4 November 2024
ਮਨ ਮਾਨ (ਕੋਟ ਕਪੂਰਾ)

ਭੂਪਿੰਦਰ ਸੱਗੂ ਦੀ ਸਿਰਜਣਾ “ਤੇਰੀ ਇਬਾਦਤ” ਗ਼ਜ਼ਲ ਜਗਤ ਦਾ ਹਾਸਿਲ ਹੈ — ਮਨ ਮਾਨ

ਗ਼ਜ਼ਲ ਕਵਿਤਾ ਦਾ ਅਤਿ ਵਿਸ਼ੇਸ਼ ਰੂਪ ਹੈ। ਜੋ ਸਭ ਤੋਂ ਵੱਧ ਸਾਧਨਾ, ਸੰਜਮ ਅਤੇ ਸਬਰ ਦੀ ਮੰਗ ਕਰਦਾ ਹੈ। ਇੱਕੋ ਸਮੇਂ ਬਹਿਰ, ਕਾਫ਼ੀਆ ਰਦੀਫ਼ ਅਤੇ ਸਭ ਤੋਂ ਜ਼ਰੂਰੀ ਖ਼ਿਆਲ ਦੀ ਬੁਲੰਦੀ ਇਸ ਹੱਦ ਤੱਕ ਕਿ ਅਰਥ ਅਨਰਥ ਨਾ ਹੋਣ ਅਤੇ ਇੱਕ ਹੀ ਸ਼ਿਅਰ ਵਿੱਚ ਸੰਪੂਰਨ ਕਾਵਿ ਕਹਿ ਦੇਣ ਦਾ ਹੁਨਰ ਹੈ ਗ਼ਜ਼ਲ। ਸਹਿਜ, ਸੁਹਜ ਅਤੇ ਰਵਾਨੀ ਭਰਿਆ ਵਰਤਾਰਾ ਜੋ ਲਫਜ਼ਾਂ ਨੂੰ ਸੰਗੀਤਕ ਤਰੰਗਾਂ ਨਾਲ ਲਬਰੇਜ਼ ਕਰ, ਪਾਠਕ ਮਨ ਨੂੰ ਆਨੰਦ ਨਾਲ ਲਟਬੌਰਾ ਕਰ ਦੇਵੇ। ਕੋਰੀ ਕਲਪਨਾ ਅਤੇ ਭਾਵੁਕਤਾ ਤੋਂ ਲੈ ਕੇ ਵਾਸਤਵਿਕਤਾ ਨੂੰ ਬਹਿਰ ਦੀ ਬੰਦਿਸ਼, ਕਾਫ਼ੀਆ ਰਦੀਫ਼ ਦੇ ਬੰਧਨ ਵਿੱਚ ਪ੍ਰੋ ਕੇ ਕਰੂਰ ਤੋਂ ਕਰੂਰ ਗੱਲ ਨੂੰ ਕਾਵਿਕ ਅੰਦਾਜ਼ ਵਿਚ ਕਹਿ, ਸੰਗੀਤ ਦਾ ਝਰਨਾ ਵਹਾ ਦੇਣਾ, ਗ਼ਜ਼ਲ ਦੀ ਖ਼ਾਸੀਅਤ ਅਤੇ ਸ਼ਾਇਰ ਦਾ ਹੁਨਰ ਅਤੇ ਸਲਾਹੁਤਾ ਹੈ।

ਗ਼ਜ਼ਲ ਕਹਿਣ ਵਾਲਿਆਂ ਦੀ ਫ਼ਹਿਰਿਸਤ ਬਹੁਤ ਲੰਮੇਰੀ ਹੈ, ਪਰ ਕੁਝ ਕੁ ਚੋਣਵੇਂ ਨਾਂ ਗ਼ਜ਼ਲ ਸੰਸਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਕੇ ਪਾਠਕਾਂ ਦੇ ਜ਼ਿਹਨ ਵਿਚ ਆਪਣਾ ਇਕ ਮੁਕਾਮ ਸਿਰਜਦੇ ਨੇ। “ਭੂਪਿੰਦਰ ਸਿੰਘ ਸੱਗੂ” ਹੁਣਾਂ ਦਾ ਨਾਓਂ ਇਸ ਅਦਬੀ ਸੰਸਾਰ ਵਿਚ ਬੜੇ ਅਦਬ ਅਤੇ ਸਲੀਕੇ ਨਾਲ ਲਿਆ ਜਾਂਦਾ ਹੈ। ਇਹਨਾਂ ਦੇ ਸ਼ਿਅਰ ਵਾਸਤਵਿਕਤਾ ਨੂੰ ਬੜੀ ਨਰਮਦਿਲੀ ਨਾਲ ਮਹਿਸੂਸਦੇ ਅਤੇ ਨਾਜ਼ੁਕਤਾ ਨਾਲ ਪੇਸ਼ ਕਰਦੇ ਹਨ:

ਹੈ ਖੜ੍ਹਾ ਬਾਰੂਦ ਉੱਤੇ, ਆਖਦੈ ਮਰਨਾ ਨਹੀਂ,
ਆਦਮੀ ਦੀ ਸੋਚ ਉੱਤੇ ਬੁਲਬੁਲਾ ਹੈਰਾਨ ਹੈ।

ਪਰਦੇਸ ਵਿਚ ਵਸਦਿਆਂ ਆਪਣੀ ਮਿੱਟੀ ਨੂੰ ਚੇਤਿਆਂ ਵਿਚ ਰਲਾ, ਖ਼ਿਆਲਾਂ ਵਿੱਚ ਸਮੋ ਕੇ ਲਫ਼ਜ਼ਾਂ ਦੇ ਹਵਾਲੇ ਕਰਨਾ ਸੱਗੂ ਹੁਣਾਂ ਦੇ ਹਿੱਸੇ ਬੜੀ ਸ਼ਿੱਦਤ ਨਾਲ ਆ਼ਇਆ ਹੈ:

ਮੇਰੇ ਦਿਲ ਦੀ ਇੱਛਾ ਹੈ ਕਿ ਫੇਰ ਪੁਰਾਣਾ ਯੁੱਗ ਪਰਤੇ,
ਗਲੀਆਂ ਵਿਚ ਘੁੰਮਾਂ ਫਿਰ ਉਹ ਯਾਰ ਬੁਲਾਵਾਂ ਖੇਡਣ ਨੂੰ।

ਆਪਣੇ ਦੇਸ਼, ਦੁਨੀਆਂ ਦੇ ਲੋਕਾਂ ਦੇ ਜ਼ਿਹਨ ਵਿਚ ਵਸੀਆਂ ਕੁਰੀਤੀਆਂ ਕਵੀ ਦੇ ਮਨ ਨੂੰ ਅਸਹਿਜ ਕਰ ਦਿੰਦੀਆਂ ਨੇ, ਉਹ ਇਹ ਕਹਿਣੋਂ ਗੁਰੇਜ਼ ਨਹੀਂ ਕਰਦਾ: 

ਕਮਲੇ ਲੋਕੀਂ ਪੂਜਣ ਜੰਡ ਕਰੀਰਾਂ ਨੂੰ।
ਨੰਗੇ ਪੈਰੀਂ ਜਾ ਕੇ ਮੰਨਣ ਪੀਰਾਂ ਨੂੰ।
ਵਿਹਲੜ ਲੋਕਾਂ ਗੁਰਬਤ ਗਲ਼ ਨੂੰ ਲਾਈ ਹੈ,
ਐਵੇਂ ਕੋਸੀ ਜਾਂਦੇ ਨੇ ਤਕਦੀਰਾਂ ਨੂੰ।

ਬੁੱਲੇ ਸ਼ਾਹ ਦਾ ਦੱਸਿਆ ਮਾਰਗ ਹਰੇਕ ਸੰਵੇਦਨਸ਼ੀਲ ਮਨ ਦਾ ਗਹਿਣਾ ਹੈ ਤੇ ਅਛੋਪਲੇ ਹੀ ਸ਼ਾਇਰ ਦੀ ਜੀਵਨ ਜਾਚ ਅਤੇ ਸਿਰਜਨਾ ਦਾ ਹਿੱਸਾ ਹੋ ਜਾਂਦਾ ਹੈ:

ਨੰਗੇ ਪੈਰੀਂ ਆਪਾਂ ਕੱਚੇ ਰਾਹ ‘ਤੇ ਨੱਚਾਂਗੇ,
ਸਾਡੇ ਸਿਰ ‘ਤੇ ਜਦ ਤੱਕ ਬੁੱਲੇ ਸ਼ਾਹ ਦੀ ਲੋਈ ਹੈ।

ਮਾੜੇ ਅਤੇ ਤਕੜੇ, ਮਜ਼ਲੂਮ ਅਤੇ ਜਾਬਰ ਜ਼ਾਲਮ ਦੀ ਮਨੋਸਥਿਤੀ ਇਸ ਸ਼ਿਅਰ ਵਿੱਚ ਬਾਖ਼ੂਬ ਚਿਤਰੀ ਗਈ ਹੈ:

ਸ਼ਿਕਰਿਆਂ ਬਾਜ਼ਾਂ ਨੇ ਉਸ ਵੇਲੇ ਬੁਰਾ ਮਹਿਸੂਸ ਕੀਤੈ,
ਜਦ ਕਦੇ ਚਿੜੀਆਂ, ਗੁਟਾਰਾਂ ਗੀਤ ਗਾਏ ਦੋਸਤੀ ਦੇ।

ਸ਼ਾਇਰ ਜਾਣਦੈ ਕਿ ਹੋਂਦ ਦੀ ਜੰਗ ਖੁਦ ਨਾਲ ਹੁੰਦੀ ਹੈ।#ਆਪਣਾ ਹੀ ਸਿੱਕਾ ਆਪਣੇ #ਮਨ ਨੂੰ ਮਨਵਾਉਣਾ। ਆਪਣੀ *ਮੈਂ ਤੋਂ ਆਪ ਹੀ ਮੁਕਤ ਹੋਣਾ* ਦੁਨੀਆ ਜਿੱਤਣ ਦਾ ਸਾਰ ਹੈ। ਇਸ ਫ਼ਲਸਫ਼ੇ ਨੂੰ ਸ਼ਾਇਰ ਲਫਜ਼ਾਂ ਵਿੱਚ ਇਓਂ ਪਰੋਂਦਾ ਹੈ:

ਮੈਂ ਕਾਤਿਲ ਆਪਣਾ ਹਾਂ ਦੂਸਰਾ ਨਾ ਹੋਰ ਹੈ ਕੋਈ,
ਮਿਰੀ ਹੀ ਜ਼ਿੰਦਗੀ ਹੈ ਬੇਵਫਾ ਨਾ ਹੋਰ ਹੈ ਕੋਈ।

ਇਸ ਰਸਭਿੰਨੀ ਪੁਸਤਕ ਦੇ ਨਾਂ ਨੂੰ ਸਾਰਥਿਕਤਾ ਦੇ ਮੁਕਾਮ ਤੱਕ ਲੈ ਕੇ ਜਾਣ ਵਾਲੀ ਗ਼ਜ਼ਲ ਇਸ਼ਕ ਮਿਜਾਜ਼ੀ ਦੀ ਝਲਕ ਪਾਉਂਦੀ ਇਸ਼ਕ ਹਕੀਕੀ ਦਾ ਦਰ ਖੜਕਾਉਂਦੀ ਹੈ:

ਤਿਰੀ ਕੀਤੀ ਇਬਾਦਤ ਹੀ ਇਬਾਦਤ ਹੈ।
ਮਿਰੇ ਦਿਲ ਵਿਚ ਮਹੁੱਬਤ ਹੀ ਮਹੁੱਬਤ ਹੈ।

ਤਲਖ਼ ਸਮੇਂ ਵਿੱਚ ਵਿਚਰਦਿਆਂ ਹਾਲਾਤ ਦੀ ਕਰੂਰਤਾ ਨੂੰ ਲਾਂਭੇ ਕਰਨ ਦੀ ਤਵੱਕੋ ਜੇਕਰ ਇੱਕ ਸੰਵੇਦਨਸ਼ੀਲ ਮਨ ਤੋਂ ਕੀਤੀ ਜਾਵੇ ਤਾਂ ਇਹ ਅਸੰਭਵ ਕਾਮਨਾ ਹੈ। ਉਹ ਸ਼ਾਇਰ ਹੀ ਨਹੀਂ ਜਿਸਦਾ ਮਨ ਸਮਿਆਂ ਦੀ ਕਾਲੀ ਕਰੂਰਤਾ ਨੂੰ ਮਹਿਸੂਸ ਨਾ ਕਰ ਸਕੇ:

ਖ਼ੂਨ ‘ਚ ਭਿੱਜੀਆਂ ਵਗਣ ਹਵਾਵਾਂ, ਇਹ ਮੌਸਮ ਤਲਵਾਰਾਂ ਦਾ ਹੈ।
ਕਿੱਦਾਂ ਆਪਣਾ ਆਪ ਬਚਾਵਾਂ, ਇਹ ਮੌਸਮ ਤਲਵਾਰਾਂ ਦਾ ਹੈ।

ਫ਼ਿਰਕੂ ਵਸਤਰ ਪਾ ਕੇ ਮਜ਼ਹਬ ਦਾ ਢੌਂਗ ਰਚਾਂਦੈ ਦਿਨ ਵੇਲੇ,
ਰਾਤਾਂ ਵੇਲੇ ਸੰਨ੍ਹਾਂ ਲਾਉਂਦਾ ਅੱਜਕਲ੍ਹ ਦਾ ਵਿਭਚਾਰੀ ਹੈ।

ਕਾਲੀ ਧੁੱਪ ਨੇ ਚੂਸ ਲਏ ਹਨ ਰੰਗ ਅਸਾਡੇ ਫੁੱਲਾਂ ਦੇ,
ਤੂੰ ਜਿਊਣੇ ਦੀ ਪੁੱਛਦੈਂ ,ਇੱਥੇ ਮਰਨੇ ਦੀ ਦੁਸ਼ਵਾਰੀ ਹੈ।

ਮਹੁੱਬਤ ਦਾ ਖ਼ਿਆਲ ਜੇਕਰ ਗ਼ਜ਼ਲ ਤੋਂ ਲਾਂਭੇ ਰਿਹਾ ਤਾਂ ਗ਼ਜ਼ਲ ਸੁੰਨੀ ਹੈ, ਜਿਓਂ ਇਹਦਾ ਸ਼ਿੰਗਾਰ ਇਹਦੀ ਰੂਹ ਮੁਰਝਾ ਗਈ ਹੋਵੇ। ਇਹ ਅਹਿਸਾਸ ਗ਼ਜ਼ਲ ਵਿਚ ਆਉਂਦੇ ਹੀ ਗ਼ਜ਼ਬ ਦੇ ਰੂਪਕ, ਬਿੰਬ ਦ੍ਰਿਸ਼ਟਾਂਤ‌ ਇਸ ਨੂੰ ਇੱਕ ਅਜ਼ਬ ਹੁਲਾਰਾ ਦਿੰਦੇ ਨੇ ਕਿ ਪਾਠਕ ਕਲਪਨਾ ਦੇ ਦੇਸ਼ ਪਹੁੰਚਿਆ ਇਸ ਅਨੂਠੇ ਅਹਿਸਾਸ ਨਾਲ ਸਰਸ਼ਾਰ ਹੋਇਆ ਅਸ਼- ਅਸ਼ ਕਰ ਉੱਠਦਾ ਹੈ:

ਜਦੋਂ ਕੋਠੇ ‘ਤੇ ਉਸ ਦੇ ਕੇਸ ਲਹਿਰਾਉਂਦੀ ਹਵਾ ਦੇਖੀ।
ਮੇਰਾ ਦਿਲ ਚੀਖਿਆ ਕਹਿੰਦਾ ਨਹੀਂ ਐਸੀ ਘਟਾ ਦੇਖੀ।
ਬੜੀ ਬਿਜਲੀ ਗਿਰਾਉਦੀ ਹੈ, ਝੜੀ ਅੱਖਾਂ ‘ਚ ਲਾਉਂਦੀ ਹੈ,
ਬਦਲਦੀ ਰੰਗ ਹੈ ਕਿੰਨੇ ਮਹੁੱਬਤ ਦੀ ਘਟਾ ਪਲ ਪਲ।

ਕੁਦਰਤ, ਪੀੜਾਂ, ਹਨੇਰਾ, ਰੌਸ਼ਨੀ, ਇਤਿਹਾਸ ਦੇ ਪਾਤਰ, ਫੁੱਲ, ਸੂਲਾਂ, ਕੋਇਲਾਂ, ਮਜ਼ਹਬ, ਪਿਆਰ, ਦੁਸ਼ਮਣ, ਯਾਰ, ਗੁਆਚੇ ਸਿਰਨਾਵੇਂ, ਅਣਦੱਸੀਆਂ ਥਾਵਾਂ, ਤਿਤਲੀਆਂ, ਰਿਸ਼ਤੇ, ਪੁਰਾਣੀਆਂ ਯਾਦਾਂ, ਦੁਮੇਲ ਦੇ ਮਿਲਣ ਦੇ ਬਿੰਬ ਭੂਪਿੰਦਰ ਸੱਗੂ ਹੁਣਾਂ ਦੀ ਰਚਨਾਤਮਕਤਾ ਨੂੰ ਸੰਪੂਰਨਤਾ ਬਖਸ਼ਦੇ ਹਨ। ਅਰੂਜ਼ੀ ਨਿਯਮਾਂ ਅਤੇ ਅਹਿਸਾਸ ਨਾਲ ਲਬਰੇਜ਼ ਭੂਪਿੰਦਰ ਸੱਗੂ ਹੁਣਾਂ ਦੀ ਸਿਰਜਣਾ “ਤੇਰੀ ਇਬਾਦਤ” ਗ਼ਜ਼ਲ ਜਗਤ ਦਾ ਹਾਸਿਲ ਹੈ ਅਤੇ ਇਸ ਸਿਰਜਣਾ ਦਾ ਬੜੇ ਖੁੱਲ੍ਹੇ ਦਿਲ, ਚਾਅ, ਹੁਲਾਸ ਨਾਲ ਸਵਾਗਤ ਹੈ। ਆਪ ਸਭ ਵੱਲੋਂ ਭਰਪੂਰ ਹੁੰਗਾਰੇ ਦੀ ਆਸ ਵਿੱਚ ਮੇਰੇ ਵੱਲੋਂ ਸਰ ਨੂੰ ਇਸ ਸਿਰਜਨਾ ਲਈ ਬਹੁਤ -ਬਹੁਤ ਸ਼ੁਭ ਇੱਛਾਵਾਂ।
***
756

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)

ਮਨ ਮਾਨ

ਮਨ ਮਾਨ (ਮਨਵਿੰਦਰ ਕੌਰ, ਕੋਟਕਪੂਰਾ)

View all posts by ਮਨ ਮਾਨ →