4 December 2022

ਸਿਰਜਣਾ ਤੇ ਸੰਵਾਦ – ਇੱਕ ਯਾਦਗਾਰੀ ਦਸਤਾਵੇਜ਼ – ਡਾ: ਗੁਰਦਿਆਲ ਸਿੰਘ ਰਾਏ

‘ਸਿਰਜਣਾ ਤੇ ਸੰਵਾਦ’

ਇੱਕ ਯਾਦਗਾਰੀ ਦਸਤਾਵੇਜ਼

ਡਾ: ਗੁਰਦਿਆਲ ਸਿੰਘ ਰਾਏ

(ਨੋਟ: ਪੰਜਾਬੀ ਮਾਪਿਆਂ ਦੀ ਸਭਾ ਪੂਰਬੀ ਲੰਡਨ ਵਲੋਂ ਰਾਮਗੜ੍ਹੀਆ ਕਮਿਊਨਿਟੀ ਸੈਂਟਰ, 270 ਨੈਵਿਲ ਰੋਡ, ਫੌਰੈਸਟ ਗੇਟ, ਈ:7 ਵਿਖੇ ਐਤਵਾਰ 6 ਨਵੰਬਰ 2005 ਨੂੰ ਕਰਵਾਏ ਜਾ ਰਹੇ ‘ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ’ ਦੇ ਮੌਕੇ ਤੇ ਇਹ ਪਰਚਾ ਪੜ੍ਹਿਆ ਗਿਆ।)—ਲਿਖਾਰੀ

ਗਿਆਰਾਂ ਸਿਰਕੱਢ ਪੰਜਾਬੀ ਲੇਖਕਾਂ ਨਾਲ ਲੰਮੀਆਂ ਮੁਲਾਕਾਤਾਂ ਤੇ ਅਧਾਰਿਤ ‘ਸਿਰਜਣਾ ਤੇ ਸੰਵਾਦ’ ਡਾ: ਪ੍ਰੀਤਮ ਸਿੰਘ ਕੈਂਬੋ ਦੀ 254 ਪੰਨਿਆਂ ਵਾਲੀ ਪੁਸਤਕ ਪੰਜਾਬੀ ਸਾਹਿਤਕ ਜਗਤ ਨੂੰ, ਇਕ ਇਤਿਹਾਸਕ, ਦਸਤਾਵੇਜ਼ੀ, ਯਾਦਗਾਰੀ ਅਤੇ ਸਾਂਭਣ ਯੋਗ ਦੇਣ ਹੈ। ਇਸ ਪੁਸਤਕ ਵਿੱਚ ਪ੍ਰਿੰ: ਐਸ.ਐਸ. ਅਮੋਲ, ਪ੍ਰਿੰ: ਸੁਜਾਨ ਸਿੰਘ, ਪ੍ਰੋ: ਪ੍ਰੀਤਮ ਸਿੰਘ, ਪ੍ਰੋ: ਪਿਆਰਾ ਸਿੰਘ ਪਦਮ, ਡਾ: ਕਿਰਪਾਲ ਸਿੰਘ, ਡਾ: ਕਰਨੈਲ ਸਿੰਘ ਥਿੰਦ, ਪ੍ਰੋ: ਪਿਆਰਾ ਸਿੰਘ ਭੋਗਲ, ਜਸਵੰਤ ਸਿੰਘ ਵਿਰਦੀ, ਡਾ: ਸਤਿਆਨੰਦ ਸੇਵਕ, ਸ੍ਰੀਮਤੀ ਬਚਿੰਤ ਕੌਰ ਅਤੇ ਨਜ਼ੀਰ ਕਹੂਟ ਨਾਲ ਪਿਛਲੇ ਪੰਦਰਾਂ ਵਰ੍ਹਿਆਂ ਦੇ ਸਮੇਂ ਦੌਰਾਨ ਕੀਤੀਆਂ ਮੁਲਾਕਾਤਾਂ ਨੂੰ ਕਲਮਬੰਦ ਕੀਤਾ ਗਿਆ ਹੈ। ਕਿਸੇ ਵੀ ਲੇਖਕ ਦੇ ਸਮੁੱਚੇ ਜੀਵਨ ਨੂੰ ਜਾਨਣ, ਉਸਦੇ ਰਚਨਾ-ਜਗਤ ਦੀ ਥਾਹ ਪਾਉਣ, ਉਸਦੀ ਸਿਰਜਣਾ-ਕਲਾ ਅਤੇ ਲਿਖਣ-ਪ੍ਰਕਿਰਆ ਨੂੰ ਭਲੀ-ਭਾਂਤੀ ਸਮਝਣ-ਵਿਚਾਰਨ ਲਈ, ‘ਮੁਲਾਕਾਤਾਂ’ ਦੀ ਕਲਾ ਦਾ ਆਪਣਾ ਇੱਕ ਵਿਸ਼ੇਸ਼ ਸਥਾਨ ਹੈ।

ਪੰਜਾਬੀ ਵਿਚ ਮੁਲਾਕਾਤਾਂ ਦੀ ਸ਼੍ਰੇਣੀ ਅਧੀਨ ਹੁਣ ਤੱਕ ਲਗਪਗ ‘ਅੱਧੀ’ ਦਰਜਨ ਤੋਂ ਉਪੱਰ ਪੁਸਤਕਾਂ ਮਿਲਦੀਆਂ ਹਨ ਰਘਬੀਰ ਸਿੰਘ ਸਿਰਜਣਾ ਦੀ ‘ਮੁਲਾਕਾਤਾਂ’, ਜਸਬੀਰ ਭੁੱਲਰ ਦੀ ‘ਗੁਫ਼ਤਗੂ ਤੇ ਲਿਖਣ ਵੇਲਾ’, ਗੁਰਬਚਨ ਭੁੱਲਰ ਦੀ ‘ਬਚਨ ਬਿਲਾਸ’ ਅਤੇ ਬਲਦੇਵ ਸਿੰਘ ਦੀ ‘ਵਾਰਤਾਲਾਪ’, ਡਾ: ਉਮਿੰਦਰ ਜੌਹਲ ਦੀ ‘ਸਮੀਖਿਆ ਸੰਵਾਦ’ ਅਤੇ ਬਲਬੀਰ ਪਰਵਾਨਾ ਦੀ ‘ਕਲਾ ਜਿੰਦਗੀ ਤੇ ਨਕਸਲੀ ਲਹਿਰ’ ਇਸੇ ਮੁਲਾਕਾਤਾਂ ਦੀ ਸੂਚੀ ਵਿੱਚ ਆਉਂਦੀਆਂ ਹਨ। ਹੁਣੇ ਹੁਣੇ ਛਪੀ ‘ਤਰਸੇਮ’ ਦੀ ਪੁਸਤਕ ‘ਰੂ-ਬ-ਰੂ’ ਉਪਰੰਤ ਸਮੁੱਚੇ ਪੰਜਾਬੀ ਸਾਹਿਤ ਦੇ ਇੱਕ ਵਡੇ ਅੰਗ ਜਾਂ ਕਿਸੇ ਵਿਸ਼਼ੇਸ਼ ਪੁਸਤਕ ਦੇ ਅਧਿਐਨ ਤੋਂ ਬਾਅਦ ਵਿਸਥਾਰ ਵਿੱਚ ‘ਮੁਲਾਕਾਤਾਂ’ ਦਾ ਅਨੋਖਾ ਰੰਗ ਜੇ ਕਰ ਵੇਖਣ ਨੂੰ ਮਿਲਦਾ ਹੈ ਤਾਂ ਉਹ ਹੈ ਡਾ: ਪ੍ਰੀਤਮ ਸਿੰਘ ਕੈਂਬੋ ਰਚਿਤ ਨਵੀਂ ਪੁਸਤਕ ‘ਸਿਰਜਣਾ ਤੇ ਸੰਵਾਦ’ ਰਾਹੀਂ। ਇਹ ਪੁਸਤਕ ਮੁਲਾਕਾਤ ਦੀ ਕਲਾ ਨੂੰ ਅਗ੍ਹਾਂ ਤੋਰਦੀ ਸਾਡਾ ਵਿਸ਼ੇਸ਼ ਧਿਆਨ ਖਿੱਚ੍ਹਦੀ ਹੈ। ਹੱਥਲੇ ਯਤਨ ਵਿੱਚ ਇਸ ਪੁਸਤਕ ਦੇ ਕੁਝ ਦਿਲਚਸਪ ਪਹਿਲੂਆਂ ਉਤੇ ਹੀ ਨਿਗਾਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Pritam Singh Kambo
ਡਾ. ਪ੍ਰੀਤਮ ਸਿੰਘ ਕੈਂਬੋ

ਪਹਿਲੀ ਗੱਲ: ਇਹ ਪੁਸਤਕ ਮੁਲਾਕਾਤਾਂ ਦੀ ਹੈ। ਡਾ: ਕੈਂਬੋ ਨੇ ਪੁਸਤਕ ਦਾ ਨਾਂ ‘ਸਿਰਜਣਾ ਤੇ ਸੰਵਾਦ’ ਰੱਖਿਆ ਹੈ। ਪੁਸਤਕ ਸਿਰਲੇਖ ‘ਸਿਰਜਣਾ ਤੇ ਸੰਵਾਦ’ ਦੇ ਨਾਲ ਹੀ, ਸਪਸ਼ਟ ਕਰਨ ਲਈ, ਜ਼ਰਾ ਕੁ ਛੋਟੇ ਅੱਖਰਾਂ ਵਿੱਚ ‘ਬਰੈਕਟਾਂ’ ਅੰਦਰ ‘ਲੇਖਕਾਂ ਨਾਲ ਲੰਮੀਆਂ ਮੁਲਾਕਾਤਾਂ’ ਵੀ ਲਿਖਿਆ ਗਿਆ ਹੈ। ਉਂਝ ਜੇ ਕਰ ਲੇਖਕ ਸਪਸ਼ਟੀਕਰਣ ਦੇਣ ਲਈ ਬਰੈਕਟਾਂ ਅਧੀਨ ਕੁਝ ਨਾ ਵੀ ਲਿਖਦਾ ਤਾਂ ਵੀ ਗੱਲ ਸਪਸ਼ਟ ਹੀ ਸੀ। ਸੰਵਾਦ ਦਾ ਸ਼ਾਬਦਿਕ ਅਰਥ ਹੈ ਗੱਲਬਾਤ, ਗੱਲ-ਕੱਥ, ਵਾਰਤਾਲਾਪ, ਗੁਫ਼ਤਗੂ (ਕਨਵਰਸੇਸ਼ਨ)। ਇੰਝ ਡਾ: ਕੈਂਬੋ ਅਤੇ ਗਿਆਰਾਂ ਲੇਖਕਾਂ ਵਿਚਕਾਰ ਇਹ ਗੱਲਬਾਤ, ਵਾਰਤਾਲਾਪ ਜਾਂ ਸੰਵਾਦ ਹੀ ਤਾਂ ਹੈ। ਦੂਜੇ ਬੰਨੇ ਇਹ ਮੁਲਾਕਾਤਾਂ, ਸਿਰਜਣਾ ਵੀ ਹਨ ਅਤੇ ਸਿਰਜਣ ਕਲਾ ਦਾ ਉੱਤਮ ਨਮੂਨਾ ਵੀ। ਕਿਉਂਕਿ ਮੁਲਾਕਾਤੀਆਂ ਅਤੇ ਮੁਲਾਕਾਤ ਕਰਨ ਵਾਲੇ ਦੀ ਦੁਵੱਲੀ ਗਲਬਾਤ ਤੋਂ ਹੋਂਦ ਵਿੱਚ ਆਈ ਰਚਨਾ ਦੇ ‘ਰਚਨਾਤਮਕ’ ਪਹਿਲੂ ਨੂੰ ਨਾ ਤਾਂ ਅੱਖੋਂ ਉਹਲੇ ਹੀ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅਣਗੌਲਿਆ ਵੀ। ਪੁਸਤਕ ਵਿਚਲੇ ਸੁਆਲ ਅਤੇ ਉਹਨਾਂ ਦੇ ਜਵਾਬ ਪੜ੍ਹਨ ਉਪਰੰਤ ਪੁਸਤਕ ਦਾ ਨਾਂ ਹੋਰ ਵੀ ਸਾਰਥਕ ਅਤੇ ਅਰਥ-ਭਰਪੂਰ ਹੋ ਜਾਂਦਾ ਹੈ।

‘ਸਿਰਜਣਾ ਤੇ ਸੰਵਾਦ’ ਦਾ ਦੂਜਾ ਪਹਿਲੂ ਇਹ ਹੈ ਕਿ ਇਹ ਸਾਰੀਆਂ ਮੁਲਾਕਾਤਾਂ ਨੂੰ ਹੱਥਲੇ ਰੂਪ ਵਿੱਚ ਆਉਣ ਲਈ ਬਹੁਤ ਜ਼ਿਆਦਾ ਸਮਾਂ ਲੱਗਿਆ। ਇਤਨਾ ਲੰਮਾ ਸਮਾਂ ਕਿਵੇਂ ਅਤੇ ਕਿਉਂ ਲੱਗਿਆ? ਇਹਨਾਂ ਮੁਲਾਕਾਤਾਂ ਨੂੰ ਮੁਕੰਮਲ ਹੋਣ ਵਿੱਚ ਸਾਰੀ ‘ਪਰਕਰਿਆ’ ਕੀ ਰਹੀ? ਅਗ੍ਹਾਂ ਕੁਝ ਤੱਥ ਹਾਜ਼ਰ ਹਨ:

(1) ਗਿਆਰਾਂ ਲੇਖਕਾਂ ਨਾਲ ਕੀਤੀ ਗੱਲਬਾਤ ਜਾਂ ਮੁਲਾਕਾਤ ਕੇਵਲ ਹਰ ਲੇਖਕ ਦੇ ਸਾਧਾਰਨ ਜੀਵਨ ਵੇਰਵੇ ਤੱਕ ਨੂੰ ਹੀ ਨਹੀਂ ਦਰਸਾਉਂਦੀ ਸਗੋਂ ਹਰ ਲੇਖਕ ਦੇ ਰਚਨਾ ਸੰਸਾਰ ਦੀ ਤਹਿ ਤੱਕ ਨੂੰ ਵੀ, ਹਰ ਕੋਣ ਤੋਂ ਫਰੋਲਦੀ ਹੈ। ਡਾ: ਕੈਂਬੋ ਨੂੰ ਇਹਨਾਂ ਸਾਰੇ ਲੇਖਕਾਂ ਦੀਆਂ ਲਗਪਗ ਸਾਰੀਆਂ ਹੀ ਰਚਨਾਵਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਪਿਆ। ਡਾ: ਕੈਂਬੋ ਨੇ ਗਿਆਰਾਂ ਵਿੱਚੋਂ ਦੱਸ ਮੁਲਾਕਾਤੀ ਲੇਖਕਾਂ ਦੀਆਂ ਘੱਟੋ ਘੱਟ 10-10 ਪ੍ਰਮੁੱਖ ਰਚਨਾਵਾਂ (ਪੁਸਤਕਾਂ) ਅਤੇ ਗਿਆਰ੍ਹਵੇਂ ਲੇਖਕ ਦੀਆਂ ਦੋ ਪੁਸਤਕਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਪੜ੍ਹਿਆ ਅਤੇ ਵਿਚਾਰਿਆ। ਇਸਦੇ ਨਾਲ ਹੀ ਡਾ: ਕੈਂਬੋ ਨੇ ਇਹਨਾਂ ਇੱਕ ਸੌ ਵੀਹ ਪੁਸਤਕਾਂ ਤੋਂ ਬਿਨਾਂ ਹਰ ਲੇਖਕ ਸਬੰਧੀ ਨਾ ਕੇਵਲ ਹੋਰ ਲੋੜੀਂਦੀ ਜਾਣਕਾਰੀ ਹੀ ਪਰਾਪਤ ਕੀਤੀ ਸਗੋਂ ਚਰਚਾ ਵਿੱਚ ਆਈਆਂ ਰਚਨਾਵਾਂ ਸਬੰਧੀ ਵੀ ਹੋਰ ਉਪਲੱਭਦ ਸਾਮਗਰੀ ਪੜ੍ਹੀ-ਵਿਚਾਰੀ। ਫਿਰ ਇਹਨਾਂ ਸਾਰੀਆਂ ਪੁਸਤਕਾਂ ਨੂੰ ਆਧਾਰ ਬਣਾ ਕੇ ਢੁਕਵੇਂ ਪ੍ਰਸ਼ਨ ਤਿਆਰ ਕਰਕੇ ਵਾਰਤਾਲਾਪ ਦਾ ਆਧਾਰ ਬਣਾਇਆ। ਗਲਬਾਤ ਦੌਰਾਨ ਜਿਹੜੇ ਵੀ ਹੋਰ ਨੁੱਕਤੇ ਸਾਹਮਣੇ ਆਏ ਉਹਨਾਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ।

(2) ਪਰ ਆਖਿਆ ਜਾ ਸਕਦਾ ਹੈ ਕਿ ਸ਼ਾਇਦ ਹਰ ਮੁਲਾਕਾਤਾਂ ਦੀ ਪੁਸਤਕ ਲਈ ਇੰਨਾ ਕੁ ਕੰਮ ਤਾਂ ਕਰਨਾ ਹੀ ਪੈਂਦਾ ਹੈ। ਬਿਲਕੁਲ ਠੀਕ। ਪਰ ਆਮ ਤੌਰ ਤੇ ਮੁਲਾਕਾਤਾਂ ਲਈ ‘ਇੰਟਰਵੀਊ’ ਲੈਣ ਵਾਲਾ ਲੇਖਕ ਕੁਝ ਪ੍ਰਸ਼ਨਾਂ ਦੀ ਸੂਚੀ ਤਿਆਰ ਕਰਦਾ ਹੈ ਅਤੇ ਸੰਬੰਧਿਤ ਲੇਖਕ ਨੂੰ ਪਹੁੰਚਾ ਦਿੰਦਾ ਹੈ। ਉਹ ਲੇਖਕ ਆਪਣੀ ਸੌਖ ਨਾਲ ਜਦੋਂ ਵੀ ਸਮਾਂ ਮਿਲੇ ਜਵਾਬ ਲਿੱਖ ਕੇ ਭੇਜ ਦਿੰਦਾ ਹੈ। ਬਸ ਇੰਟਰਵੀਊ ਤਿਆਰ। ਪਰ—–

(3) ਡਾ: ਕੈਂਬੋ ਨੇ ਇਹ ਸੁਖਾਲੀ ਵਿੱਧੀ ਨਹੀ ਵਰਤੀ। ਲੇਖਕ ਨੇ ਰੂ-ਬ-ਰੂ ਹੋ ਰਹੇ ਹਰ ਲੇਖਕ ਦੇ ਸਾਰੇ ਜਵਾਬਾਂ ਨੂੰ ਆਪਣੇ ਸਵਾਲਾਂ ਸਮੇਤ ‘ਟੇਪ-ਰੀਕਾਰਡ’ ਕੀਤਾ ਹੈ। ਫਿਰ ਟੇਪ ਤੋਂ ਸਾਰੀ ਇੰਟਰਵੀਊ ਨੂੰ ਕਾਗ਼ਜ਼ ਉੱਪਰ ਲਿਖਿਆ। ਫਿਰ ਹਰ ਲੇਖਕ ਦੇ ਇੰਟਰਵੀਊ ਦਾ ਖਰੜਾ ਤਿਆਰ ਕਰਕੇ ਹਰ ਲੇਖਕ ਨੂੰ ਭੇਜਿਆ ਤਾਂ ਜੋ ਸੰਬੰਧਤ ਲੇਖਕ ਆਪਣੇ ਆਖੇ ਨੂੰ ਜਾਂਚ-ਪੜਤਾਲ ਦੀ ਭੱਠੀ ਵਿੱਚ ਪਾ ਕੇ ਲੋੜੀਂਦੀ ਘਾਟ-ਵਾਧ ਕਰ ਸਕੇ। ਇਸ ਸਾਰੇ ਕੰਮ ਵਿੱਚ ਹੀ ਕਈ ਕਈ ਮਹੀਨੇ ਅਤੇ ਵਰ੍ਹੇ ਵੀ ਲੰਘ ਗਏ। ਇਸਦੇ ਨਾਲ ਹੀ ਜਿਵੇਂ ਜਿਵੇਂ ਇਹ ਇੰਟਰਵੀਊਜ਼ ਤਿਆਰ ਹੁੰਦੀਆਂ ਗਈਆਂ ਇਹ ਸਮੇਂ ਸਮੇਂ ਸਿਰ ਵੱਖ ਵੱਖ ਪਰਚਿਆਂ ਵਿੱਚ ਪ੍ਰਕਾਸ਼ਿਤ ਹੋਈਆਂ, ਚਰਚਾ ਦਾ ਵਿਸ਼ਾ ਬਣੀਆਂ ਅਤੇ ਇਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਹੋ ਕਾਰਨ ਹੈ ਕਿ ਇਹਨਾਂ ਮੁਲਾਕਾਤਾਂ ਨੂੰ ਹੱਥਲੇ ਰੂਪ ਵਿੱਚ ਆਉਣ ਲਈ ਇੰਨਾ ਸਮਾਂ ਲੱਗਿਆ।

ਡਾ: ਕੈਂਬੋ ਨੁੰ ਇਸ ਗੱਲ ਦਾ ਮਲਾਲ ਨਹੀਂ ਕਿ ਇਹਨਾਂ ਮੁਲਾਕਾਤਾਂ ਨੂੰ ਨੇਪਰੇ ਚਾੜ੍ਹਨ ਲਈ ਇੰਨੇ ਵਰ੍ਹੇ ਲੱਗ ਗਏ। ਉਹ ਲਿਖਦਾ ਹੈ:

‘ਮੈਨੂੰ ਬੜੀ ਦਿਲੀ ਖੁਸ਼ੀ ਹੋ ਰਹੀ ਹੈ ਕਿ ਇਹ ਮੁਲਾਕਾਤਾਂ ਕਰ ਕੇ ਮੈਂ ਉਪਰੋਕਤ ਲੇਖਕਾਂ ਦੀ ਵਿਚਾਰਧਾਰਾ, ਭਾਵਨਾਵਾਂ, ਅਖਾਂਖਿਆਵਾਂ ਅਤੇ ਗੁੱਝੇ ਰੱਹਸਾਂ ਨੂੰ ਪੰਜਾਬੀ ਸਾਹਿਤ ਦੇ ਸਰਮਾਏ ਵਜੋਂ ਅੰਕਿਤ ਕਰ ਸਕਿਆ ਹਾਂ।’

ਇਸਦੇ ਨਾਲ ਹੀ ‘ਕੁਝ ਆਪਣੇ ਵਲੋਂ’ ਲਿਖੇ ਮੁੱਖਬੰਧ ਵਿੱਚ ਡਾ: ਕੈਂਂਬੋ ਨੇ ਭਾਵੇਂ ਸਪਸ਼ਟ ਕੀਤਾ ਹੈ ਕਿ ਉਸਨੇ ਨਿੱਠ ਕੇ ਕਿਸੇ ਸਕੀਮ ਅਧੀਨ ਇਹ ਮੁਲਾਕਾਤਾਂ ਨਹੀਂ ਕੀਤੀਆਂ ਪਰ ਫਿਰ ਵੀ ਉਹ ਆਪਣਾ ਮਕਸਦ ਇਹ ਕਹਿੰਦਿਆਂ ਸਪਸ਼ਟ ਕਰ ਦਿੰਦਾ ਹੈ:

‘ਲੇਖਕਾਂ ਨਾਲ ਸੰਵਾਦ ਰਚਾਉਣ ਦਾ ਭਾਵ ਇਹ ਵੀ ਹੁੰਦਾ ਹੈ ਕਿ ਉਹ ਭਾਵਨਾਵਾਂ, ਵਿਚਾਰਾਂ ਅਤੇ ਗੁੰਝਲਾਂ ਜੋ ਪਾਠਕ ਰਚਨਾਵਾਂ ‘ਚੋਂ ਸਿੱਧੇ ਨਹੀਂ ਪਕੜ ਸਕਦੇ, ਉਹ ਸੰਵਾਦ ਰਾਹੀਂ ਖੁਲ੍ਹ ਜਾਂਦੀਆਂ ਹਨ।’

ਹੁਣ ਜੇ ਕਰ ਇਸ ਪੁਸਤਕ ਵਿੱਚ ਸ਼ਾਮਲ ਸਾਰੀਆਂ ਮੁਲਾਕਾਤਾਂ ਉਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਦ੍ਰਿਸ਼ਟੀ-ਗੋਚਰ ਹੋ ਜਾਂਦਾ ਹੈ ਕਿ ਡਾ: ਕੈਂਬੋ ਨੇ ‘ਸੰਵਾਦ’ ਲਈ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਦੀ ਪ੍ਰਤੀਨਿੱਧਤਾ ਕਰ ਰਹੇ ਸਾਹਿਤਕਾਰਾਂ ਨੂੰ ਚੁਣਿਆ। ਇਹਨਾਂ ਵਿੱਚ ਆਲੋਚਕ, ਵਾਰਤਾਕਾਰ, ਖੋਜੀ ਅਤੇ ਪੱਤਰਕਾਰ ਤਾਂ ਹਨ ਹੀ ਪਰ ਇਸਦੇ ਨਾਲ ਹੀ ਕਵੀ, ਕਹਾਣੀਕਾਰ, ਗਲਪਕਾਰ, ਨਾਟਕਕਾਰ ਅਤੇ ਲੋਕਯਾਨਕ ਵਿਗਿਆਨੀ, ਪੰਜਾਬੀ ਬੋਲੀ, ਇਤਿਹਾਸ, ਧਰਮ ਅਤੇ ਸਭਿਆਚਾਰ ਨਾਲ ਪਿਆਰ ਰੱਖਣ ਵਾਲੇ ਲੇਖਕ ਵੀ ਸ਼ਾਮਲ ਹਨ। ਨਾਲ ਹੀ ਪਾਕਿਸਤਾਨੀ ਸਾਹਿਤ ਨਾਲ ਜੁੜਿਆ ਅਤੇ ਪੰਜਾਬੀ ਅਦਬ ਨਾਲ ਪਿਆਰ ਰੱਖਦਾ ਲੇਖਕ ਵੀ ਇਸ ‘ਸੰਵਾਦ’ ਪੁਸਤਕ ਵਿੱਚ ਸ਼ਾਮਲ ਹੈ।

ਸੰਖੇਪ ਵਿੱਚ ਕੁਝ ਇੰਟਰਵੀਊਜ਼ ਸਬੰਧੀ:

ਪਹਿਲੀ ਇੰਟਰਵੀਊ ਪ੍ਰਿੰਸੀਪਲ ਐਸ.ਐਸ. ਅਮੋਲ ਜੀ ਨਾਲ ਹੈ। ਉਦਾਰ ਤੇ ਮਾਨਵ-ਵਾਦੀ ਵਿਚਾਰਾਂ ਦੇ ਹਾਮੀ ਪ੍ਰਿੰ: ਅਮੋਲ ਜੀ ਨਾਲ ਕੀਤੀ ਮੁਲਾਕਾਤ ਜਿੱਥੇ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਦੇਣ ਦਾ ਅਹਿਸਾਸ ਕਰਾਉਂਦੀ ਹੈ ਉਥੇ ‘ਲੇਖਕ’ ਦੀ ਪ੍ਰਤੀਬੱਧਤਾ ਅਤੇ ਮੌਲਿਕਤਾ ਸਬੰਧੀ ਵੀ ਕੁਝ ਸਪਸ਼ਟੀਕਰਣ ਦਿੰਦੀ ਹੈ। ਨਿਬੰਧਾਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਮੋਲ ਜੀ ਕਹਿੰਦੇ ਹਨ: ‘—-ਮੌਲਿਕਤਾ ਆਪਣੇ ਕੋਲੋਂ ਨਹੀਂ ਆ ਜਾਂਦੀ, ਪੜ੍ਹਨ ਨਾਲ ਹੀ ਆਉਂਦੀ ਹੈ। ਧਿਆਨ ਨਾਲ ਦੇਖਣ ਤੇ ਪੜ੍ਹਨ ਨਾਲ ਹੀ ਮੌਲਿਕਤਾ ਆਉਂਦੀ ਹੈ।’

ਆਲੋਚਨਾ ਸਬੰਧੀ ਡਾ: ਕੈਂਬੋ ਪੁੱਛਦੇ ਹਨ: ‘ਅੱਜ ਦੀ ਆਲੋਚਨਾ ਵਿਚ ਸ਼ਬਦ-ਜਾਲ ਜ਼ਿਆਦਾ ਬੁਣਿਆ ਜਾਂਦਾ ਹੈ। ਕੀ ਇਹ ਸ਼ਬਦ-ਜਾਲ ਆਲੋਚਨਾ ਪ੍ਰਣਾਲੀਆਂ ਨਾਲ ਹੋਇਆ ਹੈ ਜਾਂ ਸਿਰਫ਼ ਰੋਹਬ ਪਾਉਣ ਦੀ ਗੱਲ ਹੈ?

ਜਵਾਬ ਵਿੱਚ ਪ੍ਰਿੰ:ਅਮੋਲ ਜੀ ਕਹਿੰਦੇ ਹਨ: ‘—ਔਖੀ ਬੋਲੀ ਓਦੋਂ ਹੀ ਲੇਖਕ ਵਰਤਦਾ ਹੈ, ਜਦੋਂ ਲੇਖਕ ਆਪ ਸਪਸ਼ਟ ਨਾ ਹੋਵੇ। ਸਾਨੂੰ ਤਕਨੀਕੀ ਸ਼ਬਦਾਂ ਦੀ ਵਰਤੋਂ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਕੁਝ ਸ਼ਬਦ ਆਪਣੀ ਲੋੜ ਅਨੁਸਾਰ ਦੂਜੀਆਂ ਬੋਲੀਆਂ ਤੋਂ ਵੀ ਲੈ ਲੈਣੇ ਚਾਹੀਦੇ ਹਨ, ਪਰੰਤੂ ਜਾਣ-ਬੁੱਝ ਕੇ ਭਾਸ਼ਾ ਨੂੰ ਔਖੇ ਨਹੀਂ ਬਣਾਉਣਾ ਚਾਹੀਦਾ।’

ਦੂਜੀ ਮੁਲਾਕਾਤ ਪ੍ਰਿੰ: ਸੁਜਾਨ ਸਿੰਘ ਜੀ ਨਾਲ ਹੈ। ਭਾਵੇਂ ਪ੍ਰਿੰ: ਸੁਜਾਨ ਸਿੰਘ ਕੁਝ ਸੁਆਲਾਂ ਦੇ ਜਵਾਬ ਵਿੱਚ ਕਹਿੰਦੇ ਹਨ: ‘ਮੈਂ ਜਮਾਂਦਰੂ ਲੇਖਕ ਨਹੀਂ ਹਾਂ’ ਜਾਂ ‘ਜਦੋਂ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਉਦੋਂ ਮੈਂਨੂੰ ਨਾ ਹੀ ਮਾਰਕਸਵਾਦ ਦਾ ਪਤਾ ਸੀ ਤੇ ਨਾ ਹੀ ਪ੍ਰਗਤੀਵਾਦ ਦਾ’ ਪਰ ‘—ਮੈਂ ਘੋਰ ਗਰੀਬੀ ਦਾ ਜੀਵਨ ਕੱਟਿਆ ਹੈ। ਮੇਰੇ ਆਲੇ-ਦੁਆਲੇ ਗ਼ਰੀਬੀ ਪਸਰੀ ਹੋਈ ਸੀ। ਮੈਂ ਇਹਨਾਂ ਦੇ ਕਾਰਨਾਂ ਦੀ ਲੱਭ-ਭਾਲ ਕਰਦਾ ਆਪਣੀਆਂ ਕਹਾਣੀਆਂ ਵਿਚ ਇਹਨਾਂ ਗ਼ਰੀਬਾਂ ਦੇ ਜੀਵਨ ਨੂੰ ਚਿਤਰਦਾ ਸੀ। ਜਦੋਂ ਮਾਰਕਸਵਾਦੀ ਲੇਖਕਾਂ ਨੇ ਇਹਨਾਂ ਕਹਾਣੀਆਂ ਨੂੰ ਪੜ੍ਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਮਾਰਕਸਵਾਦੀ ਲੇਖਕ ਹੈ ਤੇ ਪ੍ਰਗਤੀਵਾਦੀ ਹੈ।’

ਪਰ ਜਦੋਂ ਇਹਨਾਂ ਲੇਖਕਾਂ ਨੇ ਮਾਰਕਸਵਾਦੀ ਆਲੋਚਨਾਤਮਿਕ ਸਾਹਿਤ ਪੜ੍ਹਨ ਲਈ ਪ੍ਰਿੰ: ਸੁਜਾਨ ਸਿੰਘ ਨੂੰ ਪ੍ਰੇਰਿਆ ਤਾਂ ਪ੍ਰਿੰ: ਹੁਰਾਂ ਇਸ ਗੱਲ ਨੂੰ ਇਸ ਕਾਰਣ ਨਹੀਂ ਸਵੀਕਾਰਿਆ ਕਿ ਇਸ ਨਾਲ ਉਹਨਾਂ ਦੀ ਮੌਲਿਕਤਾ ਜਾਂਦੀ ਰਹੇਗੀ। ਹਾਂ, ਇਹ ਗੱਲ ਵੱਖਰੀ ਹੈ ਕਿ ੱਹਅਟ ਸਿ ੰਅਰਣਸਿਮ ਬੇ ਓਮਲਿੇ ਪੜ੍ਹਨ ਤੇ ਲੇਖਕ ਨੂੰ ਇਹ ਆਭਾਸ ਹੋਇਆ ਕਿ ਲੋਕ ਕਿੱਥੇ ਪੁੱਜ ਗਏ ਹਨ। ਉਸ ਸਮੇਂ ਤੋਂ ਹੀ ਪ੍ਰਿੰ: ਸੁਜਾਨ ਸਿੰਘ ਨੇ ਨਿੱਠ ਕੇ ਮਾਰਕਸਵਾਦੀ ਪ੍ਰਭਾਵ ਵਾਲੀਆਂ ਕਹਾਣੀਆਂ ਲਿਖਣੀਆਂ ਆਰੰਭ ਕੀਤੀਆਂ।

ਡਾ: ਪ੍ਰੀਤਮ ਸਿੰਘ ਕੈਂਬੋ ਵਲੋਂ ‘ਪ੍ਰਤੀਬੱਧਤਾ’ਸਬੰਧੀ ਪੁੱਛੇ ਗਏ ਇੱਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਪ੍ਰਿੰ: ਸੁਜਾਨ ਸਿੰਘ ਕਹਿੰਦੇ ਹਨ: ‘ਮੇਰੀ ਪ੍ਰਤੀਬੱਧਤਾ ਕਿਸੇ ਇਜ਼ਮ ਨਾਲ ਨਹੀਂ ਹੈ, ਬਲਕਿ ਮਾਨਵਤਾਵਾਦ ਨਾਲ ਹੈ। ਮੈਂ ਮਨੁੱਖ ਨੂੰ ਚੰਗੀ ਹਾਲਤ ਵਿਚ ਵੇਖਣਾ ਚਾਹੁੰਦਾ ਹਾਂ ਤੇ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਨਾ, ਜਿਹੜੇ ਇਸ ਦੁਨੀਆਂ ਨੂੰ ਮਨੁੱਖਾਂ ਦੇ ਰਹਿਣ ਯੋਗ ਬਣਾਉਣ ਦਾ ਉਪਰਾਲਾ ਕਰ ਰਹੇ ਹਨ।’

ਤੀਜੀ ਮੁਲਾਕਾਤ: ਪ੍ਰੋ: ਪ੍ਰੀਤਮ ਸਿੰਘ ਨਾਲ ਕੀਤੀ ਮੁਲਾਕਾਤ, ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਲਿਪੀ ਨਾਲ ਸਬੰਧਤ ਕਈ ਸੁਆਲਾਂ ਦੇ ਨਿਆਇ-ਸੰਗਤ ਉੱਤਰ ਦੇਂਦਿਆਂ ਸਾਡੀ ਸੋਚ ਦੀ ਪੱਧਰ ਨੂੰ ਉਚਿਆਈ ਬਖ਼ਸ਼ਦੀ ਹੈ।

ਚੌਥੀ ਮੁਲਾਕਾਤ: ਇੰਝ ਹੀ ਪ੍ਰੋ: ਪਿਆਰਾ ਸਿੰਘ ਪਦਮ ਨਾਲ ਕੀਤੀ ਮੁਲਾਕਾਤ ਰਾਹੀਂ ਗੁਰਮੁੱਖੀ ਲਿਪੀ ਦੇ ਪੁਰਾਤਨ ਸਰੋਤ ਅਤੇ ਬਹੁਤ ਸਾਰੇ ਹੱਥ-ਲਿਖਤ ਖਰੜਿਆਂ ਦੇ ਰੂ-ਬ-ਰੂ ਹੁੰਦਿਆਂ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਭਰਪੂਰ ਹੁੰਦੇ ਵੇਖਦੇ ਹਾਂ ਜਿਸ ਨਾਲ ਖੋਜਾਰਥੀਆਂ ਨੂੰ ਬਹੁਤ ਸਹਾਇਤਾ ਮਿਲਦੀ ਰਹੇਗੀ।

ਪੰਜਵੀਂ ਮੁਲਾਕਾਤ: ਡਾ: ਕਿਰਪਾਲ ਸਿੰਘ ਨਾਲ ਕੀਤੀ ਗਈ ਮੁਲਾਕਾਤ ਸਪਸ਼ਟ ਕਰਦੀ ਹੈ ਕਿ ਕਿਵੇਂ ਉਹਨਾਂ ਸਾਰਾ ਜੀਵਨ, ਪੰਜਾਬ ਤੇ ਸਿੱਖ ਇਤਿਹਾਸ ਸਬੰਧੀ ਅਣਗੌਲੇ ਪੱਖਾਂ ਨੂੰ ਖੋਜਣ, ਨਵੇਂ ਤੱਥਾਂ ਨੂੰ ਲੱਭਣ, ਪੰਜਾਬ ਦੀ ਵੰਡ ਬਾਰੇ ਸਰਕਾਰੀ ਰੀਕਾਰਡ ਦੇ ਹਵਾਲੇ ਨਾਲ ਅੰਗਰੇਜੀ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੇ ਰੋਲ ਂਨੂੰ ਬਿਨਾਂ ਕਿਸੇ ਡਰ-ਸੰਕੋਚ ਦੇ, ਪ੍ਰਗਟਾਉਣ ਵਿਚ ਲਗਾਇਆ ਹੈ। ਪੰਜਾਬ ਦੀ ਵੰਡ ਸਬੰਧੀ ਪੁੱਛੇ ਗਏ ਸੁਆਲ ਅਤੇ ਜਵਾਬ ਕਿਸੇ ਵੀ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਨਾਲੋਂ ਘੱਟ ਨਹੀਂ।

ਛੇਵੀਂ ਮੁਲਾਕਾਤ: ਡਾ: ਕਰਨੈਲ ਸਿੰਘ ਥਿੰਦ ਹੁਰਾਂ ਨਾਲ ਕੀਤੀ ਗਈ ਮੁਲਾਕਾਤ ਸਪਸ਼ਟ ਕਰਦੀ ਹੈ ਕਿ ਡਾ: ਥਿੰਦ ਭਾਵੇਂ ਲੋਕਯਾਨ ਖੇਤਰ ਦੇ ਉੱਘੇ ਵਿਦਵਾਨ ਮੰਨੇ ਜਾਂਦੇ ਹਨ ਪਰ ਉਹ ਪੰਜਾਬੀ ਬੋਲੀ ਤੇ ਸਾਹਿਤ ਦੇ ਸਮੁੱਚੇ ਵਿਕਾਸ ਨਾਲ ਵੀ ਪੂਰੀ ਤਨਦੇਹੀ ਨਾਲ ਜੁੜੇ ਹੋਏ ਹਨ। ਅਧਿਆਪਨ ਅਤੇ ਅਕਾਦਮਿਕ ਕੰਮਾਂ ਦੇ ਨਾਲ ਹੀ ਨਾਲ ਉਹ ਸਾਹਿਤਕ ਸਰਗਰਮੀਆਂ, ਸਾਹਿਤਕ ਖੋਜ, ਪੰਜਾਬੀ ਸਭਿਆਚਾਰ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਮਸਲਿਆਂ ਨੂੰ ਵੀ ਨਜਿੱਠ ਰਹੇ ਹਨ। ਡਾ: ਕੈਂਬੋ ਵਲੋਂ ‘ਇਲੈਕਟ੍ਰਾਨਿਕ ਮੀਡੀਏ’ ਕਾਰਨ ਪੁਸਤਕ ਸਭਿਆਚਾਰ ਦੀ ਘਾਟ ਸਬੰਧੀ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਉਹ ਕਹਿੰਦੇ ਹਨ: ‘ਠੀਕ ਹੈ ਪੁਸਤਕ ਸਭਿਆਚਾਰ ਦੀ ਘਾਟ ਹੈ। ਅਸੀਂ ਪਾਠਕਾਂ ਅੰਦਰ ਪੜ੍ਹਨ ਦੀ ਭਾਵਨਾ ਪੈਦਾ ਕਰਨ ਤੱੋਂ ਅਸਮਰਥ ਰਹੇ ਹਾਂ। ਸਾਡੇ ਟਾਕਰੇ ‘ਤੇ ਬੰਗਾਲ, ਮਦਰਾਸ, ਗੁਜਰਾਤ, ਕੇਰਲਾ ਆਦਿ ਵਿਚ ਪੜ੍ਹਨ ਦੀ ਰੁੱਚੀ ਬਹੁਤ ਹੈ। ਪੈਰੋਂ ਨੰਗੇ, ਪਾਟੀ ਹੋਈ ਧੋਤੀ, ਪਰ ਹੱਥ ਵਿੱਚ ਕਿਤਾਬ, ਰਿਸਾਲਾ ਜਾਂ ਅਖ਼ਬਾਰ ਜ਼ਰੂਰ ਹੋਵੇਗੀ। ਅੰਕੜੇ ਦਸਦੇ ਹਨ ਕਿ ਇਲੈਕਟ੍ਰਾਨਿਕ ਮੀਡੀਏ ਦੇ ਆਉਣ ਨਾਲ ਪੁਸਤਕਾਂ ਛਪਣ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਰ ਪੰਜਾਬ ਇਸ ਪੱਖ ਤੋਂ ਪਛੜਿਆ ਹੋਇਆ ਹੈ।’

ਸੱਤਵੀਂ ਮੁਲਾਕਾਤ: ਪ੍ਰੋ: ਪਿਆਰਾ ਸਿੰਘ ਭੋਗਲ ਹੁਰਾਂ ਨਾਲ ਕੀਤੀ ਮੁਲਾਕਾਤ ਰਾਹੀਂ ਬਹੁ-ਪੱਖੀ ਲੇਖਕ ਪ੍ਰੋ: ਭੋਗਲ ਹੁਰਾਂ ਦੇ ਰਚਨਾਤਮਕ ਸਾਹਿਤ ਦੀ ਵਿਲੱਖਣਤਾ ਦਾ ਪਤਾ ਲਗਦਾ ਹੈ। ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦਾ ਜ਼ਿਕਰ ਜਾਣਕਾਰੀ ਵਾਲਾ ਹੈ ਪਰ ਸਿਰਜਣਾਤਮਕ ਲਿੱਖਣ ਪ੍ਰਕਿਰਿਆ ਸਬੰਧੀ ਪੁੱਛੇ ਗਏ ਸੁਆਲਾਂ ਦੇ ਨਚੋੜ ਵਜੋਂ ਕੁਝ ਸੰਖੈਪ ਜਵਾਬ ਹਰ ਲੇਖਕ ਦਾ ਧਿਆਨ ਮੰਗਦੇ ਹੇਨ:

(1) ਸਿਰਜਣਾਤਮਕ ਕੰਮ ਮਨ ਦੀਆਂ ਸ਼ਕਤੀਆਂ ਦੇ ਕੇਂਦਰੀਕਰਨ ਦੀ ਮੰਗ ਕਰਦਾ ਹੈ।

(2) ਆਮ ਤੌਰ ਤੇ ਲੇਖਕ ਕਹਿੰਦੇ ਹਨ ਕਿ ਲਿਖਣ ਲਈ ਮਾਹੌਲ ਚਾਹੀਦਾ ਹੈ। ਮੈਂ ਲਿਖਣ ਲਈ ਮਾਹੌਲ ਨਹੀਂ ਉਡੀਕਦਾ। ਮੈਂਨੂੰ ਬੈਠਣ ਲਈ ਥਾਂ, ਕਾਗ਼ਜ਼ ਤੇ ਪੈੱਨ ਚਾਹੀਦੇ ਹਨ।

(3) ਜਦੋਂ ਮੈਂ ਆਪਣੇ ਮਨ ਨੂੰ ਕੇਂਦ੍ਰਿਤ ਕਰ ਲੈਂਦਾ ਹਾਂ ਤਾਂ ਮੈਂਨੂੰ ਗੱਲ ਸੱੁਝਦੀ ਰਹਿੰਦੀ ਹੈ।

(4) ਲਿਖਣ ਲਈ ਪ੍ਰੇਰਨਾ ਮਨ ਵਿੱਚੋਂ ਹੀ ਪੈਦਾ ਹੁੰਦੀ ਹੈ। ਜੋ ਦਰਦ ਨਹੀਂ ਪਹਿਸੂਸ ਕਰ ਸਕਦਾ, ਉਹ ਲੇਖਕ ਨਹੀਂ ਬਣ ਸਕਦਾ।

ਅੱਠਵੀਂ ਮੁਲਾਕਾਤ: ਕਹਾਣੀਕਾਰ ਜਸਵੰਤ ਸਿੰਘ ਵਿਰਦੀ ਨਾਲ ਹੋਈ ਮੁਲਾਕਾਤ ਰਾਹੀਂ ਉਸਦੇ ਜ਼ਿੰਦਗੀ ਦੇ ਵਿਸ਼ਾਲ ਅਨੁਭੱਵਾਂ ਨਾਲ ਓਤਪੋਤ, ਬਹੁ-ਵਿਸਤਾਰੀ ਗਿਅਨ ਭਰਪੂਰ ਅਤੇ ਗੰਭੀਰ ਦ੍ਰਿਸ਼ਟੀ ਦਾ ਪਤਾ ਲੱਗਦਾ ਹੈ। ਸੁਆਲਾਂ ਅਤੇ ਇਹਨਾਂ ਦੇ ਜਵਾਬਾਂ ਰਾਹੀਂ ਲੇਖਕ ਦੀ ਔਖਿਆਈਆਂ ਨਾਲ ਭਰਪੂਰ ਜ਼ਿੰਦਗੀ, ਕਹਾਣੀ ਕਲਾ ਅਤੇ ਸਿਰਜਣ ਪ੍ਰਕਿਰਿਆ ਸਬੰਧੀ, ਪਰਤਾਂ ਦਰ ਪਰਤਾਂ ਖੁਲ੍ਹਦੀਆਂ ਜਾਂਦੀਆਂ ਹਨ। ਜਸਵੰਤ ਸਿੰਘ ਵਿਰਦੀ ਲਗਪਗ 50 ਵਰ੍ਹਿਆਂ ਤੋਂ ਲਿਖਣ ਪ੍ਰਕਿਰਿਆ ਦਾ ਹੱਥ ਫੜੀ, ਸੁਨਹਿਰੀ ਮਨੁੱਖਤਾ ਦੀ ‘ਸਿਰਜਣ-ਕਾਮਨਾ’ ਕਰਦਿਆਂ ਲਿਖਦੇ ਆ ਰਹੇ ਹਨ। ਜਿੰਨਾ ਵਿਰਦੀ ਹੁਰਾਂ ਲਿਖਿਆ ਜਾਂ ਲਿਖ ਰਹੇ ਹਨ ਉਨੀਂ ਉਹਨਾਂ ਨੂੰ ਮਾਨਤਾ (ਰੲਚੋਗਨਟਿੋਿਨ)ਨਹੀਂ ਮਿਲੀ। ਇਸ ਸਬੰਧੀ ਜਦੋਂ ਡਾ: ਕੈਂਬੋ ਹੁਰਾਂ ਸੁਆਲ ਕੀਤਾ ਤਾਂ ਮਿਲੇ ਜਵਾਬ ਹਰ ਲੇਖਕ ਲਈ ਰਾਹ-ਦਸੇਰਾ ਬਣ ਸਕਦੇ ਹਨ। ਵਿਰਦੀ ਹੁਰਾਂ ਦੇ ਜਵਾਬ ਹਨ:

(1) ‘ਮੈਂਂ ਪ੍ਰਿੰ: ਸੁਜਾਨ ਸਿੰਘ ਹੁਰਾਂ ਦੀ ਗੱਲ ਨਾਲ ਸ਼ੁਰੂ ਕਰਦਾ ਹਾਂ। ਉਹ ਕਿਹਾ ਕਰਦੇ ਸਨ ਕਿ ਇਕ ਰਾਹ ਲਿਖਣ ਵੱਲ ਜਾਂਦਾ ਹੈ ਤੇ ਦੂਜਾ ਰਾਹ ਇਨਾਮਾਂ ਵੱਲ ਨੂੰ, ਤੂੰ ਇੱਕ ਰਾਹ ਚੁਣ ਲੈ। ਮੈਂ ਲਿਖਣ ਵਾਲਾ ਰਾਹ ਚੁਣਿਆ ਹੈ। ਨਿੱਠ ਕੇ ਲਿਖਿਆ ਹੈ । ਮੈਂ ਇਨਾਮਾਂ ਦੀ ਦੌੜ ਵਿਚ ਨਹੀਂ ਪਿਆ। ਮੇਰਾ ਰੀਕਾਰਡ ਹੈ ਕਿ ਮੈਂ ਕਿਸੇ ਸੰਪਾਦਕ ਕੋਲੋਂ ਪੈਸਾ ਨਹੀਂ ਮੰਗਿਆ, ਨਾ ਹੀ ਲਿਖਿਆ ਕਿ ਪੈਸਾ ਦਿਉ ਤਾਂ ਹੀ ਮੈਂ ਰਚਨਾ ਭੇਜਾਂਗਾ।’

(2) ਮੈਂ ਨਹੀਂ ਸਮਝਦਾ ਕਿ ਕੋਈ ਲੇਖਕ ਅਣਗੌਲਆਿ ਰਹਿ ਜਾਂਦਾ ਹੈ।’

(3) ਮੈਂ ਕਹਾਣੀ ਵਿਚ ਸਵੈ-ਨਿਖੇਧੀ ਦਾ ਤਰੀਕਾ ਅਪਣਾਉਂਦਾ ਹਾਂ।’

(4) ‘ਲੇਖਕ ਦੀ ਪ੍ਰਤੀਬੱਧਤਾ ਜੀਵਨ ਨਾਲ ਹੋਣੀ ਚਾਹੀਦੀ ਹੈ।’

(5) ‘ਲੇਖਕ ਨੂੰ ਦੱਬੇ-ਕੁਚਲੇ ਲੋਕਾਂ ਦਾ ਸਾੱਥ ਦੇਣਾ ਚਾਹੀਦਾ ਹੈ। ਕਮਿਟਮੈਂਟ ਕਿਸੇ ਮੈਨੀਫੈਸਟੋ ਨਾਲ ਨਹੀਂ ਸਗੋਂ ਜੀਵਨ ਲਈ ਹੋਣੀ ਚਾਹੀਦੀ ਹੈ।

(6) ਲੇਖਕ ਨੂੰ ਉਸਾਰੂ ਕਦਰਾਂ ਕੀਮਤਾਂ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ।

(7) ਜੇ ਕੋਈ ਨਹੀਂ ਪੁੱਛਦਾ ਤਾਂ ਨਾ ਸਹੀ, ਮੈਂ ਆਪਣੇ ਮਨ ਦੀ ਮੌਜ ਲਈ ਲਿਖਦਾ ਹਾਂ।

(8) ਲੇਖਕ ਨੂੰ ਆਪਣੀ ਸੋਚ ਵਿਚ, ਜੀਵਨ ਵਰਤਾਰੇ ਵਿਚ ਸਪਸ਼ਟ ਹੋਣਾ ਚਾਹਦਿਾ ਹੈ। ਲੇਖਕ ਦਾ ਕਿਰਦਾਰ ਦੋਗਲਾ ਨਹੀਂ ਹੋਣਾ ਚਾਹੀਦਾ। ਸਾਡੇ ਬਹੁਤੇ ਲੇਖਕਾਂ ਵਿਚ ਕਹਿਣੀ-ਕਥਨੀ ਵਿਚ ਅੰਤਰ ਹੈ।

ਨੌਵੀਂ ਮੁਲਾਕਾਤ: ਡਾ: ਕੈਂਬੋ ਦੇ ਪ੍ਰਸ਼ਨਾਂ ਦੀ ਰੌਸ਼ਨੀ ਵਿਚ ਡਾ: ਸਤਿਆਨੰਦ ਸੇਵਕ ਵਲੋਂ ਮਿਲੇ ਜਵਾਬਾਂ ਰਾਹੀ ਪਤਾ ਲੱਗਦਾ ਹੈ ਕਿ ਡਾ: ਸੇਵਕ ਹੁਰਾਂ ਦਾ ਵਿਸ਼ੇਸ਼ ਖੇਤਰ ਭਾਸ਼ਾ ਤੇ ਸਭਿਆਚਾਰ ਦਾ ਹੈ, ਪਰ ਇਸਦੇ ਨਾਲ ਹੀ ਉਹਨਾਂ ਨੇ ਆਲੋਚਨਾ ਕੀਤੀ, ਨਾਟਕ ਖੇਡੇ ਤੇ ਲਿਖੇ, ਕਵਿਤਾ ਵੀ ਲਿਖੀ ਅਤੇ ਵਿਸ਼ੇਸ਼ ਕਰਕੇ ਗ਼ਜ਼ਲ ਦੀ ਰਚਨਾ ਵੀ ਕੀਤੀ। ਅੰਗਰੇਜ਼ੀ ਦੇ ਮੁਕਾਬਲੇ ਪੰਜਾਬੀ ਦੀ ਦੁਰਦਸ਼ਾ ਦਾ ਜ਼ਿਕਰ ਅਣਭੋਲ ਹੀ ਹੋ ਜਾਂਦਾ ਹੈ ਜਦੋਂ ਡਾ: ਸੇਵਕ ਨੇ ਡਾ: ਕੈਂਬੋ ਦੇ ਇੱਕ ਸੁਆਲ ਦੇ ਜਵਾਬ ਵਿਚ ਦੱਸਿਆ:

‘ਮੇਰੇ ਬੱਚਿਆਂ ਨੇ ਸਾਹਿਤ ਸਿਰਜਣਾ ਵੱਲ ਧਿਆਨ ਨਹੀਂ ਦਿੱਤਾ, ਪਰ ਸਭ ਤੋਂ ਵੱਡਾ ਲੜਕਾ ਅਰਵਿੰਦ ਅੰਗਰੇਜ਼ੀ ਦਾ ਇਕ ਕਾਮਯਾਬ ਲੇਖਕ ਜ਼ਰੂਰ ਬਣ ਗਿਆ ਹੈ। ਉਹ ਵਿਗਿਆਨ, ਵਪਾਰ, ਸਿੱਖਿਆ ਤੇ ਕੰਪਿਊਟਰ ਦੇ ਵਿਸ਼ਿਆਂ ‘ਤੇ ਕਿਤਾਬਾਂ ਲਿਖਦਾ ਹੈ। ਉਹ ਮੇਰੇ ‘ਤੇ ਹੱਸਦਾ ਵੀ ਹੈ ਕਿ ਮੇਰੀ ਚੰਗੀ ਤੋਂ ਚੰਗੀ ਕਿਤਾਬ ਦਾ ਮੁੱਲ 125/-ਰੁਪਏ ਹੈ, ਜਦ ਕਿ ਉਸ ਦੀਆਂ ਕਿਤਾਬਾਂ ਦਾ ਮੁੱਲ 500/-ਤੋਂ 2000/- ਰੁਪਏ ਤੱਕ ਹੁੰਦਾ ਹੈ। ਉਸ ਨੇ ਮੇਰੇ ਅੰਗਰੇਜ਼ੀ ਦੇ ਗਿਆਨ ਦਾ ਲਾਭ ਤਾਂ ਉਠਾਇਆ ਹੈ, ਪੰਜਾਬੀ ਸਾਹਿਤਕ ਸੂਝ ਦਾ ਨਹੀਂ।’

ਦਸਵੀਂ ਮੁਲਾਕਾਤ: ਸ੍ਰੀਮਤੀ ਬਚਿੰਤ ਕੌਰ ਨਾਲ ਕੀਤੀ ਮੁਲਾਕਾਤ ਉਸਦੀ ਕਹਾਣੀ ਕਲਾ ਅਤੇ ਕਵਿਤਾ ਤੋਂ ਬਿਨਾਂ ਉਸਦੀ ਜੀਵਨੀ ‘ਪਗਡੰਡੀਆਂ’ ਤੇ ਅਧਾਰਿਤ ਹੈ। ਸ੍ਰੀਮਤੀ ਬਚਿੰਤ ਕੌਰ ਡਾ: ਕੈਂਬੋ ਦੇ ਪਹਿਲੇ ਸੁਆਲ ਦੇ ਜਵਾਬ ਵਿਚ ਹੀ ਸਪਸ਼ਟ ਕਰ ਦਿੰਦੀ ਹੈ:

‘ਸਾਹਿਤ ਦੇ ਜਿੰਨੇ ਵੀ ਰੂਪਾਂ ‘ਤੇ ਮੈਂ ਹੱਥ ਅਜ਼ਮਾਇਆ ਹੈ, ਇਨ੍ਹਾਂ ਸਭਨਾਂ ਤੋਂ ਜ਼ਿਆਦਾ ਮੇਰੀ ਸਵੈ-ਜੀਵਨੀ ਹੀ ਜ਼ਿਆਦਾ ਚਰਚਿਤ ਹੋਈ ਹੈ। ਭਅਸਚਿਅਲਲੇ ਮੈਂ ਕਹਾਣੀਕਾਰ ਹਾਂ।’

ਕਿਸੇ ਬਾਹਰਲੇ ਕਬੂਲੇ ਪ੍ਰਭਾਵ ਭਾਰੇ ਜਦੋਂ ਡਾ: ਕੈਂਬੋ ਨੇ ਪੁਛਿਆ ਤਾਂ ਸ੍ਰੀਮਤੀ ਬਚਿੰਤ ਕੌਰ ਹੁਰਾਂ ਜਵਬਾ ਦਿੱਤਾ:
‘ਚਾਹੇ ਲੇਖਕ ਜਾਂ ਕੋਈ ਕਲਾਕਾਰ ਹੋਵੇ ਜਾਂ ਸਾਧਾਰਣ ਮਨੁੱਖ ਹੀ ਹੋਵੇ, ਉਹ ਹਮੇਸ਼ਾ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹੈ।—–ਪੜ੍ਹਦੇ ਪੜ੍ਹਦੇ ਸਾਨੂੰ ਕਈ ਦਫਾ µੁਬਜੲਚਟ ਵੀ ਸੁੱਝ ਪੈਂਦਾ ਹੈ ਇਸ ਤਰ੍ਹਾਂ ਰਚਨਾ ਅੁਟੋਮਅਟਚਿਅਲਲੇ ਹੋ ਜਾਂਦੀ ਹੈ, ਜੋ ਪੜ੍ਹਿਆ ਹੁੰਦਾ ਹੈ, ਉਸ ਦੇ ਪ੍ਰਭਾਵ ਤੋਂ ਕੋਈ ਰਚਨਾ ਜਨਮ ਧਾਰ ਲੈਂਦੀ ਹੈ। ਅਸੀਂ ਸੋਚ ਸਮਝ ਕੇ ਪ੍ਰਭਾਵ ਤਾਂ ਨਹੀਂ ਲਿਆ ਹੁੰਦਾ।’

ਲਿਖਣ ਪ੍ਰਕਿਰਿਆ ਸਬੰਧੀ ਸ੍ਰੀਮਤੀ ਬਚਿੰਤ ਕੌਰ ਜਵਾਬ ਦਿੰਦੀ ਹੈ: ‘ਜਦੋਂ ਮੇਰਾ ਮਨ ਮਜ਼ਬੂਰ ਕਰਦਾ ਹੈ ਤਾਂ ਮੈਂ ਲਿਖਦੀ ਹਾਂ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪੀੜਾਂ ਤੋਂ ਪ੍ਰਭਾਵਿਤ ਹੋ ਕੇ ਜਨਮ ਦਿੰਦੀ ਹੈ, ਉਸੇ ਤਰ੍ਹਾਂ ਹੀ ਹੈ ਮੇਰੀ ਸਿਰਜਣਕਲਾ।—-ਮੇਰੀ ਰਚਨਾ ਦੇ ਅੰਤ ਵਿਚ ਮੇਰੀ ਗੱਲ ਲੁਕੀ ਹੁੰਦੀ ਹੈ, ਜੋ ਮੈਂ ਕਹਿੰਦੀ ਹਾਂ ਉਹ ਮੇਰੀ ਕਹਾਣੀ ਦੇ ਸਿਰਲੇਖ ਵਿਚ ਹੁੰਦੀ ਹੈ।ਗ਼ਲਤ ਕੀਮਤਾਂ ਬਾਰੇ ਤੁਹਾਡੀ ਇਕ ਸੋਚ ਬਣ ਜਾਂਦੀ ਹੈ, ਜੋ ਰਚਨਾ ਵਿਚ ਪ੍ਰਵਾਹਮਾਨ ਹੁੰਦੀ ਹੈ।

ਗਿਆਰਵੀਂ ਮੁਲਾਕਾਤ: ਪਾਕਿਸਤਾਨੀ ਪੰਜਾਬੀ ਸਭਿਆਚਾਰ ਨਾਲ ਜੁੜੇ ਪੱਤਰਕਾਰ ਨਜ਼ੀਰ ਕਹੂਟ ਨਾਲ ਕੀਤੀ ਗਈ ਇੰਟਰਵੀਊ ਰਾਹੀਂ ਪਤਾ ਲੱਗਦਾ ਹੈ ਕਿ ਲੇਖਕ ਪਾਕਿਸਤਾਨ ਵਿਚ ਪੰਜਾਬੀ ਦੇ ਹਿੱਤ ਲਈ ਲੜ ਰਹੇ ਹਨ, ਸੰਘਰਸ਼ ਕਰ ਰਹੇ ਹਨ ਅਤੇ ਸਾਹਿਤ-ਸਿਰਜਣਾ ਦੇ ਕੰਮ ਵਿਚ ਵੀ ਜੁਟੇ ਹੋਏ ਹਨ। ਪੰਜਾਬੀ ਅਦਬੀ ਪਰਚੇ ਨਿੱਜੀ ਯਤਨਾਂ ਸਦਕੇ ਨਿਕਲ ਰਹੇ ਹਨ ਅਤੇ ਬੰਦ ਵੀ ਹੋਈ ਜਾ ਰਹੇ ਹਨ। ਨਿੱਝਕ ਹੋ ਕੇ ਇੱਕ ਸਵਾਲ ਦੇ ਉੱਤਰ ਵਿਚ ਕਹੂਟ ਹੁਰੀਂ ਦੱਸਦੇ ਹਨ ਕਿ ਅੱਜ ਵੀ ਸਿੰਧ ‘ਚ ਪੰਜਾਬੀ ਨਾਲ ਜਬਰ ਅਮਲੀ ਸ਼ਕਲ ਵਿਚ ਮੌਜੂਦ ਹੈ ਅਤੇ ਪਿੰਡਾਂ ਵਿਚ ਰਹਿੰਦੇ ਪੰਜਾਬੀਆਂ ਦੇ ਵਿਰੁਧ ਪੇਂਡੂ ਦਹਿਸ਼ਤਗਰਦ ਕਿਰਿਆਸ਼ੀਲ ਹੈ।

ਇੰਝ ਵੱਖ ਵੱਖ ਲੇਖਕਾਂ ਨੂੰ ਪੁੱਛੇ ਗਏ ਪ੍ਰਸ਼ਨਾਂ ਅਤੇ ਉਹਨਾਂ ਦੇ ਮਿਲੇ ਉੱਤਰਾਂ ਦੇ ਆਧਾਰ ਤੇ ਸਹਿਜੇ ਹੀ ਆਖਿਆ ਜਾ ਸਕਦਾ ਹੈ ਕਿ ਮੁਲਾਕਾਤ ਕਰਨ ਵਾਲੇ ਲੇਖਕ ਡਾ: ਕੈਂਬੋ ਨੇ ਮੁਲਾਕਾਤੀ ਲੇਖਕਾਂ ਪਾਸੋਂ ਉਹਨਾਂ ਦੀਆਂ ਕਿਰਤਾਂ ਦੇ ਆਧਾਰ ਉਤੇ ਪੰਜਾਬ, ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ, ਪੰਜਾਬ ਦੇ ਇਤਿਹਾਸ, ਸਿੱਖ ਧਰਮ, ਗੁਰਮੁੱਖੀ ਲਿੱਪੀ, ਪੰਜਾਬੀ ਵਾਰਤਕ, ਕਹਾਣੀ, ਨਾਵਲ, ਲੋਕਯਾਨ, ਪੱਤਰਕਾਰੀ, ਮਾਰਕਸਵਾਦੀ ਸਿਧਾਂਤਾਂ ਅਤੇ ਪਾਕਿਸਤਾਨੀ ਪੰਜਾਬੀ ਸਾਹਿੱਤ ਸਬੰਧੀ ਸੁਆਲ ਪੁੱਛੇ ਹਨ ਅਤੇ ਲੋੜੀਂਦੇ ਜਵਾਬ ਪਰਾਪਤ ਕੀਤੇ ਹਨ। ਡਾ: ਕੈਂਬੋ ਨੇ ਇਹਨਾਂ ਸਾਰੇ ਲੇਖਕਾਂ ਦੀਆਂ ‘ਲਿਖਣ ਭਾਵਨਾਵਾਂ’, ਲਿਖਣ-ਮੰਤਵਾਂ ਅਤੇ ਲਿੱਖਤਾਂ ਕਾਰਨ ਉੱਪਜੀਆਂ ਵੱਖ ਵੱਖ ਗੁੱਥੀਆਂ ਨੂੰ ਸੁਲਝਾਇਆ ਹੈ। ਇੱਕ ਤਰ੍ਹਾਂ ਨਾਲ ਇਹ ‘ਮੁਲਾਕਾਤਾਂ’ ਇਹਨਾਂ ‘ਲੇਖਕਾਂ’ ਦੀਆਂ ‘ਲਿਖਣ-ਪ੍ਰਕਿਰਿਆਵਾਂ’ ਨੂੰ ਵੀ ਪਾਠਕਾਂ ਗੋਚਰੇ ਕਰਦੀਆਂ ਹਨ। ਇੰਝ ਇਹਨਾਂ ਮੁਲਾਕਾਤਾਂ ਦਾ ਹੋਰ ਵੀ ਵੱਧ ਮਹੱਤਵ ਬਣ ਜਾਂਦਾ ਹੈ।

ਉਦਾਹਰਣਾ ਦੇ ਦੇ ਕੇ ਗੱਲ ਨੂੰ ਹੋਰ ਵੀ ਲੰਮਿਆ ਕੀਤਾ ਜਾ ਸਕਦਾ ਹੈ ਪਰ ਮੁੱਕਦੀ ਅਤੇ ਸਿਰੇ ਦੀ ਗੱਲ ਤਾਂ ਇਹ ਹੈ ਕਿ ਡਾ: ਕੈਂਬੋ ਦੀਆਂ ਇਹਨਾਂ ਗਿਆਰਾਂ ਮੁਲਾਕਾਤਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਹਰ ਪੂਰੀ ਮੁਲਾਕਾਤ ਦੇ ਦੌਰਾਨ ਸਹਿਜ ਵਿਚ ਰਹਿੰਦਿਆਂ ਕੁਰੇਦ ਕੁਰੇਦ ਕੇ ਪ੍ਰਸ਼ਨ ਕਰਦਾ ਹੈ ਅਤੇ ਸਬੰਧਤ ਸਾਹਿਤਕਾਰ ਦੇ ਪੂਰੇ ਵਿਅਕਤੀਤਵ ਅਤੇ ਸਮੁੱਚੀਆਂ ਰਚਨਾਵਾਂ ਦੇ ਗੰਭੀਰ ਅਤੇ ਅਣਗੌਲੇ ਪਹਿਲੂਆਂ ਨੂੰ ਵੀ ਉਜਾਗਰ ਕਰਦਾ ਜਾਂਦਾ ਹੈ। ਇਹ ਪਹੁੰਚ ਜਿੱਥੇ ਮੁਲਾਕਾਤ ਕਰਨ ਵਾਲੇ ਲੇਖਕ ਡਾ: ਕੈਂਬੋ ਦੀ ਮਾਨਸਿਕ ਪੱਧਰ ਦੇ ਦਰਸ਼ਣ ਕਰਵਾ ਦਿੰਦੀ ਹੈ ਉਥੇ ਪਾਠਕਾਂ/ਲੇਖਕਾਂ ਨੂੰ ਸੁਹਜ ਅਤੇ ਆਨੰਦ ਵੀ ਪ੍ਰਦਾਨ ਕਰਦੀ ਹੈ। ਲਿਖਣ-ਪ੍ਰਕਿਰਿਆ ਸਬੰਧੀ ਟਿੱਪਣੀਆਂ ਸਿਰਜਣਹਾਰਿਆਂ ਲਈ ਰਾਹ-ਦਸੇਰਾ ਮਸੌਦਾ ਹੀ ਤਾਂ ਹਨ। ਢੁਕਵੀਆਂ ਤਸਵੀਰਾਂ, ਜੀਵਨ ਵੇਰਵੇ, ਡਾ ਕੈਂਬੋ ਦੀਆਂ ਹਰ ਮੁਲਾਕਾਤ ਦੇ ਆਰੰਭ ਵਿੱਚ ਟਿੱਪਣੀਆਂ, ਹੱਥ ਲਿੱਖਤਾਂ ਦੇ ਨਮੂਨੇ, ਹਰ ਲੇਖਕ ਦੀ ਆਵਾਜ਼ ਨੂੰ ਰੀਕਾਰਡ ਕਰਨ ਦਾ ਕਾਰਜ ਅਤੇ ਸੰਭਾਲ, ਲੇਖਕ ਦੀ ਇਕਸਾਰ ਮਿਹਨਤ ਅਤੇ ਇੱਕਸੁਰ ਲਗਨ ਦੀ ਲਖਾਇਕ ਹਨ। ਪਾਠਕਾਂ ਦੇ ਜਜ਼ਬਿਆਂ ਨੂੰ ਹਲੂਨਣ ਦੀ ਸ਼ਕਤੀ ਰੱਖਦੀ ਇਤਿਹਾਸਕ ਯਾਦਗਾਰੀ ਪੁਸਤਕ ‘ਸਿਰਜਣਾ ਤੇ ਸੰਵਾਦ’ ਲਈ ਡਾ: ਕੈਂਬੋ ਵਧਾਈ ਦਾ ਹੱਕਦਾਰ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 6 ਨਵੰਬਰ 2005)
(ਦੂਜੀ ਵਾਰ 10 ਸਤੰਬਰ 2021)

***
342
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ