਵੇਲਾ ਦੀ ਤਾਕਤ) ਵਿਚ ਇਕੋ ਵਾਰੀ ਸੜ ਮੁੱਕਣ ਦੀ ਚਾਹ ਸੀ ਪਰ ਹੁਣ ਦੀ ਤਾਕਤ ਵਿਚ ਕੁਝ ਬਹੁਤੀ ਦੇਰ ਜਗਦੇ ਰਹਿਣ ਦੀ ਸੰਭਾਵਨਾ ਹੈ।” ਪਰ ਅੱਜ ਵੀ ਪਾਠਕ ਵਰਗ ਉਸ ਨਾਲ ਸਹਿਮਤ ਨਹੀਂ ਹੋ ਸਕਿਆ।

ਪੰਜਾਬੀ ਦੇ ਸਥਾਪਿਤ ਆਲੋਚਕਾਂ ਨੇ ਅੰਮ੍ਰਿਤਾ ਦੀ ਗਲਪ ਬਾਰੇ ਬਹੁਤੀ ਉਚੇਰੀ ਰਾਇ ਨਹੀਂ ਬਣਾਈ। ਉਨ੍ਹਾਂ ਨੇ ਅੰਮ੍ਰਿਤਾ ਦੀ ਗਲਪੀ ਸ਼ੈਲੀ ਨੂੰ ‘ਭਾਵੁਕ ਰੁਮਾਟਿਕ ਸ਼ੈਲੀ’ ਕਹਿ ਕੇ ਗੱਲ ਖਤਮ ਕਰ ਦਿੱਤੀ ਹੈ। ਪਰੰਤੂ ਇਹ ਵੀ ਸੱਚ ਹੈ ਕਿ ਗਲਪ ਵਿਚ ਵੀ ਉਹ ਇਸਤਰੀ ਦੀਆਂ ਦੱਬੀਆਂ ਭਾਵਨਾਵਾਂ ਨੂੰ ਹੀ ਜੁਬਾਨ ਦਿੰਦੀ ਹੈ ਪਰ ਜਿੱਥੇ ਇਹ ਜੁਬਾਨ ਕਵਿਤਾ ਵਿਚ ਪ੍ਰਤੀਕਾਂ ਓਹਲੇ ਸੰਜਮ ਵਿਚ ਰਹਿੰਦੀ ਹੈ ਉੱਥੇ ਨਾਵਲਾਂ ਵਿਚ ਸੈਕਸ ਦਾ ਖੁੱਲਾ ਵਰਣਨ ਕਈਆਂ ਆਲੋਚਕਾਂ ਨੂੰ ‘ਪਰੋਨੋਗ੍ਰਾਫੀ’ ਜਾਪਣ ਲੱਗ ਜਾਂਦਾ ਹੈ। ਅੰਮ੍ਰਿਤਾ ਇਸਤਰੀ ਦੀਆਂ ਮਨੋ ਗੁੰਝਲਾਂ ਨੂੰ ਸਮਝਣ ਦਾ ਯਤਨ ਕਰਦੀ ਹੈ। ਇਸ ਸਭ ਕੁਝ ਦੇ ਬਾਵਜੂਦ ਸਮਾਜਿਕ ਦਬਾਵਾਂ ਅਧੀਨ ਵਿਚਰਦੀਆਂ ਚੜ੍ਹਦੀ ਉਮਰ ਦੀਆਂ ਕੁੜੀਆਂ ਲਈ ਅੰਮ੍ਰਿਤਾ ਦਾ ਖੁੱਲ੍ਹਾਂ ਦਾ ਸੰਸਾਰ ਬੜਾ ਆਕਰਸ਼ਕ ਹੈ। ਇਸ ਲਈ ਉਸਦਾ ਪਾਠਕ ਵਰਗ ਅੱਜ ਵੀ ਕਾਫ਼ੀ ਵਸੀਹ ਹੈ। ਆਪਣੇ ਨਾਵਲ ਵਿਚ ਯਥਾਰਥ ਤੇ ਕਲਪਨਾ ਬਾਰੇ ਉਸਦੀ ਕਾਵਿਕ ਟਿੱਪਣੀ ਹੈ, “ਨਾਵਲ ਇਕ ਭੱਠੀ ਦੀ ਅੱਗ ਵਾਂਗ ਹੁੰਦੇ ਨੇ ਇਸਨੂੰ ਚਿਣਗ ਭਾਵੇਂ ਸੱਚ ਦੀ ਈ ਲਾਈਦੀ ਏ। ਪਰ ਇਹਦੇ ਵਿਚੋਂ ਨਿਕਲਣ ਵਾਲੀਆ ਸਾਰੀਆਂ ਲਾਟਾਂ ਕਲਪਨਾ ਦੀਆਂ ਹੁੰਦੀਆ ਹਨ।” ਇਸ ਟਿੱਪਣੀ ਵਾਂਗ ਹੀ ਉਸਦੇ ਨਾਵਲਾਂ ਵਿਚ ਕਾਵਿਕਤਾ ਦੀ ਧਾਰਾ ਅਮੁੱਕ ਹੈ।

ਭਾਵੇਂ ਅੰਮ੍ਰਿਤਾ ਦੀਆਂ ਮੁਲਾਕਾਤਾਂ ਅਤੇ ਹੋਰ ਲਿਖਤਾਂ ਵਿਚ ਵੀ ਸਵੈਜੀਵਨੀਆਤਮਿਕ ਵੇਰਵਿਆਂ ਦੀ ਬਹੁਤਾਤ ਹੈ ਪਰ ਉਸਦੀ ਸਵੈਜੀਵਨੀ ਰਸੀਦੀ ਟਿਕਟ ਉਸਦੇ ਜੀਵਨ ਦੀ ਖੁਲ੍ਹੀ ਕਿਤਾਬ ਹੈ। ਉਸ ਵਿਚ ਸੱਚ ਕਹਿ ਸਕਣ ਦੀ ਜ਼ੁਰਅਤ ਹੈ। ਜਿੱਥੇ ਪੰਜਾਬੀ ਦੇ ਬਹੁਤੇ ਮਰਦ ਸਵੈਜੀਵਨੀਕਾਰ ਪ੍ਰੇਮ ਸੰਬੰਧਾਂ ਬਾਰੇ ਗੋਲ਼ ਮੋਲ਼ ਬੁਝਾਰਤਾਂ ਪਾਉਣ ਦੇ ਆਦੀ ਹਨ ਉੱਥੇ ਅੰਮ੍ਰਿਤਾ ਸਪੱਸ਼ਟ ਸਵੀਕਾਰ ਦੀ ਭਾਸ਼ਾ ਅਪਣਾਉਂਦੀ ਹੈ। ਖੁਸ਼ਵੰਤ ਸਿੰਘ ਦੀ ਆਲੋਚਨਾ ਵੀ ਉਸਦੇ ਸਾਹਮਣੇ ਬਉਣੀ ਜਿਹੀ ਬਣ ਕੇ ਰਹਿ ਜਾਂਦੀ ਹੈ।

ਅੰਮ੍ਰਿਤਾ ਦੀ ਵਾਰਤਕ ਦਾ ਸਮੁੰਦਰ ਉਪਰੋਂ ਕਾਵਿਕਤਾ ਦੀ ਚਕਾਚੌਂਧ ਵਾਲ਼ਾ ਹੈ ਪਰ ਉਸਦਾ ਵਿਸ਼ਾਲ ਅਨੁਭਵ ਤੇ ਅਧਿਐਨ ਹਮੇਸ਼ਾ ਉਸਦੇ ਅੰਗ ਸੰਗ ਰਹਿੰਦਾ ਹੈ। ਅੰਮ੍ਰਿਤਾ ਲੋਕਗੀਤਾਂ ਦੇ ਸੰਗ੍ਰਹਿ ਵੀ ਇਕ ਖਾਸ ਮੰਤਵ ਲਈ ਕਰਦੀ ਹੈ। ਔਰਤ ਦੀਆ ਮਾਨਸਿਕ ਗੰਢਾਂ ਨੂੰ ਖੋਲ੍ਹਣ ਲਈ ਅਤੇ ਉਸਦੀਆਂ ਸਥਿਤੀਆਂ ਨੂੰ ਸਮਝਣ ਲਈ। ਭਾਵੇਂ ਉਸਦੀ ਇਸ ਗੱਲ ਵਿਚ ਤਾਂ ਬਹੁਤਾ ਦਮ ਨਹੀਂ ਕਿ ਔਰਤ ਹੀ ਔਰਤਾਂ ਦੇ ਗੀਤਾਂ ਦਾ ਚੰਗੀ ਤਰ੍ਹਾਂ ਸੰਗ੍ਰਹਿ ਕਰ ਸਕਦੀ ਹੈ ਪਰੰਤੂ ਉਨ੍ਹਾਂ ਦੀ ਮੌਲਿਕ ਵਿਆਖਿਆ ਵਿਚ ਨਿਰਸੰਦੇਹ ਹੀ ਅੰਮ੍ਰਿਤਾ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ।

ਅੰਮ੍ਰਿਤਾ ਆਲੋਚਕ ਨਹੀਂ ਪਰੰਤੂ ਇਕ ਸਿਰਜਣਾਤਮਿਕ ਲੇਖਿਕਾ ਹੋਣ ਦੇ ਨਾਤੇ ਉਸਦੀ ਆਲੋਚਨਾ ਤੋਂ ਆਪਣੀ ਵੱਖਰੀ ਮੰਗ ਹੈ। “ਅਸਲ ਵਿਚ ਆਲੋਚਨਾ ਬਹੁਤੀ ਵੱਡੀ ਚੀਜ਼ ਏ। ਇਹਦਾ ਗਿਆਨ ਤੇ ਇਹਦੀ ਵਰਤੋਂ ਛੋਟੇ ਹੱਥਾਂ ਵਿਚ ਸੰਭਾਲ਼ੀ ਜਾਣ ਵਾਲ਼ੀ ਚੀਜ਼ ਨਹੀਂ। ਆਲੋਚਕ ਦੇ ਹੱਥਾਂ ਵਿਚ ਦੋ ਹਥਿਆਰ ਹੋਣੇ ਜ਼ਰੂਰੀ ਨੇ ਵਿਸ਼ਾਲ ਜਾਣਕਾਰੀ ਦੀ ਤਲਵਾਰ ਅਤੇ ਰਸਿਕਤਾ ਦੀ ਢਾਲ਼।

ਆਪਣੀ ਤਕਰੀਬਨ ਇਕ ਸਦੀ ਲੰਮੀ ਉਮਰ ਵਿਚ ਅੰਮ੍ਰਿਤਾ ਨੇ ਬੇਹੱਦ ਨਾਮਣਾ ਖੱਟਿਆ ਹੈ ਤੇ ਆਲੋਚਨਾ ਦਾ ਸ਼ਿਕਾਰ ਵੀ ਰਹੀ ਹੈ। ਉਸਦੀ ਸਰੀਰਕ ਗ਼ੈਰ ਹਾਜ਼ਰੀ ਵਿਚ ੳਸਦਾ ਵੱਖਰੀ ਤਰ੍ਹਾਂ ਦਾ ਮੁਲਾਂਕਣ ਹੋਣਾ ਅਵੱਸ਼ਕ ਹੈ। ਜਿਸ ਨਾਰੀਵਾਦ ਦੀ ਗੂੰਜ ਅੱਜ ਪੰਜਾਬੀ ਸਾਹਿਤ ਵਿਚ ਸੁਣਾਈ ਦਿੰਦੀ ਹੈ। ਉਸਦੀ ਨੀਂਹ ਅੰਮ੍ਰਿਤਾ ਨੇ 1935 ਵਿਚ ਹੀ ਰੱਖ ਦਿੱਤੀ ਸੀ।ਬਿਨਾਂ ਕੋਈ ਨਾਮ ਦਿੱਤੇ। ਇਸੇ ਲਈ ਅੰਮ੍ਰਿਤਾ ਸਮਕਾਲੀ ਵੀ ਹੈ ਅਤੇ ਭਵਿੱਖ ਵਿਚ ਵੀ ਉਸਨੂੰ ਵਿਸਾਰਿਆ ਨਹੀਂ ਜਾ ਸਕੇਗਾ। 

*****
ਕਰਮਜੀਤ ਸਿੰਘ
(ਪੋ੍ਰਫੈਸਰ ਤੇ ਚੇਅਰਮੈਨ,
ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ)

ਡੀ-46, ਕੈਂਪਸ,
ਕੁਰੂਕਸ਼ੇਤਰ ਯੁਨੀਵਰਿਟੀ,
ਕੁਰੂਕਸ਼ੇਤਰ, ਹਰਿਆਣਾ
(ਇੰਡੀਆ)

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 20 ਦਸੰਬਰ 2005)
(ਦੂਜੀ ਵਾਰ ਸਤੰਬਰ 2021)

***
318
***

ਡਾ. ਕਰਮਜੀਤ ਸਿੰਘ

ਸੇਵਾ ਮੁਕਤ ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ

ਡਾ. ਕਰਮਜੀਤ ਸਿੰਘ

ਸੇਵਾ ਮੁਕਤ ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ

View all posts by ਡਾ. ਕਰਮਜੀਤ ਸਿੰਘ →