24 May 2024

ਕੱਚੇ ਪੱਕੇ ਰਾਹਾਂ ਦਾ ਪੁਖ਼ਤਾ ਪਾਂਧੀ ‘ਡਾ. ਗੁਰਬਖਸ਼ ਸਿੰਘ ਭੰਡਾਲ’—ਦਰਸ਼ਨ ਬੁੱਟਰ

ਡਾ. ਗੁਰਬਖਸ਼ ਸਿੰਘ ਭੰਡਾਲ
001-216-556-2080

ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਸਮਰੱਥ ਸਿਰਜਣਾ ਨੂੰ ਭੂਮਿਕਾ ਦੀ, ਮੁੱਖਬੰਦ ਜਾਂ ਦੋ ਸ਼ਬਦਾਂ ਦੀ ਮੁਥ੍ਹਾਜ਼ੀ ਨਹੀਂ ਹੁੰਦੀ। ਪਰ ਡਾ. ਗੁਰਬਖਸ਼ ਸਿੰਘ ਭੰਡਾਲ, ਸਾਹਿਤ ਸੰਸਾਰ ਦੀ, ਸਮਾਜਿਕ ਖੇਤਰ ਅਤੇ ਗਿਆਨ- ਵਿਗਿਆਨ ਦੁਨੀਅਾਂ ਦੀ ਉਹ ਮਾਣਮੱਤੀ ਸਖ਼ਸ਼ੀਅਤ ਹਨ ਕਿ ਇਨ੍ਹਾਂ ਬਾਰੇ ਅਤੇ ਇਨ੍ਹਾਂ ਦੀਅਾਂ ਪੋਥੀਅਾਂ ਬਾਰੇ ਭਿੱਜ ਕੇ ਲਿਖਣ ਨੂੰ ਮਨ ਲੋਚਦਾ ਹੈ। ਇਨ੍ਹਾਂ ਦੀ ਸਿਰਜਣਾ ਅਤੇ ਸਖ਼ਸ਼ੀਅਤ ਦਾ ਕੱਦ ਹੀ ਇੰਨਾ ਬੁਲੰਦ ਹੈ ਕਿ ਇਨ੍ਹਾਂ ਦੇ ਮੁਬਾਰਕ ਹੱਥਾਂ ਨੂੰ ਚੁੰਮਣ ਅਤੇ ਧੂੜ ਅੱਟੇ ਪੈਰਾਂ ਹੇਠ ਸੱਤੇ ਰੰਗ ਵਿਛਾਉਣ ਨੂੰ ਚਿੱਤ ਕਰਦਾ ਹੈ। ਕਿਤਾਬਾਂ ਦੇ ਰੂਪ ਵਿਚ ਉਨ੍ਹਾਂ ਦਾ ਰਚਨਾ ਸੰਸਾਰ ਵਡੇਰਾ ਹੈ ਅਤੇ ਉਨ੍ਹਾਂ ਦੀ ਰੂਹਾਨੀ ਦਿੱਖ ਧੂਹ ਪਾਉਣ ਵਾਲੀ ਹੈ।

ਉਹ ਮੇਰਾ ਮਿੱਤਰ ਹੀ ਨਹੀਂ, ਸਭ ਦਾ ਸੱਜਣ ਹੈ। ਭੰਡਾਲ ਜਿਹੇ ਬੰਦੇ ਇਸ ਗਰਜ਼ਾਂ ਮਾਰੀ ਦੁਨੀਅਾਂ ‘ਚੋਂ ਲੱਭਣੇ ਬੜੇ ਔਖੇ ਨੇ। ਅਦਬੀ ਸਲੀਕਾ ਐਵੇ ਨਹੀਂ ਆ ਜਾਂਦਾ। ਕਵਿਤਾ ਵਰਗੀ ਵਾਰਤਕ ਅਤੇ ਵਾਰਤਕ ਵਰਗੀ ਕਵਿਤਾ ਵਿਚ ਕੌਤਕ ਰਚ ਦੇਣਾ ਡਾ. ਭੰਡਾਲ ਦੇ ਹਿੱਸੇ ਆਇਆ ਹੈ। ਉਹ ਅਣਗੌਲ਼ੇ, ਅਣਦੇਖੇ, ਅਣਗਾਹੇ ਰਾਹਾਂ ਦਾ ਪਾਂਧੀ ਹੈ। ਉਸਨੂੰ ਭਟਕਣ ਅਤੇ ਤਲਾਸ਼ ਵਿਚ ਵਖਰੇਵਾਂ ਕਰਨਾ ਆਉਂਦਾ ਹੈ। ਸੰਤਾਪ ਅਤੇ ਹੋਣੀ ਵਿਚਲਾ ਅੰਤਰ ਸਿਰਜਣਾ ਆਉਂਦਾ ਹੈ। ਪੈਰਾਂ ਕੋਲ ਪਗਡੰਡੀਅਾਂ ਹਨ ਅਤੇ ਮੱਥੇ ਕੋਲ ਗੰਭੀਰ ਚਿੰਤਨ। ਰਾਹਾਂ ‘ਚ ਵਿਛੇ ਕੰਡਿਅਾਂ ‘ਤੇ ਨੰਗੇ ਪੈਰੀਂ ਕਿਸੇ ਕਿਸੇ ਨੂੰ ਹੀ ਤੁਰਨਾ ਆਉਂਦਾ ਹੈ। ਘਸ ਘਸ ਕੇ ਇਹ ਪੁਖ਼ਤਗੀ ਹਾਸਲ ਹੁੰਦੀ ਹੈ।

ਬੇਸ਼ਕ ਡਾ. ਭੰਡਾਲ ਅੱਜਕਲ੍ਹ ਇਸ ਗਲੋਬਲੀ ਧਰਤੀ ਦੀਅਾਂ ਸੁੰਦਰ ਸੜਕਾਂ ‘ਤੇ ਘੁੰਮ ਰਿਹਾ ਹੈ ਅਤੇ ਆਪਣੇ ਪਰਾਂ ਨਾਲ ਅੰਬਰ ਦੀ ਨੀਲੀ ਚਾਦਰ ਦਾ ਰੇਸ਼ਾ ਰੇਸ਼ਾ ਉਧੇੜ ਰਿਹਾ ਹੈ। ਪਰ ਉਸ ਨੂੰ ਇਥੋਂ ਤੱਕ ਪਹੁੰਚਾਉਣ ਵਾਲੇ ਕੱਚੇ ਪਹਿਅਾਂ, ਕੰਡਿਆਲੇ ਰਾਹਾਂ ਦਾ ਔਖਾ ਪੈਂਡਾ ਮੂੰਹ-ਜ਼ੁਬਾਨੀ ਯਾਦ ਹੈ। ਬਚਪਨ, ਜੁਆਨੀ, ਅਧਖੜ੍ਹ ਅਤੇ ਹੁਣ ਬੁਢਾਪੇ ਦੇ ਇਤਿਹਾਸ ਨੂੰ, ਵਰਤਮਾਨ ਦੇ ਪੰਨਿਅਾਂ ‘ਤੇ ਏਨਾ ਸੁੰਦਰ ਉੱਕਰਿਆ ਹੈ ਕਿ ਉਸ ਦੀ ਕਲਮ ਦੀ ਨੇਕ ਕਮਾਈ ਨੂੰ ਅਨਿਕ ਵਾਰ ਸਜਦਾ ਕਰਨਾ ਬਣਦਾ ਹੈ। ਜੀਵਨ ਸਫ਼ਰ ਅਤੇ ਸ਼ਬਦ ਸਫ਼ਰ ਵਿਚੋਂ ਗੁਜ਼ਰਨ ਦੀ ਜੋ ਉਨ੍ਹਾਂ ਨੇ ਸਿਰਜਣ ਸ਼ਕਤੀ ਵਿਖਾਈ ਹੈ, ਉਸ ਦੇ ਵਾਰੇ ਵਾਰੇ ਜਾਈਏ। ਅਨੋਖੇ ਰਾਹਾਂ ਦੇ ਪੈਂਡਿਅਾਂ ਨੂੰ ਬੜੀ ਸਹਿਜਤਾ ਨਾਲ, ਅਨੁਭਵੀ ਦ੍ਰਿਸ਼ਟੀ ‘ਚ ਸਮੋਇਆ ਹੈ। ਇਹ ਬੜੀ ਪ੍ਰਸੰਸਾ ਵਾਲੀ ਗੱਲ ਹੈ।

ਡਾ. ਗੁਰਬਖਸ਼ ਭੰਡਾਲ ਨੇ ਪੁਸਤਕ ‘ਕੱਚੇ ਪੱਕੇ ਰਾਹ’ ਵਿਚ ਆਪਣੀ ਸੁਹੰਡਣੀ ਵਾਰਤਕ ਅਤੇ ਸੁਹਾਗਣ ਕਵਿਤਾ ਨੂੰ ਚਿੰਤਨੀ ਸੁਭਾਅ ਪ੍ਰਦਾਨ ਕਰਕੇ ਇਸ ਦੇ ਵਿਧੀ-ਵਿਧਾਨ ਨੂੰ ਵੀ ਚੇਤੰਨ ਰੂਪ ਵਿਚ ਪ੍ਰਕਾਸ਼ਮਾਨ ਕੀਤਾ ਹੈ। ਆਪਣੇ ਜੀਵਨ ਸਫ਼ਰ ਦੇ ਅਹਿਮ ਪਹਿਲੂਅਾਂ ਨੂੰ ਸਾਡੇ ਸਨਮੁੱਖ ਪੇਸ਼ ਕਰਦਿਆਂ ਉਸ ਨੇ ਸਾਡੇ ਜੀਵਨ ਪੈਂਡਿਅਾਂ ਨੂੰ ਵੀ ਚੇਤਿਅਾਂ ‘ਚ ਸੱਜਰਾ ਕਰ ਦਿੱਤਾ ਹੈ। ਇਸ ਪੁਸਤਕ ਵਿਚ ਖੂਨ ਦੇ ਰਿਸ਼ਤੇ, ਸਮਾਜਿਕ ਰਿਸ਼ਤੇ, ਮੁਹੱਬਤੀ ਰਿਸ਼ਤੇ, ਭਾਵੁਕ ਅਤੇ ਚਿੰਤਨੀ ਸ਼ਬਦਾਂ ਰਾਹੀਂ ਆਪਸ ਵਿਚ ਧੁਰ ਅੰਦਰੋਂ ਜੁੜੇ ਹੋਏ ਹਨ। ਇਸ ਪੁਸਤਕ ਵਿਚਲੀ ਵਾਰਤਕ ਹੈ ਜਾਂ ਫਿਰ ਕਵਿਤਾ, ਉਹ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਰਸਦਾਇਕ ਅੰਦਾਜ਼ ‘ਚ ਵਿਅਕਤ ਕਰਾਉਂਦਾ ਹੈ। ਗੁੰਦਵੀਂ ਭਾਸ਼ਾ ਸਾਡੀਅਾਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਜਗਾ ਰਹੀ ਹੈ। ਸ਼ਬਦ ਚੋਣ ਦੇ ਮਹੱਤਵ ਤੋਂ ਉਹ ਜਾਣੂ ਹੈ। ਦਾਰਸ਼ਨਿਕ ਪਹੁੰਚ-ਦ੍ਰਿਸ਼ਟੀ, ਉਨ੍ਹਾਂ ਦੀਅਾਂ ਰਚਨਾਵਾਂ ਨੂੰ ਸਮਕਾਲੀ ਸਾਹਿਤ ਵਿਚ ਨਿਵੇਕਲਾ ਸਥਾਨ ਪ੍ਰਦਾਨ ਕਰਦੀ ਹੈ।

ਇਸ ਪੁਸਤਕ ਵਿਚਲੀਅਾਂ ਰਚਨਾਵਾਂ ਭਾਵੇਂ ਸਿਮਰਤੀਅਾਂ ਦੀ ਜਰਖ਼ੇਜ਼ ਮਿੱਟੀ ‘ਚੋਂ ਉਪਜੀਅਾਂ ਹਨ, ਪਰ ਇਹ ਵਰਤਮਾਨ ਪਲਾਂ ‘ਚੋਂ ਗੁਜ਼ਰਦੀਅਾਂ ਅਗਲੇਰੇ ਸਫ਼ਰ ਦਾ ਰਾਹ ਦੱਸਦੀਅਾਂ ਹਨ। ਵਕਤ ਤੋਂ ਵੀ ਅੱਗੇ ਦੀਅਾਂ ਸੱਚੀਅਾਂ ਸੁੱਚੀਅਾਂ ਗੱਲਾਂ ਹੋ ਨਿਬੜੀਅਾਂ ਹਨ। ਇਹ ਕਿਤਾਬ, ਕਵੀ ਦਾ ਸਵੈ ਹੈ। ਰਚਨਾ ਦਾ ਲੇਖਕ ਵਰਗਾ ਲੱਗਣਾ ਕੋਈ ਘੱਟ ਮਹੱਤਵਪੂਰਨ ਨਹੀਂ ਹੁੰਦਾ। ਪਰਤ ਦਰ ਪਰਤ ਇਸ ਵਿਚ ਕਈ ਹੋਰ ਅੰਤਰੀਵ ਸਥਿਤੀਅਾਂ ਅਤੇ ਮਹੀਨ ਖੂਬਸੂਰਤੀਅਾਂ ਹਨ ਜੋ ਪੜ੍ਹਦਿਅਾਂ, ਪਾਠਕ ਨੂੰ ਆਪ ਮੁਹਾਰੇ ਮਹਿਸੂਸ ਹੁੰਦੀਅਾਂ ਹਨ। ਤਲਾਸ਼ ਨੂੰ ਦਸਤਕ ਤੱਕ ਲੈ ਆਉਂਦੀਅਾਂ ਹਨ। ਹਨੇਰੇ ਰਾਹਾਂ ‘ਚ ਜੁਗਨੂੰ ਬਿਖ਼ੇਰਦੀਅਾਂ ਹਨ। ਸੰਚਾਰ ਸੰਕਟ ਤੋਂ ਮੁਕਤ ਹਨ, ਅਤੇ ਪਾਠਕ-ਸਰੋਤੇ ਲਈ ਸਾਹਿਤ ਵੱਲ ਨੂੰ ਵਾਪਸੀ ਦਾ ਪੁਲ ਹਨ। ਸਿੱਲ੍ਹੇ ਅੱਖਰਾਂ ਅਤੇ ਭਿੱਜੀਅਾਂ ਆਵਾਜ਼ਾਂ ਨਾਲ ਮਾਰੀਅਾਂ ਹਾਕਾਂ, ਰੂਹ ਤੱਕ ਸੁਣਾਈ ਦਿੰਦੀਅਾਂ ਹਨ।

ਇਸ ਪੁਸਤਕ ਵਿਚ ਡਾ. ਭੰਡਾਲ ਨੇ ਸਵੈ ਸ਼ਨਾਖ਼ਤ ਦੇ ਨਾਲ ਨਾਲ, ਮਾਂ, ਪਿਉ, ਬਚਪਨ, ਪਿੰਡ, ਸਕੂਲ, ਕਾਲਜ, ਯੂਨੀਵਰਸਿਟੀ, ਪਰਵਾਸੀ ਜੀਵਨ ਅਤੇ ਮਿੱਤਰ ਮੰਡਲੀਅਾਂ ਦਾ ਵਹੀ ਖਾਤਾ ਵੀ ਫਰੋਲਿਆ ਹੈ। ਇਸ ਪੁਸਤਕ ਨੂੰ ਪੜ੍ਹਦਿਅਾਂ ਅਸੀਂ ਉਦਾਸ ਵੀ ਹੁੰਦੇ ਹਾਂ, ਖੁਸ਼ ਵੀ ਹੁੰਦੇ ਹਾਂ ਅਤੇ ਸੁੰਨ ਵੀ ਹੋ ਜਾਂਦੇ ਹਾਂ। ਅਜਿਹੀ ਅਵਸਥਾ ਨੂੰ ਕਿਸੇ ਵਿਚਾਰਧਾਰਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਇਹ ਤਾਂ ਸਹਿਜ ਆਮਦ ਹੈ। ਕਾਇਨਾਤੀ ਰਿਸ਼ਤਿਅਾਂ ਨੂੰ, ਇਨਸਾਨੀ ਬੰਧਨਾਂ ਨੂੰ, ਵਿਚਾਰ ਨਾਲ ਜੋੜ ਕੇ ਰੂਹ ਤੱਕ ਭਿਉਂ ਦਿੰਦੀ ਹੈ। ਇਹ ਅਨੁਭਵ ਦੀ ਕਵਿਤਾ ਹੈ, ਸ਼ਬਦ ਸੰਵੇਦਨਾ ਦੀ ਅਨੋਖ਼ੀ ਕਿਰਤ ਹੈ।

ਮੈੰ ਤਾਂ ਇਹੀ ਕਹਾਂਗਾ ਕਿ ਇਹ ਸੁੰਦਰ ਪੋਥੀ ਤੁਹਾਡੇ ਅੰਦਰ ਪਨਪਦੇ ਸੁੰਨ ਸਮਾਧੀ ਵਾਲੇ ਛਿਣਾਂ ਪਲਾਂ ਨੂੰ ਸਮਰਪਿਤ ਹੈ ਅਤੇ ਨਾਲੋ ਨਾਲ ਬਾਹਰੀ ਉਪਭੋਗੀ ਸਭਿਆਚਾਰ ਦੇ ਖ਼ਤਰੇ ਤੋਂ ਵੀ ਸੁਚੇਤ ਕਰਦੀ ਹੈ। ਪੜਦਿਅਾਂ ਪੜਦਿਅਾਂ ਸਾਨੂੰ ਆਪਣੇ ਹੀ ਅੰਦਰਲੇ ਅਤੇ ਬਾਹਰੀ ਚੌਂਕ ਚੌਰਾਹਿਅਾਂ ‘ਚੋਂ ਕਈ ਕੁੱਝ ਗੁਆਚਿਆ ਲੱਭ ਜਾਂਦਾ ਹੈ। ਮਾਣ ਨਾਲ ਕਹਿ ਸਕਦਾ ਹਾਂ ਕਿ ਇਹ ਰਚਨਾ ਮਨੁੱਖੀ ਜੀਵਨ ਸਫ਼ਰ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਤਾਂ ਕਰਦੀ ਹੀ ਹੈ, ਨੰਗੇ ਪੈਰਾਂ ਦੀ ਵਾਟ ਨੂੰ ਸਕੂਨ ਅਤੇ ਮਹਿਕ ਵੀ ਬਖਸ਼ਦੀ ਹੈ। ਇਹ ਕੰਮ ਡਾ. ਭੰਡਾਲ ਜਿਹਾ ਦਿੱਭ-ਦ੍ਰਿਸ਼ਟੀ ਵਾਲਾ ਚਿੰਤਕ ਹੀ ਕਰ ਸਕਦਾ ਹੈ। ਉਹ ਆਪਣੇ ਰਾਹਾਂ ਦੇ ਕੰਡਿਅਾਂ ਨੂੰ ਵੀ ਫੁੱਲਾਂ ਵਾਂਗ ਪੰਨਿਅਾਂ ‘ਤੇ ਬਿਖ਼ੇਰ ਰਿਹਾ ਹੈ। ਵਾਰਤਕੀ ਸ਼ਬਦਾਂ ਅਤੇ ਕਾਵਿ-ਬੋਲਾਂ ਵਿਚ ਅਜਿਹਾ ਰਿਦਮ ਅਤੇ ਸ਼ਕਤੀ ਹੈ ਕਿ ਪਾਠਕ ਤਰੰਨੁਮ ਤਰੰਨੁਮ ਹੋ ਜਾਂਦਾ ਹੈ। ਇਹ ਕਿਰਤ ਜੀਵਨ ਸਫ਼ਰ ਦੀ ਉਹ ਘਾਲ ਕਮਾਈ ਹੈ, ਜਿਹੜੀ ਉਨ੍ਹਾਂ ਨੇ ਵਰਿੵਾਅਾਂ ਦੀ ਸਾਧਨਾ ਵਿਚੋਂ ਨਚੋੜ ਕੇ ਅਰਕ ਦੇ ਰੂਪ ਵਿਚ ਸਾਨੂੰ ਸਭ ਨੂੰ ਭੇਟ ਕੀਤੀ ਹੈ। ਵਿਲੱਖਣਤਾ ਉਸ ਦੀਅਾਂ ਰਚਨਾਵਾਂ ਦਾ ਵੱਡਾ ਹਾਸਲ ਹੈ। ਇਹ ਮੁਕਾਮ ਉਸ ਦੀ ਨਿਰੰਤਰ ਕਲਮ ਸਾਧਨਾ ਨੂੰ ਨਸੀਬ ਹੋਇਆ ਹੈ।

ਇਸ ਪੁਸਤਕ ਦੀ ਸ਼ੁਭ ਆਮਦ ਨਾਲ ਡਾ. ਭੰਡਾਲ ਦੀ ਵਡਿਆਈ ਤਾਂ ਹੋਵੇਗੀ ਹੀ, ਮਾਣ ਨਾਲ ਸਮੁੱਚੇ ਸਾਹਿਤ ਜਗਤ ਦਾ ਸਿਰ ਵੀ ਉਚਾ ਹੋਏਗਾ। ਇਸ ਕਿਰਤ ਦੇ ਬੋਲਾਂ ਅੰਦਰ ਅਰਥਾਂ ਦੀ ਅਜਿਹੀ ਨਾਜ਼ੁਕ ਸਰਗਮ ਹੈ ਜੋ ਸਾਨੂੰ ਦੇਰ ਤੱਕ, ਦੂਰ ਤੱਕ ਸੁਣਾਈ ਦਿੰਦੀ ਰਹੇਗੀ। ਸਾਹਿਤ ਦੇ ਸੁਨਹਿਰੀ ਪੰਨਿਅਾਂ ‘ਤੇ ਆਪਣੀ ਹੋਂਦ ਬਰਕਰਾਰ ਰੱਖੇਗੀ। ਇਹ ਰਚਨਾ ਆਪਣੇ ਪੈਰਾਂ ‘ਤੇ ਖਲੋਣ ਅਤੇ ਖੰਭਾਂ ਤੇ ਉੱਡਣ ਦਾ ਪੂਰਾ ਦਮ ਖ਼ਮ ਰੱਖਦੀ ਹੈ ਅਤੇ ਪਵਿੱਤਰ ਬਾਊਲੀ ਦੇ ਸ਼ੀਤਲ ਜਲ ਵਾਂਗ ਸਾਡੀ ਤੇਹ ਨੂੰ ਤ੍ਰਿਪਤ ਕਰਦੀ ਹੈ।

ਇਸ ਪੁਸਤਕ ਦੀ ਥਾਹ ਪਾਉਣ ਲਈ ਮੇਰੇ ਕੋਲ ਏਨੀ ਸਮਰੱਥਾ ਤਾਂ ਨਹੀਂ। ਮੈਂ ਤਾਂ ਇੱਕ ਸੁਹਿਰਦ ਪਾਠਕ ਵਾਂਗ ਆਪਣਾ ਪ੍ਰਭਾਵ ਮਹਿਸੂਸ ਕੀਤਾ ਹੈ। ਸੁਭ ਖੁਸ਼ਆਮਦੀਦ ਕਹਿਣ ਵਿਚ ਸੁਖਦ ਅਨੁਭਵ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਪੁਸਤਕ ਨੂੰ ਆਲੋਚਕ ਵੀ ਥਾਪੜਾ ਦੇਣਗੇ ਅਤੇ ਪ੍ਰਸੰਸ਼ਕ ਵੀ ਸ਼ਾਬਾਸ਼ ਆਖਣਗੇ।

ਆਸ ਕਰਦਾ ਹਾਂ ਕਿ ਇਸ ਖੂਬਸੂਰਤ ਕਿਤਾਬ ‘ਕੱਚੇ ਪੱਕੇ ਰਾਹ’ ਨੂੰ ਇਸ ਦੇ ਹਾਣੀ ਪਾਠਕ ਜ਼ਰੂਰ ਮਿਲਣਗੇ।
***
ਦਰਸ਼ਨ ਬੁੱਟਰ,
(ਨਾਭਾ)
ਫੋਨ: +1 98728-23119
ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1191
***

About the author

ਦਰਸ਼ਨ ਬੁੱਟਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਰਸ਼ਨ ਬੁੱਟਰ
ਨਾਮਵਰ ਪੰਜਾਬੀ ਕਵੀ
ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ  (ਰਜਿ)

ਜਨਮ: 7 ਅਕਤੂਬਰ 1954
ਪਿੰਡ ਬੂਹੀ, ਤਹਿਸੀਲ ਨਾਭਾ, ਜਿਲ੍ਹਾ ਪਟਿਆਲਾ

ਦਰਸ਼ਨ ਬੁੱਟਰ ਨੂੰ 2012 ਵਿੱਚ 'ਮਹਾਂ ਕੰਬਣੀ' ਪੁਸਤਕ ਲਈ 'ਸਾਹਿਤ ਅਕਾਦਮੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।
ਕੁਝ ਪ੍ਰਸਿੱਧ ਪੁਸਤਕਾਂ ਹਨ:
1. ਔੜ ਦੇ ਬੱਦਲ
2. ਸਲ੍ਹਾਬੀ ਹਵਾ
3. ਸ਼ਬਦ. ਸ਼ਹਿਰ ਤੇ ਰੇਤ
4. ਖੜਾਵਾਂ
5. ਦਰਦ ਮਜੀਠੀ
6. ਮਹਾਂ ਕੰਬਣੀ
7. ਅੱਕਾਂ ਦੀ ਕਵਿਤਾ

ਦਰਸ਼ਨ ਬੁੱਟਰ

ਦਰਸ਼ਨ ਬੁੱਟਰ ਨਾਮਵਰ ਪੰਜਾਬੀ ਕਵੀ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ  (ਰਜਿ) ਜਨਮ: 7 ਅਕਤੂਬਰ 1954 ਪਿੰਡ ਬੂਹੀ, ਤਹਿਸੀਲ ਨਾਭਾ, ਜਿਲ੍ਹਾ ਪਟਿਆਲਾ ਦਰਸ਼ਨ ਬੁੱਟਰ ਨੂੰ 2012 ਵਿੱਚ 'ਮਹਾਂ ਕੰਬਣੀ' ਪੁਸਤਕ ਲਈ 'ਸਾਹਿਤ ਅਕਾਦਮੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਕੁਝ ਪ੍ਰਸਿੱਧ ਪੁਸਤਕਾਂ ਹਨ: 1. ਔੜ ਦੇ ਬੱਦਲ 2. ਸਲ੍ਹਾਬੀ ਹਵਾ 3. ਸ਼ਬਦ. ਸ਼ਹਿਰ ਤੇ ਰੇਤ 4. ਖੜਾਵਾਂ 5. ਦਰਦ ਮਜੀਠੀ 6. ਮਹਾਂ ਕੰਬਣੀ 7. ਅੱਕਾਂ ਦੀ ਕਵਿਤਾ

View all posts by ਦਰਸ਼ਨ ਬੁੱਟਰ →