16 April 2024

ਜਦੋਂ ਪੱਗਾਂ ਵਾਲੇ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਚਲਾਉਣ ਲਈ ਡਟ ਗਏ—-ਕੰਵਰ ਬਰਾੜ (ਇੰਗਲੈਂਡ)

ਪਿਛਲੇ ਹਫ਼ਤੇ ਲੰਡਨ ਦੇ ਪੱਛਮੀ ਕਰੋਮਵਿੱਲ ਰੋਡ ਤੇ ਸਥਿਤ “ਰਾਸ਼ਟਰੀ ਇਤਿਹਾਸ ਅਜਾਇਬ ਘਰ” ਦੇ ਬਾਹਰ ਸੜਕ ਦੀਆਂ ਬੱਤੀਆਂ ਤੇ ਢਲਦੇ ਦਿਨ ਮੇਰੇ ਮੋਟਰਸਾਈਕਲ ਦੇ ਬਰਾਬਰ ਲੜਾਂ ਵਾਲੀ ਕਾਲੀ ਪੱਗ ਸਜਾਈ ਮੇਰੇ ਹਮ-ਉਮਰ ਸਰਦਾਰ ਨੇ ਆ ਆਪਣਾ ਮੋਟਰਸਾਈਕਲ ਲਾਇਆ।

ਰੁਕਦਿਆਂ ਹੀ ਉਸ ਨੇ ਫ਼ਤਿਹ ਬੁਲਾਈ ਤੇ ਮੇਰੇ ਮੋਟਰਸਾਈਕਲ ਤੇ ਲੱਗੇ “ਚੜ੍ਹਦੀ ਕਲਾ” ਵਾਲੇ ਸਟਿੱਕਰ ਨੂੰ ਦੇਖ ਕੇ ਖ਼ੁਸ਼ੀ ਪ੍ਰਗਟਾਈ। ਐਨੇ ਨੂੰ ਲਾਈਟਾਂ ਹਰੀਆਂ ਹੋਈਆਂ ਤੇ ਅਸੀਂ ਦੋਹੇਂ ਕਾਰਾਂ ਦੇ ਮੂਹਰੇ ਮੂਹਰੇ ਦੌੜ ਵੱਟ ਗਏ।

ਯੂਕੇ ਵਿਚ ਚੰਗੀਆਂ ਸੜਕਾਂ ਦਾ ਜਾਲ ਵਿਛੇ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਮੋਟਰਸਾਈਕਲ ਚਲਾਉਣ ਤੋਂ ਕੰਨੀ ਕਤਰਾਉਂਦੇ ਹਨ। ਜੇ ਚਲਾਉਣ ਵੀ ਤਾਂ ਹੈਲਮਟ ਤੇ ਸੁਰੱਖਿਆਤਮਿਕ ਕੱਪੜੇ ਪਹਿਨ ਕੇ ਚਲਾਉਂਦੇ ਨੇ ਤਾਂ ਜੋ ਕਾਰਾਂ ਤੇ ਟਰੱਕਾਂ ਨਾਲ ਭਰੀਆਂ ਸੜਕਾਂ ਉੱਤੇ ਉੱਨੀ ਇੱਕੀ ਹੁੰਦਿਆਂ ਕੁਝ ਨਾ ਕੁਝ ਬਚਾ ਹੋ ਸਕੇ।

ਕੋਈ ਸਿੱਖ ਸਰਦਾਰ ਪਗੜੀ ਬੰਨ੍ਹ ਕੇ ਮੋਟਰਸਾਈਕਲ ਚਲਾਉਂਦਾ ਤਾਂ ਕਦੇ ਕਦਾਈਂ ਹੀ ਨਿਗਾਹ ਪੈਂਦਾ। ਉਸ ਦਿਨ ਮੈਂ ਬਾਕੀ ਰਸਤੇ ਘਰ ਵੱਲ ਪਰਤਦਿਆਂ ਇਹ ਸੋਚਦਾ ਆਇਆ ਕੇ ਕਿਵੇਂ ਕਿਸੇ ਸਿੱਖ ਦਾ ਪੱਛਮੀ ਦੇਸ਼ਾਂ ਵਿਚ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣਾ ਧਰਮ ਦੀ ਆਜ਼ਾਦੀ ਦਾ ਅਹਿਮ ਚਿੰਨ੍ਹ ਹੈ – ਪਰ ਜਿਵੇਂ ਅਸੀਂ ਜਾਣਦੇ ਹਾਂ ਕੇ ਆਜ਼ਾਦੀਆਂ ਸੌਖੀਆਂ ਨਸੀਬ ਨਹੀਂ ਹੁੰਦੀਆਂ।

ਕੱਲ੍ਹ ਸਾਊਥਾਲ ਵਿਚ ਕੁਝ ਸੁਲਝੇ ਵਿਦਵਾਨਾਂ ਦੀ ਸੰਗਤ ਕਰਦਿਆਂ ਕੁਦਰਤੀ ਇਸ ਮੁੱਦੇ ਤੇ ਗੱਲ ਛਿੜ ਪਈ ਕੇ ਕਿਵੇਂ ਸਿੱਖਾਂ ਨੇ ਇੰਗਲੈਂਡ ਵਿਚ ਘਾਲਣਾ ਘਾਲ ਕੇ ਹੈਲਮਟ ਦੀ ਥਾਂ ਪੱਗ ਬੰਨ੍ਹ ਕੇ ਪਹਿਲੀ ਵਾਰੀ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਪ੍ਰਾਪਤ ਕੀਤਾ।

1960 ਵੇਂ ਦਹਾਕੇ ਵਿਚ ਪੱਗ ਬੰਨ੍ਹ ਕੇ ਜਨਤਕ ਥਾਵਾਂ ਵਿੱਚ ਨੌਕਰੀਆਂ ਕਰਨ ਲਈ ਚੱਲੀਆਂ ਵੱਖੋ ਵੱਖਰੀਆਂ ਮੁਹਿੰਮਾਂ ਨੇ ਜਿੱਥੇ ਇੰਗਲੈਂਡ ਵੱਸਦੇ ਸਿੱਖਾਂ ਨੂੰ ਇਕੱਠੇ ਕੀਤਾ ਓਥੇ ਆਮ ਸਮਾਜ ਵਿਚ ਸਿੱਖ ਭਾਈਚਾਰੇ ਸੰਬੰਧੀ ਜਾਗਰੂਕਤਾ ਪੈਦਾ ਹੋਈ। ਪਰ ਇਸੇ ਦਹਾਕੇ ਦੇ ਪਿਛਲੇ ਸਾਲਾਂ ਵਿਚ ਅਫ਼ਰੀਕੀ ਦੇਸ਼ਾਂ ਤੋਂ ਹੋਰ ਭਾਰਤੀਆਂ ਤੇ ਸਿੱਖਾਂ ਦੇ ਪਰਵਾਸ ਦੀਆਂ ਨਵੀਂਆਂ ਲਹਿਰਾਂ ਕਾਰਨ ਨਸਲਵਾਦ ਦੀ ਲਹਿਰ ਇਕ ਵਾਰ ਫੇਰ ਤੇਜ਼ ਹੋ ਗਈ।

ਇਸੇ ਦੌਰਾਨ 1972 ਵਿਚ ਅੰਗਰੇਜ਼ੀ ਸਮਾਜ ਵਿਚ ਸਿੱਖਾਂ ਦੀ ਕੁਝ ਹੱਦ ਤਕ ਪਸਰਦੀ ਪ੍ਰਵਾਨਗੀ ਨੂੰ ਇਕ ਨਵੇਂ ਬਣੇ ਕਾਨੂੰਨੀ ਨਿਯਮ ਨੇ ਆ ਧਮਕਾਇਆ ਤੇ ਉਹ ਸੀ – ਸਾਰੇ ਮੋਟਰਸਾਈਕਲ ਸਵਾਰਾਂ ਲਈ ਹੈਲਮਟ ਪਹਿਨਣ ਦਾ ਲਾਜ਼ਮੀ ਕਾਨੂੰਨ।

ਸੜਕ ਆਵਾਜਾਈ ਐਕਟ (1972) ਦੀ ਧਾਰਾ 32 ਨੇ ਸਾਰੇ ਮੋਟਰਸਾਈਕਲ ਸਵਾਰਾਂ ਲਈ ਇਹ ਲਾਜ਼ਮੀ ਕਰ ਦਿੱਤਾ ਕੇ ਉਹ ਸੁਰੱਖਿਆਤਮਿਕ ਹੈਲਮਟ ਪਹਿਨਣ। ਸਿੱਖ ਭਾਈਚਾਰੇ ਦੁਆਰਾ ਮੰਤਰਾਲੇ ਨੂੰ ਗੁਜ਼ਾਰਿਸ਼ ਕਰਨ ਦੇ ਬਾਵਜੂਦ ਆਵਾਜਾਈ ਮੰਤਰੀ ਨੇ ਸਿੱਖਾਂ ਨੂੰ ਇਸ ਕਨੂੰਨ ਤੋਂ ਕੋਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਕਾਨੂੰਨ ਦੀ ਪਾਲਣਾ ਨਾ ਕਰਦਿਆਂ ਸਿੱਖਾਂ ਨੇ ਜਾਣਬੁੱਝ ਕੇ ਬਿਨਾਂ ਹੈਲਮਟ ਦੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾ ਕੇ ਕਾਨੂੰਨ ਦੀ ਉਲੰਘਣਾ ਕੀਤੀ। ਭਾਵੇਂ ਸਾਰੇ ਦੇਸ਼ ਵਿਚ ਹੱਥ ਦੀਆਂ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੱਖਾਂ ਕੋਲ ਹੀ ਮੋਟਰਸਾਈਕਲ ਸਨ।

1973 ਵਿੱਚ, ਦੋ ਸਿੱਖਾਂ ਨੂੰ ਫੜਿਆ ਗਿਆ ਅਤੇ ਜੁਰਮਾਨਾ ਭਰਨ ਲਈ ਕਿਹਾ ਗਿਆ ਕਿਉਂਕਿ ਉਹਨਾਂ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਦੀ ਬਜਾਏ ਪੱਗ ਬੰਨ੍ਹੀ ਹੋਈ ਸੀ। ਇਸ ਨਾਲ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਰੋਸ ਪੈਦਾ ਹੋ ਗਿਆ।

ਦੋ ਸਿੱਖਾਂ, ਸਾਊਥਾਲ ਦੇ ਬਲਦੇਵ ਸਿੰਘ ਚਹਿਲ ਤੇ ਮਾਨਚੈਸਟਰ ਦੇ ਸਰਦਾਰ ਸਿੰਘ ਉਰਫ਼ ਗਿਆਨੀ ਜੀ ਨੇ ਇਸ ਕਾਨੂੰਨ ਦੀ ਖ਼ਿਲਾਫ਼ਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਬਲਦੇਵ ਸਿੰਘ ਚਾਹਲ ਵੱਲੋਂ ‘ਰਾਸ਼ਟਰੀ ਦਸਤਾਰ ਐਕਸ਼ਨ ਕਮੇਟੀ’ ਬਣਾਈ ਗਈ। ਗਿਆਨੀ ਜੀ ਇਸ ਮੁਹਿੰਮ ਦੇ ਆਗੂ ਸਨ। ਉਸ ਨੇ ਇੱਕ ਮੋਟਰਸਾਈਕਲ ਖ਼ਰੀਦਿਆ ਅਤੇ ਬਿਨਾਂ ਹੈਲਮਟ ਪਹਿਨੇ ਸ਼ਹਿਰ ਭਰ ਵਿੱਚ ਚਲਾਇਆ। ਅਸਲ ਵਿੱਚ, ਉਸ ਨੂੰ ਕਈ ਵਾਰ ਨਾਮਜ਼ਦ ਕੀਤਾ ਗਿਆ ਸੀ ਅਤੇ ਜੁਰਮਾਨਾ ਭਰਨ ਲਈ ਕਿਹਾ ਗਿਆ ਸੀ। ਉਸ ਨੇ ਆਪਣੀ ਮਰਜ਼ੀ ਨਾਲ ਸਜ਼ਾ ਅਧੀਨ ਦਿਨ ਵੀ ਕੱਟੇ ਸਨ।

ਇਸ ਮੋਟਰਸਾਈਕਲ ਮੁਹਿੰਮ ਵਿੱਚ ਮੋਹਰੀ ਕਾਰਕੁਨ ਬਲਦੇਵ ਸਿੰਘ ਚਹਿਲ ਨੇ ਇਸ ਮੁੱਦੇ ਨੂੰ ਮੁੱਖ ਰੱਖਦਿਆਂ ਈਲਿੰਗ, ਸਾਊਥਾਲ ਤੋ ਪਾਰਲੀਮੈਂਟ ਦੀ ਚੋਣ ਵੀ ਲੜੀ । ਅਦਾਲਤਾਂ ਦੇ 70 ਤੋਂ ਵੱਧ ਵਾਰੀਂ ਜੁਰਮਾਨਾ ਕਰਨ ਦੇ ਬਾਵਜੂਦ ਵੀ ਬਲਦੇਵ ਚਾਹਲ ਨੇ ਹਿੰਮਤ ਨਹੀਂ ਹਾਰੀ ਤੇ ਕਾਫ਼ੀ ਜੱਦੋ ਜਹਿਦ ਮਗਰੋਂ ਅਦਾਲਤ ਨੇ ਧਰਮ ਦੀ ਆਜ਼ਾਦੀ ਨੂੰ ਅਹਿਮ ਗਰਦਾਨਦਿਆਂ ਤੇ ਨਾਲ ਹੀ ਸਿਹਤ ਦੀ ਸੁਰੱਖਿਆ ਸਬੰਧੀ ਕੁਝ ਹਦਾਇਤਾਂ ਦਿੰਦਿਆਂ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਕਰ ਦਿੱਤਾ ।

ਨਤੀਜੇ ਵਜੋਂ ਲੇਬਰ ਸਰਕਾਰ ਨੇ ਸਾਊਥਾਲ ਲਈ ਐੱਮ.ਪੀ ਸਿਡਨੀ ਬਿਡਵੈਲ ਦੁਆਰਾ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰਾਂ ਦੇ ਬਿੱਲ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ, ਮੋਟਰ-ਸਾਈਕਲ ਹੈਲਮਟ (ਧਾਰਮਿਕ ਛੋਟ) ਐਕਟ (1976) ਨੇ ਸੜਕ ਆਵਾਜਾਈ ਐਕਟ (1972) ਦੀ ਧਾਰਾ 32 ਨੂੰ ਸੋਧ ਕੇ ਇਹ ਘੋਸ਼ਣਾ ਕੀਤੀ ਕਿ ਇਹ ‘ਸਿੱਖ ਧਰਮ ਦੇ ਅਨੁਯਾਈ ‘ਤੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ ਜਦੋਂ ਉਸਨੇ ਨੇ ਪੱਗ ਪਹਿਨੀ ਹੋਵੇ।’

ਬਾਅਦ ਵਿਚ ਇਕ ਦੋ ਸੱਜੇ ਪੱਖੀ ਲੋਕਾਂ ਨੇ ਇਸ ਕਾਨੂੰਨ ਦੇ ਵਿਰੋਧ ਵਿਚ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਕੋਸ਼ਿਸ਼ਾਂ ਕੀਤੀ ਪਰ ਬਾਅਦ ਵਿਚ ਉਹਨਾਂ ਨੂੰ ਸਿੱਖ ਧਰਮ ਦੀ ਬੇਅਦਬੀ ਕਰਨ ਦੇ ਮਾਮਲਿਆਂ ਵਿੱਚ ਜਦੋਂ ਅਦਾਲਤੀ ਕਾਰਵਾਈ ਵਿਚੋਂ ਗੁਜ਼ਰਨਾ ਪਿਆ ਤਾਂ ਉਹਨਾਂ ਨੇ ਸਿੱਖ ਧਰਮ ਪ੍ਰਤੀ ਸਤਿਕਾਰ ਹੋਣ ਦੀ ਹਾਮੀ ਭਰੀ ਤੇ ਕੁਝ ਦੇਰ ਬਾਅਦ ਅਜਿਹਾ ਕਰਨੋਂ ਹਟ ਗਏ ।

ਸੋ ਇਹ ਹੈ ਪੁਰਾਣੇ ਵਲੈਤੀਆਂ ਦੀਆਂ ਸਾਡੇ ਸਭ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਝਲਕ ਜਿਸ ਦਾ ਫ਼ਾਇਦਾ ਬਾਅਦ ਵਿਚ ਇੰਗਲੈਂਡ ਦੇ ਨਾਲ ਨਾਲ ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਵੀ ਹੋਇਆ।
***
755

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →