ਅਲੋਪ ਹੋ ਰਹੇ ਕਿੱਤੇ:
|
ਨਵੇਂ ਦੌਰ ਵਿਚ ਸਭ ਕੁਝ ਬਦਲ ਗਿਆ ਹੈ। ਮਸ਼ੀਨ ਦੀ ਵਰਤੋਂ ਨੇ ਆਵਾਜਾਈ ਦੇ ਖੇਤਰ ਵਿਚ ਹੈਰਾਨਕੁਨ ਤੇਜ਼ੀ, ਚੁਸਤੀ ਤੇ ਫੁਰਤੀ ਪੈਦਾ ਕਰ ਦਿੱਤੀ ਹੈ। ਆਉਣ-ਜਾਣ ਦੇ ਪੁਰਾਤਨ ਸਾਧਨ ਅਜੋਕੇ ਯੁੱਗ ਵਿਚ ਪੂਰੀ ਤਰ੍ਹਾਂ ਅਲੋਪ ਹੋ ਚੁੱਕੇ ਹਨ ਜਾਂ ਅਲੋਪ ਹੋਣ ਦੀ ਕਗਾਰ ਉਤੇ ਹਨ। ਤਾਂਗਾ ਜਾਂ ਟਾਂਗਾ ਉਨ੍ਹਾਂ ਵਿਚੋਂ ਇਕ ਹੈ, ਨਾ ਹੁਣ ਕਿਤੇ ਤਾਂਗਾ ਦਿਸਦਾ ਹੈ ਨਾ ਤਾਂਗੇ ਵਾਲਾ।
ਇਸ ਨਵੇਂ ਦੌਰ ਵਿਚ ਟਾਂਗੇ ਨੇ ਕੁਝ ਸਮਾਂ ਤਾਂ ਕੱਢਿਆ ਸੀ ਪਰ ਦੇਸ਼ ਦੇ ਸ਼ਹਿਰਾਂ ਵਿਚ ਵਧੀਆ ਲੁੱਕਦਾਰ ਸੜਕਾਂ ਅਤੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੇ ਰਾਹਾਂ ਉਤੇ ਭੱਜਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਜਿਵੇਂ ਬੱਸਾਂ, ਲਾਰੀਆਂ, ਟੈਂਪੂ ਜਾਂ ਘਾਟੋ ਰਿਕਸ਼ਾ ਦੇ ਮੁਕਾਬਲੇ ਇਹ ਪੁਰਾਣੇ ਢਰੇ ਦੇ ਵਾਹਨ ਜਿਵੇਂ ਤਾਂਗਾ ਬਹੁਤੀ ਦੇਰ ਟਿਕ ਨਾ ਸਕੇ। ਉਨ੍ਹਾਂ ਨੇ ਆਪਣੀ ਥਾਂ ਨਵੇਂ ਵਾਹਨਾਂ ਨੂੰ ਦੇ ਦਿੱਤੀ। ਟਾਂਗੇ ਵਾਲਾ ਕਿਸੇ ਹਨੇਰੇ ਵਿਚ ਗੁਆਚ ਗਏ। ਇਹ ਤਾਂਗੇ ਕੋਈ ਸਮਾਂ ਸੀ, ਕੱਚੇ-ਪੱਕੇ ਰਾਹਾਂ ਦੇ ਰਾਜੇ ਕਹਿਲਾਉਂਦੇ ਸਨ। ਉਹ ਆਪਣੇ ਸਮੇਂ ਦੀ ਸ਼ਾਹੀ ਸਵਾਰੀ ਸੀ। ਇਸ ਮੁਗਲੀਆ ਸਵਾਰੀ ਵਿਚ ਬੈਠ ਕੇ ਸਵਾਰੀ ਆਪਣੇ ਆਪ ਨੂੰ ਸ਼ਹਿਜ਼ਾਦਾ ਸਲੀਮ ਤੋਂ ਘੱਟ ਨਹੀਂ ਸੀ ਸਮਝਦੀ। ਜਦ ਤਾਂਗੇ ਨੇ ਮੜ੍ਹਕ ਨਾਲ ਤੁਰਨਾ ਤੇ ਤਾਂਗੇ ਦੇ ਪਹੀਆਂ ਦੀ ਆਵਾਜ਼ ਨਾਲ ਘੋੜੇ ਦੇ ਟਾਪ ਦੀ ਆਵਾਜ਼ ਮਿਲ ਕੇ ਅਜਿਹਾ ਅਦਭੁਤ ਸੰਗੀਤ ਪੈਦਾ ਹੁੰਦਾ ਹੈ, ਜਿਸ ਨੂੰ ਸੁਣ ਕੇ ਸਵਾਰੀਆਂ ਇਲਾਹੀ ਅਨੰਦ ਨਾਲ ਸਰਾਬੋਰ ਹੋ ਜਾਂਦੀਆਂ। ਮਨੁੱਖ ਦੇ ਔਖੇ ਸਮਿਆਂ ਵਿਚ ਤਾਂਗਾ ਕਦੇ ਉਸ ਦੀ ਸਵਾਰੀ ਰਿਹਾ ਹੈ। ਕਿਸੇ ਨੇ ਕਚਹਿਰੀ, ਦਫ਼ਤਰ, ਹਸਪਤਾਲ, ਡਾਕਖਾਨੇ ਜਾਂ ਰੇਲਵੇ ਸਟੇਸ਼ਨ ਜਾਣਾ ਹੁੰਦਾ, ਗ਼ਮੀ-ਖ਼ੁਸ਼ੀ ਦੇ ਮੌਕਿਆਂ ਉੱਤੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਨੂੰ ਮਿਲਣ ਜਾਣਾ ਹੁੰਦਾ ਜਾਂ ਹੋਰ ਕਿਸੇ ਕੰਮ ਸ਼ਹਿਰ ਜਾਂ ਵਾਂਢੇ ਜਾਣਾ ਹੁੰਦਾ ਤਾਂ ਤਾਂਗੇ ਵਾਲਾ ਹੀ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦਾ। ਇਸ ਉਤੇ ਚੜ੍ਹ ਕੇ ਸਵਾਰੀਆਂ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਵੀ ਜਾਂਦੀਆਂ ਸਨ। ਬੱਚਿਆਂ ਨੂੰ ਸਕੂਲ ਪਹੁੰਚਾਉਣਾ ਜਾਂ ਸਕੂਲੋਂ ਵਾਪਸ ਘਰ ਪਹੁੰਚਾਉਣ ਦਾ ਕਾਰਜ ਵੀ ਇਹ ਟਾਂਗੇ ਵਾਲੇ ਹੀ ਕਰਦੇ ਸਨ। ਇਹ ਟਾਂਗੇ ਪਹਿਲਾਂ ਪਿੰਡਾਂ ਨਾਲ ਅਤੇ ਪਿੰਡਾਂ ਨੂੰ ਸ਼ਹਿਰਾਂ ਨਾਲ ਵੀ ਜੋੜਦੇ ਸਨ। ਇਨ੍ਹਾਂ ਤਾਂਗਿਆਂ ਨੂੰ ਅਮੀਰ ਵੀ ਰੱਖਦੇ ਸਨ। ਉਸ ਸਮੇਂ ਕਾਰਾਂ ਜਾਂ ਮੋਟਰ ਸਾਈਕਲ ਤਾਂ ਹੁੰਦੇ ਨਹੀਂ ਸਨ। ਅਮੀਰ ਟਾਂਗਿਆਂ ਨੂੰ ਆਪਣੀ ਨਿੱਜੀ ਸਵਾਰੀ ਲਈ ਵਰਤਦੇ ਸਨ। ਆਮ ਲੋਕਾਂ ਦੀ ਸਹੂਲਤ ਲਈ ਵੀ ਟਾਂਗੇ ਚਲਦੇ ਸਨ। ਕਈ ਮਿੱਥੇ ਰਾਹਾਂ ਉਤੇ। ਉਹ ਸਵਾਰੀਆਂ ਤੋਂ ਕਿਰਾਇਆ ਵਸੂਲ ਕਰਦੇ ਸਨ। ਇਸ ਕਿਰਾਏ ਨੂੰ ਆਮ ਭਾਸ਼ਾ ਵਿਚ ਭਾੜਾ ਕਿਹਾ ਜਾਂਦਾ ਸੀ। ਇਹ ਭਾੜਾ ਨਾਮਾਤਰ ਹੀ ਹੁੰਦਾ ਸੀ। ਮੈਨੂੰ ਯਾਦ ਹੈ ਕਿ ਮੈਂ ਕਾਲਜ ਦੇ ਇਕ ਟੂਰ ਸਮੇਂ ਆਪਣੇ ਸਾਥੀਆਂ ਸਮੇਤ ਦਿੱਲੀ ਦੇ ਚਾਂਦਨੀ ਚੌਕ ਵਿਚ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਰੁਕਿਆ ਸੀ। ਗੱਲ 1960 ਦੀ ਹੈ। ਉਥੋਂ ਮੈਂ ਕਿਸੇ ਕੰਮ ਲਈ ਰੋਸ਼ਨਾਰਾ ਰੋਡ ਉਤੇ ਸਥਿਤ ਕਿਸੇ ਆਰੇ ਉਤੇ ਜਾਣਾ ਸੀ। ਇਹ ਥਾਂ ਉਥੋਂ ਲਗਭਗ 16 ਕਿਲੋਮੀਟਰ ਹੋਵੇਗੀ। ਸੀਸਗੰਜ ਗੁਰਦੁਆਰੇ ਦੇ ਲਾਗੇ ਹੀ ਤਾਂਗਿਆਂ ਦਾ ਅੱਡਾ ਸੀ। ਮੈਂ ਆਪਣੇ ਇਕ ਸਾਥੀ ਸਮੇਤ ਉਥੋਂ ਇਕ ਟਾਂਗੇ ਉਤੇ ਸਵਾਰ ਹੋ ਗਿਆ। ਭਾੜਾ ਪੁੱਛਿਆ ਤਾਂ ਟਾਂਗੇ ਵਾਲੇ ਨੇ ਬੜੀ ਮਿੱਠੀ ਆਵਾਜ਼ ਵਿਚ ਪੁੱਛਿਆ, ‘ਚੋਬਰਾਂ ਨੇ ਜਾਣਾ ਕਿੱਥੇ ਐ?’ ‘ਰੋਸ਼ਨਾਰਾ ਰੋਡ’ ‘ਬਾਹਰੋਂ ਆਏ ਓ, ਮਾਲਕੋ। ਕਿਤੋਂ ਚੜ੍ਹੋ ਤੇ ਕਿਤੇ ਉਤਰੋ, ਰੋਸ਼ਨਾਰਾ ਰੋਡ ਦੇ ਆਖਰੀ ਅੱਡੇ ਤੱਕ ਭਾੜਾ ਸੋਥੋਂ ਜ਼ਿਆਦਾ ਥੋੜ੍ਹਾ ਲੈਣੈਂ, ਇਹੋ ਚਾਰ ਆਨੇ’, ਉਹ ਸਮਾਂ ਬਹੁਤ ਸਸਤਾ ਸੀ। ਪਰ ਉਸ ਸਮੇਂ ਏਨਾ ਥੋੜ੍ਹ ਜਿਹਾ ਭਾੜਾ ਵੀ ਦੇਣਾ ਮੁਸ਼ਕਿਲ ਜਾਪਦਾ ਸੀ। ਲੋਕਾਂ ਦਾ ਹੱਥ ਤੰਗ ਹੀ ਰਹਿੰਦਾ ਸੀ। ਇਸੇ ਤੰਗੀ ਕਾਰਨ ਕਿਸੇ ਸਜ-ਵਿਆਹੀ ਨੂੰ ਪਹਿਲੀ ਦੂਜੀ ਵਾਰ ਕੋਈ ਗੱਭਰੂ ਆਪਣੇ ਪਿੰਡ ਪੈਦਲ ਹੀ ਲੈ ਗਿਆ। ਪਰ ਉਸ ਵਿਚਾਰੀ ਨੂੰ ਤਾਂ ਆਪਣੇ ਸਹੁਰੇ ਪਿੰਡ ਜਾਂ ਸਹੁਰੇ ਘਰ ਦੀ ਕੋਈ ਸਾਰ ਨਹੀਂ ਸੀ। ਉਹ ਡਿਗਦੀ-ਢਹਿੰਦੀ ਜਾਂਦੀ ਹੈ, ਕਦੀ ਘੱਗਰੇ ਨੂੰ ਧੂੜ-ਮਿੱਟੀ ਤੋਂ ਬਚਾਉਂਦੀ ਹੈ, ਕਦੀ ਮਖਮਲੀ ਜੁੱਤੀ ‘ਤੇ ਪਈ ਮਿੱਟੀ ਨੂੰ ਝਾੜਦੀ ਹੈ। ਕਦੀ ਰੁਮਾਲ ਨਾਲ ਪਸੀਨਾ ਪੂੰਝਦੀ ਹੈ ਤੇ ਆਖਿਰ ਇਉਂ ਗਿਲਾ ਕਰਦੀ ਹੈ: ਜੁੱਤੀ ਕਸੂਰੀ, ਪੈਂਦੀ ਨਾ ਪੂਰੀ ਟਾਂਗੇ ਵਾਲਾ ਆਮ ਤੌਰ ਉਤੇ ਸਾਊ, ਇੱਜ਼ਤਦਾਰ ਅਤੇ ਕਬੀਲਦਾਰ ਹੁੰਦਾ ਸੀ। ਇਕੱਲੀ-ਇਕਹਿਰੀ ਜ਼ਨਾਨੀ ਵੀ ਟਾਂਗੇ ਵਿਚ ਬੈਠਣ ਉਤੇ ਡਰ ਮਹਿਸੂਸ ਨਹੀਂ ਸੀ ਕਰਦੀ। ਤਾਂਗੇ ਵਾਲਾ ਸਭ ਦੀ ਇੱਜ਼ਤ ਕਰਦਾ। ਹਰ ਸਵਾਰੀ ਉਸ ਨੂੰ ਉਹ ਭਗਵਾਨ ਦਾ ਰੂਪ ਸਮਝਦਾ। ਆਪਣੇ ਰੁਜ਼ਗਾਰਦਾਤਾ ਨੂੰ ਸਨਮਾਨ ਦੇਣਾ ਉਹ ਆਪਣਾ ਧਰਮ ਸਮਝਦਾ। ਜੇ ਕੋਈ ਔਰਤ ਤਾਂਗੇ ਦੀਆਂ ਸਵਾਰੀਆਂ ਪੂਰੀਆਂ ਹੋਣ ‘ਤੇ ਉਸ ਨੂੰ ਅੱਡੇ ਵਿਚ ਇਕੱਲੀ ਖੜ੍ਹੀ ਦਿਸਦੀ ਤਾਂ ਉਹ ਉਸ ਨੂੰ ਵੀ ਤਾਂਗੇ ਵਿਚ ਬੈਠਾਅ ਲੈਂਦਾ ਤੇ ਉਸ ਲਈ ਥਾਂ ਬਣਾਉਣ ਹਿਤ ਕਿਸੇ ਗੱਭਰੂ ਨੂੰ ਕਹਿੰਦਾ, ‘ਚੋਬਰਾ, ਤੂੰ ਅੱਗੇ ਆਜਾ। ਬੰਬ ‘ਤੇ। ਇਥੇ ਇਸ ਭੈਣ ਲਈ ਥਾਂ ਬਣਾ ਦੇ ਤੇ ਸੀਟਾਂ ਉਤੇ ਬੈਠੀਆਂ ਸਵਾਰੀਆਂ ਨੂੰ ਵੀ ਕਹਿੰਦਾ, ‘ਸਰਕ ਲਵੋ, ਥੋੜ੍ਹਾ-ਥੋੜ੍ਹਾ, ਪਾਸਾ ਮਾਰਿਓ, ਇਕ ਸਵਾਰੀ ਲਈ ਤਾਂ ਸਹਿਜੇ ਹੀ ਥਾਂ ਬਣ ਜੂ। ਭੈਣ ਵੀ ਅੱਪੜਦੀ ਹੋਊ ਮੰਜ਼ਿਲ ‘ਤੇ, ਅਸੀਸਾਂ ਦੇਊਗੀ, ਬਿੰਦ ਝਟ ਦੀ ਗੱਲ ਐ, ਤੁਰਨ ਦੀ ਦੇਰ ਐ, ਆਪਾਂ ਪਹੁੰਚੇ। ਘੋੜਾ ਤਾਂ ਹਵਾ ਨਾਲ ਗੱਲਾਂ ਕਰੂ।’ ਤੜਕਸਾਰ, ਸਭ ਤੋਂ ਪਹਿਲਾਂ ਤਾਂਗੇ ਵਾਲਾ ਆਪਣੇ ਘੋੜੇ ਦੀ ਸੁਧ ਲੈਂਦਾ, ਉਸ ਨੂੰ ਪੁਚਕਾਰਦਾ, ਉਸ ਦੇ ਪਿੰਡੇ ਉਤੇ ਖਰਖਰਾ ਫੇਰਦਾ, ਛੋਲੇ ਪਾਉਂਦਾ, ਘਾਹ ਚਰਾਉਂਦਾ, ਗਰਮੀਆਂ ਹੁੰਦੀਆਂ ਤਾਂ ਉਸ ਨੂੰ ਠੰਢੇ ਪਾਣੀ ਨਾਲ ਨਹਿਲਾਉਂਦਾ, ਉਸ ਦੇ ਪਿੰਡੇ ਉਤੇ ਤੇਲ ਮਲਦਾ। ਉਹ ਉਸ ਨੂੰ ਪਸ਼ੂ ਨਹੀਂ ਸੀ ਸਮਝਦਾ। ਉਹ ਘੋੜੇ ਨੂੰ ਆਪਣੇ ਟੱਬਰ ਦਾ ਜੀਅ ਸਮਝਦਾ ਸੀ। ਸੱਚ ਪੁੱਛੋ ਤਾਂ ਉਹ ਉਸ ਨੂੰ ਆਪਣੇ ਪੁੱਤਰ ਨਾਲੋਂ ਵੀ ਵੱਧ ਪਿਆਰਾ ਸੀ। ਉਹ ਤਾਂ ਉਸ ਦਾ ਕਮਾਊ ਪੁੱਤਰ ਸੀ। ਫੇਰ ਤਾਂਗੇ ਨੂੰ ਧੋਂਦਾ, ਸੁੱਕਾ ਕੱਪੜਾ ਫੇਰਦਾ, ਧੂਫ-ਬੱਤੀ ਕਰਦਾ ਤੇ ਫਿਰ ਘੋੜੇ ਨੂੰ ਤਾਂਗੇ ਵਿਚ ਜੋੜਦਾ। ਤੰਗ ਕਸਦਾ, ਖੋਪੇ ਲਾਉਂਦਾ ਤੇ ਆਪ ਵੀ ਨਹਾ-ਧੋ ਕੇ ਤੇ ਰੋਟੀ ਖਾ ਕੇ, ਤਿਆਰ-ਪੁਰ-ਤਿਆਰ ਹੋ ਜਾਂਦਾ ਤੇ ਅੱਡੇ ਉਤੇ ਸਭ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਦਾ। ਘੋੜੇ ਨੂੰ ਤੋਰਨ ਲਈ ਉਹ ਘੱਟ-ਵੱਧ ਹੀ ਛਾਂਟੇ ਜਾਂ ਚਾਬੁਕ ਦੀ ਵਰਤੋਂ ਕਰਦਾ, ਬਸ ਏਨਾ ਹੀ ਕਹਿੰਦਾ, ‘ਚਲ ਓਏ ਮੇਰੇ ਬੱਗੇ ਸ਼ੇਰਾ’ ਤੇ ਘੋੜਾ ਹਵਾ ਨਾਲ ਗੱਲਾਂ ਕਰਨ ਲਗਦਾ। ਟਾਂਗੇ ਵਾਲੇ ਦੀ ਜ਼ਬਾਨ ਬੜੀ ਮਿੱਠੀ ਹੁੰਦੀ ਸੀ। ਉਹ ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿਚ ਤੇ ਭੀੜ ਭਰੇ ਬਾਜ਼ਾਰਾਂ ਅੰਦਰ ਆਪਣੀ ਤਾਂਗਾ ਚਲਾਉਂਦਾ ਹੋਇਆ ਉੱਚੀ ਆਵਾਜ਼ ਵਿਚ ਬੋਲਦਾ ਜਾਂਦਾ, ‘ਬਚ ਕੇ ਭੈਣ ਜੀ, ਵੇਖੀਂ ਜਿਊਣ ਜੋਗਿਆ, ਬਚ ਕੇ ਕਰਮਾਂ ਵਾਲੀਏ।’ ਲੰਮੀਆਂ ਉਮਰਾਂ ਵਾਲੀਏ… ਜਵਾਨੀਆਂ ਮਾਣੇ। ਸਰਦਾਰਾ ਉਸ ਦੀ ਜ਼ਬਾਨ ਸੀ ਕਿ ਮਿਸਰੀ ਦੀ ਡਲੀ। ਉਹ ਡਿਚ-ਡਿਚ ਦੀ ਆਵਾਜ਼ ਜਿਹੀ ਕੱਢ ਕੇ ਟਚਕਾਰੀ ਮਾਰਦਾ ਤਾਂ ਘੋੜਾ ਸਰਪਟ ਹੋ ਲੈਂਦਾ। ਘੋੜਾ ਦੁੜੰਗੇ ਮਾਰਦਾ ਹਿਰਨ ਦੀ ਤਰ੍ਹਾਂ ਚੁੰਗੀਆਂ ਭਰਨ ਲਗਦਾ ਤੇ ਧੁਰੇ ਵਿਚੋਂ ਆਉਣ ਵਾਲੀ ਚੀਂ-ਚੀਂ ਦੀ ਆਵਾਜ਼ ਆਉਂਦੀ ਤੇ ਟਾਂਗੇ ਵਾਲਾ ‘ਅਸ਼ਕੇ ਤੇਰੇ ਸ਼ੇਰਾ’ ਕਹਿ ਕੇ ਘੋੜੇ ਨੂੰ ਸ਼ਾਬਾਸ਼ੀ ਦਿੰਦਾ। ਉਹ ਤੇ ਉਸ ਦਾ ਘੋੜਾ ਇਕਸੁਰ ਹੋ ਜਾਂਦੇ, ਇਕ-ਮਿਕ ਹੋ ਜਾਂਦੇ। ਇਉਂ ਲਗਦਾ ਜਿਵੇਂ ਉਹ ਇਕ-ਦੂਜੇ ਦੀ ਬੋਲੀ ਨੂੰ ਸਮਝ ਰਹੇ ਹੋਣ। ਉਨ੍ਹਾਂ ਵਿਚ ਚੋਲੀ-ਦਾਮਨ ਦਾ ਰਿਸ਼ਤਾ ਹੁੰਦਾ। ਉਨ੍ਹਾਂ ਵਿਚ ਤਾਂ ਪਿਓ-ਪੁੱਤਰ ਦੀ ਸਾਂਝ ਸੀ। ਟਾਂਗੇ ਵਿਚ ਬੈਠੀਆਂ ਸਵਾਰੀਆਂ ਵੀ ਖ਼ੁਸ਼ ਹੋ ਜਾਂਦੀਆਂ। ਗੱਲਾਂ-ਗੱਲਾਂ ਵਿਚ, ਸੰਗੀਤ ਸੁਣਦਿਆਂ ਤੇ ਸ਼ਾਹੀ ਸਵਾਰੀ ਦਾ ਅਨੰਦ ਮਾਣਦਿਆਂ ਉਹ ਮੰਜ਼ਲਾਂ ਉਤੇ ਪੁੱਜ ਜਾਂਦੇ। ਇਹ ਤਾਂਗੇ ਮਰਦ ਹੀ ਚਲਾਇਆ ਕਰਦੇ ਸਨ। ਪਰ ਕੋਈ ਮਜਬੂਰ ਔਰਤ ਵੀ ਤਾਂਗਾ ਜੋੜਨ ਲਈ ਬੇਵੱਸ ਹੋ ਜਾਂਦੀ ਸੀ। ਪਰ ਮਸ਼ੀਨੀ ਵਾਹਨਾਂ ਦੇ ਆਉਣ ਨੇ ਇਨ੍ਹਾਂ ਟਾਂਗੇ ਵਾਲਿਆਂ ਨੂੰ ਕਿਤੇ ਗੁੰਮਨਾਮੀ ਵਿਚ ਗੁਆਚ ਜਾਣ ਲਈ ਮਜਬੂਰ ਕਰ ਦਿੱਤਾ ਹੈ। ਸਾਡੇ ਦੇਸ਼ ਵਿਚ ਇਹ ਅਣਗਿਣਤ ਲੋਕਾਂ ਲਈ ਰੋਜ਼ੀ-ਰੋਟੀ ਦਾ ਧੰਦਾ ਬਣਿਆ ਹੋਇਆ ਸੀ। ਅੱਜ ਲਗਭਗ ਤਾਂਗਾ ਅਲੋਪ ਹੋ ਚੁੱਕਿਆ ਹੈ। ਹੁਣ ਤਾਂਗਾ ਨਾ ਕਿਸੇ ਸ਼ਹਿਰ ਵਿਚ ਦਿਸਦਾ ਹੈ, ਨਾ ਪਿੰਡ ਵਿਚ। ਤਾਂਗੇ ਵਾਲਿਆਂ ਨੇ ਮਜਬੂਰੀ ਵੱਸ ਇਸ ਧੰਦੇ ਨੂੰ ਛੱਡ ਦਿੱਤਾ ਹੈ। ਉਹ ਹੁਣ ਮਸ਼ੀਨੀ ਵਾਹਨਾਂ ਦੇ ਡਰਾਈਵਰ ਜਾਂ ਕਲੀਨਰ ਬਣ ਗਏ ਹਨ। ਕੁਝ ਜ਼ਿਮੀਂਦਾਰਾਂ ਦੇ ਸੀਰੀ ਹੋ ਗਏ ਹਨ ਤੇ ਕੁਝ ਦਿਹਾੜੀਦਾਰ ਬਣ ਗਏ ਹਨ। ਕੁਝ ਸਰਕਾਰੀ ਕਰਮਚਾਰੀ ਹੋ ਗਏ ਹਨ। ਉਨ੍ਹਾਂ ਦੀ ਔਲਾਦ ਹੋਰ ਧੰਦਿਆਂ ਵਿਚ ਪੈ ਗਈ ਹੈ। |
*** 744 *** |
Prem Bhushan Goyal
Punjabi Writer Shiromani Sahitkar, Hindi Poet, Translator
* Retd. Deputy Director Language Department, Punjab
* M.A. in English (Panjab University)
Address: 8/11 P.A.U., Ludhiana-141004
Phone: +91 9478761504