21 September 2024

ਅੰਤਰਰਾਸ਼ਟਰ ਮਾਤ ਭਾਸ਼ਾ ਦਿਵਸ ਵਿਚਾਰ ਗੋਸ਼ਟੀ ਯੂ. ਕੇ. ੨੦੨੨ ਦੀਆਂ ਯਾਦਾਂ—ਕੰਵਰ ਬਰਾੜ

ਅੰਤਰਰਾਸ਼ਟਰ ਮਾਤ ਭਾਸ਼ਾ ਦਿਵਸ ਵਿਚਾਰ ਗੋਸ਼ਟੀ ਯੂ. ਕੇ. ੨੦੨੨ ਦੀਆਂ ਯਾਦਾਂ

– ਕੰਵਰ ਬਰਾੜ-

ਅੱਜ ਪੰਜਾਬੀ ਦੁਨੀਆ ਦੇ ਜਿਸ ਵੀ ਖੂੰਜੇ ਵਿਚ ਵਸਦੇ ਹੋਣ, ਹਮੇਸ਼ਾ ਆਪਣੀ ਭਾਸ਼ਾ ਤੇ ਗੁਰਬਾਣੀ ਦੇ ਪ੍ਰਸਾਰ ਤੇ ਵਿਕਾਸ ਲਈ ਬਹੁਤ ਯਤਨਸ਼ੀਲ ਰਹਿੰਦੇ ਹਨ। ਇਸੇ ਲੜੀ ਅਧੀਨ ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਨੇ 12 ਅਤੇ 13 ਮਾਰਚ 2022 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਦੋ ਦਿਨ ਚੱਲੀ ਸਫਲ ਅੰਤਰਰਾਸ਼ਟਰ ਮਾਤ ਭਾਸ਼ਾ ਦਿਵਸ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ। ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਇਥੇ ਵਸਦੇ ਪੰਜਾਬੀਆਂ ਦੀ ਇੱਕ ਪ੍ਰਮੁੱਖ ਸੰਸਥਾ ਹੈ ਜੋ 1980 ਦੇ ਦਹਾਕੇ ਤੋਂ ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਤੇ ਗੁਰਬਾਣੀ ਦੇ ਵਿਕਾਸ ਲਈ ਸਰਗਰਮ ਹੈ। ਇਸ ਪੰਜਾਬੀ ਸੰਬੰਧੀ ਗੋਸ਼ਟੀ ਦੇ ਸਫ਼ਲ ਆਯੋਜਨ ਵਿਚ ਬਰਤਾਨੀਆ ਵਿੱਚ ਹਮੇਸ਼ਾ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਤੱਤਪਰ ਰਹਿਣ ਵਾਲੇ ਡਾ ਬਲਦੇਵ ਕੰਦੋਲਾ ਅਤੇ ਸ਼ਿੰਦਰਪਾਲ ਮਾਹਲ ਜੀ ਦਾ ਉੱਘਾ ਯੋਗਦਾਨ ਰਿਹਾ।

ਗੋਸ਼ਟੀ ਦੀ ਸ਼ੁਰੂਆਤ ਸਿੱਖ ਐਜੂਕੇਸ਼ਨ ਕੌਂਸਲ ਦੇ ਡਾ. ਪਰਗਟ ਸਿੰਘ ਜੀ ਨੇ ਸਭ ਦਾ ਜੀ ਆਇਆ ਨੂੰ ਕਰਕੇ ਤੇ ਗੋਸ਼ਟੀ ਦੀ ਰੂਪ-ਰੇਖਾ ਉਲੀਕਦਿਆਂ ਕੀਤੀ।

ਸਾਊਥਾਲ ਵਿੱਚ ਵੀਡੀਓ ਰਾਹੀਂ ਅਤੇ ਵਿਅਕਤੀਗਤ ਰੂਪ ਵਿੱਚ ਹੋਈ ਇਸ ਕਾਨਫਰੰਸ ਵਿੱਚ ਪੰਜਾਬੀ ਭਾਸ਼ਾ ਸਬੰਧੀ ਮੁੱਦਿਆਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ ਚਰਚਾ ਕਰਨ ਲਈ ਬਰਤਾਨੀਆਂ ਅਤੇ ਪੰਜਾਬ ਦੇ ਵੱਖ-ਵੱਖ ਪੰਜਾਬੀ ਵਿਦਵਾਨਾਂ ਤੇ ਖੋਜਕਾਰਾਂ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਸਭ ਵਿਦਵਾਨਾਂ ਦੇ ਵਿਚਾਰ ਸੁਣਨ, ਸਮਝਣ ਤੇ ਵਿਚਾਰਨ ਵਾਲੇ ਸਨ।

ਅਕਾਲ ਯੂਨੀਵਰਸਿਟੀ ਤੋਂ ਡਾ: ਜਸਵਿੰਦਰ ਕੌਰ ਨੇ ਪੰਜਾਬੀ ਕੋਸ਼ ‘ਤੇ ਹੁਣ ਤੱਕ ਕੀਤੇ ਗਏ ਕੰਮਾਂ ਨੂੰ ਆਪਣੇ ਖੋਜ-ਅਧਾਰਿਤ ਪਰਚੇ ਰਾਹੀਂ ਅਗਲੇ ਪੜਾਅ ਦੀਆਂ ਸੰਭਾਵਨਾਵਾਂ ਅਤੇ ਇਸ ਨੂੰ ਗੁਰਬਾਣੀ ਕੋਸ਼ ਨਾਲ ਜੋੜਨ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਪੰਜਾਬੀ ਕੋਸ਼ ਦੇ ਵਿਧੀਗਤ ਵਿਕਾਸ ਦਾ ਪਹਿਲਾ ਪੜਾਅ ਹੁਣ ਪੂਰਾ ਹੋ ਗਿਆ ਹੈ ਅਤੇ ਹੁਣ ਸਾਨੂੰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਵਰਤੀਆਂ ਜਾਂਦੀਆਂ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਪੰਜਾਬੀ ਤੇ ਗੁਰਬਾਣੀ ਕੋਸ਼ ਦੇ ਵਾਧੇ ਵਾਲੇ ਵਿਕਾਸ ਦੇ ਰਾਹ ‘ਤੇ ਚੱਲਣਾ ਚਾਹੀਦਾ ਹੈ।

ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਾਜਵਿੰਦਰ ਸਿੰਘ ਜੋ ਪੰਜਾਬੀ ਪੀਡੀਆ ਪ੍ਰੋਜੈਕਟ ਦੇ ਵੀ ਸੰਚਾਲਕ ਹਨ, ਉਹਨਾਂ ਪੰਜਾਬੀ ਵਿਚ ਤਕਨੀਕੀ ਤੇ ਵਿਗਿਆਨਿਕ ਸ਼ਬਦਾਵਲੀ ਦੇ ਵਿਕਾਸ ਲਈ ਸਲੱਗ ਕੋਸ਼ ਦੇ ਨਿਰਮਾਣ ਲਈ ਖੋਜਵਿਧੀ ਤੇ ਪਹੁੰਚ ਸਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕੇ ਇਸ ਕੰਮ ਲਈ ਹੁਨਰ ਨੇ ਤਕਨੀਕ ਦਾ ਸੁਮੇਲ ਕਰਕੇ ਇਕ ਟੀਮ ਤਿਆਰ ਕੀਤੀ ਜਾਵੇਗੀ ਤਾਂ ਜੋ ਅਜਿਹਾ ਮੁਸ਼ਕਿਲ ਕੰਮ ਨੇਪਰੇ ਚਾੜਿਆ ਜਾ ਸਕੇ।

ਬਰਤਾਨੀਆ ਤੋਂ ਪੰਜਾਬੀ ਭਾਸ਼ਾ ਦੇ ਚਿੰਤਕ ਡਾ. ਬਲਦੇਵ ਸਿੰਘ ਕੰਦੋਲਾ ਨੇ ਪੰਜਾਬੀ ਭਾਸ਼ਾ ਵਿਚ ਵਿਗਿਆਨਿਕ ਅਤੇ ਤਕਨੀਕੀ ਸਾਹਿਤ ਰਚਣ ਦੀਆਂ ਸਮੱਸਿਆਵਾਂ, ਚਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਵਿਸਤਾਰ ਸਹਿਤ ਸਮਝਾਇਆ ਕੇ ਕਿਵੇਂ ਪੰਜਾਬੀ ਵਿੱਚ ਨਵੇ ਸ਼ਬਦ ਤੇ ਸੰਕਲਪ ਘੜ੍ਹਨ ਦਾ ਕੰਮ ਵਿਧੀਵਤ ਢੰਗ ਹੋਣਾ ਚਾਹੀਦਾ ਹੈ ਕਿਓਂਕਿ ਵਿਗਿਆਨਿਕ ਸ਼ਬਦ ਦਾ ਇਕੋ ਮਤਲਬ ਹੋ ਸਕਦਾ। ਪੰਜਾਬੀ ਦੇ ਸਮਾਸ ਸ਼ਬਦ ਜਿਵੇਂ ਪ੍ਰਤਿਅਕਸ਼ ਵਰਗੇ ਸ਼ਬਦ ਜੋ ਪੰਜਾਬੀ ਵਿਚ ਪਹਿਲਾਂ ਤੋਂ ਹੀ ਮੌਜੂਦ ਹਨ ਨੂੰ ਵਰਤ ਕੇ ਵਿਗਿਆਨਿਕ ਸੰਕਲਪਾਂ ਨੂੰ ਸਿਰਜਣਾ ਪੈਣਾ ਹੈ। ਉਹਨਾਂ ਇਹ ਵੀ ਸਮਝਾਇਆ ਕੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਂ ਦੀ ਵੱਡਮੁਲੀ ਖਾਣ ਪਈ ਹੈ ਜੋ ਤਕਨੀਕੀ ਸਾਹਿਤ ਦੀ ਰਚਨਾ ਲਈ ਵਧੀਆ ਆਧਾਰ ਹੈ। ਉਹਨਾਂ ਇਹ ਵੀ ਸਿਫਾਰਸ਼ ਕੀਤੀ ਕੇ ਕਿਉਂ ਨਾ ਪੰਜਾਬੀ ਅਤੇ ਗੁਰ ਨਾਨਕ ਦੇਵ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਨੂੰ ਅਜਿਹੇ ਕੰਮ ਲਈ ਨਾਮਜਦ ਕੀਤਾ ਜਾਵੇ ਅਤੇ ਉੱਚ ਦਰਜੇ ਦਾ ਵਿਗਿਆਨਿਕ ਸਾਹਿਤ ਦਾ ਤਰਜਮਾ ਕਰਕੇ ਸਿੱਖਿਆ ਸੰਸਥਾਵਾਂ ਵਿਚ ਉਪਲੱਭਧ ਕਰਵਾਇਆ ਜਾਵੇ।

ਪੱਤਰਕਾਰੀ ਦੇ ਚਿੰਤਕ ਅਵਤਾਰ ਸਿੰਘ ਜੀ ਨੇ ਪੰਜਾਬੀ ਪੱਤਰਕਾਰੀ ਸ਼ਬਦਾਂ ਦੀ ਕਾਂਗਿਆਰੀ ਅਤੇ ਸਵੈਚੇਤਨਾ ਦੀ ਘਾਟ ਦੇ ਮੁੱਦੇ ਉੱਪਰ ਬਹੁਤ ਹੀ ਸਰਲ ਸ਼ਬਦਾਂ ਵਿੱਚ ਵੱਡੇ ਵਿਚਾਰ ਪੇਸ਼ ਕੀਤੇ। ਉਹਨਾਂ ਸਮਝਾਇਆ ਕੇ ਪੰਜਾਬ ਦੇ ਹਲ ਤੇ ਪੰਜਾਲ਼ੀ ਤੋਂ ਰੀਪਰਾਂ ਤਕ ਦੇ ਸਫ਼ਰ ਵਿਚ ਸਾਡੀ ਪੰਜਾਬੀ ਭਾਸ਼ਾ ਦਾ ਕੁਝ ਹੱਦ ਤਕ ਬਦਲਣਾ ਸੰਭਾਵਿਕ ਹੈ ਪਰ ਅਸੀਂ ਅੱਜ ਪੰਜਾਬੀ ਪੱਤਰਕਾਰੀ ਵਿਚ ਆਮ ਹੀ ਹਿੰਦੀ ਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਦੇਖ ਸਕਦੇ ਹਾਂ, ਜਿਵੇਂ ਔਰਤ ਦੀ ਥਾਂ ਤੇ ਮਹਿਲਾ ਅਤੇ ਔਖਾ ਦੀ ਥਾਂ ਤੇ ਕਠਿਨ ਆਦਿ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ, ਇਹਨਾਂ ਪੰਜਾਬੀ ਸ਼ਬਦਾਂ ਦੀ ਵਰਤੋਂ ਅਖਬਾਰਾਂ ਵਿੱਚ ਨਾ ਹੋਣ ਨਾਲ ਭਾਸ਼ਾ ਵਿੱਚ ਬੇਲੋੜਾ ਵਿਗਾੜ ਪੈ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕੇ ਪੰਜਾਬੀ ਪਾਠਕਾਂ ਨੂੰ ਇਸ ਸੰਬੰਧੀ ਸੁਚੇਤ ਹੋਣਾ ਪਵੇਗਾ ਤੇ ਸੰਬੰਧਿਤ ਸੰਸਥਾਵਾਂ ਕੋਲ ਸਵਾਲ ਉਠਾਉਣੇ ਪੈਣਗੇ।

ਡਾ. ਹਰਦੇਵ ਸਿੰਘ ਨੇ ਪੰਜਾਬੀ ਦਰਸ਼ਨ ਅਧਿਐਨ ਉਪਰ ਅਧਾਰਿਤ ਬਹੁਤ ਹੀ ਸੂਝ ਭਰਪੂਰ ਪਰਚਾ ਪੜ੍ਹਿਆ। ਉਹਨਾਂ ਨੇ ਪੰਜਾਬੀ ਸ਼ਬਦਾਂ ਤੇ ਵਾਕਾਂ ਨੂੰ ਪ੍ਰਭਾਸ਼ਿਤ ਕਰਨ ਦੀ ਮਹੱਤਤਾ ਬਾਰੇ ਸਮਝਾਇਆ ਤਾਂ ਜੋ ਕਿਸੇ ਵੀ ਸੰਕਲਪ ਜਾਂ ਘਟਨਾ ਦੇ ਪਿੱਛੇ ਦੀ ਕਹਾਣੀ ਨੂੰ ਜਾਣਿਆ ਜਾ ਸਕੇ। ਉਹਨਾਂ ਪੱਛਮੀ, ਪੂਰਬੀ ਤੇ ਗੁਰਮਤਿ ਦਰਸ਼ਨ ਤੇ ਪੰਜਾਬੀ ਵਿੱਚ ਹੁਣ ਤੱਕ ਹੋ ਚੁਕੇ ਤੇ ਹੋ ਰਹੇ ਖੋਜ ਕਾਰਜਾਂ ਸੰਬੰਧੀ ਵੀ ਆਪਣਾ ਪੱਖ ਰੱਖਿਆ।

ਖੋਜਕਾਰ ਵਿਕਰਮਜੀਤ ਤਿਹਾੜਾ ਨੇ ਪੰਜਾਬੀ ਭਾਸ਼ਾ ਦੀ ਮਾਤ ਭਾਸ਼ਾ ਵਜੋਂ ਸਿਖਲਾਈ ਦੀਆਂ ਸੰਭਾਵਨਾਵਾਂ ਤੇ ਵਿਧੀਆਂ ਉਪਰ ਗੱਲਬਾਤ ਕੀਤੀ। ਉਹਨਾਂ ਮਾਤ ਭਾਸ਼ਾ ਸਿਖਾਉਣ ਵਿਚ ਘਰ ਦੇ ਮਾਹੌਲ ਅਤੇ ਕਾਇਦੇ ਦੇ ਰੋਲ ਬਾਰੇ ਵਿਸਥਾਰ ਸਹਿਤ ਵਿਚਾਰ ਪੇਸ਼ ਕੀਤੇ। ਓਹਨਾ ਇਕ ਹੋਰ ਨੁਕਤਾ ਪੇਸ਼ ਕੀਤਾ ਕੇ ਪੰਜਾਬੀ ਸੂਚਨਾ ਕੇਂਦਰ ਸਥਾਪਤ ਕੀਤਾ ਜਾਵੇ ਤਾਂ ਜੋ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਤੇ ਖੋਜਕਾਰਾਂ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਹਰ ਤਰਾਂ ਦੀ ਜਾਣਕਾਰੀ ਇਕ ਥਾਂ ਉੱਪਰ ਮਿਲ ਜਾਵੇ। ਉਹਨਾਂ ਮੁਤਾਬਕ ਲਿਪੀ ਬਾਰੇ ਸਥਾਈ ਤੇ ਟਿਕਾਊ ਕੰਮ ਕਰਕੇ ਜੇਬੀ ਕੋਸ਼ ਵਰਗੀਆਂ ਸਮਗਰੀਆਂ ਪੈਦਾ ਕਰਨ ਦੀ ਲੋੜ ਹੈ।

ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਸੰਬੰਧੀ ਕਿ ਪ੍ਰੋਜੈਕਟ ਕਰ ਚੁਕੇ ਡਾ ਲਖਵੀਰ ਸਿੰਘ ਤੇ ਡਾ ਚਰਨਜੀਵ ਸਿੰਘ ਨੇ ਪੰਜਾਬੀ ਭਾਸ਼ਾ ਦੀ ਸਿਖਲਾਈ ਵਿਚ ਸੰਚਾਰ ਤਕਨਾਲੋਜੀ ਦੀਆਂ ਸੰਭਾਵਨਾਵਾਂ ਸੰਬੰਧੀ ਬਹੁਤ ਰੌਚਿਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਪੰਜਾਬੀ ਯੂਨੀਵਰਸਿਟੀ ਵਲੋਂ ਇਸ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਸਮਝਾਇਆ ਤੇ ਨਾਲ ਹੀ ਭਾਸ਼ਾ ਦੇ ਤਕਨੀਕੀ ਵਿਕਾਸ ਤੇ ਪੰਜਾਬੀ ਦੀ ਪੜ੍ਹਾਈ ਨੂੰ ਇੰਟਰਨੇਟ ਤੇ ਉਪਲੱਭਧ ਕਰਵਾਉਣ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ। ਪੰਜਾਬੀ ਸਿੱਖਿਆ ਦਾ ਸੰਚਾਰ ਮਾਧਿਅਮਾਂ ਤੇ ਉਪਲੱਭਦ ਹੋਣਾ ਪੰਜਾਬੀ ਭਾਸ਼ਾ ਨੂੰ ਸਮੇ ਦੇ ਹਾਣ ਦੀ ਬਣਾਉਣ ਲਈ ਅਤਿ ਜਰੂਰੀ ਹੈ। ਕਰੋਨਾ ਕਾਲ ਵਿੱਚੋਂ ਲੰਘਦਿਆਂ ਸਕੂਲਾਂ ਕਾਲਜਾਂ ਦੇ ਆਨਲਾਈਨ ਹੋਣ ਬਾਅਦ ਇਹ ਵਿਸ਼ਾ ਹੋਰ ਵੀ ਧਿਆਨ ਮੰਗਦਾ।

ਪਹਿਲੇ ਦਿਨ ਦੇ ਅਖੀਰ ਵਿਚ ਡਾ. ਜਤਿੰਦਰ ਪਾਲ ਜੀ ਨੇ ਗੁਰਮੁਖੀ ਛਾਪੇਖਾਨੇ ਦੇ ਇਤਿਹਾਸ ਉਪਰ ਝਾਤ ਪਵਾ ਕੇ ਵੱਖੋ ਵੱਖਰੀਆਂ ਸ਼ਖਸ਼ੀਅਤਾਂ ਦੀ ਭੂਮਿਕਾ ਦਾ ਵੀ ਵਿਸਥਾਰ ਸਹਿਤ ਜਿਕਰ ਕੀਤਾ।

ਦੂਜੇ ਦਿਨ ਪੜ੍ਹੇ ਗਏ ਪਰਚਿਆਂ ਨੇ ਇਹ ਗਵਾਹੀ ਭਰੀ ਕੇ ਪੰਜਾਬੀ ਅਤੇ ਗੁਰਬਾਣੀ ਅਧਿਐਨ ਨੂੰ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ।

ਗੋਸ਼ਟੀ ਦੇ ਦੂਜੇ ਦਿਨ ਦੀ ਸ਼ੁਰੂਆਤ ਡਾ. ਜਸਵੀਰ ਸਿੰਘ ਦੇ ਪੰਜਾਬੀ ਵਿਚ ਰਾਜ ਦਾ ਪ੍ਰਣਾਲੀਬੱਧ ਅਧਿਐਨ ਵਿਸ਼ੇ ਉਪਰ ਪਰਚੇ ਨਾਲ ਹੋਈ। ਜਿਸ ਵਿਚ ਉਹਨਾਂ ਰਾਜ, ਭਾਸ਼ਾ ਅਤੇ ਕੌਮ ਦੇ ਅੰਤਰ ਸੰਬੰਧਾਂ ਅਤੇ ਇਸ ਸਭ ਦਾ ਪ੍ਰਭੂਸਥਾਤਮਿਕ ਖੇਤਰੀ ਰਾਜ ਨਾਲ ਸੰਬੰਧ ਉਪਰ ਖੋਜ ਅਧਾਰਿਤ ਗੱਲਬਾਤ ਕੀਤੀ। ਉਹਨਾਂ ਉਭਾਰਿਆ ਕੇ ਪੰਜਾਬ ਤੇ ਪੰਜਾਬੀ ਨਾਲ ਜੁੜੀਆਂ ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੀਆਂ ਲਹਿਰਾਂ ਦੀ ਅਗਵਾਈ ਕਰਨ ਵਾਲੀ ਸਿਆਸੀ ਜਮਾਤ ਵਿਚ ਸ਼ਾਇਦ ਇਹਨਾਂ ਪੱਛਮੀ ਰਾਜਨੀਤਿਕ ਸੰਕਲਪਾਂ ਦੀ ਬਹੁਤੀ ਸਮਝ ਨਹੀਂ ਸੀ ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬੀ ਅੱਜ ਪ੍ਰਮਾਣਿਕ ਰਾਜਸੀ ਭਾਸ਼ਾ ਹੋਣ ਦੇ ਬਾਵਜੂਦ ਵੀ ਸੂਬੇ ਵਿਚ ਪੂਰਨ ਤੌਰ ਤੇ ਪੜ੍ਹਾਈ ਲਿਖਾਈ ਨਹੀਂ ਜਾਂਦੀ।

ਖੋਜਕਾਰ ਜਸਵਿੰਦਰ ਸਿੰਘ ਨੇ ਵਿਸ਼ਵ ਧਰਮਾਂ ਦੇ ਅਧਿਐਨ ਬਾਰੇ ਪੰਜਾਬੀ ਕਾਰਜਾਂ ਦਾ ਸਰਵੇਖਣ ਕਰਦਾ ਆਪਣਾ ਪਰਚਾ ਸਰੋਤਿਆਂ ਨਾਲ ਸਾਂਝਾ ਕੀਤਾ। ਓਹਨਾ ਤੀਹ ਕਿਤਾਬਾਂ ਤੇ ਪੱਤਰਕਾਵਾਂ ਦਾ ਵੇਰਵਾ ਦਿੰਦੇ ਹੋਏ ਆਪਣੀ ਗੱਲ ਗਿਆਨੀ ਰਤਨ ਸਿੰਘ, ਗੁਰਬਚਨ ਸਿੰਘ ਤਾਲਿਬ ਤੇ ਡਾ. ਭਗਤ ਸਿੰਘ ਵਰਗੇ ਵਿਦਵਾਨਾਂ ਦੇ ਕੰਮ ਤੋਂ ਸ਼ੁਰੂ ਕਰ ਪੰਜਾਬੀ ਯੂਨੀਵਰਸਿਟੀ ਵਲੋਂ ਪਿਛਲੇ ਚੌਂਹ ਸਾਲਾਂ ਵਿਚ ਧਰਮ ਅਧਿਐਨ ਦੇ ਸਿਰਲੇਖ ਅਧੀਨ ਛਾਪੀਆਂ ਚਾਰ ਕਿਤਾਬਾਂ ਤੇ ਆ ਨਿਬੇੜੀ।

ਪੰਜਾਬੀ ਯੂਨੀਵਰਸਿਟੀ ਤੋਂ ਹੀ ਜਸਵੀਰ ਕੌਰ ਨੇ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ ਪੰਜਾਬੀ ਭਾਸ਼ਾ ਵਿਚ ਯੋਗਦਾਨ ਨੂੰ ਤਿੰਨ ਭਾਗਾਂ – ਸਾਹਿਤ, ਪੱਤਰਕਾਰੀ ਅਤੇ ਚਮਤਕਾਰੀ ਸਾਹਿਤ ਵਿੱਚ ਵੰਡ ਕੇ ਵਿਸਥਾਰ ਰਾਹੀਂ ਪ੍ਰਾਪਤੀਆਂ ਨੂੰ ਦਰਸਾਇਆ। ਭਾਈ ਸਾਹਿਬ ਵਲੋਂ ਬ੍ਰਿਜ, ਫਾਰਸੀ ਅਤੇ ਅੰਗਰੇਜ਼ੀ ਨੂੰ ਠੁਕਰਾ ਕੇ ਪੰਜਾਬੀ ਭਾਸ਼ਾ ਵਿਚ ਲਿਖਣ ਬਾਰੇ ਉਹਨਾਂ ਕਿਹਾ ਕੇ ਅੱਜ ਦੇ ਨੌਜਵਾਨਾਂ ਨੂੰ ਇਸ ਤੋਂ ਸਿੱਖਿਆ ਲੈਣ ਦੀ ਲੋੜ ਹੈ, ਪੰਜਾਬ ਤੋਂ ਪਰਵਾਸ ਕਰ ਦੂਸਰੇ ਦੇਸ਼ਾਂ ਵਿਚ ਜਾ ਵਸਣ ਵਾਲੇ ਪੰਜਾਬੀਆਂ ਨੂੰ ਓਥੋਂ ਦੀਆਂ ਭਾਸ਼ਾਵਾਂ ਵਿਚੋਂ ਚੰਗੀਆਂ ਕਿਤਾਬਾਂ ਦਾ ਪੰਜਾਬੀ ਵਿਚ ਤਰਜਮਾ ਕਰਨਾ ਚਾਹੀਦਾ ਹੈ।

ਖੋਜਕਾਰ ਮਨਿੰਦਰ ਕੌਰ ਨੇ ਗੁਰਬਾਣੀ ਲਿਖਣ ਦੇ ਨਾਲ ਹੀ ਸ਼ੁਰੂ ਹੋਏ ਗੁਰਬਾਣੀ ਅਧਿਐਨ ਉਪਰ ਝਾਤ ਪੁਵਾਈ। ਸਮੇ ਪੱਖੋਂ ਗੁਰਬਾਣੀ ਅਧਿਐਨ 5 ਤੋਂ 6 ਸਦੀਆਂ ਪਿੱਛੇ ਤਕ ਫੈਲਿਆ ਹੋਇਆ ਹੈ ਅਤੇ ਭੂਗੋਲਕ ਪੱਖੋਂ ਪਿਛਲੇ ਡੇਢ ਕੁ ਸਾਲ ਤੋਂ ਡੇਰਿਆਂ, ਗੁਰੂਦੁਆਰਿਆਂ ਤੇ ਸਕੂਲਾਂ ਤੋਂ ਹੁੰਦਾ ਹੋਇਆ ਦੁਨੀਆ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿਚ ਪ੍ਰਵੇਸ਼ ਕਰ ਗਿਆ ਹੈ।

ਕੁਲਵਿੰਦਰ ਸਿੰਘ ਨੇ ਗੁਰਬਾਣੀ ਅੰਕ ਸ਼ਾਸ਼ਤਰ ਉਪਰ ਖੋਜ ਅਧਾਰਿਤ ਪਰਚਾ ਪੜ੍ਹਦਿਆਂ ਵੱਖੋ ਵੱਖ ਗੁਰਬਾਣੀ ਕੋਸ਼ਾਂ ਦਾ ਵੇਰਵਾ ਸਾਂਝਾ ਕੀਤਾ। ਇਹ ਪਰਚਾ ਸਾਬਿਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਅੰਕਾਂ ਦਾ ਪ੍ਰਯੋਗ ਵਿਧੀਵਤ ਤੇ ਸੰਕੇਤਕ ਰੂਪ ਵਿਚ ਹੋਇਆ ਜੋ ਅਗੇ ਹੋਰ ਵਿਚਾਰ ਚਰਚਾ ਤੇ ਖੋਜ ਦਾ ਵਿਸ਼ਾ ਹੈ।

ਆਖਰੀ ਪਰਚਾ ਅਕਵਿੰਦਰ ਕੌਰ ਨੇ ਗੁਰੁਬਿਲਾਸ ਸਾਹਿਤ ਬਾਰੇ ਪੰਜਾਬੀ ਵਿਚ ਹੋਏ ਕਾਰਜਾਂ ਸੰਬੰਧੀ ਪੜ੍ਹਿਆ। ਓਹਨਾ ਵੱਖੋ ਵੱਖ ਗ੍ਰੰਥਾਂ ਦਾ ਹਵਾਲਾ ਦੇ ਕੇ ਇਕੱਲੇ ਇਕੱਲੇ ਅਧਿਆਇ ਦਾ ਵਰਨਣ ਕੀਤਾ।

ਗੋਸ਼ਟੀ ਵਿਚ ਭਾਗ ਲੈਣ ਵਾਲੇ ਸਾਰੇ ਵਿਦਵਾਨਾਂ ਨੇ ਬੜੀ ਮੇਹਨਤ ਨਾਲ ਪਰਚੇ ਤਿਆਰ ਕੀਤੇ ਤੇ ਪੜ੍ਹੇ ਜਿਸ ਲਈ ਉਹ ਸਾਰੇ ਵਧਾਈ ਤੇ ਸ਼ਾਬਾਸ਼ ਦੇ ਹੱਕਦਾਰ ਹਨ।

ਸੁਖਦੇਵ ਸਿੰਘ ਔਜਲਾ ਅਤੇ ਡਾ. ਪਰਗਟ ਸਿੰਘ ਜੀ ਨੇ ਗੋਸ਼ਟੀ ਵਿਚ ਭਾਗ ਲੈਣ ਵਾਲੇ ਸਾਰੇ ਵਿਦਵਾਨਾਂ, ਪ੍ਰਬੰਧਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਅੰਤਰਰਾਸ਼ਟਰ ਮਾਤ ਭਾਸ਼ਾ ਦਿਵਸ ਵਿਚਾਰ ਗੋਸ਼ਟੀ ਨੂੰ ਸਿਖਰ ਤੇ ਪਹੁੰਚਾਇਆ ਤੇ ਅੱਗੋਂ ਤੋਂ ਵੀ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣ ਦੀ ਹਾਮੀ ਭਰੀ।

– ਕੰਵਰ ਬਰਾੜ

ਨੋਟ : ਇਸ ਗੋਸ਼ਟੀ ਦਾ ਸਾਰੰਸ਼ ਹੇਠਲੀਆਂ ਵੀਡੀਓ ਰਾਹੀਂ ਵੀ ਦੇਖਿਆ ਜਾ ਸਕਦਾ ਹੈ।

ਪਹਿਲੇ ਦਿਨ ਦਾ ਸਾਰੰਸ਼

ਦੂਜੇ ਦਿਨ ਦਾ ਸਾਰੰਸ਼

(ਪਹਿਲੀ ਵਾਰ ਛਪਿਆ 19.03.2022)
***
692

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →