25 April 2024

ਪਰਵਾਸ – ਆਵਾਸ ਦਾ ਯੂਰਪੀ ਪੰਜਾਬੀ ਸਾਹਿਤ, ਅਤੇ ਅਗਲੀ ਪੀੜ੍ਹੀ !!—- ਕੇਹਰ ਸ਼ਰੀਫ਼, ਜਰਮਨੀ

ਪੰਜਾਬੀ ਦੇ ਸਾਡੇ ਬਹੁਤ ਉੱਘੇ ਕਵੀ ਫੀਰੋਜ਼ਦੀਨ ਸ਼ਰਫ ਨੇ ਬਹੁਤ ਦੇਰ ਪਹਿਲਾਂ ਪੰਜਾਬੀ ਦੀ ਹਾਲਤ ਦੇਖ ਕੇ ਕਦੀਂ ਦੁਖੀ ਹੋ ਕੇ ਲਿਖਿਆ ਸੀ :

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਰਬਾਬ ਰਬਾਬੀਆਂ ਦੀ।
ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਪਰ ਉਦੋਂ ਨਾਲੋਂ ਹਾਲਤ ਹੁਣ ਬਹੁਤ ਬਦਲ ਗਏ ਹਨ ਹੁਣ ਅੱਜ ਦੇ ਹਵਾਲੇ ਨਾਲ ਹੀ ਗੱਲ ਕਰਨੀ ਬਣਦੀ ਹੈ। ਕਿਸੇ ਵੀ ਇਨਸਾਨ ਦਾ ਪਰਵਾਸੀ ਹੋਣਾ ਪਹਿਲਾਂ ਜਰੂਰ ਦੁੱਖ ਭਰਿਆ ਹੁੰਦਾ ਹੈ, ਪਰ ਵਕਤ ਦੇ ਬੀਤਣ ਨਾਲ ਇਹ ਆਮ ਵਰਤਾਰੇ ਵਿਚ ਬਦਲ ਜਾਂਦਾ ਹੈ। ਅੱਜ ਦੇ ਸਮੇਂ ਪਰਵਾਸ ਦੀਆਂ ਹਾਲਤਾਂ ਤੇ ਸਰੂਪ ਦੋਵੇਂ ਹੀ ਪਹਿਲੇ ਸਮਿਆਂ ਤੋਂ ਬਹੁਤ ਬਦਲ ਗਏ ਹਨ। ਤਕਨੀਕੀ ਸਹੂਲਤਾਂ ਦੇ ਆਸਰੇ ਹੁੰਦੇ ਪ੍ਰਚਾਰ ਦਾ ਇਸ ਵਿਚ ਵੱਡਾ ਯੋਗਦਾਨ ਰਿਹਾ ਹੈ। ਫੇਰ ਵੀ ਪਰਵਾਸ ਵਿਚ ਪਹੁੰਚ ਕੇ ਹੇਰਵਾ, ਉਦਰੇਵਾਂ ਲੰਬਾ ਸਮਾਂ ਬੰਦੇ ਦਾ ਖਹਿੜਾ ਨਹੀਂ ਛੱਡਦਾ, ਇਸ ਖਲਜਗਣ ਵਿਚੋਂ ਨਿਕਲਣ ਵਾਸਤੇ ਹਰ ਕਿਸੇ ਨੂੰ ਖੁਦ ਹੀ ਜਤਨ ਕਰਨੇ ਪੈਂਦੇ ਹਨ, ਦੂਜਾ ਰਾਹ ਵੀ ਕੋਈ ਨਹੀਂ ਹੁੰਦਾ। ਨਵਾਂ ਥਾਂ, ਹਰ ਕਿਸੇ ਨੂੰ ਹੀ ਪਹਿਲਾਂ ਪਿਛਲੀਆਂ ਯਾਦਾਂ ਵਿਚੋਂ ਲੰਘਦਿਆਂ ਉਦਾਸੀ ਤੇ ਦੁੱਖ ਜਿਹਾ ਬਣਕੇ ਮਿਲਦਾ ਹੈ।

ਪਰਵਾਸ ਤੋਂ ਆਵਾਸ ਤੱਕ ਦਾ ਜੀਵਨ ਹੰਢਾਉਣ ਵਾਲੇ ਜਾਗਰੂਕ ਲੋਕ ਆਪਣੇ ਆਲੇ-ਦੁਆਲੇ ਨੂੰ ਡੂੰਘੀ ਨਜ਼ਰੇ ਪਰਖਣ ਲਗਦੇ ਹਨ। ਵੱਖੋ ਵੱਖ ਕਲਾਵਾਂ ਨਾਲ ਜੁੜੇ ਲੋਕ ਆਪੋ ਆਪਣੇ ਮਾਧਿਅਮ ਰਾਹੀਂ ਕੋਸ਼ਿਸ਼ ਕਰਦੇ ਹਨ ਕਿ ਜਿੱਥੇ ਵੀ ਉਹ ਰਹਿ ਰਹੇ ਹਨ ਉਸ ਸਮਾਜ ਬਾਰੇ ਆਪਣੇ ਲੋਕਾਂ (ਦੁਨੀਆਂ) ਨਾਲ ਸਾਂਝ ਪੁਆਈ ਜਾਵੇ। ਸਾਹਿਤ ਨਾਲ ਜੁੜੇ ਆਪਣੀ ਕਲਮ ਦਾ ਸਹਾਰਾ ਲੈ ਕੇ ਰਚਨਾ ਕਰਦੇ ਹਨ। ਹਰ ਕਿਸੇ ਦਾ ਰਚਨਾ ਸੰਸਾਰ ਆਪਣਾ ਹੁੰਦਿਆਂ ਹੋਇਆਂ ਵੀ ਸਰਵਵਿਆਪੀ (ਯੂਨੀਵਰਸਲ) ਹੁੰਦਾ ਹੈ, ਇਹ ਹੀ ਤਾਂ ਗਲੋਬਲੀ ਵਰਤਾਰਾ ਕਹਾਉਂਦਾ ਹੈ। ਯੂਰਪ ਅੰਦਰ ਪਹੁੰਚੇ ਪੰਜਾਬੀ ਵੀ ਇਸ ਵਿਚ ਪਿੱਛੇ ਨਹੀਂ ਰਹੇ। ਪਿੱਛੇ ਛੱਡ ਆਏ ਰਿਸ਼ਤਿਆਂ ਦੀ ਯਾਦ ਜਾਂ ਫੇਰ ਨਵੇਂ ਸਮਾਜ ਨਾਲ ਬਣਦੇ ਕੌੜੇ-ਮਿੱਠੇ ਸਬੰਧ ਅਤੇ ਇਸ ਸਮਾਜ ਵਿਚੋਂ ਪੈਦਾ ਹੋਣ ਵਾਲੇ ਵਖਰੇਵੇਂ ਜਾਂ ਸਮਾਜਿਕ ਦਵੰਧ, ਵਿਤਕਰੇ ਭਰੇ ਵਿਹਾਰ ਦੀ ਕਾਟ ਕਰਨ ਵਾਸਤੇ ਜਗਿਆਸੂ ਮਨੁੱਖ ਲਈ ਪ੍ਰੇਰਨਾ ਬਣਦੇ ਹਨ, ਇਹ ਪ੍ਰੇਰਨਾ ਹੀ ਉਸਦੀ ਸਿਰਜਣਾ ਦਾ ਅਧਾਰ ਹੁੰਦੇ ਹਨ। ਲਿਖਣ ਵਾਲੇ ਜਗਿਆਸੂ ਲੋਕ, ਆਪ ਦੇਖੇ, ਸੁਣੇ ਤੇ ਹੱਡੀਂ ਹੰਢਾਏ ਨੂੰ ਸਿਰਜਣਾ ਅੰਦਰ ਪੇਸ਼ ਕਰ ਸਕਣ ਵੇਲੇ ਕਿੱਥੋਂ ਕੁ ਤੱਕ ਕਾਮਯਾਬ ਹੁੰਦੇ ਹਨ ਇਹ ਉਨ੍ਹਾਂ ਦੇ ਅਨੁਭਵ ਨੂੰ ਪੇਸ਼ ਕਰਨ ਦੀ ਵਿਧੀ, ਲਿਖਣ ਵਾਲੀ ਸੂਝ ਅਤੇ ਇਕੱਠੇ ਕੀਤੇ ਗਿਆਨ ‘ਤੇ ਨਿਰਭਰ ਕਰਦਾ ਹੈ।

ਪੰਜਾਬੀ ਪਰਵਾਸੀਆਂ ਵਲੋਂ ਸਿਰਜੇ ਸਾਹਿਤ ਨੂੰ ਪਹਿਲਾਂ ਕਾਫੀ ਦੇਰ ਤੱਕ ਅਕਾਦਮਿਕ ਖੇਤਰ ਅੰਦਰਲੇ ਬੁੱਧੀਮਾਨ ਕਹਾਉਣ ਵਾਲੇ ਜੀਵ, ਹਲਕਾ ਜਿਹਾ ਜਾਂ ਦੋ ਨੰਬਰ ਦਾ ਸਾਹਿਤ (ਪਰਵਾਸੀ, ਡਾਲਰਾਂ, ਪੌਂਡਾਂ ਦਾ ਸਾਹਿਤ) ਹੀ ਸਮਝਦੇ ਰਹੇ ਸਨ। ਪਰ ਯੂਰਪੀ ਦੇਸ਼ਾਂ ਦੇ ਪੰਜਾਬੀ ਲੇਖਕਾਂ ਨੇ ਆਪਣੇ ਅਨੁਭਵੀ ਸਿਰੜ ਅਤੇ ਮਿਹਨਤ ਨਾਲ ਇਹ ਸਾਬਤ ਕੀਤਾ ਕਿ ਇਹ ਮੁੱਖ ਧਾਰਾ ਦਾ ਪੰਜਾਬੀ ਸਾਹਿਤ ਹੈ ਭਾਵੇਂ ਕਿ ਇਹ ਦੂਰ-ਦੁਰਾਡੇ ਵਸਦਿਆਂ ਵਲੋਂ ਲਿਖਿਆ ਜਾ ਰਿਹਾ ਹੈ, ਕਿਉਂਕਿ ਉਹ ਲੇਖਕ ਦੋ ਸਮਾਜਾਂ ਦੇ ਜਾਣਕਾਰ ਹਨ। ਫੇਰ ਇਸ ਬਾਰੇ ਢੁੱਚਰਾਂ ਡਾਹੁਣ ਵਾਲਿਆਂ ਨੂੰ ਵੀ ਇਹ ਗੱਲ ਕਬੂਲ ਕਰਨੀ ਪਈ। ਹੁਣ ਤਾਂ ਯੂਰਪ ਦੇ ਹਰ ਦੇਸ਼ ਅੰਦਰ ਪੰਜਾਬੀ ਦਾ ਸਿਰਜਣਾਮਿਕ ਸਾਹਿਤ ਲਗਾਤਾਰ ਲਿਖਿਆ ਜਾ ਰਿਹਾ ਹੈ। (ਇਸ ਨੂੰ ਸੰਸਾਰ ਪੱਧਰ ਤੇ ਵੀ ਕਿਹਾ ਜਾ ਸਕਦਾ ਹੈ) ਸਾਹਿਤ ਦੀ ਅਜਿਹੀ ਕੋਈ ਵਿਧਾ ਨਹੀਂ ਜਿਸ ਵਿਚ ਇੱਥੇ ਵਸਦੇ ਸੈਂਕੜੇ ਲੇਖਕਾਂ ਨੇ ਨਾ ਲਿਖਿਆ ਹੋਵੇ। ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਗੀਤ, ਗਜ਼ਲ ਕੀ ਨਹੀਂ ਲਿਖਿਆ? ਤੇ ਲਿਖਿਆ ਵੀ ਭਾਵਪੂਰਤ। ਹਾਂ ਇੰਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਾਹਿਤ ਸਿਰਜਣਾ ਦੇ ਮੁਕਾਬਲੇ ਯੂਰਪ ਅੰਦਰ ਪੰਜਾਬੀ ਸਾਹਿਤਕ ਆਲੋਚਨਾ ਦਾ ਖੇਤਰ ਲੰਬੇ ਸਮੇਂ ਤੱਕ ਬਹੁਤ ਛੋਟਾ ਰਿਹਾ, ਜੋ ਅਜੇ ਵੀ ਹੈ। ਪਰਵਾਸੀ ਸਾਹਿਤਕਾਰ ਦੇਸੀ ਆਲੋਚਕਾਂ ਵੱਲ ਹੀ ਦੇਖਣ ਵਾਸਤੇ ਮਜਬੂਰ ਹੁੰਦੇ ਰਹੇ, ਆਰੰਭ ‘ਚ ਦੇਸੀ ਆਲੋਚਕ ਰਚਨਾਵਾਂ ਦੇ ਅੰਦਰਲੇ ਦਾ ਥਹੁ ਪਾਉਣ ਵਿਚ ਲੰਬਾ ਸਮਾਂ ਸੁਣੇ-ਸੁਣਾਏ ਨਾਲ ਹੀ “ਦੇਸੀ ਪ੍ਰਵਚਨਾਂ” ਦੇ ਆਸਰੇ ਬੁੱਤਾ ਸਾਰਦੇ ਰਹੇ। ਉਹਦਾ ਕਾਰਨ ਕਿ ਯੂਰਪੀ ਸਮਾਜ ਦੀ ਸਾਰੰਚਨਾ, ਇੱਥੋਂ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਤਾਣੇ-ਬਾਣੇ, ਇਸ ਅੰਦਰਲੀਆਂ ਉਲਝਣਾਂ ਬਾਰੇ, ਅਤੇ ਅਜਿਹੀਆਂ ਸਥਿਤੀਆਂ ਨੂੰ ਮਨੋਵਿਗਿਆਨਕ ਪੱਖੋਂ ਹੰਘਾਲਣ ਦੇ ਉਹ ਆਦੀ ਜਾਂ ਇਸ ਦੇ ਯੋਗ ਤੇ ਵਾਕਿਫ ਨਹੀ ਸਨ, ਤਾਂ ਇੱਥੇ ਸਿਰਜੀਆਂ ਰਚਨਾਵਾਂ ਬਾਰੇ ਨਿਰਣਾ ਜਾਂ ਪਰਖ ਕਰਨੀ ਉਨ੍ਹਾਂ ਦੇ ਵਸੋਂ ਬਾਹਰੀ ਗੱਲ ਸੀ। ਰਚਨਾਵਾਂ ਅੰਦਰ ਅਣਲਿਖੇ ਦੀ ਨਿਸ਼ਾਨਦਹੀ ਕਿਵੇਂ ਕਰਦੇ? ਉਹ ਅਜਿਹੇ ਮਸਲਿਆਂ/ਕਾਰਜਾਂ ਤੋਂ ਇਸ ਕਰਕੇ ਅਸਮਰੱਥ ਸਨ ਕਿ ਉਨ੍ਹਾਂ ਦਾ ਇਸ ਸਮਾਜ ਬਾਰੇ ਗਿਆਨ ਬਹੁਤ ਹੀ ਸੀਮਤ ਸੀ। ਹਾਂ, ਫੇਰ ਜਦੋਂ ਪੰਜਾਬੀ ਸਮਾਜ ਅਤੇ ਇੱਥੋਂ ਦੇ ਸਮਾਜ ਬਾਰੇ ਅਤੇ ਸਾਹਿਤਕ ਵਿਧਾਵਾਂ ਦੀ ਪਰਖ ਕਰਨ ਵਾਲੇ ਯੂ.ਕੇ ‘ਚ ਹਰਬਖਸ਼ ਮਕਸੂਦਪੁਰੀ ਤੇ ਸਵਰਨ ਚੰਦਨ ਇਸ ਪਾਸੇ ਆਏ ਉਨ੍ਹਾਂ ਦਾ ਕਾਰਜ ਸਲਾਹੁਣਯੋਗ ਸੀ। ਗੁਰਦਿਆਲ ਸਿੰਘ ਰਾਏ ਹੋਰਾਂ ਨੇ ਵੀ ਇਸ ਖੇਤਰ ਵਿਚ ਹਿੱਸਾ ਪਾਇਆ। ਕਿਉਂਕਿ ਇਹ ਸਾਰੇ ਇੱਥੋਂ ਦੀ ਸਮਾਜਿਕ ਅਤੇ ਸਾਹਿਤਕ ਧਰਾਤਲ ਦੇ ਵਾਕਿਫ ਸਨ, ਇੱਥੇ ਲਿਖੇ ਸਾਹਿਤ ਦੇ ਗੁਣ-ਔਗਣ ਪਰਖਣ ਦੇ ਕਾਫੀ ਹੱਦ ਤੱਕ ਯੋਗ ਸਨ। ਪਰ ਯੂਰਪੀ ਪੱਧਰ ‘ਤੇ ਅਜੇ ਤੱਕ ਵੀ ਸਾਹਿਤ ਸਿਰਜਣਾ ਦੇ ਮੁਕਾਬਲੇ ਪੰਜਾਬੀ ਆਲੋਚਨਾ ਦਾ ਖੇਤਰ ਬਹੁਤ ਪਿੱਛੇ ਦਿਸਦਾ ਹੈ।

ਨਾਲ ਹੀ ਇੱਥੇ ਇਸ ਗੱਲ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਪਿਛਲੇ ਸਮੇਂ ਦੋ ਵਲੈਤ ਵਾਸੀ ਪੰਜਾਬੀ ਲੇਖਕਾਂ ਨੇ ਇਤਹਾਸਕ ਨਾਵਲ ਵੀ ਲਿਖੇ, ਹਰਜੀਤ ਅਟਵਾਲ ਨੇ “ਆਪਣਾ” ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਬਾਰੇ ਅਤੇ ਮਹਿੰਦਰਪਾਲ ਧਾਲੀਵਾਲ ਨੇ ਮਹਾਰਾਜਾ ਦਲੀਪ ਸਿੰਘ ਦੀ ਧੀ ਬਾਰੇ “ਸੋਫੀਆ” ਨਾਵਲ ਲਿਖਿਆ। ਸੋਫੀਆ ਜੋ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵੀਰਾਂਗਣਾ ਸੀ।

ਇਹ ਜਰੂਰ ਕਹਿਣਾ ਬਣਦਾ ਹੈ ਕਿ ਪਹਿਲਾਂ ਕੱਲੇ-ਦੁਕੱਲੇ ਇਸ ਬਾਰੇ ਕਾਰਜ ਕਰਦੇ ਸਨ ਫੇਰ ਡਾ. ਐਸ ਪੀ ਸਿੰਘ ਹੋਰਾਂ ਦੇ ਜਤਨਾਂ ਨਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਕਾਇਮ ਕਰਕੇ ਜਥੇਬੰਦਕ ਤੌਰ ‘ਤੇ ਇਸ ਸਾਹਿਤ ਬਾਰੇ ਨਿੱਠ ਕੇ ਕੰਮ ਹੋਇਆ। ਤ੍ਰੈ ਮਾਸਿਕ ਸਾਹਿਤਕ ਪਰਚੇ “ਪਰਵਾਸ” ਦਾ ਇਸ ਖੇਤਰ ਵਿਚ ਸਲਹੁਣਯੋਗ ਹਿੱਸਾ ਹੈ। ਹੁਣ ਪਰਵਾਸੀ ਸਾਹਿਤ ਅਧਿਅਨ ਕੇਂਦਰ ਦਾ ਤੇ ਸੁੱਖੀ ਬਾਠ ਹੋਰਾਂ ਵਲੋਂ ਕਾਇਮ ਕੀਤੇ ਪੰਜਾਬ ਭਵਨ ਸਰੀ, ਕੈਨੇਡਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਲ ਸਾਂਝਾ ਕਾਫਲਾ ਇਸ ਕਾਰਜ ਨੂੰ ਅੱਗੇ ਲਿਜਾ ਰਿਹਾ ਹੈ। ਇਨ੍ਹਾਂ ਸਾਂਝੇ ਜਤਨਾਂ ਤੋਂ ਕਾਫੀ ਆਸਾਂ ਵੀ ਹਨ।

ਸਿਰਜੇ ਸਾਹਿਤ (ਲਿਖਤ) ਨਾਲ ਇਨਸਾਫ ਕਰਨ ਵਾਸਤੇ ਕਿਸੇ ਵੀ ਰਚਨਾ ਅੰਦਰ ਅਣਲਿਖੇ ਅਤੇ ਅਣਕਹੇ ਬਾਰੇ ਆਲੋਚਕ ਵਲੋਂ ਉਸ ਉੱਤੇ ਟਿੱਪਣੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਸਾਹਿਤ ਸਿਰਜਕ ਨੂੰ ਉਸਦੀ ਰਚਨਾ ‘ਚ ਰਹਿ ਗਈ ਘਾਟ ਤੋਂ ਵੀ ਜਾਣੂ ਕਰਵਾਇਆ ਜਾ ਸਕੇ । ਕਿਸੇ ਵੀ ਸਾਹਿਤ ਸਿਰਜਕ ਦੀ ਅਗਲੀ ਸਿਰਜਣਾ ਲਈ ਇਹ ਕਾਰਜ ਸਹਾਇਕ ਸਾਬਿਤ ਹੋ ਸਕਦਾ ਹੈ। ਸ਼ਬਦ ਸਾਧਕਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ, ਕਿ ਉਨ੍ਹਾਂ ਨੂੰ ਉਨ੍ਹਾ ਦੀ ਘਾਟ ਦਾ ਵੀ ਪਤਾ ਲਗਦਾ ਰਹੇ। ਪਹਿਲੀ ਪੀੜ੍ਹੀ ਦਾ ਸਾਹਿਤ ਬਹੁਤਾ ਫਿਕਰਮੰਦੀਆਂ ਦਾ ਸਾਹਿਤ ਦੇਖਿਆ ਗਿਆ, ਅਸਲੋਂ ਸੰਘਰਸ਼ ਭਰਪੂਰ। (ਜਿਹੜੇ ਇਸ ਬਾਰੇ ਨਹੀਂ ਜਾਣਦੇ, ਜਿਨ੍ਹਾਂ ਨੇ ਅਜੇ ਤੱਕ ਨਹੀਂ ਪੜ੍ਹਿਆ ਉਹ ਸਾਧੂ ਸਿੰਘ ਧਾਮੀ ਹੋਰਾਂ ਵਲੋਂ ਲਿਖਿਆ ਨਾਵਲ “ਮਲੂਕਾ” ਜਰੂਰ ਪੜ੍ਹ ਲੈਣ ਗਿਆਨ ਹੋ ਜਾਵੇਗਾ)।

ਯੂਰਪ ‘ਚ ਵਸਦੇ ਪੰਜਾਬੀਆਂ ਵਲੋਂ ਲਿਖਿਆ ਸਾਹਿਤ, ਪੰਜਾਬੀ ਸਾਹਿਤ ਨੂੰ ਬੌਧਿਕ ਅਮੀਰੀ ਬਖਸ਼ਣ ਦਾ ਸਬੱਬ ਬਣਿਆ। ਇੱਥੇ ਵਸਦਿਆਂ ਨੇ ਆਪਣਾ ਸਾਹਿਤ ਰਚਣਾ ਸ਼ੁਰੂ ਕੀਤਾ ਤਾਂ ਉਸ ਅੰਦਰ ਸੱਭਿਅਚਾਰਕ ਵਖਰੇਵਿਆਂ ਦਾ ਚਿਤ੍ਰਣ ਤਾਂ ਸੀ ਹੀ ਅਤੇ ਅਗਲੀ ਪੀੜ੍ਹੀ ਬਾਰੇ ਜ਼ਾਹਿਰਾ ਤੌਰ ‘ਤੇ ਫਿਕਰਮੰਦੀ ਵੀ ਸੀ, ਜੋ ਜੀਵਨ ਦੀ ਸਹਿਜਤਾ ਨੂੰ ਭੰਗ ਕਰਦੀ ਸੀ।

ਇਹ ਉਵੇਂ ਦਾ ਹੀ ਫਿਕਰ ਸੀ ਅਤੇ ਅਜੇ ਵੀ ਹੈ ਜਿਵੇਂ ਕੋਈ ਬੀਬੀ ਸਹੁਰੇ ਵਸਦੀ ਹੋਈ ਪੇਕਿਆਂ ਨੂੰ ਕਦੀਂ ਨਹੀਂ ਵਿਸਾਰਦੀ, ਉਹਦੀ ਖਾਹਸ਼ ਤੇ ਜਤਨ ਇਹ ਹੁੰਦਾ ਹੈ ਕਿ ਮੇਰੇ ਬੱਚੇ ਆਪਣੇ ਨਾਨਕਿਆਂ (ਬੀਬੀ ਦੇ ਪੇਕਿਆਂ) ਨਾਲ ਵੀ ਸਦਾ ਹੀ ਮਿਲਦੇ-ਵਰਤਦੇ ਰਹਿਣ। ਇਸ ਸਬੰਧੀ ਸਾਹਿਤਕ ਕਾਰਜ (ਇਕੱਠ, ਕਾਨਫਰੰਸਾਂ) ਜਿੱਥੇ ਵੀ ਹੁੰਦੇ ਹਨ ਉਨ੍ਹਾਂ ਨੂੰ ਭਰਪੂਰ ਸਲਾਹੁਣਯੋਗ ਕੋਸ਼ਿਸ਼ ਕਿਹਾ ਜਾ ਸਕਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਸਾਡੀ ਮਾਂ ਬੋਲੀ ਨਾਲ ਜੁੜੀ ਰਹੇ, ਉਸ ਪੰਜਾਬੀ ਸੱਭਿਆਚਾਰ ਵਿਚਲਾ ਸਾਂਝ ਦਾ ਹੋਕਾ ਦੇਣ ਵਾਲੀਆਂ ਰਹੁ-ਰੀਤਾਂ ਨਾਲ ਜੁੜੀ ਰਹੇ। ਇਸ ਸਚਾਈ ਨੂੰ ਸਭ ਜਾਣਦੇ ਹਨ ਕਿ ਕਿਸੇ ਵੀ ਇਨਸਾਨ ਵਾਸਤੇ ਦੁਨੀਆਂ ਦੀ ਸਭ ਤੋਂ ਸੋਹਣੀ ਜੁਬਾਨ ਉਸਦੀ ਮਾਂ ਬੋਲੀ ਹੀ ਹੁੰਦੀ ਹੈ। ਜਿਸ ਦਾ ਕਿਸੇ ਹੋਰ ਬੋਲੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਭਾਸ਼ਾਈ ਪੱਧਰ ‘ਤੇ ਸ਼ਬਦ ਭੰਡਾਰ ਵਲੋਂ ਕੋਈ ਵੀ ਯੂਰਪੀ ਭਾਸ਼ਾ ਪੰਜਾਬੀ ਦੇ ਮੁਕਾਬਲੇ ਦੀ ਨਹੀਂ। ਇਸ ਵਾਸਤੇ ਬਹੁਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।

ਕਿਸੇ ਵੀ ਲਿਖਤ ਵਾਸਤੇ ਸ਼ਬਦ ਸਹਾਰਾ ਹੀ ਬਣਦੇ ਹਨ। ਇਹ ਵੀ ਗੱਲ ਯਾਦ ਰੱਖਣਯੋਗ ਹੈ ਕਿ ਸ਼ਬਦ ਗੁਰੂ ਦਾ ਕੋਈ ਧਰਮ ਨਹੀਂ ਹੁੰਦਾ, ਸ਼ਬਦ ਹੀ ਸਭ ਦਾ ਗੁਰੂ ਹੈ, ਰਹਿਬਰ ਹੈ, ਦੁਨੀਆਂ ਦੇ ਸਾਰੇ ਗਿਆਨ ਦਾ ਪਸਾਰਾ ਸ਼ਬਦ ਰਾਹੀਂ ਹੀ ਹੁੰਦਾ ਹੈ। ਕੋਈ ਆਸਤਿਕ ਹੋਵੇ ਜਾਂ ਨਾਸਤਿਕ ਹਰ ਕਿਸੇ ਨੂੰ ਆਪਣੇ ਆਦਰਸ਼ਾਂ ਦਾ ਪ੍ਰਚਾਰ/ਪ੍ਰਸਾਰ ਕਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਸ਼ਬਦ ਨੂੰ ਕਿਸੇ ਧਰਮ ਦੀ ਲੋੜ ਨਹੀਂ ਪੈਂਦੀ ਪਰ ਦੁਨੀਆਂ ਦੇ ਹਰ ਧਰਮ ਨੂੰ ਸ਼ਬਦ ਦੇ ਸਹਾਰੇ ਤੋਂ ਬਿਨਾਂ ਪ੍ਰਚਾਰਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਲਿਖਤ ਦਾ ਅਧਾਰ ਸ਼ਬਦ ਹੈ। ਪੰਜਾਬੀ ਕੌਮ, ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਾਚਾਰ ਦਾ ਅਧਾਰ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਹੀ ਹੈ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਵੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਇਕੋ ਇਕ ਅਜਿਹੀ ਜ਼ੁਬਾਨ ਹੈ ਜੋ ਦੋ ਲਿੱਪੀਆਂ (ਗੁਰਮੁਖੀ ਤੇ ਸ਼ਾਹਮੁਖੀ) ਵਿਚ ਲਿਖੀ ਜਾਂਦੀ ਹੈ, ਭਾਵੇਂ ਕਿ ਇਸ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ। ਸੱਭਿਆਚਾਰ ਆਪਸੀ ਸਾਂਝ ਦਾ ਹੀ ਨਾਮ ਹੈ ਪਰ ਸੱਭਿਆਚਾਰ ਦੇ ਬਹੁਤ ਸਾਰੇ ਅੰਗ ਹਨ, ਜੋ ਵੱਖੋ ਵੱਖ ਵਰਤਾਰਿਆਂ ਰਾਹੀਂ ਪੇਸ਼ ਹੁੰਦੇ ਹਨ, ਸਾਰੀਆਂ ਕਲਾਵਾਂ ਲੋਕ ਗੀਤ, ਲੋਕ ਨਾਚ, ਲੋਕ ਕਹਾਣੀਆਂ ਹੋਰ ਬਹੁਤ ਕੁੱਝ ਹਨ, ਉਨ੍ਹਾਂ ਵਰਤਾਰਿਆਂ ਨੂੰ ਜੋੜਨ ਵਾਲੀ ਤੰਦ ਨਹੀਂ ਸਗੋਂ ਚੂਲ ਭਾਵ ਬੁਨਿਆਦ ਬੋਲੀ ਤੇ ਭਾਸ਼ਾ ਹੀ ਹੁੰਦੀ ਹੈ। ਬੋਲੀ ਤੇ ਭਾਸ਼ਾ ਨੂੰ ਪਾਸੇ ਰੱਖ ਕੇ ਸੱਭਿਆਚਾਰ ਦੀ ਤਾਂ ਪ੍ਰੀਭਾਸ਼ਾ ਵੀ ਨਹੀਂ ਦਿੱਤੀ ਜਾ ਸਕਦੀ।

ਸਾਹਿਤ, ਲਿਖਿਆ ਤਾਂ ਵਰਤਮਾਨ ਵਿਚ ਜਾਂਦਾ ਹੈ ਪਰ ਉਹ ਬੀਤ ਗਈ ਅਤੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਪੁਲ ਵੀ ਹੁੰਦਾ ਹੈ। ਸਾਹਿਤ ਜ਼ਿੰਦਗੀ ਵਾਂਗ ਸੁਭਾਵਕ ਹੀ ਤਿੰਨ ਕਾਲਾਂ ਦਾ ਸੁਮੇਲ ਬਣਦਾ ਹੈ। ਸਾਡਾ ਬੀਤਿਆ ਹੋਇਆ ਵਕਤ ਪੁਲ ਦੇ ਇਕ ਪਾਸੇ ਤੇ ਸਾਡੀ ਅਗਲੀ ਪੀੜ੍ਹੀ (ਭਾਵ ਸਾਡਾ ਆਉਣ ਵਾਲਾ ਵਕਤ) ਪੁਲ ਦੇ ਅਗਲੇ ਪਾਸੇ ਹੁੰਦੀ ਹੈ। ਸਾਨੂੰ ਖਲੀਲ ਜਿਬਰਾਨ ਦਾ ਇਹ ਕਿਹਾ ਵੀ ਯਾਦ ਰੱਖਣਾ ਚਾਹੀਦਾ ਹੈ ਕਿ “ਬੱਚੇ ਤੁਹਾਡੀ ਜਾਇਦਾਦ ਨਹੀਂ, ਭਾਵੇਂ ਕਿ ਇਹ ਵੀ ਸੱਚ ਹੈ ਕਿ ਉਹ ਤੁਹਾਡੇ ਰਾਹੀਂ ਇਸ ਜਹਾਨ ‘ਚ ਆਏ ਹਨ” ਸਾਨੂੰ ਬੱਚਿਆਂ ਨੂੰ ਆਪਣੇ ਵਰਗੇ ਨਹੀਂ ਸਗੋਂ ਸਾਨੂੰ ਬੱਚਿਆਂ ਵਰਗੇ ਬਣਨਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਭਵਿੱਖ ਨੂੰ ਅੱਗੇ ਤੋਰਨ ਦੇ ਵਾਹਕ ਹੋਣਗੇ। ਮਨੋਵਿਗਿਆਨਕ ਪੱਖੋਂ ਇਸ ਨੂੰ ਜਰੂਰ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਪੀੜ੍ਹੀ ਪਾੜੇ ਵਾਲੇ ਗੈਰਜ਼ਰੂਰੀ ਟਕਰਾਵਾਂ ਦੇ ਪੈਦਾ ਹੋਣ ਤੋਂ ਬਚਿਆ ਜਾ ਸਕੇ।

ਸਮੇਂ ਨਾਲ ਸੰਵਾਦਹਰ ਲਿਖਣ ਵਾਲੇ ਕੋਲੋਂ ਬਹੁਤ ਕੁੱਝ ਅਣਲਿਖਿਆ ਰਹਿ ਜਾਂਦਾ ਹੈ, ਇਸ ਕਰਕੇ ਹੀ ਅਗਲੀ ਸਿਰਜਣਾ ਹੁੰਦੀ ਹੈ। ਇਹ ਅਣਲਿਖਿਆ ਤੇ ਅਣਕਿਹਾ ਅਗਲੀਆਂ ਪੀੜ੍ਹੀਆਂ ਵਲੋਂ ਸਿਰਜੇ ਜਾਣ ਵਾਲੀਆਂ ਲਿਖਤਾਂ ਦਾ ਅਧਾਰ ਬਣਨਾ ਹੁੰਦਾ ਹੈ, ਉਹ ਫੇਰ ਅਣਲਿਖੇ ਨੂੰ ਲਿਖਣ ਦਾ ਜਤਨ ਕਰਦੇ ਰਹਿੰਦੇ ਹਨ। ਇਹ ਮੌਖਿਕ (ਜ਼ੁਬਾਨੀ) ਪੱਧਰ ਤੇ ਵੀ ਹੁੰਦਾ ਅਤੇ ਲਿਖਤੀ ਪੱਧਰ ‘ਤੇ ਵੀ। ਸਾਡੀ ਆਉਣ ਵਾਲੀ ਪੀੜ੍ਹੀ ਨੇ ਸਾਡੇ ਦੱਸੇ ਹੋਏ ਨੂੰ ਚੇਤੇ ਰਖਦਿਆਂ, ਅਣਕਹੇ ਨੂੰ ਆਪਣੇ ਸਮੇਂ ਅਨੁਸਾਰ ਕਹਿਣਾ ਹੈ, ਅਤੇ ਅਣਲਿਖੇ ਨੂੰ ਆਪਣੇ ਹੀ ਸਮੇਂ ਅਨੁਸਾਰ ਲਿਖਣਾ ਹੈ, ਇਹ ਉਨ੍ਹਾ ਦੀ ਇਨਸਾਨੀ ਜੁੰਮੇਵਾਰੀ ਅਤੇ ਆਪਣੇ ਵਡੇਰਿਆਂ ਦਾ ਤੇ ਆਪਣੇ ਵਿਰਸੇ ਦਾ ਕਰਜ਼ ਲਾਹੁਣ ਦੇ ਨਾਲ ਹੀ ਉਸਦਾ ਪ੍ਰਚਾਰ ਕਰਨ ਦਾ ਸਬੱਬ ਵੀ ਹੋਵੇਗਾ। ਪਰ ਜੇ ਅਸੀਂ ਆਪਣੇ ਵਿਰਸੇ ਨੂੰ ਬਚਾਉਣ ਵਾਲਾ ਇਹ ਸੁਨੇਹਾ ਉਨ੍ਹਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਏ ਤਾਂ। ਇਹ ਕਾਰਜ ਅੱਜ ਵਾਲੀ ਪੀੜ੍ਹੀ ਦੀ ਜੁੰਮੇਵਾਰੀ ਹੋਵੇਗੀ, ਕਿਸੇ ਵੀ ਥਾਵੇਂ ਅਜਿਹੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਸੁਨੇਹਾ ਦੇਣ ਵਾਸਤੇ, ਇਕੱਠਾਂ, ਕਾਨਫਰੰਸਾਂ ਰਾਹੀਂ ਉਸ ਸੁਨੇਹੇ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ, ਇਸ ਅਹਿਸਾਸ ਨੂੰ ਜੀਊਂਦਾ ਤੇ ਮਘਦਾ ਰੱਖਣ ਦਾ ਜਤਨ ਵੀ ਕਿਹਾ ਜਾ ਸਕਦਾ ਹੈ।

ਸਾਹਿਤ ਵਿਚ ਜਦੋਂ ਵੀ ਯਥਾਰਥ ਦਾ ਜ਼ਿਕਰ ਹੋਵੇਗਾ ਤਾਂ ਉਹ ਧੜਕਦੀ ਜ਼ਿੰਦਗੀ ਦੀ ਪੇਸ਼ਕਾਰੀ ਰਾਹੀਂ ਹੀ ਹੋ ਸਕਦਾ ਹੈ, ਇਸ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਇੱਥੇ ਕਲਪਨਾ ਕੰਮ ਨਹੀਂ ਆਉਂਦੀ। ਗਰਾਮਸ਼ੀ ਦੇ ਅਨੁਸਾਰ “ਹਰ ਜਮਾਤ ਦੇ ਆਪਣੇ ਬੁੱਧੀਜੀਵੀ ਹੁੰਦੇ ਹਨ ਇਹਨਾਂ ਦੀ ਕੋਈ ਜਮਾਤ ਨਹੀਂ ਹੁੰਦੀ” ਸੱਚ ਹੀ ਤਾਂ ਹੈ। ਇਕ ਵੱਡਾ ਸਵਾਲ ਭਵਿੱਖ ਦੀ ਕੁੱਖ ਵਿਚ ਹੈ ਕਿ ਉਹ ਕਿਹੜੀ ਭਾਸ਼ਾ ਰਾਹੀਂ ਆਪਣਾ ਸੁਨੇਹਾ ਦੇਣ ਦੇ ਯੋਗ ਹੋਣਗੇ।

ਸਾਨੂੰ ਸਭ ਨੂੰ ਉਦਾਸ ਕਰਨ ਵਾਲੀ ਗੱਲ ਕਿ ਅਜੇ ਤੱਕ ਪੰਜਾਬ ਦਾ ਲੋਕ ਇਤਿਹਾਸ ਕਿਉਂ ਨਹੀਂ ਲਿਖਿਆ ਗਿਆ, ਕਿਸੇ ਸਮਾਜ ਦੇ ਇਤਿਹਾਸਕ ਵਿਕਾਸ ਦੀ ਗੱਲ ਕਰਨ ਜਾਂ ਇਸ ਨੂੰ ਸਮਝਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਲੋਕ ਜੀਵਨ ਦੀ ਪੇਸ਼ਕਾਰੀ ਇਤਿਹਾਸ ਰਾਹੀਂ ਵੀ ਹੁੰਦੀ ਹੈ ਤੇ ਸਾਹਿਤ ਸਿਰਜਣਾ ਰਾਹੀਂ ਵੀ। ਲੋਕ ਇਤਿਹਾਸ ਹੀ ਸਾਡੇ ਜੀਵਨ ਅਤੇ ਸਾਡੇ ਇਤਿਹਾਸਕ ਵਿਕਾਸ ਦੀ ਨਿਸ਼ਾਨਦਹੀ ਕਰਦਾ ਹੈ, ਸਾਡੇ ਕੋਲ ਵੀ ਸਾਡਾ ਲਿਖਤੀ ਲੋਕ ਇਤਿਹਾਸ ਹੋਵੇ, ਇਸ ਬਾਰੇ ਇਸ ਖੇਤਰ ਦੇ ਜਾਣਕਾਰਾਂ ਤੇ ਵਿਦਵਾਨਾਂ ਨੂੰ ਜਤਨ ਕਰਨ ਵਾਸਤੇ ਪ੍ਰੇਰਿਆ ਜਾਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪਿਛੋਕੜ ਦੇ ਇਤਿਹਾਸ ਨੂੰ ਜਾਣ ਸਕਣ ਅਤੇ ਆਪਣੀਆਂ ਜੜ੍ਹਾਂ ਦਾ ਸਿਰਨਾਵਾਂ ਲੱਭ ਸਕਣ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਇਤਿਹਾਸ ਦੀ ਪੜ੍ਹਤ (ਪੜ੍ਹਨਾ ਤੇ ਵਿਚਾਰਨਾ) ਸਾਡੇ ਵਰਤਮਾਨ ਦਾ ਨਜ਼ਰੀਆ ਬਦਲਣ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ, ਬੀਤ ਗਏ ਬਾਰੇ ਲਿਖਤ ਨੇ ਫੇਰ ਪੈਰ ਪੈਰ ‘ਤੇ ਸਾਡੀ ਗ਼ਲਤੀ ਵੇਲੇ ਸਾਨੂੰ ਟੋਕਣਾ ਹੁੰਦਾ ਹੈ। ਇਸ ਨਾਲ ਸਾਡੇ ਭਵਿੱਖ ਵੀ ਤੋਰ ਅਤੇ ਸੇਧ ਨੇ ਵੀ ਨਿਸਚਤ ਹੋਣਾ ਹੁੰਦਾ ਹੈ। ਯੂਰਪ (ਜਾਂ ਹੋਰ ਦੇਸਾਂ) ਅੰਦਰ ਵਸਦੀ ਪੰਜਾਬੀ ਪਿਛੋਕੜ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਦੇ ਵਿਕਾਸ ਦਾ ਖੁਰਾ ਲੱਭਣ ਵਿਚ ਲੋਕ ਇਤਿਹਾਸ ਸਹਾਈ ਹੋ ਸਕਦਾ ਹੈ।

ਔਰਤਾਂ ਬਾਰੇ ਸਾਡੇ ਸਮਾਜ ਅੰਦਰਲੀ ਸਥਿਤੀ ਨੂੰ ਵਿਚਾਰਦਿਆਂ ਫਰਾਂਸੀਸੀ ਲੇਖਿਕਾ ਸੀਮੋਨ ਦੀ ਬਾਓਵਾਰ ਜਿਹਦੀ ਦੁਨੀਆਂ ਵਿਚ ਨਾਰੀਵਾਦੀ ਵਜੋਂ ਪਛਾਣ ਬਣੀ ਉਹ ਆਪਣੀ ਕਿਤਾਬ “ਦ ਸੈਕੰਡ ਸੈਕਸ” (ਜਿਸ ਨੂੰ ਨਾਰੀਵਾਦ ਦੀ ਬਾਈਬਲ ਕਿਹਾ ਜਾਂਦਾ ਹੈ) ਵਿਚ ਕਹਿੰਦੀ ਹੈ ਕਿ “ਔਰਤ ਪੈਦਾ ਨਹੀਂ ਹੁੰਦੀ ਉਹਨੂੰ ਔਰਤ ਬਣਾ ਦਿੱਤਾ ਜਾਂਦਾ ਹੈ।” ਨਾਲ ਹੀ ਉਸਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ ਕਿ “ਮੇਰੇ ਜੀਵਨ ਵਿਚ ਕੁੱਝ ਵੀ ਵਿਅਰਥ ਨਹੀਂ” ਕੀ ਇਹ ਸਾਡੇ ਵਾਸਤੇ ਸਬਕ ਨਹੀਂ? ਇੱਥੇ ਸਾਨੂੰ ਸ਼ਰਮਿੰਦੇ ਹੋ ਕੇ ਆਪਣੀ ਬੁੱਕਲ ਵਿਚ ਝਾਤੀ ਮਾਰ ਲੈਣੀ ਚਾਹੀਦੀ ਹੈ, ਕਿਉਂਕਿ ਬਾਬਾ ਨਾਨਕ ਤਾਂ ਕਹਿੰਦੇ ਹਨ, “ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ …“ , ਪਰ ਸਾਡੇ ਸਮਾਜ ਵਿਚੋਂ ਕਿੰਨੇ ਕੁ ਮੰਨਦੇ ਇਸ ਸੰਦੇਸ਼ ਨੂੰ? ਕਿੰਨੇ ਕੁ ਹਨ ਜੋ ਇਸ ‘ਤੇ ਅਮਲ ਕਰਦੇ ਹਨ? ਦੇਖਦਿਆਂ ਪਤਾ ਲਗਦਾ ਹੈ ਕਿ ਬਹੁਤ ਹੀ ਥੋੜ੍ਹੇ।

ਸਮਾਜਿਕ ਮਸਲਿਆਂ ਨੂੰ ਸਾਹਿਤ ਵਿਚ ਕਦੇ ਵੀ ਸਹੂਲਤੀ ਪੱਧਰ ‘ਤੇ ਪੇਸ਼ ਨਹੀਂ ਕੀਤਾ ਜਾ ਸਕਦਾ।

ਅੱਜ ਜੋ ਲਿਖਿਆ ਜਾ ਰਿਹਾ ਹੈ ਇਹ ਵੀ ਸਮਾਂ ਅੱਗੇ ਤੁਰਨ ਨਾਲ ਬਦਲੇਗਾ, ਜਦੋਂ ਅਸੀਂ ਨਵੇਂ ਵਿਸ਼ਿਆ ਨੂੰ ਪੇਸ਼ ਕਰਨ ਵੱਲ ਅਹੁੜਾਂਗੇ ਤਾਂ ਸਾਨੂੰ ਨਵੀਂਆਂ ਜੁਗਤਾਂ ਵਰਤਣ ਵੇਲੇ ਨਵੀਂ ਸ਼ਬਦਾਵਲੀ ਦੀ ਲੋੜ ਪਵੇਗੀ। ਕਿਉਂਕਿ ਹਾਵਰਡ ਫਾਸਟ ਦੇ ਕਥਨ ਅਨੁਸਾਰ “ਕਲਾ ਸਮਾਜੀ ਯਥਾਰਥ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦੀ।” ਇਸੇ ਮਸਲੇ ਨੂੰ ਵਿਚਾਰਦਿਆਂ ਕਲਾ ਦਾ ਜੀਵਨ ਨਾਲ ਕੀ ਸਬੰਧ ਹੈ (ਲਿਖਣਾ ਵੀ ਕਲਾ ਹੈ) ਸਾਨੂੰ ਦੱਸਣਾ ਪਵੇਗਾ। ਕਲਾ ਦੇ ਪ੍ਰਗਟਾਵੇ ਦੇ ਵੱਖੋ-ਵੱਖਰੇ ਢੰਗ ਤਰੀਕੇ ਹਨ ਤੇ ਨਿੱਤ ਨਵੀਆਂ ਤਕਨੀਕਾਂ ਈਜਾਦ ਹੋ ਰਹੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਾਡੇ ਵਿਚੋਂ ਬਹੁਤ ਸਾਰੇ ਬਹਿਸ ਲਈ ਦਿਲਚਸਪੀ ਰੱਖਦੇ ਹਨ ਪਰ ਲੋੜ ਤਾਂ ਵਿਚਾਰ-ਵਟਾਂਦਰੇ ਦੀ ਹੈ, ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ। ਬਾਬਾ ਨਾਨਕ ਆਖਦੇ ਹਨ, “ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ।” ਸਾਡੇ ਵਿਚੋਂ ਬਹੁਤਿਆਂ ਦੀ ਕਹਿਣ ਵਿਚ ਤਾਂ ਦਿਲਚਸਪੀ ਹੈ ਪਰ ਸੁਣਨ ਵਿਚ ਨਹੀਂ, ਪਰ ਹੁਕਮ ਤਾਂ ਪਹਿਲਾਂ ਸੁਣਨ ਦਾ ਹੈ।

ਨਿਰਪੱਖਤਾ ਬਾਰੇ ਦੋ ਸ਼ਬਦ ਜਰੂਰ ਕਹਿਣੇ ਚਾਹਾਂਗਾ, ਕਈ ਕਹਿ ਦਿੰਦੇ ਹਨ ਕਿ ਸਾਡੀ ਕੋਈ ਵਿਚਾਰਧਾਰਾ ਨਹੀਂ, ਅਸੀਂ ਕਿਸੇ ਪਾਸੇ ਨਹੀਂ, ਉਹ ਝੂਠ ਬੋਲਦੇ ਹਨ, ਬਾਬੇ ਨਾਨਕ ਦੇ ਸੰਦੇਸ਼ ਨੂੰ ਅਣਸੁਣਿਆਂ ਕਰ ਦਿੰਦੇ ਹਨ। ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਬਾਬੇ ਵਲੋਂ ਦਿੱਤੇ ਸੰਦੇਸ਼ ਦੇ ਲੜ ਲਾਉਣਾ ਪਵੇਗਾ। ਬਾਬਾ ਨਾਨਕ ਦਾ ਸੰਦੇਸ਼ ਸਾਨੂੰ ਨਿਰਪੱਖ ਰਹਿਣ ਹੀ ਨਹੀਂ ਦਿੰਦਾ ਸਗੋਂ ਆਪਣੇ ਸਮਾਜ, ਆਪਣੇ ਲੋਕਾਂ ਨਾਲ ਪ੍ਰਤੀਬੱਧ ਹੋਣ ਦਾ ਹੋਕਾ ਦਿੰਦਾ ਹੈ। ਬਾਬਾ ਕੀ ਕਹਿੰਦਾ ਹੈ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

ਸਾਨੂੰ ਆਪਣੀ ਕਲਾ ਰਾਹੀਂ, ਉਹ ਲਿਖਣ ਦੀ ਹੋਵੇ ਜਾਂ ਬੋਲਣ ਦੀ ਹੋਵੇ ਜਰੂਰ ਆਪਣੀ ਅਗਲੀ ਪੀੜ੍ਹੀ ਅੰਦਰ ਨੈਤਿਕ ਕਦਰਾਂ/ਕੀਮਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ, ਇਹ ਪ੍ਰਚਾਰ ਅਪਣੱਤ ਦੇ ਪ੍ਰਵਚਨ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਸਮਾਜ ਅੰਦਰ ਵਿਹਾਰਕ ਪੱਧਰ ਤੱਕ ਫੈਲ ਜਾਵੇਗਾ, ਜੋ ਸਾਡੇ ਫਿਕਰਾਂ ਨੂੰ ਦੂਰ ਕਰਦਿਆਂ, ਸਾਡੀਆਂ ਭਾਵਨਾਵਾਂ ਤੇ ਸਾਡੀ ਮਨਸ਼ਾ ਦੀ ਪੂਰਤੀ ਦਾ ਸਬੱਬ ਬਣ ਸਕਦਾ ਹੈ। ਇਹ ਵਰਤਾਰਾ ਸਾਡੀ ਅਗਲੀ ਪੀੜ੍ਹੀ ਦੇ ਕਾਰਜਾਂ ਵਿਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ। ਪਰ ਅਗਲੀ ਪੀੜ੍ਹੀ ਨੂੰ ਇਸ ਵਾਸਤੇ ਪ੍ਰੇਰਨਾ ਅੱਜ ਦੀ ਪੀੜ੍ਹੀ ਦਾ ਫ਼ਰਜ਼ ਹੈ।

ਸਾਡੇ ਵਲੋਂ ਅਗਲੀ ਪੀੜ੍ਹੀ ਨੂੰ ਇਹ ਵੀ ਲਗਾਤਾਰ ਦੱਸਣਾ ਪਵੇਗਾ ਕਿ ਜਦੋਂ ਕੋਈ ਵੀ ਲਿਖਤ ਸਾਨੂੰ ਸਮਾਜ ਦੇ ਯਥਾਰਥ ਬਾਰੇ ਦੱਸ ਰਹੀ ਹੋਵੇ ਤਾਂ ਉਸ ਨਾਲ ਸਾਡੀ ਸਮਾਜਿਕ ਚੇਤਨਾ ਤਿੱਖੀ ਹੁੰਦੀ ਹੈ। ਪਰ ਸਾਡੇ ਵਿਚੋਂ ਬਹੁਤ ਸਾਰੇ ਲੋਕ ਚਿੰਤਾ ਵਿਚ ਹੀ ਫਸੇ ਰਹਿੰਦੇ ਹਨ, ਗੱਲ ਦਾ ਨਿਬੇੜਾ ਚਿੰਤਾ ਨੇ ਨਹੀਂ ਚਿੰਤਨ ਨੇ ਕਰਨਾ ਹੁੰਦਾ ਹੈ। ਸੋਚ ਦੇ ਪੱਖੋਂ ਚਿੰਤਾ ਕਿਸੇ ਮਸਲੇ ਵੱਲ ਧਿਆਨ ਦੇਣ/ਦਵਾਉਣ ਦਾ ਪਹਿਲਾ ਕਦਮ ਹੁੰਦਾ ਹੈ। ਚਿੰਤਾ ਤੋਂ ਚਿੰਤਨ ਤੱਕ ਦਾ ਸਫਰ ਕਿਸੇ ਮਸਲੇ ਬਾਰੇ ਪ੍ਰਤੀਬੱਧਤਾ ਦੀ ਨਿਸ਼ਾਨੀ ਹੁੰਦਾ ਹੈ। ਚਿੰਤਨ ਜਿੰਨਾ ਗੰਭੀਰ ਹੋਵੇ ਕਿਸੇ ਮਸਲੇ ਦਾ ਹੱਲ ਓਨਾ ਸੌਖਾ ਹੋ ਜਾਂਦਾ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਕਿ ਸਮਾਜਿਕ ਬਰਾਬਰੀ ਦੀ ਗੱਲ ਨਾ ਕਰਨ ਵਾਲੀ ਅਵਾਰਾ ਸੋਚ ਕਿਸੇ ਵੀ ਸਮਾਜ ਲਈ ਖਤਰਨਾਕ ਹੁੰਦੀ ਹੈ।

ਸ਼ਬਦ ਦੇ ਸਾਧਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸ਼ਬਦ ਦਾ ਸੰਸਾਰ ਮਨੁੱਖ ਨੂੰ ਸੱਭਿਅਕ ਬਣਾਉਣ ਲਈ ਅਤਿਅੰਤ ਜਰੂਰੀ ਹੈ। ਕਿਸੇ ਵੀ ਸੋਚਵਾਨ ਕਲਮਕਾਰ ਵਾਸਤੇ ਸ਼ਬਦ ਉਸ ਦਾ ਕੀਮਤੀ ਸਰਮਾਇਆ ਹੁੰਦੇ ਹਨ।

ਸ਼ਬਦ ਦੇ ਸਬੰਧ ਵਿਚ ਲਿਖਦਿਆਂ ਹਿੰਦੀ ਭਾਸ਼ਾ ਦਾ ਉੱਘਾ ਲੇਖਕ ਤੇ ਹਿੰਦੀ ਮਾਸਿਕ “ਹੰਸ” ਦਾ ਸੰਪਾਦਕ ਰਾਜੇਂਦਰ ਯਾਦਵ ਕਹਿੰਦਾ ਹੈ, “ਇਸ ਬਾਰੇ ਨਹੀਂ ਸੋਚਣਾ ਚਾਹੀਦਾ ਕਿ ਸ਼ਬਦ ਦਾ ਭਵਿੱਖ ਕੀ ਹੋਵੇਗਾ, ਸਗੋਂ ਗੱਲ ਭਵਿੱਖ ਦੇ ਸ਼ਬਦ ‘ਤੇ ਹੋਣੀ ਚਾਹੀਦੀ ਹੈ।” ਭਵਿੱਖ ਦੇ ਓਸ ਸ਼ਬਦ ਦੀ ਸਿਰਜਣਾ ਸਾਡੀ ਆਉਣ ਵਾਲੀ ਪੀੜ੍ਹੀ ਨੇ ਕਰਨੀ ਹੈ। ਇਸ ਲਈ ਅਗਲੀ ਪੀੜ੍ਹੀ ਨੂੰ ਇਸ ਸਬੰਧੀ ਸੁਚੇਤ ਕਰਦਿਆਂ ਇਸ ਦੇ ਹਾਂਅ ਪੱਖੀ ਹੁੰਗਾਰੇ ਬਾਰੇ ਸਾਨੂੰ ਆਸ ਅਤੇ ਵਿਸ਼ਵਾਸ ਰੱਖਣਾ ਪਵੇਗਾ।

ਸ਼ਬਦ ਤੋਂ ਵਿਚਾਰ ਦਾ ਸਫਰ ਵੀ ਇਸ ਪੀੜ੍ਹੀ ਦੇ ਹਿੱਸੇ ਆਵੇਗਾ ਜੋ ਇਸ ਧਰਤੀ ਦੇ ਜੰਮੇ-ਜਾਏ ਹਨ, ਆਪਣੀ ਜੰਮਣ ਭੋਇੰ ਲਈ ਹਰ ਮਨੁੱਖ ਕਰਜ਼ਦਾਰ ਹੁੰਦਾ ਹੈ, ਇਨ੍ਹਾਂ ਪੰਜਾਬੀ ਪਿਛੋਕੜ ਅਤੇ ਪੰਜਾਬੀ ਵਿਰਸੇ ਦੇ ਪਿਛੋਕੜ ਵਾਲੀ ਨਵੀਂ ਪੀੜ੍ਹੀ ਵਾਸਤੇ ਨਵੀਆਂ ਅਤੇ ਦੋਹਰੀਆਂ ਚੁਣੌਤੀਆਂ ਹੋਣਗੀਆਂ, ਪਰ ਹੱਲ ਵੀ ਇਨ੍ਹਾਂ ਨੇ ਆਪ ਹੀ ਲੱਭਣਾ ਹੈ। ਪਰਵਾਸੀ ਬੜੀ ਦੇਰ ਤੋਂ ਪਰਵਾਸੀ ਨਹੀਂ ਰਹੇ ਆਵਾਸੀ ਹੋ ਗਏ ਹਨ, ਇਨ੍ਹਾਂ ਮੁਲਕਾਂ ਦੇ ਬਾਸ਼ਿੰਦੇ (ਨਾਗਰਿਕ) ਹਨ, ਹੁਣ ਇਹ ਸਾਡੇ ਆਪਣੇ ਵਤਨ ਹਨ। ਆਪਣੇ ਵਤਨ ਦੀ ਖ਼ੈਰ-ਸੁੱਖ ਵਾਸਤੇ ਸਾਂਝ ਭਰੇ ਜਤਨ ਕਰਨੇ ਹਰ ਕਿਸੇ ਲਈ ਬਹੁਤ ਜਰੂਰੀ ਹੁੰਦੇ ਹਨ।
***
ਸੰਪਰਕ : +491733546050

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1006
***

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →