27 April 2024

ਅਤਿ ਸੰਵੇਦਨਸ਼ੀਲ ਸ਼ਾਇਰਾ ਹਰਪ੍ਰੀਤ ਕੌਰ ਧੂਤ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ
“ਅਦੀਬ ਸਮੁੰਦਰੋਂ ਪਾਰ ਦੇ” ਦੀ (21 ਨਬੰਵਰ 2021 ਨੂੰ) 63ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਅਤਿ ਸੰਵੇਦਨਸ਼ੀਲ ਸ਼ਾਇਰਾ ਹਰਪ੍ਰੀਤ ਕੌਰ ਧੂਤ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਹਰਪ੍ਰੀਤ ਕੌਰ ਧੂਤ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਹਰਪ੍ਰੀਤ ਕੌਰ ਧੂਤ ਦੀ ਪਹਿਲੀ ਕਾਵਿ-ਪੁਸਤਕ ‘ਦਹਿਲੀਜ਼ ਦੇ ਆਰ-ਪਾਰ’ ’ਚੋਂ ‘ਰਿਸ਼ਤਿਆਂ ਦੀ ਦੌੜ’ ਨਾਮੀ ਕਵਿਤਾ ਸਾਂਝੀ ਕਰਕੇ ਗੱਲ ਅੱਗੇ ਕਰਦੇ ਹਾਂ। ਕਵਿਤਾ ਹੈ:-

ਰਿਸ਼ਤਿਆਂ ਦੀ ਦੌੜ ਵਿੱਚ
ਆਦਮੀ ਦਾ ਰੋਲ
ਇੱਕ ਸੱਪ ਵਰਗਾ
ਕਈ ਵਾਰ ਤਾਂ ਇਹ
ਆਹਟ ਸੁਣ ਕੇ ਹੀ
ਘਬਰਾ ਜਾਂਦਾ ਏ
ਤੇ ਕਈ ਵਾਰ
ਆਹਟ ’ਤੇ ਫ਼ਨ ਉਠਾ ਲੈਂਦਾ ਏ
ਬਹੁਤ ਵਾਰ
ਇਹ ਹੌਲੀ ਹੌਲੀ ਤੁਰਦਾ
ਲੰਬੇ ਪੈਂਡੇ ਤੈਅ ਕਰਦਾ ਏ
ਤੇ ਕਈ ਵਾਰ ਰਾਹਾਂ ਵਿਚ ਹੀ
ਲੜਖੜਾ ਜਾਂਦਾ ਏ
ਕਈ ਵਾਰ
ਆਪਣਿਆਂ ਲਈ ਮਰ ਜਾਂਦਾ ਏ
ਤੇ ਕਈ ਵਾਰ
ਆਪਣਿਆਂ ਦੇ ਹੀ ਲੜ ਜਾਂਦਾ ਏ। (ਪੰਨਾ-29)

ਹਰਪ੍ਰੀਤ ਕੌਰ ਧੂਤ ਦੀ ਇਸ ਕਵਿਤਾ ਵਾਲੇ ਕਾਵਿ-ਸੰਗ੍ਰਹਿ ਦੀ ਭੂਮਿਕਾ ਲਿਖਦਿਆਂ ਡਾ. ਮੋਹਨ ਤਿਆਗੀ ਨੇ ਹਰਪ੍ਰਤੀ ਕੌਰ ਧੂਤ ਨੂੰ ਇੱਕ ਅਤਿ ਸੰਵੇਦਨਸ਼ੀਲ ਸ਼ਾਇਰਾ ਕਿਹਾ ਹੈ।

ਨਿਰਸੰਦੇਹ ਕਿਸੇ ਕਵੀ/ਸ਼ਾਇਰ/ਸਾਹਿਤਕਾਰ ਦਾ ਸੰਵੇਦਨਸ਼ੀਲ ਹੋਣਾ ਸੁਭਾਵਿਕ ਹੈ ਕਿਉਂਕਿ ਸੰਵੇਦਨਾ ਤੋਂ ਬਿਨਾਂ ਤਾਂ ਸਿਰਜਣਾ ਹੋ ਹੀ ਨਹੀਂ ਸਕਦੀ। ਪਰ ਅਤਿ ਸੰਵੇਦਨਸ਼ੀਲ ਹੋਣਾ ਹੋਰ ਵੀ ਸੂਖਮਤਾ ਦਾ, ਡੂੰਘੀ ਅੰਤਰਦ੍ਰਿਸ਼ਟੀ ਦਾ ਲਖਾਇਕ ਹੈ। ਸੰਵੇਦਨਸ਼ੀਲਤਾ ਤੇ ਸੂਖਮਤਾ ਦੀ, ਅਹਿਸਾਸਪੱਧਰਤਾ ਤੇ ਬਰੀਕਬੀਨੀ ਦੀ ਇੱਕ ਆਪਸੀ ਅੰਤਰੀਵੀ ਪੀਢੀ ਗੰਢ ਜਿਹੀ ਸਾਂਝ ਹੁੰਦੀ ਹੈ ਜਿਹੜੀ ਸੰਯੋਗੀ-ਵਿਯੋਗੀ ਸਥਿਤੀਆਂ ਤੇ ਮਨੋਸਥਿਤੀਆਂ ’ਚੋਂ ਸਾਰਥਕਤਾ ਤੇ ਨਿਰਾਰਥਕਤਾ ਦਾ ਨਖੇੜ ਕਰਕੇ ਪ੍ਰਾਪਤ ਅਨੁਭਵ ਨੂੰ ਅਭਿਵਿਅਕਤ ਕਰਨ ਲਈ ਸਿਰਜਣਾ ਦਾ ਸੁਭਾਵਕ ਸਹਾਰਾ ਲੈਂਦੀ ਹੈ।

ਉਪਰੋਕਤ ਪ੍ਰਥਾਇ ਡਾ. ਮੋਹਨ ਤਿਆਗੀ ਦਾ ਪੂਰਾ ਕਥਨ ਹੈ ਕਿ ਇਸ ਕਵਿਤਾ ਦੇ ਸਮੁੱਚੇ ਪਾਠ ਵਿੱਚੋਂ ਗੁਜ਼ਰਦਿਆਂ ਇਹ ਗੱਲ ਉੱਭਰਕੇ ਸਾਹਮਣੇ ਆਉਂਦੀ ਹੈ ਕਿ ਹਰਪ੍ਰੀਤ ਇੱਕ ਅਤਿ ਸੰਵੇਦਨਸ਼ੀਲ ਸ਼ਾਇਰਾ ਹੈ ਜਿਹੜੀ ਕਿ ਆਪਣੇ ਆਲੇ-ਦੁਆਲੇ ਨੂੰ ਬਹੁਤ ਹੀ ਸੂਖਮ ਅੱਖ ਨਾਲ ਵੇਖਦੀ ਨਿਹਾਰਦੀ ਆਪਣੀ ਕਵਿਤਾ ਵਿਚ ਉਤਾਰਨ ਦਾ ਯਤਨ ਕਰਦੀ ਹੈ। ਉਸ ਦੀ ਕਵਿਤਾ ਵਿਚ ਜਿੱਥੇ ਮਾਨਵੀ ਮੁਹੱਬਤ, ਮੋਹ-ਤੇਹ ਅਤੇ ਮਨੁੱਖੀ ਸ਼ਖ਼ਸੀਅਤ ਦੇ ਵਿਰਾਟ ਪਾਸਾਰਾਂ ਨੂੰ ਭਰਵੀਂ ਅਭਿਵਿਅਕਤੀ ਮਿਲੀ ਹੈ, ਉਸ ਦੇ ਨਾਲ ਹੀ ਵੱਖ-ਵੱਖ ਸਮਾਜਿਕ ਸਰੋਕਾਰਾਂ ਦਾ ਵੀ ਭਰਵਾਂ ਕਾਵਿ-ਚਿਤਰਣ ਹੋਇਆ ਹੈ।

ਹਰਪ੍ਰੀਤ ਕੌਰ ਧੂਤ ਦੀ ਕਾਵਿਕ-ਮਹੀਨਤਾ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿੱਚੋਂ ਮੂੰਹੋਂ ਬੋਲਦੀ ਹੈ। ਉਸ ਦੀ ਅਨੁਭਵੀ ਦ੍ਰਿਸ਼ਟੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਇਸ ਨੂੰ ਚਾਰ ਚੰਨ ਲਾਉਂਦੇ ਹਨ ਤੇ ਸ਼ਾਇਰਾ ਦੀ ਕਲਮ ਤੋਂ ਉਹ ਗੱਲਾਂ ਲਿਖਵਾਉਂਦੇ ਹਨ ਜਿਹੜੀਆਂ ਅੱਗੋਂ ਪੜ੍ਹਨ-ਸੁਣਨ ਵਾਲਿਆਂ ਦੇ ਮਨ ਨੂੰ ਭਾਉਂਦੀਆਂ ਹਨ। ਹਰਪ੍ਰੀਤ ਦੀ ‘ਸ਼ਾਇਰੀ’ ਨਾਂ ਦੀ ਕਾਵਿ-ਰਚਨਾ ’ਚੋਂ ਵੀ ਇੱਥੇ ਕੁਝ ਅੰਸ਼ ਗੌਰ ਦੇ ਕਾਬਲ ਹਨ:-

ਸ਼ਾਇਰੀ ਤਾਂ ਹੁੰਦੀ ਹੈ ਸ਼ਾਇਰ ਦਾ ਗਹਿਣਾ
ਸ਼ਬਦਾਂ ਦੀ ਦਰਗਾਹ ’ਤੇ ਸਿਰ ਨੂੰ ਝੁਕਾਉਣਾ
ਅੱਖਰਾਂ ਦੇ ਮੋਤੀਆਂ ਨੂੰ ਮਾਲਾ ’ਚ ਪਰੋਣਾ
ਆਪੇ ਹੀ ਹੱਸਣਾ ਤੇ ਆਪੇ ਹੀ ਰੋਣਾ
ਸ਼ਾਇਰੀ ਤਾਂ ਹੁੰਦੀ ਹੈ ਸ਼ਾਇਰ ਦਾ ਗਹਿਣਾ
ਆਕਾਸ਼ ਨੂੰ ਛੂਹਣਾ ਤੇ ਧਰਤੀ ’ਤੇ ਹੀ ਰਹਿਣਾ
ਬੁੱਲਾਂ ’ਚ ਹੱਸਣਾ ਤੇ ਗ਼ਮ ਨੂੰ ਛੁਪਾਉਣਾ
ਹਾਸਿਆਂ ਦੀ ਬਾਰਿਸ਼ ’ਤੇ ਅੱਖੀਆਂ ’ਚ ਰੋਣਾ

ਹਰਪ੍ਰੀਤ ਦੀ ‘ਮੁਹੱਬਤ’ ਨਾਂ ਦੀ ਕਵਿਤਾ ’ਚੋਂ ਵੀ ਕੁਝ ਕਾਵਿ ਅੰਸ਼ ਵਿਚਾਰਨਯੋਗ ਹਨ:-

ਮੁਹੱਬਤ-ਮੁਹੱਬਤ ਕਰਦੀ ਏ ਦੁਨੀਆਂ
ਕਿਉਂ ਇਸ ਦੀ ਹਸਤੀ ਤੋਂ ਡਰਦੀ ਏ ਦੁਨੀਆਂ?
ਮੁਹੱਬਤ ਦੇ ਨਾਮ ’ਤੇ ਮਰਦੀ ਏ ਦੁਨੀਆਂ
ਮੁਹੱਬਤ ਨਾ ਹੁੰਦੀ ਤਾਂ ਕੀ ਕਰਦੀ ਇਹ ਦੁਨੀਆ

ਹਰਪ੍ਰੀਤ ਕੌਰ ਧੂਤ ਦੀਆਂ ਹੁਣ ਤਕ ਤਿੰਨ ਪੁਸਤਕਾਂ ਪਾਠਕਾਂ ਦੇ ਹੱਥਾਂ ’ਚ ਪੁਜੀਆਂ ਹਨ। ‘ਦਹਿਲੀਜ਼ ਦੇ ਆਰ-ਪਾਰ’ ਤੋਂ ਬਾਅਦ ‘ਉਹ ਹੁਣ ਚੁੱਪ ਨਹੀਂ’ ਤੇ ‘ਪਾਸ਼, ਪ੍ਰੀਤ ਤੇ ਸੁਪਨੇ’ ਪਾਠਕਾਂ ਦੇ ਅਧਿਐਨ ਦਾ ਹਿੱਸਾ ਬਣੀਆਂ ਹਨ। ‘ਉਹ ਹੁਣ ਚੁੱਪ ਨਹੀਂ’ 192 ਪੰਨਿਆਂ ਦੀ ਕਾਵਿ-ਪੁਸਤਕ ਹੈ। ਇਹ ਉਨ੍ਹਾਂ ਔਰਤਾਂ ਨੂੰ ਸਮਰਪਿਤ ਹੈ ਜਿਹੜੀਆਂ ਸਦੀਆਂ ਤੋਂ ਰਸਮਾਂ-ਰਿਵਾਜ਼ਾਂ ਤੇ ਧਰਮਾਂ ਦੇ ਨਾਂ ’ਤੇ ਲਤਾੜੀਆਂ ਗਈਆਂ ਹਨ, ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੱਕ-ਸੱਚ ਦੀ ਲੜਾਈ ਲੜ ਰਹੀਆਂ ਹਨ। ਇਸ ਪੁਸਤਕ ਵਿਚ ਇੱਕ ਨਿਵੇਕਲੀ ਕਿਸਮ ਦਾ ਅਰਥ ਭਰਪੂਰ ਨਾਰੀ ਪ੍ਰਵਚਨ ਉਸਰਿਆ ਨਜ਼ਰ ਆਉਂਦਾ ਹੈ। ਔੌਰਤ ਦੀ ਜਥੇਬੰਦਕ ਚੇਤਨਾ ਦਾ ਚਿਤਰਣ ਵੀ ਭਾਵਪੂਰਤ ਅੰਦਾਜ਼ ’ਚ ਹੋਇਆ ਹੈ। ਆਵਾਸ-ਪ੍ਰਵਾਸ ਦਾ ਇੱਕ ਵਿਸ਼ਾਲ ਕੈਨਵਸ ਵੀ ਕਿਸੇ ਹੱਦ ਤਕ ਆਧਾਰਸ਼ਿਲਾ ਦਾ ਕਾਰਜ ਕਰਦਾ ਹੈ।

ਉਂਜ ਹਰਪ੍ਰੀਤ ਕੌਰ ਧੂਤ ਦੀ ਸਮੁੱਚੀ ਕਵਿਤਾ ਬਾਰੇ ਵੀ ਵਿਦਵਾਨ ਸੱਜਣ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ‘ਇਹ ਕਵਿਤਾ ਮਾਨਵੀ ਜੀਵਨ ਦੇ ਬਹੁਪੱਖੀ ਪਾਸਾਰਾਂ ਨਾਲ ਜੁੜੀ ਹੋਈ ਹੈ। ਉਹ ਆਪਣੀ ਕਵਿਤਾ ਵਿਚ ਜਿਥੇ ਪਿਆਰ ਮੁਹੱਬਤ ਦਾ ਸੁਪਨਈ ਤੇ ਆਦਰਸ਼ ਸੰਸਾਰ ਸਿਰਜਣ ਲਈ ਚਾਹਵਾਨ ਹੈ, ਉਸ ਦੇ ਨਾਲ ਹੀ ਜ਼ਿੰਦਗੀ ਦੀਆਂ ਠੋਸ ਹਕੀਕਤਾਂ ਦੇ ਰੂਬਰੂ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਕਵਿਤਾ ਦੇ ਸ਼ਹਿਰ ਵਿਚ ਸੁਪਨੇ ਖ਼ਰੀਦਣ ਲਈ ਨਹੀਂ ਨਿਕਲਦੀ ਸਗੋਂ ਸਵੈ ਦੀ ਤਲਾਸ਼ ਲਈ ਜੱਦੋਜਹਿਦ ਕਰਦੀ ਨਜ਼ਰ ਆਉਂਦੀ ਹੈ। ਇਸ ਕਾਰਜ ਲਈ ਉਸ ਦੀ ਕਵਿਤਾ ਸੰਵਾਦ ਦੀ ਸ਼ਕਤੀਸ਼ਾਲੀ ਜੁਗਤ ਅਪਣਾਉਂਦੀ ਹੈ।

ਹਰਪ੍ਰੀਤ ਕੌਰ ਧੂਤ ਦਾ ਜਨਮ ਮਾਤਾ ਗਿਆਨ ਸੁਰਜੀਤ ਕੌਰ ਧਾਮੀ ਤੇ ਪਿਤਾ ਮਾਸਟਰ ਦੀਦਾਰ ਸਿੰਘ ਧਾਮੀ ਦੇ ਘਰ ਹੁਸ਼ਿਆਰਪੁਰ ਵਿਖੇ ਹੋਇਆ। ਹਰਪ੍ਰੀਤ ਕੌਰ ਧੂਤ ਦਾ ਹੁਣ ਵਾਸਾ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚਲੇ ਸ਼ਹਿਰ ਸਟਾਕਟਨ ਵਿਚ ਹੈ।

ਹਰਪ੍ਰੀਤ ਕੌਰ ਧੂਤ ਨਾਲ ਹੋਏ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਹਾਜ਼ਰ ਹਨ:-

* ਮੇਰੇ ਲਈ ਤਾਂ ਪੰਜਾਬੀ ਸਾਹਿਤ ਜਿਸ ਵਿਚ ਬੁੱਲੇ ਸ਼ਾਹ, ਬਾਬਾ ਫ਼ਰੀਦ ਨੇ ਲਿਖਿਆ ਹੋਵੇ, ਉਹ ਦੁਨੀਆ ਦਾ ਸਭ ਤੋਂ ਅਮੀਰ ਸਾਹਿਤ ਹੈ।

* ਮੈਂ ਪਿਛਲੇ 24 ਸਾਲ ਤੋਂ ਅਮਰੀਕਾ ਵਿਚ ਰਹਿ ਰਹੀ ਹਾਂ। ਮੈਂ ਸਭ ਤੋਂ ਪਹਿਲਾਂ 2002 ਦੇ ਵਿਚ ਪੰਜਾਬੀ ਮੰਚ ਸਿਆਟਲ ਜਿਸ ਦੇ ਫਾਊਂਡਰ ਅਮਰੀਕ ਸਿੰਘ ਕੰਗ ਨੇ ਤੇ ਅੱਜ ਵੀ ਉਹੀ ਬਹੁਤ ਸਫ਼ਲਤਾ ਨਾਲ ਚਲਾ ਰਹੇ ਨੇ, ਉਸ ਪੰਜਾਬੀ ਮੰਚ ਦੇ ਨਾਲ ਜੁੜੀ ਸੀ। 2004 ਦੇ ਵਿਚ ਕੈਲੇਫੋਰਨੀਆ ਮੂਵ ਹੋ ਗਈ ਤੇ 2010 ਦੇ ਵਿਚ ਸਟਾਕਟਨ ਸਾਹਿਤ ਸਭਾ ਜਿਸ ਦੇ ਪ੍ਰਧਾਨ ਹਰਜਿੰਦਰ ਪੰਧੇਰ ਸਾਹਿਬ ਸਨ ਤੇ ਪ੍ਰੋ. ਹਰਭਜਨ ਰਹਿਨੁਮਾਈ ਕਰਦੇ ਸਨ, ਦੇ ਨਾਲ ਜੁੜ ਗਈ ਸੀ।

* ਬੇਅ ਏਰੀਆ ਦੀ ਸਾਹਿਤ ਸਭਾ ਵਿਪਸਾ ਜੋ ਕਿ ਸੁਖਵਿੰਦਰ ਕੰਬੋਜ ਤੇ ਗ਼ਜ਼ਲਗੋ ਕੁਲਵਿੰਦਰ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ, ਦੀ ਵੀ ਮੈਂ ਮੈਂਬਰ ਹਾਂ। 2017 ਤੋਂ 2019 ਦੇ ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਆਫ਼ ਕੈਲੇਫੋਰਨੀਆ ਜੋ ਕਿ ਗੀਤਕਾਰ ਤੇ ਕਵੀ ਕੁਲਵੰਤ ਸਿੰਘ ਸੇਖੋਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਦੀ ਮੈਂ ਸਹਾਇਕ ਸਕੱਤਰ ਹਾਂ।

* ਸਾਹਿਤ ਸਿਰਜਣਾ ਵਾਲੇ ਪਾਸੇ ਨੌਜਵਾਨਾਂ ਦਾ ਘੱਟ ਜੁੜਨ ਦਾ ਕਾਰਨ ਮੈਨੂੰ ਲਗਦਾ ਹੈ ਕਿ ਸਮੇਂ ਦੀ ਘਾਟ ਦਾ ਹੋਣਾ ਹੈ ਜੋ ਕਿ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਇਨ੍ਹਾਂ ਦੇਸ਼ਾ ਵਿਚ ਆ ਕੇ ਹੋਰ ਬਹੁਤ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ।

* ਪੰਜਾਬੀ ਵਿਚ ਹਰ ਲਿਖਣ ਤੇ ਪੜ੍ਹਨ ਵਾਲੇ ਨੂੰ ਸ਼ੁੱਭ ਇੱਛਾਵਾਂ ਨੇ ਮੇਰੇ ਵੱਲੋਂ।

ਨਿਰਸੰਦੇਹ ਇੱਕ ਅਤਿ ਸੰਵੇਦਨਸ਼ੀਲ ਸ਼ਾਇਰਾ ਹਰਪ੍ਰੀਤ ਕੌਰ ਧੂਤ ਦੀ ਕਲਮ ਨਿਰੰਤਰ ਕਾਵਿ-ਕੀਰਤੀ ਪ੍ਰਾਪਤ ਕਰ ਰਹੀ ਹੈ। ਆਉਂਦੇ ਸਮੇਂ ਵਿਚ ਇਸ ਕਲਮ ਤੋਂ ਦੇਸ਼-ਪ੍ਰਦੇਸ ਦੇ ਪੰਜਾਬੀ ਕਾਵਿ-ਜਗਤ ਨੂੰ ਹੋਰ ਵੀ ਚੰਗੀਆਂ ਉਮੀਦਾਂ ਹਨ।
*
ਹਰਮੀਤ ਸਿੰਘ ਅਟਵਾਲ
98155-05287

***
508
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ