![]() ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਡੇਢ ਦਰਜਨ ਨਾਟਕ, ਖੋਜ, ਕਵਿਤਾ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਉਸ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਐਮ.ਫਿਲ ਹੈ, ਪ੍ਰੰਤੂ ਸਾਹਿਤ ਦੇ ਰੂਪਾਂ ਨੂੰ ਉਹ ਆਮ ਬੁੱਧੀਜੀਵੀ ਵਿਦਵਾਨਾਂ ਵਾਂਗ ਬਣਾਏ ਗਏ ਮਾਪ ਦੰਡਾਂ ਅਨੁਸਾਰ ਲਿਖਣ ਤੇ ਪੜਚੋਲਣ ਦੇ ਹੱਕ ਵਿੱਚ ਨਹੀਂ। ਪੰਜਾਬੀ ਭਾਸ਼ਾ ਦਾ ਉਹ ਗੂੜ੍ਹ ਗਿਆਨੀ ਹੈ 1974 ਵਿੱਚ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਿਹੜਾ ਲਗਾਤਾਰ ਹੁਣ ਤੱਕ ਜ਼ਾਰੀ ਹੈ। ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਪਰਵਾਸ ਵਿੱਚ ਕੈਨੇਡਾ ਵਿਖੇ ਪਰਿਵਾਰ ਸਮੇਤ ਚਲਾ ਗਿਆ। ਪ੍ਰੰਤੂ ਉਹ ਪੰਜਾਬੀ ਵਿਰਾਸਤ, ਸਭਿਅਚਾਰ ਅਤੇ ਸਾਹਿਤ ਨਾਲ ਬਾਵਾਸਤਾ ਹੈ। ਪ੍ਰਵਾਸ ਵਿੱਚ ਬੈਠਕੇ ਵੀ ਉਸ ਦਾ ਪੰਜਾਬੀ ਮੋਹ ਬਰਕਰਾਰ ਹੈ। ਇਸ ਲਈ ਉਹ ਲਗਾਤਾਰ ਪੰਜਾਬੀ ਬੋਲੀ ਦੀ ਝੋਲੀ ਵਿੱਚ ਹਰ ਸਾਲ ਆਪਣੀਆਂ ਦੁਰਲਭ ਪੁਸਤਕਾਂ ਪਾ ਰਿਹਾ ਹੈ। ਪੰਜਾਬੀ ਦਾ ਕੋਈ ਅਖ਼ਬਾਰ ਅਤੇ ਮੈਗਜ਼ੀਨ ਨਹੀਂ, ਜਿਸ ਵਿੱਚ ਉਸਦੇ ਸਾਹਿਤਕ ਮਸ ਦੀ ਝਲਕ ਨਾ ਪੈਂਦੀ ਹੋਵੇ। ਉਸ ਦਾ ਤਾਜਾ ਤਰੀਨ ਚਰਚਾ ਅਧੀਨ ਪ੍ਰਕਾਸ਼ਤ ਹੋਇਆ ਕਹਾਣੀ ਸੰਗ੍ਰਹਿ ‘ਹੱਥਾਂ ‘ਚੋਂ ਕਿਰਦੀ ਰੇਤ’ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਉਸ ਦੀਆਂ 14 ਕਹਾਣੀਆਂ, ਜਿਨ੍ਹਾਂ ਵਿੱਚ 7 ਪੰਜਾਬ ਅਤੇ 7 ਪ੍ਰਵਾਸ ਦੀ ਜੀਵਨ ਸ਼ੈਲੀ ਨਾਲ ਸੰਬੰਧਤ ਵਿਸ਼ਿਆਂ ‘ਤੇ ਲਿਖੀਆਂ ਹੋਈਆਂ ਹਨ। ਪੰਜਾਬੀਆਂ ਦਾ ਜੋ ਸਮਾਜਿਕ ਅਤੇ ਸਭਿਅਚਾਰਕ ਵਿਰਸਾ ਹੈ, ਉਸ ਦੀ ਝਲਕ ਲਗਪਗ ਸਾਰੀਆਂ ਕਹਾਣੀਆਂ ਵਿੱਚੋਂ ਮਿਲਦੀ ਹੈ। ਕਹਾਣੀਆਂ ਦੀ ਬੋਲੀ ਸਰਲ ਅਤੇ ਗੱਲਬਾਤੀ ਸ਼ੈਲੀ ਵਿੱਚ ਹੈ। ਉਸ ਦੀ ਠੇਠ ਪੰਜਾਬੀ ਦੇ ਸਬੂਤ ਵਜੋਂ ਇਹ ਵਾਕ ‘ਤੁਸੀਂ ਪਾਂਧਾ ਨਾ ਪੁੱਛੋ’, ਨਾਲੇ ਚੋਰ ਨਾਲੇ ਚਤੁਰਾਈ, ਕਲੇਸ਼ਣ ਕਿਸੇ ਥਾਂ ਦੀ, ਪਤਾ ਨਹੀਂ ਕੀ ਸਪ ਸੁੰਘ ਜਾਂਦਾ ਹੈ, ਮੇਰੀ ਖਾਨਿਉਂ ਗਈ, ਮਾਰੋ ਗੋਲੀ ਅਜਿਹੇ ਕੈਨੇਡਾ ਨੂੰ, ਨਾ ਤੂੰ ਡੋਕੇ ਲੈਣੇ ਨੇ, ਠੂੰਗੇ ਮਾਰਨ ਜੋਗਾ, ਤੇਰੀ ਲੁਤਰੋ ਜ਼ਿਆਦਾ ਹੀ ਚਲਣ ਲੱਗ ਪਈ, ਸਾਡੀ ਬਿੱਲੀ ਸਾਨੂੰ ਮਿਆਊਂ, ਚਲ ਤੁਹਾਡੇ ਚੰਡਾਲਾਂ ਤੋਂ ਤਾਂ ਰੱਬ ਵੀ ਨਹੀਂ ਬਚਾ ਸਕਦਾ, ਐਂ ਲੱਗਦਾ ਜਿਵੇਂ ਕੁੜੀ ਦੱਬ ਕੇ ਆਇਆ ਹੋਵੇਂ ਆਦਿ ਹਨ। ਭਾਵੇਂ ਪੰਜਾਬੀ ਪ੍ਰਵਾਸ ਵਿੱਚ ਜਾ ਕੇ ਵਸ ਗਏ ਹਨ ਅਤੇ ਉਥੋਂ ਦੇ ਸਭਿਅਚਾਰ ਵਿੱਚ ਅਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਆਪਣੀਆਂ ਵਿਰਾਸਤੀ ਪੰਜਾਬੀ ਪਰੰਪਰਾਵਾਂ ਨਾਲ ਅਜੇ ਵੀ ਬਾਵਾਸਤਾ ਹਨ। ਇਸ ਲਈ ਉਹ ਪ੍ਰਵਾਸ ਵਿੱਚ ਅਪਣੀਆਂ ਚੰਗੀਆਂ ਤੇ ਮਾੜੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ। ਪਰਿਵਾਰਿਕ ਜ਼ਿੰਦਗੀ ਵਿੱਚੋਂ ਉਨ੍ਹਾਂ ਦੇ ਵਿਵਹਾਰ ਦਾ ਪਤਾ ਲੱਗਦਾ ਹੈ। ਉਸ ਦੀ ਪਹਿਲੀ ਕਹਾਣੀ ‘ਮੈਨੂੰ ਫ਼ੋਨ ਕਰ ਲਈਂ’ ਪ੍ਰਵਾਸ ਵਿੱਚ ਵਸੇ ਭਾਵੇਂ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਤ ਹੈ ਪ੍ਰੰਤੂ ਪੰਜਾਬੀਆਂ ਦੇ ਘਰ-ਘਰ ਦੀ ਤਸਵੀਰ ਪੇਸ਼ ਕਰਦੀ ਹੈ, ਜਿਸ ਵਿੱਚ ਅਰਜੁਨ ਅਤੇ ਸ਼ਿਫ਼ਾਲੀ ਦੀ ਵਿਵਾਹਕ ਜ਼ਿੰਦਗੀ ਵਿੱਚ ਅਰਜੁਨ ਦੇ ਮਾਪਿਆਂ ਦੇ ਆਸਟਰੇਲੀਆ ਵਿੱਚ ਪਹੁੰਚਣ ਤੋਂ ਬਾਅਦ ਨਿੱਕੀ ਜਿਹੀ ਗੱਲ ‘ਤੇ ਖਟਾਸ ਪੈਦਾ ਹੋ ਜਾਂਦੀ ਹੈ। ਅਖ਼ੀਰ ਤਲਾਕ ਤੱਕ ਨੌਬਤ ਆ ਜਾਂਦੀ ਹੈ। ਇਥੇ ਸ਼ੈਲੀ ਮੈਰਿਜ ਕੌਂਸਲਰ ਦਾ ਆਉਣਾ ਦੋਹਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਇੰਜ ਪੰਜਾਬ ਵਿੱਚ ਵੀ ਵਾਪਰਦਾ ਹੈ।
‘ਉਹ! ਤੱਕਣੀ’ ਬਹੁਤ ਹੀ ਭਾਵਨਾਤਿਕ ਕਹਾਣੀ ਹੈ, ਜਿਸ ਵਿੱਚ ਜ਼ਿਮੀਦਾਰਾਂ ਦੀ ਹਓਮੈ, ਦਾਜ ਦਾ ਲਾਲਚ, ਫੋਕੀ ਸ਼ੋਹਰਤ, ਵਿਖਾਵਾ ਅਤੇ ਫੋਕਾ ਰੋਹਬ ਵਿਖਾਉਣ ਬਾਰੇ ਦ੍ਰਿਸ਼ਟਾਂਤਿਕ ਰੂਪ ਰਾਹੀਂ ਬਿਆਨਦੀ ਹੈ। ਇਸਤਰੀਆਂ ਦੀਆਂ ਅੱਖਾਂ ਬਿਨਾ ਬੋਲਣ ਸਭ ਕੁਝ ਕਹਿ ਜਾਂਦੀਆਂ ਹਨ। ਹੱਥਾਂ ‘ਚੋਂ ਕਿਰਦੀ ਰੇਤ’ ਪਰਵਾਸ ਦੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਹੈ, ਬੱਚੇ ਪ੍ਰਵਾਸ ਦੇ ਖੁਲ੍ਹੇ ਡੁਲ੍ਹੇ ਵਾਤਾਵਰਨ ਵਿੱਚ ਵਿਗੜ ਕੇ ਨਸ਼ੇ ਅਤੇ ਮਨਮਰਜ਼ੀ ਕਰਨ ਲੱਗ ਜਾਂਦੇ ਹਨ। ਪੰਜਾਬੀ ਪ੍ਰਵਾਸ ਵਿੱਚ ਮੁੰਡੇ ਕੁੜੀ ਵਿੱਚ ਵੀ ਫ਼ਰਕ ਰੱਖਦੇ ਹਨ, ਬੱਚੇ ਰੇਤ ਦੀ ਤਰ੍ਹਾਂ ਮਾਪਿਆਂ ਦੇ ਹੱਥਾਂ ਵਿੱਚੋਂ ਨਿਕਲ ਜਾਂਦੇ ਹਨ। ਫਿਰ ਨਿਹਾਲ ਸਿੰਘ ਅਤੇ ਗੁਰਨਾਮ ਕੌਰ ਵਰਗੇ ਮਾਪੇ ਭਾਰਤ ਵਾਪਸ ਆਉਣਾ ਚਾਹੁੰਦੇ ਹੋਏ ਵੀ ਆ ਨਹੀਂ ਸਕਦੇ ਕਿਉਂਕਿ ਭੈਣ ਭਰਾਵਾਂ ਤੋਂ ਜ਼ਮੀਨਾ ਵੰਡਵਾ ਚੁੱਕੇ ਹੁੰਦੇ ਹਨ। ‘ਤੂੰ ਆਪਣੇ ਵਲ ਦੇਖ’ ਕਹਾਣੀ ਭਾਰਤ ਵਿਚ ਮਰਦਾਂ ਵੱਲੋਂ ਬਿਗਾਨੀਆਂ ਔਰਤਾਂ ਨਾਲ ਇਸ਼ਕ, ਇਮੀਗ੍ਰੇਸ਼ਨ ਏਜੰਟਾਂ ਦਾ ਕਾਲਾ ਧੰਧਾ ਅਤੇ ਪ੍ਰਵਾਸ ਵਿੱਚ ਪਿਆਰ ਵਿਆਹ ਵਰਗੇ ਮਸਲਿਆਂ ਦਾ ਪੁਲੰਦਾ ਹੈ। ਪ੍ਰਵਾਸ ਵਿੱਚ ਛੇਤੀ ਕੀਤਿਆਂ ਮਰਦ ਔਰਤ ਇਕ ਦੂਜੇ ਨੂੰ ਤੱਥਾਂ ਤੋਂ ਬਗੈਰ ਬਲੈਕ ਮੇਲ ਨਹੀਂ ਕਰ ਸਕਦੇ। ‘ਹਾਏ ਵਿਚਾਰੇ ਬਾਬਾ ਜੀ’ ਪੰਜਾਬ ਵਿੱਚ ਪਾਖੰਡੀ ਬਾਬਿਆਂ ਦੇ ਵਿਓਪਾਰ ਅਤੇ ਢੌਂਗ ਦਾ ਪਰਦਾ ਫਾਸ਼ ਕਰਦੀ ਹੈ, ਕਿਸ ਤਰ੍ਹਾਂ ਸਿਆਸੀ ਲੋਕ ਵੋਟਾਂ ਦੇ ਲਾਲਚ ਨਾਲ ਉਨ੍ਹਾਂ ਦੇ ਗ਼ੈਰਕਾਨੂੰਨੀ ਕੰਮ ਕਰਦੇ ਹਨ। ‘ਉਹ ਕਿਉਂ ਆਈ ਸੀ?’ ਕਹਾਣੀ ਪੰਜਾਬ ਦੇ ਮਰਦਾਂ ਅਤੇ ਔਰਤਾਂ ਦੀ ਬਿਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਨ ਦਾ ਤਸਦੀਕ ਕਰਦੀ ਹੈ। ਮਰਨ ਉਪਰੰਤ ਮਗਰ ਮੱਛ ਦੇ ਹੰਝੂ ਵਹਾਕੇ ਜਾਇਦਾਦ ਤੇ ਕਬਜ਼ਾ ਕਰਦੇ ਹਨ। ‘ਮੁਸ਼ਤਾਕ ਅੰਕਲ’ ਦੇਸ਼ ਦੀ ਵੰਡ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀ ਹੈ। ਸਿਆਸਤਦਾਨਾਂ ਨੇ ਆਪਣੇ ਹਿਤਾਂ ਦੀ ਪੂਰਤੀ ਲਈ ਨਾਗਰਿਕਾਂ ਵਿੱਚ ਖਟਾਸ ਪੈਦਾ ਕੀਤੀ ਹੈ। ਅਵਨੀਤ, ਮੁਸ਼ਤਾਕ, ਬਸ਼ੀਰ ਅਤੇ ਮੁਸ਼ਤਾਕ ਦੀਆਂ ਬੇਟੀਆਂ ਦੀਆਂ ਭਾਵਨਾਵਾਂ ਮੋਹ ਦੀਆਂ ਤੰਦਾਂ ਬਣਦੀਆਂ ਹਨ। ‘ਉਹ ਖਾਸ ਦਿਨ’ ਕਹਾਣੀ ਪ੍ਰਵਾਸ ਵਿੱਚ ਬੱਚਿਆਂ ਵੱਲੋਂ ਮਾਪਿਆਂ ਦੀ ਅਣਵੇਖੀ ਮਾਪੇ, ਡੇਵਡ ਤੇ ਡੋਰਥੀ ਦੇ ਵਿਚਾਰਾਂ ਦੀ ਇਕਸੁਰਤਾ ਨਾ ਹੋਣ ਦੇ ਬਾਵਜੂਦ ਆਪਣੇ ਪੁੱਤਰ ਫਿਲਿਪਸ ਲਈ ਦੁਬਾਰਾ ਇਕੱਠੇ ਹੋ ਗਏ ਪ੍ਰੰਤੂ ਫਿਲਿਪਸ ਅਣਡਿਠ ਹੀ ਕਰਦਾ ਰਿਹਾ। ‘ਆਪਣੇ ਘਰ ਦੀ ਖ਼ੁਸ਼ਬੂ’ ਕਹਾਣੀ ਪੰਜਾਬ ਦੇ ਪਿੰਡਾਂ ਵਿੱਚ ਗ਼ਰੀਬ ਪਰਿਵਾਰਾਂ ਵੱਲੋਂ ਦੁਹਾਜੂ ਤੇ ਵੱਡੀ ਉਮਰ ਦੇ ਵਿਅਕਤੀਆਂ ਨਾਲ ਆਪਣੀ ਲੜਕੀ ਦੇ ਵਿਆਹ ਕਰਨ ਤੋਂ ਬਾਅਦ ਪੈਣ ਵਾਲੇ ਕਲੇਸ਼ ਦਾ ਵਿਵਰਣ ਹੈ ਪ੍ਰੰਤੂ ਇਸ ਕਹਾਣੀ ਨੂੰ ਆਦਰਸ਼ਕ ਰੂਪ ਦੇ ਕੇ ਘਰ ਦੀ ਖ਼ੁਸ਼ਬੂ ਕਿਹਾ ਗਿਆ ਹੈ। ਇਸ ਦੇ ਪਾਤਰ ਜਗੀਰੋ, ਕਰਮਾ ਅਤੇ ਭੂਆ ਪਿੰਡਾਂ ਦੇ ਲੋਕਾਂ ਦੇ ਸੁਭਾਅ ਦੀ ਤਰਜਮਾਨੀ ਕਰਦੇ ਹਨ। ‘ਡਕਟਰ ਕੋਲ ਨਹੀਂ ਜਾਣਾ’ ਕਹਾਣੀ ਭਾਵਨਵਾਂ ਵਿੱਚ ਲਪੇਟੀ ਹੋਈ ਹੈ। ਰਵਿੰਦਰ ਸਿੰਘ ਸੋਢੀ ਨੇ ਭਾਵੇਂ ਸਾਰੀਆਂ ਕਹਾਣੀਆਂ ਹੀ ਬੜੀ ਵਧੀਆ ਵਿਉਂਤਬੰਦੀ ਨਾਲ ਲਿਖੀਆਂ ਹਨ ਪ੍ਰੰਤੂ ਇਹ ਕਹਾਣੀ ਦਲੀਲਾਂ ਨਾਲ ਪੈਦਾ ਹੋਣ ਵਾਲੀ ਬੱਚੀ ਦਾ ਦਾਦਾ, ਦਾਦੀ, ਪਿਤਾ, ਮਾਤਾ ਅਤੇ ਭਰਾ ਨਾਲ ਸੰਬਾਦ ਕਰਵਾਕੇ ਦਿਲਚਸਪ ਹੀ ਨਹੀਂ ਬਣਾਇਆ ਸਗੋਂ ਦਲੀਲਾਂ ਨੂੰ ਜਿੱਤ ਦਵਾਈ ਹੈ। ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਇਹ ਕਹਾਣੀ ਬਹੁਤ ਹੀ ਸਾਰਥਿਕ ਸਾਬਤ ਹੋਵੇਗੀ। ‘ਹਟਕੋਰੇ ਲੈਂਦੀ ਜ਼ਿੰਦਗੀ’ ਕੈਨੇਡਾ ਪੜ੍ਹਾਈ ਕਰਨ ਲਈ ਕਰਜ਼ਾ ਲੈ ਕੇ ਜਾਣ ਵਾਲੀ ਵਿਦਿਆਰਥਣ ਤਮੰਨਾ ਦੀ ਜਦੋਜਹਿਦ ਦੀ ਕਹਾਣੀ ਦਰਸਾਉਂਦੀ ਹੈ, ਰਿਸ਼ਤੇਦਾਰ ਤੋਂ ਲਿਆ ਕਰਜ਼ਾ ਵਾਪਸ ਕਰਨ ਲਈ ਦੋ-ਦੋ ਥਾਂ ਤੇ ਦਿਨ ਰਾਤ ਸ਼ਿਫਟਾਂ ਵਿੱਚ ਨੌਕਰੀ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਦੀ ਸਿਹਤ ਖ਼ਰਾਬ ਹੁੰਦੀ ਹੈ ਤੇ ਨਾਲ ਹੀ ਮਾਨਸਿਕ ਤੌਰ ‘ਤੇ ਬਿਮਾਰ ਹੋ ਜਾਂਦੇ ਹਨ। ਪ੍ਰਵਾਸ ਵਿੱਚ ਜਾਣ ਵਾਲੇ ਵਿਦਿਆਰਥੀਆਂ ਲਈ ਚਿੰਤਾ ਦਰਸਾਉਂਦੀ ਹੈ। ਕਹਾਣੀ ਸੰਗ੍ਰਹਿ ਦੀ ਆਖ਼ਰੀ ‘ਮੁਰਦਾ ਖਰਾਬ ਨਾ ਕਰੋ’ ਪੰਜਾਬ ਪੁਲਿਸ ਵੱਲੋਂ ਆਪਣੀ ਗ਼ਲਤੀ ਨਾਲ ਕੀਤੀ ਜ਼ਿਆਦਤੀ ‘ਤੇ ਪਰਦਾ ਪਾਉਣ ਦੇ ਢਕਵੰਜ ਨੂੰ ਦਰਸਾਉਂਦੀ ਹੈ। ਕਿਸ ਪ੍ਰਕਾਰ ਪੁਲਿਸ ਨਸ਼ਿਆਂ ਦੇ ਵਿਓਪਾਰ ਵਿੱਚ ਵਿਓਪਾਰੀਆਂ ਨਾਲ ਮਿਲੀਭੁਗਤ ਕਰਕੇ ਗ਼ਲਤ ਕੰਮ ਕਰਦੇ ਹਨ। 172 ਪੰਨਿਆਂ, 230 ਰੁਪਏ ਕੀਮਤ ਤੇ ਰੰਗਦਾਰ ਦਿਲਕਸ਼ ਮੁੱਖ ਕਵਰ ਵਾਲਾ ਕਹਾਣੀ ਸੰਗ੍ਰਹਿ ਸਪਤਰਿਸ਼ੀ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤਾ ਹੈ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |