ਭਾਸ਼ਾ ਮਾਹਿਰਾਂ ਅੰਦਰ ਚਿੰਤਾ ਦਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਦੇ ਵਿਪ੍ਰੀਤ ਹਾਲਾਤ ਪੈਦਾ ਹੁੰਦੇ ਜਾ ਰਹੇ ਹਨ, ਜਿਸ ਤਰ੍ਹਾਂ ਵਿਸ਼ਵ ਦੀਆਂ ਕੁਛ ਹੋਰ ਭਾਸ਼ਾਵਾਂ ਲੁਪਤ ਹੋਈਆਂ ਜਾਂ ਲੁਪਤ ਹੋ ਰਹੀਆਂ ਹਨ, ਕੀ ਸਾਡੀ ਆਪਣੀ ਜ਼ੁਬਾਨ, ਸ਼ਾਨਾਂਮੱਤੀ ਪੰਜਾਬੀ ਵੀ ਕਿਸੇ ਸਮੇਂ ਲੋਕਾਂ ਦਾ ਜ਼ੁਬਾਨ ਤੋਂ ਲਹਿ ਜਾਵੇਗੀ। ਜਾਂ ਫਿਰ ਇਹ ਪਹਿਲਾਂ ਵਾਂਗ ਸਾਰੇ ਝੱਖੜ-ਝੋਲਿਆਂ ਨੂੰ ਝੱਲ ਕੇ ਹੋਰ ਵੀ ਜਾਨਦਾਰ ਹੋ ਕੇ ਉਭਰੇਗੀ। ਯੂਰਪੀਨ ਆਬਾਦਕਾਰਾਂ ਜਾਂ ਕਹਿ ਲਵੋ ਧਾੜਵੀਆਂ ਨੇ ਕੈਨੇਡਾ ਵਰਗੀਆਂ ਧਰਤੀਆਂ ਉਪਰ ਮੁੱਢ-ਕਦੀਮਾਂ ਤੋਂ ਵਸਦੇ ਮੂਲ ਨਿਵਾਸੀਆਂ ਦੇ ਸਭਿਆਚਾਰ ਅਤੇ ਉਨ੍ਹਾਂ ਦੀਆਂ ਬੋਲੀਆਂ ਉੱਤੇ ਈਸਾਈ ਧਰਮ ਦੀ ਆੜ ਹੇਠ ਆਪਣੇ ਅਖਾਉਤੀ ਵਿਕਸਿਤ ਸਭਿਆਚਾਰ ਦੇ ਜ਼ੋਰ ਨਾਲ ਉਨ੍ਹਾਂ ਵਿਚਾਰਿਆਂ ਦੀਆਂ ਬੋਲੀਆਂ ਖੋਹਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਦੀ ਮਿਸਾਲ ਸਾਡੇ ਸਾਹਮਣੇ ਹੈ। ਕੁਬੈਕ ਵਿਚ, ਕੈਨਸਟੇਕ ਗਰੈਂਡ ਚੀਫ਼ ਸਾਈਮਨ ਦਾ ਕਹਿਣਾ ਹੈ ਕਿ ਉਸ ਥਾਂ ਤੇ ਮੋਹਾਅਕ ਬੋਲੀ ਬੋਲਣ ਵਾਲੇ ਸੱਠ ਕੁ ਜਣੇ ਹੀ ਰਹਿ ਗਏ ਹਨ, ਉਹ ਵੀ ਵੱਡੀ ਉਮਰ ਦੇ। ਜੇ ਇਸ ਮਹਾਂਮਾਰੀ ਅੰਦਰ ਉਨ੍ਹਾਂ ਨੂੰ ਬਚਾਇਆ ਨਾ ਗਿਆ ਤਾਂ ਬੋਲੀ ਵੀ ਉਨ੍ਹਾਂ ਦੇ ਨਾਲ ਹੀ ਚਲੀ ਜਾਏਗੀ। ਵੈਸੇ ਵੀ ਕੈਨੇਡਾ ਵਿਚ ਯੂਰਪੀਨ ਆਬਾਦਕਾਰਾਂ ਦੇ ਆਗਮਨ ਤੋਂ ਪਹਿਲਾਂ ਕੋਈ 50 ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਕਿੰਨੀਆਂ ਤਾਂ ਅਲੋਪ ਹੋ ਗਈਆਂ ਹਨ, ਜਿਵੇਂ ਬਿਓਥਕ, ਹਿਊਰੋਨ, ਨੂਟਰਲ ਆਦਿ। ਬਾਕੀ ਰਹਿੰਦੀਆਂ ਵਿਚੋਂ ਬਹੁਤੀਆਂ ਛੇਤੀ ਖਤਮ ਹੋਣ ਦਾ ਖ਼ਤਰਾ ਹੈ। ਸਿਰਫ਼ ਕੁੱਝ ਕੁ ਦੇ ਬਚੇ ਰਹਿਣ ਦੀ ਉਮੀਦ ਹੈ, ਜਿਵੇਂ ਕਰੀਅ, ਓਜੀਬਵਾ, ਇਨੁਕਟੀਟੁਟ ਵਗੈਰਾ। ਭਾਸ਼ਾਵਾਂ ਦੀ ਇਹ ਚਿੰਤਾਜਨਕ ਸਥਿਤੀ ਸਿਰਫ਼ ਮੂਲ ਨਿਵਾਸੀਆਂ ਜਾਂ ਟੱਪਰੀਵਾਸ ਕਬੀਲਿਆਂ ਦੀਆਂ ਬੋਲੀਆਂ ਦੇ ਸਬੰਧ ਵਿਚ ਹੀ ਨਹੀਂ, ਸਗੋਂ ਦੁਨੀਆਂ ਭਰ ਵਿਚ ਬੋਲੀਆਂ ਜਾਣ ਵਾਲੀਆਂ ਬਹੁਗਿਣਤੀ ਭਾਸ਼ਾਵਾਂ ਇਸ ਸੰਕਟ ਵਿਚੋਂ ਗੁਜ਼ਰ ਰਹੀਆਂ ਹਨ। ਹਾਲਾਤ ਸੰਕੇਤ ਕਰ ਰਹੇ ਹਨ ਕਿ ਸਾਡੀ ਪਿਆਰੀ ਬੋਲੀ ਪੰਜਾਬੀ ਨੂੰ ਇਸ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਗੰਭਰ ਅਤੇ ਕਾਰਗਰ ਉਪਰਾਲੇ ਕਰਨੇ ਪੈਣਗੇ। ਅਜੇ ਸਮਾਂ ਹੈ ਪਰ ਇਹੋ ਸਮਾਂ ਹੈ। ਅੱਜ ਦੁਨੀਆਂ ਭਰ ਵਿਚ ਕੋਈ 6912 ਭਾਸ਼ਾਵਾਂ ਬੋਲੀਆਂ ਜਾ ਰਹੀਆਂ ਹਨ। ਕੁਛ ਹਾਲਤਾਂ ਅੰਦਰ, ਜਦੋਂ ਦੋ ਵੱਖ- ਵੱਖ ਭਾਸ਼ਾ ਬੋਲਣ ਵਾਲੀਆਂ ਕੌਮਾਂ ਆਪਸੀ ਸੰਪਰਕ ਵਿਚ ਆਉਂਦੀਆਂ ਹਨ ਤਾਂ ਇਨ੍ਹਾਂ ਬੋਲੀਆਂ ਦਾ ਮਿਲਗੋਭਾ (Lingua franca ) ਹੋਂਦ ਵਿਚ ਆ ਜਾਂਦਾ ਹੈ। ਅੱਜ ਕੱਲ੍ਹ ਅੰਗ੍ਰੇਜ਼ੀ ਜ਼ੁਬਾਨ ਗਲੋਬਲ ਲਿੰਗੁਆ ਫਰਾਂਕਾ ਬਣ ਚੁੱਕੀ ਹੈ ਤੇ ਇਸੇ ਭਾਸ਼ਾ ਵਿਚ ਹਵਾਈ ਆਵਾਜਾਈ ਦੇ ਕੰਟ੍ਰੋਲ ਤੋਂ ਲੈ ਕੇ ਸਾਰੀਆਂ ਤਕਨਾਲੋਜੀਆਂ ਤੇ ਸੰਗੀਤ ਆਦਿ ਨੂੰ ਲਿਖਿਆ, ਬੋਲਿਆ ਤੇ ਸਮਝਿਆ ਜਾਂਦਾ ਹੈ। ਜ਼ਰੂਰੀ ਨਹੀਂ ਕਿ ਹਰੇਕ ਭਾਸ਼ਾ ਦੀ ਆਪਣੀ ਲਿਪੀ ਹੋਵੇ। ਜੇ ਕੋਈ ਬੋਲੀ ਕਿਸੇ ਲਿਪੀ ਵਿਚ ਨਹੀਂ ਵੀ ਲਿਖੀ ਜਾਂਦੀ, ਤਾਂ ਵੀ ਇਸ ਦਾ ਆਪਣਾ ਜ਼ਬਾਨੀ ਸਾਹਿਤ ਇਸ ਨੂੰ ਬੋਲਣ ਵਾਲੇ ਲੋਕਾਂ ਦੇ ਮਿਥਿਹਾਸ, ਬਾਤਾਂ, ਕਹਾਣੀਆਂ ਤੇ ਲੋਕ ਗੀਤਾਂ ਦੇ ਰੂਪ ਵਿਚ ਵਿਦਮਾਨ ਰਹਿੰਦਾ ਹੈ। ਸਾਰੇ ਮਨੁੱਖੀ ਸਮਾਜਾਂ ਕੋਲ ਅਜਿਹਾ ਜ਼ੁਬਾਨੀ ਸਾਹਿਤ ਹੈ ਅਤੇ ਬਹੁਤਾ ਲਿਖਿਤ ਸਾਹਿਤ ਜ਼ੁਬਾਨੀ ਕਹਾਣੀਆਂ ਸੁਨਾਉਣ ਤੋਂ ਜਨਮਦਾ ਹੈ। ਯੂਨਾਨ ਵਿਚ ਸਦੀਆਂ ਤੋਂ ਮੂੰਹੋਂ-ਮੂੰਹ ਸੁਣੀਂਦੀਆਂ ਅਜਿਹੀਆਂ ਲੋਕ ਕਹਾਣੀਆਂ ਜਾਂ ਗੀਤਾਂ ਨੂੰ ਹੀ ਹੋਮਰ ਨੇ 850 ਈਸਾ ਪੂਰਵ ਦੇ ਨੇੜੇ ਤੇੜੇ ਇਲਿਆਡ ਤੇ ਓਡੀਸੀ ਨੂੰ ਲਿਖਤੀ ਰੂਪ ਦਿੱਤਾ ਸੀ ਜੋ ਮੁਢਲੇ ਮਹਾਂ ਕਾਵਿ ਮੰਨੇ ਜਾਂਦੇ ਹਨ। ਬੇਸ਼ੱਕ ਬੋਲੀਆਂ ਨੂੰ ਚੌਧਰ ਦੁਆਉਣ ਦਾ ਕੰਮ ਧਰਮ ਅਤੇ ਸ਼ਾਸ਼ਨ ਨੇ ਕੀਤਾ ਹੈ। 1492 ਵਿਚ ਸਪੇਨੀ ਤਾਲਿਬ ਐਨਤੋਨੀਓ ਨੇਬਰੀਜਾ ਨੇ ਮਹਾਰਾਣੀ ਇਜ਼ਾਬੇਲਾ ਨੂੰ ਕਿਹਾ ਸੀ ਕਿ ਬੋਲੀ ਹਮੇਸ਼ਾ ਸਾਮਰਾਜ ਦੀ ਸਾਥਣ ਰਹੀ ਹੈ। ਅਰਬੀ, ਸਪੇਨੀ, ਪੁਰਤਗਾਲੀ, ਰੂਸੀ ਆਦਿ ਭਾਸ਼ਾਵਾਂ ਮੂੰਹਜ਼ੋਰ ਰਾਜਸੀ ਤਾਕਤ ਦੇ ਸਹਾਰੇ ਫੈਲੀਆਂ, ਇਸੇ ਤਰ੍ਹਾਂ ਅੰਗ੍ਰੇਜ਼ੀ ਤੇ ਫਰੈਂਚ ਵੀ ਸਾਮਰਾਜ ਦੇ ਜ਼ਰੀਏ ਪੈਸੇਫਿਕ ਦੇਸ਼ਾਂ ਅੰਦਰ ਪੈਰ ਜਮਾ ਕੇ ਪਨਪੀਆਂ। ਕਿਸੇ ਭਾਸ਼ਾ ਨੂੰ ਸੰਸਾਰੀ ਭਾਸ਼ਾ ਦਾ ਦਰਜਾ ਹਾਸਲ ਕਰਨ ਲਈ ਇਸ ਦੀ ਸਥਿਰਤਾ ਜਾਂ ਟਿਕਾਊਪਣ ਜ਼ਰੂਰੀ ਪੱਖ ਹਨ, ਖਾਸ ਕਰ ਕੇ ਉਦੋਂ ਜਦੋਂ ਇਸ ਨੂੰ ਬੋਲਣ ਵਾਲੀ ਆਬਾਦੀ ਕਿਸੇ ਪੱਕੇ ਜਨਮ ਸਥਾਨ ਜਾਂ ਖਿੱਤੇ ਦੇ ਅੰਦਰੋਂ ਮਜ਼ਬੂਤ ਹੋ ਕੇ ਉਭਰਦੀ ਹੈ। ਬੰਗਲਾ, ਚੀਨੀ, ਜਰਮਨ, ਹਿੰਦੀ ਆਦਿ ਅਜਿਹੀਆਂ ਭਾਸ਼ਾਵਾਂ ਹਨ। ਹਿੰਦੀ, ਪਾਰਸੀ ਵਿਚੋਂ ਨਿਕਲੀ ਆਰੀਅਨ ਉਪਭਾਸ਼ਾਵਾਂ ਦੀ ਦੇਣ ਹੈ। ਪੰਜਾਬੀ ਨੂੰ ਸਾਹਿਤਕ ਭਾਸ਼ਾ ਹੋਣ ਦਾ ਦਰਜਾ ਗਿਆਰਵੀਂ ਸਦੀ ਤੋਂ ਮੰਨਿਆਂ ਜਾਂਦਾ ਹੈ। ਬ੍ਰਹਮੀ ਵਿਚੋਂ ਦੇਵਨਾਗਰੀ, ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਨਿਕਲੀਆਂ ਮੰਨੀਆਂ ਜਾਂਦੀਆਂ ਹਨ। ਖ਼ਤਰੇ ਅਧੀਨ ਭਾਸ਼ਾਵਾਂ— ਕੋਈ ਜ਼ੁਬਾਨ ਉਦੋਂ ਖ਼ਤਮ ਹੁੰਦੀ ਹੈ ਜਦੋਂ ਉਸ ਨੂੰ ਬੋਲਣ ਵਾਲੇ ਮੁੱਕ ਜਾਣ। ਅਜਿਹਾ ਉਸ ਸੂਰਤ ਵਿਚ ਵਾਪਰਦਾ ਹੈ ਜਦੋਂ ਕੋਈ ਭਾਸ਼ਾ ਕਿਸੇ ਤਕੜੀ ਬਿਗਾਨੀ ਭਾਸ਼ਾ ਦੇ ਮਾਰੂ ਸੰਪਰਕ ਵਿਚ ਆ ਜਾਵੇ, ਜਿੱਥੇ ਇਕ ਤਕੜੀ ਭਾਸ਼ਾ ਦੂਜੀ ਭਾਸ਼ਾ ਉੱਤੇ ਭਾਰੂ ਹੋ ਕੇ ਉਸ ਦੀ ਥਾਂ ਲੈ ਬੈਠੇ। ਇਸ `ਭਾਸ਼ਾ-ਖਿਸਕ` ਦੀ ਹਾਲਤ ਵਿਚ ਇਸ ਨੂੰ ਬੋਲਣ ਵਾਲੇ ਆਪਣੀ ਮਾਂ-ਬੋਲੀ ਨੂੰ ਤਿਆਗ ਕੇ ਬਿਗਾਨੀ ਬੋਲੀ ਬੋਲਣ ਨੂੰ ਤਰਜੀਹ ਦੇ ਜਾਂਦੇ ਹਨ। ਇਸ ਦੀ ਸੌਖੀ ਮਿਸਾਲ ਸ਼ਹਿਰੀ ਪੰਜਾਬੀਆਂ ਵੱਲੋਂ ਆਮ ਗੱਲ-ਬਾਤ ਸਮੇਂ ਵੀ ਹਿੰਦੀ ਨੂੰ ਮੂੰਹ ਮਾਰਨਾ ਹੈ। ਯੂਨੈਸਕੋ ਨੇ ਭਾਸ਼ਾ ਵਿਗਿਆਨੀਆਂ ਦੀ ਖੋਜ ਤੇ ਅਧਾਰ ਤੇ ਕਿਸੇ ਬੋਲੀ ਦੇ ਖ਼ਤਰੇ ਅਧੀਨ ਆਉਣ ਦੇ ਇਹ ਲੱਛਣ ਅਤੇ ਮਾਨ ਦੰਡ ਨਿਰਧਾਰਤ ਕੀਤੇ ਹਨ— 1. ਕੀ ਬੋਲੀ ਅਗਲੀ ਪੀੜ੍ਹੀ ਤਕ ਪਹੁੰਚ ਰਹੀ ਹੈ? ਕਿਸੇ ਵੀ ਭਾਸ਼ਾ ਦੇ ਜਾਨਦਾਰ ਤੇ ਨਰੋਈ ਰਹਿਣ ਲਈ ਜ਼ਰੂਰੀ ਹੈ ਕਿ ਇਹ ਬੱਚਿਆਂ ਦੁਆਰਾ ਬੋਲੀ ਜਾਂਦੀ ਰਹੇ। ਬੋਲੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁਖ ਕਾਰਨ ਹਨ– ਸ਼ਹਿਰੀਕਰਨ, ਵਿਸ਼ਵੀਕਰਨ, ਸਮਾਜਿਕ ਅਤੇ ਸਭਿਆਚਾਰਕ ਉਥਲ-ਪੁਥਲ ਜਾਂ ਅਵਿਵਸਥਾ। ਇਹ ਬਹੁਗਿਣਤੀ ਅਤੇ ਘੱਟ ਗਿਣਤੀ ਵਾਲਿਆਂ ਦੀ ਭਾਸ਼ਾ ਅਤੇ ਸਭਿਆਚਾਰ ਦਰਮਿਆਨ ਪ੍ਰਤਿਸ਼ਠਾ ਅਤੇ ਤਾਕਤ ਦੇ ਅਸਾਵੇਂਪਣ ਦੀ ਲਖਾਇਕ ਹੈ। ਸਮਾਜਿਕ ਤੇ ਆਰਥਿਕ ਪ੍ਰਗਤੀ ਪਰਬਲ ਭਾਸ਼ਾ ਦੇ ਗਿਆਨ ਅਤੇ ਘੱਟ ਗਿਣਤੀ ਭਾਸ਼ਾ ਤੇ ਸਭਿਆਚਾਰ ਨੂੰ ਤਿਆਗਣ ਨਾਲ ਬੱਝੀ ਹੋਈ ਹੈ। ਹਰੇਕ ਪੀੜ੍ਹੀ ਅੰਦਰ ਭਾਸ਼ਾ ਦੇ ਗਿਆਨ ਨੂੰ ਜਾਨਣਾ ਜ਼ਰੂਰੀ ਹੁੰਦਾ ਹੈ। ਕਿਸੇ ਭਾਸ਼ਾ ਦੀ ਭਾਵੀ ਉਮਰ ਭਵਿੱਖ ਵਿਚ ਉਹ ਬੋਲੀ ਬੋਲਣ ਤੇ ਵਰਤਣ ਤੋਂ ਇਲਾਵਾ ਪੀੜ੍ਹੀ-ਦਰ-ਪੀੜ੍ਹੀ ਸਪੁਰਦਗੀ ਉਪਰ ਨਿਰਭਰ ਕਰਦੀ ਹੈ। ਭਾਸ਼ਾ ਦੀ ਸ਼ਕਤੀ ਦਾ ਪੈਮਾਨਾ— ਭਾਸ਼ਾ ਵਿਗਿਆਨੀ ਮਾਈਕਲ ਕਰਾਸ ( 1997 ) ਨੇ ਕਿਸੇ ਭਾਸ਼ਾ ਦੇ ਪ੍ਰਭਾਵੀ ਤਰੀਕੇ ਨਾਲ ਹੋਂਦ ਵਿਚ ਬਣੇ ਰਹਿਣ ਨੂੰ ਜਾਚਣ ਲਈ ਇਹ ਪੈਮਾਨਾ ਨਿਸ਼ਚਿਤ ਕੀਤਾ ਹੈ, ਜੋ ਘਟਦੇ ਕ੍ਰਮ ਵਿਚ ਇਸ ਪ੍ਰਕਾਰ ਹੈ– 1. ਬੋਲੀ ਸਾਰੀਆਂ ਪੀੜ੍ਹੀਆਂ ਦੁਆਰਾ, ਸਣੇ ਸਾਰੇ ਜਾਂ ਤਕਰੀਬਨ ਸਾਰੇ ਬੱਚਿਆਂ ਦੁਆਰਾ ਬੋਲੀ ਜਾਂਦੀ ਹੈ, ਦੱਖਣੀ ਏਸ਼ੀਆਈ ਦੇਸ਼ਾਂ ਵਿਚੋਂ ਇਕੱਲੇ ਭਾਰਤ ਵਿਚ 415 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਿੰਦੀ ਤੇ ਬੰਗਲਾ ਤੋਂ ਇਲਾਵਾ ਚਾਰ ਦ੍ਰਾਵੜੀ ਬੋਲੀਆਂ– ਤਾਮਿਲ, ਤੇਲਗੂ, ਕੰਨੜ, ਮਲਿਆਲਮ- ਜਾਨਦਾਰ ਬੋਲੀਆਂ ਹਨ। ਸੰਸਾਰ ਦੀਆਂ ਅਲੋਪ ਹੋ ਜਾਣ ਵਾਲੀਆਂ ਬੋਲੀਆਂ ਵਿਚ ਪ੍ਰਮੁਖ ਲਾਤੀਨੀ, ਅਕਾਡੀਅਨ, ਮਿਸਰੀ, ਈਥੀਓਪਿਕ, ਗਾਅਲਿਸ਼, ਹਿਟਾਈਟ ਆਦਿ ਦੇ ਨਾਂ ਵਰਨਣਯੋਗ ਹਨ। ਪੰਜਵੀਂ ਪੂਰਬ ਈਸਾ ਸ਼ਤਾਬਦੀ ਤਕ ਸੰਸਕ੍ਰਿਤ ਭਾਸ਼ਾ ਹਿੰਦ- ਯੂਰਪੀਨ ਪਰਿਵਾਰ ਦਾ ਹਿੱਸਾ ਅਤੇ ਯੂਨਾਨੀ-ਲਾਤੀਨੀ ਨਾਲ ਸਬੰਧ ਰਖਦੀ ਸੀ। ਇੱਕ ਅੰਦਾਜ਼ੇ ਮੁਤਾਬਕ ਇਸ ਸਦੀ ਦੇ ਅੰਤ ਤਕ 90 ਪ੍ਰਤੀਸ਼ਤ ਭਾਸ਼ਾਵਾਂ ਲੁਪਤ ਹੋ ਜਾਣਗੀਆਂ। ਆਰਕਟਿਕ ਖੇਤਰ ਦੀਆਂ ਸਾਰੀਆਂ 73 ਬੋਲੀਆਂ ਖ਼ਤਰੇ ਵਿਚ ਹਨ। ਅਮਰੀਕਨ ਖੇਤਰ ਦੀਆਂ ਤਕਰੀਬਨ 1000 ਵਿੱਚੋਂ 170 ਲਗਭਗ ਖ਼ਤਮ ਹੋ ਚੁੱਕੀਆਂ ਹਨ। ਯੂਰਪ ਵਿਚ ਅੰਦਾਜ਼ਨ 239 ਭਾਸ਼ਾਵਾਂ ਵਿੱਚੋਂ ਤਕਰੀਬਨ 100 ਜਾਂ ਵੱਧ ਖ਼ਤਮ ਹੋਣ ਦੇ ਖਤਰੇ ਵਿਚ ਹਨ ਜਦੋਂ ਕਿ 12 ਖ਼ਤਮ ਹੋ ਚੁੱਕੀਆਂ ਹਨ। ਅਫਰੀਕਨ ਮਹਾਂਦੀਪ ਅੰਦਰ 2092 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ 300 ਜਾਂ ਵੱਧ ਅਲੋਪ ਹੋਣ ਦੇ ਕੰਢੇ ਹਨ ਅਤੇ ਇਸ ਤੋਂ ਇਲਾਵਾ ਲਗਭਗ 200 ਹੋਰ ਜਾਂ ਖ਼ਤਮ ਹੋ ਰਹੀਆਂ ਹਨ ਤੇ 46 ਖ਼ਤਮ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਅਰਬੀ ਬੋਲੀਆਂ ਤੋਂ ਖਤਰਾ ਹੈ। ਏਸ਼ੀਆ ਅੰਦਰ ਤਕਰੀਬਨ2269 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ 78 ਖ਼ਤਮ ਹੋ ਚੁੱਕੀਆਂ ਹਨ। ਆਸਟ੍ਰੇਲੀਆ ਤੇ ਪੈਸਿਫਿਕ ਦੇਸ਼ਾਂ ਅੰਦਰ ਕੋਈ 1310 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, 210 ਅਲੋਪ ਹੋਣ ਦੇ ਕਿਨਾਰੇ ਤੇ ਹਨ। ਪੰਜਾਬੀ ਬੋਲੀ ਦਾ ਭਵਿੱਖ— ਮਾਈਕਲ ਕਰਾਸ ਦੇ ਪੈਮਾਨੇ ਮੁਤਾਬਕ ਪੰਜਾਬੀ ਪਹਿਲੇ ਨੰਬਰ ਤੋਂ ਖਿਸਕਦੀ ਜਾ ਰਹੀ ਹੈ, ਦੂਸਰੇ ਨੰਬਰ ਤੋਂ ਵੀ। ਤੀਜੇ ਨੰਬਰ ਤੇ ਵੀ ਅੱਧ-ਪਚੱਧ ਖੜ੍ਹੀ ਹੈ। ਜੇ ਇਸੇ ਤਰ੍ਹਾਂ ਖਿਸਕਦੀ ਗਈ ਤਾਂ ਖਤਰੇ ਦੀ ਘੰਟੀ ਵੱਜ ਸਕਦੀ ਹੈ। ਯੂਨੈਸਕੋ ਦੇ ਮਾਨ-ਦੰਡ ਅਨੁਸਾਰ ਪਰਖੀਏ ਤਾਂ– 1.ਬੋਲੀ ਅਗਲੀ ਪੀੜ੍ਹੀ ਤਕਕੁਛ ਹੱਦ ਤਕ ਪਹੁੰਚ ਰਹੀ ਹੈ, ਸੌ ਪ੍ਰਤੀਸ਼ਤ ਨਹੀਂ। ਪੰਜਾਬ ਅੰਦਰ ਸਰਕਾਰੀ ਨੀਤੀ ਤੇ, ਪ੍ਰਾਈਵੇਟ ਸਕੂਲ ਤੇ ਅਦਾਰੇ ਢਾਹ ਲਾ ਰਹੇ ਹਨ। ਵਿਦੇਸ਼ਾਂ ਅੰਦਰਲੀ ਅਗਲੀ ਪੀੜ੍ਹੀ ਬੇਮੁਖ ਹੋ ਰਹੀ ਹੈ। ਆਪਣੀ ਜ਼ਬਾਨ ਛੱਡ ਗੈਰਾਂ ਦੇ ਮਗਰ ਲੱਗਾ, 8. ਭਾਸ਼ਾ ਪ੍ਰਤੀ ਸਾਡੇ ਖਾਸੇ ਲੋਕਾਂ ਦਾ ਰਵੱਈਆ ਤਸੱਲੀਬਖਸ਼ ਨਹੀਂ। ਕਿਤਾਬਾਂ-ਰਿਸਾਲੇ ਪੜ੍ਹਨ ਦਾ ਘਟਦਾ ਰੁਝਾਨ ਚੰਗੀ ਨਿਸ਼ਾਨੀ ਨਹੀਂ ਹੈ। ਉਪ੍ਰੋਕਤ ਵਿਸ਼ਲੇਸ਼ਣ ਦੇ ਬਾਵਜੂਦ ਪੰਜਾਬੀ ਬੋਲੀ ਦੇ ਪੱਖ ਵਿਚ ਹਾਂਦਰੂ ਤੱਥ ਵੀ ਮੌਜੂਦ ਹਨ। ਪੰਜਾਬੀ ਵਿਚ ਨਰੋਆ ਤੇ ਚੋਖੀ ਗਿਣਤੀ ਵਿਚ ਸਾਹਿਤ ਰਚਿਆ ਜਾ ਰਿਹਾ ਹੈ, ਦੋਵੇਂ ਪੰਜਾਬਾਂ ਅਤੇ ਵਿਦੇਸ਼ਾਂ ਵਿਚ। ਇੰਟਰਨੈੱਟ ਅਤੇ ਡਿਜੀਟਲ ਮੀਡੀਏ ਦੇ ਪੰਜਾਬੀ ਸੰਦ ਘੜ ਲਏ ਗਏ ਹਨ। ਵਿਦੇਸ਼ਾਂ ਅੰਦਰ ਕੁਛ ਹੱਦ ਤਕ ਪੰਜਾਬੀ ਬੱਚੇ ਆਪਣੀ ਬੋਲੀ ਸਿੱਖ ਰਹੇ ਹਨ, ਭਾਵੇਂ ਥੋੜੀ ਗਿਣਤੀ ਸਹੀ ਪਰ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਉਮੀਦ ਵਧ ਰਹੀ ਹੈ। ਸਾਡਾ ਨਰੋਆ ਸਭਿਆਚਾਰ, ਅਮੀਰ ਧਰਮਿਕ, ਸਮਾਜਿਕ, ਤੇ ਲੋਕ-ਧਾਰਾਈ ਵਿਰਸਾ ਪੰਜਾਬੀ ਜ਼ਬਾਨ ਨੂੰ ਸਦੀਵੀ ਹੋਣ ਦਾ ਬਲ ਬਖ਼ਸ਼ਦਾ ਹੈ। ਵਧੀਆ ਗੱਲ ਇਹ ਕਿ ਇਸ ਬੋਲੀ ਕੋਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਪੱਕਾ ਜ਼ਰਖ਼ੇਜ਼ ਧਰਾਤਲ ਹੈ। ਦਸ ਕਰੋੜ ਤੋਂ ਵੱਧ ਲੋਕਾਂ ਦੀ ਮਾਂ ਬੋਲੀ ਹੈ। ਇਸ ਬੋਲੀ ਵਿਚ ਲੋਹੜੇ ਦਾ ਅਮੀਰ ਸੂਫ਼ੀ ਸਾਹਿਤ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਰੂਹਾਨੀ ਬਾਣੀ ਦਾ ਅਥਾਹ ਭੰਡਾਰ ਹੈ ਜਿਸ ਵਿਚ ਸਮੁੱਚੀ ਮਨੁੱਖਤਾ ਦਾ ਪਾਰ ਉਤਾਰਾ ਕਰਨ ਦੀ ਸਮਰੱਥਾ ਹੈ। ਇਤਿਹਾਸ ਵਾਚਣ ਤੋਂ ਵੀ ਸਕੂਨ ਮਿਲਦਾ ਹੈ ਕਿ ਜਿਸ ਬੋਲੀ ਨੂੰ ਅਰਬੀ, ਫਾਰਸੀ, ਅੰਗ੍ਰੇਜ਼ੀ ਬੋਲਣ ਵਾਲੇ ਧਾੜਵੀ ਸਾਮਰਾਜੀ ਹਜ਼ਾਰਾਂ ਸਾਲ ਰਾਜ ਕਰਨ ਸਮੇਂ ਲੋਕਾਂ ਦੀ ਜ਼ਬਾਨ ਤੋਂ ਨਾ ਖੋਹ ਸਕੇ, ਉਹ ਹੁਣ ਆਪਣੀ ਔਲਾਦ ਦੇ ਰਾਜ ਭਾਗ ਵਿਚ ਕਿਵੇਂ ਕਿਸੇ ਪਾਸਿਓਂ ਮਾਰ ਖਾ ਸਕਦੀ ਹੈ। ਇਸ ਮਹਾਨ ਬੋਲੀ ਦੀ ਸਦੀਆਂ ਤੋਂ ਚੜ੍ਹਤ ਤੇ ਰਹੀ ਅੰਦਰੂਨੀ ਸ਼ਕਤੀ ਹਰ ਤਰ੍ਹਾਂ ਦੀਆਂ ਠੋਕਰਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਨਾ ਹੀ ਪੰਜਾਬੀ ਸ਼ਬਦ ਨੂੰ ਕੋਈ ਆਂਚ ਆਉਣ ਵਾਲੀ ਹੈ, ਨਾ ਪੰਜਾਬੀ ਹੀ ਮੁੱਕਣ ਵਾਲੇ ਹਨ, ਤੇ ਨਾ ਪੰਜਾਬੀ ਜ਼ਬਾਨ ਨੂੰ ਕੋਈ ਵਧਣ ਫੁੱਲਣ ਤੋਂ ਰੋਕ ਸਕਦਾ ਹੈ। ਨਿਸ਼ਚਿਤ ਹੈ ਕਿ ਦੁਨੀਆਂ ਭਰ ਅੰਦਰ ਜਿੱਥੇ ਕਿਤੇ ਵੀ ਪੰਜਾਬੀ ਹੋਣਗੇ, ਉਨ੍ਹਾਂ ਦੇ ਮੰਗਣੇ ਵਿਆਹ ਹੁੰਦੇ ਰਹਿਣਗੇ, ਗੀਤ ਗਾਏ ਜਾਂਦੇ ਰਹਿਣਗੇ, ਗੁਰਬਾਣੀ ਦੇ ਕੀਰਤਨ ਹੁੰਦੇ ਰਹਿਣਗੇ, ਗਿੱਧੇ- ਭੰਗੜੇ ਪਾਏ ਜਾਂਦੇ ਰਹਿਣਗੇ, ਧਮੱਚੜ ਪੈਂਦੇ ਰਹਿਣਗੇ, ਪੰਜਾਬੀ ਦੀ ਗੂੰਜ ਉੱਚੀ ਹੁੰਦੀ ਰਹੇਗੀ ਜਿਸ ਨੂੰ ਹੋਰ ਕੌਮਾਂ ਦੇ ਲੋਕ ਵੀ ਮਾਨਣ ਦੀ ਹਿਰਸ ਰੱਖਣਗੇ। ਹਾਂ, ਸਾਨੂੰ ਸੰਭਾਵੀ ਖਤਰਿਆਂ ਤੋਂ ਪੂਰੀ ਤਰ੍ਹਾਂ ਸੁਚੇਤ ਤੇ ਖ਼ਬਰਦਾਰ ਹੋ ਕੇ, ਸਮੇਂ ਸਿਰ ਢੁਕਵੇਂ ਵਸੀਲੇ ਜੁਟਾ ਕੇ ਸਾਰੇ ਲੋੜੀਂਦੇ ਉਪਰਾਲੇ ਕਰਨੇ ਪੈਣਗੇ। ਆਓ ਪੰਜਾਬੀ ਬੋਲੀ ਦੇ ਉਜਲੇ ਭਵਿੱਖ ਲਈ ਆਸਵੰਦ ਰਹੀਏ, ਆਪਣਾ ਬਣਦਾ ਯੋਗਦਾਨ ਪਾਈਏ ਤੇ ਮਾਂ ਬੋਲੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ। |
About the author
