13 June 2024

ਤਰੱਕੀ ਪਸੰਦ ਤੇ ਆਸ਼ਾਮੁਖੀ ਕਵੀ ਦਰਸ਼ਨ ਬੁਲੰਦਵੀ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (19 ਦਸਬੰਰ 2021 ਨੂੰ) 67ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਤਰੱਕੀ ਪਸੰਦ ਤੇ ਆਸ਼ਾਮੁਖੀ ਕਵੀ ਦਰਸ਼ਨ ਬੁਲੰਦਵੀ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਵੀ ਦਰਸ਼ਨ ਬੁਲੰਦਵੀ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ :
ਤਰੱਕੀ ਪਸੰਦ ਤੇ ਆਸ਼ਾਮੁਖੀ ਕਵੀ ਦਰਸ਼ਨ ਬੁਲੰਦਵੀ
-ਹਰਮੀਤ ਸਿੰਘ ਅਟਵਾਲ-

ਵਲੈਤ ਵਾਸੀ ਦਰਸ਼ਨ ਬੁਲੰਦਵੀ ਸਾਡਾ ਤਰੱਕੀ ਪਸੰਦ ਤੇ ਆਸ਼ਾਮੁਖੀ ਕਵੀ ਹੈ। ਦਰਅਸਲ ਕਿਸੇ ਅਦੀਬ ਦਾ ਤਰੱਕੀ ਪਸੰਦ, ਪ੍ਰਗਤੀਵਾਦੀ, ਪ੍ਰੋਗਰੈਸਿਵ, ਅਗਾਂਹਵਧੂ ਜਾਂ ਆਸ਼ਾਮੁਖੀ ਹੋਣਾ ਉਸ ਦੇ ਵਿਕਾਸਾਤਮਕ ਸੁਭਾਅ ਦਾ ਹੀ ਪੁਖਤਾ ਪ੍ਰਮਾਣ ਹੁੰਦਾ ਹੈ। ਇਹ ਰਚਨਾਤਮਕ ਵਿਕਾਸ ਦਰਸ਼ਨ ਬੁਲੰਦਵੀ ਦੀਆਂ ਕਾਵਿ-ਰਚਨਾਵਾਂ ਦਾ ਆਪਣੇ ਆਪ ’ਚ ਹਾਸਲ ਵੀ ਹੈ। ਤਰੱਕੀ ਪਸੰਦ ਵਿਚਾਰਾਂ ਨਾਲ ਜੁੜਨ ਬਾਬਤ ਬੁਲੰਦਵੀ ਨੇ ਸਪੱਸ਼ਟ ਦੱਸਿਆ ਹੈ ਕਿ ‘ਮੈਂ 15-16 ਸਾਲ ਦੀ ਉਮਰ ਵਿਚ ਹੀ ਮਾਰਕਸੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਦੀ ਸੰਗਤ ਵਿੱਚੋਂ ਹੀ ਕੁਝ ਮਾਰਕਸ ਪੜ੍ਹਿਆ। ਪੂੰਜੀਵਾਦ ਦੀਆਂ ਸਮਾਜ ਵਿਰੋਧੀ ਨੀਤੀਆਂ ਦਾ ਅਧਿਐਨ ਕੀਤਾ। ਅੰਧਵਿਸ਼ਵਾਸ ਨੂੰ ਜਾਣਿਆ। ਇਹ ਅਜਿਹਾ ਗਿਆਨ ਸੀ ਜਿਹੜਾ ਸਕੂਲ ਦੀ ਪੜ੍ਹਾਈ ਵਿਚ ਪੜ੍ਹਾਇਆ ਨਹੀਂ ਜਾਂਦਾ। ਇਸੇ ਵਿੱਚੋਂ ਹੀ ਮੈਂ ਠੀਕ ਅਤੇ ਗ਼ਲਤ ਕਦਰਾਂ-ਕੀਮਤਾਂ ਦੀ ਪਛਾਣ ਕੀਤੀ। ਨੇਕੀ ਅਤੇ ਬਦੀ ਦੇ ਫ਼ਰਕ ਨੂੰ ਜਾਣਿਆ। ਇਸ ਪ੍ਰਭਾਵ ਨੇ ਹੀ ਮੇਰੇ ਅੰਦਰ ਆਤਮ-ਵਿਸ਼ਵਾਸ ਭਰਿਆ। ਤਰੱਕੀ ਪਸੰਦ ਵਿਚਾਰਾਂ ਨਾਲ ਜੁੜਿਆ ਤਾਂ ਏਹਨੇ ਮੇਰੀ ਦਿ੍ਰਸ਼ਟੀ ਅੰਦਰ ਦਿ੍ਰੜਤਾ ਲਿਆਂਦੀ ਅਤੇ ਮੈਨੂੰ ਆਸ਼ਾਮੁਖੀ ਨਜ਼ਰੀਏ ਨਾਲ ਵੀ ਜੋੜਿਆ। ਇਹੀ ਆਸ਼ਾਮੁਖੀ ਨਜ਼ਰੀਆ ਮੈਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਵਾਰ-ਵਾਰ ਮੇਰੀ ਕਵਿਤਾ ਵਿਚ ਇਹ ਆਪਮੁਹਾਰਾ ਪ੍ਰਵੇਸ਼ ਕਰ ਜਾਂਦਾ ਹੈ।

ਦਰਸ਼ਨ ਬੁਲੰਦਵੀ (ਧੰਜਲ) ਦਾ ਜਨਮ ਪਿਤਾ ਬਚਨ ਸਿੰਘ ਧੰਜਲ ਦੇ ਘਰ 03 ਮਈ 1951 ਨੂੰ ਪਿੰਡ ਮਹਿਮੂਵਾਲ ਮਾਹਲਾਂ (ਜਲੰਧਰ) ਵਿਖੇ ਹੋਇਆ। ਦਰਸ਼ਨ ਬੁਲੰਦਵੀ ਨੇ ਪ੍ਰਾਇਮਰੀ ਮਹਿਮੂਵਾਲ ਮਾਹਲਾਂ ਤੋਂ ਤੇ ਬੀਏ ਗੁਰੂ ਨਾਨਕ ਕਾਲਜ ਨਕੋਦਰ ਤੋਂ ਕੀਤੀ। ਕਾਲਜ ਪੜ੍ਹਦਿਆਂ ਕਾਵਿ-ਉਚਾਰਨ ਤੇ ਭਾਸ਼ਨ ਪ੍ਰਤੀਯੋਗਤਾ ਵਿਚ ਹਿੱਸਾ ਵੀ ਅਕਸਰ ਲਿਆ। 1975 ਵਿਚ ਉਹ ਭਾਰਤ ਨੂੰ ਛੱਡ ਕੇ ਗਰੀਸ ਨੂੰ ਚਲਾ ਗਿਆ। ਗਰੀਸ ਦੇ ਸ਼ਹਿਰ ਅਰੋਪੋ ਵਿਖੇ ਦੋ ਕੁ ਮਹੀਨੇ ਉਦੋਂ ਨਵੀਂ ਬਣ ਰਹੀ ਬੰਦਰਗਾਹ ਦੀ ਉਸਾਰੀ ’ਚ ਲਾਏ। ਚਾਰ ਕੁ ਮਹੀਨੇ ਇਕ ਰੈਸਟੋਰੈਂਟ ਵਿਚ ਕੰਮ ਕੀਤਾ। ਨਵੰਬਰ ਵਿਚ ਗਰੀਕ ਮਰਚੈਂਟ ਨੇਵੀ ਵਿਚ ਨੌਕਰੀ ਪ੍ਰਾਪਤ ਕਰ ਲਈ। 1978 ਤੋਂ 1980 ਤਕ ‘ਸਾਈਪਰੱਸ’ ਦੀ ਰਾਜਧਾਨੀ ਨਕੋਸੀਆ ਵਿਖੇ ਆਪਣੇ ਕੰਮ ਦੇ ਨਾਲ ਇੰਗਲੈਂਡ ਦੇ ਐਂਟਰੀ ਵੀਜ਼ੇ ਦੀ ਉਡੀਕ ਕੀਤੀ। ਵੀਜ਼ਾ ਮਿਲਣ ’ਤੇ ਉਹ ਅਪ੍ਰੈਲ 1981 ਵਿਚ ਪੱਕੇ ਤੌਰ ’ਤੇ ਇੰਗਲੈਂਡ ਪੁੱਜਿਆ ਤੇ ਹੁਣ ਪਿਛਲੇ 4 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਵਲੈਤ ਦਾ ਵਾਸੀ ਹੈ।

ਦਰਸ਼ਨ ਬੁਲੰਦਵੀ ਪੰਜਾਬੀ ਦੇ ਨਾਮਵਰ ਕਵੀਆਂ ’ਚੋਂ ਇਕ ਹੈ। ਉਸ ਦੇ ਹੁਣ ਤਕ 6 ਕਾਵਿ-ਸੰਗ੍ਰਹਿ ਪਾਠਕਾਂ ਦੇ ਹੱਥਾਂ ਵਿਚ ਪੁੱਜ ਚੱੁਕੇ ਹਨ। ਇਹ ਹਨ :‘ਲਕੀਰਾਂ ਵਾਹੁੰਦੀ ਪੀੜ’ (1973), ‘ਪਾਰ ਦੇ ਸਫ਼ਰ’ (1985), ‘ਸਮੁੰਦਰ ਨਾਲ ਗੱਲਾਂ’ (1990), ‘ਧੁੱਪ ’ਚ ਜਗਦਾ ਦੀਵਾ’ (2003), ‘ਕਿਰਦੀ ਮਿੱਟੀ’ (2009), ‘ਮਹਿਕਾਂ ਦਾ ਸਿਰਨਾਵਾਂ’ (2018) ਤੇ ‘ਪਰ ਤੋਲਦਿਆਂ’ (2011)। ਇਨ੍ਹਾਂ ਮੌਲਿਕ ਕਾਵਿ-ਸੰਗ੍ਰਹਿਆਂ ਤੋਂ ਇਲਾਵਾ ਉਸ ਨੇ ਹੋਰ ਸਾਹਿਤਕਾਰਾਂ ਨਾਲ ਸਾਂਝੇ ਤੌਰ ’ਤੇ ‘ਵਰਤਮਾਨ ਦੇ ਆਰ-ਪਾਰ’ ਤੇ ‘ਚੋਣਵੀਂ ਪਰਵਾਸੀ ਕਵਿਤਾ’ ਨਾਂ ਦੇ ਦੋ ਕਾਵਿ-ਸੰਗ੍ਰਹਿ ਸੰਪਾਦਿਤ ਵੀ ਕੀਤੇ ਹਨ। ਉਸ ਦੀ ਆਪਣੀ ਚੋਣਵੀ ਕਵਿਤਾ ਦਾ ਇਕ ਸੰਗ੍ਰਹਿ ‘ਹਾਰ ਕਰ ਵੀ’ ਡਾ. ਅਮਰਜੀਤ ਕੌਂਕੇ ਨੇ ਹਿੰਦੀ ਵਿਚ ਅਨੁਵਾਦ ਕੀਤਾ ਹੈ। ਇਸ ਤੋਂ ਇਲਾਵਾ ਭੁਪਿੰਦਰ ਪਰਿਹਾਰ ਤੇ ਡਾ. ਗੁਰਪਾਲ ਸਿੰਘ ਸੰਧੂ ਨੇ ਉਸ ਦੀਆਂ ਕੁਝ ਕਵਿਤਾਵਾਂ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤੀਆਂ ਹਨ। ਦਰਸ਼ਨ ਬੁਲੰਦਵੀ ਦੀ ਇਕ ਵਾਰਤਕ ਪੁਸਤਕ ‘ਡਾਇਰੀ ਦੇ ਜ਼ਖ਼ਮੀ ਪੰਨੇ’ ਵੀ ਇਸੇ ਸਾਲ ਛਪਕੇ ਪਾਠਕਾਂ ਦੇ ਹੱਥਾਂ ’ਚ ਪੱੁਜੀ ਹੈ। ਬੁਲੰਦਵੀ ਦੀਆਂ ਕਈ ਕਾਵਿ-ਰਚਨਾਵਾਂ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਬਣੀਆਂ ਹੋਈਆਂ ਹਨ। ਕੁਝ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਉਸ ਦੀ ਕਵਿਤਾ ’ਤੇ ਐੱਮਫਿਲ ਵੀ ਕੀਤੀ ਹੈ। ਉਹ 1989 ਤੋਂ 1996 ਤਕ ‘ਪ੍ਰਗਤੀਸ਼ੀਲ ਲਿਖਾਰੀ ਸਭਾ ਸਾਊਥ ਹੈਮਪਟਨ’ ਦਾ ਜਨਰਲ ਸਕੱਤਰ ਵੀ ਰਿਹਾ। ਅਦਾਰਾ ਸ਼ਬਦ (ਲਿਖਾਰੀ ਸਭਾ) ਦਾ ਜਨਰਲ ਸਕੱਤਰ 1996 ਤੋਂ ਹੁਣ ਤਕ ਹੈ। ਉਹ ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਯੂਕੇ ਦਾ ਵੀ ਮੈਂਬਰ ਹੈ। ਉਹ 8 ਸਾਲ ‘ਪ੍ਰਤਿਮਾਨ’ ਦੇ ਸੰਪਾਦਕੀ ਬੋਰਡ ’ਚ ਵੀ ਰਿਹਾ ਤੇ ਹੁਣ ‘ਚਰਚਾ’ ਮੈਗਜ਼ੀਨ ਦੇ ਸੰਪਾਦਕੀ ਮੰਡਲ ਵਿਚ ਵੀ ਸ਼ਾਮਲ ਹੈ। ਯੂਕੇ ਵਿਚ ਨਵੀਂ ਬਣੀ ਸਾਹਿਤ ਸਭਾ ‘ਪ੍ਰੋਗਰੈਸਿਵ ਰਾਈਟਰਜ਼ ਐਸੋਈਏਸ਼ਨ’ ਦਾ ਵੀ ਉਹ ਐਕਟਿਵ ਮੈਂਬਰ ਹੈ।

ਦਰਸ਼ਨ ਬੁਲੰਦਵੀ ਦੇ ਕਾਵਿ-ਸੰਸਾਰ ਅੰਦਰ ਸੰਖਿਪਤ ਝਾਤੀ ਵੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਲਕੀਰਾਂ ਵਾਹੁੰਦੀ ਪੀੜ’ ਵਿਚ ਸਮਾਜਿਕ, ਰਾਜਨੀਤਕ, ਦੇਸ਼ ਪਿਆਰ, ਪਿਆਰ ਤੇ ਵਿਅਕਤੀਗਤ ਜਜ਼ਬਿਆਂ ਦਾ ਪ੍ਰਤੀਕਰਮ ਹੈ। ਇਸ ਵਿਚ ਕੁਝ ਗੀਤ ਵੀ ਦਰਜ ਹਨ। ਦਰਸ਼ਨ ਬੁਲੰਦਵੀ ਦੇ ਅਗਲੇ ਪੰਜ ਕਾਵਿ-ਸੰਗ੍ਰਹਿਆਂ ਵਿਚ ਜਿੱਥੇ ਭਾਰਤੀ ਪੰਜਾਬ ਦੀਆਂ ਸਿਆਸੀ, ਜੁਝਾਰਵਾਦੀ, ਕ੍ਰਾਂਤੀਕਾਰੀ, ਸਮਾਜਿਕ ਅਤੇ ਪਿਆਰ ਨਾਲ ਸਬੰਧਿਤ ਵਿਸ਼ਿਆਂ ’ਤੇ ਕਾਵਿ-ਰਚਨਾਵਾਂ ਹਨ ਉਥੇ ਪਰਦੇਸਾਂ ਵਿਚ ਵਾਪਰੀਆਂ ਵਿਅਕਤੀਗਤ ਘਟਨਾਵਾਂ, ਉਥੋਂ ਦੇ ਕੌੜੇ-ਮਿੱਠੇ ਅਨੁਭਵ ਤੇ ਉਥੋਂ ਦੀਆਂ ਤਲਖ਼ ਹਕੀਕਤਾਂ ਦਾ ਵੀ ਬਾਖ਼ੂਬੀ ਕਾਵਿ-ਚਿਤਰਣ ਹੈ। ਇਨ੍ਹਾਂ ਤੋਂ ਇਲਾਵਾ ਹੇਰਵੇ, ਭੂ-ਹੇਰਵੇ, ਸੱਭਿਆਚਾਰਾਂ ਦੇ ਭੇੜ/ਟਕਰਾਅ ਪੀੜ੍ਹੀ-ਪਾੜਾ ਤੇ ਪੀੜ੍ਹੀ ਟਕਰਾਅ ਤੇ ਕੁਝ ਨਿੱਜੀ ਅਨੁਭੂਤੀਆਂ ਨੂੰ ਵੀ ਭਾਵਪੂਰਤ ਤੇ ਪ੍ਰਭਾਵਸ਼ਾਲੀ ਕਾਵਿ-ਰੰਗ ਦਿੱਤਾ ਗਿਆ ਹੈ। ਬਹੁਤਾ ਕਰ ਕੇ ਦਰਸ਼ਨ ਬੁਲੰਦਵੀ ਨੇ ਆਪਣੀ ਸਿਰਜਣਾਤਮਿਕਤਾ ਨੂੰ ਮਾਨਵੀ ਸਰੋਕਾਰਾਂ ਨਾਲ ਜੋੜਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਥੇ ਦਰਸ਼ਨ ਬੁਲੰਦਵੀ ਦਾ ਇਹ ਕਥਨ ਵੀ ਕਾਬਲਿਗੌਰ ਹੈ ਕਿ :-

ਮੇਰੀ ਨਜ਼ਰ ਵਿਚ ਕਾਵਿ-ਕਲਾ ਦਾ ਮਨੋਰਥ ਇਕੱਲਾ ਮਨੋਰੰਜਨ ਦੇਣਾ ਨਹੀ ਸਗੋਂ ਸਮਾਜ ਦੇ ਵਿਕਾਸ ਵਿਚ ਉਸਾਰੂ ਭੂਮਿਕਾ ਨਿਭਾਉਣਾ ਵੀ ਹੁੰਦਾ ਹੈ। ਆਪਣੀ ਕਾਵਿ-ਕਲਾ ਰਾਹੀਂ ਸਮਾਜ ਨੂੰ ਸਮਝਣਾ ਵੀ ਹੁੰਦਾ ਹੈ। ਆਪ ਨੂੰ ਅਤੇ ਆਪਣੇ ਸਮਾਜ ਨੂੰ ਜਵਾਬਦੇਹ ਵੀ ਹੋਣਾ ਹੁੰਦਾ ਹੈ। ਕਵਿਤਾ ਦੇ ਸਬੰਧ ਵਿਚ ਮੈਂ ਕਦੀ ਵੀ ਇਕ ਪਾਸੜ ਜਾਂ ਇੱਕੋ ਦਿ੍ਰਸ਼ਟੀ ਵੱਲ ਉਲਾਰ ਨਹੀਂ ਹੋਇਆ। ਜ਼ਿੰਦਗੀ ਨਾਲ ਸਬੰਧਿਤ ਹਰ ਸ਼ੈਅ ’ਤੇ ਕਵਿਤਾ ਲਿਖਣੀ ਮੈਨੂੰ ਚੰਗੀ ਲਗਦੀ ਹੈ। ਦਰਅਸਲ ਹੁਣ ਗਿਆਨ ਦੇ ਮਿਆਰ ਬਦਲ ਰਹੇ ਹਨ। ਵਿਸ਼ਵੀਕਰਨ ਨੇ ਸਾਡੀ ਜੀਵਨ ਸ਼ੈਲੀ ਉੱਤੇ ਅਸਰ ਪਾਇਆ ਹੈ। ਅੰਤਰਰਾਸ਼ਟਰੀ ਸਮੱਸਿਆਵਾਂ ਸਾਂਝੀਆਂ ਹੋਣ ਲੱਗ ਪਈਆਂ ਹਨ। ਇਕ ਹਿੱਸੇ ਵਿਚ ਵਾਪਰੀ ਘਟਨਾ ਦਾ ਪ੍ਰਤੀਕਰਮ ਦੁਨੀਆ ਦੇ ਹਰ ਕੋਨੇ ਵਿਚ ਹੁੰਦਾ ਹੈ। ਸੋ ਇਨ੍ਹਾਂ ਸੰਸਾਰ ਦੀਆਂ ਘਟਨਾਵਾਂ ਅਤੇ ਸਮੱਸਿਆਵਾਂ ਤੋਂ ਮੇਰੀ ਕਲਮ ਪ੍ਰਭਾਵਿਤ ਹੁੰਦੀ ਹੈ। ਮੇਰੇ ਆ ਰਹੇ ਨਵੇਂ ਕਾਵਿ-ਸੰਗ੍ਰਹਿ ‘ਕੱਚੀ ਬਰਫ਼ ਦੇ ਗੋਲੇ’ ਵਿਚ ਕਿਸਾਨ ਅੰਦੋਲਨ ਬਾਰੇ 20 ਤੋਂ ਵੱਧ ਗੀਤ-ਕਵਿਤਾਵਾਂ ਹਨ। …ਸਮਾਜ ਵਿਚ ਹੋ ਰਹੀ ਖ਼ਰਾਬੀ ਮੇਰੀ ਸੰਵੇਦਨਾ ਨੂੰ ਝੰਜੋੜਦੀ ਹੈ। ਮੇਰੇ ਲਈ ਇਕ ਚੁਣੌਤੀ ਬਣ ਜਾਂਦੀ ਹੈ। ਉਹਦਾ ਜਵਾਬ ਹੀ ਮੇਰੀ ਕਵਿਤਾ ਹੈ। ਬਿਨਾਂ ਜਵਾਬ ਤੋਂ ਮੈਨੂੰ ਆਪਣੀ ਹੋਂਦ ਦਾ ਅਹਿਸਾਸ ਹੀ ਨਹੀਂ ਹੁੰਦਾ।

‘ਧੁੱਪ ’ਚ ਜਗਦਾ ਦੀਵਾ’ ’ਚੋਂ ‘ਰਿਸਦਾ ਜ਼ਖ਼ਮ’ ਨਾਂ ਦੀ ਦਰਸ਼ਨ ਬੁਲੰਦਵੀ ਦੀ ਕਵਿਤਾ ਇਥੇ ਸਾਂਝੀ ਕੀਤੀ ਜਾਂਦੀ ਹੈ :-

ਬੰਦੂਕ ਦੇ ਘੋੜੇ ’ਤੇ
ਠਹਿਰੀ ਹੋਈ ਉਂਗਲ ਦਾ ਜ਼ਖ਼ਮ
ਸਿਰਫ਼ ਅੰਦਰੋ ਅੰਦਰ ਰਿਸਦਾ ਹੈ
ਜਾਂ ਆਪਣੇ ਹੀ ਖ਼ਿਲਾਫ਼
ਹੁਕਮ ਦਾ ਬੱਧਾ ਚਲਦਾ ਏ
ਇਹ ਨਾ ਹੋਵੇ ਕਲ੍ਹ ਨੂੰ
ਆਪਣੇ ਦਿਲ ਵੱਲ ਭੁਗਤ ਜਾਏ
ਅੱਜ ਤੋਂ ਇਸ ਜ਼ਖ਼ਮ ਦਾ ਅਧਿਐਨ ਕਰੋ
ਇਹਦੀ ਮਰਹੱਮ ਪੱਟੀ ਦਾ ਇੰਤਜਾਮ ਕਰੋ
ਰਿਸਦਾ ਜ਼ਖ਼ਮ ਚੰਗਾ ਨਹੀਂ ਹੁੰਦਾ।
(ਪੰਨਾ-51)

ਦਰਸ਼ਨ ਬੁਲੰਦਵੀ ਦੇ ਰਚਨਾ ਸੰਸਾਰ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵਿਸ਼ਲੇਸ਼ਣੀ ਵਿਚਾਰ ਪ੍ਰਗਟਾਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਸੱਜਣ ਡਾ. ਜਸਵਿੰਦਰ ਸਿੰਘ ਨੇ ਤਾਂ ਉਸ ਦੇ ਕਾਵਿ-ਸੰਗ੍ਰਹਿ ‘ਕਿਰਦੀ ਮਿੱਟੀ’ ਬਾਰੇ ਤਕਰੀਬਨ 9 ਸਫ਼ੇ ਲਿਖੇ ਹਨ। ਜਸਵਿੰਦਰ ਸਿੰਘ ਤੋਂ ਇਲਾਵਾ ਡਾ. ਦੇਵਿੰਦਰ ਕੌਰ (ਯੂਕੇ), ਡਾ. ਹਰਿਭਜਨ ਸਿੰਘ ਭਾਟੀਆ, ਡਾ. ਸੁਤਿੰਦਰ ਸਿੰਘ ਨੂਰ ਤੇ ਡਾ. ਗੁਰਪਾਲ ਸਿੰਘ ਸੰਧੂ ਨੇ ਵੀ ਦਰਸ਼ਨ ਬੁਲੰਦਵੀ ਦੇ ਕਾਵਿ-ਸੰਸਾਰ ਦਾ ਕਾਫ਼ੀ ਸਮੀਖਿਆਤਮਕ ਮੁਤਾਲਿਆ ਪਾਠਕਾਂ ਸਨਮੁਖ ਰੱਖਿਆ ਹੈ। ਦਰਸ਼ਨ ਬੁਲੰਦਵੀ ਨਾਲ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਹਾਜ਼ਿਰ ਹਨ :-
* ਬਰਤਾਨੀਆ ਇਕ ਤਰ੍ਹਾਂ ਨਾਲ ਮਲਟੀਨੈਸ਼ਨਲ ਸਮਾਜ ਬਣ ਚੱੁਕਾ ਹੈ।

* ਪੰਜਾਬੀ ਸਾਹਿਤ ਦੇ ਪਾਠਕਾਂ ਦੀ ਕਮੀ ਦਾ ਸਭ ਤੋਂ ਵੱਡਾ ਕਾਰਨ ਸਾਡਾ ਸੱਭਿਆਚਾਰਕ ਪਿਛੋਕੜ ਹੈ। ਸਾਡੇ ਸਮਾਜ ਵਿਚ ਪੁਸਤਕ ਕਲਚਰ ਨਹੀਂ ਹੈ। ਦੂਜਾ ਵੱਡਾ ਕਾਰਨ ਸਰਕਾਰੀ ਅਕਾਦਮਿਕ ਅਦਾਰਿਆਂ ਦਾ ਕੋਈ ਬਹੁਤਾ ਆਰਥਿਕ ਅਤੇ ਨੈਤਿਕ ਸਹਿਯੋਗ ਨਾ ਹੋਣਾ ਹੈ।

* ਨਵੇਂ ਗਿਆਨ ਦੇ ਰੂਬਰੂ ਹੋਣ ਲਈ ਹਰ ਰੋਜ਼ ਪੜ੍ਹਨਾ ਜ਼ਰੂਰੀ ਹੈ

* ਇਨਾਮਾਂ-ਸਨਮਾਨਾਂ ਪਿੱਛੇ ਵੀ ਸਾਹਿਤਕ ਸਿਆਸਤ ਸਰਗਰਮ ਹੁੰਦੀ ਹੈ।

* ਆਪਣੀ ਮਾਤ ਭਾਸ਼ਾ ਨੂੰ ਮਾਰ ਕੇ ਦੂਜੀ ਭਾਸ਼ਾ ਨੂੰ ਅਪਣਾਉਣਾ ਅੱਜ ਦੇ ਸਮੇਂ ਦਾ ਵੱਡਾ ਦੁਖਾਂਤ ਹੈ।

*ਪੰਜਾਬੀ ਸਾਹਿਤ ਵਿਚ ਗਰੱੁਪਬੰਦੀ ਚਿਰਾਂ ਤੋਂ ਚੱਲ ਰਹੀ ਹੈ। ਨਿਰਪੱਖ ਆਲੋਚਨਾ ਈਮਾਨਦਾਰੀ ਦੀ ਮੰਗ ਕਰਦੀ ਹੈ।

ਨਿਰਸੰਦੇਹ ਸ਼ਾਇਰ ਦਰਸ਼ਨ ਬੁਲੰਦਵੀ ਦੀ ਹਰ ਗੱਲ ਇਕਾਗਰਚਿਤ ਹੋ ਕੇ ਵਿਚਾਰਨ ਵਾਲੀ ਹੈ। ਪੰਜਾਬੀ ਕਾਵਿ-ਜਗਤ ਦੇ ਪਾਠਕਾਂ ਨੂੰ ਉਸ ਦੇ ਆ ਰਹੇ ਨਵੇਂ ਕਾਵਿ-ਸੰਗ੍ਰਹਿ ‘ਕੱਚੀ ਬਰਫ਼ ਦੇ ਗੋਲ਼ੇ’ ਦੀ ਤੀਬਰਤਾ ਨਾਲ ਉਡੀਕ ਹੈ।
– ਹਰਮੀਤ ਸਿੰਘ ਅਟਵਾਲ

***
548
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ