22 July 2024
soniia pal

ਪੰਜ ਕਵਿਤਾਵਾਂ – ਸੋਨੀਆਂ ਪਾਲ, ਵੁਲਵਰਹੈਂਪਟਨ

ਸੋਨੀਆਂ ਪਾਲ, ਵੁਲਵਰਹੈਂਪਟਨ ਦੀਆਂ ਚੋਣਵੀਆਂ ਕਵਿਤਾਵਾਂ 

ਬੰਬਲ਼ ਵੱਟਦੀ ਬੀਬੀ

ਬੰਬਲ਼ ਵੱਟਦੀ, ਖੇਸੀ ਸਵਾਰਦੀ ਬੀਬੀ
ਅਪਣੇ ਸਹਿਜ ਅਤੇ ਸੁਹਜ ਨਾਲ
ਸ਼ਾਂਤ, ਅਡੋਲ ਬੈਠੀ
ਬੁੱਧ ਵਾਂਗ ……

ਚਾਰ-ਚਾਰ ਧਾਗੇ ਕੱਢ
ਦੋਹਾਂ ਹੱਥਾਂ ਨੂੰ ਰਗੜ-2 ਵਟਾ ਚਾੜ੍ਹਦੀ
ਬੰਬਲ਼ ਦੇ ਸਿਰੇ ਤੇ ਗੰਢ ਲਾਉਂਦੀ
ਹੱਥਾਂ ਦੀ ਬਰਕਤ ਖੇਸੀ ‘ਚ ਪਾਉਂਦੀ
ਕੁਛ ਨਾ ਬੋਲਦੀ…..

ਖੇਸੀ ਦੇ ਕੱਲੇ-ਕੱਲੇ ਰੇਸ਼ੇ ਨੂੰ
ਬੀਬੀ ਦੇ ਹੱਥਾਂ ਦੀ ਛੋਹ ਰਾਹੀਂ
ਸੁਹਜ, ਸਹਿਜ, ਬਰਕਤ ਅਤੇ ਗਰਮਾਇਸ਼ ਪਹੁੰਚਦੀ

ਇੰਝ ਖੇਸੀ ਨਿੱਘੀ ਤੇ ਹੰਢਣਸਾਰ ਬਣਦੀ
ਬੀਬੀ ਕਹਿ ਤਾਂ ਨਾ ਸਕਦੀ ਸੀ ਕਿ:

“ਜੇਸ ਖੇਸੀ ਦੀ ਤੁਸੀਂ ਬੁੱਕਲ਼ ਮਾਰੋਂ
ਮੈਂ ਵੈਸਾ ਹੀ ਕੋਈ ਨਿੱਘ ਹੋਵਾਂ ….।”

ਪਰ

ਬੀਬੀ ਦੇ ਹੱਥਾਂ ‘ਚ
ਕੋਈ ਐਸੀ ਹੀ ਭਾਵਪੂਰਤ ਸਤਰ ਸੀ

ਬੀਬੀ ਕਵਿਤਾ ਅਤੇ ਬੁੱਧ ਜਿਹੀ 
ਸੁਹਜ ਅਤੇ ਸਹਿਜਰੱਤੀ ਸੀ…

ਸੋਨੀਆਂ ਪਾਲ, ਵੁਲਵਰਹੈਂਪਟਨ

***

ਯਾਦਾਂ

ਨਿੱਤ ਦਿਹਾੜੇ ਘੁੰਮ ਕੇ ਆਂਵਾਂ
ਅਪਣੇ ਘਰ ਦੀ ਜੂਹ
ਜਦ ਵੀ ਬੈਠੀ ਯਾਦ ਕਰਾਂ ਮੈਂ
ਹਰ ਇੱਕ ਵਿੱਛੜੀ ਰੂਹ

ਵਿਹਲੀ ਹੋ ਕੇ ਸੇਕਣ ਬੈਠਾਂ
ਜੇ ਕਦੀ ਮੈਂ ਧੁੱਪਾਂ
ਮੈਨੂੰ ਅਸਲੋਂ ਮਾਰ ਮੁਕਾਵਣ
ਹੱਡੀਂ ਲੱਗੀਆਂ ਚੁੱਪਾਂ

ਖਣਖਣ ਅਪਣੀ ਵਿੱਚ ਲੈ ਬੈਠੇ
ਬਾਹਾਂ ਮੇਰੀਆਂ ਦੇ ਕੰਗਨ
ਮੇਰੇ ਸੱਚੇ ਸੁੱਚੇ ਮਿਆਰਾਂ ਵਾਲੇ
ਸਭ ਤੋੜ ਨਿਭਾਉਣੇ ਬੰਧਨ

ਨਾਲ ਤੁਸਾਂ ਜੋ ਕੀਤੀਆਂ ਰੱਜ ਰੱਜ
ਹੁਣ ਚੇਤੇ ਆਵਣ ਗੱਲਾਂ
ਇੱਕ ਚੜ੍ਹੇ ਇੱਕ ਉੱਤਰੇ ਮੈਨੂੰ
ਜਿਉਂ ਸਾਗਰ ਦੀਆਂਂ ਛੱਲਾਂ

ਭਰ ਕੇ ਡੁੱਲ੍ਹਣ ਵਾਂਗਰ ਮੇਰੀ
ਮੁੱਕ ਜਾਂਦੀ ਏ ਰਾਤ
ਐਪਰ ਕਦੇ ਨਾ ਖਤਮ ਹੁੰਦੀ
ਇਨਾਂ ਯਾਦਾਂ ਵਾਲੀ ਬਾਤ……।

ਸੋਨੀਆਂ ਪਾਲ, ਵੁਲਵਰਹੈਂਪਟਨ

***

ਰਾਮ ਪਿਆਰੀ ਦੀ ਚੱਪਲ਼

(ਇੱਕ ਅੱਖੀਂ ਦੇਖੀ ਘਟਨਾ ਦਾ ਬਿਰਤਾਂਤ )

ਸਾਉਣ ਮਹੀਨੇ ਲਾ ਟਾਂਵੀਂ ਦਿਹਾੜੀ
ਮਸਾਂ ਮਸਾਂ ਅਜੇ ਕੱਲ੍ਹ ਹੀ ਰਾਮੂ
ਲੈ ਕੇ ਆਇਆ ਚਾਈਂਂ ਚਾਈਂਂ 
ਰਬੜ ਦੀ ਚੱਪਲ਼ ਅਪਣੀ ਧੀ
ਰਾਮ ਿਪਆਰੀ ਨਿਆਣੀ ਤਾਂਈਂ
ਪੈਰੀਂ ਪਾ ਕੇ, ਸਕੂਲੇ ਆਈ
ਵਿਖਾਵੇ ਅਪਣੀ ਸਹੇਲੀ ਤਾਈਂ

ਕੁਦਰਤ ਅਪਣੀ ਖੇਡ ਰਚਾਈ
ਐਸੀ ਭਾਰੀ ਬਰਸਾਤ ਸੀ ਆਈ
ਟੋਭੇ ਭਰ ਗਏ, ਟੋਏ ਵੀ ਭਰ ਗਏ
ਭਰੀਆਂ ਨਾਲੀਆਂ ਅਤੇ ਗਲ਼ੀਆਂ
ਰਿਹਾ ਨਾ ਕੁਛ ਵੀ ਖਾਲ਼ੀ …….

ਗੋਢੇ ਗੋਢੇ ਪਾਣੀ ਭਰ ਗਿਆ
ਝਲਬਲ ਝਲਬਲ ਹੋ ਗਈ
ਛੁੱਟੀ ਵੇਲੇ ਜਦ ਸਕੂਲੋਂ ਵਾਪਸ
ਘਰ ਨੂੰ ਜਾਵੇ ਰਾਮ ਿਪਆਰੀ
ਉਹਦੇ ਮੁਹਰੇ ਅਵੇਸਲੇ ਲੋਕਾਂ ਨੂੰ
ਚੰਗਾ ਲੱਗੇ ਬਰਸਾਤੀ ਪਾਣੀ

ਬਿਜਲੀ ਗੜ੍ਹਕੇ ਬੱਦਲ਼ ਭਰ ਵਰੵਦੇ
ਰਾਮ ਪਿਆਰੀ ਦੀ ਚੱਪਲ਼ ਰੁੜ ਗਈ
ਕੌਣ ਲਿਆਵੇ ਫੜ ਕੇ?
ਖੜੀ ਵਿਚਾਰੀ ਹੁਣ ਰਾਮ ਪਿਆਰੀ
ਬੱਸ ਰੁੜ੍ਹਦੀ ਜਾਂਦੀ ਚੱਪਲ਼ ਵਿਹੰਦੀ
ਕਿਸਮਤ ਹੱਥੋਂ ਹਰ ਕੇ …………..।

ਸੋਨੀਆਂ ਪਾਲ, ਵੁਲਵਰਹੈਂਪਟਨ ।

***

ਪੰਜਾਬਣ ਦਾ ਦਿੱਲੀ ਨਾਲ ਸੰਵਾਦ :

ਕਣਕ ਦੀਆਂ ਬੱਲੀਆਂ ਨੂੰ
ਝੁਕ ਕੇ ਮੈਂ ਚੁੱਗ ਲਵਾਂ
ਝੋਨੇ ਦੀਆਂ  ਮੁੰਜਰਾਂ ਨੂੰ
ਡ੍ਰੰਮਾਂ ‘ਤੇ ਮੈਂ ਝਾੜ ਲਵਾਂ

ਘਾਹ ਦੀਆਂਂ ਪੰਡਾਂ ਨੂੰ
ਸਿਰ ‘ਤੇ ਮੈਂ ਢੋਹ ਲਵਾਂ
ਰੋਹੀ ਦਿਆਂ ਪੱਤਿਆਂ ਨੂੰ
ਹੱਥਾਂ ਨਾਲ ਹੂੰਝ ਲਵਾਂ

ਰੁੱਖਾਂ ਦਿਆਂ ਸੱਕਾਂ ਨੂੰ
ਜ਼ੋਰ ਲਾ ਝਰੀਟ ਲਵਾਂ
ਤੂੜੀ ਦਿਆਂ ਕੁੱਪਾਂ ਨੂੰ
ਮੈਂ ਤੁੰਨ੍ਹ ਤੁੰਨ ਬੰਨ੍ਹ ਲਵਾਂ

ਆੜਾਂ ਵਿੱਚ ਪਾਣੀਆਂ ਨੂੰ
ਹੱਸ ਹੱਸ ਮੋੜ ਲਵਾਂ
ਆਲੂਆਂ ਦੇ ਬੂਟਿਆਂ ਨੂੰ
ਧੁੱਪਾਂ ‘ਚ ਮੈਂ ਪੁੱਟ ਲਵਾਂ

ਤਾਅ ਕੇ ਗੋਲ ਤਵੀ ਨੂੰ
ਰੋਟੀਆਂ ਮੈਂ ਲਾਹ ਲਵਾਂ
ਚੁੱਲ੍ਹੇ ਧਰ ਦੇਗਚੀ ਨੂੰ
ਖੇਤਾਂ ‘ਚ ਪਹੁੰਚਾ ਲਵਾਂ

ਸਿਰੜ ਨਾਲ ਮਿੱਟੀ ਨੂੰ
ਖਰੇ ਸੋਨੇ ‘ਚ ਵਟਾ ਲਵਾਂ
ਹੱਥੀਂ ਘੱਲ ‘ਦਾਰ ਜੀ ਨੂੰ
ਸੁੱਖ ਮੈਂ ਮਨਾ ਲਵਾਂ

ਕਾਲਿਆਂ ਕਨੂੰਨਾਂ ਤਾਈਂਂ
ਰੱਦ ਮੈਂ ਕਰਾ ਲਵਾਂ
ਸਿੰਘੂ ਦੇ‘ ਪੰਜਾਬ ‘ ਨੂੰ ਮੈਂ
ਫਤਿਹ ਤਾਂ ਬੁਲਾ ਲਵਾਂ

ਫੇਰ ਆ ਕੇ ਗੱਲ ਤੇਰੀ
ਸੁਣਾਂਗੀ ਮੈਂ ਦਿੱਲੀਏ
ਫੇਰ ਆ ਕੇ ਗੱਲ ਤੇਰੀ
ਸੁਣਾਂਗੀ ਮੈਂ ਦਿੱਲੀਏ।

ਸੋਨੀਆਂ ਪਾਲ, ਵੁਲਵਰਹੈਂਪਟਨ

***

ਤੁਰਦੀ-ਤੁਰਦੀ

ਜ਼ਿੰਦਗੀ ਆ ਗਈ
ਇਹ ਕਿਸ ਤਰ੍ਹਾਂ ਦੇ ਮੋੜ?
ਰੱਜ ਕੇ ਰੱਜੀ ਹਰ ਸੁੱਖ ਤੋਂ ਮੈਂ
ਫਿਰ ਵੀ ਰਹੇ ਕੋਈ ਥੋੜ੍ਹ

ਦਿਲ ਕਰੇ ਜੋ ਚਾਈਂ ਬਣਾਇਆ
ਅੱਜ ਹੱਥੀਂ ਦੇਵਾਂ ਰੋੜ੍ਹ
ਰਿਸ਼ਤੇ ਨਾਤੇ ਸਭ ਛੁੱਟ ਜਾਂਦੇ
ਕੀ ਜ਼ਿੰਦਗੀ ਦਾ ਤੋੜ ?

ਜੇਕਰ ਰੱਬ ਨੂੰ ਮਿਲਣਾ ਚਾਹੇਂ
ਨੇਕ ਕਮਾਈਆਂ ਜੋੜ
ਸੁਰਤ ਸੰਭਾਲ਼ ਤੇ ਕਰ ਭਲਾਈ
ਹੋਰ ਨਾ ਕੁਛ ਵੀ ਲੋੜ

ਧੱਕੇ ਦੇ ਕੇ ਅੱਗੇ ਲੰਘਣ ਦੀ
ਰੱਖ ਨਾ ਮਨ ‘ਚ ਹੋੜ
ਬਦਨੀਤਾਂ ਨੂੰ ਫਲ਼ ਨਾ ਲੱਗਦੇ
ਕੋਝੇ ਕਰਮ ਸਭ ਛੋੜ

ਹੱਥ ਨੂੰ ਹੱਥ ਮਿਲਾ ਕੇ ਚੱਲ ਤੂੰ
ਭੁੱਲ ਜਾ ਸਾਰੇ ਈ ਗੋੜ੍ਹ
ਮੁਹੱਬਤ ਐਸਾ ਸੁੱਚਾ ਜਜ਼ਬਾ
ਜੋ ਭਰੇ ਗਮਾਂ ਦੀ ਖੋੜ….

ਸੋਨੀਆਂ ਪਾਲ, ਵੁਲਵਰਹੈਂਪਟਨ

***
(ਪਹਿਲੀ ਵਾਰ 27 ਸਤੰਬਰ 2021)
***
402
***

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →