28 April 2024
ਪਂਜਾਬੀ ਕਲਮਾ ਦਾ ਕਾਫਲਾ

ਕਾਫ਼ਲੇ ਵੱਲੋਂ ਕਿਸਾਨ ਮਸਲੇ `ਤੇ ਹੋਈ ਜ਼ੂਮ ਮੀਟਿੰਗ ਵਿੱਚ ਮੌਜੂਦਾ ਸਥਿਤੀ `ਤੇ ਹੋਈ ਚਰਚਾ “ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠੀ ਹੈ ਮੋਦੀ ਸਰਕਾਰ” — ਅਮੋਲਕ ਸਿੰਘ

ਕਿਸਾਨ ਅੰਦੋਲਨ ਨੂੰ ਦਰ-ਪੇਸ਼ ਮੁਸ਼ਕਲਾਂ ਅਤੇ ਇਸਦੇ ਭਵਿੱਖ ਅਤੇ ਚੁਣੌਤੀਆਂ

ਬਰੈਂਪਟਨ:- (ਪਰਮਜੀਤ ਦਿਓਲ) ਬੀਤੇ ਐਤਵਾਰ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਮਨਮੋਹਨ ਸਿੰਘ ਗੁਲਾਟੀ ਦੀ ਸੰਚਾਲਨਾ ਹੇਠ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜ਼ੂਮ ਮੀਟਿੰਗ ਰਾਹੀਂ ਕਿਸਾਨ ਅੰਦੋਲਨ ਨੂੰ ਦਰ-ਪੇਸ਼ ਮੁਸ਼ਕਲਾਂ ਅਤੇ ਇਸਦੇ ਭਵਿੱਖ ਅਤੇ ਚੁਣੌਤੀਆਂ `ਤੇ ਵਿਚਾਰ ਕੀਤੀ ਗਈ। ਇਸ ਮਸਲੇ ਬਾਰੇ ਗੱਲਬਾਤ ਕਰਨ ਲਈ ਭਾਰਤ ਤੋਂ ਅਮਲੋਕ ਸਿੰਘ ਖ਼ਾਸ ਮਹਿਮਾਨ ਸਨ ਜੋ ‘ਪੰਜਾਬ ਸੱਭਿਆਚਾਰਕ ਮੰਚ’ ਦੇ ਪ੍ਰਧਾਨ ਹਨ ਅਤੇ ਇਸ ਸਮੇਂ ਮੋਰਚਿਆਂ `ਤੇ ਹੋ ਰਹੇ ਸੱਭਿਆਚਾਰਕ ਸਮਾਗਮ ਵੀ ਸੰਗਠਤ ਕਰਦੇ ਨੇ।

karla Zoom Meetingਆਪਣੀ ਗੱਲਬਾਤ ਸ਼ੁਰੂ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਮੌਜੂਦਾ ਸੰਘਰਸ਼ ਦਾ ਕਾਰਨ ਬਣੇ ਕਨੂੰਨਾਂ ਦਾ ਮੁੱਢ 1991 `ਚ ਬੱਝਾ ਸੀ ਜਿਸ ਨੂੰ ਹਰ ਸਰਕਾਰ ਦੀ ਸਰਪ੍ਰਸਤੀ ਹਾਸਲ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸ਼ੁਰੂ `ਚ ਇਸ ਘੋਲ਼ ਨੂੰ ਕਿਸਾਨ ਘੋਲ਼ ਕਹਿ ਕੇ ਸ਼ੁਰੂ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਗੱਲ ਵਿਚਾਰੀ ਗਈ ਕਿ ਇਹ ਕਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਨਾਲ਼ ਦੀ ਨਾਲ਼ ਮਜ਼ਦੂਰ ਵਰਗ ਨੂੰ ਵੀ ਪ੍ਰਭਾਵਤ ਕਰਨ ਜਾ ਰਹੇ ਨੇ ਤਾਂ ਇਸ ਸੰਘਰਸ਼ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਕਸ਼ਮੀਰੀਆਂ ਦਾ ਮੁੱਦਾ ਜਾਂ ਸਨਅਤੀ ਕਾਮਿਆਂ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਮੁੱਦਾ ਜਾਂ ਦਲਿਤ ਲੋਕਾਂ ਨੂੰ ਨੰਗਿਆਂ ਕਰਕੇ ਕੁੱਟੇ ਜਾਣ ਦਾ ਮੁੱਦਾ ਜਨ-ਅੰਦੋਲਨ ਬਣਿਆ ਹੁੰਦਾ ਤਾਂ ਸ਼ਾਇਦ ਗੱਲ ਏਥੋਂ ਤੱਕ ਨਾ ਜਾਂਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਹੀ ਮੋਦੀ ਦਾ ਹੌਂਸਲਾ ਵਧਿਆ ਤੇ ਉਹ ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਨੂੰ ‘ਸਹੇ ਦੀ ਨਹੀਂ ਸਗੋਂ ਪਹੇ’ ਦੀ ਪਈ ਹੋਈ ਹੈ ਕਿਉਂਕਿ ਕਿਸੇ ਨੇ ਉਸਦੀ ਅੱਥਰੀ ਘੋੜੀ ਦੀ ਲਗਾਮ ਫੜ੍ਹਨ ਦੀ ਕੋਸ਼ਿਸ਼ ਕੀਤੀ ਹੈ।

26 ਤਰੀਕ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਉਸ ਘਟਨਾ ਦੀ ਸਾਰੀ ਸਕ੍ਰਿਪਟ ਮੋਦੀ ਸਰਕਾਰ ਅਤੇ ਆਰਐੱਸਅੱੈਸ ਦੀ ਲਿਖੀ ਹੋਈ ਸੀ ਕਿਉਂਕਿ ਜਿਸ ਥਾਂ `ਤੇ 26 ਤਰੀਕ ਨੂੰ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਓਥੇ ਇਸ ਤਰ੍ਹਾਂ ਦੀ ਘਟਨਾ ਕਿਵੇਂ ਵਾਪਰ ਸਕਦੀ ਸੀ? ਉਨ੍ਹਾਂ ਕਿਹਾ ਕਿ ਲਾਲ ਕਿਲੇ `ਤੇ ਨਿਸ਼ਾਨ ਸਾਹਿਬ ਝੂਲਣ ਨਾਲ਼ ਲਾਲ ਕਿਲੇ ਦੀ ਬੇਅਦਬੀ ਨਹੀਂ ਹੋਈ ਸਗੋਂ ਬੇਅਦਬੀ ਤਾਂ ਉਦੋਂ ਹੋਈ ਸੀ ਜਦੋਂ ਸਰਕਾਰ ਨੇ ਪੂਰੇ ਦਾ ਪੂਰਾ ਲਾਲ ਕਿਲਾ ਹੀ ਪ੍ਰਵਾਈਵੇਟ ਹੱਥਾਂ `ਚ ਦੇ ਦਿੱਤਾ ਸੀ। ਉਨ੍ਹਾਂ ਇਸ ਗੱਲ `ਤੇ ਵੀ ਚਿੰਤਾ ਪ੍ਰਗਟਾਈ ਕਿ ਜੇ ਮੌਕਾ ਨਾ ਸੰਭਾਲਿਆ ਗਿਆ ਤਾਂ ਸਰਕਾਰ ਜਲਿ੍ਹਆਂ ਵਾਲ਼ਾ ਬਾਗ ਨੂੰ ਵੀ ਪ੍ਰਾਈਵੇਟ ਹੱਥਾਂ `ਚ ਦੇਵੇਗੀ ਤੇ ਇਸ ਇਤਿਹਾਸਕ ਥਾਂ ਨੂੰ ਟੂਰਿਸਟ ਥਾਂ ਬਣਾ ਕੇ ਰੱਖ ਦਿੱਤਾ ਜਾਵੇਗਾ।

ਅਮੋਲਕ ਸਿੰਘ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਆਪਣੇ ਪਿਆਦੇ ਖੜ੍ਹੇ ਕਰਕੇ ਲਾਲ ਕਿਲੇ ਵਾਲ਼ਾ ਡਰਾਮਾ ਖੇਡ ਕੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਅਤੇ ਆਪਣੇ ਗੁੰਡਿਆਂ ਰਾਹੀਂ ਹਮਲੇ ਕਰਵਾ ਕੇ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਇੰਟਰਨੈੱਟ, ਪਾਣੀ ਅਤੇ ਬਿਜਲੀ ਬੰਦ ਕਰਕੇ ਉਨ੍ਹਾਂ ਦੁਆਲੇ ਬੈਰੀਕੇਡ, ਕਿੱਲ ਅਤੇ ਤਾਰਾਂ, ਦੀਵਾਰਾਂ ਲਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਇਕੱਠ ਪਹਿਲਾਂ ਨਾਲ਼ੋਂ ਵੀ ਵਧਿਆ ਹੈ ਤੇ ਲੋਕਾਂ ਵਿੱਚ ਹੋਰ ਵੀ ਉਤਸ਼ਾਹ ਆਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਨਵੇਂ ਹੱਥਕੰਡਿਆਂ ਰਾਹੀਂ ਸਰਕਾਰ ਹੁਣ ਉਨ੍ਹਾਂ ਮੀਡੀਆ ਸੰਪਾਦਕਾਂ `ਤੇ ਦੇਸ਼ ਧਰੋਹੀ ਦੇ ਕੇਸ ਪਾਉਣ ਲੱਗ ਪਈ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ `ਚ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ `ਚ ਗਰਮ ਨਾਅਰਿਆਂ ਤੋਂ ਨਹੀਂ ਸਗੋਂ ਬਹੁਤ ਹੀ ਗੰਭੀਰਤਾ ਅਤੇ ਸੂਝ ਨਾਲ਼ ਕਦਮ ਚੁੱਕਣ ਦੀ ਲੋੜ ਹੈ।

ਸੁਖਵੰਤ ਹੁੰਦਲ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਮੋਲਕ ਸਿੰਘ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਅਜਿਹੀ ਜਿਣਸ ਪੈਦਾ ਨਹੀਂ ਹੁੰਦੀ ਜਿਸ `ਤੇ MSP ਮਿਲਦੀ ਹੈ, ਓਥੋਂ ਬੇਸ਼ੱਕ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਜਿੱਥੇ MSP ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਉਨ੍ਹਾਂ ਸੂਬਿਆਂ `ਚੋਂ ਬਹੁਤ ਭਰਵਾਂ ਹੁੰਗਾਰਾ ਮਿਲਿLਆ ਹੈ।

ਸਾਧੂ ਬਿਨਿੰਗ ਵੱਲੋਂ ਪੰਜਾਬ ਅੰਦਰ ਗੋਦੀ ਮੀਡੀਆ ਦੇ ਅਸਰ ਬਾਰੇ ਪੁੱਛੇ ਜਾਣ `ਤੇ ਅਮੋਲਕ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਸ਼ਹਿਰਾਂ ਵਿੱਚ ਥੋੜ੍ਹਾ ਬਹੁਤ ਅਸਰ ਹੋਵੇ ਪਰ ਪੰਜਾਬ ਅੰਦਰ ਇਸਦਾ ਕੋਈ ਵੱਡਾ ਪ੍ਰਭਾਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਹਿਲ ਮੋਦੀ ਹਮਦਰਦਾਂ ਵੱਲੋਂ ਮਜ਼ਦੂਰ ਵਰਗ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਛੇਤੀ ਹੀ ਉਹ ਅਸਰ ਵੀ ਜਾਂਦਾ ਰਿਹਾ।

ਬਲਵਿੰਦਰ ਸਿੰਘ ਬਰਨਾਲ਼ਾ ਨੇ ਕਿਹਾ ਕਿ ਮੂਵਮੈਂਟ ਲੰਮੀਂ ਪੈਣ ਨਾਲ਼ ਨੁਕਸਾਨ ਨਹੀਂ ਹੋ ਰਿਹਾ ਸਗੋਂ ਪੂਰੇ ਭਾਰਤ `ਚੋਂ ਇਸਦੀ ਹਮਾਇਤ ਦੇ ਸੁਨੇਹੇ ਆ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੂਵਮੈਂਟ ਨਾਲ਼ ਸੈਕੂਲਰਇਜ਼ਮ ਵਿੱਚ ਵੀ ਉਭਾਰ ਆਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ MSP ਮਿਲਣ ਨਾਲ਼ ਵੀ ਕਿਸਾਨਾਂ ਦਾ ਫ਼ਾਹੇ ਲੈਣ ਦਾ ਮਸਲਾ ਹੱਲ ਨਹੀਂ ਹੋਣਾ ਪਰ ਫਿਰ ਵੀ ਜਦੋਂ ਤੱਕ ਸਿਸਟਮ ਨੂੰ ਸੱਟ ਨਹੀਂ ਵੱਜਦੀ, ਗੱਲ ਅੱਗੇ ਨਹੀਂ ਵਧਣੀ।

ਭਵਿੱਖ ਦੀ ਵਿਉੇਂਤ ਬਾਰੇ ਉਨ੍ਹਾਂ ਕਿਹਾ ਕਿ ਅਜੇ ਪੰਜਾਬ ਅੰਦਰ ਵੀ ਬਹੁਤ ਸਾਰਾ ਅਜਿਹਾ ਵਰਗ ਹੈ ਜੋ ਅਜੇ ਹਰਕਤ ਵਿੱਚ ਨਹੀਂ ਆਇਆ ਤੇ ਉਸਨੂੰ ਹਰਕਤ ਵਿੱਚ ਲਿਆਉਣ ਲਈ “ਜੋ ਅਜੇ ਤੱਕ ਵਾਹਿਆ ਨਹੀਂ ਗਿਆ, ਉਸਨੂੰ ਵਾਹੁਣ ਦੀ, ਜੋ ਬੀਜਿਆ ਨਹੀਂ ਗਿਆ ਉਸਨੂੰ ਬੀਜਣ ਦੀ ਅਤੇ ਜੋ ਵੱਤਰ ਆ ਚੁੱਕਾ ਹੈ ਉਸਦਾ ਵੱਤ ਸੰਭਾਲਣ ਦੀ ਲੋੜ ਹੈ।” ਉਨ੍ਹਾਂ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਸਾਡਾ ਦੁਸ਼ਮਣ ਸਿਰਫ ਮੋਦੀ ਸਰਕਾਰ ਜਾਂ ਅਡਾਨੀ ਅੰਬਾਨੀ ਹੀ ਨਹੀਂ ਸਗੋਂ ਸਮੁੱਚਾ ਕਾਰਪੋਰੇਟ ਸੰਸਾਰ ਹੈ ਜਿਸਦੀ ਪਿੱਠ `ਤੇ IMF ਆਣ ਖਲੋਤਾ ਹੈ।

ਮੀਟੰਗ ਵਿੱਚ ਅਮਰੀਕਾ ਤੋਂ ਸੁਰਿੰਦਰ ਖਹਿਰਾ ਸਮਰਾ, ਰਵਿੰਦਰ ਸਹਿਰਾਅ ਅਤੇ ਧਰਮਪਾਲ ਉੱਗੀ, ਬ੍ਰਿਟਿਸ਼ ਕੋਲੰਬੀਆ ਤੋਂ ਪਰਮਿੰਦਰ ਸਵੈਚ ਅਤੇ ਕੈਲਗਰੀ ਤੋਂ ਰਾਜ, ਕੈਲਗਰੀ ਤੋਂ ਇਲਾਵਾ 55 ਦੇ ਕਰੀਬ ਲੋਕਾਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਵੱਲੋਂ ਕੀਤੀ ਗਈ ਅਤੇ ਪਰਮਜੀਤ ਦਿਓਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

***

(59)

About the author

kulwinder Khera
ਕੁਲਵਿੰਦਰ ਖਹਿਰਾ
kulwinderkhera@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ