30 November 2022
Bartanvi Punjabi Kalman

ਇੱਕ ਪਠਨ-ਇੱਕ ਵਿਚਾਰ: ਮੈਂ ਕਿਤੇ ਹੋਰ ਸੀ – (ਕਿਰਤ: ਵਰਿੰਦਰ ਪਰਿਹਾਰ) – ਡਾ: ਗੁਰਦਿਆਲ ਸਿੰਘ ਰਾਏ

ਕਵੀ ਵਰਿੰਦਰ ਪਰਿਹਾਰ ਸਮੁੱਚੇ ਪੰਜਾਬੀ ਜਗਤ ਵਿਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ। 1996 ਵਿਚ ਉਸਦੀਆਂ 22 ਕਵਿਤਾਵਾਂ ਦਾ ਇੱਕ ਸੋਵੀਨੀਅਰ ਪੰਜਾਬ ਵਿਚ ਰੀਲੀਜ਼ ਕੀਤਾ ਗਿਆ। ਇਸ ਸੰਗ੍ਰਿਹ ਦੀ ਇਹ ਖੂਬੀ ਰਹੀ ਕਿ ਵਰਿੰਦਰ ਦੀਆਂ ਇਹਨਾਂ ਪੰਜਾਬੀ ਕਵਿਤਾਵਾਂ ਨੂੰ ਅੰਗਰੇਜੀ ਦੇ ਅਨੁਵਾਦ ਸਮੇਤ ਛਾਪਿਆ ਗਿਆ ਸੀ। ਉਸ ਦੀਆਂ ਢੇਰ ਸਾਰੀਆਂ ਪੰਜਾਬੀ ਕਵਿਤਾਵਾਂ ਦੇ ਅੰਗਰੇਜੀ ਵਿਚ ਅਨੁਵਾਦ ਹੋਏ ਅਤੇ ਕਾਵਿ-ਪਾਠ ਵੀ। ਹੁਣ 67 ਕਵਿਤਾਵਾਂ ਤੇ ਆਧਾਰਿਤ ਉਸਦੀ ਸੱਜਰੀ ਕਾਵਿ ਪੁਸਤਕ “ਮੈਂ ਕਿਤੇ ਹੋਰ ਸੀ” ਪਰਕਾਸ਼ਿਤ ਹੋਈ ਹੈ। ਹੋਰ ਸੰਗ੍ਰਿਹ ਵੀ ਪਰਕਾਸ਼ਨਾ ਦੀ ਤਿਆਰੀ ਵਿਚ ਹਨ।

ਵਰਿੰਦਰ ਪਰਿਹਾਰ ਇੱਕ ਸੰਜੀਦਾ ਇਨਸਾਨ ਹੈ ਅਤੇ ਉਸਦੀਆਂ ਕਵਿਤਾਵਾਂ ਵਿਚ ਉਸਦੀ ਸੰਜੀਦਗੀ ਅਤੇ ਗੰਭੀਰਤਾ ਦੇ ਦਰਸ਼ਣ ਸਹਿਜੇ ਹੀ ਹੋ ਜਾਂਦੇ ਹਨ। ਉਹ ਜਿਵੇਂ ਦਿਸਦਾ ਹੈ ਤਿਵੇਂ ਹੀ ਆਪਣੀਆਂ ਕਵਿਤਾਵਾਂ ਵਿਚ ਹਾਜ਼ਰ ਹੁੰਦਾ ਹੈ। ਸਰਸਰੀ ਤੌਰ ਤੇ ਉਸਦੀਆਂ ਕਵਿਤਾਵਾਂ ਦਾ ਅਨੰਦ ਮਾਣਦਿਆਂ ਕੁਝ ਕਹਿਣ ਦਾ ਹੀਆ ਕਰ ਰਿਹਾ ਹਾਂ। ਨਿਸਚੈ ਹੀ ਇਹ ਉਸਦੇ ਕਾਵਿ ਦੀ ਆਲੋਚਨਾ ਨਹੀਂ ਕੇਵਲ ਆਨੰਦਮਈ ਪਠਨ ਹੈ।

ਮੈਂ ਕਿਤੇ ਹੋਰ ਸੀ” ਦੇ ਸਮਰਪਿਤ ਪੰਨੇ ਤੇ ਵਰਿੰਦਰ ਪਰਿਹਾਰ ਜਦੋਂ ਲਿਖਦਾ ਹੈ: ਬੰਦਿਆਂ ਦੀ ਲੜਾਈ ਜਿੰਨੀ ਹੀ ਭਿਆਨਕ, ਆਤਮਾ ਦੀ ਲੜਾਈ ਵੀ ਹੁੰਦੀ ਹੈ। ਤਾਂ ਦਰਅਸਲ ਉਹ ਸਪਸ਼ਟ ਕਰ ਦਿੰਦਾ ਹੈ ਕਿ ਉਹ ਆਪਣੀ ਕਵਿਤਾ ਦੇ ਪਰਗਟਾਵੇ ਵਿਚ ਜਿੱਥੇ ਖੜਾ ਦਿਖਾਈ ਦੇ ਰਿਹਾ ਹੈ ਉਥੇ ਨਹੀਂ ਕਿਤੇ ਬਹੁਤ ਦੂਰ ਉਸਦੇ ਪਿਛੋਕੜ ਵਿਚ ਖੜਾ ਆਤਮਾ ਦੇ ਸੰਘਰਸ਼ ਵਿਚ ਲੀਨ ਹੈ। ਉਹ ਆਪਣੇ ਆਲੇ ਦੁਆਲੇ ਦਾ ਤਣਾਉ ਭੋਗ ਰਿਹਾ ਹੈ ਅਤੇ ਇਸ ਤਣਾਉ ਦੇ ਪ੍ਰਗਟਾਅ ਲਈ ਕਲਪਨਾ ਵੀ ਕਰਦਾ ਹੈ ਅਤੇ ਸਾਖਿਆਤ ਦਿਸਦੇ ਨੂੰ ਸ਼ਬਦਾਂ ਦਾ ਜਾਮਾ ਵੀ ਪਹਿਨਾਉਂਦਾ ਹੈ। ਆਪਣੀ ਹਰ ਕਵਿਤਾ ਵਿਚ ਉਹ ਕੂਕ ਕੂਕ ਕੇ ਕਹਿ ਰਿਹਾ ਹੈ ਕਿ “ਮੈਂ ਕਿਤੇ ਹੋਰ ਸੀ।”

ਰੂਪ ਦੇ ਪੱਖੋਂ ਉਸਦੀ ਕਵਿਤਾ ਛੰਦ-ਬੱਧ ਜਾਂ ਪ੍ਰਗੀਤਕ ਨਹੀਂ। ਉਸਦੀ ਕਵਿਤਾ ਖੁਲ੍ਹੀ ਕਵਿਤਾ ਹੈ ਪਰ ਨਿਸਚੈ ਹੀ ਪੜ੍ਹਨ ਮਾਨਣ ਯੋਗ ਅਤੇ ਸਮਝ ਆ ਸਕਣ ਵਾਲੀ। ਬੌਧਿਕ ਹੁੰਦਿਆਂ ਵੀ ਦਿਲ-ਦਿਮਾਗ ਦੇ ਨੇੜੇ ਦੀ ਗੱਲ ਕਰਦਾ ਹੈ। ਵਰਿੰਦਰ ਕਵਿਤਾ ਸਬੰਧੀ ਇਹ ਮੰਨ ਕੇ ਤੁਰਦਾ ਹੈ ਕਿ ਕਵਿਤਾ ਆਪਣੇ ਰੂਪ ਤੋਂ ਪਹਿਲਾਂ ਹੀ ਜਨਮ ਲੈ ਚੁੱਕਦੀ ਹੈ। ਇਸ ਲਈ ਕਵਿਤਾ ਨੂੰ ਕਿਸੇ ਤਰ੍ਹਾਂ ਦੇ ਬੰਧਨ ਵਿਚ ਬੰਨਣਾ ਠੀਕ ਨਹੀਂ। ਕਵਿਤਾ ਨੂੰ ਐਵੇਂ ਬਨਾਉਟੀ ਵਾਧੂ ਦੇ ਰੂਪ ਦੀ ਲੋੜ ਨਹੀਂ। ਵਰਿੰਦਰ ਦੀ ਕਵਿਤਾ ਦਾ ਪਾਠ ਧੀਰਜ ਨਾਲ ਕਰਿਦਆਂ ਸੋਝੀ ਪੈ ਜਾਂਦੀ ਹੈ ਕਿ ਉਸਦੇ ਤੀਖਣ ਅਤੇ ਭਾਵੁਕ ਵਿਚਾਰਾਂ ਨੂੰ ਸੂਖਮ ਅਤੇ ਕੋਮਲ ਸੰਵੇਦਨਾਵਾਂ ਦੇ ਵਹਾ ਵਿਚ ਕਿਸੇ ਤਰ੍ਹਾਂ ਦੇ ਵੀ ਤੁਕਾਂਤ ਦੀ ਲੋੜ ਨਹੀ ਹੈ। ਆਪਣੀ ਇੱਕ ਕਵਿਤਾ ‘ਬਾਘ’ ਵਿਚ ਉਹ ਕਿਤੇ ਹੋਰ ਬੈਠਾ ਵੀ ਮਨੁੱਖ ਦੀ ਵਿਅਥਾ ਨੂੰ ਕਿਸ ਤਰ੍ਹਾਂ ਮਹਿਸੂਸ ਕਰਦਿਆਂ ਵਿਅਕਤ ਕਰਦਾ ਹੈ ਉਹ ਦੇਖਣ ਯੋਗ ਹੈ। ‘ਬਾਘ’ ਇਸ ਵਾਰ ਫਿਰ ਗਲੀ ਵਿਚ ਆਵੇਗਾ। ‘ਬਾਘ’ ਸੰਕੇਤ ਹੈ ਜ਼ਾਲਮ ਵਲ, ਸੱਤਾ ਵੱਲ। ਪਤਾ ਨਹੀਂ ਇਸ ਬਾਰ ਕਿਸ ਦੀ ਵਾਰੀ ਹੈ ਕੌਣ ਉਸਦੇ ਪੰਜੇ ਵਿਚ ਆਵੇਗਾ। ਬੜੇ ਹੀ ਸੁਡੌਲ ਅਤੇ ਨਿਰੋਏ ਜਿਸਮਾਂ ਦੀ ਲਾਲਸਾ ਵਿਚ ਬਾਘ ਦੇ ਮੂੰਹ ਵਿਚੋਂ ਲਾਰਾਂ ਟਪਕ ਰਹੀਆਂ ਹਨ ਪਰ ਉਹ ਇਹ ਨਹੀਂ ਜਾਣਦਾ ਕਿ ਇਹ ਨਿਰੋਏ ਦਿਸਣ ਵਾਲੇ ਜਿਸਮ ਤਾਂ ਦਰਅਸਲ ਫਰੇਮਾਂ ਵਿਚ ਮੜ੍ਹੇ ਹੋਏ ਨੇ। ਉਹਨਾਂ ਦੀ ਮੁਸਕਾਨ ਤਸਵੀਰਾਂ ਵਾਲੀ ਸੁੱਕੀ ਮੁਸਕਾਨ ਹੈ ਅਤੇ ਉਹਨਾਂ ਉਤੇ ਸੁੱਕੇ ਫੁੱਲਾਂ ਦੇ ਹਾਰ ਚੜ੍ਹਾਏ ਗਏ ਹਨ। ਅਤੇ:

ਉਹਨਾਂ ਦੀਆਂ ਤਸਵੀਰਾਂ ਝਾੜ ਪੂੰਝ ਕਰਨ ਵਾਲੇ
ਇਸ ਬਸਤੀ ਦੇ ਸਭ ਤੋਂ ਬੱਧਕੇ
ਭਾਵਨਾ ਰਹਿਤ ਬਸ਼ਿੰਦੇ ਨੇ।
ਗੁਆਚੇ ਜਿਹੇ
ਆਪਣੇ ਕੰਮਾਂ ਵਿਚ ਰੁਝ੍ਹੇ ਰਹਿੰਦੇ ਨੇ।
ਨੁਕੜ ਦੇ ਘਰ ਵਿਚ
ਇੱਕ ਸਾਇਆ ਵੀ ਰਹਿੰਦਾ ਹੈ।
ਸਭ ਕੁਝ ਵੇਖਦਾ, ਸੁਣਦਾ
ਤੇ ਹਰ ਵਕਤ ਬੇਮੁਆਨੀ ਸ਼ਬਦ
ਉਗਲਦਾ ਰਹਿੰਦਾ।

ਉਸਦੀ ਖੁਲ੍ਹੀ ਕਵਿਤਾ ਦਰਅਸਲ ਉਸਦੇ ਆਪਣੇ ਅੰਤਹਕਰਣ ਵਾਂਘ ਹੀ ਖੁਲ੍ਹੀ ਹੈ, ਸੁਤੰਤਰ ਹੈ ਅਤੇ ਸੁੰਦਰ ਵੀ। ਉਸਦੀ ਕਵਿਤਾ ਦੀਆਂ ਪੰਗਤੀਆਂ ਆਸਮਾਨ ਹੁੰਦਿਆਂ ਹੋਇਆਂ ਵੀ ਧਰਤੀ ਤੇ ਪੈਰ ਟਿਕਾਈ ਸਹਿਜ ਭਰੀਆਂ ਹਨ। ਬੌਧਕ ਹੁੰਦਿਆਂ ਹੋਇਆਂ ਵੀ ਦਿੱਲ ਨੂੰ ਟੁੰਬਦੀਆਂ ਹਨ ਅਤੇ ਸਰੋਦੀ ਕਵਿਤਾ ਵਾਂਗ ਹੀ ਆਨੰਦਿਤ ਵੀ ਕਰਦੀਆਂ ਹਨ। ਉਹ ਜਦੋਂ ਵੀ ਕਿਸੇ ਘਟਨਾ ਦਾ ਬਿਆਨ ਕਰਦਾ ਹੈ ਤਾਂ ਬਹੁਤ ਕੁਝ ਕਹਿ ਵੀ ਜਾਂਦਾ ਹੈ ਅਤੇ ਉਸਦੇ ਕਹੇ ਵਿਚ ਬਹੁੱਤ ਕੁਝ ਅਣਕਿਹਾ ਵੀ ਰਹਿ ਜਾਂਦਾ ਹੈ। ਕਹਿਣਾ ਅਤੇ ਲੁਕੋ ਕੇ ਰੱਖਣਾ ਵੀ ਉਸਦੀ ਕਵਿਤਾ ਦਾ ਮੀਰੀ ਗੁਣ ਹੈ। “ਇਕ ਘਟਨਾ ਦਾ ਬਿਆਨ” ਪਾਠਕ ਦੇ ਮਨਾਂ ਨੂੰ ਕੀਲਣ ਦੀ ਸ਼ਕਤੀ ਰੱਖਦਾ ਹੈ। ਪੂਰੀ ਕਵਿਤਾ ਪੜ੍ਹਨ ਨਾਲ ਹੀ ਸਬੰਧ ਰੱਖਦੀ ਹੈ। ਛੱਤ ਰਹਿਤ ਘਰਾਂ ਅਤੇ ਅਣਖੁਲ੍ਹਦੇ ਦਰਵਾਜ਼ਿਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਜਦੋਂ ਉਹ ਕੁਰਸੀ, ਚੁਲ੍ਹੇ, ਧੂੜ ਭਰੇ ਫਰਸ਼ਾਂ ਉਤੇ ਲਹੂ ਦਾ ਚਿੱਕੜ ਦਿਖਾਂਦਾ ਹੈ ਤਾਂ ਮੁਸਕਰਾਂਦੇ ਤੇ ਇੱਧਰ ਉਧਰ ਰੁੜ੍ਹ ਰਹੇ ਬੱਚੇ ਦੀ ਹੋਂਦ ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ। ਅਤੇ ਫਿਰ:

ਟੁੱਟੀ ਉਸ ਬਾਰੀ ‘ਚੋਂ
ਹਵਾ ਦਾ ਇੱਕ ਬੁਲ੍ਹਾ ਅੰਦਰ ਆਇਆ ਹੈ
ਕਿਸੇ ਜੀਵਤ ਪ੍ਰਾਣੀ ਦਾ ਸਾਹ ਬਨਣਾ ਲੋਚਦਾ
ਉਸ ਟੁੱਟੀ ਬਾਰੀ ‘ਚੋਂ ਬਾਹਰ ਨਿਕਲ ਗਿਆ ਹੈ
ਉਸ ਨੁੱਕਰ ਵਿਚ ਢਾਸਣਾ ਲਾਈ ਪਿਆ ਮੈਂ ਹਾਂ
ਚਿਰਾਂ ਤੋਂ ਇੰਝ ਹੀ ਸਥਿਰ ਪਿਆ
ਸਭ ਕੁਝ ਵੇਖ ਰਿਹਾ ਹਾਂ ਸੁਣ ਰਿਹਾ ਹਾਂ
ਬਿਆਨ ਕਰ ਰਿਹਾ ਹਾਂ।

ਹਰ ਕਵੀ ਮੈਂ ਤੋਂ ਅੱਗੇ ਤੂੰ ਦਾ ਸਫ਼ਰ ਕਰਦਾ ਹੈ। “ਮੈਂ ਕਿਤੇ ਹੋਰ ਸੀ” ਵਿਚ ਉਸਦੀ ਮੈਂ, ਮੈਂ ਨਹੀਂ ਤੂੰ ਹੀ ਹੈ। ਉਸਦਾ ਨਿੱਜ ਹੁਣ ਨਿੱਜਦਾ ਨਹੀਂ ਰਿਹਾ ਦੂਜੇ ਦਾ ਹੋ ਨਿਬੜਿਆ ਹੈ। ਉਸਦੇ ਆਲੇ ਦੁਆਲੇ ਜੋ ਕੁਝ ਵੀ ਵਰਤ ਰਿਹਾ ਹੈ ਉਸ ਤੋਂ ਉਹ ਕਿਸੇ ਤਰ੍ਹਾਂ ਵੀ ਜੁਦਾ ਨਹੀਂ। ਫਿਰ ਵੀ ਉਹ ਜਾਣਦਾ ਹੈ ਕਿ ਮੈਂ ਤੋਂ ਤੂੰ ਬਨਣ ਤੇ ਵੀ ਉਹ ਕੋਈ ਮਸੀਹਾ, ਕ੍ਰਿਸ਼ਨ ਜਾਂ ਯੂਧਿਸ਼ਟਰ ਨਹੀਂ ਬਣ ਸਕੇਗਾ। “ਅਸ਼ਵਥਾਮਾ ਮਾਰਿਆ ਗਿਆ” ਵਿਚ ਉਹ ਆਪਣੀ ਸੁਚੇਤਨਾ ਦਾ ਪਰਗਟਾਅ ਬੜੇ ਹੀ ਸਲੀਕੇ ਨਾਲ ਕਰਦਾ ਹੈ:

ਮੈਂ ਕੋਈ ਯੁਧਿਸ਼ਟਰ ਨਹੀਂ
ਕੋਈ ਕਿਸ਼ਨ ਨਹੀਂ
ਕੋਈ ਮਸੀਹਾ ਨਹੀਂ
ਮੈਂ ਤਾਂ ਕੁਝ ਵੀ ਨਹੀਂ
ਝੂਠ ਬੋਲਾਂਗਾ
ਆਪਣੇ ਪਰਿਵਾਰ ਨੂੰ ਇੱਕ ਇਕਾਈ ਵਿਚ ਬੰਨ੍ਹੀ ਰੱਖਣ ਲਈ
ਝੂਠ ਬੋਲਾਂਗਾ
ਆਪਣੇ ਪਾਂਡਵਾਂ ਨੂੰ ਕੋਰਵਾਂ ਤੋਂ ਬਚਾਈ ਰੱਖਣ ਲਈ
ਕ੍ਰਿਸ਼ਨ ਮੁਰਾਰੀ ਵਾਂਗ ਝੂਠ ਬੋਲਾਂਗਾ
ਬੁਲੰਦ ਆਵਾਜ਼ ਵਿਚ ਅੱਧੇ ਸੱਚ ਨੂੰ
ਯੂਧਿਸ਼ਟਰ ਵਾਂਗ ਆਖਾਂਗਾ:
ਅਸ਼ਵਥਾਮਾ ਮਾਰਿਆ ਗਿਆ
ਅਸ਼ਵਥਾਮਾ ਮਾਰਿਆ ਗਿਆ
ਬਾਕੀ ਦੇ ਅੱਧੇ ਸੱਚ ਨੂੰ
ਜਿਉਂਦੇ ਕਹੀ ਜਾਣ ਦੇ
ਦਵੰਦ ਦੇ ਸ਼ੋਰ ਨਾਲ ਦੱਬ ਲਵਾਂਗਾ।

ਪਰ ਵਰਿੰਦਰ ਆਪਣੇ ਪਾਂਡਵਾਂ ਤੇ ਕਦੇ ਕੋਈ ਇਲਜ਼ਾਮ ਨਹੀਂਂ ਲੱਗਣ ਦੇਣਾ ਚਾਹੁੰਦਾ। ਉਸਦੀ ਕੋਸ਼ਿਸ਼ ਹੈ ਕਿ ਉਹ ਉਹਨਾਂ ਨੂੰ ਭੁੱਖੇ ਢਿੱਡ ਵੀ ਨਾ ਸੌਣ ਦੇਵੇ। ਹਾਲਾਂਕਿ ਉਹ ਜਾਣਦਾ ਹੈ ਕਿ:

ਮੈਂਨੂੰ ਪਤਾ ਹੈ
ਕਿਸੇ ਪਵਿੱਤਰ ਪੁਸਤਕ ਵਿਚ
ਮੇਰਾ ਤੇ ਮੇਰੇ ਪਾਂਡਵਾਂ ਦਾ
ਕਦੇ ਕੋਈ ਜ਼ਿਕਰ ਨਹੀਂ ਆਉਣਾ
ਕਿਉਂਕਿ ਮੈਂ–
ਮੈਂ ਕੋਈ ਯੁਧਿਸ਼ਟਰ ਨਹੀਂ
ਕੋਈ ਕ੍ਰਿਸ਼ਨ ਨਹੀਂ
ਕੋਈ ਮਸੀਹਾ ਨਹੀਂ
ਮੈਂ
ਮੈਂ ਤਾਂ ਕੁਝ ਵੀ ਨਹੀਂ।

ਦਰਅਸਲ ਵਰਿੰਦਰ ਪਰਿਹਾਰ ਆਪਣੇ ਸਮਾਜ ਦੀਆਂ ਆਰਥਕ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਪਾਸਾਰ ਤੋਂ ਪੂਰੀ ਤਰ੍ਹਾਂ ਵਾਕਫ਼ ਹੈ। ਉਹ ਇਹਨਾਂ ਦੀ ਸ਼ਕਤੀ ਅਤੇ ਕਮਜ਼ੋਰੀ ਨੂੰ ਵੀ ਸਮਝਦਾ ਹੈ। ਪਰ ਉਹ ਆਪਣੀ ਕਵਿਤਾ ਦੀ ਹੋਂਦ ਨੂੰ ਇਹਨਾਂ ਦੇ ਸਿੱਧੇ ਪਰਗਟਾਵੇ ਲਈ ਨਹੀਂ ਵਰਤਦਾ। ਉਹ ਆਪਣੇ ਕਾਵਿ-ਜਗਤ ਦੇ ਚਿਤਰਾਂ ਨੂੰ ਆਪੂੰ ਆਪਣੇ ਵੱਖਰੇ ਅੰਦਾਜ਼ ਵਿਚ ਮੂਰਤੀਮਾਨ ਕਰਦਾ ਹੈ। ਉਸਦੇ ਅੰਦਾਜ਼ ਵਿਚ ਆਪਣੀ ਇੱਕ ਵੱਖਰੀ ਕਿਸਮ ਦੀ ਮਟਕ ਹੈ, ਆਜ਼ਾਦੀ ਹੈ ਅਤੇ ਸਹਿਜ-ਸੁਭਾ ਨਾਲੋਂ ਵੱਖਰੀ ਕਿਸਮ ਦਾ ਉਪਰਾਪਨ ਹੈ। ਉਹ ਗ਼ਲਤ ਨੂੰ ਸਵੀਕਾਰ ਨਹੀਂ ਕਰਦਾ ਸਗੋਂ ਗ਼ਲਤ ਵਿਰੁੱਧ ਆਪਣੇ ਢੰਗ ਦੀ ਆਵਾਜ਼ ਉਠਾਉਂਦਾ ਹੈ। ਵੇਖੋ “ਸਾਇਆ” ਕੀ ਕਰਦਾ ਹੈ:

ਵਿਹੜੇ ਵਿਚ
ਉਸ ਸ਼ਾਇਰ ਦਾ ਹੁਣ ਸਾਇਆ ਪਿਆ ਹੈ।

—ਉਹ ਰੂਹਾਂ ਦੀ ਭਾਸ਼ਾ ਜਾਣਦਾ ਹੈ
ਏਸੇ ਲਈ ਚੌਵ੍ਹੀ ਘੰਟੇ ਉਹਨਾਂ ਨਾਲ ਗਲਾਂ ਕਰਦਾ ਹੈ
ਥੱਕ ਕੇ ਚੁੱਪ ਹੁੰਦਾ ਹੈ ਜਦ
ਤਾਂ ਖਾਲੀ ਗਮਲੇ ਜ਼ੋਰ ਜ਼ੋਰ ਦੀ ਹਿੱਲਦੇ ਨੇ
ਉਸਨੂੰ ਬੋਲਣ ਦਾ ਆਦੇਸ਼ ਦਿੰਦੇ ਨੇ
(ਪਰ)
ਰੂਹਾਂ ਦੇ ਹੱਥਾਂ ਵਿਚ ਬੰਦੂਕਾਂ ਦੇ ਫ਼ਾਸਿਲ ਨੇ
ਖਸਤਾ ਕਾਗ਼ਜ਼ਾਂ ਤੇ ਉਂਗਲਾਂ ਦੇ ਨਿਸ਼ਾਨਾਂ ਦੀਆਂ ਤਸਵੀਰਾਂ
ਜੰਗਲ ਦੀ ਹਵਾ ਵਿਚ ਰਿਕਾਰਡ ਕੀਤੀਆਂ
ਦਰਦਨਾਕ ਚੀਕਾਂ

ਪਰ ਜਦੋਂ ਟੁੱਟਦੇ ਭਾਂਡਿਆਂ ਦੇ ਹਜ਼ੂਮ, ਰੂਹਾਂ ਦੇ ਕੋਹਰਾਮ ਵਿਚ ਕਾਗ਼ਜ਼ਾ ਦੇ ਪੁਰਜ਼ੇ ਪੁਰਜ਼ੇ, ਉੱਡ ਉਡ ਕੇ ਅਲੋਪ ਹੋ ਰਹੇ ਸਬੂਤਾਂ ਦੀ ਦੁਹਾਈ ਦੇ ਰਹੇ ਹੁੰਦੇ ਹਨ ਅਤੇ ਹਵਾ ਦੇ ਘਨੇੜੀ ਚੀਕਾਂ ਸਵਾਰ ਹੁੰਦੀਆਂ ਨੇ ਤਾਂ ਮਾਂ ਉਸਦੀ ਤਸਵੀਰ ਤੇ ਫ਼ੁੱਲ ਚੜਾਉਣ ਪਿਛੋਂ ਬਾਹਰ ਆਕੇ ਪੁੱਤਰ (ਸਾਏ) ਨੂੰ ਆਵਾਜ਼ ਦਿੰਦੀ ਹੈ ਤਾਂ:

ਉਹ ਬੋਲਦਾ ਨਹੀਂ
ਉਸਨੂੰ ਪਤਾ ਹੈ
ਜੇ ਉਹ ਬੋਲਿਆ ਤਾਂ ਧਰਤੀ ਕੰਬ ਉਠੇਗੀ
ਜਲਜਲੇ ਆਵਣਗੇ
ਸਾਰਾ ਸ਼ਹਿਰ ਨਸਲ ਸਾਰੀ ਤਹਿਜ਼ੀਬ ਸਾਰੀ ਤਵਾਰੀਖ਼
ਜਰ-ਜਰ ਹੋਏ ਸਭ ਉਹਦੇ ਉੱਪਰ ਆ ਡਿਗਣਗੇ
ਉਹਦੇ ਸਾਏ ਨੂੰ ਢੱਕ ਲੈਣਗੇ—-

ਉਸਦੀ ਕਵਿਤਾ ਉਸਦੇ ਆਪਣੇ ਸਮੇਂ ਦੀ ਸਹੀ ਤਰਜਮਾਨੀ ਕਰਦੀ ਹੈ। ਉਸ ਦੀ ਕਵਿਤਾ ਵਿਚ ਇੱਕ ਆਪਣੇ ਹੀ ਕਿਸਮ ਦੀ ਜਿਹੜੀ ਚੁੱਪ ਹੈ ਉਹ ਪਾਠਕਾਂ ਦੇ ਦਿਲ-ਦਿਮਾਗ ਨੂੰ ਝੰਝੋੜਨ ਵਿਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ। ਪਾਠਕ ਸੋਚਣ ਅਤੇ ਸਮਝਣ ਲਈ ਮਜ਼ਬੂਰ ਹੁੰਦਾ ਹੈ। ਇਹ ਵਰਿੰਦਰ ਦੀ ਹੀ ਖੂਬੀ ਹੈ ਕਿ ਉਹ ਆਪਣੀ ਕਵਿਤਾ ਵਿਚ ਵਿਚਾਰਾਂ ਦੀ ਤੇਜ਼ੀ ਨੂੰ ਬੜੀ ਖੂਬਸੂਰਤ ਸ਼ਿਦੱਤ ਨਾਲ ਪੇਸ਼ ਕਰਦਿਆਂ ਨਵੇਂ ਬਿੰਬ, ਨਵੀਂ ਸਬਦਾਵਲੀ ਅਤੇ ਨਵੇਂ ਅਰਥ ਦਿੰਦੇ ਵਿਚਾਰ ਪੇਸ਼ ਕਰਦਾ ਹੈੈ। ਉਸ ਦੀਆਂ ਸਾਰੀਆਂ ਹੀ ਕਵਿਤਾਵਾਂ ਹਰ ਢੰਗ ਨਾਲ ਪਾਠਕਾ ਨੂੰ ਕੀਲੀ ਰੱਖਣ ਦਾ ਸਾਹਸ ਕਰਦੀਆਂ ਹਨ ਪਰ ਵਿਸ਼ੇਸ਼ ਕਰਕੇ, ਕੰਪੀਊਟਰ ਦਾ ਖਾਲੀ ਮੌਨੀਟਰ, ਚੀਨਾ ਕਬੂਤਰ, ਅਸ਼ਵਥਾਮਾ ਮਾਰਿਆ ਗਿਆ, ਸਾਇਆ, ਧੁੱਪ, ਮੈਗਨੌਲੀਏ ਦੀ ਕਲੀ, ਸਿਧਾਰਥ ਕਿ ਸ਼ਿਸ਼ੂਪਾਲ, ਯਾਦ, ਕਾਠ ਦਾ ਪੁਤਲਾ ਬੋਲਦਾ ਹੈ, ਪ੍ਰੋਜੈਕਟਰ, ਮਾਂ ਬੋਲੀ ਆਦਿ ਦਿੱਲ-ਦਿਮਾਗ ਨੂੰ ਟੁੰਬਦੀਆਂ ਰਚਨਾਵਾਂ ਹਨ। ਵਰਤੀ ਗਈ ਸ਼ਬਾਦਾਵਲੀ, ਚਿੰਨ੍ਹ ਜਾਂ ਬਿੰਬ ਸਮੇਂ ਦੇ ਹਾਣੀ ਹਨ। ਅੰਗਰੇਜੀ ਦੇ ਵਰਤੇ ਗਏ ਸ਼ਬਦ ਆਮ ਪੰਜਾਬੀ ਸ਼ਬਦਾਵਲੀ ਦਾ ਇੱਕ ਹਿੱਸਾ ਬਣ ਚੁੱਕੇ ਹਨ ਅਤੇ ਇਹ ਓਪਰੇ ਨਹੀਂ ਲੱਗਦੇ।

ਉਸਦੇ ਕਾਵਿ ਦਾ ਸਬੰਧ ਮੂਲ ਰੂਪ ਵਿਚ ਮਨੁੱਖੀ ਸਥਿਤੀ ਅਤੇ ਉਸ ਨਾਲ ਸਬੰਧਿਤ ਭਾਵਨਾਵਾਂ ਨਾਲ ਹੈ। ਉਸਦੀ ਰਚਨਾ ਇੱਕ ਅਜਿਹਾ ਸੱਚ ਹੈ ਜੋ ਇਕੋ ਸਮੇਂ ਭੂਤ ਅਤੇ ਵਰਤਮਾਨ ਨੂੰ ਮੂਰਤੀਮਾਨ ਕਰਨ ਦੇ ਨਾਲ ਨਾਲ ਭਵਿੱਖ ਦੇ ਅਣ-ਦਰਸਾਏ ਝਲਕਾਰਿਆਂ ਦੇ ਰੂ-ਬ-ਰੂ ਵੀ ਕਰ ਦਿੰਦਾ ਹੈ। ਉਸਨੇ ਵਰਡਜ਼ਵਰਥ ਦੇ ਆਖੇ:

“Poetry is the spontaneous overflow of powerful feelings. It takes its origin from emotion recollected in tranquility.”

ਨੂੰ ਸੱਚ ਦਾ ਜਾਮਾ ਪਹਿਨਾਉਂਦਿਆਂ ਆਪਣੇ ਪ੍ਰਚੰਡ ਭਾਵਾਂ ਦੇ ਸਹਿਜ ਪ੍ਰਵਾਹ ਨੂੰ ਆਪਣੀ ਕਵਿਤਾ ਦਾ ਬਿੰਦੂ ਬਣਾਇਆ ਹੈ। ਵਰਿੰਦਰ ਪਰਿਹਾਰ ਦੀ ਕਵਿਤਾ ਦੀ ਪ੍ਰਗਟਾਊ ਸਮਰਥਾ ਅਤੇ ਸੁਝਾਊ ਸ਼ਕਤੀ, ਸਾਡੀ ਨੀਝ ਨੂੰ ਅੱਗੇ ਨਾਲੋਂ ਹੋਰ ਤਿਖੇਰਾ ਅਤੇ ਪਕੇਰਾ ਕਰਨ ਦਾ ਯਤਨ ਕਰਦੀ ਹੈ। ਨਿਰਸੰਦੇਹ, ਵਰਿੰਦਰ ਪਰਿਹਾਰ ਆਪਣੇ ਇਸ ਯਤਨ ਲਈ ਵਧਾਈ ਦਾ ਹੱਕਦਾਰ ਹੈ।

(“ਬਰਤਾਨਵੀ ਕਲਮਾਂ” ‘ਚੋਂ ਡਾ: ਗੁਰਦਿਆਲ ਸਿੰਘ ਰਾਏ)

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ ਸਤੰਬਰ 2021)

***
316
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ