20 September 2024

ਪਰੰਪਰਾ – ਅਜਾਇਬ ਕਮਲ

ਪਰੰਪਰਾ


ਪਰੰਪਰਾ ਮਰਦੀ ਨਹੀਂ

ਬਹੁਤ ਔਖੀ ਮਰਦੀ ਹੈ
ਰੂੜ ਰਸਮਾਂ ਮਰਦੀਆਂ ਨਹੀਂ
ਮਰ ਕੇ ਵੀ ਕਬਰ ‘ਚ ਸਾਹ ਲੈਂਦੀਆਂ ਰਹਿੰਦੀਆਂ
ਘਿਸ ਪਿਟ ਹਾਰ ਹੰਭ ਫਰਸੂਦਾ ਹੋ ਕੇ
ਪੂਛ ਵਾਂਗ ਝੂਲਦੀਆਂ
ਪੈੜਾਂ ਫੜ ਕੇ ਸਦੀਆਂ ਤਕ
ਆਦਮੀ ਦੇ ਪਿਛੇ ਪਿਛੇ
ਛਾਂ ਵਾਂਗ ਤੁਰੀਆਂ ਰਹਿੰਦੀਆਂ

ਕੌਣ ਆਖਦਾ: ਮਨੁੱਖੀ ਸੁਭਾਅ ਬਦਲ ਚੁੱਕਾ
ਕੌਣ ਆਖਦਾ ਮਨੁੱਖੀ ਸੁਭਾਅ ਨਿਰੰਤਰ ਬਦਲੀ ਜਾ ਰਿਹਾ।
ਇਤਿਹਾਸ ਦਸਦਾ: ਵਦੇਸ਼ੀ ਹਮਲਾਵਰਾਂ ਤੋਂ ਡਰਦੇ
ਅਣਖੀਲੇ ਭਾਰਤੀ ਧੀਆਂ ਨੂੰ ਮਾਰ ਦਿੰਦੇ ਸੀ
ਪਰ ਅਜ ਦੇ ਧਰਮੀ ਕਰਮੀ ਭਾਰਤੀ
ਰੋਟੀ ਵਿਦਿਆ ਦੇਣੋਂ ਡਰਦੇ
ਧੀਆਂ ਨੂੰ ਗਰਭਾਂ ‘ਚ ਹੀ ਮਾਰਨ ਲਗ ਪਏ।

ਕੌਣ ਆਖਦਾ ਵੇਦ ਕਤੇਬ ਪੜ੍ਹਕੇ
ਗੁਰੂਆਂ ਅਵਤਾਰਾਂ ਦੀ ਦੀਕਸ਼ਾ ਲੜ ਲਗ ਕੇ
ਮਨੁੱਖ ਮਹੱਜਬ ਹੋ ਚੁੱਕਾ?
ਮਹੱਜਬ ਨਹੀਂ
ਇਹ ਤਾਂ ਸਗੋਂ ਸਵਾਰਥੀ ਹੋ ਕੇ
ਹੋਰ ਜਾਹਲ ਹੋ ਚੁੱਕਾ
ਵਾਧੂ ਪੜ੍ਹ ਲਿਖ ਕੇ ਹੋਰ ਪਾਗਲ ਹੋ ਚੁੱਕਾ
ਦੂਜਿਆਂ ਨੂੰ ਠਗਦਾ
ਇਹ ਖੁਦ ਨੂੰ ਹੀ ਠਗ ਰਿਹਾ ਲਗਦਾ
ਚੰਦਰ ਯੁੱਗ ਦਾ ਮਨੁੱਖ
ਪੱਥਰ ਯੁੱਗ ਦਾ ਪਸ਼ੂ ਬਣ ਗਿਆ ਲਗਦਾ।
(‘ਗਲੋਬਲ ਯੁਗ ‘ਚ ਬੋਧ ਬਿਰਖ ਥੱਲੇ’ ਕਾਵਿ ਸੰਗ੍ਰਹਿ ਵਿਚੋਂ)

***

****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 26 ਜਨਵਰੀ 2011)
(ਦੂਜੀ ਵਾਰ 6 ਸਤੰਬਰ 2021)

***
323
***

ਅਜਾਇਬ ਕਮਲ ਦੀਆਂ ਪ੍ਰਸਿੱਧ ਪੁਸਤਕਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
ਕਵਿਤਾਵਾਂ: ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ੰਬਰ ਨਹੀਂ, ਵਿੱਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ, ਬੋਦੀ ਵਾਲਾ ਤਾਰਾ

ਲੰਮੀਆਂ ਕਵਿਤਾਵਾਂ: ਵਰਤਮਾਨ ਤੁਰਿਆ ਹੈ, ਇਸ਼ਤਿਹਾਰਾਂ ‘ਚੋਂ ਜੰਮੇਂ ਮਨੁੱਖ, ਇਕੋਤਰ ਸੌ ਅੱਖਾਂ ਵਾਲਾ ਮਹਾਂ ਭਾਰਤ, ਸਿੰਙਾਂ ਵਾਲਾ ਦੇਵਤਾ, ਕੰਧਾਂ ‘ਤੇ ਉੱਕਰੇ ਹਸਤਾਖਰ, ਖਾਲੀ ਕੁਰਸੀ ਦਾ ਦੁਖਾਂਤ, ਅਫਰੀਕਾ ‘ਚ
ਨੇਤਰਹੀਣ, ਲਿਖਤੁਮ ਕਾਲਾ ਘੋੜਾ, ਤ੍ਰੈ-ਕਾਲਕ, ਹਸਤਾਖਰਾਂ ‘ਚ ਘਿਰਿਆ ਮਨੁੱਖ, ਬੀਜ ਤੋਂ
ਬ੍ਰਹਮੰਡ, ਆਪਣਾ ਆਪਣਾ ਆਸਮਾਨ

ਮਿੰਨੀ ਕਵਿਤਾ ਸੰਗ੍ਰਹਿ: ਸ਼ਬਦ ਨੰਗੇ ਹਨ, ਰੇਤਲੇ ਸ਼ੀਸ਼ੇ, ਰੋਜ਼ਨਾਮਚੇ ਦਾ ਸਫਰ
ਗ਼ਜ਼ਲ ਸੰਗ੍ਰਹਿ: ਸ਼ੀਸ਼ਿਆਂ ਦਾ ਸ਼ਹਿਰ, ਮੱਥੇ ਵਿਚਲਾ ਆਕਾਸ਼, ਟੁਕੜੇ ਟੁਕੜੇ ਸੂਰਜ

ਨਾਟਕੀ/ਸਿਨਮੈਟਿਕ ਕਵਿਤਾਵਾਂ: ਖਲਾਅ ‘ਚ ਲਟਕੇ ਮਨੁੱਖ, ਬਨੇਰੇ ‘ਤੇ ਬੈਠੀ ਅੱਖ, ਚੁੱਪ ਬੈਠੀ ਕਵਿਤਾ
ਕਾਵਿ-ਨਾਟਕ: ਚਾਣਕ ਅੰਨ੍ਹੇਂ ਹਨ, ਹਥੇਲੀ ‘ਤੇ ਉੱਗਿਆ ਸ਼ਹਿਰ, ਦਾੜ੍ਹੀ ਵਾਲਾ ਘੋੜਾ, ਉਰਫ ਉੰਨੀ ਸੌ ਨੜ੍ਹਿਨਵੇਂ, ਲੰਙੜਾ ਆਸਮਾਨ, ਸੂਤਰਧਾਰ ਬੋਲਦਾ ਹੈ, ਹੀਜੜੇ, ਕਲੰਕੀ ਅਵਤਾਰ, ਨਾਟਕ ਵਿਚਲਾ ਸ਼ੈਤਾਨ, ਇਕ ਛਾਤੀ ਵਾਲੀ ਔਰਤ, ਊਠਾਂ ਵਰਗੇ ਆਦਮੀਂ

ਮਹਾਂ ਨਾਟਕ: ਘਰ ‘ਚ ਬਘਿਆੜ, ਦਸਤਾਨਿਆਂ ਵਰਗੇ ਹੱਥ, ਮੰਟੋ ਮਰਿਆ ਨਹੀਂ

ਮਹਾਂ ਕਾਵਿ: ਧਰਤੀਨਾਮਾਂ, ਸੂਰਜਨਾਮਾਂ

ਕਵਿਤਾ ‘ਚ ਕਾਵਿ-ਸ਼ਾਸਤਰ: ਬੀਜ ਤੋਂ ਬਰਹਿਮੰਡ

ਕਾਵਿ ਰੇਖਾ ਚਿਤਰ: ਸਰਾਪੇ ਸਮਿਆਂ ਦੇ ਪੈਗ਼ੰਬਰ

ਨਾਵਲ: ਅਗਿਆਤ ਵਾਸੀ, ਮਰਦ ਵਿਚਲੀ ਔਰਤ, ਸ਼ੀਸੇ ਤੇ ਚਿਹਰੇ, ਦੋ ਪੱਤਣਾਂ ਦੇ ਤਾਰੂ, ਸ਼ੀਸ਼ੇ ਵਿਚਲਾ ਪ੍ਰੋਮੀਥੀਅਸ

ਆਲੋਚਨਾਂ ਤੇ ਸਾਹਿਤ ਇਤਿਹਾਸ: ਪ੍ਰਯੋਗਵਾਦ ਤੇ ਉਸ ਤੋਂ ਅਗਾਂਹ

ਅੰਗਰੇਜ਼ੀ ‘ਚ ਮਹਾਂ ਨਾਵਲ: Black Mantra Sutra

ਅੰਗਰੇਜ਼ੀ ‘ਚ ਕਾਵਿ-ਸੰਗ੍ਰਹਿ: The Rebel Sound, Horses and Heroes, Scrap Gods, Woman on the Cross