ਅੰਬ ਨੂੰ ਚਾਹੇ ਫਲਾਂ ਦਾ ਰਾਜਾ ਕਹੋ ‘ਤੇ ਚਾਹੇ ਫਲਾਂ ਦਾ ਸਰਦਾਰ। ਇਹ ਗੱਲ ਪੱਕੀ ਹੈ ਕਿ ਅੰਬ ਦਾ ਨਾ ਸੁਣਦੇ ਸਾਰ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਅਤੇ ਇਸ ਨੂੰ ਖਾਣ ਲਈ ਜੀਅ ਕਰਨ ਲੱਗਦਾ ਹੈ। ਕਈ ਲੋਕ ਤਾਂ ਗਰਮੀ ਦੇ ਮੌਸਮ ਦੀ ਉਡੀਕ ਹੀ ਇਸ ਲਈ ਕਰਦੇ ਹਨ ਕਿ ਇਸ ਵਿੱਚ ਅੰਬ ਖਾਣ ਨੂੰ ਮਿਲੇਗਾ। ਲੋਕਾਂ ਦੇ ਇਸੇ ਸਵਾਦ ਦਾ ਫਾਇਦਾ ਚੁੱਕ ਕੇ ਤਾਂ ਕਈ ਕੰਪਨੀਆਂ ਨੇ ਅੰਬ ਦੇ ਸਵਾਦ ਵਾਲੇ ਕਈ ਪਿਆਓ ਬੋਤਲਾਂ ਵਿੱਚ ਭਰ ਕੇ ਬਜ਼ਾਰ ਵਿੱਚ ਘੱਲੇ ਹੋਏ ਹਨ। ਹੁਣ ਇਹ ਤਾਂ ਖੁਦਾ ਹੀ ਜਾਣਦਾ ਹੈ ਕਿ ਇਹਨਾਂ ਵਿੱਚ ਅਸਲ ਵਿੱਚ ਅੰਬ ਦਾ ਗੁੱਦਾ ਅਤੇ ਸਵਾਦ ਹੁੰਦਾ ਹੈ ਜਾਂ ਸਿਰਫ ਇਹ ਵੀ ਨਕਲੀ ਸਵਾਦ ਅਤੇ ਖੁਸ਼ਬੋ ਪਾ ਕੇ ਪੈਸਾ ਕਮਾਉਣ ਦਾ ਹੀ ਇੱਕ ਸਾਧਨ ਬਣਾਇਆ ਗਿਆ ਹੈ।ਅੱਜ ਸਾਡੇ ਕੋਲ ਅੰਬਾਂ ਦਾ ਇੱਕ ਲੰਬਾ ਚੌੜਾ ਪਰਿਵਾਰ ਹੈ। ਜਿਸ ਵਿੱਚ ਸਫੈਦਾ, ਲੰਗੜਾ, ਤੋਤਾ ,ਦਸਹਿਰੀ ਆਦਿ ਪ੍ਰਮੁੱਖ ਹਨ। ਪਰ ਕੇਸਰ, ਸੰਧੂਰੀ, ਗੋਲਾ, ਹਾਥੀ ਝੂਲ ਆਦਿ ਅੰਬ ਵੀ ਇਸ ਦੀਆਂ ਕਈ ਕਿਸਮਾਂ ਹਨ। ਉਂਞ ਅੰਬਾਂ ਦੀਆਂ ਬਹੁਤ ਜਿਆਦਾ ਕਿਸਮਾਂ ਹਨ। ਆਪਾਂ ਤਾਂ ਜਿਹੜੀਆਂ ਖਾਣ ਲਈ ਵਰਤਦੇ ਹਨ ਜਾਂ ਆਪਣੇ ਬਜ਼ਾਰਾਂ ਵਿੱਚ ਰੇਹੜੀਆਂ-ਹੱਟੀਆਂ ਤੇ ਵਿਕਣ ਲਈ ਆਉਂਦੀਆਂ ਹਨ ਉਹ ਤਾਂ ਪੰਜ ਸੱਤ ਕੁ ਹੀ ਹਨ। ਇਕ ਅਨੁਮਾਨ ਦੇ ਅਨੁਸਾਰ ਪੂਰੇ ਭਾਰਤ ਵਿੱਚ ਅੰਬਾਂ ਦੀਆਂ ਲਗਭਗ 1400 ਕਿਸਮਾਂ ਉਗਾਈਆਂ ਜਾਂਦੀਆਂ ਹਨ। ਇਹ ਸਾਰੇ ਅੰਬ ਗੁਣਾ ਦਾ ਖਜ਼ਾਨਾ ਤਾਂ ਹਨ ਹੀ, ਇਹਨਾਂ ਦਾ ਸਵਾਦ ਵੀ ਬਹੁਤ ਵਧੀਆ ਅਤੇ ਵਖਰੇਵਾਂ ਲਏ ਹੋਏ ਹੁੰਦੇ ਹਨ। ਅੰਬਾਂ ਦੀਆਂ ਸਾਰੀਆਂ ਕਿਸਮਾਂ ਦਾ ਸਵਾਦ ਵਧੀਆ ਹੀ ਹੁੰਦਾ ਹੈ। ਕੋਈ ਵੀ ਮਿਲ ਜਾਵੇ ਛੱਡਣ ਨੂੰ ਜੀਅ ਹੀ ਨਹੀਂ ਕਰਦਾ। ਹਰ ਸਾਲ ਸਾਡੇ ਇਲਾਕੇ ਵਿੱਚ ਵਿਕਣ ਦੇ ਲਈ ਜਿੰਨ੍ਹੀ ਵੀ ਕਿਸਮ ਦਾ ਅੰਬ ਆਉਂਦਾ ਹੈ ਮੈਂ ਉਹਨਾਂ ਵਿੱਚੋਂ ਲਗਭਗ ਹਰੇਕ ਦਾ ਸਵਾਦ ਜ਼ਰੂਰ ਚੱਖਦਾ ਹਾਂ। ਪਰ ਮੈਨੂੰ ਇਹਨਾਂ ਸਾਰੇ ਅੰਬਾਂ ਵਿੱਚੋਂ ਸੰਧੂਰੀ ਅੰਬ ਦਾ ਸਵਾਦ ਕੁਝ ਵੱਖਰਾ ਲੱਗਦਾ ਹੈ। ਹਰ ਸਾਲ ਹੀ ਦੁਕਾਨਦਾਰ ਨੂੰ, ਰੇੜੀ ਵਾਲੇ ਨੂੰ ਜਦੋਂ ਵੀ ਅੰਬ ਲੈਣ ਜਾਂਦਾ ਹਾਂ ਇਹ ਜ਼ਰੂਰ ਪੁੱਛਦਾ ਹਾਂ ਕਿ ਸੰਧੂਰੀ ਕਦੋਂ ਆਵੇਗਾ? ਜਾਂ ਸੰਧੂਰੀ ਜ਼ਰੂਰ ਲੈ ਕੇ ਆਈਂ। ਸੰਧੂਰੀ ਅੰਬ ਨੂੰ ਰਸਾਲੂ, ਭੇਦਾ ਰਸਾਲੂ ਅਤੇ ਚਪਤਾ ਰਸਾਲੂ (ਭਾਰਤ ਦੇ ਦੂਜੇ ਸੂਬਿਆਂ ‘ਚ) ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਿਸਮ ਪੱਕਣ ਵਿੱਚ ਥੋੜਾ ਜਿਹਾ ਜਿਆਦਾ ਸਮਾਂ ਲੈਂਦੀ ਹੈ ‘ਤੇ ਆਮ ਤੌਰ ਤੇ ਇਹ ਅਪ੍ਰੈਲ ਦੇ ਮਹੀਨੇ ਵਿੱਚ ਬਜ਼ਾਰ ਵਿੱਚ ਵਿਕਣ ਲਈ ਆ ਜਾਂਦਾ ਹੈ। ਇਸ ਦਾ ਗੁੱਦਾ ਰਸਦਾਰ ਹੁੰਦਾ ਹੈ ਤੇ ਥੋੜਾ ਜਿਹਾ ਖੱਟਾ ਅਤੇ ਮਿੱਠਾ ਹੁੰਦਾ ਹੈ। ਇਸ ਦਾ ਛਿਲਕਾ ਹਰਾ ਅਤੇ ਪੱਕਣ ਤੇ ਕੁਝ ਪੀਲਾ ਹੋ ਜਾਂਦਾ ਹੈ। ਇਸ ਵਿੱਚ ਲਾਲ ਰੰਗ ਦਾ ਧੱਬਾ ਵੀ ਹੁੰਦਾ ਹੈ। ਕਈ ਵਾਰ ਤਾਂ ਅੱਧਾ ਜਾਂ ਪੂਰਾ ਅੰਬ ਹੀ ਲਾਲ ਹੁੰਦਾ ਹੈ। ਪਰ ਅੰਦਰੋਂ ਇਹ ਅੰਬ ਬਿਲਕੁਲ ਸੁਰਖ ਪੀਲਾ ਹੁੰਦਾ ਹੈ। ਉਂਞ ਸੰਧੂਰੀ, ਸਫੈਦੇ ਵਰਗਾ ਬਹੁਤਾ ਗੁੱਦੇਦਾਰ ਤਾਂ ਨਹੀਂ ਹੁੰਦਾ ਪਰ ਦਸਹਿਰੀ ਵਾਂਙ ਉਸਦੇ ਆਕਾਰ ਵਰਗਾ (ਪਰ ਲੰਬਾਈ ਘੱਟ) ਹੀ ਹੁੰਦਾ ਹੈ। ਪਰ ਸਵਾਦ ਦੁਸਹਿਰੀ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਦਸਹਿਰੀ ਬਾਰੇ ਕਈ ਲੋਕ ਕਹਿ ਦਿੰਦੇ ਹਨ ਕਿ ਮਿੱਠਾ ਬਹੁਤ ਜਿਆਦਾ ਹੁੰਦਾ ਹੈ। ਸੰਧੂਰੀ ਮਿੱਠੇ ਦੇ ਨਾਲ ਨਾਲ ਖੱਟਾ ਵੀ ਹੁੰਦਾ ਹੈ ਤੇ ਖਟ-ਮਿਠਾ ਬਣ ਜਾਣ ਦੇ ਕਾਰਨ ਇਸ ਦਾ ਸਵਾਦ ਆਮ-ਪਾਪੜ ਵਰਗਾ ਲੱਗਦਾ ਹੈ। ਜਿਸ ਨੂੰ ਖਾਣ ਦਾ ਜੀਅ ਬਾਰ-ਬਾਰ ਕਰਦਾ ਹੈ। ਕਿਸੇ ਸਮੇਂ ਹੁਸ਼ਿਆਰਪੁਰ, ਨੰਗਲ ਅਤੇ ਨਾਲ ਲੱਗਦੇ ਹਿਮਾਚਲ ਦੇ ਖੇਤਰ ਵਿੱਚ ਇਹ ਕਾਫੀ ਮਿਕਦਾਰ ਵਿੱਚ ਪਾਇਆ ਜਾਂਦਾ ਸੀ। ਪਰ ਤਰੱਕੀ ਦੀ ਚੱਲੀ ਅਖੌਤੀ ਹਨੇਰੀ ਨੇ ਇਸ ਇਲਾਕੇ ਵਿਚਲੇ ਸਾਰੇ ਬਾਗ ਹੀ ਉਜਾੜ ਕੇ ਰੱਖ ਦਿੱਤੇ ਹਨ। ਹੁਣ ਤਾਂ ਇਸ ਇਲਾਕੇ ਵਾਲੇ ਲੋਕ ਖੁਦ ਵੀ ਅੰਬਾਂ ਨੂੰ ਤਰਸਣ ਲੱਗ ਪਏ ਹਨ। ਓਦਾਂ ਇਸ ਦੀ ਵਧੀਆ ਤੇ ਮਿਆਰੀ ਫਸਲ ਜਿਆਦਾਤਰ ਕਰਨਾਟਕ ਵਿੱਚ ਉਗਾਈ ਜਾਂਦੀ ਹੈ। ਬਾਜ਼ਾਰ ਵਿੱਚ ਮਿਲਣ ਵਾਲਾ ਜਿਆਦਾਤਰ ਸੰਧੂਰੀ ਕਰਨਾਟਕਾ ਦਾ ਹੀ ਹੁੰਦਾ ਹੈ। ਇਸ ਅੰਬ ਵਿੱਚੋਂ ਬਹੁਤ ਹੀ ਮਨ ਨੂੰ ਟੁੰਬਣ ਵਾਲੀ ਖੁਸ਼ਬੂ ਆਉਂਦੀ ਹੈ। ਜੋ ਅੰਬ ਦੇ ਪੂਰੇ ਪੱਕ ਜਾਣ ਤੇ ਲਾਜਵਾਬ ਹੋ ਜਾਂਦੀ ਹੈ। ਜਿਹੜੀ ਚਿਰਾਂ ਤੱਕ ਸਾਡੇ ਜਿਹਨ ਵਿੱਚ ਚੱਕਰ ਕੱਢਦੀ ਰਹਿੰਦੀ ਹੈ। ਹਲਕੀ ਮਿਠਾਸ ਨਾਲ ਖੱਟਾਸ ਅਤੇ ਖਾਸ ਖੁਸ਼ਬੂ ਅਤੇ ਸਵਾਦ ਦੇ ਕਾਰਨ ਇਸ ਲੰਬੇ ਸਮੇਂ ਤੱਕ ਜ਼ੁਬਾਨ ਰਸੀਲੀ ਕਰਦਾ ਰਹਿੰਦਾ ਹੈ। ਇਸ ਦੀ ਜਿਆਦਾਤਰ ਵਰਤੋਂ ਮੈਂਗੋ ਸ਼ੇਕ ਬਣਾਉਣ ਵਿੱਚ ਕੀਤੀ ਜਾਂਦੀ ਹੈ। ਪਰ ਕੱਟ ਕੇ ਖਾਣ ‘ਚ ਵੀ ਇਹ ਲਾਜਵਾਬ ਲਗਦਾ ਹੈ। ਮੈਂ ਤਾਂ ਹਰ ਵਾਰ ਕੱਟ ਕੇ ਹੀ ਖਾਂਦਾ ਹਾਂ। ਇਕ ਪੀਸ ਸੰਧੂਰੀ ਅੰਬ ਜਿਹੜਾ ਕਿ ਲਗਭਗ 100 ਗ੍ਰਾਮ ਦੇ ਨੇੜੇ-ਤੇੜੇ ਜਿਹਾ ਹੁੰਦਾ ਹੈ, ਦੇ ਵਿੱਚ 65 ਕੈਲੋਰੀ ਊਰਜਾ ਹੁੰਦੀ ਹੈ ਲਗਭਗ ਡੇਢ ਗ੍ਰਾਮ ਫਾਈਬਰ ਅਤੇ 15 ਗਰਾਮ ਖੰਡ ਹੁੰਦੀ ਹੈ। ਆਧੁਨਿਕ ਖੋਜਾਂ ਅਨੁਸਾਰ ਇਸ ’ਚ ਵਿਟਾਮਿਨ ਏ ਅਤੇ ਸੀ ਅਤੇ ਕੁੱਝ ਮਾਤਰਾ ’ਚ ਵਿਟਾਮਿਨ ਬੀ ਅਤੇ ਡੀ ਵੀ ਪਾਇਆ ਜਾਂਦਾ ਹੈ। ਜ਼ਿਆਦਾਤਰ ਸੁਕਰੋਜ਼ ਖੰਡ ਹੀ ਹੁੰਦੀ ਹੈ, ਜੋ ਇਸ ਦੇ ਖਾਣਯੋਗ ਹਿੱਸੇ ਭਾਵ ਗੁੱਦੇ ਦਾ 10-15 ਫ਼ੀਸਦੀ ਤੱਕ ਹੁੰਦੀ ਹੈ । ਫਰਕਟੋਜ਼ ਖੰਡ ਦੀ ਮਾਤਰਾ ਕੁੱਲ ਖੰਡ ਦਾ 35 ਫੀਸਦੀ ਹੁੰਦੀ ਹੈ। ਗਲੂਕੋਜ ਅਤੇ ਹੋਰ ਵੱਖ-ਵੱਖ ਕਿਸਮ ਦੀਆਂ ਖੰਡਾਂ ਵੀ ਹੁੰਦੀਆਂ ਹਨ। ਇਸ ’ਚ ਟਾਰਟੈਰਿਕ ਐਸਿਡ, ਮੇਲਿਕ ਐਸਿਡ ਅਤੇ ਥੋੜੀ ਜਿਹੀ ਮਿਕਦਾਰ ’ਚ ਸਿਟਰਿਕ ਐਸਿਡ ਵੀ ਪਾਇਆ ਜਾਂਦਾ ਹੈ ਜੋ ਇਸਨੂੰ ਖਟਾਸ ਦਿੰਦਾ ਹੈ। ਇਸ ਦੇ ਨਾਲ਼ ਨਾਲ਼ ਇਸ ’ਚ ਪ੍ਰੋਟੀਨ 9.6, ਫੈਟ 0.1, ਖਣਿਜ ਪਦਾਰਥ 0.3, ਫਾਸਫੋਰਸ 0.02 ਅਤੇ ਅਲੌਹ ਪਦਾਰਥ 0.3 ਫ਼ੀਸਦੀ ਹੁੰਦੇ ਹਨ। ਇਸ ’ਚ ਨਮੀ ਦੀ ਮਿਕਦਾਰ 86 ਫ਼ੀਸਦੀ ਹੁੰਦੀ ਹੈ। ਸਾਨੂੰ ਜਿੰਨੇ ਵਿਟਾਮਿਨ ਏ ਦੀ ਲੋੜ ਹੁੰਦੀ ਹੈ ਉਸ ਦਾ ਲਗਭਗ 15 ਪ੍ਰਤੀਸ਼ਤ ਇੱਕ ਪੀਸ ਸੰਧੂਰੀ ਅੰਬ ਵਿੱਚੋਂ ਮਿਲ ਜਾਂਦਾ ਹੈ। ਰੋਜ਼ਾਨਾ ਲੋੜ ਦਾ 4 ਫੀਸਦੀ ਵਿਟਾਮਿਨ ਸੀ ਵੀ ਇਸ ਚੋਂ ਮਿਲ ਜਾਂਦਾ ਹੈ। ਇਹ ਖਣਿਜ ਪਦਾਰਥਾਂ ਦਾ ਵੀ ਚੰਗਾ ਸ੍ਰੋਤ ਹੈ। ਇਸਦੇ 100 ਗ੍ਰਾਮ ਗੁੱਦੇ ’ਚ 11 ਮਿਲੀਗ੍ਰਾਮ ਕੈਲਸ਼ੀਅਮ, 0.16 ਮਿਲੀਗ੍ਰਾਮ ਆਇਰਨ, 10 ਮਿਲੀਗ੍ਰਾਮ ਮੈਗਨੀਸ਼ੀਅਮ, 0.063 ਮਿਲੀਗ੍ਰਾਮ ਮੈਗਨੀਜ਼, 14 ਮਿਲੀਗ੍ਰਾਮ ਫਾਸਫੋਰਸ, 168 ਮਿਲੀਗ੍ਰਾਮ ਪੋਟਾਸ਼ੀਅਮ, 1 ਮਿਲੀਗ੍ਰਾਮ ਸੋਡੀਅਮ ਅਤੇ 0.09 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ। ਕਿਉਂਕਿ ਅੰਬ ਦੀ ਇਸ ਕਿਸਮ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਸ ਲਈ ਇਹ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਜਾਣਕਾਰ ਅਤੇ ਮਾਹਰ ਦੱਸਦੇ ਹਨ ਕਿ ਆਮ ਅੰਬਾਂ ਤੋਂ ਉਲਟ ਅੰਬ ਦੀ ਇਸ ਕਿਸਮ ਵਿੱਚ ਤਸੀਰ ਦਾ ਫਰਕ ਹੁੰਦਾ ਹੈ। ਇਸ ਵਿੱਚ ਢਿੱਡ ਨੂੰ ਠੰਡਾ ਰੱਖਣ ਦੀ ਤਾਕਤ ਹੁੰਦੀ ਹੈ। ਇਸੇ ਲਈ ਇਹ ਡੀ-ਹਾਈਡਰੇਸ਼ਨ(ਪਾਣੀ ਦੀ ਕਮੀ) ਅਤੇ ਲੂ ਲੱਗਣ ‘ਤੇ ਹੋਣ ਬਾਰੇ ਇਲਾਜ ਵਿੱਚ ਵਰਤਿਆ ਜਾਂਦਾ ਹੈ। ਇਹ ਇਮਿਊਨਿਟੀ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਸਿਰਫ ਇਹ ਹੀ ਨਹੀਂ, ਇਹ ਪਾਚਨ ਨੂੰ ਦਰੁਸਤ ਕਰਨ, ਸਿਹਤਮੰਦ ਚਮੜੀ ਅਤੇ ਵਾਲਾਂ ਨੂੰ ਨਰੋਆ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।ਆਓ ਗਰਮੀ ਦੀ ਇਸ ਰੁੱਤੇ ਅੰਬਾਂ ਦੀਆਂ ਵੱਖ ਵੱਖ ਕਿਸਮਾਂ ਦੇ ਨਾਲ ਨਾਲ ਇਸ ਸੰਧੂਰੀ ਅੰਬ ਦੇ ਸਵਾਦ ਦਾ ਵੀ ਨਜ਼ਾਰਾ ਲਈਏ ਅਤੇ ਇਸ ਨੂੰ ਚਟਕਾਰੇ ਲੈ ਲੈ ਕੇ ਖਾਈਏ। 2. ਅੰਬ, ਵੱਡਿਆਂ ਦੀਆਂ ਗੱਲਾਂ ਦਾ ਵਿਗਿਆਨ ਅਤੇ ਗੁਠਲੀ ਚੂਪਣ ਦਾ ਸਵਾਦ ਜਦੋਂ ਤੋਂ ਸੁਰਤ ਸੰਭਾਲੀ ਹੈ ਅਤੇ ਜਦੋਂ ਦਾ ਅੰਬ ਦਾ ਸਵਾਦ ਚਖਿਆ ਹੈ ਉਸ ਵੇਲੇ ਤੋਂ ਹੀ ਹਰ ਗਰਮੀਆਂ ਵਿੱਚ ਅੰਬ ਖਾਣ ਲਈ ਜੀਅ ਲਲਚਾਉਣ ਲੱਗਦਾ ਹੈ। ਗਰਮੀਆਂ ਉਂਞ ਤਾਂ ਮੈਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਇਹਨਾਂ ਵਿੱਚ ਮੱਖੀ ਮੱਛਰ ਵਗੈਰਾ ਆ ਜਾਂਦੇ ਹਨ। ਸਿਰਫ ਆਉਂਦੇ ਹੀ ਨਹੀਂ, ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦੇ ਹਨ। ਹੁਣ ਤਾਂ ਸਮਾਂ ਬਦਲ ਗਿਆ ਹੈ ਕੂਲਰਾਂ, ਏਸੀਆਂ, ਇਨਵਰਟਰਾਂ ਦਾ ਆ ਗਿਆ ਹੈ। ਪਰ ਪਹਿਲੇ ਸਮਿਆਂ ਵਿੱਚ ਇਹ ਚੀਜ਼ਾਂ ਕਿੱਥੇ ਹੁੰਦੀਆਂ ਸਨ? ਗਰਮੀ ਦੇ ਦਿਨਾਂ ਵਿੱਚ ਬਿਜਲੀ ਵੀ ਚਲੀ ਜਾਂਦੀ ਸੀ ਅਤੇ ਸਰੀਰ ਪਸੀਨੇ ਨਾਲ ਲੱਥ ਪੱਥ ਹੋ ਜਾਂਦਾ ਸੀ। ਪਰ ਫਿਰ ਵੀ ਇੰਨ੍ਹਾਂ ਕੁਝ ਹੁੰਦੇ ਹੋਏ ਵੀ ਮੈਨੂੰ ਗਰਮੀਆਂ ਇਸ ਲਈ ਚੰਗੀਆਂ ਲੱਗਦੀਆਂ ਸਨ ਕੀ ਇਸ ਵਿੱਚ ਇੱਕ ਸਵਾਦ-ਦਾਰ ਚੀਜ਼, ਜਿਸ ਨੂੰ ਅੰਬ ਕਿਹਾ ਜਾਂਦਾ ਹੈ, ਖਾਣ ਨੂੰ ਮਿਲਦੀ ਸੀ ਅਤੇ ਹੈ। ਜਿਸ ਦਿਨ ਮੇਰੇ ਪਿਤਾ ਜੀ ਸ੍ਰੀ ਜੈ ਪ੍ਰਕਾਸ਼ ਝਾਂਜੀ ਅੰਬ ਲੈ ਕੇ ਆਉਂਦੇ ਸਨ ਤਾਂ ਉਹਨਾਂ ਨੇ ਕਹਿਣਾ ਰੋਟੀ ਨਾਲ ਖਾਵਾਂਗੇ। ਪਹਿਲਾਂ ਇਹਨਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਠੰਡੇ ਹੋ ਜਾਣਗੇ। ਪਿਤਾ ਜੀ ਨੂੰ ਦਸਹਿਰੀ ਅੰਬ ਬਹੁਤ ਪਸੰਦ ਸੀ। ਮੈਨੂੰ ਸਫੈਦਾ ਅੰਬ ਉਸ ਵੇਲੇ ਜਿਆਦਾ ਵਧੀਆ ਲਗਦਾ ਸੀ ਕਿਉਂਕਿ ਇਸ ਵਿੱਚ ਗੁੱਦਾ ਬਹੁਤ ਹੁੰਦਾ ਹੈ। ਪਰ ਅੱਜ ਮੈਨੂੰ ਸੰਧੂਰੀ ਜਿਆਦਾ ਮਜ਼ੇਦਾਰ ਲੱਗਦਾ ਹੈ। ਮਾਤਾ ਜੀ ਨੇ ਇਹਨਾਂ ਅੰਬਾਂ ਨੂੰ ਬਾਲਟੀ ਵਿੱਚ ਪਾਣੀ ਲੈ ਕੇ ਉਸ ਦੇ ਵਿੱਚ ਡੋਬ ਦੇਣਾ। ਅਸੀਂ ਇਹ ਸੋਚੀ ਜਾਣਾ ਕਿ ਕਦੋਂ ਰੋਟੀ ਬਣੇਗੀ ਅਤੇ ਕਦੋਂ ਇਸ ਨਾਲ ਅੰਬ ਖਾਣ ਨੂੰ ਮਿਲਣਗੇ। ਉਸ ਵੇਲੇ ਅਸੀਂ ਸੋਚਣਾ ਕਿ ਆਖਿਰ ਇਹਨਾਂ ਨੂੰ ਪਾਣੀ ਵਿੱਚ ਭਿਓਂ ਕੇ ਕਿਉਂ ਰੱਖਣਾ ਹੈ। ਇਸ ਨਾਲ ਕੀ ਹੋਵੇਗਾ? ਬਜੁਰਗਾਂ ਵੱਲੋਂ ਪਾਈਆਂ ਰਵਾਇਤਾਂ ਨੂੰ ਅੱਜ ਚਾਹੇ ਅਸੀਂ ਵਹਿਮਾਂ-ਭਰਮਾ ਨਾਲ ਜੋੜ ਦਿੰਦੇ ਹਾਂ ਜਾਂ ਕਹਿ ਦਿੰਦੇ ਹਾਂ ਕਿ ਐਵੇਂ ਵਾਧੂ ਗੱਲਾਂ ਹਨ? ਅੱਜ ਇਸ ਗੱਲ ਨੂੰ ਬੀਤਿਆ ਬਹੁਤ ਸਮਾਂ ਹੋ ਗਿਆ ਹੈ। ਹੁਣ ਜਾ ਕੇ ਇਹ ਪਤਾ ਲੱਗਦਾ ਹੈ ਕਿ ਪਾਣੀ ਵਿੱਚ ਕਿਉਂ ਡਬੋਇਆ ਜਾਂਦਾ ਹੈ ਅਤੇ ਇਸ ਨੂੰ ਰੋਟੀ ਨਾਲ ਖਾਣ ਲਈ ਕਿਉਂ ਤਰਜੀਹ ਦਿੱਤੀ ਜਾਂਦੀ ਹੈ। ਆਖਿਰ ਇਸ ਪਿਛੇ ਵੀ ਵਿਗਿਆਨ ਹੈ। ਅਸਲ ਵਿੱਚ ਅੰਬ ਤਸੀਰ ਦਾ ਗਰਮ ਮੰਨਿਆ ਜਾਂਦਾ ਹੈ। ਇਸਦੀ ਗਰਮੀ ਨਾਲ ਚਮੜੀ ਤੇ ਰੈਸ਼ਿਜ਼ ਪੈ ਸਕਦੇ ਹਨ ਅਤੇ ਲਾਗ ਵੀ ਲਗ ਸਕਦੀ ਹੈ, ਜਿਗਰ ਵਿੱਚ ਗਰਮੀ ਪੈ ਜਾਂਦੀ ਹੈ। ਪਾਣੀ ਵਿੱਚ ਡਬੋ ਕੇ ਰੱਖਣ ਨਾਲ ਇਹ ਕੁਝ ਠੰਡਾ ਹੋ ਜਾਂਦਾ ਹੈ। ਦੂਜਾ ਪਾਣੀ ਵਿੱਚ ਡਬੋ ਕੇ ਰੱਖਣ ਦੇ ਨਾਲ ਇਸ ਉੱਤੇ ਲੱਗਿਆ ਰਸ, ਘਟਾ ਜਾਂ ਜੇ ਕੁਝ ਛੜਕਾਓ ਆਦਿ ਕੀਤਾ ਹੋਇਆ ਹੈ, ਉਹ ਲਹਿ ਜਾਂਦਾ ਹੈ। ਕਈ ਲੋਕ ਇਸ ਦਾ ਇੱਕ ਹੋਰ ਕਾਰਨ ਵੀ ਦੱਸਦੇ ਹਨ ਕਹਿੰਦੇ ਹਨ ਕਿ ਅੰਬ ਵਿੱਚ ਇੱਕ ਫਾਈਟਿਕ ਐਸਿਡ ਨਾਂ ਦਾ ਤੇਜ਼ਾਬ ਹੁੰਦਾ ਹੈ। ਜਿਹੜਾ ਸਰੀਰ ਵਿੱਚ ਜਾ ਕੇ ਕਈ ਤੱਤਾਂ ਨੂੰ ਜ਼ਜਬ ਹੋਣ ਤੋਂ ਰੋਕਦਾ ਹੈ। ਜੇ ਅਸੀਂ ਇਸ ਨੂੰ ਪਾਣੀ ਵਿੱਚ ਭਿਓ ਦਿੰਨੇ ਹਾਂ ਤਾਂ ਇਹ ਕਾਫੀ ਮਾਤਰਾ ਵਿੱਚ ਪਹਿਲਾਂ ਹੀ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਇਹ ਤੇਜਾਬ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ। ਰੋਟੀ ਨਾਲ ਇਸ ਨੂੰ ਖਾਣ ਦਾ ਵੀ ਇੱਕ ਕਾਰਨ ਹੈ ਅਸੀਂ ਜਿਹੜਾ ਵੀ ਖਾਣਾ ਖਾਂਦੇ ਹਾਂ ਅਸਲ ਵਿੱਚ ਉਸ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ ਪਰ ਅੰਬ ਵਿੱਚ ਫਾਈਬਰ ਜਿਆਦਾ ਮਾਤਰਾ ਵਿੱਚ ਨਹੀਂ ਹੁੰਦਾ ਇਸ ਲਈ ਜੇ ਇਸ ਨੂੰ ਕੱਲਾ ਜਿਆਦਾ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਹ ਪਾਚਨ ਵਿੱਚ ਸੁਧਾਰ ਕਰਨ ਦੀ ਬਜਾਏ ਪਾਚਨ ਨੂੰ ਵਿਗਾੜ ਦਿੰਦਾ ਹੈ ਇਸ ਲਈ ਜੇਕਰ ਅਸੀਂ ਇਸ ਨੂੰ ਫਾਈਬਰ ਵਾਲੀ ਕਿਸੇ ਚੀਜ਼ ਭਾਵ ਖਾਣੇ ਦੇ ਨਾਲ ਖਾਂਦੇ ਹਾਂ ਤਾਂ ਇਹ ਚੰਗਾ ਨਤੀਜਾ ਦਿੰਦਾ ਹੈ। ਭਿਓਂ ਕੇ ਰੱਖੇ ਅੰਬ ਨੂੰ ਕੱਟ ਕੇ ਖਾਣ ਨਾਲ ਇਸ ਵਿਚਲੇ ਪੋਸ਼ਕ ਤੱਤਾਂ ਦੇ ਸ਼ਰੀਰ ਚ ਜ਼ਜਬ ਹੋਣ ਦੀ ਦਰ ਵੀ ਵਧ ਜਾਂਦੀ ਹੈ। ਰੋਟੀ ਪਰੋਸਣ ਦੇ ਨਾਲ ਹੀ ਮਾਂ ਨੇ ਅੰਬ ਕੱਟ ਦੇਣੇ। ਇਸ ਦੌਰਾਨ ਅਸੀਂ ਇਹ ਸੋਚੀ ਜਾਣਾ ਕਿ ਮਾਂ ਅੰਬ ਕੱਟਣ ਵਿੱਚ ਇੰਨ੍ਹੀ ਦੇਰ ਕਿਉਂ ਲਗਾ ਰਹੀ ਹੈ? ਕਿਉਂਕਿ ਧਿਆਨ ਅਤੇ ਮਨ ਰੋਟੀ ਖਾਣ ਵਿੱਚ ਨਹੀਂ ਅੰਬ ਖਾਣ ਵਿੱਚ ਹੁੰਦਾ ਸੀ। ਮਾਂ ਵੱਲੋਂ ਕੱਟੇ ਅੰਬ ਦੀਆਂ ਫਾੜੀਆਂ ਤਾਂ ਦਵਾ ਦਵ (ਫਟਾਫਟ) ਖਾ ਲੈਣੀਆਂ ਪਰ ਜਿਹੜੀ ਗੁਠਲੀ ਹੁੰਦੀ ਸੀ ਨਾ, ਉਸ ਨੂੰ ਖਾਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਗੁਠਲੀ ਉੱਤੋਂ ਸਾਰਾ ਗੁੱਦਾ ਖਾਣ ਤੋਂ ਬਾਅਦ ਵੀ ਗੁਠਲੀ ਨੂੰ ਕਾਫੀ ਦੇਰ ਤੱਕ ਚੂਸੀ ਜਾਣਾ ਦਿਲ, ਦਿਮਾਗ ਅਤੇ ਜੀਭ ਨੂੰ ਨਜ਼ਾਰਾ ਦਿੰਦਾ ਸੀ। ਕਿੰਨੀ ਕਿੰਨੀ ਦੇਰ ਚੂਪੇ ਅੰਬ ਦਾ ਨਜ਼ਾਰਾ ਗੁਠਲੀ ਵਿੱਚੋਂ ਆਉਂਦਾ ਰਹਿੰਦਾ ਸੀ। ਜੇਕਰ ਅੰਬ ਰੇਸ਼ੇਦਾਰ ਹੋਣਾ, ਜਿਵੇਂ ਲੰਗੜਾ ਅੰਬ ਹੁੰਦਾ ਹੈ, ਤਾਂ ਉਸਦੇ ਰੇਸ਼ਿਆਂ ਨੇ ਦੰਦਾਂ ਵਿੱਚ ਫਸ ਜਾਣਾ ਅਤੇ ਫਿਰ ਉਸ ਨੇ ਕਿੰਨੀ ਕਿੰਨੀ ਦੇਰ ਮੂੰਹ ਵਿੱਚ ਸਵਾਦ ਬਣਾਈ ਰੱਖਣਾ। ਇਹ ਸਭ ਕੁਝ ਬਹੁਤ ਨਜ਼ਾਰੇਦਾਰ ਲੱਗਦਾ ਸੀ। ਅੰਬ ਖਾਣ ਉਪਰੰਤ ਮਾਂ ਨੇ ਕੱਚੀ ਲੱਸੀ ਵੀ ਬਣਾ ਦੇਣੀ। ਕਹਿੰਦੇ ਹੁੰਦੇ ਸਨ ਕਿ ਅੰਬ ਤੋਂ ਬਾਦ ਇਹ ਜਰੂਰ ਪੀਅਦੀ ਹੈ। ਇਸ ਪਿਛੇ ਵੀ ਵਿਗਿਆਨ ਹੈ। ਕੱਚੀ ਲੱਸੀ ਸੀ ਤਾਸੀਰ ਠੰਡੀ ਮੰਨੀ ਜਾਂਦੀ ਹੈ ਜੋ ਅੰਬ ਦੀ ਗਰਮ ਤਾਸੀਰ ਨੂੰ ਸਮ (ਬਰਾਬਰ) ਕਰ ਦਿੰਦੀ ਹੈ। ਜਿਸ ਕਾਰਨ ਅੰਬ ਦਾਖਲਾ (ਨੁਕਸਾਨ) ਨਹੀਂ ਕਰਦਾ। ਮੇਰੇ ਪਿਤਾ ਜੀ ਦੇ ਇੱਕ ਦੋਸਤ ਹੋਇਆ ਕਰਦੇ ਸਨ ਅਸੀਂ ਉਹਨਾਂ ਨੂੰ ਰਾਜ ਅੰਕਲ ਕਿਹਾ ਕਰਦੇ ਹਾਂ। ਉਹ ਬਲਾਚੌਰ ਨੇੜਲੇ ਪਿੰਡ ਥੋਪੀਆ ਦੇ ਵਸਨੀਕ ਹਨ। ਰਹਿੰਦੇ ਤਾਂ ਉਹ ਇੱਥੇ ਸਾਡੇ ਨੇੜੇ ਮੁੱਲਾਂਪੁਰ ਵਿਖੇ ਹੀ ਸਨ। ਇਹਨਾਂ ਦਿਨਾਂ ਵਿੱਚ ਉਹਨਾਂ ਨੇ ਜਦੋਂ ਵੀ ਆਪਣੇ ਪਿੰਡ ਥੋਪੀਆ ਜਾਣਾ ਤਾਂ ਇੱਕ ਗੱਟੂ ਭਰ ਕੇ ਚੂਪਣ ਵਾਲੇ ਅੰਬਾਂ ਦਾ ਲੈ ਆਉਣਾ। ਉਹ ਆਖਦੇ ਹੁੰਦੇ ਸਨ ਕਿ ਸਾਡੇ ਤਾਂ ਇਹ ਬਹੁਤ ਲੱਗੇ ਹੋਏ ਹਨ। ਉਹ ਅੰਬ ਸਾਈਜ਼ ਵਿੱਚ ਛੋਟੇ ਜਰੂਰ ਹੁੰਦੇ ਸਨ ਪਰ ਮਿੱਠੇ ਬੜੇ ਹੁੰਦੇ ਸਨ। ਮਾਂ ਨੇ ਉਹਨਾਂ ਅੰਬਾਂ ਨੂੰ ਬਾਲਟੀ ਵਿੱਚ ਪਾ ਦੇਣਾ। ਅਸੀਂ ਹਰ ਗੇੜੇ ਆਉਣਾ ਇੱਕ ਅੰਬ ਬਾਲਟੀ ਵਿੱਚੋਂ ਕੱਢਣਾ ਅਤੇ ਚੂਪਣਾ ਫਿਰ ਉਸ ਚੋਂ ਗੁਠਲੀ ਅਲੱਗ ਕੱਢ ਲੈਣੀ ਉਸ ਨੂੰ ਚੂਸੀ ਜਾਣਾ। ਅੱਜ ਚਾਹੇ ਲੋਕਾਂ ਕੋਲ ਪੈਸੇ ਦੀ ਬਹੁਤਾਤ ਹੋ ਗਈ ਹੈ। ਅੰਬ ਵੀ ਬਾਜ਼ਾਰਾਂ ਵਿੱਚ ਆਮ ਹੀ ਆ ਜਾਂਦੇ ਹਨ। ਆਉਂਦੇ ਵੀ ਦੂਰ ਦੂਰ ਦੇ ਸੂਬਿਆਂ ਤੋਂ ਹਨ। ਕਈ ਦੁਕਾਨਦਾਰ ਤੇ ਰੇੜੀ ਵਾਲੇ ਤਾਂ ਕਹਿੰਦੇ ਵਿਦੇਸ਼ੀ ਅੰਬ ਵੀ ਵੇਚੀ ਜਾਂਦੇ ਹਨ। ਪਰ ਜੋ ਨਜ਼ਾਰਾ ਉਹਨਾਂ ਅੰਬਾਂ ਦਾ ਸੀ ਉਹਨਾਂ ਸਮਿਆਂ ਦਾ ਸੀ। ਉਹ ਅੱਜ ਵੀ ਯਾਦ ਆਉਂਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000