ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਆਸਾ ਮਹਲਾ ੧ (ਅੰਗ 356) |
ਦੂਸਰਿਆਂ ਨੂੰ ਗਿਆਨ ਪ੍ਰਦਾਨ ਕਰਨ ਅਤੇ ਦੂਸਰਿਆਂ ਤੋਂ ਗਿਆਨ ਪ੍ਰਾਪਤ ਕਰਨ ਦੇ ਕਾਰਜ ਨੂੰ ਵਿੱਦਿਆ ਕਹਿੰਦੇ ਹਨ। ਇਹ ਕਾਰਜ ਹਰ ਉਸ ਸਥਾਨ ਤੇ ਹੋ ਸਕਦਾ ਜਿਥੇ ਵਿੱਦਿਆ ਪ੍ਰਾਪਤ ਕਰਨ ਦੇ ਸਾਧਨ ਮੌਜੂਦ ਹੋ ਸਕਦੇ ਹਨ ਜਿਵੇਂ ਸਕੂਲ ਕਾਲਜ ਵਿਸ਼ਵ-ਵਿਦਿਆਲਿਆ ਧਰਮਸ਼ਾਲਾ ਗੁਰਦੁਆਰਾ ਮੰਦਰ ਮਸਜਦ ਪੰਚਾਇਤ ਘਰ ਆਦਿ।
ਵਿੱਦਿਆ ਵਿਕਾਸ ਦੀ ਲਗਾਤਾਰ ਪ੍ਰਕ੍ਰਿਆ ਹੈ ਜਿਸ ਨਾਲ ਅਸੀਂ ਨਵੀਆਂ ਗੱਲਾਂ ਜੁਗਤਾਂ ਵਸਤਾਂ ਚੀਜ਼ਾਂ ਸਥਾਨਾਂ ਬਾਰੇ ਜਾਣਦੇ ਹਾਂ। ਭੂਤ ਕਾਲ ਅਤੇ ਵਰਤਮਾਨ ਦੇ ਅਧਾਰ ਤੇ ਭਵਿੱਖ ਵਿੱਚ ਹੋਣ ਵਾਲੀਆਂ ਸੰਭਾਵੀ ਤਬਦੀਲੀਆਂ ਬਾਰੇ ਸਿੱਖਦੇ ਹਾਂ। ਸਾਡੇ ਰਹਿਣ ਸਹਿਣ ਦਾ ਪੱਧਰ, ਸੋਚਣ ਵਿਚਾਰਨ ਦਾ ਢੰਗ ਬਦਲਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਸਿੱਖ ਧਰਮ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਧੁਨਿਕ ਸਕੂਲ ਸਿਸਟਮ ਸ਼ੁਰੂ ਕੀਤਾ। ਉਹਨਾਂ ਨੇ ਗੋਇੰਦਵਾਲ ਵਿਖੇ ਬੱਚਿਆਂ ਨੂੰ ਪੜ੍ਹਾਉਣ ਤੇ ਖਿਡਾਉਣ ਦਾ ਪ੍ਰਬੰਧ ਕੀਤਾ ਅਤੇ ਸਿੱਖਾਂ ਵਿੱਚ ਆਪ ਪੜ੍ਹਨ ਤੇ ਹੋਰਾਂ ਨੂੰ ਪੜ੍ਹਾਉਣ ਦੀ ਪਿਰਤ ਪਾਈ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਵਿਚੋਂ ਇਕ ਬਣ ਗਈ। ਗੁਰੂ ਅਰਜਨ ਦੇਵ ਜੀ ਨੇ ਗੁਰੂਆਂ, ਭਗਤਾਂ, ਭੱਟਾਂ, ਸੰਤਾਂ ਅਤੇ ਸਿੱਖਾਂ ਦੀ ਬਾਣੀ ਦਾ ਸੰਕਲਨ ਕਰਕੇ ਆਦਿ ਗੁਰੂ ਗ੍ਰੰਥ ਜੀ ਦੀ ਸੰਪਾਦਨਾ ਕੀਤੀ ਜਿਸ ਨੂੰ ਕਰਤਾਰਪੁਰ ਵਾਲੀ ਬੀੜ ਵੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵਾਰਾਂ ਅਤੇ ਭਾਈ ਨੰਦ ਲਾਲ ਗੋਯਾ ਜੀ ਨੇ ਕਮਾਲ ਦੀਆਂ ਗ਼ਜ਼ਲਾਂ ਦੀ ਰਚਨਾ ਕੀਤੀ। ਪਾਉਂਟਾ ਸਾਹਿਬ ਵਿਖੇ ਦਸਮ ਗੁਰੂ ਜੀ ਨੇ 52 ਕਵੀਆਂ ਤੋਂ ਬਹੁਤ ਸਾਰਾ ਸਾਹਿਤ ਲਿਖਵਾਇਆ। ਗੁਰੂ ਸਾਹਿਬਾਨ ਨੇ ਗੁਰਬਾਣੀ ਅਤੇ ਹੋਰ ਸਾਹਿਤ ਇਸ ਲਈ ਲਿਖਿਆ ਅਤੇ ਲਿਖਵਾਇਆ ਤਾਂ ਕਿ ਸਿੱਖ ਪੜ੍ਹ ਲਿਖ ਕੇ ਗਿਆਨਵਾਨ ਅਤੇ ਦੀਰਘ ਦ੍ਰਿਸ਼ਟਾ ਬਣ ਸਕੇ। ਮਹਾਰਾਜਾ ਰਣਜੀਤ ਸਿੰਘ ਇਕ ਦੂਰ ਅੰਦੇਸ਼ੇ ਅਤੇ ਸਿੱਖ ਧਰਮ ਤੋਂ ਪ੍ਰੇਰਿਤ ਸਖਸ਼ਿਅਤ ਸਨ। ਉਹਨਾਂ ਨੇ ਕਾਇਦਾ-ਏ-ਨੂਰ ਤਿਆਰ ਕਰਵਾ ਆਵਾਮ ਵਿਚ ਪੜ੍ਹਨ ਦੀ ਪਿਰਤ ਪਾਈ। ਉਹਨਾਂ ਦੇ ਰਾਜ ਵਿੱਚ ਔਰਤਾਂ ਸਮੇਤ 80% ਲੋਕ ਪੜ੍ਹ ਲਿਖ ਗਏ ਸਨ। ਅਮਰੀਕਾ ਵਿੱਚ ਹੋਏ ਇਕ ਸਰਵੇ ਅਨੁਸਾਰ ਜੋ ਲੋਕ ਧਰਮ ਨੂੰ ਅਪਨਾਉਂਦੇ ਹਨ ਉਹਨਾਂ ਦੇ ਬੱਚੇ ਪੜ੍ਹਾਈ ਵਿੱਚ ਵਧੀਆ ਗਰੇਡ ਲੈ ਕੇ ਪਾਸ ਹੁੰਦੇ ਹਨ ਅਤੇ ਉੱਚ ਵਿੱਦਿਆ ਹਾਸਲ ਕਰਦੇ ਹਨ। ਇਸ ਦੀਆਂ ਅਣਗਿਣਤ ਮਿਸਾਲਾਂ ਸਿੱਖ ਸਮਾਜ ਵਿਚ ਮਿਲਦੀਆਂ ਹਨ। ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥ ਪ੍ਰਭਾਤੀ ਮ:੧ (ਅੰਗ 1329) ਵਿੱਦਿਆ ਪ੍ਰਾਪਤੀ ਦੇ ਫਾਇਦੇ: ਹਰ ਉੱਚਾ-ਨੀਵਾਂ, ਗੋਰਾ-ਕਾਲਾ, ਅਮੀਰ-ਗਰੀਬ, ਔਰਤ-ਮਰਦ, ਬੱਚਾ-ਬੁੱਢਾ-ਜਵਾਨ, ਤਕੜਾ-ਮਾੜਾ, ਸੁਹਣਾ-ਕੁਸੁਹਣਾ, ਪੜ੍ਹਿਆ -ਅਨਪੜ੍ਹ ਜਿਵੇਂ ਧਰਮ ਦੀ ਨਜ਼ਰ ਵਿੱਚ ਸਮਾਨ ਹਨ ਉਵੇਂ ਹੀ ਵਿੱਦਿਆ ਪ੍ਰਾਪਤੀ ਲਈ ਬਰਾਬਰ ਦੇ ਹੱਕਦਾਰ ਹਨ । ਵਿੱਦਿਆ ਹਾਸਲ ਕਰਨ ਦਾ ਹੱk ਲਗਭਗ ਹਰ ਦੇਸ਼ ਦਾ ਸੰਵਿਧਾਨ ਦਿੰਦਾ ਹੈ। ਜੋ ਪ੍ਰਾਣੀ ਗੋਵਿੰਦ ਧਿਆਵੈ॥ ਵਿੱਦਿਆ ਇਨਸਾਨ ਨੂੰ ਸ਼ੁਭ ਅਮਲਾਂ ਦਾ ਧਾਰਨੀ ਬਣਾਉਂਦੀ ਹੈ। ਜੇ ਕੋਈ ਪੜ੍ਹ ਲਿਖ ਕੇ ਸਮਾਜ ਲਈ ਉਸਾਰੂ ਕਾਰਜ ਨਹੀਂ ਕਰਦਾ, ਆਪਣੀ ਅਫਸਰੀ ਦੀ ਹੈਂਕੜ ਅਤੇ ਲੋਭ ਲਾਲਚ ਵਿੱਚ ਜਨਤਾ ਨੂੰ ਤੰਗ ਪਰੇਸ਼ਾਨ ਕਰਦਾ ਹੈ, ਗੁਰਬਾਣੀ ਵਿੱਚ ਐਸੇ ਪੜ੍ਹੇ ਲਿਖੇ ਵਿਅਕਤੀ ਨੂੰ ਮੂਰਖ ਦਾ ਦਰਜਾ ਦਿੱਤਾ ਗਿਆ ਹੈ: ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਰਾਗ ਮਾਝ ਮਹਲਾ ੧ (ਅੰਗ 140) ਵਿੱਦਿਆ ਲੋਕਾਂ ਨੂੰ ਬੁਰਾਈ ਤੋਂ ਰੋਕਦੀ ਹੈ ਅਤੇ ਚੰਗੇ ਕਰਮ ਕਰਨ ਲਈ ਉਤਸ਼ਾਹਿਤ ਕਰਦੀ ਹੈ। ਬਾਬਾ ਫਰੀਦ ਲਿਖਦੇ ਹਨ: ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਸਹੀ ਅੱਖਰਾਂ ਦਾ ਗਿਆਨ ਤਾਂ ਹੀ ਹਾਸਲ ਹੁੰਦਾ ਹੈ ਜੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਲਈਏ। ਗੁਰਬਾਣੀ ਸਾਨੂੰ ਆਤਮਿਕ ਬਲ ਦੇ ਕੇ ਆਪਣਾ ਅਤੇ ਹੋਰਾਂ ਦਾ ਜੀਵਨ ਸੰਵਾਰਨ ਵਿੱਚ ਮਦਦ ਗਾਰ ਹੁੰਦੀ ਹੈ। ਸਮਾਜਿਕ ਕੁਰੀਤੀਆਂ, ਵਹਿਮਾਂ-ਭਰਮਾਂ ਅਤੇ ਧਰਮ ਦੇ ਨਾਮ ਹੇਠ ਹੋ ਰਹੇ ਸ਼ੋਸ਼ਣ ਤੋਂ ਜਾਣੂ ਕਰਵਾ ਕੇ, ਫੋਕੇ ਹੰਕਾਰ ਤੇ ਵਿਕਾਰ ਝਾੜ ਦਿੰਦੀ ਹੈ। ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ।। ਸਿਰੀ ਰਾਗ ਮ:੧ (ਅੰਗ 20) ਸਮਾਜਿਕ ਬਰਾਬਰੀ ਸਮਾਜਿਕ ਰਿਸ਼ਤਿਆਂ ਨੂੰ ਨਿਰਧਾਰਤ ਕਰਦੀ ਹੈ। ਜੋ ਵੀ ਇਨਸਾਨ ਸਹੀ ਉਪਦੇਸ਼ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਉਹ ਸਭ ਨੂੰ ਬਰਾਬਰ ਸਮਝਣ ਲਗਦਾ ਹੈ। ਇਤਿਹਾਸ ਵਿੱਚ ਐਸੇ ਲੋਕਾਂ ਦਾ ਹੀ ਨਾਮ ਦਰਜ਼ ਹੁੰਦਾ ਹੈ। ਅਜੋਕੇ ਯੁਗ ਵਿੱਚ ਮਦਰ ਟੇਰੇਸਾ, ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ, ਦਿੱਲੀ ਦੇ ਭਾਈ ਸ਼ੰਟੀ ਸਿੰਘ, ਜਿੰਨਾਂ ਸੈਂਕੜੇ ਕੋਵਿਡ ਨਾਲ ਮਰਨ ਵਾਲੇ ਲੋਕਾਂ ਦਾ ਬੇਝਿਜਕ, ਬਿਨਾ ਵਿਤਕਰੇ ਮੁਫ਼ਤ ਸਸਕਾਰ ਕੀਤਾ। ਬਰਾਬਰਤਾ ਦੀ ਸਭ ਤੋਂ ਅਦੁੱਤੀ ਇਤਿਹਾਸਕ ਮਿਸਾਲ ਭਾਈ ਘਨਈਆ ਜੀ ਦੀ ਹੈ। ਸਹੀ ਵਿਦਿਅਕ ਗਿਆਨ ਹੀ ਐਸਾ ਇਨਸਾਨ ਪੈਦਾ ਕਰ ਸਕਦਾ ਹੈ। ਗੁਰਬਾਣੀ ਅਨੁਸਾਰ: ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਵਿੱਦਿਆ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤਵਾਂ ਗਿਆਨ ਦੇ ਕੇ ਸਾਡੀ ਕਾਰਜ ਕੁਸ਼ਲਤਾ ਵਿੱਚ ਵਿਕਾਸ ਕਰਦੀ ਹੈ। ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਦੀ ਸੋਝੀ ਦਿੰਦੀ ਹੈ। ਦੂਸਰੇ ਸ਼ਬਦਾਂ ਵਿੱਚ ਵਿੱਦਿਆ ਇਕ ਐਸੀ ਦਵਾਈ ਹੈ ਜੋ ਸਮਾਜਿਕ ਕੋਹੜ ਨੂੰ ਠੀਕ ਕਰਦੀ ਹੈ। ਬਹੁਤ ਸਾਰੇ ਦੇਸ਼ਾਂ ਨੇ ਵਿੱਦਿਆ ਦੇ ਪਸਾਰ ਨਾਲ ਆਰਥਿਕ, ਸਿਹਤ, ਜੀਵਨ ਸ਼ੈਲੀ, ਸਮਾਜਿਕ ਮਾਨ ਤਾਵਾਂ, ਸਮਾਜਿਕ ਸਮਾਨਤਾਵਾਂ ਅਤੇ ਸਭਿਆਚਾਰ ਵਿੱਚ ਇਨਕਲਾਬੀ ਤਰੱਕੀ ਕੀਤੀ ਹੈ। ਅਸੀਂ ਆਪਣੇ ਮੁਲਕ ਵਿੱਚ ਵਿੱਦਿਆ ਦੇ ਫੈਲਾਉ ਨਾਲ ਐਸੀ ਤਰੱਕੀ ਹੁੰਦੀ ਵੇਖੀ ਹੈ ਤੇ ਆਪ ਕੀਤੀ ਹੈ। ਅੱਜ ਸਾਡੇ ਮੁਲਕ ਦੇ ਵਿਦਿਆਰਥੀ ਦੂਸਰੇ ਮੁਲਕਾਂ ਵਿੱਚ ਵਿੱਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਤੇ ਵਪਾਰ ਕਰ ਰਹੇ ਹਨ। ਵਿਦਿਆ ਨਾਲ ਹੀ ਸੋਚ ਉਸਾਰੂ ਹੈ। ਨਵੀਆਂ ਸ਼ਕਤੀਆਂ ਦਾ ਸੰਚਾਰ ਹੁੰਦਾ ਹੈ ਜਿਸ ਕਰਕੇ ਮੁਲਕਾਂ ਦੀ ਦਿੱਖ ਅਤੇ ਪ੍ਰਭਾਵ ਵੀ ਬਦਲ ਜਾਂਦੇ ਹਨ। ਵਿੱਦਿਆ ਪ੍ਰਾਪਤੀ ਨਾਲ ਅਸੀਂ ਅਨਿਆਂ ਹਿੰਸਾ ਭਰਿਸ਼ਟਾਚਾਰ, ਔਰਤਾਂ ਬੱਚਿਆਂ ਬਜ਼ੁਰਗਾਂ ਉਪਰ ਹੁੰਦੀ ਹਿੰਸਾ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਨਾਲ ਲੜਨ ਲਈ ਤਾਕਤ ਹਾਸਲ ਕਰਦੇ ਹਾਂ। ਸਾਡੇ ਅੰਦਰ ਜ਼ਿੰਦਗੀ ਨੂੰ ਇਕ ਬਿਹਤਰ ਅਤੇ ਉੱਚੇ ਪੱਧਰ ਨਾਲ ਜੀਉਣ ਦੀ ਇੱਛਾ ਪੈਦਾ ਹੁੰਦੀ ਹੈ। ਆਲਾ ਦੁਆਲਾ ਬਿਹਤਰ ਬਣਾਉਣ ਦੀ ਲਗਨ ਲਗਦੀ ਹੈ। ਇਹ ਜਗ ਸੱਚੇ ਦੀ ਕੋਠੜੀ ਲਗਣ ਲਗਦਾ ਹੈ: ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ।। ਸਿੱਖ ਧਰਮ ਨੇ ਵਿਦਿਆ ਪਸਾਰ ਲਈ ਕਮਾਲ ਦਾ ਕੰਮ ਕੀਤਾ ਹੈ। ਕਿੰਨੇ ਹੀ ਸਕੂਲ ਕਾਲਜ ਵਿਸ਼ਵ-ਵਿਦਿਆਲਯ ਗੁਰੂ ਸਾਹਿਬਾਨ ਤੇ ਖਾਲਸੇ ਦੇ ਨਾਂ ਉੱਤੇ ਖੋਹਲ ਕੇ ਵਿਦਿਆ ਦੇ ਪ੍ਰਚਾਰ ਅਤੇ ਪਸਾਰ ਦਾ ਕਾਰਜ ਜਾਰੀ ਰੱਖਿਆ ਹੈ। ਕਿਹਾ ਜਾ ਸਕਦਾ ਹੈ ਕਿ ਵਿੱਦਿਆ ਤਾਂ ਹੀ ਪਰਉਪਕਾਰੀ ਹੋ ਸਕਦੀ ਹੈ ਜੇ ਕਾਰਜਸ਼ੀਲ ਅਤੇ ਕਰਮਸ਼ੀਲ ਹੋਣ ਦੇ ਨਾਲ ਸਰੱਬਤ ਦੇ ਭਲੇ ਲਈ ਹੋਵੇ। ਸੋ ਧਰਮ ਵਿੱਦਿਆ ਦੇ ਪਸਾਰ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। |
17 ਮਾਰਚ 2022 *** 689 *** |