ਰੂਸ ਦੇ ਦਾਗ਼ਿਸਤਾਨ ਖਿੱਤੇ ਦੀ ‘ਅਵਾਰ’ ਬੋਲੀ ਦੇ ਇੱਕ ਮਸ਼ਹੂਰ ਲੇਖਕ, ਵਿਚਾਰਕ ’ਤੇ ਕਵੀ ਹੋਏ ਹਨ ‘ਰਸੂਲ ਹਮਜ਼ਾਤੋਵ’। ਉਹ ਅਵਾਰ ਬੋਲੀ ’ਚ ਜ਼ਿਆਦਾ ਲਿਖਦੇ ਰਹੇ ਹਨ। ਉਨ੍ਹਾਂ ਦੀ ਇੱਕ ਬੜੀ ਹੀ ਮਕਬੂਲ ਪੜ੍ਹਨਯੋਗ ਕਿਤਾਬ ਹੈ, ‘ਮੇਰਾ ਦਾਗ਼ਿਸਤਾਨ’। ਇਸ ’ਚ ਉਹਨਾਂ ਦਾ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਸਾਫ਼ ਝਲਕਦਾ ਹੈ। ਮਾਂ-ਬੋਲੀ ਵਿਹੂਣੇ ਲੋਕਾਂ ਨੂੰ ਉਹ ਇੰਨੀ ਸਫ਼ਾਈ ਨਾਲ ਦੁਰਕਾਰਦੇ ਹਨ, ਜਾਂ ਇੰਞ ਕਹਿ ਲਓ ਕਿ ਗਾਲਾਂ ਕੱਢਦੇ ਹਨ ਕਿ ਸੁਣਨ ਵਾਲਾ ਸੁਣੀ ਵੀ ਜਾਂਦਾ, ਹੱਸੀ ਵੀ ਜਾਂਦਾ ਤੇ ਵਾਹ ਵਾਹ ਵੀ ਕਰੀ ਜਾਂਦਾ, ਹਾਲਾਂਕਿ ਗਾਲਾਂ ਉਸ ਨੂੰ ਹੀ ਸੁਣਾਈਆਂ ਜਾ ਰਹੀਆਂ ਹੁੰਦੀਆਂ ਹਨ। ਉਹਨਾਂ ਦੀ ਗਾਲ੍ਹਾਂ ਦੀ ਵੰਨਗੀ ਦੇਖੋ। ਅੱਲਾ ਕਰੇ ਤੇਰੇ ਬੱਚੇ ਉਸ ਬੋਲੀ ਤੋਂ ਵਾਂਞੇ ਰਹਿਣ ਜਿਹੜੀ ਉਹਨਾਂ ਦੀ ਮਾਂ ਬੋਲਦੀ ਹੈ। ਜਾਂ ਅੱਲਾ ਕਰੇ ਤੇਰੇ ਬੱਚਿਆਂ ਨੂੰ ਉਨ੍ਹਾਂ ਦੀ ਬੋਲੀ ਸਿਖਾਉਣ ਵਾਲੀ ਨਾ ਰਹੇ। ਮਾਂ-ਬੋਲੀ ਦਾ ਰਿਸ਼ਤਾ ਜਨਮ ਨਾਲ ਹੁੰਦਾ ਹੈ, ਭਾਵਨਾਵਾਂ ਨਾਲ ਹੁੰਦਾ ਹੈ, ਸੁਪਨਿਆਂ ਨਾਲ ਹੁੰਦਾ ਹੈ। ਇਸ ਸੰਬੰਧੀ ਡਾ ‘ਟੀ ਆਰ ਸ਼ਰਮਾ’ ਕਹਿੰਦੇ ਹਨ ਕਿ ਮਾਂ-ਬੋਲੀ ਰਾਹੀਂ ਬੱਚੇ ਆਪਣੇ ਵਿਚਾਰਾਂ, ਆਪਣੀਆਂ ਲੋੜਾਂ, ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਸਿਰਜਣਾਤਮਿਕਤਾ, ਮੌਲਿਕਤਾ ਦੀ ਗਵਾਹੀ ਦਿੰਦੇ ਹਨ। ਹੋਰਨਾਂ ਦੀਆਂ ਸੁਣਦੇ ਹਨ ’ਤੇ ਆਪਣੀਆਂ ਸੁਣਾਉਂਦੇ ਹਨ ਅਤੇ ਆਪਣਾ ਮਾਨਸਿਕ, ਸਮਾਜਿਕ ’ਤੇ ਭਾਵਾਤਮਿਕ ਵਿਕਾਸ ਕਰਦੇ ਹਨ। ਇੱਕ ਥਾਂ ’ਤੇ ਮਾਂ-ਬੋਲੀ ਦੇ ਪਿਆਰ ਪ੍ਰਤੀ ਹਮਜ਼ਾਤੋਵ ਲਿਖਦੇ ਹਨ ਕਿ ਉਹਨਾਂ ਦੇ ਪਿਤਾ ਕੋਲ ਨੇੜਲੇ ਖਿੱਤੇ ਦੇ ਕੁਝ ਨੌਜਵਾਨ ਆਏ ’ਤੇ ਦੱਸਣ ਲੱਗੇ ਕਿ ਉਹਨਾਂ ਨੇ ਇੱਕ ਗਾਇਕ ਦਾ ਕੁਟਾਪਾ ਚਾੜ੍ਹ ਦਿੱਤਾ ਹੈ। ਪਿਤਾ ਵੱਲੋਂ ਕੁੱਟਣ ਦਾ ਕਾਰਨ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਗਾਉਣ ਲੱਗੇ ਜ਼ਿਆਦਾ ਫੂਕਾਂ ਭਰਦਾ ਸੀ। ਜਾਣ ਬੁੱਝ ਕੇ ਖੰਘਦਾ ਸੀ। ਉਸ ਨੇ ਗਾਣੇ ਦਾ ਹੀ ਕਬਾੜਾ ਕਰ ਕੇ ਰੱਖ ਦਿੱਤਾ। ਇਸ ਲਈ ਅਸੀਂ ਉਸ ਦਾ ਕੁਟਾਪਾ ਚਾੜ੍ਹਿਆ। ਇਹ ਉਹਨਾਂ ਲੋਕਾਂ ਦਾ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਹੀ ਹੈ। ਇੱਕ ਲਿਖਤ ਵਿੱਚ ਉਹ ਆਖਦੇ ਹਨ ਕਿ 1939 ਵਿੱਚ ਉਸਦੇ ਪਿਤਾ ਨੂੰ ‘ਮਾਸਕੋ’ ਵਿਖੇ ਇੱਕ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਸੀ। ਉੱਥੋਂ ਆ ਕੇ ਆਪਣੇ ਪਿੰਡ ਦੀ ਸਭਾ ਵਿੱਚ ਜਦੋਂ ਉਹਨਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਯਾਦਗਾਰੀ ਚੀਜ਼ ਇਹ ਸੀ ਕਿ ਸਮਾਗਮ ਦੇ ਪ੍ਰਧਾਨ ਨੇ ਮੇਰਾ ਨਾਮ ਰੂਸੀ ਭਾਸਾ ’ਚ ਨਹੀਂ ਸਗੋਂ ਮੇਰੀ ਮਾਂ-ਬੋਲੀ ਅਵਾਰ ਵਿੱਚ ਬੋਲਿਆ। ਇਵੇਂ ਹੀ ਇਕ ਹੋਰ ਥਾਂ ’ਤੇ ਉਹ ਲਿਖਦੇ ਹਨ ਕਿ ਮੈਂ ਇੱਕ ਲੇਖਕ ਪ੍ਰਤੀਨਿਧੀ ਮੰਡਲ ਵਿੱਚ ‘ਪੋਲੈਂਡ’ ਗਿਆ। ਸਵੇਰੇ ਮੇਰੇ ਦਰਵਾਜ਼ੇ ਨੂੰ ਕਿਸੇ ਨੇ ਖੜਕਾਇਆ ’ਤੇ ਉਸ ਓਪਰੇ ਬੰਦੇ ਨੇ ਸ਼ਾਨਦਾਰ ਆਵਾਜ਼ ਵਿੱਚ ਕਿਹਾ ਹਮਜ਼ਾਤੀਲ ਰਸੂਲ ਏਥੇ ਰਹਿੰਦੇ ਹਨ? ਇਹ ਮੇਰਾ ਨਾਂ ਸੀ ਅਤੇ ਮੇਰੀ ਮਾਂ-ਬੋਲੀ ਅਵਾਰ ਵਿੱਚ ਬੋਲਿਆ ਗਿਆ ਸੀ। ਇਹ ਮੇਰੇ ਲਈ ਸਭ ਤੋਂ ਖੁਸ਼ੀ ਦੇ ਪਲ ਸਨ। ਲੇਖਕ ਦਾ ਇਹ ਸਾਰਾ ਕੁਝ ਲਿਖਣ-ਦੱਸਣ ਦਾ ਮਕਸਦ ਸਿਰਫ ਆਪਣੀ ਮਾਂ-ਬੋਲੀ ਦੀ ਅਹਮੀਅਤ ਅਤੇ ਸਰਵ-ਉਚਤਾ ਬਾਰੇ ਦੱਸਣਾ ਹੀ ਹੈ। ਬਕੌਲ ਰਸੂਲ ਕੁਝ ਲੋਕ ਆਪਣੇ ਖਿੱਤੇ ਛੱਡ ਕੇ ਸਹਿਰਾਂ ’ਚ ਚਲੇ ਗਏ ਹਨ। ਉਹ ਇਸ ਨੂੰ ਗਲਤ ਵੀ ਨਹੀਂ ਮੰਨਦਾ ਅਤੇ ਆਖਦਾ ਹੈ ਕਿ ਬੋਟ ਵੀ ਉਦੋਂ ਤੱਕ ਹੀ ਆਲਣੇ ’ਚ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਦੇ ਖੰਭ ਨਹੀਂ ਆ ਜਾਂਦੇ। ਪਰ ਲੇਖਕ ਉਹਨਾਂ ਨੂੰ ਮਾੜਾ ਸਮਝਦਾ ਹੈ ਜਿਹੜੇ ਆਪਣਾ ਖਿੱਤਾ ਛੱਡ ਕੇ ਕਿਤੇ ਦੂਰ ਚਲੇ ਗਏ ਅਤੇ ਆਪਣੀ ਬੋਲੀ ਛੱਡ ਕੇ ਦੂਜੀਆਂ ਬੋਲੀਆਂ ਬੋਲ ’ਚ ਦੋ ਹਦਵਾਣੇ ਫੜਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਲੋਕਾਂ ਨਾਲ ਵੀ ਲਗਭਗ ਇਹੋ ਜਿਹਾ ਹੀ ਹੈ। ਜਿਹੜੇ ਲੋਕ ਦੂਰ ਗਏ ਹਨ ਅਸੀਂ ਉਨ੍ਹਾਂ ਦੀ ਗੱਲ ਨਹੀਂ ਕਰਦੇ। ਬਾਅਦ ਵਿੱਚ ਕਰਾਂਗੇ। ਪਹਿਲਾਂ ਅਸੀਂ ਉਨ੍ਹਾਂ ਦੀ ਗੱਲ ਕਰਦੇ ਹਾਂ ਜਿਹੜੇ ਏਥੇ ਹੀ ਹਨ ਪੰਜਾਬੀਸਤਾਨ (ਪੰਜਾਬੀ ਬੋਲੀ ਬੋਲਣ ਵਾਲੇ ਖੇਤਰ) ਵਿੱਚ ਆਪਣੀ ਜਨਮ ਭੂਮੀ ਦੇ ਉੱਤੇ। ਪਰ ਇਹ ਲੋਕ ਅਖੌਤੀ ਅਗਾਂਹਵਧੂ ਬਣ ਗਏ ਹਨ। ਇਹ ਇੱਕ ਹੱਥ ਵਿੱਚ ਦੋ ਨਹੀਂ ਸਗੋਂ ਤਿੰਨ ਮਤੀਰੇ ਫੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀ ਵੱਡੇ-ਵੱਡੇ। ਆਪਣੀ ਮਾਂ ਬੋਲੀ ਛੱਡ ਕੇ ਪਹਿਲਾਂ ਤਾਂ ਇਹ ਹਿੰਦੀ ’ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੱਚਿਆਂ ਨੂੰ ਵੀ ਸਿਖਾਉਂਦੇ ਹਨ। ਘਰਾਂ ਵਿੱਚ ਉਨ੍ਹਾਂ ਨੂੰ ਬੋਲਣ ਲਈ ਮਜ਼ਬੂਰ ਵੀ ਕਰਦੇ ਹਨ ਅਤੇ ਖੁਦ ਵੀ ਬੋਲਦੇ ਹਨ। ਤੀਜਾ ਮਤੀਰਾ ਉਸੇ ਹੱਥ ਵਿੱਚ ਇਹ ਅੰਗਰੇਜ਼ੀ ਵਾਲਾ ਫੜਨ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ‘ਇੰਟਰਨੈਸ਼ਨਲ ਭਾਸ਼ਾ’ ਹੈ। ਜ਼ਰੂਰੀ ਆਉਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਅਜਿਹੇ ਅੰਗਰੇਜ਼ੀ ’ਚ ਜਿੱਥੇ ਉਹਨਾਂ ਦੀ ਮਾਂ-ਬੋਲੀ ਬੋਲਣ ਦੀ ਮਨਾਹੀ ਹੁੰਦੀ ਹੈ। ਜ਼ੁਰਮਾਨਾ ਲਗਦਾ ਹੈ। ਪਰ ਇਹ ਲੋਕ ਇਸ ਗੱਲ ’ਚ ਸ਼ਾਨ ਸਮਝਦੇ ਹਨ ਕਿ ਸਾਡਾ ਬੱਚਾ ਅੰਗਰੇਜ਼ੀ ਬੋਲਦਾ ਹੈ। ਲਾਟ (ਲਾਰਡ) ਸਾਹਿਬ ਬਣ ਗਿਆ ਹੈ। ਇਹਨਾਂ ਦੇ ਬੱਚਿਆਂ ਦਾ ਹਾਲ ਉਹ ਹੁੰਦਾ ਹੈ ਧੋਬੀ ਦੇ ਕੁੱਤੇ ਵਰਗਾ। ਨਾ ਘਰ ਦਾ ਅਤੇ ਨਾ ਹੀ ਘਾਟ ਦਾ। ਇਹ ਸਿਰਫ ਮਾਂ-ਬੋਲੀ ਦੇ ਸੰਬੰਧ ਵਿਚ ਹੀ ਹੈ ਕਿਉਂਕਿ ਇਹਨਾਂ ਦੇ ਬੱਚਿਆਂ ਦੀ ਪਕਾਅਵਟ (ਪਰਿਪੱਕਤਾ) ਨਾਂ ਹਿੰਦੀ ਵਿੱਚ ਹੁੰਦੀ ਹੈ ਅਤੇ ਨਾ ਹੀ ਅੰਗਰੇਜ਼ੀ ਵਿੱਚ। ਆਪਣੀ ਮਾਂ-ਬੋਲੀ ਜਿਹੜੀ ਇਨ੍ਹਾਂ ਨੂੰ ਪੂਰੀ ਤਰ੍ਹਾਂ ਆਉਣੀ ਚਾਹੀਦੀ ਹੁੰਦੀ ਹੈ ਉਸ ਦੀ ਸ਼ਬਦਾਵਲੀ ਦੀ ਵੀ ਘਾਟ ਹੀ ਹੁੰਦੀ ਹੈ। ਬਹੁਤ ਸਾਰੇ ਲੋਕ ਇਹ ਤਰਕ ਦਿੰਦੇ ਹਨ ਕਿ ਬਾਹਰ ਜਾ ਕੇ ਅੰਗਰੇਜ਼ੀ ਸਿੱਖਣੀ ਹੀ ਪੈਂਦੀ ਹੈ। ਜ਼ਰੂਰੀ ਹੈ। ਪਰ ਮੈਂ ਕਦੇ ਵੀ ਯੂਪੀ ਬਿਹਾਰ ਤੋਂ ਆਏ ਭਈਆਂ ਨੂੰ ਜਾਂ ਬੰਗਾਲੀਆਂ ਨੂੰ ਇਥੇ ਆ ਕੇ ਪੰਜਾਬੀ ਸਿੱਖਦੇ ਨਹੀਂ ਦੇਖਿਆ। ਉਹ ਜਾਂ ਤਾਂ ਆਪਣੀ ਭਾਸ਼ਾ ਵਿੱਚ ਹੀ ਗੱਲ ਕਰ ਰਹੇ ਹੁੰਦੇ ਹਨ ਤੇ ਜਾਂ ਫਿਰ ਕੋਈ ਪੰਜਾਬੀ ਉਹਨਾਂ ਨੂੰ ਹਿੰਦੀ ਵਿੱਚ ਸਮਝਾ ਰਿਹਾ ਹੁੰਦਾ ਹੈ। ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਦੂਜੀਆਂ ਬੋਲੀਆਂ ਸਿੱਖਣ ਵਾਲੇ ਜਾਂ ਸਿੱਖਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਕੋਈ ਵੀ ਚੀਜ ਉਸ ਤਰ੍ਹਾਂ ਕਰਨ ਤੋਂ ਅਸਮਰੱਥ ਹੁੰਦੇ ਹਨ ਜਿਸ ਤਰਾਂ ਅਸਲ ਵਿੱਚ ਉਹ ਕੀਤੀ ਜਾਣੀ ਚਾਹੀਦੀ ਹੈ। ਇਹ ਲੋਕ ਇਸ ਕਹਾਵਤ ਨੂੰ ਸਹੀ ਕਰਦੇ ਹਨ ਕਿ ਕਾਂ ਚਲਿਆ ਹੰਸ ਦੀ ਚਾਲ ਆਪਣੀ ਚਾਲ ਵੀ ਭੁੱਲ ਗਿਆ। ‘ਰਸੂਲ ਹਮਜ਼ਾਤੋਵ’ ਅਨੁਸਾਰ ਆਪਣੀ ਮਾਂ ਬੋਲੀ ਨੂੰ ਗਰੀਬ ਅਤੇ ਮਾਮੂਲੀ ਸਮਝਣ ਵਾਲੇ ਜਦੋਂ ਕਿਸੇ ਹੋਰ ਬੋਲੀ ਦੀ ਭਾਲ ਵਿੱਚ ਤੁਰ ਪੈਂਦੇ ਹਨ ਤਾਂ ਉਨ੍ਹਾਂ ਦਾ ਹਸ਼ਰ ਉਹੀ ਹੋਇਆ ਕਰਦਾ ਹੈ ਜੋ ਇਕ ਅਵਾਰੀ ਕਥਾ ਵਿੱਚ ਬੱਕਰੇ ਦਾ ਹੋਇਆ ਸੀ। ਭੇੜੀਏ ਦੀ ਪੂੰਛ ਲੈਣ ਤੁਰ ਪਿਆ ਪਰ ਆਪਣਾ ਸਿੰਗ ਵੀ ਗੁਆ ਆਇਆ। ਇਹਨਾਂ ਲੋਕਾਂ ਦਾ ਉਹ ਹਾਲ ਹੁੰਦਾ ਹੈ ਕਿ ਇਹ ਤੈਰ ਸਕਦੇ ਹਨ, ਚੁਭੀਆਂ ਲਗਾ ਸਕਦੇ ਹਨ ਪਰ ਮੱਛੀਆਂ ਵਾਂਙ ਨਹੀਂ। ਇਹ ਉੱਡ ਤਾਂ ਸਕਦੇ ਹਨ ਪਰ ਆਕਾਸ਼ ਵਿੱਚ ਉੱਡਦੇ ਆਜ਼ਾਦ ਪੰਛੀਆਂ ਵਾਂਙ ਨਹੀਂ। ਇਹ ਗਾ ਵੀ ਸਕਦੇ ਹਨ ਪਰ ਕੋਇਲ ਵਾਂਙਰਾਂ ਨਹੀਂ। ਇਸ ਗੱਲ ਨੂੰ ਸਹੀ ਕਰਦੇ ਹੋਏ ਰਸੂਲ ਸਾਹਿਬ ਇਕ ਹੋਰ ਥਾਂ ਤੇ ਲਿਖਦੇ ਹਨ ਕਿ ਦਾਗ਼ਿਸਤਾਨੀ ਲੋਕ ਦਸ ਬੋਲੀਆਂ ਵਿੱਚ ਕਿਤਾਬਾਂ ਲਿਖਦੇ ਹਨ। ਨੋਂ ਵਿੱਚ ਉਨ੍ਹਾਂ ਨੂੰ ਛਪਵਾਉਦੇ ਹਨ। ਦਸਵੀਂ ਬੋਲੀ ਅਸਲ ’ਚ ਉਹਨਾਂ ਲੋਕਾਂ ਦੀ ਹੈ ਜਿਹੜੇ ਆਪਣੀ ਮਾਂ ਬੋਲੀ ਭੁੱਲ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਨੇ ਦੂਜੀ ਕੋਈ ਭਾਸ਼ਾ ਪੂਰੀ ਤਰ੍ਹਾਂ ਨਹੀਂ ਸਿੱਖੀ। ਉਹੀ, “ਨਾ ਖੁਦਾ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਹਮ।” ਉਨ੍ਹਾਂ ਨੂੰ ਸਲਾਹ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਤੁਸੀਂ ਆਪਣੀ ਮਾਂ ਬੋਲੀ ਵਿੱਚ ਲਿਖੋ। ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਸਮਝਦੇ ਹੋ ਜਾਂ ਤੁਸੀਂ ਉਸ ਭਾਸ਼ਾ ’ਚ ਲਿਖੋ ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਸਿੱਖ ਗਏ ਹੋ। ਪਰ ਤੁਸੀਂ ਦਸਵੀਂ ਬੋਲੀ ’ਚ ਨਾ ਲਿਖੋ। ਸਾਡੇ ‘ਪੰਜਾਬੀਸਤਾਨ’ ਦੇ ਲੋਕ ਵੀ ਅਜਿਹਾ ਹੀ ਕਰਦੇ ਹਨ। ਉਹਨਾਂ ਦੀ ਬੋਲੀ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦਾ ਸੰਗਮ ਹੋਇਆ ਹੁੰਦਾ ਹੈ। ਖ਼ਬਰਾਂ ਸੁਣ ਲਓ, ਅਖ਼ਬਾਰ-ਰਸਾਲੇ ਵੇਖ ਲਓ। ਹੋਰ ਬੋਲੀਆਂ ਦੇ ਸ਼ਬਦ ਜ਼ਿਆਦਾ ਮਿਲੇ ਹੋਏ ਹੁੰਦੇ ਹਨ ਇਨ੍ਹਾਂ ’ਚ। ਆਪਣੇ ਲੋਕ ਵੀ ਵਾਕ ਅੰਗ੍ਰੇਜ਼ੀ ਤੋਂ ਸ਼ੁਰੂ ਕਰਦੇ ਹਨ, ਹਿੰਦੀ ਬੋਲਦੇ ਜਾਂਦੇ ਹਨ ਤੇ ਜਦੋਂ ਉਨ੍ਹਾਂ ਨੂੰ ਅੰਦਰੋਂ ਫੁਰਨਾ ਨਹੀਂ ਫੁਰਦਾ (ਕੁਝ ਕਹਿ ਨਹੀਂ ਹੁੰਦਾ ਜਾਂ ਇਹ ਕਹਿ ਲਓ ਕਿ ਵਿਚਾਰਾ ਦਾ ਪ੍ਰਗਟਾਅ ਸਹੀ ਤਰੀਕੇ ਨਾਲ ਨਹੀਂ ਹੁੰਦਾ) ਤਾਂ ਫਿਰ ਪੰਜਾਬੀ ’ਤੇ ਆ ਜਾਂਦੇ ਹਨ। ਮਤਲਬ ਇਹ ਹੈ ਹਿੰਦੀ ਬੋਲਦੇ ਹਨ, ਪੰਜਾਬੀ ਬੋਲਦੇ ਹਨ ਅਤੇ ਅੰਗਰੇਜ਼ੀ ਬੋਲਦੇ ਹਨ ਜਾਂ ਇੰਞ ਵੀ ਕਿਹਾ ਜਾ ਸਕਦਾ ਹੈ ਕਿ ਪੂਰੀ ਤਰ੍ਹਾਂ ਨਾ ਹਿੰਦੀ ਆਉਂਦੀ ਹੈ, ਨਾ ਪੰਜਾਬੀ ਆਉਂਦੀ ਹੈ ਅਤੇ ਨਾ ਹੀ ਅੰਗਰੇਜੀ। ਡਾ. ਤਿਰਲੋਕ ਸਿੰਘ ਅਨੰਦ ਇਸ ਸੰਬੰਧੀ ਕਹਿੰਦੇ ਹਨ ਕਿ ਅਸਲ ਵਿੱਚ ਮਾਂ-ਬੋਲੀ ਮਨੁੱਖ ਦੀ ਪਛਾਣ ਹੈ। ਉਸ ਦੀ ਹੋਂਦ ਅਤੇ ਉਸ ਦੇ ਜੀਉਂਦੇ ਰਹਿਣ ਦੀ ਗਵਾਹੀ ਹੈ। ਜਿਸ ਬੋਲੀ ਰਾਹੀਂ ਸਾਡ ’ਚ ਸਾਡੀ ਮਾਂ-ਬੋਲੀ ਹੈ। ਇਹੋ ਜ਼ੁਬਾਨ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿਚਰਦੀ ਹੈ। ਮਨੁੱਖ ਮਾਂ-ਬੋਲੀ ’ਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਹਾਰਦਿਕ ਵਲਵਲਿਆਂ ਜ਼ਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਹੈ। ਜੇਕਰ ਤੁਹਾਡੀ ਬੋਲੀ ਦੀ ਜੜ੍ਹ ਪੁਰਾਤਨ ਹੋਵੇਗੀ ਤਾਂ ਹੀ ਇਹ ਵਰਤੋਂਯੋਗ ਹੋਵੇਗੀ। ਆਪਣੀ ਬੋਲੀ ਪੰਜਾਬੀ, ਪੂਰੀ ਤਰ੍ਹਾਂ ਪੁਰਾਤਨ ਹੈ। ਹਰ ਗੱਲ ਸਮਝਾਉਂਣ ਦੇ ਯੋਗ ਹੈ। ਤੁਸੀਂ ਹਰ ਗੱਲ ਦੂਜੇ ਤੱਕ ਰੱਖ ਸਕਦੇ ਹੋ। ਅੰਗਰੇਜ਼ਾਂ ਦੀ ਬੋਲੀ ਵਾਂਙ ਇਸ ਵਿੱਚ ਗੂੰਗੇ (ਸਾਈਲੈਂਟ) ਅੱਖਰ ਵੀ ਨਹੀਂ ਹਨ ਅਤੇ ਨਾ ਹੀ ਹਿੰਦੀ ਵਾਂਗ ਕੁਝ ਅੱਧੇ ਅਧੂਰੇ ਹਨ। ਅੱਖਰਾਂ ਦੀ ਗਿਣਤੀ ਵੀ ਕੋਈ ਜ਼ਿਆਦਾ ਨਹੀਂ ਹੈ। ਸਿਰਫ ਪੈਂਤੀ ਤੇ ਛੇ। ਆਲੋਚਕ ਆਖ ਦਿੰਦੇ ਹਨ ਕਿ ਇਸ ਨੇ ਬਹੁਤ ਸਾਰੇ ਦੂਜੀਆਂ ਭਾਸਾਵਾਂ ਦੇ ਸ਼ਬਦ ਜਜ਼ਬ ਕੀਤੇ ਹੋਏ ਹਨ। ਅਸਲ ’ਚ ਪੰਜਾਬੀ ਬੋਲੀ ਬਹੁਤ ਅਮੀਰ ਹੈ। ਪਰ ਸਮੇਂ ਦੀ ਮਾਰ ਨਾਲ ਸਾਡੇ ਵੱਲੋਂ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰਨ ਨਾਲ, ਆਪਣੇ ਬੱਚਿਆਂ ਨੂੰ ਲਾਟ (ਲਾਰਡ) ਸਾਹਿਬ ਬਣਾਉਣ ਲਈ ਅੰਗਰੇਜੀ ਸਕੂਲਾਂ ’ਚ ਪੜ੍ਹਾਉਣ ਦੀ ਕਾਰਨ ਸਾਡੀ ਬੋਲੀ ’ਚੋਂ ਕੁਝ ਸਬਦ ਗੁੰਮ ਗਏ ਹਨ ਅਤੇ ਉਨ੍ਹਾਂ ਦੀ ਥਾਂ ਤੇ ਕੁਝ ਨਵੇਂ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆ ਗਏ ਹਨ। ਇਹ ਸਥਿਤੀ ਉਹੋ ਜਿਹੀ ਹੀ ਹੈ ਕਿ ਸਾਡੇ ਪੰਜਾਬੀ ਬਾਹਰ ਚਲੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਤੇ ਕੁਝ ਹੋਰ ਭਾਸ਼ਾਈ ਲੋਕ ਆ ਗਏ ਹਨ। ਥਾਂ ਜੋ ਪੂਰੀ ਕਰਨੀ ਹੋਈ ਆਖਿਰ। ਧਰਤੀ ’ਤੇ ਵਾਯੂਮੰਡਲ ਹੈ, ਖਲਾਅ ਥੋੜ੍ਹੀ ਹੈ? ਇੱਕ ਜਗ੍ਹਾ ਨੂੰ ਖਾਲੀ ਹੋਣ ’ਤੇ ਪੂਰਾ ਕਰਨ ਲਈ ਦੂਜੀ ਥਾਂ ਤੋਂ ਜੇ ਲੋਕ ਆ ਸਕਦੇ ਹਨ ਤਾਂ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਵੀ ਆ ਹੀ ਜਾਂਦੇ ਹਨ। ਪਰ ਜੇ ਅਸੀਂ ਬਾਹਰ ਵੱਲ ਨੂੰ ਜਾਵਾਂਗੇ ਹੀ ਨਹੀਂ ਤਾਂ ਦੂਜੇ ਸਾਡੀ ਥਾਂ ਮਲੱਣ ਲਈ ਕਿਵੇਂ ਆਉਣਗੇ? ਜਾਂ ਇੰਞ ਕਹਿ ਲਵੋ ਜੇ ਅਸੀਂ ਆਪਣੀ ਬੋਲੀ ਨੂੰ ਭੁੱਲਾਂਗੇ ਹੀ ਨਹੀਂ ਤਾਂ ਦੂਜੀਆਂ ਬੋਲੀਆਂ ਦੇ ਸ਼ਬਦ ਸਾਡੀ ਜ਼ੁਬਾਨ ’ਚ ਕਿਸ ਤਰ੍ਹਾਂ ਘੁਸਪੈਠ ਕਰਨਗੇ। ਸਾਡੀ ਕੋਸ਼ਿਸ਼ ਦੂਜੀਆਂ ਭਾਸਾਵਾਂ ਨੂੰ ਸਿੱਖਣ ਦੀ ਹੋਈ ਹੋਈ ਹੈ। ਕੋਈ ਮਾੜੀ ਗੱਲ ਨਹੀਂ। ਕੋਈ ਨਵੀਂ ਬੋਲੀ ਸਿੱਖਣਾ ਬਿਲਕੁਲ ਵੀ ਮਾੜਾ ਨਹੀਂ ਹੈ ਪਰ ਜੇ ਇਹ ਸਿਖਲਾਈ ਆਪਣੀ ਮਾਂ-ਬੋਲੀ ਦੀ ਕੀਮਤ ਤੇ ਹੋਵੇ ਤਾਂ ਇਸ ਤੋਂ ਮਾੜੀ ਗੱਲ ਵੀ ਕੋਈ ਨਹੀਂ । ਅਸੀਂ ਦੂਜੀਆਂ ਭਾਸ਼ਾਵਾਂ ਸਿੱਖ ਤਾਂ ਰਹੇ ਹਾਂ ਪਰ ਆਪਣੀ ਮਾਂ-ਬੋਲੀ ਦੀ ਸ਼ਬਦਾਵਲੀ ਸਾਡੇ ਤੋਂ ਵਿਸਰ ਰਹੀ ਹੈ। ਇਹੀ ਵਿਸਰੇ ਹੋਏ ਸ਼ਬਦ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਸਾਡੀ ਬੋਲੀ ’ਚ ਰਲਗੱਡ ਕਰ ਰਹੇ ਹਨ। ਇਸਲਈ ਆਓ ਆਪਣੀ ਮਾਂ-ਬੋਲੀ ਨੂੰ ਬਣਦਾ ਮਾਨ-ਸਨਮਾਨ ਅਤੇ ਸਤਿਕਾਰ ਦਈਏ ਅਤੇ ਇੱਕੋ ਹੱਥ ’ਚ ਤਿੰਨ-ਤਿੰਨ ਵੱਡੇ ਵੱਡੇ ਹਦਵਾਣੇ ਫੜ੍ਹਨ ਦੀ ਕੋਸ਼ਿਸ਼ ਨਾ ਕਰੀਏ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000