ਪੁਸਤਕ : ਸੁਖਿੰਦਰ ਦੀ ਕਾਵਿ–ਸੰਵੇਦਨਾ
ਰੀਵਿਊ ਅਧੀਨ ਕਿਤਾਬ ਉਹਦੀ ਕਵਿਤਾ ਦੀ ਆਲੋਚਨਾ ਬਾਰੇ ਹੈ, ਜਿਸਦੀ ਸੰਪਾਦਨਾ ਉਹਨੇ ਆਪ ਕੀਤੀ ਹੈ। ਇਹ ਕਿਤਾਬ ਉਹਨੇ ਉਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਮਰਪਿਤ ਕੀਤੀ ਹੈ ਜਿਨ੍ਹਾਂ ਦੀ ਆਵਾਜ਼ ਨੂੰ ਉਹਨੇ ਆਪਣੀ ਕਵਿਤਾ ਵਿੱਚ ਜ਼ਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸਤੋਂ ਪਹਿਲਾਂ ਉਹਦੀ ਕਵਿਤਾ ਬਾਰੇ ਦੋ ਆਲੋਚਨਾਤਮਕ ਪੁਸਤਕਾਂ ਛਪ ਚੁੱਕੀਆਂ ਹਨ – ‘ਸੁਖਿੰਦਰ: ਕਾਵਿ ਚਿੰਤਨ’, ਸੁਤਿੰਦਰ ਸਿੰਘ ਨੂਰ ਦੀ ਸੰਪਾਦਨਾ ਹੇਠ, 2006 ਵਿੱਚ; ਅਤੇ ‘ਬਾਂਦਰ ਨਾਲ ਬਹਿਸ ਕੌਣ ਕਰੇ: ਆਲੋਚਨਾਤਮਕ ਸੰਵਾਦ’, ਡਾ.ਰਤਨ ਸਿੰਘ ਢਿੱਲੋਂ ਦੀ ਸੰਪਾਦਨਾ ਹੇਠ, 2020 ਵਿੱਚ। ਇਸਤੋਂ ਬਿਨਾਂ 11 ਹੋਰ ਪੁਸਤਕਾਂ ਵਿੱਚ ਵੀ ਸੁਖਿੰਦਰ ਦੀ ਕਵਿਤਾ ਬਾਰੇ ਜ਼ਿਕਰ ਮਿਲਦਾ ਹੈ। ਪਿਛਲੇਰੇ ਸਮਿਆਂ ਵਿੱਚ ਉਹਦੀਆਂ ਕਾਵਿ ਪੁਸਤਕਾਂ ਬਾਰੇ ਵੱਖ ਵੱਖ ਪੱਤ੍ਰਿਕਾਵਾਂ/ਕਿਤਾਬਾਂ ਵਿੱਚ ਕਰੀਬ ਪੌਣਾ ਸੈਂਕੜਾ ਨਿਬੰਧ/ਰੀਵਿਊ ਪ੍ਰਕਾਸ਼ਿਤ ਹੋ ਚੁੱਕੇ ਹਨ। ਅਜਿਹੇ ਨਿਬੰਧ/ਰੀਵਿਊ ਹੀ ਕਵੀ ਨੇ ਆਪਣੀ ਵਿਚਾਰ ਅਧੀਨ ਪੁਸਤਕ (ਸੁਖਿੰਦਰ ਦੀ ਕਾਵਿ ਸੰਵੇਦਨਾ) ਵਿੱਚ ਸ਼ਾਮਲ ਕੀਤੇ ਹਨ। ਉਹਦੀ ਕਵਿਤਾ ਬਾਰੇ ਬਹੁਤ ਸਾਰੇ ਆਲੋਚਕਾਂ ਨੇ ਪੂਰੀ ਸ਼ਿੱਦਤ ਨਾਲ਼ ਲਿਖਿਆ ਹੈ। ਇਨ੍ਹਾਂ ਵਿੱਚ ਬਹੁਤੇ ਭਾਰਤ ਦੇ ਹਨ, ਇੱਕਾ-ਦੁੱਕਾ ਪਾਕਿਸਤਾਨ, ਯੂਕੇ, ਕੀਨੀਆ ਦੇ। ਇਸਦੇ ਬਾਵਜੂਦ ਪ੍ਰਤੀਨਿਧੀ ਆਲੋਚਕਾਂ ਨੇ ਉਹਦੀ ਕਵਿਤਾ ਬਾਰੇ ਗੰਭੀਰ ਚਰਚਾ ਕਰਨ ਤੋਂ ਪਾਸਾ ਵੱਟੀ ਰੱਖਿਆ ਹੈ। ਵਿਚਾਰ ਅਧੀਨ ਪੁਸਤਕ ਵਿੱਚ ਕੁੱਲ 60 ਵਿਦਵਾਨਾਂ ਦੇ 73 ਲੇਖ/ ਰੀਵਿਊ ਸ਼ਾਮਲ ਹਨ, ਜਿਨ੍ਹਾਂ ਵਿੱਚ ਅਰਵਿੰਦਰ ਕੌਰ ਕਾਕੜਾ (3), ਡਾ. ਸੋਨੀਆ (2), ਡਾ.ਦਵਿੰਦਰ ਕੌਰ (2), ਡਾ. ਗੁਰਭਗਤ ਸਿੰਘ (2), ਸੁਰਜੀਤ ਕੈਨੇਡਾ (2), ਡਾ. ਸੁਤਿੰਦਰ ਸਿੰਘ ਨੂਰ (2), ਪ੍ਰੋ. ਬ੍ਰਹਮ ਜਗਦੀਸ਼ ਸਿੰਘ (2), ਡਾ. ਰਤਨ ਸਿੰਘ ਢਿੱਲੋਂ (2), ਡਾ. ਮੋਹਨ ਸਿੰਘ ਤਿਆਗੀ (2), ਡਾ. ਦਵਿੰਦਰ ਸਿੰਘ ਬੋਹਾ (2) ਆਦਿ ਦੇ ਨਾਂ ਪ੍ਰਮੁੱਖ ਹਨ। ਇਹ ਪੁਸਤਕ ਮੁੱਖ ਤੌਰ ਤੇ ਸੁਖਿੰਦਰ ਦੀਆਂ 15 ਕਾਵਿ ਪੁਸਤਕਾਂ – ‘ਬਾਂਦਰ ਨਾਲ਼ ਬਹਿਸ ਕੌਣ ਕਰੇ’, ‘ਲੌਕਡਾਊਨ’, ‘ਕੁੱਤਿਆਂ ਬਾਰੇ ਕਵਿਤਾਵਾਂ’, ‘ਸਮੋਸਾ ਪਾਲਿਟਿਕਸ’, ‘ਸ਼ਕਿਜ਼ੋਫਰੇਨੀਆ’, ‘ਕਵਿਤਾ ਦੀ ਤਲਾਸ਼ ਵਿੱਚ’, ਬੁੱਢੇ ਘੋੜਿਆਂ ਦੀ ਆਤਮਕਥਾ’, ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ਕ੍ਰਾਂਤੀ ਦੀ ਭਾਸ਼ਾ’, ‘ਇਹ ਖ਼ਤ ਕਿਸਨੂੰ ਲਿਖਾਂ’, ‘ਲਹੂ ਦਾ ਰੰਗ’, ‘ਲੱਕੜ ਦੀਆਂ ਮੱਛੀਆਂ’, ‘ਗਲੋਬਲੀਕਰਨ’, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’, ‘ਡਾਇਰੀ ਦੇ ਪੰਨੇ’ ਨਾਲ਼ ਸੰਵਾਦ ਰਚਾਉਂਦੀ ਹੈ।
# ਅਕਾਲ ਯੂਨੀਵਰਸਿਟੀ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015