25 April 2024

ਸੰਵਾਦ ਰਚਾਉਂਦਾ ਸ਼ਾਇਰ ਪ੍ਰੀਤ ਮਨਪ੍ਰੀਤ—- ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (11 ਜੁਲਾਈ 2021 ਨੂੰ) 44ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸੰਵਾਦ ਰਚਾਉਂਦਾ ਸ਼ਾਇਰ ਪ੍ਰੀਤ ਮਨਪ੍ਰੀਤ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ਸ਼ਾਇਰ ਪ੍ਰੀਤ ਮਨਪ੍ਰੀਤ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***

ਅਦੀਬ ਸਮੁੰਦਰੋਂ ਪਾਰ ਦੇ : ਸੰਵਾਦ ਰਚਾਉਂਦਾ ਸ਼ਾਇਰ ਪ੍ਰੀਤ ਮਨਪ੍ਰੀਤ—- ਹਰਮੀਤ ਸਿੰਘ ਅਟਵਾਲ

ਸ਼ਾਇਰ ਪ੍ਰੀਤ ਮਨਪ੍ਰੀਤ

ਸੰਵਾਦ ਸ਼ਬਦ ਦਾ ਕੋਸ਼ਗਤ ਅਰਥ ਹੈ ਗੱਲਬਾਤ, ਹਾਲ, ਸਮਾਚਾਰ, ਚਰਚਾ। ਇਹ ਗੱਲਬਾਤ, ਇਹ ਚਰਚਾ ਖ਼ੁਦ ਨਾਲ ਵੀ ਹੋ ਸਕਦੀ ਹੈ ਤੇ ਕਿਸੇ ਦੂਸਰੇ ਜਾਂ ਤੀਸਰੇ ਨਾਲ ਵੀ। ਸਾਹਿਤਕ ਦੁਨੀਆ ਅੰਦਰਲਾ ਸੰਵਾਦ ਕਲਾਤਮਿਕ ਹੁੰਦਾ ਹੈ। ਉਂਝ ਵੀ ਸਿਆਣਿਆਂ ਦਾ ਮੰਨਣਾ ਹੈ ਕਿ ਆਮ ਮਨੁੱਖ ਦੀ ਅਨੁਭੂਤੀ ਵਿਹਾਰਕ ਤੇ ਸਾਹਿਤਕਾਰ ਦੀ ਅਨੁਭੂਤੀ ਭਾਵਨਾਤਮਕ ਹੁੰਦੀ ਹੈ। ਸਾਹਿਤਕਾਰ ਦੀ ਚੇਤਨਾ ਜਿੰਨੀ ਵੱਧ ਦੇਰ ਤਕ ਕਿਸੇ ਵਿਸ਼ੇ ਵਿਚ ਖੁੱਭੀ ਰਹੇਗੀ ਉਨੀ ਹੀ ਤਿੱਖੀ ਤੇ ਪ੍ਰਾਪਤੀ ਯੋਗ ਹੋਵੇਗੀ। ਦਰਅਸਲ ਸਾਹਿਤ ਵਿਚ ਸਿੱਧੀਆਂ ਗੱਲਾਂ ਨਹੀਂ ਹੁੰਦੀਆਂ। ਇਸ ਸੰਵਾਦ ਵਿਚ ਸਾਹਿਤ ਸਿਰਜਣਾ ਦੇ ਕਈ ਤੱਤਾਂ ਦਾ ਸੰਯੋਗ ਹੁੰਦਾ ਹੈ। ਇਹ ਸੰਵਾਦ ਆਂਤ੍ਰਿਕ ਤੇ ਬਾਹਰੀ ਦੁਨੀਆ ਦੇ ਸੰਯੁਕਤ ਰੂਪ ਵਿਚ ਪਏ ਪ੍ਰਭਾਵਾਂ ਦਾ ਪ੍ਰਤੀਫਲ ਹੁੰਦਾ ਹੈ। ਇਹ ਪ੍ਰਭਾਵ ਜਦੋਂ ਸ਼ਾਇਰ ਦੀ ਸੰਵੇਦਨਾ ਦੇ ਹਵਾਲੇ ਹੁੰਦੇ ਹਨ ਤਾਂ ਗੱਲ ਹੋਰ ਦੀ ਹੋਰ ਹੋ ਜਾਂਦੀ ਹੈ ਤੇ ਰਚਨਾ ਪਾਠਕ ਨੂੰ ਆਪਣੀ-ਆਪਣੀ ਲੱਗਣ ਲਗਦੀ ਹੈ। ਗੱਲ ਦਿਲ ਦੀ ਵੀ ਹੁੰਦੀ ਹੈ ਤੇ ਦੁਨੀਆ ਦੀ ਵੀ। ਇਹ ਗੱਲ ਜਦੋਂ ਅੱਗੇ ਗੱਲਬਾਤ ਦਾ ਵਿਚਾਰਧਾਰਕ ਰੂਪ ਧਾਰਦੀ ਹੈ ਤਾਂ ਅਸਲ ਅਰਥਾਂ ਵਿਚ ਸੰਵਾਦ ਹੋਂਦ ਵਿਚ ਆਉਦਾ ਹੈ। ਆਪਣੀ ਸ਼ਾਇਰੀ ਵਿਚ ਐਸਾ ਹੀ ਸੰਵਾਦ ਰਚਾਉਦਾ ਹੈ ਸਾਡਾ ਸਰੀ (ਕੈਨੇਡਾ) ਵੱਸਦਾ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਜਿਸ ਦੀ ਆਈ ਪਹਿਲੀ ਹੀ ਕਾਵਿ-ਕਿਤਾਬ ਨੇ ਉਸ ਦੇ ਸਮਰੱਥ ਸ਼ਾਇਰ ਹੋਣ ਦੇ ਸੰਕੇਤ ਦੇ ਦਿੱਤੇ ਹਨ, ਉਸ ਦੀ ਦਾਨਿਸ਼ਵਰੀ ਦਰਸਾ ਦਿੱਤੀ ਹੈ ਤੇ ਉਸ ਦੀ ਅਦਬੀ ਜ਼ਕਾਵਤ ਨੂੰ ਵੀ ਪ੍ਰਗਟਾ ਦਿੱਤਾ ਹੈ।

ਸਰੀ (ਕੈਨੇਡਾ) ਵਿਚ ਹੀ ਵੱਸਦੇ ਨਾਮਵਰ ਸ਼ਾਇਰ ਿਸ਼ਨ ਭਨੋਟ ਨੇ ਤਾਂ ਪ੍ਰੀਤ ਮਨਪ੍ਰੀਤ ਦੀ ਸ਼ਾਇਰੀ ਦੀ ਅੰਤਰ ਆਤਮਾ ਨੂੰ ਸਮੇਂ ਦੀ ਦਸਤਮਾਯਾ ਦੇ ਸੰਦਰਭ ਵਿਚ ਆਪਣੇ ਇਨ੍ਹਾਂ ਸ਼ਬਦਾਂ ਰਾਹੀਂ ਬਹੁਤ ਹੀ ਅਸਰਦਾਇਕ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ :

‘‘ਪ੍ਰੀਤ ਮਨਪ੍ਰੀਤ ਬੇਹੱਦ ਸੰਵੇਦਨਸ਼ੀਲ, ਸੰਜੀਦਾ ਤੇ ਹੱਸਾਸ ਵਿਅਕਤੀ ਹੈ। ਉਹ ਕਵਿਤਾ ਲਿਖਦਾ ਨਹੀਂ, ਕਵਿਤਾ ਜਿਊਂਦਾ ਹੈ। ਉਸਦੇ ਮਨ ’ਚੋਂ ਖ਼ਿਆਲ ਆਬਸ਼ਾਰ ਵਾਂਗ ਵਹਿੰਦੇ ਨੇ, ਨਿਰਉਚੇਚ। …ਉਸ ਦੀ ਸ਼ਾਇਰੀ ਵਾਦ-ਵਿਵਾਦ ਨਹੀਂ, ਸੰਵਾਦ ਰਚਾੳੁਂਦੀ ਹੈ, ਕਦੇ ਸਮਾਜਿਕ ਸਰੋਕਾਰਾਂ ਨਾਲ ਤੇ ਕਦੇ ਸਵੈ ਨਾਲ। ਉਸ ਦੀ ਸ਼ਾਇਰੀ ਸ਼ੋਰ ਵਾਂਗ ਉੱਚੀ ਨਹੀਂ, ਖ਼ਾਮੋਸ਼ੀ ਵਾਂਗ ਗਹਿਰੀ ਹੈ। …ਉਹ ਅਖੌਤੀ ਬੌਧਿਕਤਾ ਦੀ ਹਉਮੈ ’ਚ ਅੰਨ੍ਹਾ ਨਹੀਂ, ਸਗੋਂ ਜਗਿਆਸੂ ਵਾਂਗ ਆਪਣੀ ਊਣੀ ਸੋਚ ਦਾ ਕਟੋਰਾ ਲੈ ਕੇ ਗਿਆਨ ਦੀ ਵੇਈਂ ਸਾਹਮਣੇ ਖੜ੍ਹਾ ਹੈ।’’

ਇਸੇ ਤਰ੍ਹਾ ਮਕਬੂਲ ਸ਼ਾਇਰ ਜਸਵਿੰਦਰ ਦੇ ਪ੍ਰੀਤ ਮਨਪ੍ਰੀਤ ਬਾਰੇ ਇਹ ਵਿਚਾਰ ਵੀ ਕਾਬਿਲੇਗੌਰ ਹਨ :

‘‘ਪ੍ਰੀਤ ਮਨਪ੍ਰੀਤ ਕਿਤੇ ਵੀ ਕਵਿਤਾ ਦੇ ਬੇਰੋਕ ਵਹਿਣ ਨੂੰ ਕਾਵਿ-ਸੁਹਜ ਦੇ ਕਿਨਾਰਿਆਂ ਤੋਂ ਬਾਹਰ ਨਹੀਂ ਉਲਝਣ ਦਿੰਦਾ ਅਤੇ ਉਸ ਦੇ ਜਜ਼ਬਾਤ ਦੀਆਂ ਛੱਲਾਂ ਪਾਠਕ ਦੀ ਚੇਤਨਾ ਨੂੰ ਭਿਉਂ ਕੇ ਖ਼ੁਸ਼ਕ ਮਾਰੂਥਲੀ ਪੌਣਾਂ ਦੇ ਦੁਰਪ੍ਰਭਾਵ ਤੋਂ ਬਚਾਉਦੀਆਂ ਰਹਿੰਦੀਆਂ ਨੇ।’’

ਪ੍ਰੀਤ ਮਨਪ੍ਰੀਤ ਦਾ ਜਨਮ 27 ਜੁਲਾਈ, 1978 ਨੂੰ ਪਿਤਾ ਕਰਮਜੀਤ ਸਿੰਘ ਤੇ ਮਾਤਾ ਬਲਜੀਤ ਕੌਰ ਦੇ ਘਰ ਪਿੰਡ ਮਨਾਵਾਂ ਜ਼ਿਲ੍ਹਾ ਮੋਗਾ ਵਿਖੇ ਹੋਇਆ। ਉਹ ਐੱਮ.ਏ. ਅਰਥ ਸ਼ਾਸਤਰ ਤੇ ਬੀਐੱਡ ਦੀ ਵਿੱਦਿਅਕ ਯੋਗਤਾ ਪ੍ਰਾਪਤ ਅਦੀਬ ਹੈ। ‘ਗ਼ਜ਼ਲ ਮੰਚ ਸਰੀ’ ਤੇ ‘ਕਲਮੀ ਪਰਵਾਜ਼ ਮੰਚ’ ਦਾ ਮੈਂਬਰ ਵੀ ਹੈ। 2006 ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਨਿਵਾਸ ਰੱਖ ਰਿਹਾ ਹੈ। ਇਸ ਨੌਜਵਾਨ ਸ਼ਾਇਰ ਦੀ ਪਲੇਠੀ ਪੁਸਤਕ ‘ਰੁੱਤਾਂ, ਦਿਲ ਤੇ ਸੁਫਨੇ’ (ਪੰਨੇ 112) ਅਜੇ ਪਿਛਲੇ ਸਾਲ ਹੀ ਪਾਠਕਾਂ ਕੋਲ ਪੁੱਜੀ ਹੈ ਜਿਸ ਵਿਚ ਨਜ਼ਮਾਂ ਵੀ ਹਨ ਤੇ ਗ਼ਜ਼ਲਾਂ ਵੀ। ਗੱਲ ਅੱਗੇ ਕਰਨ ਤੋਂ ਪਹਿਲਾਂ ਪ੍ਰੀਤ ਮਨਪ੍ਰੀਤ ਦੀ ਇਸ ਪੁਸਤਕ ’ਚੋਂ ਕੁਝ ਸ਼ਿਅਰ ਸਾਂਝੇ ਕਰਦੇ ਹਾਂ:

ਖ਼ਾਹਿਸ਼ਾਂ ਦੇ ਆਪ ਪੁੱਟੇ ਖੂਹ, ਨਹੀਂ ਭਰਦੇ ਹਜ਼ੂਰ
ਨਾ ਕਦੇ ਮਿਟਦੀ ਮਨਾਂ ਵਿਚ, ਵਸ ਗਈ ਜੋ ਭੁੱਖ-ਨੰਗ।
ਗਰਜ਼ ਦੇ ਝਾੜਾਂ ’ਚ ਫਸ ਕੇ ਹੋ ਗਿਆ ਹੈ ਲੀਰ-ਲੀਰ
ਰਿਸ਼ਤਿਆਂ ਦਾ ਸੂਟ ਮੈਂ ਜੋ ਪਹਿਨਿਆ ਸੀ ਮੰਗ-ਤੰਗ।
*
ਸਾਂਝਾਂ ’ਚੋਂ ਨਿੱਘ ਭਾਲਦੇ, ਨਿੱਜ ਦੀ ਬੁੱਕਲ ਮਾਰ
ਵੱਧ ਗਏ ਤਾਂ ਹੀ ਫ਼ਾਸਲੇ, ਘਟ ਗਿਆ ਹੇਜ-ਪਿਆਰ।
ਭੀੜ ਪਈ ਨਾ ਬਹੁੜਦੇ ਪ੍ਰੀਤ ਨਾ ਲੈਂਦੇ ਸਾਰ
ਜੋ ਹਰ ਸਾਹ ਦੇ ਨਾਲ ਸੀ ਖਾਂਦੇ ਕਸਮ ਹਜ਼ਾਰ।
*
ਸੋਚ ਸਮਝ ਕੇ ਹੀ ਲਿਖਿਆ ਕਰ ਧੁੱਪਾਂ ਦਾ ਫੁਰਮਾਨ ਕਿਤੇ।
ਬਹੁਤਾ ਚਾਨਣ ਨਜ਼ਰ ਤੇਰੀ ਦਾ ਕਰ ਨਾ ਦਏ ਨੁਕਸਾਨ ਕਿਤੇ।
ਅੱਜ ਦੇ ਅਰਜਣ ਕਿੱਦਾਂ ਵਿੰਨਣ ਅੱਖ ਸਮੇਂ ਦੀ ਮੱਛੀ ਦੀ।
ਗਰਜਾਂ ਕੋਲ ਜੋ ਗਹਿਣੇ ਧਰ ਆਏ ਨੇ ਆਪਣੇ ਤੀਰ-ਕਮਾਨ ਕਿਤੇ।

ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਵਾਂਗ ਨਜ਼ਮਾਂ ਵੀ ਆਪਣੇ ਆਪ ਵਿਚ ਪ੍ਰਬੰਧ ਯੁਕਤ ਹਨ। ਲੈਆਤਮਕ ਹਨ। ਪ੍ਰਗੀਤਾਤਮਿਕਤਾ ਸੰਪੰਨ ਹਨ। 35 ਕੁ ਦੇ ਕਰੀਬ ਇਨ੍ਹਾਂ ਨਜ਼ਮਾਂ ਅੰਦਰਲੀ ਖ਼ਿਆਲੀ ਲਹਿਰ ਪਾਠਕ ਨੂੰ ਪੜ੍ਹਦਿਆਂ ਹੀ ਆਪਣੇ ਨਾਲ ਜੋੜ ਲੈਂਦੀ ਹੈ। ਫਿਰ ਗੱਲ ਉੱਥੇ ਮੁੱਕਦੀ ਹੈ ਜਿੱਥੇ ਮੁੱਕਣੀ ਚਾਹੀਦੀ ਹੈ। ਇਹੀ ਸਥਿਤੀ ਸਾਰੀਆਂ ਗ਼ਜ਼ਲਾਂ ਦੀ ਹੈ। ‘ਅਧੂਰੀ ਹੋਂਦ ਦੀ ਕਸਕ’, ‘ਸੜਕ ਬਨਾਮ ਔਰਤ’, ‘ਕਲਾਵੇ ’ਚ ਕਾਇਨਾਤ’, ‘ਗੁਸਤਾਖ ਸ਼ਬਦ’, ‘ਘਰ ਤੇ ਕਵਿਤਾ’ ਆਦਿ ਜਦੋਂ ਨਜ਼ਮਾਂ ਪੜ੍ਹਦੇ ਹਾਂ ਤਾਂ ਸਾਹਿਤਕ ਸੁਹਜ ਦੀ ਸਿਖ਼ਰ ਮਾਣਨ ਦਾ ਅਨੁਭਵ ਵੀ ਪਾਠਕ ਨੂੰ ਨਾਲੋਂ ਨਾਲ ਹੁੰਦਾ ਹੈ। ਹਰ ਨਜ਼ਮ ਆਪਣੇ ਆਪ ਵਿਚ ਨਰੋਏ ਤੇ ਸੂਤ੍ਰਿਕ ਖ਼ਿਆਲ ਨਾਲ ਓਤਪੋਤ ਹੈ।

ਪ੍ਰੀਤ ਮਨਪ੍ਰੀਤ ਨਾਲ ਸਮੇਂ-ਸਮੇਂ ਸੰਵਾਦ ਹੁੰਦਾ ਰਹਿੰਦਾ ਹੈ। ਉਸ ਵੱਲੋਂ ਕੁਝ ਅੰਸ਼ ਹਾਜ਼ਰ ਹਨ :

* ਪੰਜਾਬੀ ਕਾਵਿ-ਸਿਰਜਣਾ ਵੱਲ ਝੁਕਾਅ ਲਗਪਗ 25 ਕੁ ਸਾਲ ਪਹਿਲਾਂ 12 ਵੀਂ ਜਮਾਤ ’ਚ ਪੜ੍ਹਦਿਆਂ ਹੋ ਗਿਆ ਸੀ। ਉਸ ਸਮੇਂ ਸੁਰਜੀਤ ਪਾਤਰ ਤੇ ਪਾਸ਼ ਦੀਆਂ ਕਵਿਤਾਵਾਂ ਨੇ ਬਹੁਤ ਅਸਰ ਪਾਇਆ। ਆਪਣੀ ਕਵਿਤਾ ਲਿਖਕੇ ਬੋਲਣ ਨਾਲ ਕਾਵਿ-ਮੁਕਾਬਲਿਆਂ ’ਚੋਂ ਕਾਲਜ ਸਮੇਂ ਬਹੁਤ ਇਨਾਮ ਜਿੱਤੇ।

* ਕਵਿਤਾ ਮੇਰੇ ਲਈ ਸਦਾ ਆਪਣੇ ਅਨੁਭਵ, ਖ਼ਿਆਲ ਜਾਂ ਜਜ਼ਬਿਆਂ ਨੂੰ ਕਾਗਜ਼ ’ਤੇ ਉਤਾਰਣ ਤੋਂ ਪਹਿਲਾਂ ਰੂਹ ਨੂੰ ਲਰਜਾ ਦੇਣ ਵਾਲਾ ਆਤਮ ਸੰਤੁਸ਼ਟੀ ਦਾ ਅਹਿਸਾਸ ਰਹੀ ਹੈ। ‘ਰੁੱਤਾਂ, ਦਿਲ ਤੇ ਸੁਫ਼ਨੇ’, ਅੰਦਰਲੀਆਂ ਕਵਿਤਾਵਾਂ ਜੀਵਨ ਸਫ਼ਰ ਦੇ ਅਲੱਗ-ਅਲੱਗ ਥਾਵਾਂ, ਰਾਹਵਾਂ ਅਤੇ ਪੜਾਵਾਂ ’ਤੇ ਰਚੀਆਂ ਹੋਣ ਕਾਰਨ ਵੱਖੋ-ਵੱਖ ਰੰਗਾਂ, ਵਿਸ਼ਿਆਂ, ਅਨੁਭਵਾਂ ਜਾਂ ਮਨੋਸਥਿਤੀਆਂ ਦਾ ਕਾਵਿਕ ਬਿਆਨਨਾਮਾ ਨੇ।

* ਚੰਗੀ ਜਾਂ ਉੱਚ ਪਾਏ ਦੀ ਰਚਨਾ ਲਈ ਕਵੀ ਦਾ ਸੰਜੀਦਾ ਤੇ ਸੰਵੇਦਨਸ਼ੀਲ ਹੋਣਾ ਨਿਹਾਇਤ ਜ਼ਰੂਰੀ ਹੈ।

* ਪਹਿਲਾਂ ਪੰਜਾਬ ਤੋਂ ਬਾਹਰ ਲਿਖੇ ਜਾ ਰਹੇ ਸਾਹਿਤ ਨੂੰ ਪਰਵਾਸੀ ਸਾਹਿਤ ਕਹਿਕੇ ਪਰਚਾਰਿਆ ਜਾਂਦਾ ਸੀ। ਹੁਣ ਪੰਜਾਬੀ ਦੇ ਕਈ ਚੰਗੇ ਲੇਖਕਾਂ ਦਾ ਹੋਰਨਾਂ ਦੇਸ਼ਾ ਤੇ ਖ਼ਾਸ ਕਰ ਕੇ ਕੈਨੇਡਾ ਅਮਰੀਕਾ ’ਚ ਪਰਵਾਸ ਕਰਨ ਕਾਰਨ ਏਧਰ ਵੀ ਬਹੁਤ ਵਧੀਆ ਲਿਖਣ ਵਾਲੇ ਕਵੀ ਜਾਂ ਲੇਖਕ ਮੌਜੂਦ ਨੇ। ਭਵਿੱਖ ਵਿਚ ਇਹ ਵਰਤਾਰਾ ਹੋਰ ਵੀ ਵਧਣ ਦੀ ਸੰਭਾਵਨਾ ਹੈ। ਪੂਰਾ ਵਿਸ਼ਵ ਹੁਣ ਗਲੋਬਲ ਪਿੰਡ ਬਣਨ ਨਾਲ ਦੋਨੋਂ ਪਾਸੇ ਰਚੇ ਜਾ ਰਹੇ ਸਾਹਿਤ ਵਿਚ ਕੋਈ ਬਹੁਤਾ ਅੰਤਰ ਨਹੀਂ।

* ਪੰਜਾਬੀਆਂ ਅੰਦਰ ਪਰਵਾਸ ਧਾਰਨ ਕਰਨ ਦੇ ਬਹੁਤੇ ਕਾਰਨ ਆਰਥਿਕ ਤੇ ਪਰਿਵਾਰਕ ਹਨ। ਬਹੁਤੇ ਲੋਕਾਂ ਨੂੰ ਆਪਣਾ ਜਾਂ ਆਪਣੇ ਬੱਚਿਆਂ ਦਾ ਭਵਿੱਖ ਭਾਰਤ ਵਿਚ ਨਜ਼ਰ ਨਹੀਂ ਆਉਦਾ। ਉਂਝ ਪਰਦੇਸ ਦੀ ਜ਼ਿੰਦਗੀ ਵੀ ਏਨੀ ਸੌਖੀ ਨਹੀਂ ਹੈ। ਮੁੱਢਲੇ ਸਾਲਾਂ ਵਿਚ ਤਾਂ ਏਥੇ ਵੀ ਕਈ ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ।

ਨਿਰਸੰਦੇਹ ਪ੍ਰੀਤ ਮਨਪ੍ਰੀਤ ਦੀਆਂ ਉਪਰੋਕਤ ਗੱਲਾਂ ਵੀ ਇਕ ਵੱਖਰੀ ਕਿਸਮ ਦਾ ਸੰਵਾਦ ਰਚਾਉਦੀਆਂ ਹਨ। ਪ੍ਰਸਿੱਧ ਗ਼ਜ਼ਲਗੋ ਕਵਿੰਦਰ ਚਾਂਦ ਦੇ ਕਹਿਣ ਮੁਤਾਬਕ, ਇਸ ਸ਼ਾਇਰ ਦੀ ਸ਼ਾਇਰੀ ਕਲਾਮਈ ਤਨਜ਼, ਤਾਲ ਬਹਿਰ ਦੀ ਸੂਝ, ਸੰਜੀਦਗੀ ਤੇ ਸੱਜਰੇਪਨ ਨਾਲ ਭਰਪੂਰ ਹੈ।
***
239
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ