30 April 2024

ਤੂੰ ਗੜਬਾ, ਮੈਂ ਤੇਰੀ ਡੋਰ ਵੇ ਮਾਹੀਆ – ਸਵਰਨਜੀਤ ਕੌਰ ਉਭਾ

ਤੂੰ ਗੜਬਾ, ਮੈਂ ਤੇਰੀ ਡੋਰ ਵੇ ਮਾਹੀਆ

ਸਵਰਨਜੀਤ ਕੌਰ ਉਭਾ

ਭਾਰਤੀ ਸਮਾਜ ਰਿਸ਼ਤਿਆਂ ਦੀਆਂ ਸੂਖਮ ਤੰਦਾਂ ਵਿਚ ਬੁਣਿਆ ਹੋਇਆ ਸਮਾਜ ਹੈ। ਹਰ ਰਿਸ਼ਤੇ ਦੀ ਆਪਣੀ ਮਿਠਾਸ, ਆਪਣੀ ਮਹਿਕ ਅਤੇ ਆਪਣੀ ਅਹਿਮੀਅਤ ਹੈ। ਇਹ ਰਿਸ਼ਤਿਆਂ ਦੀਆਂ ਜ਼ਜ਼ਬਾਤੀ ਸਾਂਝਾਂ ਹੀ ਸਾਨੂੰ ਪੱਛਮੀ ਸਭਿਅਤਾ ਨਾਲੋਂ ਵਖਰੇਵਾਂ ਪ੍ਰਦਾਨ ਕਰਦੀਆਂ ਹਨ।ਕੁਝ ਰਿਸ਼ਤੇ ਅਸੀਂ ਜਨਮ ਤੋਂ ਪ੍ਰਾਪਤ ਕਰਦੇ ਹਾਂ ਅਤੇ ਕੁਝ ਰਿਸ਼ਤੇ ਸਮਾਜ ਦੁਆਰਾ ਬਣਾਏ ਜਾਂਦੇ ਹਨ। ਦੂਜੀ ਕਿਸਮ ਦੇ ਰਿਸ਼ਤਿਆਂ ਵਿਚ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ-ਪਤੀ ਪਤਨੀ ਦਾ ਰਿਸ਼ਤਾ। ਅਜਿਹਾ ਰਿਸ਼ਤਾ ਜਿਸ ਵਿਚ ਮੂਰਤਾਂ ਭਾਵੇਂ ਦੋ ਹੁੰਦੀਆਂ ਹਨ ਪਰ ਜੋਤ ਉਹਨਾਂ ਵਿਚੋਂ ਇੱਕ ਹੀ ਜਗਦੀ ਹੈ।ਇਹ ਕਿਹਾ ਜਾਂਦਾ ਹੈ ਕਿ ਸੰਜੋਗ ਧੁਰੋਂ ਲਿਖੇ ਹੁੰਦੇ ਹਨ ਤੇ ਸਮਾਜ ਤਾਂ ਦੋ ਰੂਹਾਂ ਨੂੰ ਮਿਲਾਉਣ ਦਾ ਇੱਕ ਜ਼ਰੀਆ ਬਣਦਾ ਹੈ। ਇਹ ਰਿਸ਼ਤਾ ਜਨਮਾਂ ਜਨਮਾਂਤਰਾਂ ਦਾ ਹੁੰਦਾ ਹੈ। ਸਾਡੇ ਸਮਾਜ ਵਿਚ ਇਸ ਰਿਸ਼ਤੇ ਨੂੰ ਜਿਤਨੀ ਪਵਿਤਰਤਾ ਪ੍ਰਦਾਨ ਹੈ ਅਜਿਹੀ ਉਦਾਹਰਣ ਦੁਨੀਆਂ ਦੇ ਕਿਸੇ ਹੋਰ ਮੁਲਕ ਵਿਚ ਸ਼ਾਇਦ ਹੀ ਮਿਲਦੀ ਹੋਵੇ। ਇਸੇ ਲਈ ਇਸਨੂੰ ਦੋ ਸਾਹਾਂ ਦੀ ਇੱਕ ਧੜਕਣ ਕਿਹਾ ਗਿਆ ਹੈ। ਇਸੇ ਲਈ ਗੁਰੂ ਅਮਰਦਾਸ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 788 ਉਪਰ ਫਰਮਾਨ ਕਰਦੇ ਹਨ:

ਧਨ ਪਿਰੁ ਏਹਿ ਨਾ ਆਖਿਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨੁ ਪਿਰੁ ਕਹੀਐ ਸੋਇ ॥

ਘਰ, ਇੱਕ ਖੂਬਸੂਰਤ ਘਰ ਜੀਵਨ ਦੀਆਂ ਖੁਸ਼ੀਆਂ ਦਾ ਮੁੱਢ ਹੁੰਦਾ ਹੈ। ਇਹ ਅਜਿਹੀ ਥਾਂ ਹੁੰਦਾ ਹੈ ਜਿੱਥੇ ਰਿਸ਼ਤੇ ਅਤੇ ਜ਼ਜ਼ਬਾਤ ਪਨਪਦੇ ਹਨ। ਘਰ ਸਹੀ ਅਰਥਾਂ ਵਿਚ ਖੂਬਸੂਰਤ ਘਰ ਉਸ ਸਮੇਂ ਹੀ ਬਣਦਾ ਹੈ ਜਦ ਇਸਦੀ ਛੱਤ ਹੇਠ ਰਹਿਣ ਵਾਲੇ ਵਿਅਕਤੀ ਇੱਕ ਦੂਜੇ ਦੀ ਮੁਹੱਬਤ ਵਿਚ ਭਿੱਜ ਕੇ ਰਹਿੰਦੇ ਹਨ। ਮਨੂੰ ਸਿਮ੍ਰਿਤੀ ਵਿਚ ਇੱਕ ਜਗ੍ਹਾ ਲਿਖਿਆ ਹੈ ਕਿ ਜਿਸ ਘਰ ਵਿਚ ਪਤੀ ਨਾਲ ਪਤਨੀ ਅਤੇ ਪਤਨੀ ਨਾਲ ਪਤੀ ਪ੍ਰਸੰਨ ਰਹਿੰਦਾ ਹੈ ਉਸ ਘਰ ਵਿਚ ਹਮੇਸ਼ਾਂ ਕਲਿਆਣ ਹੁੰਦਾ ਹੈ। ਭਾਵ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ। ਪਤੀ ਪਤਨੀ ਤਾਂ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਇੱਕ ਤੋਂ ਬਿਨਾਂ ਦੂਜੇ ਦੀ ਕੋਈ ਹੋਂਦ ਨਹੀਂ ਹੁੰਦੀ। ਜੀਵਨ ਰੂਪੀ ਗੱਡੀ ਦੇ ਦੋ ਪਹੀਏ। ਕਿਸੇ ਇਕੱਲੇ ਨਾਲ ਕੁਝ ਵੀ ਨਹੀਂ ਬਣਦਾ। ਇਹ ਰਿਸ਼ਤਾ ਤਾਂ ਪਤੰਗ ਤੇ ਡੋਰ ਜਾਂ ਗੜਵੇ ਤੇ ਡੋਰ ਵਾਲਾ ਹੁੰਦਾ ਹੈ। ਇੱਕ ਦੂਜੇ ਦੇ ਇਤਨੇ ਨਜ਼ਦੀਕ ਕਿ ਇੱਕ ਤੋਂ ਬਿਨਾਂ ਦੂਸਰਾ ਅਧੂਰਾ ਜਾਪੇ। ਪਤੀ ਪਤਨੀ ਦੇ ਰਿਸ਼ਤੇ ਦੀ ਮਿਠਾਸ ਦਾ ਅਸਰ ਸਰਬੱਤ ਪਰਿਵਾਰ ਤੇ ਪੈਂਦਾ ਹੈ। ਜਿੱਥੇ ਪਤੀ ਪਤਨੀ ਨੇ ਘਰ ਨੂੰ ਸਵਰਗ ਬਣਾਇਆ ਹੋਇਆ ਹੈ ਉਥੇ ਬੱਚਿਆਂ ਦਾ ਵਿਕਾਸ ਸਰਵਪੱਖੀ ਹੁੰਦਾ ਹੈ। ਪ੍ਰਸਿਧ ਵਿਦਵਾਨ ਫਰਾਂਸਿਸ ਬੇਕਨ ਕਹਿੰਦੇ ਨੇ ਕਿ ਪਤਨੀ ਨੌਜਵਾਨ ਦੀ ਪ੍ਰੇਮਿਕਾ ਹੁੰਦੀ ਹੈ, ਅਧਖੜ੍ਹ ਉਮਰ ਵਿਚ ਸਹਾਰਾ ਹੁੰਦੀ ਹੈ ਅਤੇ ਬੁੱਢੇ ਆਦਮੀ ਲਈ ਇੱਕ ਨਰਸ ਹੁੰਦੀ ਹੈ। ਇਹ ਕਹਿਣਾ ਕੋਈ ਅਤਿ ਕਥਨੀ ਨਹੀਂ ਭਾਰਤੀ ਸਮਾਜ ਵਿਚ ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਹੀ ਪਾਕੀਜ਼ਗੀ ਪ੍ਰਦਾਨ ਕੀਤੀ ਗਈ ਹੈ।

ਇਸ ਰਿਸ਼ਤੇ ਦੀ ਨੀਂਹ ਆਪਸੀ ਵਿਸ਼ਵਾਸ਼, ਪਿਆਰ ਅਤੇ ਕੁਰਬਾਨੀ ਤੇ ਟਿਕੀ ਹੁੰਦੀ ਹੈ। ਪਤੀ ਪਤਨੀ ਵਿਚ ਸਮਝ ਬੂਝ ਤੇ ਪਿਆਰ ਮੁਹੱਬਤ ਇਤਨੀ ਜਿਆਦਾ ਹੋਣੀ ਚਾਹੀਦੀ ਹੈ ਕਿ ਦੋਨੋ ਇਹ ਹੀ ਸੋਚਣ ਕਿ ਅਸੀਂ ਸੱਤਾਂ ਜਨਮਾਂ ਤੱਕ ਇੱਕ ਦੂਜੇ ਦੇ ਹਾਣੀ ਬਣੀਏ। ਦੋਨਾਂ ਦੀ ਮੁਹੱਬਤ ਅਜਿਹੀ ਹੋਣੀ ਚਾਹੀਦੀ ਹੈ ਕਿ ਤੈਨੂੰ ਤਾਪ ਚੜ੍ਹੇ ਮੈਂ ਊਂਘਾਂ ਜਾਂ ਮੇਰੀ ਉਮਰ ਤੈਨੂੰ ਲੱਗ ਜਾਵੇ ਕਿ ਤੇਰੀ ਮੇਰੀ ਇੱਕ ਜਿੰਦੜੀ। ਧਨ ਦੌਲਤ ਜਾਂ ਪਦਾਰਥਕ ਸੁਖ ਸੁਵਿਧਾਂਵਾਂ ਤਾਂ ਇਸ ਰਿਸ਼ਤੇ ਵਿਚ ਕਿਤੇ ਨੇੜੇ ਤੇੜੇ ਵੀ ਨਹੀਂ ਫਟਕਣੀਆਂ ਚਾਹੀਦੀਆ। ਕੱੁਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾਂ ਮਹਿਲਾਂ ਨੂੰ ਵਾਲੀ ਸੋਚ ਹੀ ਅਸਲੀ ਅਨੰਦ ਵਿਚ ਲੈਕੇ ਜਾਂਦੀ ਹੈ। ਪਿਆਰ ਤਾਂ ਨਾਮ ਹੀ ਆਪਾ ਵਾਰਨ ਦਾ ਹੁੰਦਾ ਹੈ-ਕੁਰਬਾਨ ਹੋ ਜਾਣ ਦਾ ਪਿਆਰੇ ਦੇ ਪ੍ਰੇਮ ਦੀ ਪ੍ਰਾਪਤੀ ਖਾਤਰ। ਹਾਜ਼ੀ ਲੋਕ ਮੱਕੇ ਨੂੰ ਜਾਂਦੇ ਤੇ ਮੇਰਾ ਰਾਂਝਣ ਮਾਹੀ ਮੱਕਾ- ਸੱਚ ਮੁੱਚ ਸਹੀ ਪਿਆਰ ਪ੍ਰਭੂ ਪ੍ਰਾਪਤੀ ਦਾ ਹੀ ਰਸਤਾ ਹੁੰਦਾ ਹੈ। ਜਦ ਇੱਕ ਵਾਰ ਪਤੀ ਪਤਨੀ ਪਿਆਰ ਦੇ ਇਸ ਅਸੀਮ ਅਨੰਦ ਸਾਗਰ ਵਿਚ ਪਹੁੰਚ ਜਾਂਦੇ ਹਨ ਫਿਰ ਕੁਝ ਹੋਰ ਪ੍ਰਾਪਤ ਕਰਨ ਦੀ ਕੋਈ ਜਰੂਰਤ ਹੀ ਨਹੀਂ ਰਹਿੰਦੀ।

ਪਦਾਰਥਵਾਦ, ਸਵਾਰਥਵਾਦ ਅਤੇ ਆਧੁਨਿਕਵਾਦ ਦੀ ਵਰਤਮਾਨ ਹੋੜ ਵਿਚ ਰਿਸ਼ਤਿਆਂ ਦੇ ਸੁਹੱਪਣ ਨੂੰ ਵੀ ਕੁਝ ਸੱਟ ਲੱਗੀ ਹੈ। ਪਤੀ ਪਤਨੀ ਦੇ ਰਿਸ਼ਤੇ ਵਿਚ ਕੁਝ ਤਰੇੜਾਂ ਆਉਂਦੀਆਂ ਮਹਿਸੂਸ ਹੋ ਰਹੀਆਂ ਹਨ। ਤਲਾਕਾਂ ਦੀ ਗਿਣਤੀ ਵਧ ਰਹੀ ਹੈ। ਕਈ ਪਤੀ ਪਤਨੀ ਜੋੜੇ ਪੱਛਮ ਦੀ ਲੁਭਾਉਣੀ ਜੀਵਨ ਜਾਚ ਦੇ ਭਰਮ ਜਾਲ ਵਿਚ ਫਸਦੇ ਜਾ ਰਹੇ ਹਨ।ਸ਼ਾਦੀ ਦੀ ਪਵਿਤਰ ਡੋਰ ਉਹਨਾ ਨੂੰ ਬੰਧਨ ਜਾਪਣ ਲੱਗ ਪਈ ਹੈ। ਰੂਹਾਂ ਦੇ ਰਿਸ਼ਤਿਆਂ ਨੂੰ ਉਹ ਅਰਥਹੀਣ ਸਮਝਣ ਲੱਗ ਪਏ ਹਨ। ਪਰ ਇਹ ਦੂਰ ਦੀ ਖੁਬਸੂਰਤੀ ਸਿਰਫ ਤੇ ਸਿਰਫ ਸਾਡੀਆਂ ਗੂੜ੍ਹੀਆਂ ਸਾਝਾਂ ਨੂੰ ਹਿਲਾਉਣ ਲਈ ਹੀ ਹੈ। ਇਸ ਵਿਚ ਨਾ ਟਿਕਾਅ ਹੈ, ਨਾ ਸਹਿਜ ਹੈ ਅਤੇ ਨਾ ਹੀ ਜ਼ਜ਼ਬਾਤ ਹਨ। ਇਹ ਤਾਂ ਇੱਕ ਮਸ਼ੀਨੀ ਜੀਵਨ ਜਾਚ ਹੈ। ਸਾਡੇ ਸੰਸਕਾਰਾਂ ਵਿਚ ਜੋ ਸੁਹੱਪਣ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲਦਾ। ਪਤੀ ਪਤਨੀ ਦੇ ਰਿਸ਼ਤੇ ਵਿਚ ਵਧ ਰਹੇ ਅੰਤਰਾਂ ਨੂੰ ਘਟਾਉਣ ਲਈ ਅਤੇ ਪਕਿਆਈ ਲਿਆਉਣ ਲਈ ਕੁਝ ਨਿਮਨ ਸੁਝਾਅ ਹਨ ਤਾਂ ਜੋ ਬਹੁਤ ਮਜ਼ੇਦਾਰ, ਸੁੰਦਰ ਅਤੇ ਸਪੰੂਰਨ ਜੀਵਨ ਬਤੀਤ ਕੀਤਾ ਜਾ ਸਕੇ:

* ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਹੈ ਕਿ ਆਪਣੇ ਜੀਵਨ ਸਾਥੀ, ਭਾਵੇਂ ਉਹ ਜਿਸ ਵੀ ਮਾਨਸਿਕ ਜਾਂ ਸ਼ਰੀਰਕ ਰੂਪ ਵਿਚ ਹੈ, ਨੂੰ ਪੂਰੀ ਤਰ੍ਹਾਂ ਸਵਿਕਾਰ ਕਰਨਾਂ ਸ਼ੁਰੂ ਕਰੋ।ਹੋ ਸਕਦਾ ਹੈ ਕਿ ਉਹ ਤੁਹਾਡੇ ਮੁਤਾਬਕ ਲੰਮੇ ਕੱਦ ਵਾਲਾ ਨਾ ਹੋਵੇ ਜਾਂ ਮਜ਼ਾਹੀਆ ਸੁਭਾਅ ਨਾ ਰੱਖਦਾ ਹੋਵੇ ਜਾਂ ਬਹੁਤੀਆਂ ਚੰਗੀਆਂ ਆਦਤਾਂ ਦਾ ਮਾਲਕ ਨਾ ਹੋਵੇ ਪਰ ਫਿਰ ਵੀ ਉਹ ਬਹੁਤ ਸਾਰੀਆਂ ਹੋਰ ਗੱਲਾਂ ਵਿਚ ਚੰਗਾ ਜਰੂਰ ਹੋਵੇਗਾ। ਉਸ ਵੱਲ ਹਾਂ ਪੱਖੀ ਨਜ਼ਰੀਏ ਨਾਲ ਦੇਖਦੇ ਹੋਏ ਉਸਦੇ ਚੰਗੇ ਪੱਖਾਂ ਨੂੰ ਦੇਖੋ। ਫਿਰ ਦੇਖੋ ਤੁਹਾਡਾ ਜੀਵਨ ਕਿਸ ਤਰ੍ਹਾਂ ਫੁੱਲਾਂ ਦੀ ਮੁਸਕਾਨ ਵਾਂਗ ਮੁਸਕਰਾ ਪਵੇਗਾ।

* ਇਹ ਦੇਖਿਆ ਗਿਆ ਹੈ ਕਿ ਪ੍ਰਸੰਸਾ ਅਕਸਰ ਦਾਰੂ ਦਾ ਕੰਮ ਕਰਦੀ ਹੈ। ਇਹ ਮਨੁੱਖੀ ਸ਼ਖਸੀਅਤ ਲਈ ਪ੍ਰੇਰਨਾ ਦਾ ਸੋਮਾ ਹੁੰਦੀ ਹੈ। ਇਹ ਜੀਵਨ ਵਿਚ ਬਹੁਤ ਰੰਗ ਲਿਆ ਸਕਦੀ ਹੈ। ਇਮਾਨਦਾਰੀ ਨਾਲ ਆਪਣੇ ਜੀਵਨ ਸਾਥੀ ਨੂੰ ਵਾਚੋ। ਜਦ ਵੀ ਉਹ ਕੁਝ ਚੰਗਾ ਕਰਦਾ ਹੈ ਤਾਂ ਉਸਦੀ ਰੱਜਕੇ ਪ੍ਰਸੰਸਾ ਕਰੋ। ਆਪਣੇ ਸ਼ਬਦਾਂ ਵਿਚ ਕਜੰੂਸੀ ਨਾ ਕਰੋ। ਫਿਰ ਦੇਖੋ ਮੁਹੱਬਤ ਦੇ ਕਿਸ ਤਰ੍ਹਾਂ ਅੰਬਾਰ ਲੱਗ ਜਾਣਗੇ।

* ਇਹ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀਆਂ ਪਰੀ ਸੁਪਨੇ ਮਨ ਵਿਚ ਵਸਾ ਲੈਂਦੇ ਹਨ। ਲੜਕੀਆਂ ਫਿਲਮੀ ਰਾਜਕੁਮਾਰ ਵਰਗਾ ਪਤੀ ਲੋਚਦੀਆਂ ਹਨ ਜੋ ਉਹਨਾਂ ਚੰਨ ਤਾਰੇ ਤੋੜ ਕੇ ਲਿਆਵੇ। ਇਸੇ ਤਰ੍ਹਾਂ ਲੜਕੇ ਕਿਸੇ ਸੁਪਨ ਪਰੀ ਦੀ ਕਲਪਨਾ ਕਰਦੇ ਹਨ। ਅਜਿਹੀ ਗੈਰ ਵਿਵਹਾਰਕ ਪਹੁੰਚ ਕਈ ਵਿਆਹੁਤਾ ਜ਼ਿੰਦਗੀ ਵਿਚ ਕਾਫੀ ਉਲਝਣਾਂ ਖੜ੍ਹੀਆਂ ਕਰ ਦਿੰਦੀ ਹੈ। ਇਸ ਲਈ ਲੜਕੇ ਅਤੇ ਲੜਕੀਆਂ ਦੀ ਸ਼ਾਦੀ ਪ੍ਰਤੀ ਪਹੁੰਚ ਵਿਵਹਾਰਕ ਹੋਣੀ ਚਾਹੀਦੀ ਹੈ।

* ਮੁਆਫ ਕਰਨਾ ਅਤੇ ਭੱੁਲ ਜਾਣ ਦੀ ਕਲਾ ਜੀਵਨ ਵਿਚ ਬਹਾਰਾਂ ਲਿਆ ਸਕਦੀ ਹੈ। ਗਲਤੀਆਂ ਤਾਂ ਇਨਸਾਨ ਨੇ ਹੀ ਕਰਨੀਆਂ ਹੁੰਦੀਆਂ ਨੇ। ਜੇਕਰ ਤੁਹਾਡਾ ਜੀਵਨ ਸਾਥੀ ਕੋਈ ਅਜਿਹੀ ਗਲਤੀ ਕਰਦਾ ਹੈ ਜਿਸ ਨਾਲ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਇਸ ਗੱਲ ਨੂੰ ਲੰਮੀ ਨਹੀਂ ਘਸੀਟਣਾ ਚਾਹੀਦਾ ਸਗੋਂ ਕੋਸ਼ਿਸ਼ ਕਰੋ ਕਿ ਇਸ ਗੱਲ ਨੂੰ ਛੇਤੀ ਭੁੱਲ ਜਾਵੋਂ ਅਤੇ ਆਪਣੇ ਸਾਥੀ ਨੂੰ ਮੁਆਫ ਕਰ ਦੇਵੋਂ।ਜੇਕਰ ਤੁਸੀਂ ਆਪਣੇ ਵਿਸ਼ ਨੂੰ ਅੰਦਰ ਹੀ ਉਬਾਲਦੇ ਰਹੇ ਤਾਂ ਜੀਵਨ ਰੂਪੀ ਬਾਗ ਵਿਚ ਕੁੜੱਤਣ ਤੋਂ ਸਿਵਾਏ ਕੁਝ ਨਹੀਂ ਮਿਲੇਗਾ।

* ਗਲਤੀ ਕਰਕੇ ਮੰਨਣ ਦੀ ਕਲਾ ਜੀਵਨ ਰੂਪੀ ਗੱਡੀ ਨੂੰ ਅੱਗੇ ਤੋਰਨ ਵਿਚ ਬਹੁਤ ਸਹਾਈ ਹੁੰਦੀ ਹੈ। ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਇਸਨੂੰ ਮੰਨ ਲਵੋ ਕਿਉਂਕਿ ਮੰਨਣ ਵਿਚ ਕੋਈ ਨੁਕਸਾਨ ਨਹੀਂ ਹੁੰਦਾ। ਗਲਤੀ ਨੂੰ ਕਰਕੇ ਅਤੇ ਇਸ ਨੂੰ ਛੁਪਾਕੇ ਆਪਣੇ ਸਾਥੀ ਤੇ ਭਾਰੀ ਪੈਣ ਦੀ ਕੋਸ਼ਿਸ ਨਾ ਕਰੋ।

* ਆਪਣੇ ਸਾਥੀ ਦੇ ਮੋਢੇ ਨਾਲ ਮੋਢਾ ਮਿਲਾਕੇ ਚੱਲੋ ਅਤੇ ਖੁਸ਼ੀਆਂ ਅਤੇ ਗਮੀਆਂ ਸਾਂਝੀਆਂ ਕਰੋ। ਖੁਸ਼ੀ ਵੰਡਣ ਨਾਲ ਦੁੱਗਣੀ ਹੁੰਦੀ ਹੈ ਅਤੇ ਗਮ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ।

* ਆਪਣੇ ਪਰਿਵਾਰਕ ਜੀਵਨ ਦੇ ਰੁਝੇਵਿਆਂ ਵਿਚੋਂ ਆਪਣੇ ਸਾਥੀ ਲਈ ਕੁਝ ਨਾ ਕੁਝ ਅਜਿਹਾ ਸਮਾਂ ਜਰੂਰ ਕੱਢੋ ਕਿ ਜਿਸ ਮਿਲ ਬੈਠ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਜਾ ਸਕਣ। ਇਹ ਦੇਖਿਆ ਗਿਆ ਕਿ ਪਰਿਵਾਰ ਦੇ ਵਧਣ ਦੇ ਨਾਲ ਕਈ ਵਾਰ ਆਪਸੀ ਗੱਲਬਾਤ ਲਈ ਸਮਾਂ ਵੀ ਨਹੀਂ ਮਿਲਦਾ।

* ਜ਼ਿੰਦਗੀ ਹਮੇਸ਼ਾਂ ਇਕਸਾਰ ਨਹੀਂ ਚੱਲਦੀ। ਇਸ ਵਿਚ ਹਮੇਸ਼ਾਂ ਉਚੇ ਨੀਵੇਂ ਪੰਧ ਆਉਂਦੇ ਹੀ ਰਹਿੰਦੇ ਹਨ।ਜੇਕਰ ਕੋਈ ਬੁਰਾ ਵਕਤ ਆ ਵੀ ਜਾਵੇ ਤਾਂ ਆਪਣੇ ਸਾਥੀ ਨੂੰ ਆਪਣੀ ਮੁਹੱਬਤ ਭਰੀ ਬੁੱਕਲ ਵਿਚ ਸਮੇਟ ਲਵੋ ਜਿਸ ਨਾਲ ਉਹ ਆਪਣੀ ਹਰੇਕ ਮੁਸ਼ਕਲ ਨੂੰ ਭੁੱਲਕੇ ਤੁਹਾਡੇ ਪਿਆਰ ਵਿਚ ਗੁਆਚ ਜਾਵੇ।

* ਇਹ ਵੀ ਨਹੀਂ ਹੋ ਸਕਦਾ ਕਿ ਜ਼ਿੰਦਗੀ ਵਿਚ ਹਮੇਸ਼ਾਂ ਪਿਆਰ ਹੀ ਪਿਆਰ ਹੋਵੇ। ਕਦੇ ਕਦੇ ਵਿਚਾਰਾਂ ਵਿਚ ਭਿੰਨਤਾ ਵੀ ਆ ਸਕਦੀ ਹੈ। ਪਰ ਉਸ ਨੂੰ ਜਿਆਦਾ ਲੰਮੇਰਾ ਨਾ ਖਿਚੋ।

* ਪਿਆਰ ਨੂੰ ਕਦੇ ਵੀ ਲੈਣ ਦੇਣ ਦੀ ਵਸਤੂ ਨਾ ਸਮਝਿਆ ਜਾਵੇ। ਇਸ ਨਾਲ ਪਿਆਰ ਇੱਕ ਮੁਹੱਬਤ ਨਾ ਰਹਿਕੇ ਇੱਕ ਵਪਾਰ ਬਣ ਜਾਵੇਗਾ।

* ਪਤੀ ਅਤੇ ਪਤਨੀ ਦੋ ਵੱਖ ਵੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ।ਦੋਨਾਂ ਦਾ ਪਾਲਣ ਪੋਸ਼ਣ ਵੱਖ ਵੱਖ ਸੰਸਕਾਰਾਂ, ਪ੍ਰਸਥਿਤੀਆਂ ਅਤੇ ਸੱਭਿਆਚਾਰ ਵਿਚ ਹੋਇਆ ਹੁੰਦਾ ਹੈ। ਕਦੇ ਵੀ ਕਿਸੇ ਸਾਥੀ ਦੇ ਪਰਿਵਾਰ ਦੀ ਆਲੋਚਨਾ ਨਾ ਕਰੋ ਸਗੋਂ ਤੇਰਾ ਪਰਿਵਾਰ ਮੇਰਾ ਹੈ ਅਤੇ ਮੇਰਾ ਪਰਿਵਾਰ ਤੇਰਾ ਹੈ ਵਾਲੀ ਪਹੁੰਚ ਅਪਣਾਉਂਦੇ ਹੋਏ ਦੋਨੋ ਪਰਿਵਾਰਾਂ ਵਿਚ ਸੁਧਾਰਮਈ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕਰੋ।

ਜੇਕਰ ਅਸੀਂ ਉਪਰੋਕਤ ਨੁਕਤਿਆਂ ਨੂੰ ਅਪਣਾ ਲਈਏ ਤਾਂ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਹੋਵੇਗਾ ਕਿਉਂਕਿ ਪਤੀ ਪਤਨੀ ਇੱਕ ਦੂਜੇ ਦਾ ਅਨਿਖੜਵਾਂ ਅੰਗ ਹੁੰਦੇ ਹਨ। ਇਹਨਾਂ ਦੇ ਪਿਆਰ ਦਾ ਅਸਰ ਪਰਿਵਾਰ ਦੇ ਦੂਜੇ ਮੈਂਬਰਾਂ ਉਪਰ ਵੀ ਪੈਂਦਾ ਹੈ।ਪਤੀ ਪਤਨੀ ਦੇ ਪਿਆਰ ਵਿਚ ਜੀਵਨ ਬਸਰ ਕਰਨ ਨਾਲ ਸਮੱੁਚਾ ਘਰ ਇਕ ਜ਼ੰਨਤ ਬਣ ਜਾਵੇਗਾ। ਕੋਸ਼ਿਸ਼ ਕਰੋ ਕਿ ਤੁਹਾਡੇ ਜੀਵਨ ਦੀ ਫੁਲਵਾੜੀ ਖਿੜ੍ਹਦੀ ਰਹੇ, ਮਹਿਕਾਂ ਆਉਂਦੀਆਂ ਰਹਿਣ ਅਤੇ ਪਿਆਰ ਵਧਦਾ ਫੁਲਦਾ ਰਹੇ। ਫਿਰ ਹੀ ਅਸੀਂ ਇਹ ਕਹਿ ਸਕਾਂਗੇ ਕਿ ਤੁੰ ਗੜਬਾ ਤੇ ਮੈਂ ਤੇਰੀ ਡੋਰ ਵੇ ਮਾਹੀਆ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 23.10.2010)
(ਦੂਜੀ ਵਾਰ 28 ਅਕਤੂਬਰ 2021)

***
467
***

About the author

ਸਵਰਨਜੀਤ ਕੌਰ ਉਭਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ