6 December 2024

ਹਟਕੋਰੇ ਲੈਂਦੀ ਜ਼ਿੰਦਗੀ—ਰਵਿੰਦਰ ਸਿੰਘ ਸੋਢੀ

ਕਹਾਣੀ:
ਹਟਕੋਰੇ ਲੈਂਦੀ ਜ਼ਿੰਦਗੀ

-ਰਵਿੰਦਰ ਸਿੰਘ ਸੋਢੀ-

“ਹੈਲੋ!”

“ਤਮੰਨਾ ਕਿਥੇ ਹੈ?” ਮੈਂ ਪੁੱਛਿਆ।

“ਉਹ ਤਾਂ ਰਾਤ ਦਸ ਵਜੇ ਦੀ ਗੈਸ ਸਟੇਸ਼ਨ ਗਈ ਹੋਈ ਹੈ। ਜਲਦੀ-ਜਲਦੀ ‘ਚ ਮੋਬਾਈਲ ਭੁੱਲ ਗਈ।”

“ਹੈਂ! ਗੈਸ ਸਟੇਸ਼ਨ? ਕੱਲ੍ਹ ਸ਼ਾਮ ਨੂੰ ਤਾਂ ਉਹ ਛੇ ਵਜੇ ਆਪਣੇ ਕੰਮ ਤੋਂ ਆਈ ਸੀ। ਦਸ ਵਜੇ ਫੇਰ ਚਲੀ ਗਈ?” ਮੈਂ ਹੈਰਾਨੀ ਨਾਲ ਕਿਹਾ।

“ਹਾਂ, ਕੰਮ ਤੋਂ ਆਉਂਦੀ ਨੇ ਹੀ ਦੱਸਿਆ ਸੀ ਕਿ ਗੈਸ ਸਟੇਸ਼ਨ ਵਾਲਿਆਂ ਦਾ ਫੋਨ ਆਇਆ ਸੀ ਕਿ ਰਾਤ ਦੀ ਸ਼ਿਫ਼ਟ ਲਾ ਜਾ।”

“ਕਿਹੜੇ ਗੈਸ ਸਟੇਸ਼ਨ ਤੇ?”

“ਸਕਾਟ ਰੋਡ ਵਾਲੇ ਤੇ।”

“ਠੀਕ ਹੈ, ਮੈਂ ਉਧਰ ਹੀ ਜਾਣਾ ਹੈ। ਬੇਸਮੈਂਟ ਦੇ ਬਾਹਰੋਂ ਹੀ ਤੈਨੂੰ ਕਾਲ ਕਰਾਂਗਾ, ਉਸ ਦਾ ਮੋਬਾਈਲ ਫੜਾ ਜਾਈਂ।” ਇਹ ਕਹਿੰਦੇ ਮੈਂ ਫੋਨ ਬੰਦ ਕਰ ਦਿੱਤਾ।

ਮੈਂ ਘੜੀ ਦੇਖੀ। ਸੱਤ ਵਜੇ ਸੀ। ਮੇਰਾ ਅੰਦਾਜ਼ਾ ਸੀ ਕਿ ਉਸ ਦੀ ਸ਼ਿਫਟ ਅੱਠ ਵਜੇ ਤੱਕ ਹੋਵੇਗੀ। ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਐਨਾ ਕੰਮ ਕਿਵੇਂ ਕਰ ਲੈਂਦੀ ਹੈ? ਪਿਛਲੇ ਹਫ਼ਤੇ ਵੀ ਉਸ ਨੇ ਤਿੰਨ ਦਿਨ ਦੋ-ਦੋ ਸ਼ਿਫਟਾਂ ਲਾਈਆਂ ਸੀ। ਐਤਵਾਰ ਦੀ ਵੀ ਛੁੱਟੀ ਨਹੀਂ ਸੀ ਕੀਤੀ। ਪਹਿਲਾਂ ਵੀ ਉਹ ਅਕਸਰ ਇਸੇ ਤਰਾਂ ਕਰਦੀ ਸੀ। ਨਾ ਤਾਂ ਆਪਣੀ ਖੁਰਾਕ ਦਾ ਬਹੁਤਾ ਧਿਆਨ ਰੱਖਦੀ, ਨਾ ਸਿਹਤ ਦਾ। ਮੈਂ ਕਈ ਵਾਰੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਕੰਮ ਦੀ ਐਨੀ ਮਾਰੋ-ਮਾਰ ਨਾ ਕਰਿਆ ਕਰ, ਪਰ ਉਹ ਹੱਸ ਕੇ ਟਾਲ ਦਿੰਦੀ। ਦੋ ਕੁ ਬਾਰ ਤਾਂ ਮੈਂ ਉਸ ਨਾਲ ਬੇਸਮੈਂਟ ਵਿਚ ਰਹਿਣ ਵਾਲੀਆਂ ਕੁੜੀਆਂ ਦੇ ਸਾਹਮਣੇ ਹੀ ਉਸ ਨੂੰ ਗੁੱਸੇ ਹੋਇਆ ਸੀ। ਉਸ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਵੀ ਦੱਸਿਆ ਕਿ ਇਹ ਕਿਸੇ ਦੀ ਮੰਨਦੀ ਹੀ ਨਹੀਂ। ਕਈ ਵਾਰ ਤਾਂ ਭੁੱਖੀ ਹੀ ਕੰਮ ਤੇ ਚਲੀ ਜਾਂਦੀ ਹੈ। ਉਸ ਦੇ ਚਿਹਰੇ ਤੋਂ ਵੀ ਲੱਗਦਾ ਸੀ ਜਿਵੇਂ ਉਹ ਅੰਦਰੋਂ-ਅੰਦਰ ਕਿਸੇ ਗੱਲ ਤੋਂ ਪ੍ਰੇਸ਼ਾਨ ਹੈ। ਮੇਰੇ ਬਾਰ-ਬਾਰ ਪੁੱਛਣ ਤੇ ਵੀ ਉਸ ਨੇ ਆਪਣੇ ਦਿਲ ਦੀ ਘੁੰਡੀ ਨਹੀਂ ਸੀ ਖੋਲ੍ਹੀ। ਉਸ ਦੀਆਂ ਸਹੇਲੀਆਂ ਅਤੇ ਮੇਰੇ ਕਰੀਬੀ ਦੋਸਤਾਂ ਨੂੰ ਸਾਡੀ ਆਪਸੀ ਨੇੜਤਾ ਦਾ ਪਤਾ ਸੀ। ਮੈਂ ਤਮੰਨਾ ਨੂੰ ਕਈ ਬਾਰ ਕਿਹਾ ਸੀ ਕਿ ਇਕ ਦੂਜੇ ਦੇ ਨੇੜੇ ਹੋਣਾ, ਇਕ ਦੂਜੇ ਨੂੰ ਚਾਹੁਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੁਝ ਸਮਾਂ ਇਕੱਠੇ ਬਿਤਾ ਲਿਆ, ਸੈਰ-ਸਪਾਟਾ ਕਰਦੇ ਇਕ ਦੂਜੇ ਦੇ ਹੱਥ ਫੜ ਲਏ, ਇਕ ਦੂਜੇ ਨੂੰ ਗਲਵਕੜੀ ਪਾ ਕੇ ਮਿਲ ਲਏ। ਜਦੋਂ ਤੱਕ ਇਕ ਦੂਜੇ ਨੂੰ ਪਸੰਦ ਕਰਨ ਵਾਲੇ ਆਪਣੀਆਂ ਖੁਸ਼ੀਆਂ, ਆਪਣੇ ਦੁੱਖ ਸਾਂਝੇ ਨਾ ਕਰਨ ਤਾਂ ਅਜਿਹੀ ਨੇੜਤਾ ਬਹੁਤੀ ਦੇਰ ਨਹੀਂ ਚਲਦੀ। ਤਮੰਨਾ ਹੱਸ ਕੇ ਇਹ ਗੱਲਾਂ ਸੁਣ ਲੈਂਦੀ ਜਾਂ ਵੱਧ ਤੋਂ ਵੱਧ ਮੇਰੇ ਹੱਥ ਆਪਣੇ ਹੱਥਾਂ ਵਿਚ ਘੁੱਟ ਕੇ ਆਪਣੇ ਬੁੱਲਾਂ ਨਾਲ ਲਾ ਕੇ ਕਹਿੰਦੀ, “ਪ੍ਰਵੀਨ, ਤੂੰ ਨਾਂ ਦਾ ਹੀ ਪ੍ਰਵੀਨ ਨਹੀਂ, ਅਸਲ ਵਿਚ ਵੀ ਪ੍ਰਵੀਨ ਹੈਂ। ਤੇਰੀਆਂ ਗੱਲਾਂ ਫਿਲਾਸਫਰਾਂ ਵਾਲੀਆਂ ਹੁੰਦੀਆਂ ਨੇ। ਕਈ ਬਾਰ ਮੈਂ ਸੋਚਦੀ ਹਾਂ ਕਿ ਅਜਿਹੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਨਾਲ ਮੈਂ ਪੂਰੀ ਜ਼ਿੰਦਗੀ ਕਿਵੇਂ ਬਿਤਾਵਾਂਗੀ।” ਇਹ ਕਹਿੰਦੀ ਹੋਈ ਉਹ ਆਪਣਾ ਸਿਰ ਮੇਰੇ ਮੋਢਿਆਂ ਤੇ ਰੱਖ ਦਿੰਦੀ।

ਮੈਂ ਆਪਣਾ ਲੈਪ ਟੌਪ ਬੰਦ ਕੀਤਾ ਅਤੇ ਵਾਸ਼ਰੂਮ ਚਲਿਆ ਗਿਆ। ਮੇਰਾ ਬਹੁਤਾ ਕੰਮ ਘਰੋਂ ਹੀ ਹੁੰਦਾ ਸੀ। ਕੰਪਿਊਟਰ ਤੇ ਕੰਮ ਕਰਨ ਵਾਲਿਆਂ ਨੂੰ ਕੋਵਿਡ ਦੇ ਫੈਲਣ ਦਾ ਇਹ ਫਾਇਦਾ ਹੋਇਆ ਕਿ ਇਸ ਮਹਾਂ ਮਾਰੀ ਤੇ ਕਾਬੂ ਪਾਉਣ ਤੋਂ ਬਾਅਦ ਵੀ ਉਹਨਾਂ ਨੂੰ ਘਰੋਂ ਹੀ ਕੰਮ ਕਰਨ ਦੀ ਖੁੱਲ੍ਹ ਮਿਲ ਗਈ। ਦਸ ਪੰਦਰਾਂ ਦਿਨਾਂ ਬਾਅਦ ਜੇ ਲੋੜ ਪੈਂਦੀ ਤਾਂ ਦਫਤਰ ਦਾ ਚੱਕਰ ਲਾਉਣਾ ਪੈਂਦਾ।

ਵੀਹ ਕੁ ਮਿੰਟ ਵਿਚ ਤਿਆਰ ਹੋ ਕੇ ਮੈਂ ਤਮੰਨਾ ਦੀ ਸਹੇਲੀ ਖੁਸ਼ੀ ਨੂੰ ਫੋਨ ਕੀਤਾ ਕਿ ਮੈਂ ਆ ਰਿਹਾ ਹਾਂ। ਖੁਸ਼ੀ ਕਹਿਣ ਲੱਗੀ ਕਿ ਜੇ ਦਸ ਕੁ ਮਿੰਟ ਪਹਿਲਾਂ ਆ ਜਾਵੋ ਤਾਂ ਚੰਗਾ ਹੈ, ਤੇਰੇ ਨਾਲ ਤਮੰਨਾ ਬਾਰੇ ਗੱਲ ਕਰਨੀ ਹੈ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਮੈਨੂੰ ਤੌਖਲਾ ਜਿਹਾ ਲੱਗਿਆ ਕਿ ਖੁਸ਼ੀ, ਤਮੰਨਾ ਸੰਬੰਧੀ ਕੁਝ ਉਲਟੀ-ਸਿੱਧੀ ਗੱਲ ਨਾ ਦੱਸ ਦੇਵੇ, ਪਰ ਮੈਂ ਖੁਸ਼ੀ ਤੋਂ ਤਮੰਨਾ ਦਾ ਮੋਬਾਈਲ ਲੈਣ ਜਾਣਾ ਹੀ ਸੀ, ਇਸ ਲਈ ਉਸ ਦੀ ਗੱਲ ਵੀ ਸੁਣਨੀ ਹੀ ਪੈਣੀ ਸੀ। ਦਸ ਕੁ ਮਿੰਟ ਬਾਅਦ ਹੀ ਮੈਂ ਧੜਕਦੇ ਦਿਲ ਨਾਲ ਖੁਸ਼ੀ ਦੀ ਬੇਸਮੈਂਟ ਦੀ ਬੈਲ ਦਿੱਤੀ। ਉਹ ਮੇਰਾ ਇੰਤਜ਼ਾਰ ਹੀ ਕਰ ਰਹੀ ਸੀ।

ਅੰਦਰ ਜਾ ਕੇ ਮੈਂ ਲਿਵਿੰਗ ਰੂਮ ਵਿਚ ਪਈਆਂ ਤਿੰਨ ਕੁਰਸੀਆਂ ਵਿਚੋਂ ਇਕ ਤੇ ਬੈਠ ਗਿਆ ਅਤੇ ਕਿਹਾ ਕਿ ਚਾਹ ਮੈਂ ਪੀ ਕੇ ਆਇਆ ਹਾਂ, ਇਸ ਲਈ ਕਿਸੇ ਫਾਰਮੈਲਟੀ ਵਿਚ ਨਾ ਪਵੇ। ਖੁਸ਼ੀ ਵੀ ਮੇਰੇ ਕੋਲ ਪਈ ਕੁਰਸੀ ਤੇ ਬੈਠ ਗਈ। ਅਸਲ ਵਿਚ ਤਾਂ ਇਹ ਲਿਵਿੰਗ ਰੂਮ ਰਸੋਈ ਦਾ ਹੀ ਹਿੱਸਾ ਸੀ। ਦੋ ਛੋਟੇ-ਛੋਟੇ ਹੋਰ ਕਮਰੇ ਸੀ ਜਿੰਨਾਂ ਵਿਚ ਤਮੰਨਾ, ਖੁਸ਼ੀ ਅਤੇ ਦੋ ਹੋਰ ਕੁੜੀਆਂ ਰਹਿੰਦੀਆਂ ਸੀ। ਤਮੰਨਾ ਹੀ ਵਰਕ ਪਰਮਿਟ ਤੇ ਸੀ, ਬਾਕੀ ਤਿੰਨ ਕੁੜੀਆਂ ਤਾਂ ਅਜੇ ਪੜ੍ਹਾਈ ਹੀ ਕਰ ਰਹੀਆਂ ਸਨ। ਮੈਂ ਤਮੰਨਾ ਨੂੰ ਕਈ ਬਾਰ ਕਿਹਾ ਸੀ ਕਿ ਹੁਣ ਉਸ ਨੂੰ ਕਿਸੇ ਵੱਡੀ ਬੇਸਮੈਂਟ ਵਿਚ ਰਹਿਣ ਵਾਲੀਆਂ ਕੁੜੀਆਂ ਕੋਲ ਸ਼ਿਫ਼ਟ ਹੋ ਜਾਣਾ ਚਾਹੀਦਾ ਹੈ, ਪਰ ਉਸ ਦਾ ਕਹਿਣਾ ਸੀ ਕਿ ਇਹ ਤਿੰਨੋਂ ਕੁੜੀਆਂ ਚੰਗੀਆਂ ਹਨ, ਇਸ ਲਈ ਫ਼ਿਲਹਾਲ ਉਹ ਇਹਨਾਂ ਨਾਲ ਹੀ ਰਹਿਣਾ ਚਾਹੁੰਦੀ ਹੈ। ਸਾਲ ਕੁ ਬਾਅਦ ਇਹਨਾਂ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਜਦੋਂ ਇਹਨਾਂ ਦਾ ਵੀ ਵਰਕ ਪਰਮਿਟ ਆ ਗਿਆ ਤਾਂ ਉਹ ਕੋਈ ਵੱਡੀ ਬੇਸਮੈਂਟ ਦੇਖ ਲੈਣ ਗੀਆਂ। ਦੂਜਾ ਉਸਦਾ ਕੰਮ ਵੀ ਇਥੋਂ ਨੇੜੇ ਹੀ ਹੈ, ਪੰਦਰਾਂ ਕੁ ਮਿੰਟ ਹੀ ਤੁਰਨਾ ਪੈਂਦਾ ਹੈ, ਇਸ ਲਈ ਉਸ ਦਾ ਕਾਰ ਤੋਂ ਬਿਨਾ ਹੀ ਸਰੀ ਜਾਂਦਾ ਹੈ।

ਖੁਸ਼ੀ ਨੇ ਦੱਸਿਆ ਕਿ ਤਮੰਨਾ ਹਰ ਸਮੇਂ ਹੀ ਚੁੱਪ-ਚੁੱਪ ਅਤੇ ਉਦਾਸ ਜਿਹੀ ਰਹਿੰਦੀ ਹੈ। ਉਹਨਾਂ ਨਾਲ ਵੀ ਖੁਲ੍ਹ ਕੇ ਬਹੁਤੀ ਗੱਲ ਨਹੀਂ ਕਰਦੀ। ਕਈ ਬਾਰ ਰਾਤ ਨੂੰ ਡਰ ਕੇ ਉੱਠ ਜਾਂਦੀ ਹੈ ਅਤੇ ਫੇਰ ਕਿੰਨੀ-ਕਿੰਨੀ ਦੇਰ ਉਸ ਨੂੰ ਨੀਂਦ ਨਹੀਂ ਆਉਂਦੀ। ਪਤਾ ਨਹੀਂ ਹਰ ਸਮੇਂ ਕੀ ਸੋਚਦੀ ਰਹਿੰਦੀ ਹੈ?

“ਉਸ ਦੇ ਘਰ ਦਿਆਂ ਦਾ ਫੋਨ ਆਉਂਦਾ ਰਹਿੰਦਾ ਹੈ?” ਮੈਂ ਖੁਸ਼ੀ ਤੋਂ ਪੁੱਛਿਆ।

“ਹਾਂ, ਫੋਨ ਤਾਂ ਤਕਰੀਬਨ ਰੋਜ਼ਾਨਾ ਹੀ ਆਉਂਦਾ ਹੈ, ਪਰ ਕਈ ਬਾਰ ਤਾਂ ਉਹਨਾਂ ਨਾਲ ਵੀ ਹੂੰ-ਹਾਂ ਕਰਕੇ ਹੀ ਗੱਲ ਖਤਮ ਕਰ ਦਿੰਦੀ ਹੈ।”

ਖੁਸ਼ੀ ਦੀ ਇਸ ਗੱਲ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ। ਮੈਂ ਉਸ ਨੂੰ ਕਿਹਾ ਕਿ ਉਹ ਤਮੰਨਾ ਦਾ ਟੁੱਥ ਬੁਰਸ਼, ਟਾਵਲ ਅਤੇ ਇਕ ਸੂਟ ਕਿਸੇ ਬੈਗ ਵਿਚ ਪਾ ਦੇਵੇ, ਮੈਂ ਉਸ ਨੂੰ ਗੈਸ ਸਟੇਸ਼ਨ ਤੋਂ ਘਰ ਹੀ ਲੈ ਜਾਵਾਂਗਾ। ਕੋਸ਼ਿਸ਼ ਕਰਦਾ ਹਾਂ ਜੇ ਉਹ ਆਪਣੇ ਦਿਲ ਦੀ ਕੋਈ ਗੱਲ ਦੱਸੇ।

ਖੁਸ਼ੀ ਨੇ ਉਸ ਦਾ ਜਰੂਰੀ ਸਮਾਨ ਇਕ ਬੈਗ ਵਿਚ ਪਾ ਕੇ ਦੇ ਦਿੱਤਾ, ਮੋਬਾਈਲ ਮੈਂ ਆਪਣੀ ਜੇਬ ਵਿਚ ਪਾ ਲਿਆ। ਜਾਣ ਲੱਗੇ ਖੁਸ਼ੀ ਨੂੰ ਕਿਹਾ, “ਖੁਸ਼ੀ, ਉਹ ਤੇਰੇ ਵੀ ਕਾਫੀ ਨੇੜੇ ਹੈ। ਤੂੰ ਵੀ ਕੋਸ਼ਿਸ਼ ਕਰ ਜੇ ਉਸ ਦੇ ਚੁੱਪ ਰਹਿਣ ਦਾ ਰਾਜ ਪਤਾ ਲੱਗੇ। ਕਈ ਵਾਰ ਤਾਂ ਮੈਨੂੰ ਵੀ ਡਰ ਲੱਗਦਾ ਹੈ ਜਿਵੇਂ ਉਹ ਕੋਈ ਬਹੁਤ ਵੱਡਾ ਭਾਰ ਆਪਣੇ ਦਿਲ ਤੇ ਚੁੱਕੀ ਫਿਰਦੀ ਹੈ। ਜੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਕਰੇ ਤਾਂ ਹੀ ਕੁਝ ਕੀਤਾ ਜਾ ਸਕਦਾ ਹੈ।” ਇਹ ਕਹਿ ਕੇ ਮੈਂ ਬਾਹਰ ਆ ਗਿਆ।

ਪੰਜ ਕੁ ਮਿੰਟ ਵਿਚ ਹੀ ਮੈਂ ਗੈਸ ਸਟੇਸ਼ਨ ਤੇ ਪਹੁੰਚ ਗਿਆ। ਇਕ ਪਾਸੇ ਬਣੀ ਪਾਰਕਿੰਗ ਵਿਚ ਕਾਰ ਪਾਰਕ ਕਰਕੇ ਮੈਂ ਗੈਸ ਸਟੇਸ਼ਨ ਦੇ ਅੰਦਰ ਚਲਿਆ ਗਿਆ। ਤਮੰਨਾ ਮੈਨੂੰ ਦੇਖਦੇ ਹੀ ਖੁਸ਼ ਹੋ ਗਈ, ਪਰ ਉਨੀਂਦਰੇ ਕਾਰਨ ਉਹ ਆਪਣੇ ਚਿਹਰੇ ਦੀ ਥਕਾਵਟ ਨੂੰ ਲੁਕਾ ਨਾ ਸਕੀ।

“ਤੂੰ ਕਿਵੇਂ?” ਉਸ ਨੇ ਕਾਊਂਟਰ ਦੇ ਪਿੱਛੋਂ ਹੀ ਪੁੱਛਿਆ।

ਮੈਂ ਉਸ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ। ਉਸ ਦਾ ਮੋਬਾਈਲ ਉਸ ਵੱਲ ਵਧਾ ਦਿੱਤਾ।

“ਤੈਨੂੰ ਕਿਥੋਂ ਮਿਲਿਆ?” ਮੇਰਾ ਜੁਆਬ ਸੁਣਨ ਤੋਂ ਪਹਿਲਾਂ ਹੀ ਬੋਲ ਪਈ, “ਬੇਸਮੈਂਟ ਗਿਆ ਸੀ?”

“ਹਾਂ” ਮੈਂ ਸਿਰਫ ਇਹੋ ਕਿਹਾ।

“ਕੀ ਗੱਲ, ਚੁੱਪ-ਚੁੱਪ ਹੈਂ, ਠੀਕ ਤਾਂ ਹੈਂ?” ਉਸ ਨੇ ਕੁਝ ਫਿਕਰਮੰਦ ਹੋ ਕੇ ਕਿਹਾ।

“ਮੈਂ ਬਾਹਰ ਕਾਰ ਵਿਚ ਤੇਰੀ ਇੰਤਜ਼ਾਰ ਕਰ ਰਿਹੈਂ।” ਇਹ ਕਹਿ ਕੇ ਮੈਂ ਬਾਹਰ ਵੱਲ ਚਲ ਪਿਆ।

ਤਮੰਨਾ ਨੇ ਮੈਨੂੰ ਇਕ ਦੋ ਅਵਾਜ਼ਾਂ ਜਰੂਰ ਮਾਰੀਆਂ, ਪਰ ਮੈਂ ਰੁਕਿਆ ਨਹੀਂ। ਐਨੇ ਨੂੰ ਦੋ ਗਾਹਕ ਆ ਗਏ। ਤਮੰਨਾ ਉਹਨਾਂ ਨਾਲ ਰੁਝ ਗਈ।

ਮੈਨੂੰ ਪਤਾ ਸੀ ਕਿ ਉਸ ਨੂੰ ਪੰਦਰਾਂ ਵੀਹ ਮਿੰਟ ਹੋਰ ਲੱਗ ਜਾਣ ਗੇ। ਉਸ ਨੇ ਭਾਵੇਂ ਮੇਰੇ ਨਾਲ ਹੱਸ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੇ ਚਿਹਰੇ ਤੋਂ ਉਸ ਦੀ ਥਕਾਵਟ ਸਾਫ ਝਲਕ ਰਹੀ ਸੀ। ਮੈਨੂੰ ਇਹ ਵੀ ਯਕੀਨ ਸੀ ਕੰਮ ਵਿਚ ਰੁੱਝੀ ਹੋਣ ਕਰਕੇ ਉਸ ਨੂੰ ਖਾਣ ਲਈ ਵਕਤ ਹੀ ਨਹੀਂ ਮਿਲਿਆ ਹੋਵੇ ਗਾ। ਮੈਂ ਨੇੜਲੇ ਇੰਡੀਅਨ ਰੈਸਟੋਰੈਂਟ ਨੂੰ ਫੋਨ ਕਰਕੇ ਤਮੰਨਾ ਦੇ ਮਨਪਸੰਦ ਪਨੀਰ ਵਾਲੇ ਪਰੌਂਠਿਆਂ ਦਾ ਆਰਡਰ ਦੇ ਦਿੱਤਾ।

ਪੰਦਰਾਂ ਕੁ ਮਿੰਟਾਂ ਬਾਅਦ ਹੀ ਤਮੰਨਾ ਆ ਗਈ। ਕਾਰ ਵਿਚ ਬੈਠਦੇ ਹੀ ਪੁੱਛਣ ਲੱਗੀ, “ਪਲੀਜ਼, ਦੱਸੋ ਨਾ, ਚੁੱਪ ਕਿਉਂ ਹੈਂ?”

ਮੈਂ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਉਸ ਦੀਆਂ ਦੋ-ਦੋ ਸ਼ਿਫਟਾਂ ਵਿਚ ਕੰਮ ਕਰਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ, ਇਸ ਲਈ ਮੈਂ ਜਾਣ-ਬੁਝ ਕੇ ਟਕੋਰ ਲਾਈ, “ਇਸ ਤੋਂ ਬਾਅਦ ਕਿਤੇ ਤੀਜੀ ਥਾਂ ਤੇ ਕੰਮ ਕਰਨ ਤਾਂ ਨਹੀਂ ਜਾਣਾ?” ਉਸ ਨੂੰ ਮੇਰੇ ਬੋਲਣ ਦੇ ਲਹਿਜੇ ਤੋਂ ਹੀ ਮੇਰੀ ਨਰਾਜ਼ਗੀ ਦਾ ਪਤਾ ਲੱਗ ਗਿਆ। ਉਸ ਨੇ ਮੇਰਾ ਹੱਥ ਫੜਦੇ ਕਿਹਾ, “ਪਲੀਜ਼ ਪ੍ਰਵੀਨ, ਇਹੋ ਜਿਹੀਆਂ ਗੱਲਾਂ ਨਾ ਕਰ। ਮੈਂ ਤਾਂ ਤੈਨੂੰ ਦੇਖ ਕੇ ਖੁਸ਼ ਹੋ ਗਈ ਸੀ ਕਿ ਤੇਰੇ ਨਾਲ ਗੱਲਾਂ ਕਰ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਜਾਵੇਗੀ, ਪਰ ਤੂੰ ਤਾਂ ਮੇਰੀ ਥਕਾਵਟ ਹੋਰ ਵੀ ਵਧਾ ਰਿਹੈਂ।”

“ਜੇ ਸਰਕਾਰ ਮੇਰਾ ਹੱਥ ਛੱਡਣ ਤਾਂ ਮੈਂ ਕਾਰ ਦਾ ਗੇਅਰ ਬਦਲ ਲਵਾਂ।” ਮੇਰੀ ਨਰਾਜ਼ਗੀ ਅਜੇ ਵੀ ਖਤਮ ਨਹੀਂ ਸੀ ਹੋਈ।

ਉਹ ਮੇਰੇ ਹੱਥ ਨੂੰ ਘੁੱਟ ਕੇ ਫੜਦੀ ਹੋਈ ਬੋਲੀ, “ਜਾਹ! ਮੈਂ ਨਹੀਂ ਛੱਡਦੀ ਤੇਰਾ ਹੱਥ।” ਇਹ ਕਹਿੰਦੇ ਉਸ ਦੀ ਹਾਸੀ ਨਿਕਲ ਗਈ।

ਅਚਾਨਕ ਹੀ ਉਸ ਦੀ ਨਜ਼ਰ ਪਿਛਲੀ ਸੀਟ ਤੇ ਪਏ ਬੈਗ ਤੇ ਗਈ। “ਮੇਰਾ ਬੈਗ, ਤੇਰੀ ਗੱਡੀ ਵਿਚ ਕਿਵੇਂ ਆਇਆ?”

“ਉੱਡ ਕੇ।”

“ਪ੍ਰਵੀਨ ਕਾਰ ਰੋਕ। ਮੈਂ ਨਹੀਂ ਤੇਰੇ ਨਾਲ ਜਾਣਾ। ਮੈਂ ਆਪੇ ਤੁਰ ਕੇ ਬੇਸਮੈਂਟ ਤੱਕ ਚਲੀ ਜਾਵਾਂਗੀ।” ਉਹ ਮੇਰੇ ਬੋਲਣ ਦੇ ਲਹਿਜੇ ਤੋਂ ਨਰਾਜ਼ ਹੋ ਗਈ।

“ਪਹਿਲਾਂ ਕੁੱਛ ਖਾ ਕੇ ਢਿੱਡ ਭਰ ਲੈ। ਰਾਤ ਦੀ ਭੁੱਖੀ ਦੇ ਪੇਟ ਵਿਚ ਚੂਹੇ ਨੱਚ ਰਹੇ ਹੋਣਗੇ। ਆਪਣੀ ਬੁੱਥੀ ਕਦੇ ਦੇਖੀ ਐ ਸ਼ੀਸ਼ੇ ‘ਚ?”

“ਕਿਉਂ, ਕੀ ਹੋਇਆ ਮੇਰੀ ਬੁੱਥੀ ਨੂੰ, ਚੰਗੀ ਭਲੀ ਐ।” ਉਸ ਨੇ ਮੂੰਹ ਫਲਾਉਂਦੀ ਨੇ ਕਿਹਾ।

“ਤੇਰੀਆਂ ਗੱਲ੍ਹਾਂ ਅੰਦਰ ਨੂੰ ਬੜੀਆਂ ਪਈਆਂ ਨੇ, ਭਾਵੇਂ ਸਾਰੀਆਂ ਹੱਡੀਆਂ ਗਿਣ ਲਓ। ਰੰਗ ਤਵੇ ਵਰਗਾ ਹੁੰਦਾ ਜਾ ਰਿਹੈ। ਕਦੇ ਸ਼ੀਸ਼ੇ ਮੂਹਰੇ ਖੜ੍ਹ ਕੇ ਚੱਜ ਨਾਲ ਦੇਖ।” ਮੇਰਾ ਗੁੱਸਾ ਅਜੇ ਵੀ ਬਰਕਰਾਰ ਸੀ।

ਤਮੰਨਾ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਨਾਲ ਕਿਸ ਗੱਲੋਂ ਨਰਾਜ਼ ਹਾਂ। ਉਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਉਹ ਕਾਰ ਤੋਂ ਬਾਹਰ ਦੇਖਣ ਲੱਗੀ। ਆਪਣੇ ਪਰਸ ‘ਚੋਂ ਪਾਣੀ ਦੀ ਬੋਤਲ ਕੱਢ ਕੇ ਪਾਣੀ ਪੀਤਾ।
ਕੁਝ ਹੀ ਦੇਰ ਬਾਅਦ ਕਾਰ ਇੰਡੀਅਨ ਰੈਸਟੋਰੈਂਟ ਦੀ ਪਾਰਕਿੰਗ ਵਿਚ ਪਹੁੰਚ ਗਈ। ਮੈਂ ਬਿਨਾ ਕੁਝ ਬੋਲੇ ਅੰਦਰ ਚਲਿਆ ਗਿਆ। ਪੰਜ ਕੁ ਮਿੰਟ ਬਾਅਦ ਹੀ ਖਾਣੇ ਵਾਲਾ ਲਿਫਾਫਾ ਲਿਆ ਕੇ ਉਸ ਨੂੰ ਫੜਾ ਦਿੱਤਾ। ਪਰੌਂਠਿਆਂ ਦੀ ਖੁਸ਼ਬੋ ਨਾਲ ਹੀ ਉਸ ਦਾ ਚਿਹਰਾ ਖਿੜ ਗਿਆ। ਮੇਰੇ ਗੱਡੀ ਵਿਚ ਬੈਠਦੇ ਹੀ ਉਸਨੇ ਮੇਰਾ ਹੱਥ ਫੜ ਕੇ ਚੁੰਮ ਲਿਆ ਅਤੇ ਆਪਣੀ ਸੀਟ ਤੋਂ ਥੋੜ੍ਹੀ ਜਿਹੀ ਉੱਠ ਕੇ ਮੇਰੇ ਗਲੇ ਲੱਗ ਗਈ। ਉਸ ਨੇ ਬਿਨਾ ਕੁਝ ਬੋਲੇ ਇਕ ਹੱਥ ਨਾਲ ਆਪਣਾ ਇਕ ਕੰਨ ਖਿੱਚ ਲਿਆ। ਉਸਦਾ ਇਹ ਪਿਆਰ ਦੇਖ ਕੇ ਮੈਂ ਵੀ ਕੁਝ ਦੇਰ ਲਈ ਆਪਣਾ ਗੁੱਸਾ ਭੁੱਲ ਗਿਆ।
ਰਸਤੇ ਵਿਚ ਅਸੀਂ ਕੋਈ ਖਾਸ ਗੱਲਬਾਤ ਨਾ ਕੀਤੀ। ਮੈਂ ਆਪਣੇ ਦੋ ਕਮਰਿਆਂ ਦੇ ਅਪਾਰਟਮੈਂਟ ਦੀ ਪਾਰਕਿੰਗ ਵਿਚ ਕਾਰ ਖੜੀ ਕੀਤੀ। ਤਮੰਨਾ ਦਾ ਆਪਣਾ ਬੈਗ ਅਤੇ ਨਾਸ਼ਤੇ ਵਾਲਾ ਲਿਫਾਫਾ ਉਸ ਕੋਲ ਹੀ ਸੀ। ਮੈਂ ਕਾਰ ਦੀ ਪਿਛਲੀ ਸੀਟ ਤੋਂ ਉਸ ਦੇ ਕਪੜਿਆਂ ਵਾਲਾ ਬੈਗ ਚੁੱਕ ਲਿਆ ਅਤੇ ਅਸੀਂ ਦੋਵੇਂ ਦੂਜੀ ਮੰਜ਼ਿਲ ਤੇ ਪੌੜੀਆਂ ਰਾਹੀਂ ਹੀ ਚੜ੍ਹ ਗਏ। ਅਪਾਰਟਮੈਂਟ ਦਾ ਤਾਲਾ ਖੋਲ੍ਹ ਕੇ ਅਸੀਂ ਅੰਦਰ ਚਲੇ ਗਏ। ਲਿਵਿੰਗ ਕਮ ਆਫਿਸ ਵਿਚ ਪਏ ਸੋਫੇ ਤੇ ਆਪਣੇ ਹੱਥ ਵਾਲਾ ਬੈਗ ਰੱਖ ਕੇ ਉਹ ਉਥੇ ਹੀ ਬੈਠ ਗਈ। ਮੈਂ ਉਸ ਦੇ ਹੱਥੋਂ ਪਰੌਂਠਿਆਂ ਵਾਲਾ ਲਿਫਾਫਾ ਫੜ ਕੇ ਦੋ ਕੁਰਸੀਆਂ ਵਾਲੇ ਡਾਈਨਿੰਗ ਟੇਬਲ ਤੇ ਰੱਖ ਦਿੱਤਾ। ਉਹ ਸੋਫੇ ਤੇ ਹੀ ਪੈ ਗਈ, ਮੈਂ ਉਸ ਦੀ ਹਾਲਤ ਦਾ ਅੰਦਾਜ਼ਾ ਲਾ ਲਿਆ ਕਿ ਉਹ ਬਹੁਤ ਥੱਕੀ ਹੋਈ ਹੈ।

ਮੈਂ ਰਸੋਈ ‘ਚੋਂ ਪਲੇਟਾਂ ਅਤੇ ਕੌਲੀਆਂ ਚੁੱਕ ਕੇ ਪਰੌਂਠੇ ਅਤੇ ਦਹੀਂ ਪਾ ਲਿਆ। ਤਮੰਨਾ ਦੀ ਅੱਖ ਲੱਗ ਗਈ, ਪਹਿਲਾਂ ਮੈਂ ਸੋਚਿਆ ਕਿ ਉਸ ਨੂੰ ਅਰਾਮ ਹੀ ਕਰਨ ਦਿਆਂ, ਪਰ ਫੇਰ ਪਰੌਂਠੇ ਠੰਡੇ ਹੋ ਜਾਣੇ ਸੀ। ਮੈਨੂੰ ਮਜਬੂਰਨ ਉਸ ਨੂੰ ਉਠਾਉਣਾ ਹੀ ਪਿਆ।

ਤਮੰਨਾ ਵਾਸ਼ਰੂਮ ਵਿਚ ਜਾ ਕੇ ਮੂੰਹ-ਹੱਥ ਧੋ ਆਈ। ਮੂੰਹ ਵਿਚ ਪਹਿਲੀ ਬੁਰਕੀ ਪਾਉਂਦੇ ਹੀ ਉਸ ਨੇ ਮੇਰੇ ਵੱਲ ਦੇਖ ਕੇ ਹੱਥ ਦਾ ਅੰਗੂਠਾ ਖੜਾ ਕਰਕੇ ਵਧੀਆ ਪਰੌਂਠੇ ਲਿਆਉਣ ਲਈ ਮੈਨੂੰ ਸ਼ਾਬਾਸ਼ ਦਿੱਤੀ। ਨਾਸ਼ਤਾ ਕਰਕੇ ਮੈਂ ਉਸ ਨੂੰ ਕਪੜਿਆਂ ਵਾਲਾ ਬੈਗ ਫੜਾ ਕੇ ਦੂਜੇ ਕਮਰੇ ਵਿਚ ਜਾਣ ਦਾ ਇਸ਼ਾਰਾ ਕੀਤਾ ਅਤੇ ਫਰਿਜ ਤੋਂ ਟਾਇਨੌਲ ਦੀਆਂ ਦੋ ਗੋਲੀਆਂ ਉਸ ਦੇ ਹੱਥ ਤੇ ਧਰ ਦਿੱਤੀਆਂ। ਉਹ ਮੇਰ ਇਸ਼ਾਰਾ ਸਮਝ ਗਈ ਕਿ ਮੈਂ ਉਸ ਨੂੰ ਗੋਲੀਆਂ ਖਾ ਕੇ ਸੌ ਜਾਣ ਲਈ ਕਹਿ ਰਿਹਾ ਹਾਂ। ਉਹ ਬਿਨਾ ਕੁਝ ਬੋਲੇ ਨਾਲ ਦੇ ਕਮਰੇ ਵਿਚ ਚਲੀ ਗਈ ਅਤੇ ਦਰਵਾਜ਼ਾ ਭੇੜ ਲਿਆ।

ਮੇਰਾ ਕੁਝ ਕੰਮ ਪਿਆ ਸੀ। ਮੈਂ ਆਪਣੀ ਲੈਪ ਟੌਪ ਖੋਲ੍ਹ ਕੇ ਕੰਮ ਕਰਨ ਲੱਗ ਪਿਆ। ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਦੁਪਹਿਰ ਦਾ ਇਕ ਵਜ ਗਿਆ। ਮੈਂ ਦੂਜੇ ਕਮਰੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਦੇਖਿਆ, ਤਮੰਨਾ ਘੂਕ ਸੁੱਤੀ ਪਈ ਸੀ। ਅਸਲ ਵਿਚ ਉਹ ਰਾਤ ਦੀ ਡਿਊਟੀ ਕਰਕੇ ਉਨੀਂਦਰੀ ਵੀ ਸੀ ਅਤੇ ਥੱਕੀ ਹੋਈ ਵੀ। ਮੈਂ ਸੋਫੇ ਤੇ ਬੈਠ ਕੇ ਮੋਬਾਈਲ ਆਨ ਕਰ ਲਿਆ। ਤਮੰਨਾ ਦੀ ਅੱਖ ਤਕਰੀਬਨ ਦੋ ਕੁ ਵਜੇ ਖੁੱਲ੍ਹੀ। ਉਹ ਮੇਰੇ ਕੋਲ ਹੀ ਸੋਫੇ ਤੇ ਆ ਕੇ ਬੈਠ ਗਈ। ਮੈਂ ਉਸ ਤੋਂ ਪੁੱਛਿਆ ਕਿ ਲੰਚ ਵਿਚ ਕੀ ਮੰਗਵਾਈਏ।

“ਬਾਹਰੋਂ ਮੰਗਵਾਉਣ ਦੀ ਕੀ ਲੋੜ ਹੈ, ਘਰ ਹੀ ਕੁਛ ਬਣਾ ਲੈਂਦੇ ਹਾਂ।” ਇਹ ਕਹਿੰਦੇ ਹੋਏ ਉਹ ਰਸੋਈ ਵਿਚ ਜਾਣ ਲੱਗੀ।

ਮੈਂ ਉਸ ਨੂੰ ਬਾਂਹ ਪਕੜ ਕੇ ਸੋਫੇ ਤੇ ਹੀ ਬਿਠਾ ਲਿਆ ਅਤੇ ਪੁੱਛਿਆ, “ਪੀਜ਼ਾ ਚਲੇ ਗਾ?”
ਉਸ ਨੇ ਸਿਰ ਹਿਲਾ ਕੇ ਹਾਮੀ ਭਰੀ। ਮੈਂ ਪੀਜ਼ਾ ਆਰਡਰ ਕਰ ਦਿੱਤਾ।

“ਮੈਂ ਨਹਾ ਕੇ ਫਰੈਸ਼ ਹੋ ਜਾਵਾਂ।” ਉਹ ਸੋਫੇ ਤੋਂ ਉੱਠਦੇ ਕਹਿਣ ਲੱਗੀ।

ਮੈਂ ਉਸ ਨੂੰ ਦੋਬਾਰਾ ਸੋਫੇ ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ, “ਤਮੰਨਾ, ਜੇ ਬੁਰਾ ਨਾ ਮਨਾਵੇਂ ਤਾਂ ਤੇਰੇ ਨਾਲ ਕੁਝ ਗੱਲਾਂ ਖੁਲ੍ਹ ਕੇ ਕਰ ਸਕਦਾ ਹਾਂ?”

ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਦੇ ਹੋਏ ਕਿਹਾ, “ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ? ਕੀ ਤੈਨੂੰ ਮੇਰੇ ਤੇ ਯਕੀਨ ਨਹੀਂ?”

“ਨਹੀਂ ਤਮੰਨਾ, ਯਕੀਨ ਜਾਂ ਨਾ ਯਕੀਨ ਦੀ ਗੱਲ ਨਹੀਂ। ਮੈਨੂੰ ਕਈ ਬਾਰ ਲੱਗਦੇ ਜਿਵੇਂ ਤੂੰ ਮੇਰੇ ਤੋਂ ਕੁਝ ਲੁਕਾ ਰਹੀ ਹੈਂ ਜਾਂ ਮੈਨੂੰ ਦੱਸਣਾ ਨਹੀਂ ਚਾਹੁੰਦੀ।”

“ਇਹ ਤੂੰ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਿਹੈਂ ਪ੍ਰਵੀਨ?”

“ਤਮੰਨਾ, ਮੈਨੂੰ ਸੱਚੀ-ਸੱਚੀ ਦੱਸ, ਤੂੰ ਮੇਰੇ ਤੋਂ ਕੋਈ ਗੱਲ ਲੁਕਾ ਤਾਂ ਨਹੀਂ ਰਹੀ? ਦੇਖ, ਆਪਾਂ ਦੋਹਾਂ ਨੂੰ ਇਕ ਦੂਜੇ ਦੇ ਨੇੜੇ ਹੋਏ ਅਜੇ ਬਹੁਤੀ ਦੇਰ ਨਹੀਂ ਹੋਈ। ਇਕ ਦੂਜੇ ਨੂੰ ਪੂਰੀ ਤਰਾਂ ਸਮਝਣ ਲਈ ਅਜੇ ਕੁਝ ਸਮਾਂ ਲੱਗੇ ਗਾ। ਜੇ ਤੇਰੇ ਦਿਲ ਵਿਚ ਕੋਈ ਹੋਰ ਗੱਲ ਹੈ ਤਾਂ ਠੀਕ ਇਹੋ ਰਹੇਗਾ ਕਿ ਆਪਾਂ ਹੁਣ ਹੀ ਪਿੱਛੇ ਹਟ ਜਾਈਏ———“

ਮੈਂ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਤਮੰਨਾ ਨੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੈਨੂੰ ਚੁੱਪ ਕਰਵਾ ਦਿੱਤਾ। ਮੈਂ ਦੇਖਿਆ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸੀ।

ਉਹ ਭਰੀ ਅਵਾਜ਼ ਨਾਲ ਕਹਿਣ ਲੱਗੀ, “ਮੈਂ ਕੋਈ ਅਗਨੀ ਪ੍ਰੀਖਿਆ ਦੇ ਕੇ ਤਾਂ ਆਪਣੇ-ਆਪ ਨੂੰ ਸੱਚੀ ਸਾਬਿਤ ਨਹੀਂ ਕਰ ਸਕਦੀ, ਪਰ ਜੇ ਤੂੰ ਮੇਰੇ ਤੇ ਯਕੀਨ ਕਰੇਂ, ਤਾਂ ਇਹ ਸਮਝ ਲੈ ਕਿ ਮੇਰੀ ਜ਼ਿੰਦਗੀ ਵਿਚ ਅਜੇ ਤੱਕ ਤੈਥੋਂ ਬਗੈਰ ਕੋਈ ਨਹੀਂ ਆਇਆ।” ਇਹ ਕਹਿੰਦੀ ਉਹ ਫੁਟ-ਫੁਟ ਕੇ ਰੋਣ ਲੱਗ ਪਈ।

ਮੈਂ ਉਸ ਨੂੰ ਚੁੱਪ ਕਰਵਾਉਂਦੇ ਕਿਹਾ, “ਝੱਲੀਏ, ਤੂੰ ਤਾਂ ਗੱਲ ਹੀ ਹੋਰ ਪਾਸੇ ਲੈ ਗਈਂ। ਮੇਰੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜੇ ਤੂੰ ਆਪਣੀ ਕਿਸੇ ਪ੍ਰੋਬਲਮ ਲਈ ਮੇਰੇ ਤੋਂ ਹੈਲਪ ਨਾ ਲਵੇਂ ਜਾਂ ਮੈਂ ਤੇਰੇ ਕੋਲੋਂ ਆਪਣੀ ਕੋਈ ਗੱਲ ਲੁਕੋ ਕੇ ਰੱਖਾਂ, ਤਾਂ ਆਪਣਾ ਇਕ ਦੂਜੇ ਦੇ ਨੇੜੇ ਹੋਣ ਦਾ ਫਾਇਦਾ ਹੀ ਕੀ ਹੈ? ਅਸੀਂ ਆਪਣੀ ਨਿਜੀ ਜਾਂ ਪਰਿਵਾਰਕ ਸਮੱਸਿਆ ਵੀ ਉਸੇ ਨਾਲ ਹੀ ਸਾਂਝੀ ਕਰ ਸਕਦੇ ਹਾਂ ਜਿਸ ਤੇ ਸਾਨੂੰ ਇਤਬਾਰ ਹੋਵੇ।”

ਮੇਰੀ ਇਹ ਗੱਲ ਸੁਣ ਕੇ ਵੀ ਤਮੰਨਾ ਰੋਂਦੀ ਹੀ ਰਹੀ, ਬੋਲੀ ਕੁਝ ਨਹੀਂ।

“ਇਸ ਗੱਲ ਤੋਂ ਤੂੰ ਇਨਕਾਰ ਨਹੀਂ ਕਰ ਸਕਦੀ ਕਿ ਤੂੰ ਕਿਸੇ ਉਲਝਣ ਵਿਚ ਹੈਂ। ਦੋ-ਦੋ ਸ਼ਿਫਟਾਂ ਵਿਚ ਕੰਮ ਕਰਨ ਦਾ ਮਤਲਬ ਹੈ ਕਿ ਜਾਂ ਤਾਂ ਤੈਨੂੰ ਪੈਸੇ ਕਮਾਉਣ ਦਾ ਲਾਲਚ ਹੈ ਜਾਂ ਤੇਰੀ ਲੋੜ। ਦੂਜਾ, ਤੂੰ ਆਪਣੀ ਪ੍ਰੋਬਲਮ ਤੋਂ ਭੱਜਣ ਲਈ ਕੰਮ ਵਿਚ ਲੱਗੀ ਰਹਿਣਾ ਚਾਹੁੰਦੀ ਹੈਂ। ਦੋਹਾਂ ਵਿਚੋਂ ਕੋਈ ਵੀ ਗੱਲ ਹੋਵੇ, ਪਰ ਤੇਰੇ ਲਈ ਠੀਕ ਨਹੀਂ। ਪੈਸੇ ਦਾ ਲਾਲਚ ਹੈ ਤਾਂ ਇਕ ਗੱਲ ਸਮਝ ਲੈ, ਇਸ ਲਾਲਚ ਨੇ ਸਾਰੀ ਉਮਰ ਤੇਰਾ ਸਾਥ ਨਹੀਂ ਛੱਡਣਾ। ਜੇ ਪੈਸੇ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਪ੍ਰੇਸ਼ਾਨੀ ਹੈ ਤਾਂ ਜਦੋਂ ਤੱਕ ਕਿਸੇ ਆਪਣੇ ਨਾਲ ਇਹ ਸਾਂਝੀ ਨਹੀਂ ਕਰਦੀ ਤਾਂ ਇਕੱਲੀ ਇਸ ਦਾ ਸਾਹਮਣਾ ਨਹੀਂ ਕਰ ਸਕਦੀ। ਤੇਰੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ ਕਿ ਤੂੰ ਹਮੇਸ਼ਾ ਹੀ ਕਿਸੇ ਉਧੇੜ-ਬੁਣ ਵਿਚ ਰਹਿੰਦੀ ਹੈਂ, ਨਾ ਤੈਨੂੰ ਖਾਣ ਦੀ ਸੁੱਧ ਹੈ, ਨਾ ਪਹਿਨਣ ਦੀ। ਇਹ ਵੀ ਭਲਾ ਕੋਈ ਜ਼ਿੰਦਗੀ ਹੋਈ?” ਇਹ ਕਹਿੰਦੇ ਹੋਏ ਮੈਂ, ਤਮੰਨਾ ਨੂੰ ਆਪਣੇ ਨਾਲ ਘੁੱਟ ਲਿਆ। ਉਸ ਦਾ ਰੋਣਾ ਹੋਰ ਵੀ ਉੱਚੀ ਹੋ ਗਿਆ। ਮੈਂ ਉਸ ਨੂੰ ਚੁੱਪ ਕਰਵਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਮੈਨੂੰ ਪਤਾ ਸੀ ਕੇ ਜੇ ਰੋ ਕੇ ਇਨਸਾਨ ਦਾ ਅੰਦਰਲਾ ਗੁਬਾਰ ਖਾਰੇ ਪਾਣੀ ਰਾਹੀਂ ਬਾਹਰ ਨਿਕਲ ਜਾਵੇ ਤਾਂ ਉਹ ਹਲਕਾ ਫੁੱਲ ਹੋ ਜਾਂਦਾ ਹੈ। ਮੈਂ ਵੀ ਜਦੋਂ ਨਵਾਂ-ਨਵਾਂ ਕੈਨੇਡਾ ਆਇਆ ਸੀ ਤਾਂ ਮੁਢਲੀਆਂ ਸਮੱਸਿਆਵਾਂ ਨਾਲ ਘਿਰਿਆ ਅਤੇ ਘਰਦਿਆਂ ਨੂੰ ਯਾਦ ਕਰਕੇ ਇਕੱਲਾ ਹੀ ਰੋਂਦਾ ਰਹਿੰਦਾ ਸਾਂ। ਰੋਣ ਤੋਂ ਬਾਅਦ ਮਨ ਸ਼ਾਂਤ ਹੋ ਜਾਂਦਾ।

ਮੈਂ ਸਿਰਫ ਤਮੰਨਾ ਦੀ ਪਿੱਠ ਪਲੋਸੀ ਗਿਆ। ਉਹ ਪੰਜ-ਸੱਤ ਮਿੰਟ ਮੇਰੇ ਗਲ ਲੱਗ ਕੇ ਰੋਂਦੀ ਰਹੀ। ਫੇਰ ਆਪ ਹੀ ਉਸ ਨੇ ਮੇਰੇ ਮੋਢੇ ਤੋਂ ਸਿਰ ਚੁੱਕਿਆ ਅਤੇ ਬਿਨਾ ਕੁਛ ਬੋਲੇ ਵਾਸ਼ਰੂਮ ਚਲੀ ਗਈ। ਜਦੋਂ ਉਹ ਦਸ-ਮਿੰਟ ਬਾਹਰ ਨਾ ਆਈ ਤਾਂ ਮੈਂ ਸਮਝ ਗਿਆ ਕਿ ਉਹ ਨਹਾ ਕੇ ਤਰੋ-ਤਾਜ਼ਾ ਹੋਣ ਗਈ ਹੈ।

ਵੀਹ ਕੁ ਮਿੰਟ ਬਾਅਦ ਉਹ ਵਾਸ਼ਰੂਮ ‘ਚੋਂ ਬਾਹਰ ਆਈ। ਕਪੜੇ ਬਦਲੇ ਹੋਏ, ਬਾਲ ਵਾਹੇ ਹੋਏ ਅਤੇ ਚਿਹਰੇ ਤੇ ਮੁਸਕਾਨ। ਉਹ ਰਸੋਈ ਵਿਚ ਜਾ ਕੇ ਚਾਹ ਬਣਾਉਣ ਲੱਗ ਪਈ। ਦੋ ਕੱਪ ਚਾਹ ਬਣਾ ਕੇ ਲਿਆਈ। ਇਕ ਕੱਪ ਮੈਨੂੰ ਫੜਾਇਆ ਅਤੇ ਆਪਣੇ ਵਾਲਾ ਕੱਪ ਕੁਰਸੀ ਦੇ ਕੋਲ ਪਏ ਛੋਟੇ ਮੇਜ਼ ਤੇ ਰੱਖ ਕੇ ਉਥੇ ਹੀ ਬੈਠ ਗਈ। ਮੈਂ ਚਾਹ ਦੀ ਪਹਿਲੀ ਘੁੱਟ ਭਰਦੇ ਹੀ ਗੱਲ ਸ਼ੁਰੂ ਕਰਨ ਦੇ ਲਹਿਜੇ ਵਿਚ ਕਿਹਾ, “ਅੱਜ ਤੂੰ ਮੂਡ ਨਾਲ ਵਧੀਆ ਚਾਹ ਬਣਾਈ ਹੈ। ਚਾਹ ਵਿਚੋਂ ਵੀ ਤੇਰੀ ਤਰਾਂ ਹੀ ਖੁਸ਼ਬੋ ਦੀਆਂ ਲਪਟਾਂ ਆ ਰਹੀਆਂ ਹਨ।” ਮੇਰੀ ਗੱਲ ਸੁਣ ਕੇ ਉਹ ਹਲਕਾ ਜਿਹਾ ਮੁਸਕਰਾਈ, ਪਰ ਬੋਲੀ ਕੁਝ ਨਾ। ਉਹ ਚਾਹ ਪੀ ਰਹੀ ਵੀ ਕੁਝ ਸੋਚ ਰਹੀ ਸੀ। ਮੈਂ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ।

ਚਾਹ ਪੀ ਕੇ ਤਮੰਨਾ ਨੇ ਆਪਣਾ ਕੱਪ ਮੇਜ਼ ਤੇ ਰੱਖ ਦਿੱਤਾ ਅਤੇ ਮੇਰੇ ਵੱਲ ਦੇਖਿਆ। ਮੈਨੂੰ ਲੱਗਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਗੱਲ ਕਿੱਥੋਂ ਸ਼ੁਰੂ ਕਰੇ। ਇਕ ਦੋ ਬਾਰ ਉਸਦੇ ਬੁੱਲ੍ਹ ਫਰਕੇ ਵੀ, ਪਰ ਬੋਲੀ ਕੁਛ ਨਾ। ਮੈਂ ਟਿਕਟਿਕੀ ਲਾਈ ਉਸ ਵੱਲ ਦੇਖਦਾ ਰਿਹਾ। ਕਦੇ ਉਹ ਮੇਰੇ ਵੱਲ ਦੇਖਦੀ ਅਤੇ ਕਦੇ ਨਜ਼ਰਾਂ ਏਧਰ-ਉਧਰ ਘੁਮਾਉਣ ਲੱਗ ਜਾਂਦੀ।

ਆਖਰ ਉਸ ਨੇ ਚੁੱਪੀ ਤੋੜਦੇ ਹੋਏ ਕਿਹਾ, “ਪ੍ਰਵੀਨ, ਮੈਂ ਤੇਰੇ ਨਾਲ ਆਪਣੇ ਘਰ-ਪਰਿਵਾਰ ਦੀ ਕਦੇ ਬਹੁਤੀ ਗੱਲ ਨਹੀਂ ਕੀਤੀ। ਸਿਰਫ ਇਹੋ ਦੱਸਿਆ ਹੈ ਕਿ ਮੇਰੇ ਮੰਮੀ-ਪਾਪਾ ਦੋਵੇਂ ਹੀ ਸਰਕਾਰੀ ਨੌਕਰੀ ਕਰਦੇ ਹਨ। ਮੇਰਾ ਇਕ ਛੋਟਾ ਭਰਾ ਬੀ.ਕਾਮ ਦੇ ਤੀਜੇ ਸਾਲ ਵਿਚ ਹੈ।” ਇਹ ਕਹਿ ਕੇ ਉਹ ਚੁੱਪ ਕਰ ਗਈ। ਮੈਂ ਬੱਸ ਉਸ ਵੱਲ ਦੇਖਦਾ ਰਿਹਾ।

“ਅਸਲ ਵਿਚ ਮੈਨੂੰ ਕੈਨੇਡਾ ਭੇਜਣ ਲਈ ਮੇਰੇ ਪੇਰੈਂਟਸ ਨੇ ਆਪਣੇ-ਆਪਣੇ ਪ੍ਰਾਵੀਡੈਂਟ ਫੰਡ ਵਿਚੋਂ ਪੈਸੇ ਕਢਵਾਏ, ਪਰ ਉਸ ਨਾਲ ਖਰਚਾ ਪੂਰਾ ਨਾ ਹੋਇਆ। ਮੇਰੇ ਮੰਮਾ ਨੇ ਆਪਣੇ ਵੱਡੇ ਭਰਾ ਤੋਂ ਪੰਜ ਲੱਖ ਉਧਾਰ ਲਏ। ਇੱਥੇ ਆ ਕੇ ਜਲਦੀ-ਜਲਦੀ ਕੰਮ ਨਾ ਮਿਲਿਆ। ਇਸ ਕਰਕੇ ਮੇਰੀ ਫ਼ੀਸ ਲਈ ਦੋ ਲੱਖ ਹੋਰ ਉਧਾਰ ਲੈਣੇ ਪਏ। ਹੁਣ ਮਾਮੀ, ਮੇਰੇ ਮਾਮਾ ਜੀ ਨਾਲ ਲੜਦੀ ਹੈ ਕਿ ਪੈਸੇ ਵਾਪਸ ਲਵੋ। ਮੈਨੂੰ ਉਹਨਾਂ ਦੀ ਰਕਮ ਮੋੜਨ ਦਾ ਫਿਕਰ ਲੱਗਿਆ ਰਹਿੰਦਾ ਹੈ। ਦੂਜਾ ਮੇਰਾ ਛੋਟਾ ਭਰਾ ਵਿੱਕੀ ਵੀ ਤੰਗ ਕਰ ਰਿਹਾ ਹੈ ਕਿ ਉਸ ਨੇ ਵੀ ਬੀ. ਕਾਮ ਤੋਂ ਬਾਅਦ ਕੈਨੇਡਾ ਜਾਣਾ ਹੈ। ਮੰਮੀ-ਪਾਪਾ ਉਸ ਲਈ ਐਨਾ ਪੈਸਾ ਕਿਥੋਂ ਲਿਆਉਣ? ਮੈਂ ਮਾਮਾ ਜੀ ਨੂੰ ਤਿੰਨ ਕੁ ਲੱਖ ਤਾਂ ਭੇਜ ਚੁੱਕੀ ਹਾਂ, ਪਰ ਮਾਮੀ ਕਹਿ ਰਹੀ ਹੈ ਬਾਕੀ ਰਕਮ ਵੀ ਜਲਦੀ ਮੋੜੋ। ਉਹਨਾਂ ਨੂੰ ਦੇਣ ਲਈ ਮੈਂ ਇਕ ਲੱਖ ਹੋਰ ਵੀ ਜੋੜ ਲਿਆ ਹੈ, ਪਰ ਸਾਰੀ ਰਕਮ ਇਕੱਠੀ ਨਹੀਂ ਦੇ ਸਕਦੀ। ਮੰਮੀ ਦਾ ਜਦੋਂ ਵੀ ਫੋਨ ਆਉਂਦਾ ਹੈ ਉਹ ਮਾਮੀ ਦੇ ਉਲਾਂਭਿਆਂ ਦੀ ਹੀ ਗੱਲ ਲੈ ਕੇ ਬੈਠ ਜਾਂਦੇ ਨੇ। ਕਈ ਵਾਰ ਤਾਂ ਮੈਂ ਉਹਨਾਂ ਦਾ ਫੋਨ ਵੀ ਨਹੀਂ ਚੁੱਕਦੀ। ਵਿੱਕੀ ਵੀ ਮੇਰੇ ਨਾਲ ਫੋਨ ਤੇ ਹੀ ਲੜਦਾ ਰਹਿੰਦਾ ਹੈ ਕਿ ਉਸ ਲਈ ਪੈਸੇ ਦਾ ਪ੍ਰਬੰਧ ਕਰਾਂ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ? ਇਸੇ ਲਈ ਜਦੋਂ ਕਿਸੇ ਵੀ ਥਾਂ ਤੋਂ ਕੰਮ ਮਿਲਦਾ ਹੈ, ਮਜ਼ਬੂਰੀ ਵਿਚ ਕਰਨਾ ਪੈਂਦਾ ਹੈ। ਮੇਰੀ ਜਦੋਂ ਤੱਕ ਪੀ. ਆਰ ਨਹੀਂ ਆ ਜਾਂਦੀ ਅਤੇ ਕੋਈ ਠੀਕ ਨੌਕਰੀ ਨਹੀਂ ਮਿਲਦੀ, ਮੈਂ ਵਿੱਕੀ ਨੂੰ ਬੁਲਾ ਨਹੀਂ ਸਕਦੀ। ਸਮਝ ਨਹੀਂ ਆ ਰਿਹਾ ਕੀ ਕਰਾਂ? ਕਈ ਵਾਰ ਤਾਂ ਦਿਲ ਕਰਦੈ—“ ਅਜੇ ਤਮੰਨਾ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਉਸ ਦੇ ਫੋਨ ਤੇ ਕੋਈ ਕਾਲ ਆਈ। ਤਮੰਨਾ ਨੇ ਨਾਂ ਦੇਖਦੇ ਹੀ ਫੋਨ ਇਕ ਪਾਸੇ ਕਰ ਦਿੱਤਾ।

ਮੈਂ ਪੁੱਛਿਆ, “ਗੱਲ ਕਿਉਂ ਨਹੀਂ ਕਰਦੀ, ਕਿਸ ਦਾ ਫੋਨ ਹੈ?”

“ਮੰਮੀ ਦਾ।”

“ਇਸ ਵੇਲੇ!” ਮੈਂ ਹੈਰਾਨੀ ਨਾਲ ਕਿਹਾ।

“ਜਦੋਂ ਪਾਪਾ ਅਤੇ ਵਿੱਕੀ ਸੌਂ ਜਾਂਦੇ ਹਨ ਤਾਂ ਮੰਮੀ ਦੂਜੇ ਕਮਰੇ ਵਿਚ ਆ ਕੇ ਗੱਲ ਕਰਦੇ ਹਨ। ਇਸ ਵੇਲੇ ਜਦੋਂ ਵੀ ਮੰਮੀ ਦਾ ਫੋਨ ਆਉਂਦੇ ਤਾਂ ਮਾਮਾ ਜੀ ਦੇ ਪੈਸਿਆਂ ਦੀ ਹੀ ਗੱਲ ਹੁੰਦੀ ਹੈ। ਪਾਪਾ ਤੋਂ ਚੋਰੀ ਦੱਸਦੇ ਹਨ। ਪਾਪਾ, ਮੰਮੀ ਨਾਲ ਲੜਦੇ ਹਨ ਕਿ ਪੈਸਿਆਂ ਲਈ ਮੈਨੂੰ ਨਾ ਕਿਹਾ ਕਰਨ।”

ਫੋਨ ਬੰਦ ਹੋ ਗਿਆ। ਤਮੰਨਾ ਨੇ ਸੁਖ ਦਾ ਸਾਹ ਲਿਆ।

“ਪ੍ਰਵੀਨ—“ ਅਜੇ ਉਹ ਕੁਝ ਕਹਿਣ ਹੀ ਲੱਗੀ ਸੀ ਕਿ ਫੋਨ ਤੇ ਦੁਬਾਰਾ ਕਾਲ ਆ ਗਈ। ਤਮੰਨਾ ਨੇ ਫੋਨ ਫੇਰ ਨਾ ਚੁੱਕਿਆ। ਮੈਂ ਕੁਝ ਸੋਚ ਕੇ ਕਿਹਾ, “ਮੈਨੂੰ ਫੋਨ ਦੇ।”

ਉਹ ਹੈਰਾਨ ਹੋ ਕੇ ਕਹਿਣ ਲੱਗੀ, “ਤੂੰ ਮੰਮਾ ਨਾਲ ਕੀ ਗੱਲ ਕਰੇਂਗਾ? ਤੇਰੇ ਬਾਰੇ ਤਾਂ ਮੈਂ ਉਹਨਾਂ ਨੂੰ ਅਜੇ ਤੱਕ ਬਹੁਤਾ ਦੱਸਿਆ ਹੀ ਨਹੀਂ। ਤੂੰ ਰਹਿਣ ਦੇ, ਮੇਰੇ ਲਈ ਨਵੀਂ ਮੁਸੀਬਤ ਨਾ ਖੜੀ ਕਰ।” ਇਹ ਕਹਿੰਦੇ ਹੋਏ ਉਸ ਨੇ ਮੋਬਾਈਲ ਆਪਣੇ ਹੱਥ ਵਿਚ ਫੜ ਲਿਆ।

“ਦੇਖ ਤਮੰਨਾ, ਇਕ ਦਿਨ ਤਾਂ ਉਹਨਾਂ ਨੂੰ ਦੱਸਣਾ ਹੀ ਪੈਣਾ ਹੈ, ਫੇਰ ਕਿਉਂ ਨਾ ਅੱਜ ਹੀ ਦੱਸ ਦੇਈਏ। ਮੇਰੇ ਤੇ ਵਿਸ਼ਵਾਸ ਕਰ, ਮੈਂ ਠੀਕ ਤਰਾਂ ਗੱਲ ਕਰਾਂਗਾ।” ਮੈਂ ਸੋਫੇ ਤੋਂ ਉਠ ਕੇ ਉਸ ਦੀ ਕੁਰਸੀ ਕੋਲ ਜਾ ਕੇ ਫੋਨ ਲੈਣ ਲਈ ਹੱਥ ਵਧਾਉਂਦੇ ਕਿਹਾ।

“ਪਲੀਜ ਪ੍ਰਵੀਨ, ਜਿੱਦ ਨਾ ਕਰ। ਜਦੋਂ ਮੈਨੂੰ ਠੀਕ ਲੱਗਿਆ ਮੈਂ ਆਪੇ ਹੀ ਗੱਲ ਕਰਾਂਗੀ।” ਤਮੰਨਾ ਨੇ ਤਰਲਾ ਲੈਂਦੇ ਕਿਹਾ।
“ਨਹੀਂ ਤਮੰਨਾ, ਮੈਨੂੰ ਗੱਲ ਕਰਨ ਦੇ।” ਇਹ ਕਹਿੰਦੇ ਹੋਏ ਮੈਂ ਉਸ ਕੋਲੋਂ ਮੋਬਾਈਲ ਖੋਹ ਲਿਆ।

“ਹੈਲੋ ਆਂਟੀ, ਸਤਿ ਸ੍ਰੀ ਅਕਾਲ। ਮੈਂ ਪ੍ਰਵੀਨ ਬੋਲ ਰਿਹੈਂ।”

“ਪ੍ਰਵੀਨ! ਕੌਣ ਪ੍ਰਵੀਨ? ਤੰਨੂ ਕਿੱਥੇ ਹੈ?” ਦੂਜੇ ਪਾਸੇ ਤੋਂ ਅਵਾਜ਼ ਆਈ।

“ਆਂਟੀ, ਤਮੰਨਾ ਅਤੇ ਮੈਂ ਇਕੱਠੇ ਹੀ ਕੰਮ ਕਰਦੇ ਹਾਂ, ਅਸੀਂ ਚੰਗੇ ਦੋਸਤ ਵੀ ਹਾਂ। ਸ਼ਾਇਦ ਉਸ ਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਨਹੀਂ। ਮੈਂ ਤਾਂ ਆਪਣੇ ਮੰਮੀ-ਡੈਡੀ ਨੂੰ ਸਭ ਕੁਝ ਦੱਸ ਦਿੱਤਾ ਹੈ।”

ਤਮੰਨਾ, ਮੈਂਨੂੰ ਇਸ਼ਾਰੇ ਕਰ ਰਹੀ ਸੀ ਕਿ ਉਹ ਫੋਨ ਬੰਦ ਕਰ ਦੇਵੇ।

“ਕੀ ਦੱਸ ਦਿੱਤਾ ਹੈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਤੰਨੂ ਨੂੰ ਫੋਨ ਦੇ।”

“ਆਂਟੀ ਘਬਰਾਉਣ ਦੀ ਲੋੜ ਨਹੀਂ। ਮੇਰੇ ਪੇਰੈਂਟਸ ਤੁਹਾਨੂੰ ਫੋਨ ਕਰਕੇ ਮਿਲਣ ਆਉਣਗੇ, ਉਹ ਆਪ ਹੀ ਸਾਰੀ ਗੱਲ ਕਰਨਗੇ। ਸਭ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੋਵੇਗਾ।” ਮੈਂ ਕਿਹਾ।

ਤਮੰਨਾ ਨੇ ਮੇਰੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਦੇ ਮੰਮੀ ਨਾਲ ਆਪਣੀ ਗੱਲ ਜਾਰੀ ਰੱਖੀ।

“ਆਂਟੀ, ਮੈਨੂੰ ਤਮੰਨਾ ਨੇ ਹੁਣੇ ਹੀ ਆਪਣੇ ਮਾਮਾ ਜੀ ਤੋਂ ਲਏ ਲੋਨ ਬਾਰੇ ਅਤੇ ਕੈਨੇਡਾ ਆਉਣ ਦੀ ਪੂਰੀ ਗੱਲ ਦੱਸੀ ਹੈ। ਕੀ ਤੁਸੀਂ ਉਸ ਨਾਲ ਕਦੇ ਵੀਡੀਓ ਕਾਲ ਨਹੀਂ ਕੀਤੀ? ਉਸ ਦੀ ਸ਼ਕਲ ਦੇਖੀ ਹੈ, ਦੋ-ਦੋ ਸ਼ਿਫਟਾਂ ‘ਚ ਕੰਮ ਕਰਕੇ ਕਾਲੀ-ਕਲੂਟੀ ਬਣ ਗਈ ਹੈ, ਜਿਸ ਤਰਾਂ ਘਰਾਂ ਵਿਚ ਕੰਮ ਕਰਨ ਵਾਲੀਆਂ ਮਾਈਆਂ ਹੁੰਦੀਆਂ ਹਨ। ਇਹ ਸੋਚੋ ਜੇ ਇਹ ਬਿਨਾ ਅਰਾਮ ਤੋਂ ਇਸੇ ਤਰਾਂ ਕੰਮ ਕਰਦੀ ਰਹੀ ਤਾਂ ਇਸ ਦਾ ਕੀ ਹਾਲ ਹੋ ਜਾਵੇਗਾ? ਕੈਨੇਡਾ ਵਿਚ ਪੈਸਾ ਕਮਾਉਣਾ ਐਨਾ ਅਸਾਨ ਨਹੀਂ। ਹਕੀਕਤ ਇਹ ਹੈ ਕਿ ਸਟੂਡੈਂਟ ਵੀਜ਼ੇ ਤੇ ਆਏ ਬੱਚਿਆਂ ਨੂੰ ਇਥੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੇ ਪਹਿਲਾਂ ਮੇਰੇ ਨਾਲ ਲੋਨ ਬਾਰੇ ਗੱਲ ਹੀ ਨਹੀਂ ਸੀ ਕੀਤੀ, ਨਹੀਂ ਤਾਂ ਪਹਿਲਾਂ ਹੀ ਕੋਈ ਇੰਤਜ਼ਾਮ ਕਰਦੇ।” ਪ੍ਰਵੀਨ ਇਕੋ ਸਾਹੇ ਸਭ ਕੁਝ ਬੋਲ ਗਿਆ।

ਦੂਜੇ ਪਾਸੇ ਤਮੰਨਾ ਦੀ ਮਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਗੱਲਾਂ ਕਰਨ ਵਾਲਾ ਕੌਣ ਹੈ, ਕੀ ਕਹਿ ਰਿਹਾ ਹੈ? ਉਹ ਬਾਰ-ਬਾਰ ਇਹ ਕਹਿ ਰਹੀ ਸੀ ਕਿ ਉਸ ਦੀ ਤੰਨੂ ਨਾਲ ਗੱਲ ਕਰਵਾਏ। ਤੰਨੂ ਦੀ ਸਿਹਤ ਬਾਰੇ ਸੁਣ ਕੇ ਉਹ ਘਬਰਾ ਗਈ ਸੀ।

ਤਮੰਨਾ ਮੇਰੇ ਸਾਹਮਣੇ ਹੱਥ ਬੰਨ੍ਹ ਕੇ ਖੜੀ ਹੋ ਗਈ ਕਿ ਮੈਂ ਚੁੱਪ ਕਰ ਜਾਵਾਂ।

“ਆਂਟੀ ਮੇਰੀ ਆਖਰੀ ਗੱਲ ਸੁਣੋ। ਮਾਮਾ ਜੀ ਦੇ ਲੋਨ ਬਾਰੇ ਕੋਈ ਚਿੰਤਾ ਨਾ ਕਰੋ। ਅਸੀਂ ਇਕ ਦੋ ਦਿਨਾਂ ਦੇ ਅੰਦਰ ਉਹਨਾਂ ਦੇ ਸਾਰੇ ਪੈਸੇ ਭੇਜ ਰਹੇ ਹਾਂ। ਬਾਕੀ ਵਿੱਕੀ ਨੂੰ ਸਮਝਾ ਦਿਓ ਕਿ ਜਦੋਂ ਤੱਕ ਤਮੰਨਾ ਦੀ ਪੀ.ਆਰ ਨਹੀਂ ਆ ਜਾਂਦੀ, ਉਹ ਵਿੱਕੀ ਦਾ ਖਰਚਾ ਨਹੀਂ ਕਰ ਸਕਦੀ। ਮੈਂ ਆਪ ਵਿੱਕੀ ਨੂੰ ਸਮਝਾ ਦੇਵਾਂਗਾ। ਉਹ ਬੀ. ਕਾਮ ਤੋਂ ਬਾਅਦ ਕੰਪਿਊਟਰ ਗ੍ਰਾਫਿਕਸ ਦੀ ਟ੍ਰੇਨਿੰਗ ਲਵੇ। ਮੇਰੀ ਜਦੋਂ ਵੀ ਪੀ.ਆਰ ਆ ਗਈ, ਮੈਂ ਆਪਣਾ ਗ੍ਰਾਫਿਕਸ ਦਾ ਕੰਮ ਸ਼ੁਰੂ ਕਰ ਲੈਣਾ ਹੈ। ਫੇਰ ਕੋਸ਼ਿਸ਼ ਕਰਕੇ ਉਸ ਨੂੰ ਸਟੂਡੈਂਟ ਵੀਜ਼ਾ ਨਾਲੋਂ ਵਰਕ ਪਰਮਿਟ ਤੇ ਬੁਲਾ ਲਵਾਂਗੇ। ਆਂਟੀ, ਇਹ ਨਾ ਸੋਚੋ ਕਿ ਇਹ ਪਾਗਲ ਜਿਹਾ ਮੁੰਡਾ ਕੌਣ ਹੈ, ਜੋ ਪਹਿਲੀ ਬਾਰ ‘ਚ ਅਜਿਹੀਆਂ ਗੱਲਾਂ ਕਰ ਰਿਹੈ। ਅਸਲ ਵਿਚ ਮੈਨੂੰ ਤਮੰਨਾ ਦੀ ਸਿਹਤ ਦਾ ਜਿਆਦਾ ਫਿਕਰ ਹੈ। ਆਹ ਲਓ, ਹੁਣ ਤੰਨੂ ਨਾਲ ਗੱਲ ਕਰ ਲਵੋ।”

ਇਹ ਕਹਿੰਦੇ ਹੋਏ ਮੈਂ ਫੋਨ ਤਮੰਨਾ ਨੂੰ ਫੜਾ ਦਿੱਤਾ। ਮੇਰੀਆਂ ਗੱਲਾਂ ਸੁਣ ਕੇ ਉਹ ਘਬਰਾ ਗਈ ਸੀ ਕਿ ਪਤਾ ਨਹੀਂ ਮੰਮਾ ਉਸ ਨੂੰ ਕੀ ਕਹਿਣ।

“ਮੰਮਾ ਪਲੀਜ, ਮੇਰੀ ਗੱਲ ਸੁਣੋ——” ਇਹ ਕਹਿੰਦੀ ਹੋਈ ਤਮੰਨਾ ਫੋਨ ਲੈ ਕੇ ਦੂਜੇ ਕਮਰੇ ਵਿਚ ਚਲੀ ਗਈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
898
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ