17 September 2024

ਪੌਸ਼ ਕਲੋਨੀ..! —ਗੁਰਦੀਸ਼ ਕੌਰ ਗਰੇਵਾਲ

ਕਲਮਾਂ ਦੇ ਵਾਰਿਸ (ਭਾਗ – ਪੰਜਵਾਂ ) ਤਹਿਤ ਆਓ ਜਾਣੀਏ ਸਾਹਿਤਕਾਰਾ *ਗੁਰਦੀਸ਼ ਕੌਰ ਗਰੇਵਾਲ ਜੀ ਬਾਰੇ ,,,,,,,

ਗੁਰਦੀਸ਼ ਕੌਰ ਗਰੇਵਾਲ ਜੀ ਇਕ ਸੁਘੜ ਸਿਆਣੀ, ਸੁਲਝੀ ਹੋਈ ਤੇ ਧਾਰਿਮਕ ਬਿਰਤੀ, ਉਸਾਰੂ ਸੋਚ ਵਾਲੀ ਸਾਹਿਤਕਾਰਾ ਹੈ| ਦੇਸ਼ ਵਿਦੇਸ਼ ਵਿਚ ਹੋਣ ਵਾਲੇ ਬਹੁਤ ਸਾਰੇ ਸਾਹਿਤਕ ਕਵੀ ਦਰਬਾਰ ਤੇ ਮੁਸ਼ਾਹਰਿਆਂ ਵਿਚ ਭਾਗ ਲੈਣ ਤੋਂ ਇਲਾਵਾ, ਸਿਖ ਇਤਿਹਾਸ, ਗੁਰੂ ਇਤਿਹਾਸ ਅਤੇ ਭਾਵ ਪੂਰਤ ਕਵਿਤਾਵਾਂ ਲਿਖ ਕੇ, ਆਪਣੀ ਬੁਲੰਦ ਅਵਾਜ਼ ਵਿੱਚ ਧਾਰਮਿਕ ਸਟੇਜਾਂ ਤੇ ਸਰੋਤਿਆਂ ਨੂੰ ਸੁਨਾਉਣ ਕਾਰਨ ਹੀ, ਇਹਨਾਂ ਨੂੰ ਪੰਥਕ ਕਵਿਤਰੀ ਹੋਣ ਦਾ ਮਾਣ ਵੀ ਪ੍ਰਾਪਤ ਹੈ, ਇਹਨਾਂ ਨੂੰ ਦੇਸ਼ ਵਿਦੇਸ਼ ਦੇ ਰੇਡੀਓ, ਟੀ.ਵੀ. ਚੈਨਲਾਂ, ਯੂ ਟਿਊਬ ‘ਤੇ ਆਨ ਲਾਈਨ ਪ੍ਰੋਗਰਾਮਾਂ ਵਿਚ-ਧਾਰਿਮਕ, ਸਮਾਜਿਕ ਤੇ ਸਹਿਤਕ ਵਿਸ਼ਿਆਂ ਤੇ ਬੋਲਦਿਆ ਵੀ ਕਾਫ਼ੀ ਵਾਰ ਸੁਣਿਆ ਜਾਂਦਾ ਹੈ| ਇਹ ਹਰੇਕ ਸੰਸਥਾ ਦੇ ਸਮਾਗਮ  ਵਿੱਚ ਵੋਲੰਟੀਅਰ ਕਾਰਜ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ| ਇਹਨਾਂ ਦੀਆਂ ਕਵਿਤਾਵਾਂ, ਗੀਤ, ਗਜ਼ਲਾਂ, ਟੱਪੇ, ਬੋਲੀਆਂ ਤੇ ਚਲੰਤ ਮਸਲਿਆਂ ਤੇ ਲਿਖੇ ਲੇਖ, ਕਹਾਣੀਆਂ, ਮਿੰਨੀ ਕਹਾਣੀਆਂ  ਆਦਿ ਪਾਠਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ|

ਮੈਡਮ ਦਲੀਪ ਕੌਰ ਟਿਵਾਣਾ ਅਨੁਸਾਰ:  ਇਹਨਾਂ ਦੀਆਂ ਲਿਖਤਾਂ ਸੁੱਤਿਆਂ ਨੂੰ ਹਾਕ ਮਾਰਨ ਵਰਗੀਆਂ ਹਨ|

ਜਨਮ ਤੇ ਵਿਦਿਅਕ ਸਫਰ: ਇਹਨਾਂ ਦਾ ਜਨਮ ਜੁਲਾਈ 1950 ਵਿੱਚ,  ਜਲੰਧਰ ਜਿਲ੍ਹੇ ਦੇ ਆਦਮਪੁਰ ਦੋਆਬਾ ਦੇ ਨੇੜੇ, ਪਿੰਡ ਨਾਜਕਾ ਵਿੱਚ , ਸਰਦਾਰ ਅਵਤਾਰ ਸਿੰਘ ਨੰਬਰਦਾਰ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ| ਇਹਨਾਂ ਨੇ ਅੱਠਵੀਂ ਤੋਂ ਬੀ. ਏ. ਤੱਕ ਵਜੀਫਾ ਲੈ ਕੇ, ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ| ਸਿੱਖਿਆ ਵਿਭਾਗ ਵਿਚੋ ਮੈਥ ਮਿਸਟੈਰਸ ਤੋਂ ਬਾਅਦ, ਬਤੌਰ ਲੈਕਚਰਾਰ ਰਿਟਾਇਰ ਹੋ ਕੇ ਆਪਣਾ ਜੀਵਨ ਸਾਹਿਤ ਨੂੰ ਸਮਰਪਿਤ ਕਰ ਦਿੱਤਾ| 2001 ਵਿਚ ਪਤੀ ਦੇ ਅਚਾਨਕ ਸਦੀਵੀਂ ਵਿਛੋੜੇ ਉਪਰੰਤ, ਇਹਨਾਂ ਨੇ ਗੁਰਬਾਣੀ ਤੇ ਕਲਮ ਨੂੰ ਸਹਾਰਾ ਬਣਾ, ਆਪਣਾ ਦੁੱਖ ਭੁੱਲ ਕੇ, ਲੋਕਾਂ ਦੇ ਦੁੱਖਾਂ ਦਰਦਾਂ ਨੂੰ ਆਪਣੀਆਂ ਲਿਖਤਾਂ ਵਿਚ ਪ੍ਰੋਣਾ ਸ਼ੁਰੂ ਕੀਤਾ| ਇਹਨਾਂ ਦੇ ਪਤੀ ਗੌਰਮਿੰਟ ਕਾਲਜ ਲੁਧਿਆਣਾ ਵਿਚ  ਪ੍ਰੋਫੈਸਰ ਸਨ| ਇਹਨਾਂ ਦੀਆਂ ਕਵਿਤਾਵਾਂ ਤੇ ਲੇਖ ਦੇਸ਼ ਵਿਦੇਸ਼ ਦੇ ਅਖਬਾਰ ਤੇ ਰਸਾਲਿਆਂ ਤੋਂ ਇਲਾਵਾ, ਪੰਜਾਬੀ ਟ੍ਰਿਬਿੂਨ ਤੇ ਅਜੀਤ ਅਖਬਾਰ ਦਾ ਸ਼ਿੰਗਾਰ ਵੀ ਬਣੇ ਹਨ| ਹੁਣ ਇਹ ਲੁਧਿਆਣਾ ਤੋਂ ਕੈਲਗਰੀ ਸ਼ਹਿਰ ਦੇ ਪੱਕੇ ਵਸਨੀਕ ਬਣ ਗਏ ਹਨ|

ਇਹ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਬਰ ਹੋਣ ਤੋਂ ਇਲਾਵਾ  ਵਿਸ਼ਵ ਪੰਜਾਬੀ ਕਵੀ ਸਭਾ ਅਤੇ ਕੈਲਗਰੀ ਵੂਮੇਨ ਕਲਚਰਲ ਅਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ!

ਸਾਹਿਤਕ ਸਫ਼ਰ: 1973 ਤੋਂ ਗੁਰਦੀਸ਼ ਕੌਰ ਜੀ ਦਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਹੋਇਆ ਅਤੇ  2011 ਤੋਂ 2017 ਤੱਕ- ਇਹ 5 ਮੌਲਿਕ ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਨੇ  ਅਤੇ 2 ਹੋਰ ਛਪਾਈ ਅਧੀਨ ਨੇ ,,,…

ਛਪੀਆਂ ਪੁਸਤਕਾਂ ਵਿੱਚ: “ਹਰਫ਼ ਯਾਦਾਂ ਦੇ” ਕਾਵਿ ਸੰਗ੍ਰਹਿ, “ਸਰਘੀ ਦਾ ਸੂਰਜ” ਕਾਵਿ ਸੰਗ੍ਰਹਿ, “ਸੋਚਾਂ ਦੇ ਸਿਰਨਾਵੇਂ” ਨਿੰਬਧ-ਸੰਗ੍ਰਹਿ, “ਜਿਨੀ ਨਾਮੁ ਧਿਆਇਆ” ਧਾਰਮਿਕ ਕਾਵਿ ਸੰਗ੍ਰਹਿ , “ਮੋਹ ਦੀਆਂ ਤੰਦਾਂ” ਨਿਬੰਧ ਸੰਗ੍ਰਹਿ ਸ਼ਾਮਲ ਹਨ| ਜਦ ਕਿ “ਸਾਹਾਂ ਦੀ ਸਰਗਮ” ਗ਼ਜ਼ਲ ਸੰਗ੍ਰਹਿ  ਅਤੇ “ਖੁਸ਼ੀਆਂ ਦੀ ਖੁਸ਼ਬੋਈ ” ਨਿਬੰਧ  ਸੰਗ੍ਰਹਿ ਬਹੁਤ ਜਲਦ ਪਾਠਕਾਂ ਦੇ ਹੱਥਾਂ ਵਿਚ ਆ ਰਹੇ ਹਨ।

ਹੁਣ ਤੱਕ ਇਹਨਾਂ ਨੂੰ ਬਹੁਤ ਸਾਰੀਆਂ ਸਾਹਿਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਕੈਨੇਡਾ ਦੇ ਮੈਬਰ ਪਾਰਲੀਮੈਂਟ ਦੁਆਰਾ, ਸਾਹਿਤਕ ਯੋਗਦਾਨ ਲਈ,  ਦੋ ਵਾਰ ਫੈਡਰਲ ਗੌਰਮਿੰਟ ਵਲੋਂ ਸਨਮਾਨ ਪੱਤਰ, ਤੇ 2019 ਵਿਚ, ਅਦਾਰਾ ਦੇਸ਼ ਪੰਜਾਬ ਵਲੋਂ ਗਦਰੀ ਬਾਬਿਆਂ ਦੇ ਮੇਲੇ ਵਿੱਚ  ‘ਭਾਈ ਵੀਰ ਸਿੰਘ ਅਵਾਰਡ’ ਦਾ ਮਿਲਣਾ ਵਿਸ਼ੇਸ਼ ਵਰਨਣਯੋਗ ਹੈ, ਪਰ ਕਦੇ ਵੀ ਇਹਨਾਂ ਨੇ ਮਾਣ ਸਨਮਾਨਾਂ ਦੀ ਲੰਬੀ ਸੂਚੀ ਦਾ ਜ਼ਿਕਰ ਨਹੀਂ ਕੀਤਾ। ਇਹਨਾ ਦਾ ਕਹਿਣਾ ਹੈ ਕਿ- “ਕੇਵਲ ਵਾਹਿਗੁਰੂ ਦੀ ਕਿਰਪਾ, ਮਾਂ ਬੋਲੀ ਨਾਲ ਪਿਆਰ, ਅਪਣੱਤ ਅਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚੱਲਦੀ ਹੈ।
ਗੁਰਜੀਤ ਅਜਨਾਲਾ
ਸੰਸਥਾਪਕ
ਇਸਤਰੀ ਲਿਖਾਰੀ ਮੰਚ
ਸੰਚਾਲਕ ਤਰਵਿੰਦਰ ਕੌਰ ਝੰਡੋਕ ( ਲੁਧਿਆਣਵੀ)
***

ਪੌਸ਼ ਕਲੋਨੀ..!
-ਗੁਰਦੀਸ਼ ਕੌਰ ਗਰੇਵਾਲ-

ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੇ ਇੱਕ ਸਾਫ ਸੁਥਰੇ ਇਲਾਕੇ ਵਿੱਚ, ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ ਮਿਲੀ। ਉਸ ਦੀਆਂ ਅੱਖਾਂ ਵਿੱਚ ਨਵੀਂ ਕੋਠੀ ਵਿੱਚ ਜਾਣ ਦੀ ਖੁਸ਼ੀ ਵੀ ਸੀ ਤੇ ਮੁਹੱਲਾ ਛੱਡਣ ਦੀ ਉਦਾਸੀ ਵੀ। ਉਸ ਦੀਆਂ ਅੱਖਾਂ ‘ਚ ਲੁਕੇ ਹੰਝੂਆਂ ਨੂੰ ਤੱਕ ਕੇ, ਉਸ ਦੀ ਕਰੀਬੀ ਸਹੇਲੀ ਸੁਰਜੀਤ ਕਹਿ ਰਹੀ ਸੀ-

“ਲੈ ਤੁਸੀਂ ਕਿਉਂ ਉਦਾਸ ਹੁੰਦੇ ਹੋ..ਤੁਹਾਡਾ ਤਾਂ ਸੁਭਾਉੇ ਹੀ ਇੰਨਾ ਮਿਲਾਪੜਾ ਹੈ.. ਤੁਹਾਡਾ ਉਥੇ ਵੀ ਸਰਕਲ ਬਥੇਰਾ ਬਣ ਜਾਣਾ..!”

ਖ਼ੈਰ! ਦੂਸਰੇ ਦਿਨ ਉਹਨਾਂ ਸ਼ਿਫਟ ਕਰਨਾ ਸੀ, ਪਰ ਉਸ ਰਾਤ ਉਹ ਸੌਂ ਨਾ ਸਕੀ। ਭਰ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ, ਉਸ ਨੇ ਇਸ 200 ਗਜ਼ ਦੇ ਘਰ ਵਿੱਚ ਪੂਰਾ ਕੀਤਾ ਸੀ। ਬੀਤਿਆ ਸਮਾਂ ਉਸ ਦੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਘੁੰਮਣ ਲੱਗਾ। ਇਹ ਘਰ ਉਹਨਾਂ ਦੋਹਾਂ ਨੇ ਕਿਵੇਂ ਤਨਖਾਹ ਵਿੱਚੋਂ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ। ਬੱਚਿਆਂ ਦੀ ਪੜ੍ਹਾਈ ਖਾਤਿਰ ਉਹ ਪਿੰਡ ਤੋਂ ਸ਼ਹਿਰ ਆ ਵਸੇ ਸਨ। ਕੁੱਝ ਦੇਰ ਕਿਰਾਏ ਤੇ ਰਹਿਣ ਮਗਰੋਂ ਉਹਨਾਂ ਇਸ ਮੁਹੱਲੇ, ਪਲਾਟ ਖਰੀਦਿਆ ਤੇ ਲੋਨ ਲੈ ਕੇ ਘਰ ਬਣਾਇਆ। ਹੁਣ ਉਸ ਨੂੰ ਪੂਰੇ ਮੁਹੱਲੇ ਬਾਬਤ ਪਤਾ ਸੀ ਕਿ ਕਿਹੜਾ ਪਲਾਟ ਕਦੋਂ ਵਿਿਕਆ ਤੇ ਕਦ ਕਿਹੜਾ ਘਰ ਬਣਿਆਂ? ਆਪਣੇ ਸੁਭਾਉੇ ਕਾਰਨ ਉਹ ਆਪਣੀ ਗਲੀ ਹੀ ਨਹੀਂ ਸਗੋਂ ਪੂਰੇ ਮੁਹੱਲੇ ਵਿੱਚ ਰਚ ਮਿਚ ਗਈ ਸੀ। ਕਿਸੇ ਦੇ ਕੀਰਤਨ ਹੋਵੇ ਜਾਂ ਪਾਠ ਹੋਵੇ ਉਹ ਪਹਿਲਾਂ ਪਹੁੰਚ ਕੇ ਕੰਮ ਵਿੱਚ ਹੱਥ ਵਟਾਉਂਦੀ। ਗਲੀ ਵਿੱਚ ਵੱਸਦੇ ਹਰ ਪਰਿਵਾਰ ਬਾਰੇ ਉਸ ਨੂੰ ਜਾਣਕਾਰੀ ਸੀ। ਦੁੱਖ ਸੁੱਖ ਵਿੱਚ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ। ਸੋ ਅੰਤਾਂ ਦਾ ਮੋਹ ਸੀ ਉਸ ਨੂੰ ਆਪਣੇ ਹੱਥੀਂ ਬਣਾਏ ਇਸ ਘਰ ਨਾਲ ਤੇ ਗਲੀ ਮੁਹੱਲੇ ਨਾਲ!

“ਤੇਰਾ ਨੂੰਹ-ਪੁੱਤਰ ਕਲਾਸ ਵੰਨ ਅਫਸਰ ਨੇ, ਉਹਨਾਂ ਕੋਲ ਵੱਡੀਆਂ ਗੱਡੀਆਂ ਹਨ, ਇੱਕ ਸਰਕਾਰੀ ਵੀ ਹੈ। ਉਹਨਾਂ ਦਾ ਸਰਕਲ ਵੱਡੇ ਲੋਕਾਂ ਨਾਲ ਹੈ, ਤੈਂਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਸ਼ਹਿਰ ਦੀ ਇੱਕ ਸਾਫ ਸੁਥਰੀ ਤੇ ਵਧੀਆ ਕਲੋਨੀ ‘ਚ ਵੱਡੀ ਕੋਠੀ ਬਣਾਈ ਹੈ। ਉਥੇ ਤਾਂ ਬਹੁਤ ਸੁਲਝੇ ਹੋਏ ਲੋਕ ਰਹਿੰਦੇ ਹੋਣਗੇ।” ਉਸ ਆਪਣੇ ਮਨ ਨੂੰ ਸਮਝਾਇਆ।

ਪਰ ਅੱਜ ਉਸ ਨੂੰ ਛੇ ਮਹੀਨੇ ਤੋਂ ਉਪਰ ਹੋ ਗਿਆ, ਇਸ ਪੱਥਰ-ਸ਼ੀਸ਼ੇ ਦੇ ਮਹੱਲ ਵਿੱਚ ਆਇਆਂ। ਉਹ ਬੰਦੇ ਦੀ ਸ਼ਕਲ ਦੇਖਣ ਨੂੰ ਤਰਸ ਗਈ, ਕੋਈ ਗਲੀ ‘ਚ ਦਿਖਾਈ ਨਹੀਂ ਦਿੰਦਾ। ਸਾਰੇ ਲੋਕ ਵੱਡੀਆਂ ਕੋਠੀਆਂ ਦੇ ਮਾਲਕ ਹਨ। ਜੇਲ੍ਹਾਂ ਵਾਂਗ ਉਚੀਆਂ ਉਚੀਆਂ ਕੰਧਾਂ, ਵੱਡੇ ਵੱਡੇ ਗੇਟ, ਵੱਡੇ ਵੱਡੇ ਗੈਰਜ..। ਅੰਦਰੋਂ ਹੀ ਗੱਡੀ ‘ਚ ਚੜ੍ਹਦੇ ਤੇ ਅੰਦਰੀਂ ਜਾ ਉਤਰਦੇ। ਬੰਦ ਘਰਾਂ ਦੇ ਵਾਸੀ, ਕਿਸੇ ਨੂੰ ਕੋਈ ਪਤਾ ਨਹੀਂ ਕਿ ਉਸ ਦੇ ਗੁਆਂਢ ਵਿੱਚ ਕੌਣ ਵੱਸਦਾ ਹੈ। ਬਿਨਾਂ ਮਤਲਬ ਕੋਈ ਕਿਸੇ ਨਾਲ ਬੋਲਦਾ ਨਹੀਂ। ਸਭ ਦੀਆਂ ਕੋਠੀਆਂ ਵਿੱਚ ਤੀਸਰੀ ਮੰਜਿਲ ਤੇ ਸਰਵੈਂਟ ਕੁਆਟਰ ਹਨ ਜੋ ਘਰ ਦੀ ਸਾਂਭ ਸਫਾਈ ਤੋਂ ਲੈ ਕੇ ਖਾਣਾ ਬਨਾਉਣ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ। ਕੋਈ ਗੇਟ ਖੋਹਲ ਕੇ ਧੁੱਪ ਸੇਕਣ ਲਈ ਨਹੀਂ ਬੈਠਦਾ। ਕਿਸੇ ਦੇ ਘਰ ‘ਚੋਂ ਬੱਚਿਆਂ ਦੇ ਰੋਣ ਜਾਂ ਹੱਸਣ ਦੀ ਆਵਾਜ਼ ਬਾਹਰ ਨਹੀਂ ਆਉਂਦੀ। ਕੋਈ ਗੁਆਂਢਣ ਛੱਤ ਤੇ ਕੱਪੜੇ ਸੁੱਕਣੇ ਪਾਉਣ ਨਹੀਂ ਆਉਂਦੀ। ਹਾਂ, ਸ਼ਾਮ ਨੂੰ ਕਿਸੇ ਕਿਸੇ ਦਾ ਨੌਕਰ, ਮਾਲਕ ਦੇ ਕੁੱਤੇ ਨੂੰ ਸੈਰ ਕਰਾਉਣ ਜ਼ਰੂਰ ਲਿਜਾਂਦਾ ਹੋਇਆ ਦਿਸਦਾ।

ਉਸ ਨੂੰ ਆਪਣੇ ਮੁਹੱਲੇ ਦੀ ਰਹਿ ਰਹਿ ਕੇ ਯਾਦ ਸਤਾਉਂਦੀ ਜਿਥੇ ਸਾਰਾ ਦਿਨ ਰੌਣਕ ਰਹਿੰਦੀ ਸੀ। ਰਲ਼ ਕੇ ਗੁਰਦੁਆਰੇ ਜਾਣਾ। ਸ਼ਾਮ ਨੂੰ ਪਾਰਕ ‘ਚ ਸੈਰ ਕਰਨਾ। ਜੇ ਕਿਸੇ ਦੇ ਘਰ ਦੁੱਖ ਸੁੱਖ ਤੇ ਜਾਣਾ ਤਾਂ ਇੱਕ ਦੂਜੇ ਨੂੰ ਵਾਜਾਂ ਮਾਰ ਲੈਣੀਆਂ। ਸਬਜ਼ੀ ਵਾਲੇ ਜਾਂ ਫਰੂਟ ਵਾਲੇ ਦੀ ਰੇਹੜੀ ਆਉਂਦੀ ਤਾਂ ਇੱਕ ਜਣੀ ਖੜਾ ਲੈਂਦੀ ਤੇ ਆਸ ਪੜੋਸ ਦੀਆਂ ਸਭ ਸੁਆਣੀਆਂ ਸਬਜ਼ੀ ਫਰੂਟ ਲੈਣ ਦੇ ਬਹਾਨੇ, ਸਭ ਦਾ ਹਾਲ ਚਾਲ ਵੀ ਪੁੱਛ ਲੈਂਦੀਆਂ। ਉਥੇ ਤਾਂ ਇਹ ਵੀ ਪਤਾ ਹੁੰਦਾ ਕਿ ਅੱਜ ਕਿਸ ਘਰ ਸਾਗ ਬਣਿਆਂ ਹੈ ਤੇ ਕਿਸ ਦੇ ਕੜ੍ਹੀ। ਕਦੇ ਰੱਦੀ ਵਾਲਾ, ਕਦੇ ਕੁੱਕਰ ਗੈਸ ਠੀਕ ਕਰਨ ਵਾਲਾ, ਗੱਲ ਕੀ ਕੋਈ ਨਾ ਕੋਈ ਹੋਕਾ ਸੁਣਦਾ ਹੀ ਰਹਿੰਦਾ। ਨੂੰਹ ਪੁੱਤਰ ਦੇ ਆਉਣ ਤੱਕ ਉਹ ਸਬਜ਼ੀ ਲੈ ਕੇ ਬਣਾ ਵੀ ਛੱਡਦੀ। ਆਂਢ ਗੁਆਂਢ ਲੋੜ ਵੇਲੇ ਗੈਸ ਸਲੰਡਰ ਦੇ ਵੀ ਦਿੰਦੀ ਤੇ ਲੈ ਵੀ ਲੈਂਦੀ। ਮਿਸਜ਼ ਗੁਪਤਾ, ਮਿਸਜ਼ ਚਾਵਲਾ, ਮਿਸਜ਼ ਸ਼ਰਮਾ, ਮਿਸਜ਼ ਬੈਂਸ ਨਾਲ ਤਾਂ ਉਹ ਬਨੇਰੇ ਤੋਂ ਹੀ ਗੱਲਬਾਤ ਕਰ ਲੈਂਦੀ। ਦੁਪਹਿਰੇ ਕੰਮ ਵਾਲੀ ਕੰਮ ਕਰਨ ਆਉਂਦੀ ਤਾਂ ਕਈ ਘਰਾਂ ਦਾ ਹਾਲ ਸੁਣਾ ਜਾਂਦੀ। ਨਾਲ ਹੀ ਪੁਰਾਣੀ ਹੋਣ ਕਾਰਨ, ਸਾਰਾ ਦੁੱਖ ਸੁੱਖ ਸੁਣ ਲੈਂਦੀ। ਕਦੇ ਪਿੱਠ ਤੇ ਦੁਆਈ ਮਲ ਦਿੰਦੀ ਕਦੇ ਲੱਤਾਂ ਨੂੰ ਮਾਲਿਸ਼ ਵੀ ਕਰ ਦਿੰਦੀ।

ਪਰ ਇੱਧਰ ਤਾਂ ਸੜਕ ਤੇ ਸਿਰਫ ਗੱਡੀਆਂ ਹੀ ਆਉਂਦੀਆਂ ਜਾਂਦੀਆਂ ਦਿਸਦੀਆਂ। ਕੋਈ ਰੇਹੜੀ ਤਾਂ ਕੀ, ਕੋਈ ਪੈਦਲ ਜਾਂਦਾ ਬੰਦਾ ਵੀ ਨਹੀਂ ਦਿਿਸਆ ਕਦੇ ਕੋਈ ਸੜਕ ਤੇ। ਨੂੰਹ ਪੁੱਤਰ ਵੀ ਸਾਰਾ ਦਿਨ ਕੰਮਾਂ ਤੇ ਚਲੇ ਜਾਂਦੇ। ਪੋਤਾ ਪੋਤੀ ਹੋਸਟਲ ‘ਚ ਪੜ੍ਹਦੇ..। ਉਦਾਸ ਹੋ ਕੇ ਉਹ ਆਪਣੀਆਂ ਸਹੇਲੀਆਂ ਨੂੰ ਫੋਨ ਕਰਦੀ ਤਾਂ ਉਹ ਅੱਗੋਂ ਕਹਿੰਦੀਆਂ:
“ਤੁਸੀਂ ਤਾਂ ਹੁਣ ਪੌਸ਼ ਕਲੋਨੀ ‘ਚ ਚਲੇ ਗਏ ਹੋ, ਕਿੰਨਾ ਕੁ ਸਰਕਲ ਬਣ ਗਿਆ ਨਵਾਂ..ਸਾਨੂੰ ਭੁੱਲ ਨਾ ਜਾਇਓ ਕਿਤੇ..!”

“ਲੈ ਤੁਹਾਨੂੰ ਕਿਵੇਂ ਭੁੱਲ ਸਕਦੀ ਹਾਂ..” ਕਹਿ ਉਹ ਫੋਨ ਕੱਟ ਦਿੰਦੀ ਪਰ ਉਸਦਾ ਅੰਦਰ ਰੋ ਰਿਹਾ ਹੁੰਦਾ।

ਇੱਕ ਦਿਨ ਉਹ ਬੇਟੇ ਨੂੰ ਪੁੱਛਣ ਲੱਗੀ: “ਆਪਣੇ ਆਸ ਪਾਸ ਵਾਲੇ ਕਦੇ ਦਿਖਾਈ ਨਹੀਂ ਦਿੱਤੇ?”

“ਮੰਮੀ! ਇਹ ਪੌਸ਼ ਕਲੋਨੀ ਹੈ, ਮੁਹੱਲਾ ਨਹੀਂ..ਇਥੇ ਵੱਡੇ ਲੋਕ ਰਹਿੰਦੇ ਨੇ..ਐਰੇ ਗੈਰੇ ਨਹੀਂ..ਸਭ ਬਿਜ਼ੀ ਨੇ ਆਪਣੇ ਕਾਰੋਬਾਰਾਂ ਵਿੱਚ।” ‘ਤੇ ਫਿਰ ਕੁੱਝ ਰੁਕ ਕੇ ਕਹਿੰਦਾ: “ਤੁਸੀਂ ਸਾਰੀ ਉਮਰ ਬੜਾ ਕੰਮ ਕੀਤਾ, ਬੱਸ ਹੁਣ ਆਰਾਮ ਕਰੋ ਪੁੱਤਰ ਦੇ ਸਿਰ ਤੇ। ਨੌਕਰ ਚਾਕਰ ਆਪੇ ਸਾਰੇ ਕੰਮ ਕਰਨਗੇ..ਪਰ ਤੁਸੀਂ ਟੋਕਾ ਟਾਕੀ ਨਾ ਕਰਿਓ..ਨੌਕਰ ਮਿਲਦੇ ਨਹੀਂ ਸਹਿਜੇ ਕੀਤੇ।” ਕਹਿੰਦਿਆਂ ਹੋਇਆਂ ਉਹ ਬਾਹਰ ਚਲਾ ਗਿਆ।

“ਪੌਸ਼ ਕਲੋਨੀ..???” ਸੋਚ ਕੇ ਉਸ ਦਾ ਦਮ ਘੁੱਟਣ ਲੱਗਾ।
***

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ : +91 98728 60488

***
571
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →