25 April 2024

ਅਦੀਬ ਸਮੁੰਦਰੋਂ ਪਾਰ ਦੇ : ਮਨੁੱਖਤਾ ਅਨੁਕੂਲ ਆਲਮ ਸਿਰਜਣ ਦਾ ਧਾਰਨੀ ਚਰਨ ਸਿੰਘ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-0527

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (23 ਜਨਵਰੀ 2022 ਨੂੰ) 71ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ ਮਨੁੱਖਤਾ ਅਨੁਕੂਲ ਆਲਮ ਸਿਰਜਣ ਦਾ ਧਾਰਨੀ ਚਰਨ ਸਿੰਘ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਚਰਨ ਸਿੰਘ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਅਟਵਾਲ ਜੀ ਅਤੇ ਅਦੀਬ ਚਰਨ ਸਿੰਘ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਸਰੀ (ਕੈਨੇਡਾ) ਵਸਦੇ ਪੰਜਾਬੀ ਲਿਖਾਰੀ ਚਰਨ ਸਿੰਘ ਦੀਆਂ ਹੁਣ ਤਕ 70 ਪੁਸਤਕਾਂ ਆ ਚੱੁਕੀਆਂ ਤੇ 20 ਛਪਾਈ ਅਧੀਨ ਹਨ। ਭਾਵੇਂ ਕਿ ਇਹ ਅਟੱਲ ਸਚਾਈ ਨਹੀਂ ਹੈ ਕਿ ਬਹੁਤੀਆਂ ਕਿਤਾਬਾਂ ਦਾ ਲਿਖਣਹਾਰ ਉੱਚੇ ਗੁਣਾਤਮਕ ਸਿਖ਼ਰ ਦਾ ਮਾਲਕ ਵੀ ਹੋਵੇ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਚਰਨ ਸਿੰਘ ਦੀਆਂ ਪੁਸਤਕਾਂ ਦੀ ਇਹ ਵੱਡੀ ਗਿਣਤੀ ਜਿੱਥੇ ਉਸਦੀ ਸਾਹਿਤ ਪ੍ਰਤੀ ਸਮਰਪਣ ਭਾਵਨਾ ਸਾਬਤ ਕਰਦੀ ਹੈ ਉਥੇ ਉਸ ਦੀਆਂ ਪੁਸਤਕਾਂ ਵਿਚਲਾ ਵਿਸ਼ਾ ਵਸਤੂ ਉਸਦੀ ਬੌਧਿਕ ਤੇ ਆਤਮਿਕ ਡੂੰਘਾਈ ਦਾ ਪੁਖਤਾ ਪ੍ਰਮਾਣ ਵੀ ਹੈ। ਇਨ੍ਹਾਂ ਪੁਸਤਕਾਂ ’ਚੋਂ ਵੱਧ ਗਿਣਤੀ ਕਾਵਿ-ਪੁਸਤਕਾਂ ਦੀ ਹੈ। ਉਂਝ ਚਰਨ ਸਿੰਘ ਨੇ ਕਾਵਿ-ਨਾਟਕ ਵੀ ਲਿਖੇ ਹਨ ਤੇ ਆਲੋਚਨਾ ਲਿਖ ਕੇ ਵੀ ਪਾਠਕਾਂ ਦੇ ਹੱਥਾਂ ਵਿਚ ਪੁੱਜਦੀ ਕੀਤੀ ਹੈ।

ਚਰਨ ਸਿੰਘ ਦਾ ਜਨਮ 1 ਨਵੰਬਰ 1947 ਨੂੰ ਪਿਤਾ ਲਾਲ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਪਿੰਡ ਬੇਗੋਵਾਲ (ਕਪੂਰਥਲਾ) ਵਿਖੇ ਹੋਇਆ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ.ਏ. (ਪੰਜਾਬੀ) ਕਰਨ ਉਪਰੰਤ ਰੋਜ਼ੀ ਰੋਟੀ ਦੇ ਮਕਸਦ ਨਾਲ ਸਾਲ 1980 ਵਿਚ ਚਰਨ ਸਿੰਘ ਨੇ ਕੈਨੇਡਾ ਜਾ ਵਾਸਾ ਕੀਤਾ। ਪੰਜਾਬੀ ਸਾਹਿਤ ਦੇ ਖੇਤਰ ਵਿਚ ਉਹ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਫਲਤਾ ਸਹਿਤ ਕਾਰਜਸ਼ੀਲ ਹੈ। ਆਪਣੇ ਇਸ ਵਡੇਰੇ ਸਾਹਿਤਕ-ਸਿਰਜਣਾਤਮਕ ਕਾਰਜ ਸਦਕਾ ਚਰਨ ਸਿੰਘ ਨੂੰ ਦੇਸ਼-ਵਿਦੇਸ਼ ਤੋਂ ਕਾਫ਼ੀ ਇਨਾਮ-ਸਨਮਾਨਾਂ ਦੀ ਪ੍ਰਾਪਤੀ ਸਮੇਂ-ਸਮੇਂ ਹੋ ਚੱੁਕੀ ਹੈ ਤੇ ਹੁੰਦੀ ਵੀ ਰਹਿੰਦੀ ਹੈ।

ਤੀਸਰੀ ਅੱਖ’, ‘ਮਿੱਟੀ ’ਤੇ ਉੱਕਰੇ ਅੱਖਰ’, ‘ਸ਼ੂਨਯ ਬੋਧ’, ‘ਆਪੇ ਬੋਲ ਸ੍ਰੋਤ’, ‘ਗਗਨ ਮੇਂ ਥਾਲ’, ‘ਸ਼ੀਸ਼ੇ ਵਿਚਲਾ ਸੂਰਜ’, ‘ਰੁੱਖ ਤੇ ਜੰਗਲ’, ‘ਮੁੜ੍ਹਕੋ ਮੁੜਕੀ ਪੌਣ’, ‘ਵਿਪਰੀਤ’, ‘ਬਿੰਦੂ ਦੇ ਦਾਇਰੇ’, ‘ਅੰਤਰੀਵ’, ‘ਸੂਰਜ ਤੇ ਕਿਰਨਾਂ’, ‘ਤੁਪਕਾ ਤੁਪਕਾ ਸੂਰਜ’, ‘ਆਧੁਨਿਕ ਵਿਸ਼ਵ’, ‘ਪ੍ਰਕਰਮਾ’, ‘ਦੀਵੇ ਜਗਦੇ ਨੈਣ’, ‘ਰਿਸ਼ਮਾਂ’, ‘ਦਰਪਣ’, ‘ਅਨੁਭਵ’, ‘ਪਰਛਾਵੇਂ’, ‘ਤ੍ਰੈਕਾਲ’, ‘ਤ੍ਰਿਵੈਣੀ’, ‘ਆਗਮਨ’, ‘ਪਰਵਾਜ਼’, ‘ਕੋਰਾ ਕਾਗਜ਼’, ‘ਸ਼ਬਦਾਂ ਦਾ ਸਫ਼ਰ’, ‘ਬੁੱਕਲ’, ‘ਸ਼ੀਸ਼ੇ ਦਾ ਸਫ਼ਰ’, ‘ਸੁਰਕਸ਼ਾ’, ‘ਹਸਤਾਨਾਪੁਰ’, ‘ਸਮਾਧੀ’, ‘ਅੰਕੁਰ’, ‘ਪੱਥਰ ਦਾ ਸਫ਼ਰ’, ‘ਮੁਕਤੀ’, ‘ਹੋਂਦ ਦੀ ਤਲਾਸ਼’, ‘ਮੌਲੀ ਧਰਤੀ’, ‘ਮੈਂ ਪਗਡੰਡੀ ਮੰਜ਼ਿਲ ਤੇ ਕਮਰਾ’, ‘ਨੀਲਾ ਆਸਮਾਨ’, ‘ਬਾਹਰੋਂ ਆਇਆ ਆਦਮੀ’, ‘ਕੁਕਨੂਸ’, ‘ਕਿਵ ਸਚਿਆਰਾ ਹੋਈਐ’, ‘ਆਧੁਨਿਕਤਾ: ਮੁੱਢ ਤੇ ਵਿਕਾਸ’, ‘ਕਵਿਤਾ ਦਾ ਆਬਸ਼ਾਰ’ ਆਦਿ ਪੁਸਤਕਾਂ ਚਰਨ ਸਿੰਘ ਦੀ ਅਦਬੀ ਅਹਿਮੀਅਤ ’ਤੇ ਮੋਹਰ ਲਾਉਦੀਆਂ ਹਨ। ਚਰਨ ਸਿੰਘ ਦੀਆਂ ਵੱਧ ਤੋਂ ਵੱਧ ਕਾਵਿ-ਪੁਸਤਕਾਂ ਦਾ ਅਧਿਐਨ ਕਰਦਿਆਂ ਡਾ. ਸੁਖਬੀਰ ਕੌਰ ਮਾਹਲ ਦੇ ਇਸ ਕਥਨ ਦੀ ਪੁਸ਼ਟੀ ਸੁਭਾਵਿਕ ਹੀ ਹੋਈ ਜਾਂਦੀ ਹੈ। ਮਾਹਲ ਦਾ ਕਥਨ ਹੈ:-

ਸਾਹਿਤ ਰਚਨਾ ਦਾ ਮੂਲ ਸਰੋਤ ਸੰਵੇਦਨਸ਼ੀਲ ਵਿਅਕਤੀਆਂ ਦੀ ਰਚਨਾਤਮਕ ਕਲਪਨਾ ਹੁੰਦਾ ਹੈ। ਸਿਰਜਣ ਪ੍ਰਕਿਰਿਆ ਦੌਰਾਨ ਕਲਪਨਾ ਦੇ ਆਧਾਰ ’ਤੇ ਜੋ ਜਗਤ ਸਿਰਜਿਆ ਜਾਂਦਾ ਹੈ, ਉਹ ਖ਼ੁਦ ਮੁਖਤਾਰ ਵੀ ਹੁੰਦਾ ਹੈ ਤੇ ਪੁਨਰ ਵਿਉਂਤ ਦਾ ਸਿੱਟਾ ਵਸਤੂ ਯਥਾਰਥ ਤੋਂ ਭਿੰਨ ਵੀ। ਸਾਡੀ ਪਰੰਪਰਕ ਪੱਧਤੀ ਦੇ ਆਧਾਰ ’ਤੇ ਵੀ ਅਤੇ ਆਧੁਨਿਕ ਪੱਛਮੀ ਗਿਆਨ ਦੇ ਆਧਾਰ ’ਤੇ ਵੀ ਇਸ ਧਾਰਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਖ-ਵੱਖ ਬਿਰਤਾਂਤਕ ਵਿਧਾਵਾਂ (ਸਾਡੀ ਜਾਚੇ ਕਾਵਿਕ-ਵਿਧਾਵਾਂ ਵੀ) ਆਪਣੇ ਉਸਰਨ ਤੇ ਬਿਸਰਨ ਦੀ ਪ੍ਰਕਿਰਿਆ ਤਹਿਤ ਨਿਰੰਤਰ ਪਰਿਵਰਤਨਸ਼ੀਲ ਰਹਿੰਦੀਆਂ ਹਨ।

ਆਪਣੇ ਕਾਵਿ-ਪ੍ਰਯੋਜਨ ਦੀ ਗੱਲ ਕਰਦਿਆਂ ਚਰਨ ਸਿੰਘ ਨੇ ਬਿਲਕੁਲ ਸਪੱਸ਼ਟ ਲਿਖਿਆ ਹੈ ਕਿ ‘ਮੇਰੇ ਸਮੂਹ ਕਾਵਿ ਦਾ ਪ੍ਰਯੋਜਨ ਮਨੁੱਖਤਾ ਅਨੁਕੂਲ ਵਿਸ਼ਵ ਸਿਰਜਣਾ ਹੈ। ਵਿਸ਼ਵ ਸਿਰਜਣਾ ਦੀ ਪ੍ਰੇਰਣਾ ਅਜੋਕੇ ਪਦਾਰਥਕ ਵਿਸ਼ਵ ਦੇ ਪ੍ਰਤੀਕਰਮ ’ਚੋਂ ਮੈਨੂੰ ਮਿਲੀ ਹੈ। ਜਿੱਥੇ ਮੇਰਾ ਕਾਵਿ ਮਨੁੱਖਤਾ ਅਨੁਕੂਲ ਵਿਸ਼ਵ ਸਿਰਜਣ ਦਾ ਧਾਰਨੀ ਹੈ ਉਥੇ ਮੇਰਾ ਕਾਵਿ ਮਨੁੱਖੀ ਪਦਾਰਥਕ ਅਤੇ ਮਾਨਸਿਕ ਪ੍ਰਵਿਰਤੀਆਂ ਦੀ ਸਿਖਰ ਵਸਤੂ ਅਤੇ ਅਧਿਆਤਮਕ ਸੰਸਾਰ ਦੇ ਸੰਦਰਭ ’ਚ ਜੀਵਨ ਦੇ ਹਰ ਪਹਿਲੂ ਨੂੰ ਅਭਿਵਿਅਕਤ ਕਰਦਾ ਹੈ।

ਚਰਨ ਸਿੰਘ ਦੇ ਕਾਵਿ-ਸੰਸਾਰ ਦੀ ਆਪਣੀ ਵਿਲੱਖਣ ਅਦਬੀ ਆਭਾ ਹੈ। ਉਸ ਦੀ ‘ਚਲ ਮਨਾ’ ਨਾਂ ਦੇ ਕਾਵਿ-ਸੰਗ੍ਰਹਿ ’ਚੋਂ ‘ਉਡੀਕਾਂ’ ਨਾਂ ਦੀ ਕਵਿਤਾ ਦਾ ਇਕ ਬੰਦ ਆਪ ਦੀ ਨਜ਼ਰ ਹੈ :-

ਖੂਹ ਵਿਚ ਜਲ ਹੈ
ਜਲ ਵਿਚ ਖੂਹ ਹੈ
ਦਿਸਦੇ ਹਾਂ ਦੋ ਅਸੀਂ
ਇਕ ਸਾਡੀ ਲੋਅ ਹੈ
ਪਰਵਾਜ਼ ਵੀ ਨਾ ਵੱਖਰਾ
ਸੋਚ ਵੀ ਨਹੀਂ ਵੱਖਰੀ
ਸ਼ਬਦਾਂ ਤੇ ਅਰਥਾਂ ਦੀ
ਹੋਂਦ ਇਕ ਅੱਖਰੀ
ਇਸ਼ਕੇ ਨੇ ਸਾਨੂੰ
ਅਸੀਂ ਇਸ਼ਕਾ ਹੰਢਾਇਆ
ਪਤਾ ਨਹੀਂ ਵਿਛੋੜਾ
ਕਿਹੜੀ ਝੀਤ ਰਾਹੀਂ ਆਇਆ
(ਪੰਨਾ-84)

ਚਰਨ ਸਿੰਘ ਦੀ ਕਾਵਿ-ਸ਼ੈਲੀ ਵਿਚ ਲੋਕ ਰੰਗ ਆਪਣਾ ਪ੍ਰਭਾਵ ਬਰਕਰਾਰ ਰੱਖਦਾ ਹੈ। ਉਸ ਦੀ ਪੁਸਤਕ ‘ਮੌਲੀ ਧਰਤੀ’ ਵਿਚਲੇ ਲੋਕ-ਕਾਵਿ ਟੱਪੇ ਇਸ ਦੀ ਉੱਤਮ ਮਿਸਾਲ ਹਨ। ਇਨ੍ਹਾਂ ਟੱਪਿਆਂ ਵਿਚ ਵਿਸ਼ਵ, ਜੀਵਨ, ਪਰਵਾਸੀ ਹੋਂਦ, ਪਿਆਰ, ਵਿਛੋੜਾ, ਉਡੀਕ ਤੇ ਕਿੱਤੇ ਦੇ ਅਨੁਭਵ ਸ਼ਾਮਲ ਹਨ। ਕੁਝ ਇਕ ਟੱਪੇ ਇਥੇ ਸਾਂਝੇ ਕੀਤੇ ਜਾਂਦੇ ਹਨ:-

(ੳ) ਪਾਣੀ ਡੂੰਘੇ ਖੂਹੀਆਂ ਦੇ
ਉਜਾੜਾਂ ਉੱਗ ਆਈਆਂ
ਵਿਹੜੇ ਰੁੱਤਾਂ ਮੋਈਆਂ ਦੇ

(ਅ) ਸਾਡੀ ਕੁੱਲੀ ਚੋਂਦੀ ਏ
ਧੁੱਪ ਸਾਡੇ ਵਿਹੜੇ ਦੀ
ਲੱਗ ਕੰਧਾਂ ਨਾਲ ਰੋਂਦੀ ਏ

(ੲ) ਅਸੀਂ ਡਾਲਰ ਕਮਾ ਲਏ ਨੇ
ਡਾਲਰਾਂ ਦੇ ਬਦਲੇ
ਜਾਏ ਕੁੱਖ ਦੇ ਗਵਾ ਲਏ ਨੇ

(ਸ) ਵਾਂਗ ਸੂਰਜ ਮਘਦੀ ਹਾਂ
ਸ਼ੀਸ਼ੇ ਵਿਚ ਮੈਂ ਤੱਕਦੀ
ਤੇਰੀ ਸੂਰਤ ਲਗਦੀ ਹਾਂ

ਜੇ ਚਰਨ ਸਿੰਘ ਦੀ ਸਮੀਖਿਆਤਮਕ ਦ੍ਰਿਸ਼ਟੀ ਵਾਲੇ ਪਾਸੇ ਵਾਚੀਏ ਤਾਂ ਚਰਨ ਸਿੰਘ ਦੀ ਪੁਸਤਕ ‘ਆਧੁਨਿਕਤਾ: ਮੁੱਢ ਤੇ ਵਿਕਾਸ’ ਧਿਆਨ ਦਾ ਕੇਂਦਰ ਬਣਦੀ ਹੈ। ਇਸ ਪੁਸਤਕ ਵਿਚ ‘ਆਧੁਨਿਕਤਾ ਅਤੇ ਵਿਸ਼ਵ ਚਿੰਤਨ’, ‘ਆਧੁਨਿਕ ਚੇਤਨਾ ਤੇ ਪੂੰਜੀਵਾਦੀ ਵਿਕਾਸ’, ‘ਆਧੁਨਿਕ ਸਾਹਿਤ ਇਤਿਹਾਸ: ਪ੍ਰਭੁਤਾ, ਸ਼ਹਿਰੀਕਰਨ ਤੇ ਯੁੱਗ ਪ੍ਰਵਿਰਤੀਆਂ’, ‘ਆਧੁਨਿਕ ਸਾਹਿਤ: ਰੂਪ ਰਚਨਾ ਅਤੇ ਕਾਵਿ-ਸ਼ਾਸਤਰ’ ਅਤੇ ‘ਆਧੁਨਿਕ ਆਲੋਚਨਾ: ਦਾਰਸ਼ਨਿਕ ਅਤੇ ਇਤਿਹਾਸਕ ਚੇਤਨਾ’ ਆਦਿ ਵਿਸ਼ਿਆਂ ’ਤੇ ਬੜੀ ਬਾਰੀਕਬੀਨੀ ਨਾਲ ਵਿਚਾਰ ਕੀਤੀ ਗਈ ਹੈ।

ਇਹ ਪੁਸਤਕ ਇਕ ਯੂਨੀਵਰਸਿਟੀ ਦੇ ਪੰਜਾਬੀ ਦੇ ਪਾਠਕ੍ਰਮ ਵਿਚ ਵੀ ਸ਼ਾਮਲ ਹੈ। ਚਰਨ ਸਿੰਘ ਦੀ ਇਸ ਪੁਸਤਕ ਵਿਚ ਲਿਖੀ ਇਹ ਗੱਲ ਬਿਲਕਲ ਗੌਲਣਯੋਗ ਹੈ ਕਿ ‘ਆਧੁਨਿਕ ਆਲੋਚਨਾ ਤੋਂ ਪਹਿਲਾਂ ਆਧੁਨਿਕਤਾ ਕੀ ਹੈ? ਉਸ ਨੂੰ ਸਮਝਣਾ ਚਾਹੀਦੀ ਹੈ।’
ਚਰਨ ਸਿੰਘ ਨਾਲ ਸਾਡਾ ਸਮੇਂ-ਸਮੇਂ ਸਾਹਿਤਕ ਵਿਚਾਰ ਵਟਾਂਦਰਾ ਜਾਰੀ ਰਹਿੰਦਾ ਹੈ। ਉਸ ਵੱਲੋਂ ਕੁਝ ਅੰਸ਼ ਹਾਜ਼ਰ ਹਨ:-

* ਮੌਜੂਦਾ ਪੰਜਾਬੀ ਸਾਹਿਤ ਜੋ ਭਾਰਤ ਵਿਚ ਰਚਿਆ ਜਾ ਰਿਹਾ ਹੈ, ਮੇਰੀ ਨਜ਼ਰ ਵਿਚ ਉਹ ਕੋਈ ਖ਼ਾਸ ਸਾਹਿਤਕ ਪੱਧਰ ਦਾ ਨਹੀਂ। ਉਸ ਵਿੱਚੋਂ ਪੰਜ ਪ੍ਰਤੀਸ਼ਤ ਸਾਹਿਤ ਹੀ ਉੱਚ ਪੱਧਰ ਦਾ ਹੈ। ਵਿਦੇਸ਼ਾਂ ਵਿਚ ਰਚਿਆ ਜਾ ਰਿਹਾ ਬਹੁਤਾ ਪੰਜਾਬੀ ਸਾਹਿਤ ਕੱਚਘਰੜ ਕਿਸਮ ਦਾ ਹੈ ਪਰ ਇਸ ਸਾਹਿਤ ਵਿਚ ਇਕ ਗੱਲ ਸ਼ਲਾਘਾਯੋਗ ਹੈ ਕਿ ਇਸ ਸਾਹਿਤ ਦਾ ਰੁਝਾਨ ਵਿਸ਼ਵ ਪੱਧਰ ਦਾ ਹੈ।

* ਮੈਂ ਪੰਜਾਬੀ ਆਲੋਚਨਾ ਤੋਂ ਬਹੁਤਾ ਖ਼ੁਸ਼ ਨਹੀਂ। ਆਲੋਚਨਾ ਸਿਰਜਕਾਂ ਦੀ ਸਿਰਜਣਾ ਦੇ ਪੱਧਰ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਮੇਰੀ ਨਜ਼ਰ ਵਿਚ ਬ੍ਰਹਮ ਜਗਦੀਸ਼ ਸਿੰਘ, ਨਿਰੰਜਣ ਬੋਹਾ, ਡਾ. ਹਰਭਜਨ ਸਿੰਘ ਭਾਟੀਆ, ਡਾ. ਮੁਨੀਸ਼ ਕੁਮਾਰ ਅਤੇ ਡਾ. ਜੋਗਿੰਦਰ ਸਿੰਘ ਕੈਰੋਂ ਪੰਜਾਬੀ ਦੇ ਵਧੀਆ ਆਲੋਚਕ ਹਨ।

* ਪੰਜਾਬੀ ਵਿਚ ਪਾਠਕਾਂ ਦੀ ਕਮੀ ਪੰਜਾਬੀ ਸੁਭਾਅ ਕਾਰਨ ਹੈ।

ਨਿਰਸੰਦੇਹ ਚਰਨ ਸਿੰਘ ਦੇ ਵਿਚਾਰਾਂ ਨੂੰ ਵਿਚਾਰਨਾ ਚਾਹੀਦਾ ਹੈ। ਉਸ ਦੀ ਸਫ਼ਲ ਸਾਹਿਤਕ/ਰਚਨਾਤਮਕ ਸਰਗਰਮੀ ਨੂੰ ਸਾਡਾ ਵੀ ਸਲਾਮ।

***
593
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ