ਕਸ਼ਮਕਸ਼ ਬਰਮਿੰਘਮ (ਯੂ.ਕੇ.) ਵਾਸੀ ਲੇਖਿਕਾ ਦੀ 16 ਰੌਚਿਕ ਕਹਾਣੀਆਂ ਦੀ ਇਹ ਪੁਸਤਕ 1992 ਵਿਚ ਛਪੇ ਉਸ ਦੇ ਕਹਾਣੀ ਸੰਗ੍ਰਹਿ ਦਾ ਦੂਸਰਾ ਸੋਧਿਆ ਸੰਸਕਰਨ ਹੈ। ਕੁਝ ਨਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ. ਮਹਿੰਦਰ ਸਿੰਘ ਡਡਵਾਲ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੇ ਪੁਸਤਕ ਦੇ ਪਿਛਲੇ ਸੰਸਕਰਨ ਵਾਲੇ ਸਾਰਥਕ ਵਿਚਾਰ ਹਨ। ਕੁਝ ਸਾਹਿਤਕ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ । ਅਦਬੀ ਸ਼ਖ਼ਸੀਅਤ ਹਰਮੀਤ ਅਟਵਾਲ ਨੇ ਕਹਾਣੀਆਂ ਬਾਰੇ ਬਲਦੇਵ ਸਿੰਘ ਧਾਲੀਵਾਲ ਤੇ ਹੋਰ ਵਿਦਵਾਨਾਂ ਦੇ ਹਵਾਲੇ ਨਾਲ ਪੁਸਤਕ ਦੀਆਂ ਕਹਾਣੀਆਂ ਦੀ ਅੰਦਰੂਨੀ ਤਹਿ ਤੱਕ ਜਾ ਕੇ ਲੇਖਿਕਾ ਨੂੰ ਕਮਾਲ ਦੀ ਕਹਾਣੀਕਾਰ ਤਸੱਵਰ ਕੀਤਾ ਹੈ। ਕਹਾਣੀਆਂ ਵਿਚ ਮਨੁੱਖੀ ਮਨੋਵਿਗਿਆਨ ਹੈ। ਪ੍ਰਦੇਸਾਂ ਵਿਚ ਜੀਵਨ ਜੀਅ ਰਹੇ ਪੰਜਾਬੀਆਂ ਦੀ ਜ਼ਿੰਦਗੀ ਦੇ ਕਈ ਅਨੁਭਵ ਕਹਾਣੀਆਂ ਵਿਚ ਹਨ। ਕਹਾਣੀਆਂ ਦੇ ਕਈ ਪਾਤਰ ਪੱਛਮੀ ਜ਼ਿੰਦਗੀ ਜਿਊਂਦੇ ਹਨ। ਵਿਰਾਸਤੀ ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਰਹਿਣ-ਸਹਿਣ, ਕਾਹਲ ਦੀ ਜ਼ਿੰਦਗੀ, ਤਿੜਕਦੇ ਰਿਸ਼ਤੇ, ਇਕੱਲਤਾ ਦਾ ਜੀਵਨ, ਮਾਤ ਭੂਮੀ ਦਾ ਹੇਰਵਾ, ਮਾਂ ਬੋਲੀ ਪੰਜਾਬੀ ਨਾਲ ਪਿਆਰ, ਗੋਰਿਆਂ ਦੇ ਜੀਵਨ ਦੀ ਖੁੱਲ੍ਹ ਵੇਖਣ ਮਾਣਨ ਦਾ ਓਪਰਾ ਜਿਹਾ ਅਹਿਸਾਸ ਪੁਸਤਕ ਦੀਆਂ ਕਹਾਣੀਆਂ ਵਿਚ ਹੈ। ਪਹਿਲੀ ਕਹਾਣੀ ਵਿਚ ਮਤਰੇਆ ਬਾਪ ਆਪਣੇ ਬੱਚੇ ‘ਤੇ ਤਸ਼ੱਦਦ ਕਰਦਾ ਹੈ। ਮਾਂ ਦਾ ਦਿਲ ਤੜਪਦਾ ਹੈ। ਸੌਂਕਣਾਂ ਦਾ ਵਿਹਾਰ ਭੈਣਾਂ ਵਰਗਾ ਹੈ। ਇਕ ਔਰਤ ਦੂਸਰੀ ਨੂੰ ਕਹਿੰਦੀ ਹੈ-ਤੂੰ ਪ੍ਰੇਮ ਦਾ ਸਾਗਰ ਹੈਂ। ਮਾਂ ਮਿੱਠੇ ਬੋਲਾਂ ਨਾਲ ਬੱਚੇ ਨੂੰ ਪਿਆਰ ਕਰਦੀ ਹੈ। ਇੱਕੋ ਖੂਨ ਦੀ ਪਾਤਰ ਦਾ ਪੁੱਤਰ ਤੇ ਪਤੀ ਘਰੋਂ ਬਾਹਰ ਹਨ। ਲੋਕਾਂ ਦੇ ਸਹਿਯੋਗ ਨਾਲ ਉਹ ਧੀ ਦਾ ਵਿਆਹ ਕਰਦੀ ਹੈ। ਇਕੱਲੀ ਰਹਿੰਦੀ ਹੈ। ਇਕੱਲਤਾ ਅੱਗੇ ਜ਼ਿੰਦਗੀ ਹਾਰ ਜਾਂਦੀ ਹੈ। ਅਖੀਰ ਧੀ ਜਵਾਈ ਹੀ ਸਸਕਾਰ ਕਰਦੇ ਹਨ। ਕਹਾਣੀ ਵਿਚ ਆਪਣਿਆਂ ਦਾ ਖੂਨ ਚਿੱਟਾ ਹੁੰਦਾ ਹੈ। ਕਹਾਣੀ ਬੋਹੜ ਦੀ ਛਾਂ ਦਾ ਪਾਤਰ ਮਹਿਮਾ ਸਿੰਘ ਆਪਣੇ ਪੁੱਤਰ ਲੱਖੀ ਨੂੰ ਪੰਜਾਬੀ ਨਾਲ ਜੋੜਦਾ ਹੈ। ਪੰਜਾਬ ਵਿਖਾਉਂਦਾ ਹੈ। ਬੋਹੜ ਦੀਆਂ ਛਾਵਾਂ ਹੇਠ ਬੈਠਦਾ ਹੈ। ਆਪਣਾ ਡਿੱਗਾ ਢੱਠਾ ਘਰ ਵਿਖਾਉਂਦਾ ਹੈ। ਕਸ਼ਮਕਸ਼ ਦਾ ਸਾਧੂ ਸਿੰਘ ਪਤਨੀ ਦੀ ਮੌਤ ਪਿੱਛੋਂ ਇਕੱਲਤਾ ਵਿਚ ਰਹਿੰਦਾ ਹੈ ਪਰ ਬੈਚੈਨ ਹੈ। ਇਕ ਦਿਨ ਹੁਸੀਨ ਔਰਤ ਵੱਲ ਖਿੱਚਿਆ ਜਾਂਦਾ ਹੈ। ਨਾਮੀ ਵਿਚਾਰੀ ਵਿਧਵਾ ਤੀਵੀਂ ਹੈ। ਅਮਲੀ ਨਾਲ ਜਾਂਦੀ ਹੈ। ਪਰ ਉਹ ਨਸ਼ੇ ਪਿੱਛੇ ਅੱਗੇ ਉਸ ਨੂੰ ਵੇਚ ਦਿੰਦਾ ਹੈ। ਕਹਾਣੀ ਪੜ੍ਹ ਕੇ ਰੂਹ ਕੰਬ ਜਾਂਦੀ ਹੈ । ਉਹ ਦਲੀਪ ਕੌਰ ਟਿਵਾਣਾ ਦੇ ਨਾਵਲ (ਏਹੁ ਹਮਾਰਾ ਜੀਵਨਾ) ਦੀ ਪਾਤਰ ਭਾਨੋ ਜਾਪਦੀ ਹੈ। ਅਪਰਾਧੀ, ਹੁਕਮ, ਕਾਲੇ, ਰਾਜ, ਰੇਤ ਦਾ ਘਰ ਦਿਲਚਸਪ ਕਥਾ ਰਸ ਭਰਪੂਰ ਕਹਾਣੀਆਂ ਹਨ। ਪੁਸਤਕ ਦਾ ਸਵਾਗਤ ਹੈ। ਮੋ: 98148-56160 |