22 July 2024

ਉਲਟਾ ਪੁੱਲਟਾ: ਸ਼ਰਾਬ ਪੰਜਾਬੀਆਂ ਦੀ ਤੇ ਗੱਲ ਕਿਤਾਬੀਆਂ ਦੀ — ਡਾ: ਅਮਰਜੀਤ ਟਾਂਡਾ (ਸਿਡਨੀ)

ਉਲਟਾ ਪੁੱਲਟਾ:

ਸ਼ਰਾਬ ਪੰਜਾਬੀਆਂ ਦੀ ਤੇ ਗੱਲ ਕਿਤਾਬੀਆਂ ਦੀ

ਡਾ: ਅਮਰਜੀਤ ਟਾਂਡਾ (ਸਿਡਨੀ)

“ਸੁਣ ਨੀ ਦਾਰੂ ਦੀਏ ਬੋਤਲੇ ਕਮੀਨੀਏ
ਮੈਂ ਤਾਂ ਤੈਨੂੰ ਲੱਭਦਾ ਨਹੀਂ ਤੂੰ ਮੈਨੂੰ ਕਿੱਥੋਂ ਲੱਭ ਲੈਣੀ ਏਂ ?”

ਸਰਦਾਰਾਂ ਨੂੰ ਭਾਈ ਰੋਜ਼ ਮਨ੍ਹਾ ਕਰ ਕਰ ਥੱਕ ਗਿਆ ਹਾਂ ਕਿ ਇਹ ਚੰਗੀ ਨਹੀਂ ਹੈ ਪੀਆ ਨਾ ਕਰੋ।

ਇਹੀ ਇੱਕ ਅਣਖੀਲੀ ਕੌਮ ਹੈ ਜਿਸ ਦੇ ਗਵਾਹ ਖੁਸ਼ਵੰਤ ਸਿੰਘ ਲੇਖਕ, ਜਰਨਲਿਸਟ ਵੀ ਹਨ, ਜੋ ਰੋਜ਼ਾਨਾ ਦੋ ਮੋਟੇ ਮੋਟੇ ਪੈੱਗ ਸਕਾਚ ਦੇ ਲੈਂਦੇ ਹਨ(ਸਨ)। ਪੰਜਾਬੀ ਸ਼ੇਰ ਪੁੱਤ ਵੀ ਰੋਜ਼ ਘੱਟ ਤੋਂ ਘੱਟ ਦੋ ਮੋਟੇ ਮੋਟੇ ਪੈੱਗ ਸਕਾਚ ਦੇ ਖਿੱਚਦੇ ਹਨ ਬਾਅਦ ‘ਚ ਭਾਵੇਂ ਫਿਰ ਠੰਢੀਆਂ ਬੇਹੀਆਂ ਰੋਟੀਆਂ ਦੇ ਹੀ ਦੁਆਲੇ ਹੁੰਦੇ ਹਨ।

ਅੱਜ ਸੰਸਾਰ ਵਿੱਚ ਪੰਜਾਬੀਆਂ ਦੀ ਕਈ ਖੇਤਰਾਂ ‘ਚ ਗੁੱਡੀ ਚੜ੍ਹੀ ਹੋਈ ਹੈ ਇਹਨਾਂ ਮਹਾਨ ਕੰਮਾਂ ‘ਚ ਸਾਰਿਆਂ ਦੀ ਵਧੀਆ ਸ਼ਰਾਬ ਸਰਦਾਰ ਦੀ ਜਾਂ ਪੰਜਾਬੀ ਦੀ ਹੀ ਮਸ਼ਹੂਰ ਹੋਈ ਹੈ। ਪਤਾ ਨਹੀਂ ਅੱਜ ਤੀਕ ਗਿਨੀਜ਼ ਬੁੱਕ ਵਾਲਿਆਂ ਨੂੰ ਫ਼ੋਟੋ ਕਿਉਂ ਨਹੀਂ ਲੱਭੀ- ਜਦੋਂ ਭੁੱਖਾ ਪਰ ਦਾਰੂ ਨਾਲ ਰੱਜਿਆ ਹੋਇਆ ਦੂਲਾ ਸ਼ੇਰ ਕਿਸੇ ਸੜਕ ਜਾਂ — ਦੇ ਨੇੜੇ ਪਿਆ ਵੇਖੀਦਾ ਹੈ।

ਅਸੀਂ ਇੱਕ ਲੇਖਕ ਦੇ ਵਿਆਹ ਚਲੇ ਗਏ, ਅਨੰਦ ਕਾਰਜ ਤੋਂ ਬਾਦ ਪਤਾ ਹੀ ਹੈ ਕਿ ਕਲਜੁਗ ਕਿਵੇਂ ਛਾਉਂਦਾ ਹੈ, ਕਈ ਤਾਂ ਅਨੰਦ ਕਾਰਜ ਤੇ ਜਾਂਦੇ ਹੀ ਨਹੀਂ ਪਹਿਲਾਂ ਹੀ ਖੋਲ੍ਹ ਕੇ ਬਹਿ ਜਾਂਦੇ ਹਨ। ਬਹੁਤੇ ਤਾਂ ਕੱਪੜਿਆਂ ਨੂੰ ਦਾਗ਼ ਵੀ ਨਹੀਂ ਲੱਗਣ ਦਿੰਦੇ ਬੱਸ ਲਿਟਦੇ ਹੀ ਦਿਸਦੇ ਹਨ, ਪੀਣ ਤੇ ਹੀ ਜ਼ੋਰ ਦਿੰਦੇ ਹਨ ਖਾਣ ਦਾ ਨਹੀਂ ਖ਼ਿਆਲ ਕਰਦੇ। ਜੇ ਕਿਸੇ ਡਿੱਗੇ ਹੋਏ ਨੂੰ ਉਠਾਈਏ ਕਿ ਚੱਲ ਖਾਣਾ ਤਿਆਰ ਹੈ ਚੱਲ ਕੇ ਰੋਟੀ ਖਾਈਏ ਤਾਂ ਕਹੇਗਾ ਪਹਿਲਾਂ ਰੋਟੀ ਖਾਣ ਜੋਗਾ ਕਰ ਤਾਂ ਲਓ!!!!!!!! ਲਓ ਕਰ ਲਓ ਗੱਲ।

ਸ਼ਰਾਬ ਦੀਆਂ ਗੱਲਾਂ ਵੀ ਨਿਰਾਲੀਆਂ ਹੀ ਹਨ-ਉੱਥੇ ਸ਼ਰਾਬ ਪੀਂਦੇ ਸੀ ਰੱਜ ਕੇ, ਜਦੋਂ ਤੱਕ ਦਿਸਣੋਂ ਹਟ ਜਾਵੇ, ਤੁਰਨੋਂ ਬੰਦ ਹੋ ਜਾਵੇ, ਗੱਲ ਦਾ ਪਤਾ ਨਾ ਲੱਗੇ, ਕੀ ਕਿਹਾ ਕੀ ਸੁਣਿਆ, ਖਾਣਾ ਅੱਧਾ ਕੱਪੜਿਆਂ ਤੇ ਤੇ ਅੱਧ ਪੁਚਧਾ ਅੰਦਰ, ਗੱਡੀ ਸੜਕ ਦੇ ਗੱਭੇ ਚਲਦੀ ਸੀ, ਘਰ ਜਾਂਦਿਆਂ ਨੂੰ ਘਰ ਵਾਲੀ ਗੁਲਦਸਤਾ ਲਈ ਖੜੀ ਹੁੰਦੀ ਸੀ ਝਾੜੂ ਦਾ। ਸਵੇਰ ਨੂੰ ਕਹਿਣਗੇ- ਭਾਜੀ ਮੈਂ ਰਾਤ ਜ਼ਿਆਦਾ ਤਾਂ ਨਹੀਂ ਸੀ ਬੋਲ ਗਿਆ।

ਇੱਕ ਵਾਰ ਦੋਸਤ ਮਿੱਤਰ ਪਾਤਰ, ਸੁਖਚੈਨ, ਅਮਰਜੀਤ ਗਰੇਵਾਲ ਵਾਈਨ ਲੈਣ ਲਈ ਇੱਕ ਠੇਕੇ ਤੇ ਰੁਕ ਕੇ ਅਨਪੜ੍ਹ ਮਾਲਕ ਨੂੰ ਪੁੱਛਣ ਲੱਗੇ ਕਿ ਕੀ ਤੇਰੇ ਕੋਲ ਵਾਈਨ ਹੈਗੀ, ਉਹ ਕਹਿਣ ਲੱਗਾ ਸਰਦਾਰ ਜੀ ਹੋਰ ਅਸੀਂ ਸਬਜ਼ੀਆਂ ਵੇਚਦੇ ਹਾਂ, ਡਿਪਲੋਮੈਟ ਲੈ ਲਓ, ਪੀਟਰ ਸਕਾਟ ਲੈ ਲਓ, ਪ੍ਰੀਮੀਅਮ ਲੈ ਲਓ —-ਉਹਨੇ ਕਈ ਵਿਸਕੀਆਂ ਦੇ ਨਾਂ ਗਿਣ ਦਿੱਤੇ ਤੇ ਕਹਿਣ ਲੱਗਾ ਸਰਦਾਰ ਜੀ ਵਾਈਨ ਨੂੰ ਅੰਗਰੇਜ਼ੀ ਵਿੱਚ ਸ਼ਰਾਬ ਕਹਿੰਦੇ ਹਨ।

ਇੱਕ ਦਿਨ ਏਥੇ ਵਾਈਨ ਦੀ ਗੱਲ ਚੱਲ ਰਹੀ ਸੀ ਤਾਂ ਇੱਕ ਦੋਸਤ ਮੇਰੇ ਦੂਸਰੇ ਦੋਸਤ ਨੂੰ ਕਹਿਣ ਲੱਗਾ ਯਾਰ ਅਸੀਂ ਰਾਤ ਵਾਈਨ ਨੀਟ ਹੀ ਪੀਂਦੇ ਰਹੇ ਭਾਵ ਬਿਨਾਂ ਪਾਣੀ ਪਾਇਆਂ। ਕਰ ਲਓ ਗੱਲ ਲੋਕ ਵਾਈਨ ‘ਚ ਬਰਫ਼ ਪਾਉਣ ਤੋਂ ਵੀ ਗੁਰੇਜ਼ ਕਰਦੇ ਹਨ ਉਹ ਪਤਾ ਨਹੀਂ ਕਿਵੇਂ ਨੀਟ ਪੀਂਦੇ ਰਹੇ।

ਏਥੇ ਦੋਸਤ ਨੂੰ ਦਾਰੂ ਪੁੱਛੋ, ਕਹੇਗਾ ਨਹੀਂ ਡਾ ਸਾਹਿਬ ਮੈਂ ਤਾਂ ਸਵੇਰੇ ਕੰਮ ਤੇ ਜਾਣਾ ਹੈ ਨਾਲੇ ਅੱਜ ਕਲ ਥਾਂ ਥਾਂ ਤੇ ਪੁਲੀਸ ਬੈਠੀ ਹੈ । ਜੇ ਲਾਇਸੰਸ ਚਲਾ ਗਿਆ ਤਾਂ ਮੁਸ਼ਕਲ ਬਣ ਜਾਊ। ਉੱਥੇ ਕਦੇ ਨਾਂਹ ਨਹੀਂ ਸੀ ਸੁਣੀ ਤੇ ਨਾ ਹੀ ਕਰਦੇ ਸੀ ਤੇ ਏਥੇ ਬਾਹਰ ਛੇਤੀ ਕੀਤੇ ਹਾਂ ਨਹੀਂ ਕਰਦੇ। ਭਾਵੇਂ ਪੰਜਾਬੀ ਉਹੀ ਹਨ। ਕਮਾਲ ਹੋਈ ਪਈ ਹੈ ਪੰਜਾਬੀ ਦੇ ਮੂੰਹੋਂ ਨਾਂਹ ਉਹ ਵੀ ਦਾਰੂ ਲਈ।

ਕਈ ਤਾਂ ਸਿਆਣੇ ਤੁਰ ਕੇ ਨੇੜੇ ਦੇ ਪੱਬ ਤੋਂ ਹੋ ਕੇ ਹੀ ਘਰ ਆਉਂਦੇ ਹਨ, ਸੋਚਦੇ ਹਨ ਫਿਰ ਕਿਹੜਾ ਟੈਮ ਖ਼ਰਾਬ ਕਰੂ ਆਉਣ ਜਾਣ ਤੇ। ਮੁੰਡਾ ਡੈਡ ਤੋਂ ਚੋਰੀ ਤੇ ਡੈਡ ਮੁੰਡੇ ਤੋਂ ਚੋਰੀ ਖਿੱਚਣ ਲੱਗ ਪੈਂਦੇ ਹਨ। ਮੇਰਾ ਇੰਗਲੈਂਡ ਵਾਲਾ ਭਾਣਜਾ ਬੱਗਾ ਤੇ ਉਹਦਾ ਡੈਡ ਇੱਕ ਹੀ ਬੋਤਲ ‘ਚੋਂ ਪੀ ਕੇ ਬਾਦ ਚ ਪਾਣੀ ਨਾਲ ਲੈਵਲ ਓਹੀ ਬਣਾਈ ਰੱਖਦੇ ਹਨ। ਦਾਰੂ ਘਟਣ ਹੀ ਨਹੀਂ ਦਿੰਦੇ ਬੋਤਲ ‘ਚੋਂ। ਦੋਸਤ ਮਿੱਤਰ ਓਦਣ ਹਾਂ ਕਰਦੇ ਹਨ ਜਦੋਂ ਮੁਫ਼ਤ ਦਾ ਡਰਾਈਵਰ ਜਾਣੀ ਘਰ ਵਾਲੀ ਨਾਲ ਲਿਆਏ ਹੋਣ, (ਡਰ ਲੱਗਦਾ ਹੈ ਕਿ ਉਹ ਨਾ ਕਿਸੇ ਦਿਨ ਪਹਿਲਾਂ ਗਲਾਸ ਫੜ ਕੇ ਬੈਠ ਜਾਣ) ਉਸ ਦਿਨ ਫਿਰ ਬੇਫ਼ਿਕਰੀ ਨਾਲ ਪੀਂਦੇ ਹਨ ਕਿਉਂਕਿ ਮਸੀਂ ਸੁਨਹਿਰੀ ਮੌਕਾ ਲੱਭਦਾ ਹੈ। ਹਾਂ, ਸੱਚ ਉੱਥੇ ਸਕਾਚ ਸਾਲੀ ਦਿਸਦੀ ਵੀ ਨਹੀਂ ਸੀ ਤੇ ਏਥੇ ਸਕਾਚ ਦੀਆਂ ਪੰਜਾਬੀ ਕੁਰਲੀਆਂ ਕਰਦੇ ਫਿਰਦੇ ਹਨ ਭਾਵੇਂ ਕਿਸ਼ਤਾਂ ਤੇ ਬਿੱਲਾਂ ਨੇ ਮੱਤ ਮਾਰੀ ਪਈ ਹੈ।

ਕਈ ਵਾਰ ਦਾਰੂ ਪੀਣ ਲਈ ਗਲਾਸ ਨਾ ਹੋਣਾ ਤਾਂ ਸ਼ਰਾਬੀ ਸਾਈਕਲ ਦੀ ਘੰਟੀ ਨਾਲ ਪੀਂਦੇ ਵੀ ਵੇਖੇ ਹਨ, ਇੱਕ ਵਾਰ ਤਾਂ ਕਮਾਲ ਹੀ ਹੋ ਗਈ ਜਦੋਂ ਇੱਕ ਦੋਸਤ ਨੇ ਕਿਸੇ ਸ਼ਰਾਬੀ ਨੂੰ ਜੁੱਤੀ ‘ਚ ਪਾਕੇ ਪੀਂਦਿਆਂ ਵੀ ਵੇਖਿਆ ਸੀ -ਸਦਕੇ ਜਾਈਏ ਇਸ ਕੌਮ ਦੇ।

ਫਿਰ ਇੱਕ ਵਾਰ ਇੱਥੇ ਗੱਲ ਚੱਲ ਰਹੀ ਸੀ ਇੱਕ ‘ਵਰਲਡ ਕਾਂਗਰਸ ਆਫ਼ ਪੋਇਟਸ’ ਦੀ ਮਹਿਫ਼ਲ ਵੇਲੇ ਕਿ ਅਸੀਂ ਸੋਢੇ ਨਾਲ ਬੀਚ ਤੇ ਬੈਠ ਕੇ ਪੀਣਾ ਪਸੰਦ ਕਰਦੇ ਹਾਂ, ਜਾਂ ਦੂਸਰੇ ਨੇ ਕਿਹਾ ਕਿ ਅਸੀਂ ਕਈ ਵਾਰ ਕੋਕ ਪਾਕੇ ਸਿੱਪ ਕਰੀਦੀ ਹੈ, ਤੇ ਉਹ ਕਹਿੰਦਾ ਤੁਹਾਡੇ ਲੋਕ – ਮੈਂ ਕਿਹਾ ਉਹਨਾਂ ਬਾਰੇ ਨਾ ਪੁੱਛੋ – ਕਹਿੰਦੇ ਕਿਉਂ।ਮੈਂ ਕਿਹਾ ਤੁਸੀਂ ਪਾਣੀ ਦੀ ਗੱਲ ਕਰਦੇ ਹੋ- ਉਹਨਾਂ ਨੂੰ ਦਾਰੂ ਜਿੱਥੇ ਮਰਜ਼ੀ ਟੱਕਰ ਜਾਵੇ, ਉੱਥੇ ਹੀ ਦਾਰੂ ਦੇਖ ਕੇ ਪਾਣੀ ਮੂੰਹ ‘ਚ ਆ ਜਾਂਦਾ ਹੈ ਇਸ ਲਈ ਸਿੱਧੀ ਬੋਤਲ ਹੀ ਮੂੰਹ ਨੂੰ ਲਾ ਲੈਂਦੇ ਹਨ।

ਤੇ ਨਾਲ ਖਾਣ ਲਈ ਕੋਈ ਚਿਕਨ, ਮੱਛੀ, ਸਲਾਦ ਦੀ ਉਡੀਕ ਕਰੇਗਾ ਤੇ ਸਾਡੇ ਭਾ ਜੀ ਖੂਹ ਤੇ ਮੂਲ਼ੀ, ਪਿਆਜ਼, ਜੋ ਟੱਕਰੇ ਜਿਵੇਂ ਸੁੱਕਾ ਅਚਾਰ, ਗੰਨਾ, ਪਸੂਆਂ ਵਾਲਾ ਲੂਣ, ਛੱਲੀਆਂ, ਗੱਲ ਕੀ ਹਰ ਇੱਕ ਚੀਜ਼ ਚੱਲ ਸਕਦੀ ਹੈ- ਇਹ ਵੀ ਗੱਲ ਮਸ਼ਹੂਰ ਹੈ ਸਾਡੇ ਪੰਜਾਬੀਆਂ ਦੀ -ਉਹ ਦਾਰੂ ਤੇ ਪੈਸੇ ਜ਼ਰੂਰ ਖ਼ਰਚ ਕਰ ਲੈਣਗੇ ਪਰ ਖਾਣ ਵੇਲੇ ਪਿਆਜ਼ ਭੁਜ਼ੀਏ ਨਾਲ ਹੀ ਸਾਰਨਗੇ।

ਕਹਿੰਦੇ ਹਨ ਕਿ ਦਾਰੂ ਰਾਤ ਨੂੰ ਉਡਾਰੀਆਂ ਲਵਾ ਦਿੰਦੀ ਹੈ। ਰਾਤ ਨੂੰ ਘਰ ਵਾਲੀ ਨੂੰ ਪੀ ਕੇ ਕਹੇਗਾ ਐਤਕੀਂ ਦੱਸੀਂ ਕਿਹੜਾ ਹਾਰ ਬਣਵਾਉਣਾ ਤੇ ਕਿਹੜੀ ਸਾੜ੍ਹੀ ਲੈਣੀ ਤੇ ਕੋਠੀ ਵੀ ਦੱਸ ਕਿੱਥੇ ਪਾ ਕੇ ਦੇਵਾਂ ਤੇ ਸਵੇਰੇ ਸਾਰੇ ਹੀ ਮਹਿਲ ਢੱਠ ਜਾਂਦੇ ਹਨ।

ਅਸੀਂ ਸਲਾਹ ਕਰਦੇ ਸਾਂ ਕਿ ਮਹੀਨੇ ਵਿੱਚ ਇੱਕ ਦਿਨ ਜ਼ਰੂਰ ਮਨਾਇਆ ਜਾਏ, ਪਾਤਰ ਨੇ ਕਹਿਣਾ ਸੰਗਰਾਂਦ ਤੋਂ ਪਹਿਲਾ ਦਿਨ ਚੰਗਾ ਰਹੂ। ਉਂਜ ਸਾਡਾ ਆਮ ਤੌਰ ਤੇ ਨਿੱਤ ਹੀ ਸੰਗਰਾਂਦ ਤੋਂ ਪਹਿਲਾ ਦਿਨ ਮੰਨਦਾ ਹੀ ਰਹਿੰਦਾ ਸੀ। ਸ਼ਰਾਬੀ ਰਾਤ ਨੂੰ ਕਿਸੇ ਦੀ ਵੀ ਰੋਕ ਟੋਕ ਸੁਣਨ ਲਈ ਰਾਜ਼ੀ ਨਹੀਂ ਹੁੰਦਾ ਜਦੋਂ ਖ਼ਾਸ ਕਰਕੇ ਬੋਤਲ ਦਾ ਪ੍ਰਬੰਧ ਹੋ ਜਾਏ ਤੇ ਦੋਸਤ ਪੀਣ ਬੈਠ ਜਾਣ। ਅਸੀਂ ਜਦੋਂ ਵੀ ਦੋਸਤ ਮਿੱਤਰ ਪਾਤਰ, ਸੁਖਚੈਨ, ਅਮਰਜੀਤ ਗਰੇਵਾਲ, ਮੈਂ ਤੇ ਕਦੇ ਕਦੇ ਡਾ. ਨੂਰ ਤੇ ਸਵੀ, ਸ਼ਾਮ ਸੰਧੂਰੀ ਕਰਨ ਬੈਠਦੇ ਤਾਂ ਪਾਤਰ ਸਾਹਿਬ ਆਪਣੀ ਘਰ ਵਾਲੀ ਭਾਬੀ ਭੁਪਿੰਦਰ ਨੂੰ ਕਹਿ ਦਿੰਦੇ ਬਈ ਸਾਨੂੰ ਰਾਤ ਨੂੰ ਕੁਝ ਨਾ ਕਹੀਂ ਸਵੇਰੇ ਭਾਵੇਂ ਸਾਨੂੰ ਕੁਝ ਵੀ ਕਹਿ ਲਈਂ। ਫਿਰ ਪੀ ਕੇ ਡਾ. ਨੂਰ ਸਾਹਿਬ ਉੱਚੀ ਹੇਕ ਨਾਲ ਮਿਰਜ਼ਾ ਸੁਣਾਉਂਦੇ। ਉਂਜ ਹੇਕ ਕਿੱਥੋਂ ਨਿਕਲਦੀ ਹੈ, ਕੀ ਕੀ ਰੰਗ ਬੱਝਦੇ ਸਨ-ਪੁੱਛੋ ਹੀ ਨਾ। ਉਹ ਵੀ ਦਿਨ ਸਨ ਜਦੋਂ ਪੈਸੇ ਕੱਠੇ ਕਰ ਕਰ ਮਸੀਂ ਫ਼ਿਰੋਜ਼ਪੁਰ ਵਾਲੀ ਰੋਡ ਦੇ ਪੁਲ ਵਾਲੇ ਠੇਕੇ ਤੋਂ ਬੋਤਲ ਫੜੀਦੀ ਸੀ। ਕਈ ਵਾਰ ਰੰਮ ‘ਚ ਹੀ ਬਰਫ਼ ਪਾ ਪਾ ਸਾਰ ਲਈਦਾ ਸੀ ਗਰਮੀਆਂ ਦੇ ਮਹੀਨੇ ਵੀ। ਸੁਖਚੈਨ ਕਹੂ, ਹਾਂ, ਕੁਝ ਨਹੀਂ ਫ਼ਰਕ ਪੈਂਦਾ। ਕੁਲਵੰਤ ਸਿੰਘ ਵਿਰਕ ਹੋਰਾਂ ਦੀ ਦਾੜ੍ਹੀ ਮੋਹਰਿਓਂ ਕੁਝ ਚਿੱਟੀ ਇਸ ਤਰ੍ਹਾਂ ਲੱਗਦੀ ਹੁੰਦੀ ਸੀ ਜਿਵੇਂ ਦਾਰੂ ਪੀ ਕੇ ਦਹੀਂ ਨਾਲ ਲਵੇੜੀ ਹੋਵੇ। ਪਾਸ਼, ਅਮਰਜੀਤ ਚੰਦਨ, ਸੰਧੂ ਭਾਜੀ ਤੇ ਹਰਭਜਨ ਵਕੀਲ ਹੋਰਾਂ ਨਾਲ ਵੀ ਕਈ ਵਾਰ ਪੀਤੀ ਹੈ, ਪਰ ਪੀ ਕੇ ਡਿਸਕਸ ਮਾਰਕਸ ਜਾਂ ਲੈਨਿਨ ਹੀ ਹੁੰਦਾ ਰਿਹਾ ਜਾਂ ਲੜਾਈ ਨਿੱਕੀ ਨਿੱਕੀ, ਕਦੇ ਕੋਈ ਪਿਆਰ ਦੀ ਨਹੀਂ ਗੱਲ ਹੋਈ। ਮੇਰਾ ਛੋਟਾ ਭਰਾ ਭੁਪਿੰਦਰ ਟਾਂਡਾ ( ਨਾਰਵੇ) ਹੁਣ ਛੱਡ ਗਿਆ ਹੈ ਸਹੁਰਿਆਂ ਦੇ ਮਗਰ ਲੱਗ ਕੇ ਕੋਟਾ ਜਲਦੀ ਪੂਰਾ ਕਰਕੇ। ਹੁਣ ਰੋਜ਼ ਮੱਤਾਂ ਦੀਆਂ ਚਿੱਠੀਆਂ ਲਿਖਦਾ ਰਹਿੰਦਾ ਹੈ ਤੇ ਸਭ ਤੋਂ ਛੋਟਾ ਭਰਾ ਬਲਵੀਰ ਟਾਂਡਾ (ਫ਼ਿਲਮ ਪ੍ਰੋਡਿਊਸਰ) ਪੀ ਪੀ ਕੇ ਭਾਰ ਵਧਾਈ ਫਿਰਦਾ ਹੈ ਬੂਟਾ ਸਿੰਘ ਸ਼ਾਦ ਵਾਂਗ। ਬਾਕੀ ਜਿੰਨਾ ਵੀ ਬੰਦਾ ਮਹਾਨ ਹੁੰਦਾ ਹੈ, ਵੇਖਿਆ ਹੈ ਸ਼ਾਮ ਨੂੰ ਹੀ ਪਤਾ ਲੱਗਦਾ ਹੈ, ਤੇ ਓਨੀ ਹੀ ਉਹਦੀ ਪੀਤੀ ਹੋਈ ਦਾਰੂ ਵਧੀਆ ਗਿਣੀ ਜਾਂਦੀ ਹੈ। ਸ਼ਿਵ ਕੁਮਾਰ ਬਟਾਲਵੀ ਤਾਂ ਬਹੁਤ ਹੀ ਘੱਟ ਖਿੱਚਦਾ ਸੀ, ਪੀ ਕੇ ਸਿੱਧਾ ਆਪੇ ਘਰ ਪਹੁੰਚ ਜਾਂਦਾ ਸੀ, ਕਦੇ ਨਹੀਂ ਸੀ ਕੋਈ ਬੰਦਾ, ਦੋਸਤ, ਰਿਕਸ਼ੇ ਵਾਲਾ, ਕੰਡਕਟਰ ਉਹਨੂੰ ਛੱਡਣ ਗਿਆ, ਉਹ ਤਾਂ ਘਰ ਬੈਠੇ ਦੋਸਤ ਨੂੰ ਛੱਡ ਦਾਰੂ ਪੀ ਕੇ ਪਤਾ ਨਹੀਂ ਕਿੱਥੇ ਕਿੱਥੇ ਨਿਕਲ ਜਾਂਦਾ ਸੀ। ਉਂਜ ਪੋਇਟਰੀ ਜਾਂ ਗ਼ਜ਼ਲ ਦਾਰੂ ਬਿਨ ਅਧੂਰੀ ਲਿਖੀ ਜਾਂਦੀ ਹੈ, ਪਰ ਕਈ ਕਵੀ ਹੈਗੇ ਨੇ ਜੋ ਬਿਨਾ ਪੀਤੇ ਲਿਖਦੇ ਹਨ, ਤਾਂ ਹੀ ਤਾਂ ਮਕਬੂਲ ਨਹੀਂ ਹੁੰਦੇ। ਮੇਰੇ ਐਡਵਾਈਜ਼ਰ ਡਾ. ਏ. ਐੱਸ. ਅਟਵਾਲ, ਪ੍ਰਸਿੱਧ ਕੀਟ-ਵਿਗਿਆਨੀ, ਜੋ ਡੀਨ ਪੀਜੀ, ਤੇ ਡਾਇਰੈਕਟਰ ਵੀ ਰਹੇ ਹਨ, ਦਾਰੂ ਦੇ ਬਹੁਤ ਸ਼ੁਕੀਨ ਹਨ, ਖ਼ਾਸ ਕਰ ਕੇ ਦੇਸੀ ਦਾਰੂ ਦੇ, ਕਹਿੰਦੇ ਹਨ ਹੋਰ ਭਾਵੇਂ ਉਹਨਾਂ ਪਾਸ ਕੋਈ ਪ੍ਰਬੰਧ ਹੋਵੇ ਚਾਹੇ ਨਾ ਦਾਰੂ ਵਾਲਾ ਟਰੰਕ ਜ਼ਰੂਰ ਭਰਿਆ ਰਹਿੰਦਾ ਸੀ। ਦਾਰੂ ਪੀ ਕੇ ਡਾ. ਕੇ. ਐੱਸ. ਔਲਖ, ਵੀ ਸੀ, ਭਲਵਾਨ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਦਿੰਦੇ- ਪਿਛਲੀ ਵਾਰ ਸਿਡਨੀ ਆਏ, ਸ਼ਾਮ ਨੂੰ ਝੜੀ ਲਾ ਗਏ।

ਹਾਂ, ਸੱਚ ਇੱਕ ਵਾਰ ਅਸੀਂ ਸਾਰੇ ਲੇਖਕ ਲੁਧਿਆਣੇ ਗਰੇਵਾਲ ਹੋਟਲ ‘ਚ ਮਹਿਫ਼ਲ ਜਮਾ ਰਹੇ ਸੀ ਕਿਉਂਕਿ ਅਮਰਜੀਤ ਗਰੇਵਾਲ ਤੇ ਡਾ. ਨੂਰ ਸਾਹਿਬ ਫ਼ੰਡ ਦਾ ਪ੍ਰਬੰਧ ਕਿਤਿਓਂ ਨਾ ਕਿਤਿਓਂ ਕਰ ਹੀ ਲੈਂਦੇ ਹਨ, ਵਧੀਆ ਬੰਦੇ ਹਨ, ਦੌਰ ਸ਼ੁਰੂ ਹੋ ਗਿਆ। ਇੱਕ ਪੰਜਾਬੀ ਸਕਾਲਰ ਨਾਲ ਸਨ, ਜਿਹਨੂੰ ਅਜੇ ਓਦਣ ਹੀ ਧਾਰਮਿਕ ਵਿਸ਼ੇ ਤੇ ਫੈਲੋਸ਼ਿਪ ਦਿੱਤਾ ਸੀ ਤਾਂ ਸੁਲਾਹ ਮਾਰੀ ਤਾਂ ਹਜ਼ੂਰ ਕਹਿਣ ਲੱਗੇ ਜ਼ਰਾ ਮੋਟਾ ਪੈੱਗ ਪਾਇਓ। ਤੇ ਫਿਰ ਚੱਲ ਪਿਆ ਮਿਰਜ਼ਾ ਤੇ ਨਜ਼ਮਾਂ।

ਪ੍ਰੋ: ਮੋਹਨ ਸਿੰਘ ਵੀ ਪੀਣ ਦੇ ਬਹੁਤ ਸ਼ੁਕੀਨ ਸਨ। ਸ਼ਾਮ ਨੂੰ ਪੱਖੀ ਝੱਲਦੇ ਝੱਲਦੇ ਅਧੀਆ ਪਊਆ ਜਾਂ ਪੂਰੀ ਆਪ ਹੀ ਫੜ ਲਿਆਉਂਦੇ ਸਨ। ਠੇਕਾ ਸਾਰਿਆ ਦਾ ਹੀ ਉਹੀ ਸੀ।ਪ੍ਰੋ. ਮੋਹਨ ਸਿੰਘ ਹੋਰਾਂ ਨੂੰ ਪੀ ਕੇ ਬਾਹਰ ਖੁੱਲ੍ਹੇ ਆਮ ਪ੍ਰੈਸ਼ਰ ਰੀਲੀਜ਼ ਕਰਨ ‘ਚ ਮਜ਼ਾ ਆਉਂਦਾ ਸੀ। ਬਾਕੀ ਜੱਸੋਵਾਲ ਬਾਬੇ ਦੇ ਤਾਂ ਹਰ ਵਾਰੀ ‘ਚੋਂ ਦਾਰੂ ਦੀ ਜਦੋਂ ਮਰਜ਼ੀ ਬੋਤਲ ਲੱਭ ਲਓ, ਕਹੂ ਜਲਦੀ ਜਲਦੀ ਦੋ ਦੋ ਮੋਟੇ ਪੈੱਗ ਲਾਓ ਕੁੜੀਆਂ ਚਿੜੀਆਂ ਦੇਖਣ ਚੱਲੀਏ। ਪੀ ਕੇ ਸ਼ਾਇਰ ਪੰਛੀ ਜੀ ਵੀ ਉੱਡਣ ਲੱਗ ਪੈਂਦੇ ਹਨ।ਅਜਾਇਬ ਚਿੱਤਰਕਾਰ ਤੇ ਕ੍ਰਿਸ਼ਨ ਅਦੀਬ ਦੀ ਜੋੜੀ ਠੇਕੇ ਦੇ ਨੇੜੇ ਤੇੜੇ ਹੀ ਰਹਿੰਦੀ ਸੀ। ਜਾਂ ਕੋਈ ਬਾਹਰੋਂ ਆਇਆ ਲੇਖਕ ਕਿਤਾਬ ਛੁਪਾਉਣ ਤੇ ਰੀਲੀਜ਼ ਕਰਾਉਣ ਬਹਾਨੇ ਕਈਆਂ ਦੇ ਦੁੱਖ ਤੋੜ ਜਾਂਦਾ ਹੈ। ਇਹ ਬਹੁਤ ਵਾਰ ਹੋਇਆ ਹੈ।ਕਈ ਵਾਰ ਤਾਂ ਪੀਣ ਲਈ ਘੜੀਆਂ ਗਹਿਣੇ ਵੀ ਰੱਖਣੀਆਂ ਪਈਆਂ।

ਓਥੇ ਮਹਿੰਗੀ ਸੀ ਜਾਂ ਲੱਭਦੀ ਨਹੀਂ ਸੀ ਤਾਂ ਦੁਖੀ ਸੀ ਬਾਹਰ ਲੱਭੀ ਆਕੇ ਤੇ ਰਲ ਕੇ ਪੀ ਨਹੀਂ ਸਕਦੇ। ਜੇ ਇੱਕ ਪੀਂਦਾ ਹੈ ਤਾਂ ਦੂਸਰੇ ਨੂੰ ਕਾਰ ਚਲਾਉਣ ਦਾ ਫ਼ਿਕਰ ਹੁੰਦਾ ਹੈ। ਪਾਤਰ ਆਇਆ ਥੋੜ੍ਹਾ ਬਹੁਤਾ ਹੀ ਬਿਜ਼ਨਸ ਚੱਲਿਆ ਕਿਉਂਕਿ ਉਹ ਕਈ ਘਰਾਂ ਦਾ ਪ੍ਰਾਹੁਣਾ ਸੀ- ਗੱਲ ਨਹੀਂ ਬਣੀ ਪਰ ਫਿਰ ਵੀ ਸਭ ਯਾਦਾਂ ਤਾਜ਼ੀਆਂ ਕੀਤੀਆਂ।

ਇਹ ਇੱਕ ਐਸੀ ਚੁੰਬਕ ਹੈ ਪਲਾਂ ਚ ਹੀ ਪੀਣ ਵਾਲੇ ਖਿਡਾਰੀ ਕੱਠੇ ਕਰ ਦਿੰਦੀ ਹੈ। ਤੇ ਪੀਣ ਵਾਲਾ ਬਹਾਨਾ ਪੀਣ ਲਈ ਝੱਟ ਹੀ ਬਣਾ ਲੈਂਦਾ ਹੈ। ਕਦੇ ਦੁੱਖ ਲਈ ਕਦੇ ਸੁੱਖ ਲਈ।

ਕੈਪ. ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਲੇਖਕਾਂ, ਸ਼ਾਇਰਾਂ ਨੂੰ ਦਾਰੂ ਦਾ ਕੋਟਾ ਤਾਂ ਲਾ ਦੇਵੇ ਬਾਕੀ ਜੋ ਮਰਜ਼ੀ ਕਰੀ ਜਾਵੇ ਅਸੀਂ ਨਹੀਂ ਰੋਕਦੇ, ਫਿਰ ਪੈਨਸ਼ਨ ਵੀ ਨਹੀਂ ਮੰਗਦੇ। ਕੀ ਜ਼ੋਰ ਲੱਗਦਾ ਯਾਰ ਦਾਰੂ ਦਾ ਕਾਰਡ ਬਣਾਉਂਦਿਆਂ, ਯਾਰ ਦਵਾਈ ਲਈ ਹੀ ਬਣਵਾ ਰਹੇ ਹਾਂ, ਅਸੀਂ ਕਿਹੜਾ ਕਦੇ ਸ਼ਰਾਬੀ ਹੋਏ ਆਂ। ਯਾਰ ਜੇ ਕੋਈ ਲੇਖਕ, ਸ਼ਾਇਰ ਪੀਊ ਗਾ ਨਹੀਂ ਡੀਹਾਈਡਰੇਸ਼ਨ ਹੋ ਜਾਊ ਤੇ ਜੀਊਗਾ ਕਿਵੇਂ ਤੇ ਲਿਖੂਗਾ ਕੀ? ਬਾਅਦ ‘ਚ ਵੀ ਖ਼ਰਚ ਕਰਦੇ ਹੀ ਹੋ, ਜਿਊਂਦਿਆਂ ਦੇ ਹੀ ਚਾਅ ਪੂਰੇ ਕਰ ਲਿਆ ਕਰੋ। ਸੋ ਇਹ ਨੇਕ ਕੰਮ ਕਰ ਜਾਓ ਨਹੀਂ ਤਾਂ ਬਾਦਲ ਕਿਆ ਨੂੰ ਅਰਜ਼ ਕਰਨੀ ਪਊ। ਦਾਰੂ ਨੇ ਸਭ ਉਲਟਾ ਪੁੱਲਟਾ ਕਰ ਦਿੱਤਾ, ਕੀ ਕਰੀਏ ਕੀ ਕਰੀਏ।
**
ਟਿੱਪਣੀ: ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 2001-2010)
(ਦੂਜੀ ਵਾਰ 26 ਅਪ੍ਰੈਲ 2022)
***
759

ਡਾ. ਅਮਰਜੀਤ ਸਿੰਘ ਟਾਂਡਾ

View all posts by ਡਾ. ਅਮਰਜੀਤ ਸਿੰਘ ਟਾਂਡਾ →