22 July 2024

ਵੈਸਾਖੀ ਸਿੱਖ ਇਤਹਾਸ ਅਤੇ ਭਾਰਤ ਦੀ ਜੰਗੇ ਆਜ਼ਾਦੀ ਤੋਂ ਵਖਰੀ ਨਹੀਂ—ਮਹਿੰਦਰ ਸਿੰਘ ਘੱਗ

ਦੋ ਸ਼ਬਦ:
ਅਮਰੀਕਾ ਰਹਿੰਦਾ ਮਹਿੰਦਰ ਸਿੰਘ ਘੱਗ ਪੰਜਾਬੀ ਜਗਤ ਲਈ ਕੋਈ ਬਹੁਤੀ ਜਾਣ ਪਹਿਚਾਣ ਦਾ ਮੁਥਾਜ ਨਹੀਂ । ਸਾਇੰਸ ਦੇ ਗਰੈਜੂਏਟ ਅਤੇ ਕੰਪੀਊਟਰ ਪਰੋਗਰਾਮਿੰਗ ਦੇ ਮਾਹਰ ਘੱਗ ਦਾ ਜਨਮ ਬਰਮਾ ਵਿਖੇ 1931 ਵਿੱਚ ਹੋਇਆ। 1963 ਵਿੱਚ ਉਹ ਪਹਿਲਾਂ ਬਰਤਾਨੀਆਂ ਅਤੇ ਫਿਰ ਅਮਰੀਕਾ ਜਾ ਵਸਿਆ। ਉਸ ਦੇ ਦੋ ਕਹਾਣੀ ਸੰਗ੍ਰਿਹ: (1) ਅਸੀਂ ਵੀ ਘੱਗ ਹਾਂ (1988), (2) ਲੜਕੇ ਤੁਮ ਕੌਣ (2006) ਅਤੇ ਇੱਕ ਕਾਵਿ ਸੰਗ੍ਰਿਹ: ਹਰ ਸਵੇਰੇ ਹਰ ਸਵਰ (1989) ਛਪ ਚੁੱਕੇ ਹਨ। ਸਾਹਿਤਕ ‘ਤੇ ਸਮਾਜਕ ਸਰਗਰਮੀਆਂ ਵਿੱਚ ਵੱਧ-ਚੜ੍ਹਕੇ ਹਿੱਸਾ ਲੈਂਦੇ ਅਤੇ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੇ ਮੋਢੀ ਮਹਿੰਦਰ ਸਿੰਘ ਘੱਗ ਦੀ ਰਚਨਾ ‘ਵੈਸਾਖੀ ਤੇ ਵਿਸ਼ੇਸ਼’ ਪਾਠਕਾਂ ਦੇ ਰੂ-ਬ-ਰੂ ਕਰਦਿਆਂ ‘ਲਿਖਾਰੀ’ ਪਰਸੰਨਤਾ ਦਾ ਅਨੁਭੱਵ ਕਰਦਾ ਹੈ।-ਲਿਖਾਰੀ

 ਵੈਸਾਖੀ ਤੇ ਵਿਸ਼ੇਸ਼:

ਵੈਸਾਖੀ ਭਾਰਤ ਦੇ ਬਹੁਤ ਸਾਰੇ ਮੇਲਿਆਂ ਵਾਂਗ ਹੀ ਇਕ ਮੋਸਮੀ ਮੇਲਾ ਹੈ। ਕਣਕ ਦੀ ਫਸਲ ਨਾਲ ਇਸ ਦਾ ਸਬੰਧ ਹੈ। ਕਣਕ ਦੀ ਫਸਲ ਨਾਲ ਜ਼ਿਮੀਂਦਾਰ ਆੜਤੀਆ, ਲਾਗੀ ਚੋਗੀ ਸੇਪੀ ਵਾਲੇ ਸਭ ਨੂੰ ਹੀ ਕੁਝ ਨਾ ਕੁਝ ਦਾਣਾ ਫਕਾ ਮਿਲ ਜਾਂਦਾ ਹੈ। ਇਸੇ ਖੁਸ਼ੀ ਵਿਚ ਸਮਾਜ ਦਾ ਹਰ ਵਰਗ ਖੁਸ਼ੀਆਂ ਮਨਾਂਉਂਦਾ ਹੈ।

ਕੋਈ ਦਸ ਹਜ਼ਾਰ ਸਾਲ ਹੋਏ ਮਿਸਰ ਵਾਲਿਆਂ ਨੇ ਕਣਕ ਦੀ ਫਸਲ ਦੀ ਕਾਸ਼ਤਕਾਰੀ ਦੀ ਸਫਲਤਾ ਹੋਣ ਤੇ ਮਿਨ ਦੇਵਤੇ ਦੀ ਪੂਜਾ ਕੀਤੀ, ਜਿਸ ਦਾ ਜ਼ਿਕਰ ਬਾਈਬਲ ‘ਓਲਡ ਟੈਸਟੇਮੈਂਟ’ ਵਿਚ ਹਜ਼ਰਤ ਮੂਸਾ ਆਪਣੇ ਪੈਰੋਕਾਰਾਂ ਨੂੰ 19 ਮਾਰਚ ਤੋਂ ਲੈ ਕੇ 30 ਮਾਰਚ ਤਕ ਖੁਸ਼ੀਆਂ ਮਨਾਉਣ ਲਈ ਆਖਦਾ ਹੋਇਆ ਇਹ ਵੀ ਦਸ ਦਿੰਦਾ ਹੈ ਕਿ ਇਹ ਤੁਹਾਡਾ ਧਾਰਮਕ ਮੇਲਾ ਨਹੀਂ ਪਰ ਤੁਸੀ ਵੀ ਇਸ ਵਕਤ ਬਾਕੀ ਲੋਕਾਂ ਨਾਲ ਰਲ ਕੇ ਖੁਸ਼ੀਆਂ ਮਨਾਓ। ਇਸਦੇ ਨਾਲ ਹੀ ਕਣਕ ਦੀ ਫਸਲ ਦੀ ਵਾੱਢੀ ਬਾਰੇ ਕੁਝ ਹਦਾਇਤਾਂ ਹਨ। ਫਸਲ ਵੱਢਣ ਸਮੇ ਫਸਲ ਐਨ ਬੱਨੀ ਤਕ ਨਾ ਵੱਢੋ ਕੁਝ ਹਿਸਾ ਗਰੀਬ ਗੁਰਬੇ ਲਈ ਵੀ ਛਡੱਣਾ ਚਾਹੀਦਾ ਹੈ। ਪੰਜਾਬ ਵਿਚ ਵੀ ਵਾੱਢੀ ਸਮੇਂ ਮੁਰੀਂਡਾ ਛਡਿੱਆ ਜਾਂਦਾ ਸੀ। ਦੂਸਰੀ ਹਦਾਇਤ ਹੈ ਕਿ ਵਾੱਢੀ ਸਮੇਂ ਹਥੋਂ ਡਿਗਿਆ ਹੋਇਆ ਸਿਟਾ (ਕਣਕ ਦੀ ਬਾਲੀ) ਗਰੀਬ ਗੁਰਬੇ ਦੇ ਚੁਗਣ ਲਈ ਛੱਡ ਦਿਉ।

ਪੰਜਾਬ ਵਿਚ ਵੈਸਾਖੀ ਦੀ ਸ਼ੁਰੂਆਤ

ਪੰਜਾਬ ਵਿਚ ਕਣਕ ਦੀ ਕਾਸ਼ਤ ਆਰੀਆਂ ਨਾਲ ਸ਼ੁਰੂ ਹੁੰਦੀ ਹੈ। ਆਰੀਆਂ ਦੇ ਨਾਲ ਹੀ ਕੁਝ ਮਿਸਰ ਦੇ ਪੁਜਾਰੀ ਵੀ ਆਏ ਜਿਹਨਾਂ ਨੂੰ ਮਿਸਰ ਕਰਕੇ ਜਾਣਿਆਂ ਜਾਂਦਾ ਸੀ।ਤਕਰੀਬਨ ਹਰ ਪਿੰਡ ਵਿਚ ਇਕ ਮਿਸਰ ਪਰਵਾਰ ਹੁੰਦਾ ਸੀ। ਬਾਅਦ ਵਿਚ ਉਹਨਾਂ ਨੂੰ ਹੀ ਬ੍ਰਾਹਮਣ ਕਹਿਣ ਲਗ ਪਏ। ਥਿਤ ਵਾਰਾਂ ਦਾ ਹਿਸਾਬ ਕਿਤਾਬ ਰਖਣਾ ਗ਼ਮੀ ਖੁਸ਼ੀ ਦੀਆਂ ਰਸਮਾ ਨਿਭਾਉਣੀਆਂ ਉਸੇ ਦੀ ਜ਼ਿਮੇਵਾਰੀ ਸੀ। ਪੰਜਾਬ ਵਿਚ ਵੈਸਾਖੀ ਦੀ ਸ਼ੁਰੂਆਤ ਵੀ ਮਿਸਰ (ਬ੍ਰਾਹਮਣ) ਵਲੋਂ ਹੀ ਕੀਤੀ ਗਈ ਹੈ। ਇਸੇ ਲਈ ਮੇਲਿਆਂ ਤਿਉਹਾਰਾਂ ਦੀ ਵੰਡ ਸਮੇਂ ਉਸ ਨੇ ਵੈਸਾਖੀ ਤੇ ਆਪਣਾ ਹਕ ਜਤਾਇਆ, ਦੁਸੈਹਰਾ ਰਾਮਚੰਦਰ ਜੀ ਨਾਲ ਸਬੰਧਤ ਹੈ (ਰਾਮਚੰਦਰ ਖਤਰੀ ਸੀ) ਇਸ ਲਈ ਦੁਸੈਹਰਾ ਖਤਰੀਆਂ ਦੇ ਹਿਸੇ ਆਇਆ, ਦੀਵਾਲੀ ਬੈਸ ਦੇ ਹਿਸੇ ਆਈ (ਬੈਸ ਹੀ ਖਾਣ ਪੀਣ ਦੇ ਸਮਾਨ ਦੀ ਉਪਜ ਕਰਦਾ ਹੇ) ਅਤੇ ਹੋਲੀ ਨੂੰ ਸ਼ੂਦਰਾਂ (ਕ੍ਰਿਸ਼ਨ ਜੀ ਜਾਦਵ ਸਨ ਹੋਲੀ ਕ੍ਰਿਸ਼ਨ ਜੀ ਨਾਲ ਜੁੜੀ ਹੋਈ ਹੈ) ਦਾ ਤਿਉਹਾਰ ਆਖਿਆ।

ਪੰਜਾਬ ਤੋਂ ਸ਼ੁਰੂ ਹੋਇਆ ਵੈਸਾਖੀ ਮੇਲਾ ਹੌਲੀ ਹੌਲੀ ਕਣਕ ਦੀ ਫਸਲ ਅਤੇ ਪੰਜਾਬੀਆਂ ਦਾ ਦੂਸਰੇ ਸੂਬਿਆਂ ਅਤੇ ਦੇਸ਼ਾ ਵਿਚ ਵਸਣ ਨਾਲ ਪੰਜਾਬ ਤੋਂ ਬਾਹਰ ਭਾਰਤ ਅਤੇ ਸ਼ੰਸਾਰ ਭਰ ਵਿਚ ਮਨਾਇਆ ਜਾਣ ਲਗਾ । ਸ਼ੁਰੂ ਸ਼ੁਰੂ ਵਿਚ ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ। ਜਿਉਂ ਜਿਉਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ। ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ ਗਿੱਧਾ ਵੀ ਵੈਸਾਖੀ ਦੀਆਂ ਖੁਸ਼ੀਆਂ ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹਥ ਸਮਾਂ ਵਾਲੀ ਡਾਂਗ ਜਾਂ ਖੂੰਡਾ ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੈਂਠੇ, ਮੇਲੇ ਵਿਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ ਮੇਲੇ ਦੇ ਛਿੜਨ ਵੇਲੇ ਤਕ ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅਖਾਂ ਵਿਚ ਲਾਲੀ ਦੇ ਡੋਰੇ, ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿਚ ਅੰਗੜਾਈਆਂ ਲੈਂਦੀ ਜਵਾਨੀ ਬਸ ਕਿਸੇ ਪਾਸਿਓਂ ਇਕ ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ।

ਇਕ ਪਾਸੇ ਇਹ ਆਪਮੁਹਾਰੀ ਤਾਕਤ ਦੀ ਪ੍ਰਦਰਸ਼ਨੀ ਦੂਜੇ ਪਾਸੇ ਸਾਧਾਂ ਦੇ ਭੇਸ ਵਿਚ ਠਗਾਂ ਦੇ ਟੋਲੇ। ਬ੍ਰਾਹਮਣ ਬਰਾਦਰੀ ਦਾ ਵਰਣ ਵੰਡ ਤੇ ਜ਼ੋਰ । ਭੋਲੇ ਭਾਲੇ ਲੋਕ ਭਰਮਾਂ, ਵੈਹਮਾਂ, ਟੂਣਿਆਂ, ਤਵੀਤਾ ਦੇ ਚਕ੍ਰ ਵਿਚ ਗ੍ਰਸੇ ਹੋਏ ਠਗੇ ਜਾ ਰਹੇ ਸਨ। ਦੈਵੀ ਪੁਰਸ਼ਾਂ ਦਾ ਕੰਮ ਹੁੰਦਾ ਹੈ ਕਿ ਲੋਕਾਈ ਨੂੰ ਗਿਆਨਵਾਨ ਕਰਨਾ, ਇਜਾਈਂ ਜਾਂਦੀ ਤਾਕਤ ਨੂੰ ਸੇਧ ਦੇ ਕੇ ਉਸਾਰੂ ਕੰਮਾ ਵਲ ਲਾਉਣਾ। ਇਸੇ ਕੰਮ ਲਈ ਬਾਬੇ ਨਾਨਕ ਜੀ ਨੇ ਹਰਿਦਵਾਰ ਦੀ ਵੈਸਾਖੀ ਤੇ ਜੁੜੇ ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ ਨੂੰ ਪਾਣੀ ਦੇ ਕੇ ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵੈਸਾਖੀ ਤੇ ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ਸਚੁ ਸੰਜਮੁ ਕਰਣੀ ਕਾਰਾਂ, ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ । ਜੀਵਨ ਤਤ ਦੱਸਦਟ ਕਿਹਾ’

ਗੁਰੂ ਘਰਾਂ ਵਿਚ ਵੈਸਾਖੀ

ਇਸ ਤੋਂ ਅਗੇ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਜੀ ਦੇ ਸੇਵਕ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਸਾਰੇ ਤੀਰਥ ਦੇਵ ਲੋਕ ਵਿਚ ਹਨ (ਕੁਰੂ ਕੁਸ਼ੇਤਰ ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ ਲੋਕ ਕਹਿੰਦੇ ਸਨ) ਮਦ੍ ਲੋਕ ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ ਤਾਂ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ ਰਹੀ ਬੌਲੀ ਦਾ ਉਦਘਾਟਨ ਵੈਸਾਖੀ ਵਾਲੇ ਦਿਨ ਕੀਤਾ ਗਿਆ। ਭਾਈ ਪਾਰੋ ਦੀ ਬੇਨਤੀ ਨੂੰ ਪਰਵਾਨ ਕਰਦਿਆਂ ਗੁਰੂ ਜੀ ਨੇ ਵੈਸਾਖੀ ਦਾ ਪੁਰਬ ਬਾਉਲੀ ਤੇ ਸਫੇਦ ਝੰਡਾ ਲਾ ਕੇ ਮਨਾਇਆ। ਨਾਨਕ ਨਾਮ ਲੇਵਾ ਦੀ ਇਕ ਵੱਖਰੀ ਪਛਾਣ ਬਣਨੀ ਸ਼ੁਰੂ ਹੋ ਗਈ, ਗੁਰੂ ਜੀ ਦੀ ਸਿਖੀ ਸੇਵਕੀ ਲਈ ਵੈਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਿਆ।

1634 ਈਸਵੀ ਦੀ ਵੈਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਬੜੀ ਧੂਮਧਾਮ ਨਾਲ ਮਨਾਈ ਦੂਰ ਦੁਰਾਡੇ ਤੋਂ ਗੂਰੂ ਦੀ ਸਿਖੀ ਸੇਵਕੀ ਪ੍ਰਵਾਰਾਂ ਸਮੇਤ ਇਕਤ੍ਰ ਹੋਈ । ਸੇਵਾ ਅਤੇ ਸਿਮਰਨ ਦਾ ਪ੍ਰਵਾਹ ਚਲਦਾ ਰਿਹਾ। ਇਸੇ ਤਰਾਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵੈਸਾਖੀ ਬੜੀ ਧੂਮ ਧਾਮ ਨਾਲ ਮਨਾਈ ਗਈ। ਵਡੇ ਵਡੇ ਇਕੱਠ ਜੁੜੇ ਦੂਰ ਦੂਰ ਤਕ ਸਿਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ ਤੇ ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ।

ਖਾਲਸੇ ਦੀ ਸਿਰਜਨਾ

30 ਮਾਰਚ 1699 ਵਾਲੀ ਵੈਸਾਖੀ ਨੇ ਤਾਂ ਦੁਨੀਆਂ ਦੇ ਇਤਹਾਸ ਵਿਚ ਇਕ ਨਵੇਕਲੀ ਅਸਥਾਨ ਬਣਾ ਲਈ, ਸਾਰੇ ਸੰਸਾਰ ਵਿਚ ਕੋਈ ਐਸਾ ਦਿਨ ਨਹੀਂ ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ। ਕੋਹ ਸ਼ਿਵਾਲਕ ਦੇ ਰਮਣੀਕ ਵਾਤਾ ਵਰਨ ਵਿਚ ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ। ਸਾਂਝੇ ਲੰਗਰ ਵੀ ਉਸੇ ਤਰਾਂ ਚਲ ਰਹੇ ਸਨ। ਸੰਗਤਾਂ ਸੇਵਾ ਅਤੇ ਸਿਮਰਨ ਵਿਚ ਜੁੜੀਆਂ ਹੋਈਆਂ ਸਨ। ਫੇਰ 30 ਮਾਰਚ ਦੀ ਸਵੇਰ ਕੀਰਤਨ ਉਪਰੰਤ ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ ਗਰਜ਼ਵੀ ਆਵਾਜ਼ ਵਿਚ ਅਨੋਖੀ ਮੰਗ ਕਰ ਦਿਤੀ। “ਮੈਨੂ ਇਕ ਸਿਰ ਦੀ ਲੋੜ ਹੈ।“ ਪੰਡਾਲ ਵਿਚ ਜੁੜੇ ਇਕੱਠ ਵਿਚ ਸੁਨਾਟਾ ਛਾ ਗਿਆ। ਇਕ, ਦੋ ਤੀਸਰੀ ਆਵਾਜ਼ ਤੇ ਲਾਹੋਰ ਵਾਸੀ ਦਇਆ ਰਾਮ ਖਤਰੀ ਹਾਜ਼ਰ ਹੁੰਦਾ ਹੈ । ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿਚ ਲੈ ਜਾਂਦੇ ਹਨ। ਕੁਝ ਦੇਰ ਬਾਅਦ ਤੰਬੂ ਤੋਂ ਬਾਹਰ ਗੁਰੂ ਗੋਬਿੰਦ ਰਾਏ ਇਕ ਸਿਰ ਦੀ ਹੋਰ ਮੰਗ ਕਰ ਦੇ ਹਨ। ਤਲਵਾਰ ਦੀ ਧਾਰ ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿਚ ਬੈਠੇ ਸੇਵਕ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ ਲਾਉਂਦੇ ਹਨ। ਇਕ ਸੋਚ ਜਨਮ ਲੈਂਦੀ ਹੈ। ਹੈਂ ! ਇਹ ਕੀ? ਗੁਰੂ ਨੂੰ ਕੀ ਹੋ ਗਿਆ, ਆਪਣੇ ਹੀ ਸਿਖਾਂ ਦਾ ਕਤਲ ਕਰਨ ਲਗ ਪਿਆ।ਦੂਜੀ ਆਵਾਜ਼ ਤੇ ਹਸਤਨਾਪੁਰ ਦਾ ਧਰਮਦਾਸ ਜਟ ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿਚ ਜਾਂਦਾ ਹੈ। ਫੇਰ ਉਸੇ ਤਰਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ ਇਕ ਸਿਰ ਦੀ ਹੋਰ ਮੰਗ। ਪੰਡਾਲ ਵਿਚ ਵਿਰਲ ਪੈਣ ਲਗੀ । ਤੀਸਰੀ ਵੇਰ ਜਗਨ ਨਾਥ (ਗੁਜਰਾਤ)ਦੇ ਰਹਿਣ ਵਾਲਾ ਹਿੰਮਤ ਰਾਏ (ਝੀਵਰ ਜ਼ਾਤੀ ਨਾਲ ਸਬੰਧ ਰਖਣ ਵਾਲਾ) ਹਾਜ਼ਰ ਹੁੰਦਾ ਹੈ। ਚੌਥੀ ਵਾਰੀ ਮੋਹਕਮ ਚੰਦ ਛੀਂਬਾ, ਦਵਾਰਕਾ ਨਿਵਾਸੀ ਅਤੇ ਪਜਵੀਂ ਵਾਰੀ ਸਾਹਿਬ ਚੰਦ, ਬਿਦਰ (ਆਂਧਰਾ ) ਨਿਵਾਸੀ ਨੂੰ ਤੰਬੂ ਵਿਚ ਲੇਜਾਣ ਉਪਰੰਤ ਕੁਝ ਦੇਰ ਲਈ ਖਾਮੌਸ਼ੀ ਫੇਰ ਪੰਜੇ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ ਗੁਰੂ ਮਹਾਰਾਜ ਦੇ ਪਿਛੇ ਪਿਛੇ ਤੰਬੂ ਤੋਂ ਬਾਹਰ ਆਊਂਦੇ ਤਕ ਕੇ ਮਨਾਂ ਤੇ ਹੈਰਾਨੀ ਹਾਵੀ ਹੋ ਜਾਂਦੀ ਹੈ। ਅਮ੍ਰਿਤ ਸੰਚਾਰ ਹੁੰਦਾ ਹੈ ਪੰਜਾਂ ਦੇ ਨਾਮ ਨਾਲ ਸਿੰਘ ਸ਼ਬਦ ਜੁੜਦਾ ਹੈ ਅਤੇ ਅੰਤ ਵਿਚ ਗੁਰੂ ਮਹਾਰਾਜ ਖੁਦ ਪੰਜਾਂ ਤੋਂ ਅਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦੇ ਹਨ। ਰਾਗੀ ,ਢਾਡੀ ,ਕੀਰਤਨ ਕਰਨ ਵਾਲੇ,ਕਥਾਕਾਰ ਲੇਖਕ ਅਤੇ ਧਾਰਮਕ ਪਰਚਾਰਕ ਹਰ ਸਾਲ ਬੜੇ ਹੀ ਢੁਕਵੇਂ ਸ਼ਬਦਾਂ ਨਾਲ 1699 ਦੀ ਵੈਸਾਖੀ ਦਾ ਵਰਨਣ ਕਰਦੇ ਹਨ, ਅਖੰਡ ਪਾਠਾਂ ਦੀਆਂ ਲੜੀਆਂ ਚਲਦੀਆਂ ਹਨ, ਨਗਰ ਕੀਰਤਨ ਹੁੰਦੇ ਹਨ ਅਤੇ ਇਸ ਸਾਰੇ ਜਾਹੋ ਜਲਾਲ ਦੇ ਬਾਵਜੂਦ ਅਸੀਂ ਵੈਸਾਖੀ ਦੇ ਅਸਲ ਮੰਤਵ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਸਭਿਆਚਾਰ ਨੂੰ ਸੰਭਾਲਣ ਦੀ ਗੱਲ ਚਲਦੀ ਹੈ ਤਾਂ ਗਾਉਣ ਵਜਾਉਣ ਦੀਆਂ ਮਹਿਫਲਾਂ ਦਾ ਕੀਤਾ ਪਰਬੰਧ ਸਿਰਫ ਅਸ਼ਲੀਲ ਮਨੋਰੰਜਨ ਅਤੇ ਡਾਲਰ ਬਟੋਰਨ ਤੋਂ ਪਰੇ ਕੁਝ ਨਹੀਂ ਰਹਿ ਜਾਂਦਾ।

ਸੰਸਾਰ ਵਿਚ ਚਾਹੇ ਕੋਈ ਸੰਤ ਹੈ ਸਾਧ ਹੈ ਜਾਂ ਕੋਈ ਰਾਜਸੀ ਨੇਤਾ ਹੈ ਸਭ ਤਾਕਤ ਨੂੰ ਆਪਣੇ ਕਲਾਵੇ ਵਿਚ ਰਖਣ ਦੇ ਆਹਰ ਵਿਚ ਲਗੇ ਰਹਿੰਦੇ ਹਨ। ਬੇ ਮੁਹਾਰੀ ਤਾਕਤ ਉਸ ਵਾਢੂ ਊਠ ਵਰਗੀ ਹੁੰਦੀ ਹੈ ਜੋ ਆਪਣੇ ਮਾਲਕ ਨੂੰ ਵੀ ਚੱਕ ਮਾਰ ਲੈਂਦਾ ਹੈ। ਕਿਸੇ ਇਕ ਹਥ ਤਾਕਤ ਆ ਜਾਣ ਨਾਲ ਤਾਕਤ ਦੀ ਦੁਰਵਰਤੋਂ ਹੋਣ ਲਗ ਜਾਂਦੀ ਹੈ। ਕਮਜ਼ੋਰ ਦਾ ਜੀਣਾ ਦੋਭਰ ਹੋ ਜਾਂਦਾ ਹੈ। ਬ੍ਰਾਹਮਣ ਨੇ ਤਾਕਤ ਹਥਿਆ ਕੇ ਨਫਰਤ ਦੇ ਛਟੇ ਦਿਤੇ। ਹਲਾਕੂ, ਚੰਗੇਜ਼, ਹਿਟਲਰ ਅਤੇ ਕਿੰਨੇ ਹੀ ਹੋਰ ਚਾਹੇ ਉਹ ਡਿਕਟੇਟਰ ਸਨ ਜਾਂ ਚੁਣੇ ਹੋਏ ਲੀਡਰ, ਬੇਰੋਕ ਤਾਕਤ ਮਿਲਣ ਤੇ ਉਸ ਦੀ ਅਯੋਗ ਵਰਤੋਂ ਕਰਨੋਂ ਨਾ ਟਲੇ, ਜ਼ਾਲਮ ਬਣ ਗਏ ਖੂਨ ਖਰਾਬਾ ਹੋਇਆ। ਸਿਰਫ ਸਿਖ ਗੁਰੂਆਂ ਨੇ ਹੀ ਸੰਗਤ ਨੂੰ ਮਾਣ ਦਿਤਾ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਲੋਕਾਈ ਨੂੰ ਨਿਰਭੌ ਅਤੇ ਨਿਰਵੈਰ ਕਰਨ ਦੀ ਕਿਰਿਆ ਚਲਦੀ ਰਹੀ। ਗੁਰੂ ਗੋਬਿੰਦ ਰਾਏ ਜੀ ਨੇ ਅਨੁਭਵ ਕੀਤਾ ਕਿ ਸਿਖ ਇਕ ਤਾਕਤ ਬਣਨ ਜਾ ਰਹੇ ਹਨ ਇਹਨਾਂ ਨੇ ਵੱਡੇ ਵੱਡੇ ਫੈਸਲੇ ਕਰਨੇ ਹਨ। ਇਹ ਵਧ ਰਹੀ ਤਾਕਤ ਬਗੈਰ ਕਿਸੇ ਨਿਯਮਾਂਵਲੀ ਤੋਂ ਬਾਕੀਆਂ ਵਾਂਗਰ ਜ਼ਾਲਮ ਵੀ ਬਣ ਸਕਦੀ ਹੈ। ਇਸ ਵਧ ਰਹੀ ਤਾਕਤ ਨੂੰ ਆਪਮੁਹਾਰੀ ਹੋਣ ਤੇ ਰੋਕ ਲੌਣ ਲਈ ਗੁਰੂ ਗੋਬਿੰਦ ਰਾਏ ਜੀ ਨੇ ਬਹੁਤ ਹੀ ਸੋਚ ਵਿਚਾਰ ਉਪਰੰਤ ਕੁਝ ਨਿਯਮ ਬਣਾਏ। ਸਭ ਤੋਂ ਪਹਿਲਾਂ ਤਾਕਤ ਦਾ ਵਿਕੇਂਦਰੀ ਕਰਨ ਕੀਤਾ। ਆਪਣੀ ਤਾਕਤ ਪੰਜਾਂ ਪਿਆਰਿਆਂ ਵਿਚ ਵੰਡ ਦਿਤੀ। ਖੁਦ ਸਰਵਸ਼ਕਤੀ ਮਾਨ ਹੁੰਦਿਆਂ ਹੋਇਆਂ ਆਪਣੇ ਸੇਵਕਾਂ ਅਗੇ ਹਥ ਜੋੜ ਕੇ ਅਮ੍ਰਿਤ ਦੀ ਦਾਤ ਮੰਗ ਕੇ ਇਹ ਸਾਬਤ ਕਰ ਦਿਤਾ ਕਿ ਕੀ ਵਡਾ ‘ਤੇ ਕੀ ਛੋਟਾ ‘ਨਿਯਮ’ ਸਭ ਤੇ ਲਾਗੂ ਹੁੰਦਾ ਹੈ। ਦੂਸਰਾ ਤਲਵਾਰ ਦੀ ਨੋਕ ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਉਹ ਹੀ ਅਗੇ ਆਏ ਜਿਹਨਾਂ ਨੇ ਤਨ ਵੀ ਤੇਰਾ ਅਤੇ ਮਨ ਵੀ ਤੇਰਾ ਸਮਝਦਿਆਂ ਆਪਣਾ ਆਪ ਗੁਰੂ ਮਹਾਰਾਜ ਨੂੰ ਅਰਪਨ ਕੀਤਾ ਸੀ। ਇਸ ਤਰਾਂ ਦੀ ਚੋਣ ਕਰ ਕੇ ਗੁਰੂ ਮਹਾਰਾਜ ਨੇ ਆਪਣੇ ਖਾਲਸੇ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਆਗੂਆਂ ਦੀ ਚੋਣ ਸਮੇਂ ਨਾ ਜ਼ਾਤ ਪਾਤ ਦੀ ਬੰਦਸ਼ ਅਤੇ ਨਾ ਧੜੇ ਬਾਜ਼ੀ ਦੇ ਪਰਭਾਵ ਥਲੇ ਕੋਈ ਫੈਸਲਾ ਲੈਣਾ ਚਾਹੀਦਾ ਹੈ 1699 ਦੀ ਵੈਸਾਖੀ ਤੋਂ ਕੋਈ ਸਦੀ ਤੋਂ ਵੀ ਉਪਰ ਬੀਤ ਜਾਣ ਬਾਅਦ ਅਮਰੀਕਾ ਦਾ ਵਿਧਾਨ ਲਿਖਿਆ ਗਿਆ ਉਸ ਦੀ ਬੁਨਿਆਦ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮ ਤੇ ਤਾਕਤ ਦਾ ਵਿਕੇਂਦਰੀ ਕਰਨ ਹੀ ਹੈ ।

1699 ਦੀ ਵੈਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਇਕ ਅਜੂਬਾ ਸੀ । ਸੰਤ ਸਿਪਾਹੀਆਂ ਦੀ ਜਮਾਤ ਜਿਸ ਦਾ ਧੁਰਾ ਸੀ ਆਪਸੀ ਸ਼ਾਂਝ, ਪਿਆਰ, ਬਰਾਬਰਤਾ, ਸਤਕਾਰ ਅਤੇ ਫੈਸਲੇ ਕਰਨ ਸਮੇਂ ਡਰਨ ਡਰਾਉਣ ਤੋਂ ਰਹਿਤ ਹੋਣਾ। ਵੈਸਾਖੀ ਜੋ ਕਦੇ ਮੇਲਾ ਸੀ ਫੇਰ ਉਹ ਪੁਰਬ ਬਣਿਆਂ ਅਤੇ 1699 ਦੀ ਵੈਸਾਖੀ ਤੋਂ ਬਾਅਦ ਵੈਸਾਖੀ ਰਾਜਸੀ ਫੈਸਲੇ ਕਰਨ ਯੋਗ ਹੋ ਗਈ। ਵੈਸਾਖੀ ਤੇ ਖਾਲਸਾ ਆਪਣੇ ਤੀਰਥ ਅਸਥਾਨ ਅਮ੍ਰਿਤਸਰ ਜੁੜ ਬੈਠਦਾ। ਗੁਰਬਾਣੀ ਕੀਰਤਨ ਦਵਾਰਾ ਆਪਣੇ ਧੁਰੇ ਨਾਲ ਜੁੜਿਆ ਹੋਇਆ ਪੰਥ ਲਈ ਦਰਪੇਸ਼ ਮਸਲਿਆਂ ਤੇ ਵਿਚਾਰਾਂ ਕਰਦਾ। ਜੋ ਵੀ ਗੁਰਮਤਾ ਪਾਸ ਹੁੰਦਾ ਉਹ ਸਭ ਤੇ ਇਕੋ ਜਿਹਾ ਲਾਗੂ ਹੁੰਦਾ।

ਕੋਮੀ ਜਥੇਬੰਦੀ ਨੂੰ ਨਰੋਆ ਨਿੱਗਰ ਕਰਨ ਲਈ ਮਾਰਚ 1747 ਦੀ ਵੈਸਾਖੀ ਨੂੰ ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਸਰਬੱਤ ਖਾਲਸਾ ਬੁਲਾ ਕੇ ਇਕੋ ਆਗੂ ਇਕੋ ਅਰਦਾਸ ਅਤੇ ਇਕ ਜਥੇਬੰਦੀ ਦੀ ਨ੍ਹੀਂ ਰਖੀ। 83 ਦਲ ਇਕ ਜਥੇਬੰਦੀ ਦਲ ਖਾਲਸਾ ਵਿਚ ਸਮੋ ਗਏ। ਖਾਲਸਾ ਇਕ ਸ਼ਕਤੀ ਬਣ ਕੇ ਉਭਰਿਆ। ਉਸੇ ਸ਼ਕਤੀ ਦਾ ਸਦਕਾ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਦੀ ਸ਼ਕਤੀ ਨੂੰ ਇਕ ਲੜੀ ਵਿਚ ਪਰੋ ਕੇ ਇਕ ਸ਼ਕਤੀ ਸ਼ਾਲੀ ਖਾਲਸਾ ਰਾਜ ਕਾਇਮ ਕੀਤਾ। ਚੰਗਾ ਵਾਰਸ ਨਾ ਹੋਣ ਕਾਰਨ ਆਪੋ ਧਾਪ ਰਾਜ ਖੁਸਣ ਦਾ ਕਾਰਨ ਬਣੀ।

ਬਰਤਾਨੀਆਂ ਸਰਕਾਰ ਨੇ ਪੰਜਾਬ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ। ਮੁਗਲਾਂ, ਅੰਗਰੇਜ਼ਾ ਅਤੇ ਵੇਦਾਂਤ ਮਤ ਵਾਲਿਆਂ ਨੇ ਸਿਖ ਇਤਹਾਸ ਨਾਲ ਛੇੜਖਾਨੀ ਕੀਤੀ। ਕੁਝ ਸਿਖ ਵਿਦਵਾਨ ਵੀ ਇਸ ਕਾਰਜ ਵਿਚ ਸ਼ਰੀਕ ਹੋਏ ਬਾਅਦ ਵਿਚ ਆਉਣ ਵਾਲੇ ਵਿਦਵਾਨਾਂ ਨੇ ਕੋਈ ਕਿੰਤੂ ਪਰਤੂੰ ਕਰਨ ਦੀ ਬਜਾਏ ਸਿਰਫ ਹਾਂ ਵਿਚ ਹਾਂ ਰਲਾਈ ਜਿਸ ਕਾਰਨ ਸਿਖ ਕੌਮ ਮੁੜ ਬ੍ਰਾਹਮਣ ਦੇ ਚੁੰਗਲ ਵਿਚ ਫਸ ਗਈ । ਜ਼ਾਤ ਪਾਤ ਦਾ ਫੇਰ ਬੋਲ ਬਾਲਾ ਹੋ ਗਿਆ ਅਤੇ ਸਿਖ ਕੌਮ ਜਗੀਰਦਾਰਾ ਦੀ ਕੌਮ ਬਣ ਗਈ । ਸ਼ਰਾਬ ਪਰਧਾਨ ਹੋ ਗਈ, ਬਰਾਬਰਤਾ ਦਾ ਵਿਧਾਨ ਸਿਰਫ ਕਹਿਣ ਸੁਨਣ ਦੀ ਗੱਲ ਬਣ ਕੇ ਰਹਿ ਗਿਆ।

ਸਿਖ ਧਰਮ ਅੰਦਰ ਆ ਗਈਆਂ ਕਮਜ਼ੋਰੀਆਂ ਨੂੰ ਦੇਖਦੇ ਹੋਏ 1857 ਦੀ ਵੈਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨਾਮਧਾਰੀ ਨੇ ਸੁਧਾਰ ਲਹਿਰ ਚਲਾਈ । ਬਰਤਾਨੀਆਂ ਸਰਕਾਰ ਨੇ ਉਸ ਦਾ ਨੋਟਸ ਲਿਆ ਬਾਬਾ ਰਾਮ ਸਿੰਘ ਤੇ ਨਜ਼ਰ ਰਖਣੀ ਸ਼ੁਰੂ ਹੋ ਗਈ। ਬਾਬਾ ਰਾਮ ਸਿੰਘ ਜਦ 1860 ਦੀ ਵੈਸਾਖੀ ਅੰਮ੍ਰਿਤਸਰ ਮਨਾਉਂਣ ਲਈ ਆਏ ਤਾਂ ਅੰਗਰੇਜ਼ ਸਰਕਾਰ ਦੀਆਂ ਪਾਬੰਦੀਆਂ ਨੂੰ ਨਾ ਸਹਾਰਦੇ ਹੋਏ ਵਿਦਰੋਹ ਕਰ ਦਿਤਾ ਜਿਸ ਕਾਰਨ ਕੂਕਾ ਲਹਿਰ ਨੇ ਜਨਮ ਲਿਆ। ਅੱਸ਼ਕੇ ਜਾਈਏ ਉਹਨਾ ਜਾਨਬਾਜ਼ ਸੂਰਮਿਆਂ ਦੇ ਜਿਹਨਾਂ ਨੇ ਅੰਗਰੇਜ਼ ਸਰਕਾਰ ਅਗੇ ਸਿਰ ਨੀਵਾਂ ਕਰਨ ਦੀ ਬਜਾਏ ਸ਼ਹੀਦੀਆਂ ਪਾਉਂਣ ਨੁੰ ਤਰਜੀਹ ਦਿਤੀ।

1919 ਸ਼ਹਿਰ ਅਮ੍ਰਿਤਸਰ ਸਥਾਨ ਜਲਿਆਂਵਾਲਾ ਬਾਗ ਇਕ ਪਾਸੇ ਅੰਗਰੇਜ਼ ਸਰਕਾਰ ਦੂਜੇ ਪਾਸੇ ਵੈਸਾਖੀ ਤੇ ਜੁੜਿਆ ਹੋਇਆ ਇਕੱਠ ਜੋ ਗੁਲਾਮੀ ਦਾ ਜੂਲਾ ਸਹਾਰਨ ਤੋਂ ਇਨਕਾਰੀ ਹੋਣ ਦੇ ਯਤਨ ਕਰ ਰਿਹਾ ਸੀ, ਪੁਰ ਅਮਨ ਜਲਸੇ ਤੇ ਹਕੂਮਤ ਬਰਤਾਨੀਆਂ ਨੇ ਗੋਲੀਆਂ ਦੀ ਵਰਖਾ ਕੀਤੀ ਲਹੂ ਨਾਲ ਧਰਤੀ ਲਾਲ ਹੋ ਗਈ । ਭਾਰਤ ਵਾਸੀਆਂ ਦਾ ਸ਼ਾਂਝਾ ਖੂਨ ਡੁਲਿਆ ਜਿਸ ਨੇ ਜੰਗੇ ਆਜ਼ਾਦੀ ਲਈ ਇਰਾਦੇ ਹੋਰ ਮਜ਼ਬੂਤ ਕਰ ਦਿਤੇ। ਮੁਗਲ ਜ਼ੁਲਮ ਕਰਦੇ ਸਨ ਤਾਂ ਖਾਲਸਾ ਨਾਹਰਾ ਦਿੰਦਾ ਸੀ ਮੰਨੂ ਸਾਡੀ ਦਾਤਰੀ ਅਸ਼ੀਂ ਮੰਨੂ ਦੇ ਸੋਏ, ਜਿਊਂ ਜਿਊਂ ਸਾਨੂੰ ਵਢਦਾ ਅਸੀਂ ਦੂਣੇ ਤੀਣੇ ਹੋਏ। ਅੰਗਰੇਜ਼ ਦੀ ਵਾਰੀ ਆਈ ਤਾਂ ਨੀਲੀਆਂ ਕਾਲੀਆਂ ਪਗਾਂ ਦਾ ਸਮੁੰਦਰ ਠਾਠਾਂ ਮਾਰਨ ਲੱਗਾ। ਜਾਇਦਾਦਾਂ ਕੁਰਕ ਹੋਈਆਂ, ਕਾਲੇ ਪਾਣੀ ਦਾ ਨਰਕ ਭੋਗਿਆ ਅਤੇ ਫਾਸੀਆਂ ਦੇ ਰਸੇ ਚੁਮੇਂ । ਪਰ ਦਿਨੇ ਰਾਤੀਂ ਸੁਪਨਾ ਇਕੋ, ‘ਇਨਕਲਾਬ’ ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ ਭੱਜੇ ਜਾਣ ਫਰੰਗੀ ਇਨਕਲਾਬ ਆ ਗਿਆ। ਐਮਰਜੈਂਸੀ ਦੌਰਾਨ ਸਾਰਾ ਭਾਰਤ ਇੰਦਰਾ ਅਗੇ ਗੋਡੇ ਟੇਕ ਗਿਆ ਪਰ ਪੰਜਾਬ ਵਿਚ ਅਕਾਲੀ ਦਲ ਨੇ ਜਿੰਨਾ ਚਿਰ ਐਮਰਜੈਂਸੀ ਦਾ ਭੋਗ ਨਹੀਂ ਪਿਆ ਦਮ ਨਹੀਂ ਛਡਿਆ।

1941 ਦੀ ਵੈਸਾਖੀ ਵਾਲੇ ਦਿਨ ਸਿਖ ਰੈਜਮੈਂਟ ਦੇ ਸਿਰਲਥ ਸੂਰਮਿਆਂ ਨੇ ਫੋਰਟ ਵਿਲੀਅਮ, ਕਲਕਤਾ ਤੋਂ ਯੂਨੀਅਨ ਜੈਕ ਉਤਾਰ ਕੇ ਕਾਂਗਰਸ ਦਾ ਤਰੰਗਾ ਲੈਹਰਾ ਦਿਤਾ ਅਤੇ ਅਮਲੀ ਤੌਰ ਤੇ ਭਾਰਤ ਦੀ ਸੁਤੰਤਰਤਾ ਦਾ ਐਲਾਨ ਕਰ ਦਿਤਾ। ਆਜ਼ਾਦੀ ਵਿਚ ਗਾਂਧੀ ਜੀ ਦੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜੇ ਆਖੋ ਸਿਰਫ ਸਤਿਆ ਗ੍ਰੈਹ ਜਾਂ ਚਰਖੇ ਦੀ ਘੂਕ ਨਾਲ ਆਜ਼ਾਦੀ ਪਰਾਪਤ ਹੋਈ ਹੈ ਤਾਂ ਇਸ ਤੋਂ ਵਡਾ ਦੁਨੀਆਂ ਤੇ ਕੋਈ ਝੂਠ ਨਹੀਂ ਹੋ ਸਕਦਾ। ਗ਼ਦਰੀ ਬਾਬਿਆਂ ਤੋਂ ਲੈ ਕੇ ਹੋਰ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਨਾਲ ਧਰੋਹ ਹੈ। ਇਤਹਾਸ ਗਵਾਹ ਹੈ , ਖੈਬਰ ਵਲੋਂ ਆਉਂਦੇ ਹਮਲਾ ਆਵਰਾਂ ਨੂੰ ਠਲ ਪਾਉਣ ਵਾਲੇ ਵੀ ਗੁਰੂ ਗੋਬਿੰਦ ਸਿੰਘ ਵਲੋਂ ਵਰਸਾਏ ਸਿਖ, ਬਰਤਾਨੀਆਂ ਸਰਕਾਰ ਖਿਲਾਫ ਜੰਗੇ ਆਜ਼ਾਦੀ ਦੋਰਾਨ ਭਾਰਤ ਦੀ ਆਜ਼ਾਦੀ ਦਾ 2% ਹਿਸਾ ਸਿਖ, ਕੁਰਬਾਨੀ 85 ਤੋਂ 90% ਜੰਗ ਚਾਹੇ ਚੀਨ ਨਾਲ ਹੈ ਜਾਂ ਪਾਕਸਤਾਨ ਨਾਲ 2% ਸਿਖਾਂ ਦੀ ਗਿਣਤੀ ਮੋਹਰਲੀ ਕਤਾਰ ਵਿਚ ਖੜੀ ਨਜ਼ਰ ਆਂਉਂਦੀ ਹੈ। ਇਹ ਸਭ ਕੁਝ ਕਿਊਂ? ਇਸ ਸਭ ਕੁਝ ਦਾ ‘ਸਿਹਰਾ’ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਨਾਈ 1699 ਦੀ ਵੈਸਾਖੀ ਨੂੰ ਜਾਂਦਾ ਹੈ।

1978 ਦੀ ਵੈਸਾਖੀ ਦਾ ਨਿਰੰਕਾਰੀ ਕਾਂਡ ਤੋਂ ਸ਼ੁਰੂ ਹੋਇਆ ਖੂਨੀ ਕਾਂਡ ਪੂਰਾ ‘ਸ਼ੀਆਂ’ ਦਾ ਦਹਾਕਾ ਚਲਦਾ ਰਿਹਾ, ਜਿਸ ਨੇ ਪੰਜਾਬ ਦੀ ਜਵਾਨੀ ਨਿਗਲ ਲਈ, ਪੰਜਾਬ ਨੁੰ ਕੰਗਾਲ ਕਰ ਦਿਤਾ। 84 ਦੌਰਾਨ ਦਿਲੀ ਸਰਕਾਰ ਨੇ ਇਕ ਵੇਰ ਫੇਰ ਦਸ ਦਿਤਾ ਕਿ ਮੁਗਲ ਅਤੇ ਅੰਗਰੇਜ਼ ਵਾਂਗ ਆਜ਼ਾਦ ਭਾਰਤ ਦੀ ਹਕੂਮਤ ਨੇ ਵੀ ਖਾਸ ਕਰਕੇ ਸਿਖਾਂ ਨੂੰ ਇਹ ਦਸ ਦਿਤਾ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ। 84 ਦਾ ਲਗਾ ਜ਼ਖਮ ਭਰਨ ਦਾ ਨਾਂ ਹੀ ਨਹੀਂ ਲੈਂਦਾ, ਜਦ ਕਦੇ ਥੋਹੜਾ ਘਨਾਂ ਭਰਨ ਲਗਦਾ ਹੈ ਤਾਂ ਕਿਤੋਂ ਨਾ ਕਿਤੋਂ ਫੇਰ ਨਸ਼ਤਰ ਲਗ ਜਾਂਦੀ ਹੈ। ਆਸ ਹੈ ਕਿ ਭਾਰਤ ਵਾਸੀ ਹਰ ਵੈਸਾਖੀ ਤੇ ਪਰਨ ਕਰਨਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ ਤੇ ਚਲ ਕੇ ਕੌਮ ਤੇ ਆਪਾ ਨਿਸ਼ਾਵਰ ਕਰਨ ਵਾਲੇ ਸੁਲਝੇ ਹੋਏ ਆਗੂ ਹੀ ਅਗੇ ਲਿਆਦੇ ਜਾਣ ਗੇ ਤਾਂ ਹੀ ਭਾਰਤ ਦਾ ਭਵਿਖ ਉਜਲਾ ਹੋ ਸਕਦਾ ਹੈ।

ਇਤਹਾਸ ਦੀ ਜਾਂਚ ਕੀਤਿਆਂ ਵੈਸਾਖੀ ਨੂੰ ਸਿਖ ਇਤਹਾਸ ਅਤੇ ਭਾਰਤ ਦੀ ਜੰਗੇ ਆਜ਼ਾਦੀ ਤੋਂ ਵਖਰਿਆਂ ਨਹੀਂ ਕੀਤਾ ਜਾ ਸਕਦਾ ਅਤੇ ਵੈਸਾਖੀ ਨੂੰ ਮਨੁਖਤਾ ਦਾ ਦਿਵਸ ਆਖਣਾ ਅਤਕਥਨੀ ਨਹੀਂ ਹੋਵੇਗੀ।
**
ਮੁਹਿੰਦਰ ਸਿੰਘ ਘੱਗ
Tel: 530 695 1318
***


ਟਿੱਪਣੀ: 
* ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 12 ਅਪਰੈਲ 2009)
(ਦੂਜੀ ਵਾਰ 10 ਅਪਰੈਲ 2022)
***
727

ਮੁਹਿੰਦਰ ਸਿੰਘ ਘੱਗ
Tel: 530 695 1318

ਮੁਹਿੰਦਰ ਸਿੰਘ ਘੱਗ

ਮੁਹਿੰਦਰ ਸਿੰਘ ਘੱਗ Tel: 530 695 1318

View all posts by ਮੁਹਿੰਦਰ ਸਿੰਘ ਘੱਗ →