22 July 2024

ਪਰਵਾਸੀ ਪੰਜਾਬੀ : ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ: ਇਤਿਹਾਸਿਕ ਦਸਤਾਵੇਜ਼ – ਉਜਾਗਰ ਸਿੰਘ

ਪਰਵਾਸੀ ਪੰਜਾਬੀ : ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ: ਇਤਿਹਾਸਿਕ ਦਸਤਾਵੇਜ਼

ਉਜਾਗਰ ਸਿੰਘ

ਸਮੁੱਚੇ ਸੰਸਾਰ ਵਿੱਚ ਪੰਜਾਬੀ, ਉੱਦਮੀ, ਮਿਹਨਤੀ, ਦਲੇਰ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਹਨ। ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪਹੁੰਚ ਕੇ ਪੰਜਾਬੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਪਰੰਤੂ ਉਨ੍ਹਾਂ ਦੇ ਯੋਗਦਾਨ ਬਾਰੇ ਅਜੇ ਤੱਕ ਕਿਸੇ ਵੀ ਲੇਖਕ ਨੇ ਪੰਜਾਬੀ ਵਿੱਚ ਕਿਸੇ ਇਕ ਪੁਸਤਕ ਵਿੱਚ ਵਿਸਤਾਰ ਪੂਰਵਕ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।

ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹਰ ਸਾਲ ਆਪਣੀ ਇਕ ਪੁਸਤਕ ‘ ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ’ ਪੁਸਤਕ ਪ੍ਕਾਸ਼ਤ ਕਰਦੇ ਹਨ। ਉਸ ਪੁਸਤਕ ਵਿੱਚ ਅੰਗਰੇਜ਼ੀ ਵਿੱਚ ਸੰਖੇਪ ਜਾਣਕਾਰੀ ਹੁੰਦੀ ਹੈ।

ਗੁਰਮੀਤ ਸਿੰਘ ਪਲਾਹੀ ਨੇ ਸੰਸਾਰ ਵਿੱਚੋਂ 97 ਅਜਿਹੇ ਨਾਮਵਰ ਵਿਅਕਤੀਆਂ ਦੀ ਚੋਣ ਕਰਕੇ ‘ ਪਰਵਾਸੀ ਪੰਜਾਬੀ : ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ’ ਪੁਸਤਕ ਲਿਖੀ ਹੈ। ਗੁਰਮੀਤ ਸਿੰਘ ਪਲਾਹੀ ਨੇ ਇਸ ਪੁਸਤਕ ਵਿੱਚ ਉਨ੍ਹਾਂ ਵਿਅਕਤੀਆਂ ਬਾਰੇ ਲਿਖਿਆ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਮਾਅਰਕੇ ਮਾਰਕੇ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਜਿਸ ਦੇਸ਼ ਵਿੱਚ ਉਹ ਵੱਸ ਰਹੇ ਹਨ, ਉਸ ਦੇਸ਼ ਦੀ ਆਰਥਿਕਤਾ ਵਿੱਚ ਵਰਨਨਯੋਗ ਤਾਂ ਹਿੱਸਾ ਪਾਇਆ ਹੀ ਹੈ, ਉੱਥੇ ਹੀ ਉਨ੍ਹਾਂ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਪੰਜਾਬੀਆਂ ਦੀ ਆਉਣ ਵਾਲੀ ਪੀੜ੍ਹੀ, ਜਿਹੜੀ ਆਪਣੀ ਵਿਰਾਸਤ ਨਾਲੋਂ ਟੁੱਟਦੀ ਜਾ ਰਹੀ ਹੈ ਅਤੇ ਰੋਜ਼ਗਾਰ ਦੀ ਤਲਾਸ਼ ਵਿੱਚ ਭਟਕ ਰਹੀ ਹੈ, ਉਨ੍ਹਾਂ ਲਈ ਇਹ ਪੁਸਤਕ ਮਾਰਗ ਦਰਸ਼ਕ ਦਾ ਕੰਮ ਕਰੇਗੀ। ਇਸ ਪੁਸਤਕ ਵਿੱਚ ਸ਼ਾਮਲ ਨਾਮਵਰ ਵਿਅਕਤੀਆਂ ਦੀ ਬੁਲੰਦੀਆਂ ‘ਤੇ ਪਹੁੰਚਣ ਲਈ ਕੀਤੀ ਜੱਦੋਜਹਿਦ ਦਾ ਵਰਣਨ ਵੀ ਕੀਤਾ ਗਿਆ ਹੈ।

ਸਰਕਾਰੀ ਨੌਕਰੀਆਂ ਦੇ ਪਿੱਛੇ ਭੱਜਣ ਦੀ ਥਾਂ ਪ੍ਰਾਈਵੇਟ ਨੌਕਰੀਆਂ ਨੂੰ ਤਰਜੀਹ ਦਿੰਦੀ ਹੋਈ, ਜੇਕਰ ਸਾਡੀ ਅਗਲੀ ਪੀੜ੍ਹੀ ਪਰਵਾਸੀ ਪੰਜਾਬੀਆਂ ਦੀ ਤਰ੍ਹਾਂ ਹੱਡ ਤੋੜਵੀਂ ਮਿਹਨਤ ਕਰੇਗੀ ਤਾਂ ਇਕ ਨਾ ਇਕ ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹਨ ਵਿੱਚ ਜ਼ਰੂਰ ਸਫਲ ਹੋਵੇਗੀ।

ਇਸ ਪੁਸਤਕ ਵਿੱਚ ਜਿਹੜੇ 97 ਨਾਮਵਰ ਪਰਵਾਸੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚ 14 ਕਾਰੋਬਾਰੀ, 5 ਡਾਕਟਰ, 25 ਸਾਇੰਸਦਾਨ, ਲੇਖਕ, 19 ਮਰਦ ਅਤੇ 10 ਇਸਤਰੀ ਸਿਆਸਤਦਾਨ, 7 ਖੇਤੀ ਬਾਦਸ਼ਾਹ, 8 ਵਕੀਲ, 5 ਹੋਟਲੀਅਰ, 2 ਫ਼ੌਜੀ ਪੱਤਰਕਾਰ, ਵਿਦਵਾਨ ਅਤੇ ਸਮਾਜ ਸੇਵਕ ਅਤੇ ਇਕ ਗੁਰਬਾਣੀ ਵਿਆਖਿਆਕਾਰ ਹਨ।

ਜਿਨ੍ਹਾਂ ਨੇ ਹੱਡ ਤੋੜਵੀਂ ਮਿਹਨਤ ਕਰਕੇ ਆਪਣੀ ਪਹਿਚਾਣ ਬਣਾਈ ਹੈ। ਇਸ ਲੇਖ ਵਿੱਚ 97 ਵਿਅਕਤੀਆਂ ਬਾਰੇ ਮੇਰੇ ਲਈ ਲਿਖਣਾ ਮੁਸ਼ਕਲ ਹੋ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਚੋਣ ਕਰਨੀ ਵੀ ਅਸੰਭਵ ਲਗਦੀ ਹੈ। ਪਰੰਤੂ ਫਿਰ ਵੀ ਮੈਂ ਹਰ ਖੇਤਰ ਦੇ ਚੋਣਵੇਂ ਵਿਅਕਤੀਆਂ ਦੀ ਜੱਦੋਜਹਿਦ ਤੋਂ ਬਾਅਦ ਬੁਲੰਦੀਆਂ ‘ਤੇ ਪਹੁੰਚਣ ਬਾਰੇ ਗੁਰਮੀਤ ਪਲਾਹੀ ਵੱਲੋਂ ਲੇਖਾਂ ਵਿੱਚੋਂ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ।

ਲਾਰਡ ਸਵਰਾਜ ਪਾਲ ਦੀ ਕੰਪਨੀ ‘ਕਪਾਰੋ ਗਰੁਪ’ ਸੰਸਾਰ ਦੇ 80 ਥਾਵਾਂ ‘ਤੇ ਕਾਰੋਬਾਰ ਕਰ ਰਹੀ ਹੈ। ਅੱਜ ਉਹ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਸੰਸਾਰ ਦੀਆਂ 15 ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਆਨਰੇਰੀ ਡਿੱਗਰੀਆਂ ਦਿੱਤੀਆਂ ਹੋਈਆਂ ਹਨ। ਦੇਵ ਬਾਠ ਦੀਆਂ 100 ਕੰਪਨੀਆਂ ਭਾਰਤ ਅਤੇ ਬਰਤਾਨੀਆ ਵਿੱਚ ਕਾਰੋਬਾਰ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਬਣਾਏ ਗਏ ਮੈਰਿਜ ਪੈਲਸ ਬਿਹਤਰੀਨ ਇਮਾਰਤ ਕਲਾ ਦੇ ਤੌਰ ਤੇ ਜਾਣੇ ਜਾਂਦੇ ਹਨ। ਡਾਕਟਰਾਂ ਵਿੱਚੋਂ ਅਮਰਜੀਤ ਸਿੰਘ ਮਰਵਾਹਾ ਸਰਵੋਤਮ ਡੈਂਟਿਸਟ ਦੇ ਤੌਰ ‘ਤੇ ਅਮਰੀਕਾ ਵਿੱਚ ਜਾਣੇ ਜਾਂਦੇ ਹਨ, ਉਨ੍ਹਾਂ ਦੀ ਸਮਾਜ ਸੇਵਕ ਤੌਰ ਤੇ ਪਛਾਣ ਬਣੀ ਹੋਈ ਹੈ। ਪੰਜਾਬ ਵਿੱਚ ਡੀ ਡੀ ਐਸ ਸਕਾਲਰਸ਼ਿਪ ਚਾਲੂ ਕਰਕੇ ਮੈਡੀਕਲ ਦੇ ਵਿਦਿਆਰਥੀਆਂ ਦੀ ਪੰਜ ਸਾਲਾਂ ਦੀ ਪੂਰੀ ਫੀਸ ਦਿੰਦੇ ਹਨ।

ਸਾਇੰਸਦਾਨਾ ਵਿੱਚ ਨਰਿੰਦਰ ਕੰਪਾਨੀ ਦਾ ਨਾਮ ਸੰਸਾਰ ਵਿੱਚ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਟਿਕ ਫਾਈਬਰ ਦੀ ਕਾਢ ਕੱਢ ਕੇ ਇੰਟਰਨੈਟ ਦੀ ਸੁਵਿਧਾ ਪ੍ਦਾਨ ਕੀਤੀ। ਹੁਣ ਤੱਕ ਉਨ੍ਹਾਂ ਨੂੰ 100 ਪੇਟੈਂਟ ਦਰਜ ਕਰਵਾਉਣ ਦਾ ਮਾਣ ਪ੍ਾਪਤ ਹੈ। ਮੋਤਾ ਸਿੰਘ ਸਰਾਏ ਬਰਤਾਨੀਆ ਵਿੱਚ ਫ਼ਾਈਨਾਂਸ਼ੀਅਲ ਅਡਵਾਈਜ਼ਰ ਹਨ। ਪੰਜਾਬੀਅਤ ਦਾ ਮੁੱਦਈ ਪੰਜਾਬੀ ਸੱਥ ਲਾਂਬੜਾਂ ਦੇ ਮੁਫ਼ਤ ਪੁਸਤਕਾਂ ਪ੍ਕਾਸ਼ਨ ਦੇ ਕੰਮ ਨੂੰ ਯੂਰਪ ਵਿੱਚ ਆਪਣੇ ਹੱਥ ਵਿੱਚ ਲੈ ਕੇ ‘ਪੰਜਾਬੀ ਯੂਰਪੀ ਸੱਥ ਵਾਲਸਾਲ’ ਦੇ ਬੈਨਰ ਹੇਠ ਨਿਭਾਅ ਰਿਹਾ ਹੈ।

ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਬੇਬਾਕ ਪੱਤਰਕਾਰ ਦੇ ਤੌਰ ਤੇ ਨਾਮਣਾ ਖੱਟ ਰਿਹਾ ਹੈ। ਆਸ਼ਾ ਸਰਮਾ ਦੀ ਦਮਦਾਰ ਆਵਾਜ਼ ਸੰਸਾਰ ਵਿੱਚ ਐਂਕਰਿੰਗ ਨਾਲ ਧੁੰਮਾ ਪਾ ਰਹੀ ਹੈ। ਪ੍ਰਿੰਸੀਪਲ ਸਰਵਣ ਸਿੰਘ ਦੀ ਖੇਡ ਜਗਤ ਵਿੱਚ ਖਿਡਾਰੀਆਂ ਦੇ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਵੱਖਰੀ ਪਛਾਣ ਹੈ।

ਇਸੇ ਤਰ੍ਹਾਂ ਸੁਜਿੰਦਰ ਸਿੰਘ ਸੰਘਾ ਬਰਤਾਨੀਆ ਵਿੱਚ ਨਾਮਵਰ ਸਿੱਖਿਆ ਸ਼ਾਸਤਰੀ ਦੇ ਤੌਰ ਤੇ ਸਥਾਪਤ ਹੋ ਚੁੱਕੇ ਹਨ। ਸਿਆਸਤਦਾਨਾਂ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕਲੰਬੀਆ ਰਾਜ ਦੇ ਪਹਿਲੇ ਸਿੱਖ ਪੀ੍ਮੀਅਰ ਉਜਲਦੇਵ ਸਿੰਘ ਦੋਸਾਂਝ ਬਣੇ। ਉਹ 10 ਸਾਲ ਬੀ. ਸੀ. ਅਸੈਬਲੀ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਫੈਡਰਲ ਸਰਕਾਰ ਦੇ ਮੰਤਰੀ ਵੀ ਬਣੇ ਸਨ। ਵਰਿੰਦਰ ਸ਼ਰਮਾ ਪੰਜ ਵਾਰ ਬਰਤਾਨੀਆ ਦੀ ਸੰਸਦ ਦਾ ਮੈਂਬਰ ਚੁਣਿਆਂ ਗਿਆ। ਸਮਾਜ ਸੇਵਕ ਅਤੇ ਪੰਜਾਬੀ ਭਾਈਚਾਰੇ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ।

ਜਗਮੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਹ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਹੈ। ਪੇਸ਼ੇ ਵਜੋਂ ਵਕੀਲ ਹੈ। ਪੰਜਾਬ ਵਿੱਚ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਨਾਲ ਸੰਬੰਧਤ ਹੈ। ਗੁਰਬਖ਼ਸ਼ ਸਿੰਘ ਮੱਲੀ ਪਹਿਲਾ ਸਿੱਖ ਐਮ ਪੀ ਅਤੇ ਪਹਿਲਾ ਪਾਰਲੀਮੈਂਟਰੀ ਸਕੱਤਰ ਸੀ। ਨਿੱਕੀ ਰੰਧਾਵਾ ਉਰਫ ਨਿਮਰਤ ਕੌਰ ਅਮਰੀਕਾ ਦੇ ਕਾਰੋਲੀਨਾ ਦੀ ਗਵਰਨਰ ਸਿਆਸਤਦਾਨ । ਉਹ ਸਭ ਤੋਂ ਛੋਟੀ ਉਮਰ ਦੀ ਗਵਰਨਰ ਬਣੀ ਸੀ। ਨੀਨਾ ਗਰੇਵਾਲ ਅਤੇ ਰੂਬੀ ਢਾਲਾ ਵੀ ਸੰਸਦ ਦੀਆ ਮੈਂਬਰ ਰਹੀਆਂ ਅਤੇ ਮਾਅਰਕੇ ਦੇ ਕੰਮ ਕੀਤੇ।

ਚੱਗਰ ਛੋਟੀ ਉਮਰ ਦੀ ਕੈਨੇਡਾ ਵਿੱਚ ਹਾਊਸ ਆਫ਼ ਕਾਮਨ ਦੇ ਮੁਖੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਇਸਤਰੀ ਹੈ। ਦੀਦਾਰ ਸਿੰਘ ਬੈਂਸ ਨੇ ਕਈ ਸਾਲ ਮਿਹਨਤ ਮਜ਼ਦੂਰੀ ਕੀਤੀ। ਆਪਣੀ ਮਿਹਨਤ ਨਾਲ ਉਨ੍ਹਾਂ 1200 ਏਕੜ ਦਾ ਆੜੂਆਂ ਦਾ ਫਾਰਮ ਕੈਲੇਫੋਰਨੀਆ ਵਿੱਚ ਬਣਾਇਆ। ਇਸ ਸਮੇਂ ਆੜੂਆਂ ਦੇ ਬਾਦਸ਼ਾਹ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸੇ ਤਰ੍ਹਾਂ ਚਰਨਜੀਤ ਸਿੰਘ ਬਾਠ ਨੂੰ ਸੌਗੀ ਦੇ ਬਾਦਸ਼ਾਹ ਦੇ ਤੌਰ ਜਾਣਿਆਂ ਜਾਂਦਾ ਹੈ। ਇਸ ਸਮੇਂ ਉਹ 30,000 ਹਜ਼ਾਰ ਏਕੜ ਦੇ ਫਾਰਮ ਵਿੱਚ ਖੇਤੀ ਕਰਦੇ ਹਨ। ਟੁੱਟ ਬ੍ਦਰਜ਼ ਬਦਾਮਾ ਦੇ ਬਾਦਸ਼ਾਹ ਹਨ। 2800 ਏਕੜ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ।

ਭੰਡਾਲ ਬ੍ਦਰਜ਼ ਨੂੰ ਟਰੱਕਿੰਗ ਕਿੰਗ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕਾਰੋਬਾਰ ਵੀ ਸਿਖ਼ਰਾਂ ਤੇ ਹੈ। ਵਕੀਲਾਂ ਵਿੱਚੋਂ ਸਰ ਮੋਤਾ ਸਿੰਘ ਕੁਈਨਜ਼ ਕੌਂਸਲ 1982 ਵਿੱਚ ਬਰਤਾਨੀਆ ਦੇ ਪਹਿਲੇ ਸਿੱਖ ਜੱਜ ਬਣੇ, 2012 ਵਿੱਚ ਉਨ੍ਹਾਂ ਨੂੰ ਮਹਾਰਾਣੀ ਨੇ ਬਰਤਾਨੀਆ ਦੀ ਜੁਡੀਸ਼ਰੀ ਅਤੇ ਸਮਾਜ ਭਲਾਈ ਸੇਵਾਵਾਂ ਕਰਕੇ ਬਰਤਾਨੀਆ ਦਾ ਸਭ ਤੋਂ ਵੱਡਾ ਸਨਮਾਨ ‘ਕੁਈਨਜ਼ ਕੌਂਸਲ’ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ‘ਕੁਈਨਜ਼ ਕੌਂਸਲ’ ਸਨਮਾਨ ਦਿੱਤਾ ਗਿਆ। ਉਹ ਅਪਰਾਧਿਕ ਮਾਮਲਿਆਂ ਦੇ ਚੋਟੀ ਦੇ ਵਕੀਲ ਹਨ।

ਹੈਰੀ ਮਾਨ ਅਪਰਾਧਿਕ ਮਾਮਲਿਆਂ, ਚਾਰਟਰਡ ਬੈਂਕਾਂ ਦੇ ਮਾਹਿਰ ਵਕੀਲ ਹਨ। ਬਰਤਾਨੀਆ ਦੀ ਮਹਾਰਾਣੀ ਵੱਲੋਂ ਗਵਰਨਰ ਜਨਰਲ ਆਫ਼ ਕੈਨੇਡਾ ਨੇ ਕਮਿਊਨਿਟੀ ਸੇਵਾ ਲਈ ‘ਗੋਲਡਨ ਜੁਬਲੀ ਮੈਡਲ’ ਦੇ ਕੇ ਸਨਮਾਨਿਤ ਕੀਤਾ। ਹੋਟਲ ਕਾਰੋਬਾਰੀਆਂ ਵਿੱਚ ਸੰਤ ਸਿੰਘ ਛਤਵਾਲ, ਜੋਗਿੰਦਰ ਸਾਂਗਰ ਅਤੇ ਜਸਮਿੰਦਰ ਸਿੰਘ ਜਾਣੇ ਪਛਾਣੇ ਨਾਮ ਹਨ। ਜਸਮਿੰਦਰ ਸਿੰਘ ਰੈਡੀਸਨ ਅਵਾਰਡੀਅਨ ਹੋਟਲਾਂ ਦਾ ਚੇਅਰਮੈਨ ਹੈ।

ਫ਼ੌਜੀ ਅਧਿਕਾਰੀਆਂ ਵਿੱਚੋਂ ਅਰਜਿੰਦਰਪਾਲ ਸਿੰਘ ਸੇਖ਼ੋਂ ਪਹਿਲਾ ਸਿੱਖ ਡਾਕਟਰ, ਜਿਹੜਾ ਕਰਨਲ ਦੇ ਰੈਂਕ ਤੱਕ ਪਹੁੰਚਿਆ। ਨੌਕਰੀ ਦੌਰਾਨ ਉਨ੍ਹਾਂ ਨੂੰ ਕਈ ਮਾਨ ਸਨਮਾਨ ਮਿਲੇ ਹਨ। ਇਸੇ ਤਰ੍ਹਾਂ ਡਾ ਤੇਜਦੀਪ ਰਤਨ ਡੈਂਟਿਸਟ ਹਨ, ਜਿਹੜੇ ਇਸ ਸਮੇਂ ਅਮਰੀਕਾ ਦੀ ਫ਼ੌਜ ਵਿੱਚ ਲੈਫ਼ਟੀਨੈਂਟ ਕਰਨਲ ਹਨ।

ਗੁਰਬਾਣੀ ਦੇ ਪ੍ਸਿੱਧ ਵਿਆਖਿਆਕਾਰ ਡਾ ਦੇਵਿੰਦਰ ਸਿੰਘ ਸੇਖ਼ੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਸਰਲ ਭਾਸ਼ਾ ਵਿੱਚ ਵਿਆਖਿਆ ਕਰਨ ਵਾਲੇ ਬਿਹਤਰੀਨ ਵਿਅਕਤੀ ਹਨ।

ਗੁਰਮੀਤ ਸਿੰਘ ਪਲਾਹੀ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ। ਗੁਰਮੀਤ ਸਿੰਘ ਪਲਾਹੀ ਦੀ ਇਹ ਪੁਸਤਕ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਮਿਹਨਤ ਕਰਕੇ ਬੁਲੰਦੀਆਂ ‘ਤੇ ਪਹੁੰਚਣ ਲਈ ਮਾਰਗ ਦਰਸ਼ਕ ਦਾ ਕੰਮ ਕਰੇਗੀ।

168 ਪੰਨਿਆਂ, 300 ਰੁਪਏ/5 ਪੌਂਡ/10 ਡਾਲਰ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ (ਰਜਿ) ਫਗਵਾੜਾ (ਕਪੂਰਥਲਾ) ਨੇ ਪ੍ਰਕਾਸ਼ਿਤ ਕੀਤੀ ਹੈ।

***

839

***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ