21 April 2024

ਸੋਹਣੀ ਨੂੰ ਲੱਭਾ ਮੈਂ ਸੋਹਣੀ ਲਕੀਰ ਕੇ – ਹਰਬੀਰ ਸਿੰਘ ਭੰਵਰ

ਸੋਹਣੀ ਨੂੰ ਲੱਭਾ ਮੈਂ ਸੋਹਣੀ ਲਕੀਰ ਕੇ

ਹਰਬੀਰ ਸਿੰਘ ਭੰਵਰ

ਸੋਹਣੀ, ਜਿਸਦਾ ਨਾਂਅ ਵੀ ਸੋਹਣੀ ਅਤੇ ਨਾਂਅ ਵਾਂਗ ਆਪ ਵੀ ਅੰਤਾਂ ਦੀ ਸੋਹਣੀ। ਸੋਹਣੀ, ਪੰਜ ਪਾਣੀਆਂ ਦੀ ਧੀ ਜੇ ਪਾਣੀ ਵਿਚ ਹੀ ਸਮਾ ਗਈ। ਸੋਹਣੀ, ਪਿਆਰ ਦੀ ਮੂਰਤ, ਇਸ਼ਕ ਦੀ ਸ਼ਾਨ, ਜੋ ਰੋਜ਼ ਰਾਤੀਂ ਘੜੇ ‘ਤੇ ਧੁਹ ਦਰਿਆ ਤੈਰ ਕੇ ਆਪਣੇ ਮਹਿਬੂਬ ਮਹੀਂਵਾਲ ਨੂੰ ਮਿਲਣ ਜਾਂਦੀ। ਸੋਹਣੀ, ਜਿਸਨੇ ਮਹੀਂਵਾਲ ਦੇ ਕੁਆਰੇ ਚਾਅ ਜਗਾਏ, ਜਿਸਨੇ ਉਸਦੇ ਦਿਲ ਦਾ ਰੁਗ ਭਰਿਆ, ਜਿਸਦਾ ਨਾਂ ਮਹੀਂਵਾਲ ਦਾ ਆਪਣਾ ਆਪਾ, ਉਸਦਾ ਆਪਣਾ ਹੀ ਇਕ ਹਿੱਸਾ ”ਇਕ ਜੋਤ ਦੋਇ ਮੂਰਤੀ” ਜਿਸ ਕਾਰਨ ਮਹੀਂਵਾਲ ਨੂੰ ਇਹ ਦੁਨੀਆ ਸੋਹਣੀ ਲੱਗੇ, ਪਿਆਰੀ ਲੱਗੇ, ਆਪਣੀ ਲੱਗੇ, ਜਿਸਨੂੰ ਪਾ ਕੇ ਉਹਦੀ ਹਰ ਹਸਰਤ ਮੁਕੀ, ਤੜਪਣ ਮੁਕੀ, ਭੱਟਕਣ ਮੁਕੀ।

ਸੋਹਣੀ ਪੰਜਾਬ ਦੀ ਪ੍ਰੀਤ ਕਹਾਣੀ, ਜੋ ਹਰ ਪੰਜਾਬੀ ਦੀ ਚਰਚਾ ਹੈ, ਜਿਸ ਨੇ ਕਵੀਆਂ ਨੂੰ ਟੁੰਬਿਆ, ਕਹਾਣੀਕਾਰਾਂ ਦੀ ਕਲਮ ਨੂੰ ਚੁੰਮਿਆ, ਜਿਸ ਦੇ ਪ੍ਰੀਤ ਗੀਤ ਪੰਜਾਬ ਦੇ ਲੋਕਾਂ ਨੇ ਗੁੰਦੇ ਅਤੇ ਹੇਕਾਂ ਲਾ ਲਾ ਗਾਏ। ਇਹ ਸੋਹਣੀ, ਸੌਬਾ ਸਿੰਘ ਜਿਹੇ ਇਕ ਲੋਕ ਕਲਾਕਾਰ ਨੂੰ ਟੁੰਬਣੋਂ ਕਿਵੇ ਰਹਿ ਸਕਦੀ ਸੀ, ਉਸਦੇ ਜਾਦੂਗਰ ਬੁਰਸ ਦੀ ਛੂਹ ਪ੍ਰਾਪਤ ਕੀਤੇ ਬਿਨਾਂ ਕਿਵੇਂ ਰਹਿ ਸਕਦੀ ਸੀ।

ਇਸ ਲੋਕ ਕਲਾਕਾਰ ਨੇ ਲੋਕ ਗੀਤਾਂ ਦੀ ਇਸ ਨਾਇਕਾ ਨੂੰ ਆਪਣੀ ਕੈਨਵਸ ‘ਤੇ ਉਤਾਰਿਆ-ਆਪਣੇ ਰੰਗਾਂ ਵਿਚ ਰੰਗਿਆ ਅਤੇ ਇਹ ਇਕ ਸ਼ਾਹਕਾਰ ਬਣ ਗਈ। ਜਿੰਨੀ ਸਾਧਨਾ, ਘਾਲਣਾ ਅਤੇ ਰੀਝਾਂ ਨਾਲ ਚਿੱਤਰਕਾਰ ਨੇ ਇਸਨੂੰ ਚਿਤਰਿਆ, ਉਤਨੇ ਹੀ ਚਾਵਾਂ ਨਾਲ ਲੋਕਾਂ ਨੇ, ਵਿਸ਼ੇਸ਼ ਕਰਕੇ, ਪੰਜਾਬੀਆਂ ਨੇ ਇਸ ਨੂੰ ਪਿਆਰਿਆ, ਸਤਿਕਾਰਿਆ। ਇਹ ਸ਼ਾਹਕਾਰ ਹਰ ਕਲਾ ਪ੍ਰੇਮੀ ਦੇ ਘਰ ਦਾ ਸ਼ਿੰਗਾਰ ਬਣ ਗਈ।

ਸੋਹਣੀ, ਜਿਸਨੂੰ ਸਮਰਕੰਦ ਦਾ ਸੁਦਾਗਰ ਸੁਬੇਗ ਵੇਖਦਾ ਹੀ ਰਹਿ ਗਿਆ ਅਤੇ ਉਸੇ ਜੋਗਾ ਹੀ ਰਹਿ ਗਿਆ ”ਸੁਦਾਗਰੀ” ਛੱਡ ”ਮਹੀਂਵਾਲ” ਬਣ ਗਿਆ, ਮਹੀਂਵਾਲ ਜੋ ਸੋਹਣੀ ਦੇ ਵਿਆਹ ਪਿਛੋਂ ਫਕੀਰ ਹੋ ਗਿਆ ਸੀ ਅਤੇ ਦਰਿਆ ਕਿਨਾਰੇ ਝੌਂਪੜੀ ਪਾ ਕੇ ਬਹਿ ਗਿਆ। ਰਾਤੀਂ ਦਰਿਆ ਤੈਰ ਸੋਹਣੀ ਦੇ ਦਰਸਨਾਂ ਨੂੰ ਆਉਂਦਾ ਅਤੇ ਇਕ ਰਾਤੀਂ ਜਿਸ ਦੀ ਇਕ ਲੱਤਾ ਚੋਂ ਮਾਸ ਦਾ ਇਕ ਬੁਰਕ ਕਿਸੇ ਮਗਰਮੱਛ ਨੇ ਭਰ ਲਿਆ ਸੀ, ਜਿਸ ਨੂੰ ਵੇਖ ਕੇ ਸੋਹਣੀ ਦਾ ਤ੍ਰਾਹ ਨਿਕਲ ਗਿਆ, ”ਅਜ ਪਿਛੋਂ ਮੈਂ ਤੈਨੂੰ ਮਿਲਣ ਆਵਾਂਗੀ।” ਫਿਰ ਸੋਹਣੀ ਹਰ ਰੋਜ਼ ਰਾਤੀਂ ਦਰਿਆ ਚੀਰ ਕੇ ਆਪਣੇ ਪ੍ਰੀਤਮ ਦੀਆਂ ਬਾਹਾਂ ਵਿਚ ਡਿਗਦੀ। ”ਇਸ਼ਕ ਮੁਸਕ” ਕਦੋਂ ਗੁੱਝਾ ਰਹਿੰਦਾ, ਇਹਦੀ ਖੁਸ਼ਬੂ ਛੁਪਾਇਆ ਨਹੀਂ ਛਪਦੀ। ਨਨਾਣ ਨੂੰ ਪਤਾ ਲੱਗਾ। ਪੱਕਾ ਘੜਾ ਚੁਕ ਕੇ ਕੱਚਾ ਰੱਖ ਦਿੱਤਾ। ਕਚੇ ਨੇ ਕੱਚ ਹੀ ਕਮਾਉਣਾ ਸੀ ਅਤੇ ਸ਼ੂਕਦੇ ਦਰਿਆ ਦੇ ਅੱਧ ਵਿਚਕਾਰ ਉਹ ਧੋਖਾ ਦੇ ਗਿਆ ‘ਸੋਹਣੀ ਲਹਿਰਾਂ’ ਵਿਚ ਗੁਆਚ ਗਈ। ਆਪਣੀ ਪ੍ਰਿਯਤਮਾ ਦੀ ਬਿਰਹਾ ਕੂਕ ਸੁਣ ਮਹੀਂਵਾਲ ਕੁਦਿਆ ਅਤੇ ਇਸ ਤੂਫਾਨ ਦੀਆਂ ਲਹਿਰਾਂ ਵਿਚ ਉਹ ਦੋਵੇਂ ‘ਇਕ ਜੋਤ ਦੇਇ ਮੂਰਤੀ’ ਬਣ ਸਮਾ ਗਏ।

ਸੋਹਣੀ ਮਹੀਂਵਾਲ ਦੇ ਅਮਰ ਸ਼ਾਹਕਾਰ ਨੂੰ ਬੜਾ ਹੀ ਸਲਾਹਿਆ ਗਿਆ ਹੈ ਬੜਾ ਹੀ ਨਿੰਦਿਆ ਗਿਆ ਹੈ। ਸਲਾਹਿਆ ਗਿਆ ਹੈ ਕਲਾ ਪ੍ਰੇਮੀਆਂ ਵਲੋਂ ਅਤੇ ਨਿੰਦਿਆ ਗਿਆ ਹੈ ਪੁਰਾਤਨ ਵਿਚਾਰਾਂ ਵਾਲੇ ਜਾਂ ਕਈ ਬਜ਼ੁਰਗਾਂ ਵਲੋਂ, ਜੋ ਇਸ਼ਕ ਪਿਆਰ ਮੁਹੱਬਤ ਨੂੰ ਪਾਪ ਸਮਝਦੇ ਹਨ ਅਤੇ ਆਸ਼ਕਾਂ ਮਾਸ਼ੂਕਾਂ ਦਾ ਨਾਂਅ ਲੈਣਾ ਵੀ ਪਸੰਦ ਨਹੀਂ ਕਰਦੇ। ਇਹ ਲੋਕ ਆਪਣੇ ਘਰ ਇਸ ਸ਼ਾਹਕਾਰ ਨੂੰ ਲਗਾਉਣਾ ਕਿਥੇ ਬਰਦਾਸ਼ਤ ਕਰ ਸਕਦੇ ਹਨ।

ਸੋਹਣੀ ਮਹੀਂਵਾਲ ਚਿੱਤਰ ਨੂੰ ਕਲਾ ਆਲੋਚਕਾਂ ਨੇ ਵੀ ਰਜ ਕੇ ਸਲਾਹਿਆ ਹੈ। ਕਈ ਆਲੋਚਕ ਇਸ ਚਿੱਤਰਕਾਰੀ ਨੂੰ ਸੋਭਾ ਸਿੰਘ ਦਾ “ਮਾਸਟਰ ਪੀਸ” ਸਮਝਦੇ ਹਨ। ਭਾਵੇਂ ਚਿੱਤਰਕਾਰ ਨੂੰ ਜਦੋਂ ਪੁਛਿਆ ਜਾਂਦਾ ਸੀ, ”ਤੁਹਾਡਾ ਸਭ ਤੋਂ ਵਧੀਆ ਚਿੱਤਰ ਕਿਹੜਾ ਹੈ?” ਇਹੋ ਜੁਆਬ ਮਿਲਦਾ ਸੀ, ”ਮਾਂ ਨੂੰ ਸਭ ਬੱਚੇ ਇਕੋ ਜਿਹੋ ਪਿਆਰੇ ਹੁੰਦੇ ਹਨ।” ਫਿਰ ਵੀ ਇਹ ਉਹ ਚਿੱਤਰ ਹੈ ਜਿਸ ਨੇ ਚਿੱਤਰਕਾਰ ਦਾ ਨਾਂ ਸਾਰੀ ਦੁਨੀਆ ਵਿਚ ਪ੍ਰਸਿੱਧ ਕਰ ਦਿੱਤਾ। ਕਲਾ ਆਲੋਚਕ ਮਰਹੂਮ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਲਿਖਦੇ ਹਨ, ”ਇਹ ਇਕ ਚਿੱਤਰ ਹੀ ਚਿੱਤਰਕਾਰ ਦੀ ਸਦੀਵੀਂ ਪ੍ਰਸਿੱਧੀ, ਨਿਪੁੰਨਤਾ ਅਤੇ ਮਾਨਤਾ ਲਈ ਕਾਫੀ ਹੈ।” ਚਿੱਤਰਕਾਰ ਦਾ ਇਕ ਹੋਰ ਸਮਕਾਲੀ ਪ੍ਰੋ. ਬੀ. ਸੀ. ਸਨਿਆਲ ਲਿਖਦਾ ਹੈ, ”ਖੂਬਸੂਰਤ ਸੋਹਣੀ ਦੇ ਸੁੰਦਰ ਸਰੀਰ ਨਾਲ ਭਿਜ ਕੇ ਚਿੰਬੜੇ ਹੋਏ ਕਪੜੇ ਇਕ ਸਿਨੇਮਾਨੁਮਾ ਹਾਲਤ ਪੈਦਾ ਕਰਦੇ ਹਨ।” ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਸਰਦਾਰ ਸੋਭਾ ਸਿੰਘ ਨੂੰ ‘ਸੋਹਣੀ ਦਾ ਚਿੱਤਰਕਾਰ’ ਹੀ ਕਹਿੰਦੇ ਸਨ।

ਸੋਹਣੀ ਮਹੀਂਵਾਲ ਦਾ ਮੂਲ ਚਿੱਤਰ ਜੰਮੂ-ਕਸ਼ਮੀਰ ਦੇ ਮਹਾਰਾਜਾ ਡਾ. ਕਰਨ ਸਿੰਘ ਨੇ ਖਰੀਦਿਆ ਸੀ। ਉਸਦੇ ਮਹਿਲਾਂ ਵਿਚ ਸ੍ਰੀਨਗਰ ਇਸ ਸ਼ਾਹਕਾਰ ਨੂੰ ਮਹਾਰਾਣੀ ਦੀ ਇਕ ਸਹੇਲੀ ਨੇ ਜਦੋਂ ਵੇਖਿਆ ਤਾਂ ਵੇਖਦੀ ਹੀ ਰਹਿ ਗਈ ਅਤੇ ਕਹਿਣ ਲੱਗੀ, ”ਇਸ ਚਿੱਤਰਕਾਰ ਨੂੰ ਹੁਣ ਆਪਣੇ ਬੁਰਸ ਤੋੜ ਦੇਣੇ ਚਾਹੀਦੇ ਹਨ। ਕਮਾਲ ਹੈ, ਬਹੁਤ ਕਮਾਲ, ਚਿੱਤਰਕਾਰ ਇਸਤੋਂ ਸੋਹਣੀ ਤਸਵੀਰ ਨਹੀਂ ਬਣਾ ਸਕੇਗਾ।”

ਵਾਰਿਸ ਸ਼ਾਹ ਦੀ ਹੀਰ ਵਾਂਗ, ਚਿੱਤਰਕਾਰ ਦਾ ਨਾਂਅ ਵੀ ਸੋਹਣੀ ਨਾਲ ਇਕਮਿਕ ਹੋ ਗਿਆ। ਕਲਾਕਾਰ ਦੇ ਇਕ ਮਿੱਤਰ ਸਵਰਗਵਾਸੀ ਡਾ. ਕਰਮ ਸਿੰਘ ਗਰੇਵਾਲ ਕਿਹਾ ਕਰਦੇ ਸਨ, ”ਕੌਣ ਕਹਿੰਦਾ ਹੈ, ਸੋਹਣੀ ਮਹੀਂਵਾਲ ਦੀ ਹੈ, ਸੋਹਣੀ ਤਾਂ ਮੇਰੇ ਯਾਰ ਦੀ ਹੈ।”

ਕਲਾਕਾਰ ਨੂੰ ਵੀ ਸੋਹਣੀ ਚਿਤਰ ਕੇ ਇਕ ਖੁਸੀ, ਇਕ ਆਨੰਦ ਪ੍ਰਾਪਤ ਹੋਇਆ ਹੈ। ਇਕ ਕਵਿਤਾ ਵਿਚ ਉਹ ਲਿਖਦਾ ਹੈ:

ਸੋਹਣੀ ਨੂੰ ਲਭਾ ਮੈਂ, ਸੋਹਣੀ ਲਕੀਰ ਕੇ।
ਆਉਂਦੀ ਸੀ ਜੋ ਨਦੀਆਂ ਨੂੰ ਚੀਰ ਕੇ।

ਸੋਹਣੀ, ਪੰਜਾਬ ਦੀ ਨਾਇਕਾ-ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬ ਵਿਚ ਹੀ ਨਹੀਂ ਸਗੋਂ ਇਸ ਦੀਆਂ ਛਪੀਆਂ ਹੋਈਆਂ ਕਾਪੀਆਂ ਭਾਰਤ ਦੇ ਕੋਨੇ-ਕੋਨੇ ਵਿਚ ਗਈਆਂ ਹਨ, ਵਿਦੇਸ਼ਾਂ ਵਿਚ ਗਈਆਂ ਹਨ। ਲਗਭਗ, ਮਿਲਟਰੀ ਦੇ ਹਰ ਮੈੱਸ ਵਿਚ ਇਹ ਤਸਵੀਰ ਲੱਗੀ ਹੈ। ਭਾਰਤ ਵਿਚ ਛਪੀ ਹੋਈ ਤਸਵੀਰ ਇਸ ਤੋਂ ਮਹਿੰਗੀ ਨਹੀਂ ਵਿਕੀ। ਬੁੱਤ ਤਰਾਸ਼ਾਂ ਨੇ ਇਸ ‘ਤੇ ਬੁੱਤ ਤਰਾਸ਼-ਤਰਾਸ਼ ਵੇਚੇ ਹਨ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 18 ਜਨਵਰੀ 2011)
(ਦੂਜੀ ਵਾਰ 30 ਨਵੰਬਰ 2021)

***
528
***

About the author

ਹਰਬੀਰ ਸਿੰਘ ਭੰਵਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

ਹਰਬੀਰ ਸਿੰਘ ਭੰਵਰ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

View all posts by ਹਰਬੀਰ ਸਿੰਘ ਭੰਵਰ →